Home / ਪੰਜਾਬ (page 8)

ਪੰਜਾਬ

ਸੁਖਬੀਰ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਫ਼ਰੀਦਕੋਟ ਤੋਂ ਐਲਾਨਿਆ ਉਮੀਦਵਾਰ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਫ਼ਰੀਦਕੋਟ ਲੋਕ ਸਭਾ ਸੀਟ ਲਈ ਮਾਝੇ ਦੇ ਦਲਿਤ ਆਗੂ ਤੇ ਸਾਬਕਾ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਦਾ ਐਲਾਨ ਕੀਤਾ ਗਿਆ | ਹਾਲਾਂਕਿ ਹੁਣ ਤੱਕ ਚਰਚਾ ਇਹ ਸੀ ਕਿ ਅਕਾਲੀ ਦਲ ਕਿਸੇ ਸਥਾਨਕ ਆਗੂ ਨੂੰ ਹੀ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤਾਰੇਗਾ | ਸ. ਰਣੀਕੇ ਜੋ ਕਿ ਮਗਰਲੀ ਅਕਾਲੀ-ਭਾਜਪਾ ਸਰਕਾਰ ‘ਚ ਮੰਤਰੀ ਸਨ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੋਣ ਹਾਰ ਗਏ ਸਨ ਪਰ ਅਕਾਲੀ ਦਲ ਦੇ ਅਨੁਸੂਚਿਤ ਵਿੰਗ ਨੂੰ ਸਰਗਰਮ ਕਰਨ ਲਈ ਰਣੀਕੇ ਨੇ ਮਗਰਲੇ ਸਮੇਂ ਦੌਰਾਨ ਕਾਫ਼ੀ ਕੰਮ ਕੀਤਾ ਹੈ | ਅਕਾਲੀ ਦਲ ਦੇ ਸੂਤਰਾਂ ਅਨੁਸਾਰ ਬਠਿੰਡਾ, ਫਿਰੋਜ਼ਪੁਰ ਤੇ ਲੁਧਿਆਣਾ ਦੀਆਂ ਸੀਟਾਂ ਲਈ ਵੀ ਪਾਰਟੀ ਵਲੋਂ ਐਲਾਨ ਕਦੇ ਵੀ ਕੀਤਾ ਜਾ ਸਕਦਾ ਹੈ ਅਤੇ ਲੁਧਿਆਣਾ ਸਬੰਧੀ ਸਥਾਨਕ ਆਗੂਆਂ ‘ਚ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਫਿਰੋਜ਼ਪੁਰ ਜਿੱਥੋਂ ਕਿ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖ਼ੁਦ ਅਤੇ ਬਠਿੰਡਾ ਜਿੱਥੋਂ ਮੌਜੂਦਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਰੱਖੇ ਜਾਣ ਦਾ ਚਰਚਾ ਹੈ, ਸਬੰਧੀ ਫ਼ੈਸਲਾ ਇਸ ਲਈ ਲਟਕ ਰਿਹਾ ਹੈ ਕਿਉਂਕਿ ਪਾਰਟੀ ‘ਚ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਨੂੰ ਖ਼ੁਦ ਚੋਣ ‘ਚ ਧੱਕਣ ਸਬੰਧੀ ਪਾਰਟੀ ‘ਚ ਦੋ ਵਿਚਾਰ ਹਨ | ਕੁਝ ਆਗੂਆਂ ਦਾ ਮੰਨਣਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਦੇ ਖ਼ੁਦ ਚੋਣ ‘ਚ ਕੁੱਦਣ ਨਾਲ ਬਾਕੀ ਅਕਾਲੀ ਉਮੀਦਵਾਰਾਂ ਦੀ ਚੋਣ ਮੁਹਿੰਮ ਕਮਜ਼ੋਰ ਪੈ ਜਾਵੇਗੀ ਅਤੇ ਉਨ੍ਹਾਂ ਲਈ ਚੋਣ ਪ੍ਰਚਾਰ ਕੌਣ ਕਰੇਗਾ | ਇਨ੍ਹਾਂ ਆਗੂਆਂ ਦਾ ਵਿਚਾਰ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਫਿਰੋਜ਼ਪੁਰ ਦੀ ਸੀਟ ਤੋਂ ਉਮੀਦਵਾਰ ਰੱਖ ਦਿੱਤਾ ਜਾਵੇ ਜਦਕਿ ਪਾਰਟੀ ਦੇ ਹੀ ਕੁਝ ਹੋਰ ਆਗੂ ਮਹਿਸੂਸ ਕਰਦੇ ਹਨ ਕਿ ਸ. ਸੁਖਬੀਰ ਸਿੰਘ ਬਾਦਲ ਦੇ ਚੋਣ ਲੜਨ ਨਾਲ ਪਾਰਟੀ ਫਿਰੋਜ਼ਪੁਰ ਤੇ ਬਠਿੰਡਾ ਦੀਆਂ ਦੋਵੇਂ ਸੀਟਾਂ ‘ਤੇ ਜ਼ੋਰਦਾਰ ਮੁਕਾਬਲਾ ਦੇਣ ਦੀ ਸਥਿਤੀ ‘ਚ ਆ ਜਾਵੇਗੀ ਪਰ ਆਉਂਦੇ 3-4 ਦਿਨਾਂ ਦੌਰਾਨ ਪਾਰਟੀ ਵਲੋਂ ਇਸ ਸਬੰਧੀ ਵੀ ਕੋਈ ਫ਼ੈਸਲਾ ਲੈ ਲਿਆ ਜਾਵੇਗਾ |

ਰਾਜ਼ੀਨਾਮਾ ਕਰਾਉਣ ਆਏ ਕਾਂਗਰਸੀ ਸਰਪੰਚ ਨੂੰ ਗੱਡੀ ਹੇਠਾਂ ਦਰੜਿਆ

ਬਟਾਲਾ-ਨਜ਼ਦੀਕੀ ਪਿੰਡ ਦੌਲਤਪੁਰ ਵਿੱਚ ਬਾਅਦ ਦੁਪਹਿਰ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਦੋ ਧਿਰਾਂ ਦਰਮਿਆਨ ਹੋਈ ਖੂਨੀ ਝੜਪ ਵਿੱਚ ਪਿੰਡ ਰਿਆੜ ਪੱਤੀ ਦੇ ਨੌਜਵਾਨ ਕਾਂਗਰਸੀ ਸਰਪੰਚ ਨਵਦੀਪ ਸਿੰਘ (30) ਨੂੰ ਇੱਕ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਦੀ ਧਿਰ ਨੇ ਪਹਿਲਾਂ ਕੁੱਟ-ਕੁੱਟ ਕੇ ਜ਼ਖ਼ਮੀ ਕੀਤਾ ਅਤੇ ਬਾਅਦ ਵਿੱਚ ਗੱਡੀ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਧਿਰਾਂ ਦਰਮਿਆਨ ਇੱਟਾਂ-ਰੋੜੇ ਵੀ ਚੱਲੇ ਅਤੇ ਮ੍ਰਿਤਕ ਸਰਪੰਚ ਦੇ ਦੋ ਹੋਰ ਸਾਥੀ ਜੋਬਨਪ੍ਰੀਤ ਸਿੰਘ ਅਤੇ ਭੁਪਿੰਦਰ ਸਿੰਘ ਵੀ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿੱਤਾ।
ਨਵਦੀਪ ਸਿੰਘ ਦੇ ਪਿਤਾ ਖਜ਼ਾਨ ਸਿੰਘ ਨੇ ਦੱਸਿਆ ਕਿ ਉਸ ਦਾ ਜਵਾਈ ਇੰਦਰਜੀਤ ਸਿੰਘ ਪਿੰਡ ਦੌਲਤਪੁਰ ਦਾ ਮੌਜੂਦਾ ਸਰਪੰਚ ਹੈ ਅਤੇ ਉਸ ਦਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਿੰਘ ਨਾਲ ਕੋਈ ਵਿਵਾਦ ਸੀ। ਇਸੇ ਵਿਵਾਦ ਨੂੰ ਖ਼ਤਮ ਕਰਨ ਲਈ ਅੱਜ ਦੋਵੇਂ ਧਿਰਾਂ ਇਕੱਠੀਆਂ ਹੋਈਆਂ ਸਨ ਜਿਥੇ ਨਵਦੀਪ ਸਿੰਘ ਵੀ ਮੌਜੂਦ ਸੀ। ਉਸ ਨੇ ਦੋਸ਼ ਲਾਇਆ ਕਿ ਤਕਰਾਰ ਵਧਣ ਮਗਰੋਂ ਦੂਸਰੀ ਧਿਰ ਦੇ ਵਿਅਕਤੀਆਂ ਨੇ ਪਹਿਲਾਂ ਉਸ ਦੇ ਲੜਕੇ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਸੜਕ ’ਤੇ ਰੱਖ ਕੇ ਉਸ ਉਪਰੋਂ ਵਾਰ-ਵਾਰ ਗੱਡੀ ਚੜ੍ਹਾ ਕੇ ਉਸ ਦਾ ਕਤਲ ਕਰ ਦਿੱਤਾ। ਡੀਐਸਪੀ ਸ੍ਰੀ ਹਰਗੋਬਿੰਦਪੁਰ ਨੇ ਦੱਸਿਆ ਕਿ ਤਕਰਾਰ ਵੱਧ ਜਾਣ ਕਾਰਨ ਝਗੜਾ ਖੂਨੀ ਰੂਪ ਧਾਰ ਗਿਆ ਅਤੇ ਸਰਪੰਚ ਨਵਦੀਪ ਸਿੰਘ ਦੀ ਮੌਤ ਹੋ ਗਈ। ਥਾਣਾ ਕਾਦੀਆਂ ਦੇ ਐਸਐਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਾਬਕਾ ਅਕਾਲੀ ਸਰਪੰਚ ਮਿੱਤਰਪਾਲ ਸਮੇਤ 6 ਜਣਿਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।

ਪਤੀ ਨੂੰ ਬਚਾਉਂਦੀ ਪਤਨੀ ਵੀ ਨਹਿਰ ’ਚ ਰੁੜ੍ਹੀ

ਪਾਤੜਾਂ-ਇੱਥੋਂ ਨੇੜਲੇ ਪਿੰਡ ਨਾਈਵਾਲਾ ਦੇ ਵਸਨੀਕ ਪਤੀ-ਪਤਨੀ ਭੇਤਭਰੀ ਹਾਲਤ ਵਿਚ ਭਾਖੜਾ ਨਹਿਰ ਵਿਚ ਰੁੜ੍ਹ ਗਏ। ਵੇਰਵਿਆਂ ਮੁਤਾਬਕ ਪਿੰਡ ਸ਼ਾਦੀਪੁਰ ਮੋਮੀਆਂ ਵਾਸੀ ਪਰਗਟ ਸਿੰਘ ਦੀ ਲੜਕੀ ਗੁਰਜੋਤ ਕੌਰ ਦਾ ਵਿਆਹ ਦੇਵਇੰਦਰ ਪੁੱਤਰ ਲੱਖਾ ਵਾਸੀ ਉੱਤਰ ਪ੍ਰਦੇਸ਼ ਨਾਲ ਹੋਇਆ ਸੀ। ਪਿਛਲੇ ਕੁੱਝ ਸਮੇਂ ਤੋਂ ਉਹ ਪਿੰਡ ਨਾਈਵਾਲਾ ਰਹਿ ਰਹੇ ਸਨ। ਦੇਵਇੰਦਰ ਆਪਣੀ ਪਤਨੀ ਨੂੰ ਨਾਲ ਲੈ ਕੇ ਸ਼ਹਿਰੋਂ ਘਰੇਲੂ ਸਾਮਾਨ ਲੈਣ ਗਿਆ ਸੀ ਤੇ ਰਸਤੇ ’ਚ ਪਿੰਡ ਦੇ ਨੇੜਿਓਂ ਲੰਘਦੀ ਭਾਖੜਾ ਨਹਿਰ ਵਿਚ ਨਹਾਉਣ ਲੱਗ ਪਿਆ। ਇਸ ਦੌਰਾਨ ਜਦ ਦੇਵਇੰਦਰ ਨਹਾ ਕੇ ਭਾਖੜਾ ਨਹਿਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਉਸ ਨੂੰ ਬਾਹਰ ਨਿਕਲਣ ਵਿਚ ਮੁਸ਼ਕਲ ਮਹਿਸੂਸ ਹੋਈ। ਉਸ ਨੇ ਆਪਣੀ ਪਤਨੀ ਨੂੰ ਹੱਥ ਫੜ ਕੇ ਮਦਦ ਕਰ ਲਿਆ ਕਿਹਾ। ਇਸੇ ਦੌਰਾਨ ਉਹ ਵੀ ਨਹਿਰ ਵਿੱਚ ਜਾ ਡਿਗੀ ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਸ਼ੁਤਰਾਣਾ ਦੇ ਥਾਣਾ ਮੁਖੀ ਨਰਿੰਦਰਪਾਲ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਨਾਲ ਭਾਖੜਾ ਨਹਿਰ ਵਿਚੋਂ ਲਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

ਪੰਜਾਬ ’ਚ ਚਿੱਟੇ ਦੇ ਮੁੱਖ ਤਸਕਰ ਬਣੇ ਵਿਦੇਸ਼ੀ ਨਾਗਰਿਕ

ਖੰਨਾ-ਦਿੱਲੀ ’ਚ ਬੈਠੇ ਵਿਦੇਸ਼ੀ ਨਾਗਰਿਕ ਹੁਣ ਪੰਜਾਬ ’ਚ ਚਿੱਟੇ ਦੀ ਸਪਲਾਈ ਦੇ ਮੁੱਖ ਤਸਕਰ ਬਣ ਗਏ ਹਨ। ਮੋਟੀ ਕਮਾਈ ਦੇ ਲਾਲਚ ‘ਚ ਇਹ ਤਸਕਰ ਦਿੱਲੀ ਤੋਂ ਪੰਜਾਬ ਚਿੱਟਾ ਸਪਲਾਈ ਕਰ ਰਹੇ ਹਨ। ਇਸ ਗੱਲ ਦੀ ਗਵਾਹੀ ਖੰਨਾ ਪੁਲੀਸ ਵੱਲੋਂ ਪਿਛਲੇ ਕਰੀਬ ਸੱਤ ਮਹੀਨਿਆਂ ਦੌਰਾਨ ਭਾਰੀ ਮਾਤਰਾ ’ਚ ਹੈਰੋਇਨ ਨਾਲ ਫੜੇ ਗਏ ਵਿਦੇਸ਼ੀ ਨਾਗਰਿਕਾਂ ਨੇ ਵੀ ਭਰੀ ਹੈ। ਤਾਜ਼ਾ ਮਾਮਲੇ ’ਚ ਖੰਨਾ ਪੁਲੀਸ ਵੱਲੋਂ 450 ਗ੍ਰਾਮ ਹੈਰੋਇਨ ਸਮੇਤ ਫੜੀ ਗਈ ਵਿਦੇਸ਼ੀ ਲੜਕੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹਨਾਂ ਦਾ ਮੁੱਖ ਧੰਦਾ ਹੀ ਨਸ਼ੇ ਦੀ ਤਸਕਰੀ ਹੈ।
ਡੀਐੱਸਪੀ ਦੀਪਕ ਰਾਏ ਨੇ ਦੱਸਿਆ ਕਿ ਇੰਸਪੈਕਟਰ ਅਨਵਰ ਅਲੀ ਮੁੱਖ ਅਫਸਰ ਥਾਣਾ ਸਦਰ ਖੰਨਾ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਇੰਚਾਰਜ ਚੌਕੀ ਕੋਟ ਸਮੇਤ ਪੁਲੀਸ ਪਾਰਟੀ ਨੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੇ ਸਬੰਧ ’ਚ ਪ੍ਰਿਸਟਾਈਨ ਮਾਲ ਜੀਟੀ ਰੋਡ ਅਲੌੜ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਉੱਥੇ ਬੱਸ ਵਿੱਚੋਂ ਉੱਤਰ ਕੇ ਗੋਬਿੰਦਗੜ੍ਹ ਵੱਲ ਜਾਂਦੀ ਲੜਕੀ ਨੂੰ ਸ਼ੱਕ ਦੇ ਆਧਾਰ ’ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 450 ਗ੍ਰਾਮ ਹੈਰੋਇਨ ਬਰਾਮਦ ਹੋਈ। ਲੜਕੀ ਨੇ ਆਪਣੀ ਪਛਾਣ ਜਿਲੀਅਨ ਅਬੰਗ ਵਾਸੀ ਇਕੋਟੁਨ ਸਿਟੀ ਲਾਗਾਸ ਨਾਇਜੀਰੀਆ ਹਾਲ ਵਾਸੀ ਛਤਰਪੁਰਾ ਦਿੱਲੀ ਦੱਸੀ ਹੈ।

ਸ਼ਿਵਸੈਨਾ ਦੇ ਨੌਜਵਾਨ ਲੀਡਰ ਨੂੰ ਗੋਲ਼ੀ ਮਾਰ ਭੁੰਨ੍ਹਿਆ, ਮੌਤ

ਗੁਰਦਾਸਪੁਰ-ਦੀਨਾਨਗਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਪਿੰਡ ਜਗਤਪੁਰ ਵਿੱਚ ਕੁਛ ਅਣਪਛਾਤੇ ਨੌਜਵਾਨਾਂ ਨੇ ਸ਼ਿਵਸੈਨਾ ਬਾਲ ਠਾਕਰੇ ਦੇ ਲੀਡਰ ਅਜੈ ਕੁਮਾਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਲੀਡਰ ਅਜੈ ਕੁਮਾਰ ਦੀ ਉਮਰ ਕਰੀਬ 25 ਸਾਲ ਸੀ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਂਚ ਕਮੇਟੀ ਨੇ ਰਿਪੋਰਟ ਭਾਈ ਲੌਂਗੋਵਾਲ ਨੂੰ ਸੌਂਪੀ

ਅੰਮ੍ਰਿਤਸਰ-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾਂਚ ਕਮੇਟੀ ਨੇ ਅਪਣੀ ਮੁਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿਤੀ ਹੈ। ਦਸਣਯੋਗ ਹੈ ਕਿ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਬੀਤੇ ਦਿਨੀਂ ਰਾਤ ਦੇ ਹਨੇਰੇ ਵਿਚ ਦਰਸ਼ਨੀ ਡਿਉਢੀ ਢਾਹੀ ਗਈ ਸੀ ਜਿਸ ਮਗਰੋਂ ਭਾਈ ਲੌਂਗੋਵਾਲ ਨੇ ਤੁਰਤ ਕਾਰਵਾਈ ਕਰਦਿਆਂ ਬਾਬਾ ਜਗਤਾਰ ਸਿੰਘ ਦੀਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਾਰੀਆਂ ਸੇਵਾਵਾਂ ਰੋਕ ਦਿਤੀਆਂ ਸਨ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਗੁਰਮੀਤ ਸਿੰਘ ਬੂਹ ਅਤੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ (ਕੋਆਰਡੀਨੇਟਰ) ‘ਤੇ ਆਧਾਰਤ ਇਕ ਜਾਂਚ ਕਮੇਟੀ ਗਠਤ ਕੀਤੀ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਜਾਂਚ ਕਮੇਟੀ ਨੇ ਅਪਣੀ ਮੁੱਢਲੀ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਸੌਂਪ ਦਿਤੀ ਹੈ ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁਧ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਢਾਹੇ ਜਾਣ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਧਾਰਮਕ ਅਤੇ ਮਰਿਆਦਾ ਸਬੰਧੀ ਹੋਈ ਅਵੱਗਿਆ ਦਾ ਮਾਮਲਾ ਹੈ ਜਿਸ ਨੂੰ ਅਕਾਲ ਤਖ਼ਤ ‘ਤੇ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉਢੀ ਪਹਿਲਾਂ ਦੀ ਤਰ੍ਹਾਂ ਹੂਬਹੂ ਆਪ ਮੁਰੰਮਤ ਕਰਵਾਈ ਜਾਵੇਗੀ ਅਤੇ ਇਹ ਕਾਰਜ ਮਾਹਰਾਂ ਦੀ ਨਿਗਰਾਨੀ ਵਿਚ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਵੇਗਾ। ਭਾਈ ਲੌਂਗੋਵਾਲ ਅਨੁਸਾਰ ਜਾਂਚ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ ਅੱਗੇ ਤੋਂ ਕਿਸੇ ਵੀ ਹੋਰ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਨਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਹੈ।

ਇਤਿਹਾਸ ਨੂੰ ਵਰਤਮਾਨ ਨਾਲ ਜੋੜ ਕੇ ਸਮਝਣਾ ਜ਼ਰੂਰੀ: ਟੁਟੇਜਾ

ਚੰਡੀਗੜ੍ਹ-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵੱਲੋਂ ‘ਜੱਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੂੰ ਯਾਦ ਕਰਦਿਆਂ’ ਸਿਰਲੇਖ ਹੇਠ ਕਰਵਾਈ ਜਾ ਰਹੀ ਦੋ ਦਿਨਾ ਕਾਨਫਰੰਸ ਪ੍ਰੋ. ਡਾ. ਕੇ ਐਲ ਟੁਟੇਜਾ ਦੇ ਮੁੱਖ ਭਾਸ਼ਣ ਨਾਲ ਆਰੰਭ ਹੋਈ। ਕੁਰੂਕਸ਼ੇਤਰ ਯੂਨੀਵਰਸਿਟੀ ’ਚ ਆਧੁਨਿਕ ਭਾਰਤੀ ਇਤਿਹਾਸ ਪੜ੍ਹਾਉਂਦੇ ਰਹੇ, ਨਾਮਵਰ ਇਤਿਹਾਸਕਾਰ ਡਾ. ਟੁਟੇਜਾ ਨੇ ਜੱਲ੍ਹਿਆਂਵਾਲਾ ਬਾਗ ਦੇ 1919 ਦੇ ਕਤਲੇਆਮ ਦੀ ਘਟਨਾ ਨੂੰ ਭਾਰਤ ਦੀ ਆਜ਼ਾਦੀ ਦੇ ਸੰਦਰਭ ਵਿਚ ਵਿਚਾਰਦਿਆਂ ਮੁੱਲਵਾਨ ਤੱਥ ਤੇ ਧਾਰਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਇਸ ਵੱਡੇ ਕਤਲੇਆਮ ਨੂੰ ਹੋਰ ਰੂਪ ਵਿਚ ਯਾਦ ਕੀਤਾ ਜਾਂਦਾ ਸੀ ਤੇ ਹੁਣ ਇਸ ਨੂੰ ਵੱਖਰੇ ਸੰਦਰਭ ਵਿਚ ਯਾਦ ਕਰਨ ਤੇ ਸਮਝਣ ਦੀ ਲੋੜ ਹੈ। 1947 ਤੋਂ ਪਹਿਲਾਂ ਵਾਲੀ ਸਮਝ ਵਿਚ ਅੰਗਰੇਜ਼ਾਂ ਵੱਲੋਂ ਕੀਤੇ ਗਏ ਜ਼ੁਲਮ ਦੀ ਧਾਰਨਾ ਭਾਰੀ ਸੀ, ਪਰ ਜਦ ਅਸੀਂ ਇਸ ਘਟਨਾ ਨੂੰ ਯਾਦ ਕਰਦੇ ਹਾਂ ਤਾਂ ਜ਼ੁਲਮ ਦੇ ਨਾਲ ਕੁਰਬਾਨੀ ਤੇ ਸਾਂਝੀਵਾਲਤਾ ਦਾ ਮਹੱਤਵ ਵੀ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਦੇ ਵਿਦਿਆਰਥੀ ਦੀ ਹੈਸੀਅਤ ਵਿਚ ਉਹ ਇਹ ਮੰਨਦੇ ਹਨ ਕਿ ਇਤਿਹਾਸ ਨੂੰ ਵਰਤਮਾਨ ਨਾਲ ਜੋੜ ਕੇ ਸਮਝਣਾ ਤੇ ਇਸ ਦੀ ਵਿਆਖਿਆ ਕਰਨਾ ਅਤਿ ਅਹਿਮ ਹੈ। ਹੋਰ ਗਹਿਰੇ ਵਿਸਥਾਰ ਵਿਚ ਜਾਂਦਿਆਂ ਉਨ੍ਹਾਂ ਕਿਹਾ ਕਿ ਇਸ ਕਾਂਡ ਨੂੰ ਕੇਵਲ ਜਨਰਲ ਡਾਇਰ ਵੱਲੋਂ ਇਕੱਠੇ ਹੋਏ ਭਾਰਤੀਆਂ ਉੱਤੇ ਕੀਤੀ ਗਈ ਹਿੰਸਾ ਦੀ ਇਕ ਘਟਨਾ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਬਲਕਿ ਇਸ ਤਰ੍ਹਾਂ ਦੇਖਿਆ ਜਾਣਾ ਚਾਹੀਦਾ ਹੈ ਕਿ ਲੋਕਾਂ ਦੀ ਨਾਬਰੀ (ਇਕੱਠ ਕਰਨ ਦੀ ਅੰਗਰੇਜ਼ ਹਾਕਮਾਂ ਨੇ ਉਸ ਸਮੇਂ ਮਨਾਹੀ ਕੀਤੀ ਸੀ) ਉੱਤੇ ਸਾਮਰਾਜਵਾਦੀ/ਬਸਤੀਵਾਦੀ ਹਿੰਸਾ ਕਿਸ ਤਰ੍ਹਾਂ ਕਹਿਰ ਵਰਤਾਉਂਦੀ ਰਹੀ ਹੈ। ਸਰਕਾਰ ਉਸ ਸਮੇਂ ਵੀ ਕਿਸੇ ਕਿਸਮ ਦਾ ਵਿਰੋਧ ਨਹੀਂ ਚਾਹੁੰਦੀ ਸੀ। ਜਦਕਿ ਮੁਲਕ ਵਿਚ ਰਾਸ਼ਟਰਵਾਦ ਸਮੂਹਕ ਰੂਪ ਵਿਚ ਜ਼ੋਰ ਫੜ ਰਿਹਾ ਸੀ। ਉਨ੍ਹਾਂ ਨੇ ਬਹੁਲਵਾਦੀ ਭਾਰਤ ਵਿਚ ਸਮੂਹਕ ਰਾਸ਼ਟਰਵਾਦ ਦੀ ਗੱਲ ਵੀ ਛੋਹੀ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਸ ਦੌਰ ਵਿਚ ਭਾਰਤ ਵਿਚ ਰੌਲਟ ਐਕਟ ਦਾ ਜ਼ੋਰਦਾਰ ਪਰ ਸ਼ਾਂਤਮਈ ਢੰਗ ਨਾਲ ਵਿਰੋਧ ਹੋ ਰਿਹਾ ਸੀ ਅਤੇ ਮਹਾਤਮਾ ਗਾਂਧੀ ਭਾਵੇਂ ਪੰਜਾਬ ਨਹੀਂ ਆਏ ਸਨ, ਪਰ ਆਰਥਿਕ ਤੌਰ ’ਤੇ ਟੁੱਟੇ ਪੰਜਾਬ ਵਿਚ ਉਨ੍ਹਾਂ ਦੇ ਇਸ ਅੰਦੋਲਨ ਸਬੰਧੀ ਸਮੂਹਕ ਚੇਤਨਾ ਦਾ ਪਸਾਰ ਹੋ ਰਿਹਾ ਸੀ। ਉਨ੍ਹਾਂ ਹਵਾਲੇ ਦੇ ਕੇ ਕਿਹਾ ਕਿ ਉਸ ਵੇਲੇ ਪੰਜਾਬ ਦੇ ਹੀ ਸਾਰੇ ਭਾਈਚਾਰੇ ਗਾਂਧੀ ਨੂੰ ਅਧਿਆਤਮਕ ਸ਼ਕਤੀ ਸਰੋਤ ਵਜੋਂ ਵੀ ਚਿਤਵ ਰਹੇ ਸਨ ਅਤੇ ਅੰਗਰੇਜ਼ ਹਾਕਮ 1857 ਦੀ ਹਥਿਆਰਬੰਦ ਬਗ਼ਾਵਤ ਨੂੰ ਆਧਾਰ ਰੱਖ ਕੇ ਭਾਰਤੀਆਂ ਦੀ ਹਰ ਸ਼ਾਂਤਮਈ ਨਾਬਰੀ ਨੂੰ ਵੀ ਆਪਣੇ ਵਿਰੁੱਧ ਬਗ਼ਾਵਤ ਮੰਨ ਕੇ ਕੁਚਲਣ ਲਈ ਤਾਹੂ ਸਨ। ਉਨ੍ਹਾਂ ਇਹ ਵੀ ਪੱਖ ਉਭਾਰਿਆ ਕਿ 13 ਅਪਰੈਲ, 1919 ਨੂੰ ਜੱਲ੍ਹਿਆਂਵਾਲਾ ਬਾਗ ਵਿਚ ਇਕੱਠੇ ਹੋਏ ਲੋਕ ਇਸ ਗੱਲੋਂ ਅਵੇਸਲੇ ਨਹੀਂ ਸਨ ਕਿ ਉਹ ਵਿਦੇਸ਼ੀ ਹਾਕਮਾਂ ਦੇ ਵਿਰੋਧ ’ਚ ਹਨ। ਉਹ ਇਸ ਤੱਥ ਤੋਂ ਪੂਰੀ ਤਰ੍ਹਾਂ ਜਾਣੂ ਸਨ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸਲ ਵਿਚ ਬਰਤਾਨੀਆ ਦਾ ਭਾਰਤ ਉੱਤੇ ਸ਼ਾਸਨ ਹੀ ਹਿੰਸਾ ਆਧਾਰਤ ਸੀ, ਪਰ ਅੰਗਰੇਜ਼ਾਂ ਨੇ ਇਸ ਕਾਂਡ ਮਗਰੋਂ ਸਬਕ ਸਿੱਖ ਲਏ ਸਨ। ਉਨ੍ਹਾਂ ਕਿਹਾ ਕਿ ਇਸ ਘਾਣ ਤੋਂ ਬੇਹੱਦ ਦੁਖੀ ਮਹਾਤਮਾ ਗਾਂਧੀ ਨੇ ਵਧੇਰੇ ਸਬਕ ਲਏ ਸਨ ਤੇ ਉਨ੍ਹਾਂ ਅੱਗੇ ਤੋਂ ਇਸ ਗੱਲ ’ਤੇ ਜ਼ੋਰ ਦਿੱਤਾ ਸੀ ਕਿ ਅਹਿੰਸਾਵਾਦੀ ਲਹਿਰ ਚਲਾਉਣ ਲਈ ਲੋਕ ਵਧੇਰੇ ਸੰਗਠਿਤ ਤੇ ਅਹਿੰਸਾ ਪ੍ਰਤੀ ਸਿਖਲਾਈਯਾਫਤਾ ਹੋਣੇ ਜ਼ਰੂਰੀ ਹਨ।
ਇਸ ਉਦਘਾਟਨੀ ਸੈਸ਼ਨ ਦੇ ਮੁੱਖ ਮਹਿਮਾਨ ਨਾਇਪਰ ਦੇ ਡਾਇਰੈਕਟਰ ਡਾ. ਰਘੂ ਰਾਮ ਰਾਓ ਸਨ, ਜਿਨ੍ਹਾਂ ਨੇ ਆਪਣੇ ਭਾਸ਼ਨ ਵਿਚ ਵਰਤਮਾਨ ਹਾਕਮਾਂ ਨੂੰ ਲੋਕ ਵਿਰੋਧੀ ਨੀਤੀਆਂ ਲਈ ਖ਼ਬਰਦਾਰ ਕੀਤਾ। ਕਾਨੂੰਨ ਵਿਭਾਗ ਦੇ ਡਾ. ਦਵਿੰਦਰ ਸਿੰਘ ਠਾਕੁਰ ਨੇ ਸੰਵਿਧਾਨ ਦੀਆਂ ਪਰਤਾਂ ਖੋਲ੍ਹਦਿਆਂ ਹੱਕਾਂ ਅਤੇ ਅਧਿਕਾਰਾਂ ਬਾਰੇ ਗੱਲਬਾਤ ਕੀਤੀ। ਇਤਿਹਾਸ ਵਿਭਾਗ ਦੀ ਹੀ ਡਾ. ਅਨੂ ਸੂਰੀ ਨੇ ਸਵਾਗਤੀ ਸ਼ਬਦ ਬੋਲਦਿਆਂ ਇਸ ਕਾਨਫਰੰਸ ਦੇ ਮੰਤਵ ਅਤੇ ਜੱਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਬੜੇ ਭਾਵਨਾ ਭਰਪੂਰ ਅੰਦਾਜ਼ ’ਚ ਗੱਲ ਰੱਖੀ। ਅਗਲੇ ਦੋ ਸੈਸ਼ਨਾਂ ਵਿਚ ਡਾ. ਮੁਹੰਮਦ ਯੂਸਫ਼ ਗਨਈ, ਡਾ. ਸਵਰਾਜਬੀਰ, ਪ੍ਰੋ. ਸੁਖਦੇਵ ਸਿੰਘ ਸੋਹਲ, ਪ੍ਰੋ. ਰੌਣਕੀ ਰਾਮ, ਡਾ. ਬਲਜੀਤ ਸਿੰਘ, ਡਾ. ਸਰਬਜੀਤ, ਡਾ. ਪਰਵੀਨ, ਡਾ. ਗੁਰਮੀਤ, ਡਾ. ਸੁਖਮਨੀ ਬੱਲ ਰਿਆੜ ਤੇ ਡਾ. ਜਸਵੀਰ ਸਿੰਘ ਨੇ ਪਰਚੇ ਪੜ੍ਹੇ।

ਪਰਮਿੰਦਰ ਨੂੰ ਲੋਕਸਭਾ ਟਿਕਟ ਮਿਲਣ ’ਤੇ ਮੇਰਾ ਆਸ਼ੀਰਵਾਦ ਪਰ ਪ੍ਰਚਾਰ ਨਹੀਂ : ਸੁਖਦੇਵ ਸਿੰਘ ਢੀਂਡਸਾ

ਚੰਡੀਗੜ੍ਹ-ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਗਰੂਰ ਲੋਕਸਭਾ ਸੀਟ ਲਈ ਉਮੀਦਵਾਰ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦੇ ਪਿਤਾ ਅਤੇ ਸਾਬਕਾ ਕੇਂਦਰੀ ਮੰਤਰੀ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਪਣੇ ਪੁੱਤਰ ਨੂੰ ਟਿਕਟ ਮਿਲਣ ’ਤੇ ਵਧਾਈ ਅਤੇ ਆਸ਼ੀਰਵਾਦ ਦਿਤਾ ਹੈ ਪਰ ਨਾਲ ਹੀ ਉਨ੍ਹਾਂ ਪਰਮਿੰਦਰ ਸਿੰਘ ਢੀਂਡਸਾ ਲਈ ਚੋਣ ਪ੍ਰਚਾਰ ਕਰਨ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ।
ਇਸ ਪੱਤਰਕਾਰ ਨਾਲ ਦਿੱਲੀ ਤੋਂ ਫ਼ੋਨ ਉਤੇ ਗੱਲ ਕਰਦਿਆਂ ਅਪਣਾ ਪਹਿਲਾਂ ਪ੍ਰਤੀਕਰਮ ਸੁਖਦੇਵ ਸਿੰਘ ਢੀਂਡਸਾ ਵਲੋਂ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਕਰਾਰੀ ਹਾਰ ਹੋ ਜਾਣ ਤੋਂ ਬਾਅਦ ਕਈ ਸੀਨੀਅਰ ਅਕਾਲੀ ਆਗੂਆਂ ਨੇ ਬਾਦਲ ਪਰਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾ ਲਈ ਸੀ। ਇੱਥੋਂ ਤੱਕ ਕਿ ਮਾਜੇ ਦੇ ਤਿੰਨ ਸੀਨੀਅਰ ਅਕਾਲੀ ਆਗੂਆਂ ਨੇ ਤਾਂ ਪਾਰਟੀ ਹੀ ਛੱਡ ਕੇ ਨਵਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਖੜ੍ਹਾ ਕਰ ਲਿਆ।
ਇਸੇ ਦੌਰਾਨ ਸੁਖਦੇਵ ਸਿੰਘ ਢੀਂਡਸਾ ਵੀ ਸੀਨੀਅਰ ਅਕਾਲੀ ਆਗੂਆਂ ਦੀ ਕਤਾਰ ਵਿਚ ਪ੍ਰਮੁੱਖਤਾ ਨਾਲ ਸੂਮਾਰ ਹੁੰਦੇ ਹੋਏ ਅਕਾਲੀ ਦਲ ਨਾਲ ਵਾਰ-ਵਾਰ ਦੂਰੀ ਤਾਂ ਕਾਇਮ ਕਰਨ ਵਿਚ ਬਰਕਰਾਰ ਰਹੇ ਹਨ ਪਰ ਉਨ੍ਹਾਂ ਨੇ ਪਾਰਟੀ ਨਹੀਂ ਛੱਡੀ ਸੀ ਪਰ ਹੁਣ ਜਦੋਂ ਲੋਕਸਭਾ ਚੋਣਾਂ ਲਈ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਦਾ ਨਾਮ ਸਾਹਮਣੇ ਆਉਣ ਲੱਗਾ ਤਾਂ ਉਨ੍ਹਾਂ ਇਕ ਵਾਰ ਫਿਰ ਪਾਰਟੀ ਨਾਲ ਅਪਣੀ ਦੂਰੀ ਦਾ ਪ੍ਰਗਟਾਵਾ ਕਰਦੇ ਹੋਏ ਸਪੱਸ਼ਟ ਸੰਕੇਤ ਦਿੱਤੇ ਗਏ ਤੇ ਉਹ ਹਰਗਿਜ਼ ਨਹੀਂ ਚਾਹੁੰਦੇ ਕਿ ਪਰਮਿੰਦਰ ਲੋਕਸਭਾ ਦੀ ਚੋਣ ਲੜਨ।
ਉਨ੍ਹਾਂ ਕਿਹਾ ਕਿ ਪਰਮਿੰਦਰ ਇਕ ਸਫ਼ਲ ਵਿਧਾਇਕ ਹਨ। ਹਲਕੇ ਦੇ ਲੋਕਾਂ ਨੇ ਉਨ੍ਹਾਂ ਵਿਚ ਵਾਰ-ਵਾਰ ਵਿਸ਼ਵਾਸ ਪ੍ਰਗਟਾਇਆ ਹੈ ਪਰ ਫਿਰ ਵੀ ਜੇਕਰ ਉਹ ਪਾਰਟੀ ਦੇ ਕਹੇ ਤੇ ਹੁਣ ਲੋਕਸਭਾ ਚੋਣ ਲੜਨ ਹੀ ਜਾ ਰਹੇ ਹਨ ਤਾਂ ਉਨ੍ਹਾਂ ਦਾ ਆਸ਼ੀਰਵਾਦ ਪੁੱਤਰ ਦੇ ਨਾਲ ਹੈ। ਪਰ ਉਨ੍ਹਾਂ ਦੀ ਸਿਹਤ ਚੋਣ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ।
ਦੱਸਣਯੋਗ ਹੈ ਅਕਾਲੀ ਦਲ ਦੇ ਸਰ੍ਰਪਸਤ ਪ੍ਰਕਾਸ਼ ਸਿੰਘ ਬਾਦਲ ਢੀਂਡਸਾ ਤੋਂ ਕਿਤੇ ਬਜ਼ੁਰਗਵਾਦ ਹਨ ਪਰ ਪਿਛਲੇ ਦਿਨੀਂ ਉਨ੍ਹਾਂ ਦੀ ਵੀ ਸਿਹਤ ਕਾਫ਼ੀ ਨਾਸਾਜ਼ ਰਹੀ ਹੋਣ ਦੇ ਬਾਵਜੂਦ ਉਹ ਬਕਾਇਦਾ ਤੌਰ ਉਤੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਰੈਲੀ ਵਿਚ ਸ਼ਾਮਲ ਹੋਣ ਲਈ ਗੁਜਰਾਤ ਪੁੱਜੇ ਸਨ।

ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਮੇਰੀ ਜਾਇਦਾਦ ਨਹੀਂ: ਸੁਖਬੀਰ

ਅਟਾਰੀ-ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਵਿਧਾਨ ਸਭਾ ਹਲਕਾ ਅਟਾਰੀ ਦੀ ਦਾਣਾ ਮੰਡੀ ਵਿਚ ਤੇ ਜਥੇਦਾਰ ਵੀਰ ਸਿੰਘ ਲੋਪੋਕੇ ਵੱਲੋਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਖਿਆਲਾ ਕਲਾਂ ਸਥਿਤ ਦਾਣਾ ਮੰਡੀ ਵਿਚ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ਰੈਲੀਆਂ ਵਿਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਜਥੇਦਾਰ ਗੁਲਜ਼ਾਰ ਸਿੰਘ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਟਾਰੀ ਪੁੱਜਣ ’ਤੇ ਸਵਾਗਤ ਕੀਤਾ ਗਿਆ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੰਜਾਬ ’ਚ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੀਆਂ 10 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਪਰ ਕੈਪਟਨ ਸਰਕਾਰ ਨੇ ਉਨ੍ਹਾਂ ਵੱਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ, ਨਾ ਕਿ ਮੇਰੀ ਜਾਇਦਾਦ। ਉਨ੍ਹਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਉਹ ਅਕਾਲੀ ਦਲ ਦੇ ਬਿੱਲੇ ਡੇਢ ਮਹੀਨਾ ਲਾ ਕੇ ਰੱਖਣ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਣ ਕਰ ਲਿਆ ਹੈ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਅਕਾਲੀ-ਭਾਜਪਾ ਨੂੰ ਹੀ ਜਿਤਾਉਣੀ ਹੈ। ਉਨ੍ਹਾਂ ਨੇ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਦਿਨ-ਰਾਤ ਇਕ ਕਰਨ ਦੀ ਹਦਾਇਤ ਕੀਤੀ।
ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹਲਕਾ ਅਟਾਰੀ ਦਾ ਵਿਕਾਸ ਹੋਇਆ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਅਪੀਲ ਕੀਤੀ ਚੋਣਾਂ ਤੋਂ ਬਾਅਦ ਅਟਾਰੀ ਸਰਹੱਦ ’ਤੇ ਬੰਦ ਕਾਰੋਬਾਰ ਖੁੱਲ੍ਹਵਾਇਆ ਜਾਵੇ ਤੇ ਸਰਹੱਦੀ ਖੇਤਰ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਕਾਰਖਾਨੇ ਲਾਏ ਜਾਣ। ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਹੁਣ ਆਰਥਿਕ ਰੂਪ ਵਿਚ ਕੰਗਾਲ ਹੋ ਚੁੱਕਾ ਹੈ। ਭਾਜਪਾ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।

ਇੱਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ ‘ਚ ਘਿਰੇ ਸ਼ੇਰ ਸਿੰਘ ਘੁਬਾਇਆ

ਚੰਡੀਗੜ੍ਹ-ਫ਼ਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਮੁੜ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਵਾਰ ਵੀਡੀਓ ਤਾਂ ਸਾਫ ਸੁਥਰੀ ਹੈ, ਪਰ ਘੁਬਾਇਆ ਕਥਿਤ ਰਿਸ਼ਵਤ ਨੂੰ ਕਬੂਲਣ ਲਈ ਤਿਆਰ ਦਿੱਸ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖਾਸੀ ਵਾਇਰਲ ਹੋ ਰਹੀ ਹੈ।
ਇੱਕ ਟੀ.ਵੀ. ਚੈਨਲ ਦੇ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਫਰਜ਼ੀ ਕੰਪਨੀ ਦੇ ਨੁਮਾਇੰਦੇ ਬਣ ਕੇ ਆਏ ਪੱਤਰਕਾਰ ਨੇ ਐਮਪੀ ਸ਼ੇਰ ਸਿੰਘ ਘੁਬਾਇਆ ਤੋਂ ਕਾਲਜ ਦੀ ਪ੍ਰਵਾਨਗੀ ਦਿਵਾਉਣ ਬਲਦੇ ਇੱਕ ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ। ਵੀਡੀਓ ਵਿੱਚ ਪੱਤਰਕਾਰ ਕਹਿ ਰਿਹਾ ਹੈ, ‘‘ਇਹ ਕਾਲਾ ਧਨ ਹੋਵੇਗਾ ਤੇ ਇਸ ਦੇ ਬਦਲੇ ਤੁਹਾਨੂੰ ਸਾਡੇ ਹੱਕ ਵਿੱਚ ਸੰਸਦ ‘ਚ ਵੀ ਸਵਾਲ ਪੁੱਛਣਾ ਪਵੇਗਾ।’’ ਵੀਡੀਓ ‘ਚ ਘੁਬਾਇਆ ਕੰਪਨੀ ਦੇ ਨੁਮਾਇੰਦਿਆਂ ਦੀਆਂ ਸਾਰੀਆਂ ਸ਼ਰਤਾਂ ਮੰਨ ਰਹੇ ਹਨ ਤੇ ਕਹਿ ਰਹੇ ਹਨ ਕਿ ਉਨ੍ਹਾਂ ਪਿਛਲੀਆਂ ਚੋਣਾਂ ‘ਤੇ 30 ਕਰੋੜ ਰੁਪਏ ਖ਼ਰਚੇ ਸੀ, ਲੱਖਾਂ ਦੀ ਸ਼ਰਾਬ ਵੰਡੀ ਤੇ ਵੋਟਾਂ ਵੀ ਮੁੱਲ ਖਰੀਦੀਆਂ ਸਨ।
ਉੱਧਰ, ਸ਼ੇਰ ਸਿੰਘ ਘੁਬਾਇਆ ਨੇ ਵੀਡੀਓ ਫੈਲਾਉਣ ਦਾ ਦੋਸ਼ ਬਾਦਲਾਂ ਸਿਰ ਮੜ੍ਹਦਿਆਂ ਕਿਹਾ ਕਿ ਬਾਦਲ ਪਰਿਵਾਰ ਹੀ ਅਜਿਹੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਫਿਰੋਜ਼ਪੁਰ ਤੋਂ ਕਾਂਗਰਸ ਦੀ ਟਿਕਟ ਨਾ ਮਿਲੇ। ਉਨ੍ਹਾਂ ਦਾਅਵਾ ਕੀਤਾ ਕਿ ਵੀਡੀਓ ‘ਚ ਸ਼ਕਲ ਉਨ੍ਹਾਂ ਦੀ ਹੈ ਪਰ ਆਵਾਜ਼ ਡੱਬ ਕੀਤੀ ਗਈ ਹੈ ਕਿਉਂਕਿ ਉਕਤ ਵਿਅਕਤੀ ਜਦੋਂ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਕਰੋੜ ਰੁਪਏ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਉਨ੍ਹਾਂ ਇਹ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦ ਸ਼ੇਰ ਸਿੰਘ ਘੁਬਾਇਆ ਦੀ ਵੀਡੀਓ ਵਾਇਰਲ ਹੋਈ ਹੋਵੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਘੁਬਾਇਆ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਹਾਲਾਂਕਿ, ਘੁਬਾਇਆ ਇਸ ਨੂੰ ਵੀ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਦੇ ਹਨ।
ਇਹ ਵੀਡੀਓ ਉਦੋਂ ਵਾਇਰਲ ਹੋਈ ਹੈ ਜਦ ਘੁਬਾਇਆ ਕਾਂਗਰਸ ਉਨ੍ਹਾਂ ਨੂੰ ਫ਼ਿਰੋਜ਼ਪੁਰ ਤੋਂ ਲੋਕ ਸਭਾ ਟਿਕਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਵੱਲੋਂ ਵੀ ਇੱਥੋਂ ਕੀਤੀ ਜਾ ਰਹੀ ਟਿਕਟ ਦੀ ਮੰਗ ਕਾਰਨ ਹਾਈਕਮਾਨ ਨੇ ਹਾਲੇ ਫੈਸਲਾ ਨਹੀਂ ਕੀਤਾ ਹੈ।