ਮੁੱਖ ਖਬਰਾਂ
Home / ਪੰਜਾਬ (page 5)

ਪੰਜਾਬ

ਕੈਨੇਡਾ ਭੇਜਣ ਦੇ ਨਾਂ ‘ਤੇ 20 ਲੱਖ ਠੱਗੇ, ਕਾਂਸਟੇਬਲ ਗ੍ਰਿਫਤਾਰ

ਜਲੰਧਰ- ਥਾਣਾ ਤਿੰਨ ਦੀ ਪੁਲਿਸ ਨੇ ਖਾਕੀ ਦੀ ਆੜ ਵਿਚ ਕੈਨੇਡਾ ਭੇਜਣ ਦੇ ਨਾਂ ‘ਤੇ ਦੋ ਲੋਕਾਂ ਕੋਲੋਂ 20 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਪੁਲਿਸ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਭੋਗਪੁਰ ਦੇ ਪਿੰਡ ਨੰਗਲ ਖੁਰਦ ਨਿਵਾਸੀ 28 ਸਾਲਾ ਬਿਕਰਮਪਾਲ ਸਿੰਘ ਪੁੱਤਰ ਧਰਮਪਾਲ ਸਿੰਘ ਦੇ ਰੂਪ ਵਿਚ ਹੋਈ। ਬਿਕਰਮਪਾਲ ਸਿੰਘ ਮੌਜੂਦਾ ਸਮੇਂ ਵਿਚ ਪੀਏਪੀ ਵਿਚ 27 ਬਟਾਲੀਅਨ ਵਿਚ ਤੈਨਾਤ ਸੀ। ਉਸ ਨੂੰ ਬੁਧਵਾਰ ਸ਼ਾਮ ਨੂੰ ਸਿਟੀ ਰੇਲਵੇ ਸਟੇਸ਼ਨ ਦੇ ਕੋਲ ਤੋਂ ਸਵਿਫਟ ਕਾਰ ਤੋਂ ਕਾਬੂ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ 16 ਪਾਸਪੋਰਟ ਤੇ ਦਸ ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।
ਪ੍ਰੈਸ ਕਾਨਫਰੰਸ ਵਿਚ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਿਕਰਮਪਾਲ ਸਿੰਘ ਸਟੇਟ ਲੈਵਲ ‘ਤੇ ਫੁਟਬਾਲ ਖੇਡ ਚੁੱਕਾ ਹੈ। 2017 ਵਿਚ ਸਪੋਰਟਸ ਕੋਟੇ ਤੋਂ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ। ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮ ਦੇ ਜਾਲ ਵਿਚ ਫਸੇ ਦੋ ਲੋਕਾਂ ਨਾਲ ਸੰਪਰਕ ਕੀਤਾ। ਮੁਲਜ਼ਮ ਨੇ ਪਟਿਆਲਾ ਦੀ ਬਾਜਵਾ ਕਲੌਨੀ Îਨਿਵਾਸੀ ਲੋਹਾ ਕਾਰੋਬਾਰੀ ਮਨਿੰਦਰ ਸਿੰਘ ਸਣੇ ਉਨ੍ਹਾਂ ਦੀ ਪਤਨੀ, ਬੇਟੀ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਕਿਸਤਾਂ ਵਿਚ ਸਾਢੇ ਚਾਰ ਲੱਖ ਰੁਪਏ ਠੱਗੇ । ਜਲੰਧਰ ਦੇ ਗੁਰੂ ਨਾਨਕਪੁਰਾ, ਚੌਗਿਟੀ Îਨਿਵਾਸੀ ਟੈਕਸੀ ਚਾਲਕ ਪ੍ਰਭਜੀਤ ਸਿੰਘ ਦੁਆਰਾ ਪੁਲਿਸ ਨੂੰ ਦਿੱਤੇ ਬਿਆਨ ਮੁਤਾਬਕ ਮੁਲਜ਼ਮ ਨੇ ਕੈਨੇਡਾ ਭੇਜਣ ਦੇ ਨਾਂ ‘ਤੇ 15 ਲੱਖ ਦੇ ਕਰੀਬ ਨਕਦੀ ਠੱਗੀ। 16 ਪਾਸਪੋਰਟਾਂ ਵਿਚੋਂ 4 ਪਟਿਆਲਾ ਦੇ ਲੋਹਾ ਕਾਰੋਬਾਰੀ ਦੇ ਪਰਿਵਾਰ ਦੇ ਹਨ, ਜਦ ਕਿ ਇੱਕ ਪਾਸਪੋਰਟ ਸਥਾਨਕ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ ਟੈਕਸੀ ਚਾਲਕ ਦਾ ਹੈ।

ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਦੀ ਮੌਤ

ਪੁਰਖਾਲੀ-ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਿਸ ਨਾਲ ਤਿੰਨ ਘਰਾਂ ਦੇ ਚਿਰਾਗ਼ ਬੁਝ ਗਏ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਸ਼ਾਮ 2 ਨੌਜਵਾਨ ਜੋ ਕਿ ਚੰਡੀਗੜ੍ਹ ਤੋਂ ਮੋਟਰਸਾਈਕਲ ਰਾਹੀਂ ਵਾਪਸ ਆ ਰਹੇ ਸਨ ਉਨ੍ਹਾਂ ਦੇ ਮੋਟਰਸਾਈਕਲ ਦੀ ਬੱਲਮਗੜ੍ਹ ਮੰਦਵਾੜਾ ਨੇੜੇ ਇਕ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਇਸ ਘਟਨਾ ਦੌਰਾਨ ਭੁਪਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਗੁੱਡੂ ਸਰਪੰਚ ਬੱਲਮਗੜ੍ਹ ਮੰਦਵਾੜਾ ਅਤੇ ਦੋਵੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਹਰਮਨਪ੍ਰੀਤ ਸਿੰਘ ਮੌਜਲੀਪੁਰ (ਬੇਲਾ) ਅਤੇ ਗੁਰਜੰਟ ਸਿੰਘ ਰੌਲਮਾਜਰਾ (ਘਨੌਲੀ) ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿੰਘ ਭਗਵੰਤਪੁਰ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਟਰੈਕਟਰ ਚਾਲਕ ਰਣਧੀਰ ਸਿੰਘ ਵਾਸੀ ਬੱਲਮਗੜ੍ਹ ਮੰਦਵਾੜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪੰਜਾਬ ਦੀ ਇੱਕ ਹੋਰ ਔਰਤ ਨੇ ਪਾਕਿਸਤਾਨ ਜਾ ਕੇ ਵਿਆਹ ਕਰਵਾਇਆ

ਬਠਿੰਡਾ- 2018 ਵਿਚ ਬਠਿੰਡਾ ਤੋਂ ਸ਼ੱਕੀ ਹਾਲਤ ਵਿਚ ਘਰ ਤੋਂ ਲਾਪਤਾ ਹੋਣ ਵਾਲੀ 37 ਸਾਲਾ ਵਿਆਹੁਤਾ ਔਰਤ ਦੇ ਪਾਕਿਸਤਾਨ ਵਿਚ ਹੋਣ ਦੇ ਸਬੂਤ ਮਿਲੇ ਹਨ। ਕੇਸ ਵਿਚ ਔਰਤ ਦੇ ਘਰ ਵਾਲਿਆਂ ਨੇ ਸਹੁਰੇ ਪਰਿਵਾਰ ‘ਤੇ ਕੇਸ ਦਰਜ ਕਰਵਾਇਆ ਸੀ। ਔਰਤ ਦੇ ਪਾਕਿਸਤਾਨ ਵਿਚ ਹੋਣ ਦੀ ਸੂਚਨਾ ਤੋਂ ਬਾਅਦ ਬਠਿੰਡਾ ਪੁਲਿਸ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਜਾਣਕਾਰੀ ਮੰਗੀ ਸੀ। ਜਿੱਥੋਂ ਔਰਤ ਦੀ ਮੌਜੂਦਗੀ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਕੇਸ ਦੀ ਕੈਂਸਿਲੇਸ਼ਨ ਫਾਈਲ ਕਰ ਦਿੱਤੀ। ਇਹ ਵੀ ਪਤਾ ਚਲਿਆ ਕਿ ਔਰਤ ਨੇ ਪਾਕਿਸਤਾਨ ਜਾ ਕੇ ਉਥੇ ਰਹਿਣ ਵਾਲੇ ਇੱਕ ਮੁਸਲਿਮ ਨੌਜਵਾਨ ਨਾਲ ਵਿਆਹ ਕਰ ਲਿਆ ਸੀ।
ਲਾਪਤਾ ਹੋਈ ਔਰਤ 2015 ਵਿਚ ਕੰਪਿਊਟਰ ‘ਤੇ ਆਨਲਾਈਨ ਗੇਮ ਖੇਡਣ ਦੌਰਾਨ ਪਾਕਿਸਤਾਨੀ ਨੌਜਵਾਨ ਦੇ ਸੰਪਰਕ ਵਿਚ ਆਈ ਸੀ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ। 24 ਅਕਤੂਬਰ 2018 ਨੂੰ ਮਹਿਲਾ ਟੂਰਿਸਟ ਵੀਜ਼ੇ ਪਾਕਿ ਚਲੀ ਗਈ ਅਤੇ ਪੰਜ ਦਿਨ ਬਾਅਦ ਹੀ ਉਸ ਨੇ 29 ਅਕਤੂਬਰ ਨੂੰ ਮੁਸਲਿਮ ਨੌਜਵਾਨ ਨਾਲ ਕੋਰਟ ਵਿਚ ਵਿਆਹ ਕਰ ਲਿਆ। 22 ਅਕਤੂਬਰ 2018 ਨੂੰ ਲਾਪਤਾ ਔਰਤ ਦੇ ਪਿਤਾ ਨੇ ਐਸਐਸਪੀ ਬਠਿੰਡਾ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਅਪਣੀ ਲੜਕੀ ਦਾ ਵਿਆਹ ਬਠਿੰਡਾ ਦੇ ਨੌਜਵਾਨ ਨਾਲ ਕਰਾਇਆ ਸੀ। ਦੋਸ਼ ਲਗਾਇਆ ਸੀ ਕਿ ਉਸ ਦੀ ਧੀ ਦਾ ਸਹੁਰਾ ਪਰਿਵਾਰ ਉਸ ਦੇ ਨਾਲ ਲੜਦਾ ਹੈ ਅਤੇ ਉਸ ਨੂੰ ਤੰਗ ਕਰਦਾ ਹੈ।
ਐਸਐਸਪੀ ਬਠਿੰਡਾ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਲੜਕੀ ਦੇ ਘਰ ਵਾਲਿਆਂ ਦੀ ਸ਼ਿਕਾਇਤ ‘ਤੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਚਿੱਠੀ ਲਿਖੀ ਗਈ ਸੀ। ਜਿੱਥੋਂ ਕਨਫਰਮੇਸ਼ਨ ਹੋਈ ਕਿ ਲੜਕੀ ਪਾਕਿਸਤਾਨ ਵਿਚ ਹੈ। ਜਿਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਨੂੰ ਰੱਦ ਕਰ ਦਿੱਤਾ।

ਫਰੀਦਕੋਟ ਤੋਂ ਗੁਲਜ਼ਾਰ ਸਿੰਘ ਰਣੀਕੇ ਦਾ ਚੋਣ ਪ੍ਰਚਾਰ ਕਰਨ ਗਏ ਬਾਦਲਾਂ ਨੂੰ ਦਿਖਾਈਆਂ ਕਾਲੀਆਂ ਝੰਡੀਆਂ

ਚੰਡੀਗੜ੍ਹ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ ਇਕ ਨਸੀਹਤ ਦਿੱਤੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਵੋਟ ਨਹੀਂ ਦੇਣੀ ਤਾਂ ਨਾ ਦਿਓ, ਕਾਲੀਆਂ ਝੰਡੀਆਂ ਦਿਖਾਉਣ ਦਾ ਕੀ ਮਤਲਬ ਬਣਦਾ ਹੈ। ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫਰੀਦਕੋਟ ਤੋਂ ਐਲਾਨੇ ਗਏ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਚੋਣ ਪ੍ਰਚਾਰ ਦੌਰਾਨ ਵਿਰੋਧ ਕੀਤੇ ਜਾਣ ਦੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ ਹੈ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਵਿਰੁੱਧ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਬੁੱਢਲਾਡਾ ਪੁੱਜੇ ਸੀ। ਇਥੇ ਉਨ੍ਹਾਂ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਾ ਕਰੇ। ਉਨ੍ਹਾਂ ਕਿਹਾ ਸੀ ਕਿ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੀ ਆੜ ਵਿਚ ਗਰਮ ਖਿਆਲੀ ਕਾਂਗਰਸ ਦੀ ਸ਼ਹਿ ‘ਤੇ ਇਕ ਵਾਰ ਪੰਜਾਬ ਵਿਚ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ।
ਬਾਦਲ ਨੇ ਕਿਹਾ ਕਿ ਜੋ ਵਿਅਕਤੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਬੰਦ ਕਰਨਾ ਚਾਹੀਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਵਲੋਂ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ।

ਕਿਸਾਨਾਂ ਦੀ ਖ਼ਰਾਬ ਫ਼ਸਲ ਬਾਰੇ ਕੈਪਟਨ ਦਾ ਐਲਾਨ

ਚੰਡੀਗੜ੍-ਬੇਮੌਸਮੀ ਬਾਰਸ਼ ਕਰਕੇ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਵਿਸ਼ੇਸ਼ ਗਿਰਦਾਵਰੀ ਕੀਤੀ ਹੋਈ ਹੈ ਤਾਂ ਕਿ ਜੇ ਕਿਸਾਨਾਂ ਦੀ ਫ਼ਸਲ ਦਾ ਕੋਈ ਨੁਕਸਾਨ ਹੋਵੇ ਤਾਂ ਉਸ ਦੀ ਭਰਭਾਈ ਕੀਤੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਭਰੋਸਾ ਜਤਾਇਆ ਹੈ।
ਪੰਜਾਬ ਵਿੱਚ ਬਾਰਸ਼ ਤੇ ਹਨੇਰੀ ਨਾਲ ਕਿਸਾਨਾਂ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੂੰ ਖਦਸ਼ਾ ਹੈ ਕਿ ਚੋਣ ਜ਼ਾਬਤਾ ਲੱਗਾ ਹੋਣ ਕਰਕੇ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਨਹੀਂ ਦੇਵੇਗੀ। ਇਸ ਬਾਰੇ ਕੈਪਟਨ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ।
ਬਠਿੰਡਾ ਤੇ ਫਿਰੋਜ਼ਪੁਰ ਸੀਟ ਬਾਰੇ ਚਰਚਾ ਕਰਦਿਆਂ ਕੈਪਟਨ ਨੇ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਵਿੱਚ ਦੋਵੇਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਏਗਾ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ‘ਤੇ ਚੋਣ ਕਮਿਸ਼ਨ ਵੱਲੋਂ ਦਰਜ ਕਰਵਾਏ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੀ ਖਬਰ ਹੀ ਪੜ੍ਹੀ ਹੈ, ਅਧਿਕਾਰਤ ਤੌਰ ‘ਤੇ ਉਨ੍ਹਾਂ ਨੂੰ ਹੁਣ ਤੱਕ ਕੋਈ ਜਾਣਕਾਰੀ ਨਹੀਂ ਪਹੁੰਚੀ। ਕੈਪਟਨ ਨੇ ਕਿਹਾ ਕਿ ਸਮਾਜ ਵਿੱਚ ਸਾਰੇ ਧਰਮ ਇੱਕ ਹਨ ਤੇ ਸਾਰੇ ਹੀ ਧਰਮਾਂ ਤੋਂ ਵੋਟ ਮੰਗਣੀ ਜਾਇਜ਼ ਹੈ।

ਪੰਜ ਕੁੜੀਆਂ ਜੰਮਣ ਤੋਂ ਪ੍ਰੇਸ਼ਾਨ ਵਿਅਕਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਰੂਪਨਗਰ-ਜ਼ਿਲ੍ਹਾ ਰੂਪਨਗਰ ਦੇ ਪਿੰਡ ਝਿਜੜੀ ’ਚ ਇਕ ਵਿਅਕਤੀ ਵਲੋਂ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤੀ ਨੇ ਪਹਿਲਾਂ ਅਪਣੀ ਪਤਨੀ ਦਾ ਕਤਲ ਕੀਤਾ ਤੇ ਬਾਅਦ ਵਿਚ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਮਹਿਲਾ ਦਾ ਨਾਂਅ ਅਨੀਤਾ ਰਾਣੀ ਸੀ।
ਮ੍ਰਿਤਕ ਲੜਕੀ ਦੇ ਭਰਾ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਅਨੀਤਾ ਰਾਣੀ ਦਾ 2004 ਵਿਚ ਝਿੰਜੜੀ ਦੇ ਰਾਕੇਸ਼ ਕੁਮਾਰ ਨਾਲ ਵਿਆਹ ਹੋਇਆ ਸੀ, ਜੋ ਟਾਇਰ ਪੰਚਰ ਦਾ ਕੰਮ ਕਰਦਾ ਹੈ ਅਤੇ ਉਸ ਦੀਆਂ 5 ਕੁੜੀਆਂ ਹਨ। ਅਨੀਤਾ ਨੇ ਅਜੇ ਪੰਜ ਮਹੀਨੇ ਪਹਿਲਾਂ ਹੀ ਪੰਜਵੀਂ ਲੜਕੀ ਨੂੰ ਜਨਮ ਦਿਤਾ ਸੀ ਜਿਸ ਕਰਕੇ ਰਾਕੇਸ਼ ਪ੍ਰੇਸ਼ਾਨ ਰਹਿੰਦਾ ਸੀ ਤੇ ਉਸ ਨੇ ਅਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿਤਾ। ਜਾਣਕਾਰੀ ਮੁਤਾਬਕ ਜਦੋਂ ਲਾਸ਼ ਨੂੰ ਐਂਬੂਲੈਂਸ ਲੈਣ ਆਈ ਤਾਂ ਰਾਕੇਸ਼ ਨੇ ਖ਼ੁਦ ਨੂੰ ਵੀ ਜ਼ਖ਼ਮੀ ਕਰ ਲਿਆ। ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।

ਗੁਟਕੇ ਦੀ ਸਹੁੰ ਖਾਣ ਵਾਲੇ ਸਵਾਲ ’ਤੇ ਭੜਕੇ ਸਦੀਕ

ਗਿੱਦੜਬਾਹਾ-ਹਮੇਸ਼ਾਂ ਆਪਣੇ ਨਰਮ ਸੁਭਾਅ ਵਜੋਂ ਜਾਣੇ ਜਾਂਦੇ ਮੁਹੰਮਦ ਸਦੀਕ ਬੀਤੀ ਸ਼ਾਮ ਗਿੱਦੜਬਾਹਾ ’ਚ ਉਦੋਂ ਆਪੇ ਤੋਂ ਬਾਹਰ ਹੋ ਗਏ ਜਦੋਂ ਉਨ੍ਹਾਂ ਨੂੰ ਇਹ ਪੁੱਛ ਲਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਚਾਰ ਹਫ਼ਤਿਆਂ ’ਚ ਨਸ਼ਾ ਸਪਲਾਈ ਤੋੜਨ ਦੀ ਸਹੁੰ ਖਾਧੀ ਸੀ ਪਰ ਪੰਜਾਬ ਵਿੱਚ ਅੱਜ ਵੀ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਇਸ ’ਤੇ ਸ੍ਰੀ ਸਦੀਕ ਨੇ ਪੱਤਰਕਾਰਾਂ ਨੂੰ ਜ਼ਾਬਤੇ ’ਚ ਰਹਿਣ ਦੀ ਨਸੀਹਤ ਵੀ ਦਿੱਤੀ।
ਚੋਣ ਮੁੱਦੇ ਬਾਰੇ ਪੁੱਛ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਦੀ ਨੋਟਬੰਦੀ ਤੇ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੌਰਾਨ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੱਡੇ ਮੁੱਦੇ ਹਨ। ਪਰ ਜਦੋਂ ਉਨ੍ਹਾਂ ਨੂੰ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲਾ ਸਵਾਲ ਪੁੱਛਿਆ ਤਾਂ ਉਹ ਭੜਕ ਗਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇਕੱਲੇ-ਇਕੱਲੇ ਘਰ ਵਿੱਚ ਤਾਂ ਨਹੀਂ ਜਾ ਸਕਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਅਜਿਹੇ ਸਵਾਲ ਨਾ ਪੁੱਛਣ ਦੀ ਨਸੀਹਤ ਵੀ ਦਿੱਤੀ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਜੀਐੱਸਟੀ ਅਤੇ ਨੋਟਬੰਦੀ ਦੇ ਮੁੱਦੇ ’ਤੇ ਘੇਰਿਆ।

ਦੁਬਈ ਤੋਂ ਆਈ ਫਲਾਈਟ ‘ਚੋਂ 1.14 ਕਰੋੜ ਦਾ ਸੋਨਾ ਬਰਾਮਦ

ਮੋਹਾਲੀ-ਚੰਡੀਗੜ੍ਹ ਕੌਮਾਂਤਰੀ ਏਅਰਪੋਰਟ ‘ਤੇ ਦੁਬਈ ਤੋਂ ਆਈ ਇੱਕ ਫਲਾਈਟ ਵਿਚੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸਾਢੇ ਤਿੰਨ ਕਿਲੋ ਸੋਨਾ ਬਰਾਮਦ ਕਰ ਲਿਆ, ਜੋ ਕਿ ਸੋਨੇ ਦੇ 3 ਬਿਸਕੁਟਾਂ ਦੇ ਰੂਪ ਵਿਚ ਸੀ। ਅਜੇ ਇਹ ਪਤਾ ਨਹੀਂ ਚਲ ਸਕਿਆ ਕਿ ਫਲਾਈਟ ਵਿਚ ਸੋਨਾ ਕੌਣ ਲੈ ਕੇ ਆਇਆ ਸੀ।
ਕਸਟਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਕਰੀਬ 12 ਵਜੇ ਦੁਬਈ ਤੋਂ ਫਲਾਈਟ ਆਈ। ਵਿਭਾਗ ਦੀ ਟੀਮ ਨੇ ਜਹਾਜ਼ ਅੰਦਰ ਜਾਂਚ ਕੀਤੀ ਤਾਂ ਸੀਟ ਨੰਬਰ 22 ਐਫ ਦੇ ਕੋਲ ਲੁਕਾ ਕੇ ਸੋਨਾ ਰੱਖਿਆ ਹੋਇਆ ਸੀ। ਇਸ ਦੀ ਕੀਮਤ 1.14 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਏਅਰਪੋਰਟ ਥਾਣੇ ਦੇ ਐਸਐਚਓ ਬਲਜੀਤ ਸਿੰਘ ਨੇ ਦੱਸਿਆ ਕਿ ਕਸਟਮ ਵਿਭਾਗ ਨੇ ਸੋਨੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਏਅਰਪੋਰਟ ‘ਤੇ ਸੋਨਾ ਫੜੇ ਜਾਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੋਨਾ ਫੜਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਅੰਮ੍ਰਿਤਸਰ ‘ਚ ਠੇਕੇ ‘ਤੇ ਹੋਈ ਪਿਸਤੌਲ ਦੀ ਨੋਕ ‘ਤੇ ਲੁੱਟ, 2 ਜ਼ਖਮੀ

ਅੰਮ੍ਰਿਤਸਰ-ਇੰਨੀ ਦਿਨੀਂ ਸ਼ਹਿਰ ਵਿਚ ਹੋ ਰਹੀਆਂ ਵਾਰਦਾਤਾਂ ਪੁਲਿਸ ਪ੍ਰਸ਼ਾਸਨ ਦੇ ਸਿਸਟਮ ਦੀ ਪੋਲ ਖੋਲ ਰਹੀਆਂ ਹਨ। ਸ਼ਹਿਰ ‘ਚ ਅਪਰਾਧ ਦਾ ਗ੍ਰਾਫ਼ ਵੱਧਦਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਮੰਗਲਵਾਰ ਸ਼ਹਿਰ ਦੇ ਮਜੀਠਾ ਰੋਡ ‘ਤੇ ਪੁਲਿਸ ਦੇ ਨਾਕੇ ਤੋਂ 100 ਮੀਟਰ ਦੀ ਦੂਰੀ ‘ਤੇ ਹੋਈ। ਜਿਸ ਵਿਚ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਦੌਰਾਨ ਲੁਟੇਰਿਆਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਸ਼ਰਾਬ ਦੇ ਇਕ ਠੇਕੇ ਨੂੰ ਲੁੱਟ ਦਾ ਸ਼ਿਕਾਰ ਵੀ ਬਣਾਇਆ ਗਿਆ ਹੈ।
ਮਜੀਠਾ ਰੋਡ ‘ਤੇ ਸਥਿਤ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਨਾਂ ਨਾਲ ਚੱਲ ਰਹੇ ਠੇਕੇ ਨੂੰ ਲੁੱਟਣ ਆਏ 4 ਨਕਾਬਪੋਸ਼ ਲੁਟੇਰੇ ਠੇਕੇ ‘ਤੇ ਖੜੇ ਕਰਿੰਦਿਆਂ ਹਰਦੀਪ ਸਿੰਘ ਅਤੇ ਰੁਪਿੰਦਰ ਸਿੰਘ ‘ਤੇ ਤਾਂਬੜਤੋੜ ਗੋਲੀਆਂ ਚਲਾ ਕੇ ਗੱਲੇ ਵਿਚੋਂ 60 ਹਜਾਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਖੂਨ ਨਾਲ ਲਥਪਥ ਹਰਦੀਪ ਸਿੰਘ ਅਤੇ ਰੁਪਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਜੀਪੀ ਸੁਰੱਖਿਆ ਜਗਮੋਹਨ ਸਿੰਘ ਏਸੀਪੀ ਸਰਬਜੀਤ ਸਿੰਘ ਅਤੇ ਇੰਜਾਰਜ ਸੀਆਈਏ ਸੁਖਵਿੰਦਰ ਸਿੰਘ ਰੰਧਾਵਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ।
ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਸਾਢੇ 8 ਵਜੇ ਦੇ ਕਰੀਬ 2 ਮੋਟਰਸਾਇਕਲਾਂ ‘ਤੇ 4 ਨਕਾਬਪੋਸ਼ ਸੁਟੇਰੇ ਹੁਸ਼ਿਆਰਪੁਰ ਵਾਈਨ ਸ਼ਾਪ ਦੇ ਬਾਹਰ ਆ ਕੇ ਰੁਕੇ, ਜਿਨ੍ਹਾਂ ਵਿਚੋਂ 2 ਠੇਕੇ ‘ਤੇ ਆਏ ਅਤੇ ਪਿਸਤੌਲ ਨਾਲ ਧਮਕਾ ਕੇ ਕੈਸ਼ ਵਾਲਾ ਗੱਲਾ ਚੁੱਕਣ ਲੱਗੇ। ਉਸੇ ਦੌਰਾਨ ਠੇਕੇ ‘ਤੇ ਮੌਜੂਦ ਹਰਦੀਪ ਸਿੰਘ ਤੇ ਰੁਪਿੰਦਰ ਸਿੰਘ ਲੁਟੇਰਿਆਂ ਨਾਲ ਉਲਝ ਪਏ, ਜਿਵੇਂ ਹੀ ਉਨ੍ਹਾਂ ਲੁਟੇਰਿਆਂ ਦੇ ਹੱਥੋਂ ਗੱਲਾ ਖੋਹਿਆ ਤਾਂ ਲੁਟਿਰਿਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੋਵੇਂ ਜ਼ਖਮੀ ਹੋ ਕੇ ਉਥੇ ਹੀ ਡਿੱਗ ਪਏ ਤੇ ਲੁਟੇਰੇ ਗੱਲੇ ਵਿਚੋਂ ਕੈਸ਼ ਕੱਢ ਕੇ ਫਰਾਰ ਹੋ ਗਏ।

ਸ਼ਮਸ਼ੇਰ ਦੂਲੋ ਦੀ ਪਤਨੀ ‘ਆਪ’ ਵਿਚ ਸ਼ਾਮਲ

ਜਲੰਧਰ-ਕਾਂਗਰਸ ਨੂੰ ਉਸ ਵੇਲੇ ਜ਼ੋਰਦਾਰ ਝਟਕਾ ਲੱਗਾ ਜਦ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਤੇ ਸਾਬਕਾ ਵਿਧਾਇਕਾ ਬੀਬੀ ਹਰਬੰਸ ਕੌਰ ਦੂਲੋ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। ‘ਆਪ’ ਵਿਚ ਸ਼ਾਮਲ ਹੁੰਦਿਆਂ ਹੀ ਪਾਰਟੀ ਨੇ ਉਨ੍ਹਾਂ ਨੂੰ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ। ਹਾਲਾਂਕਿ ‘ਆਪ’ ਨੇ ਫਤਹਿਗੜ੍ਹ ਸਾਹਿਬ ਤੋਂ ਪਹਿਲਾਂ ਹੀ ਆਪਣਾ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਨੂੰ ਐਲਾਨਿਆ ਹੋਇਆ ਸੀ ਪਰ ਟਿਕਟ ਵਾਪਸ ਲੈ ਕੇ ਹੁਣ ਬੀਬੀ ਹਰਬੰਸ ਕੌਰ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੈ। ਤੇਜ਼ੀ ਨਾਲ ਵਾਪਰੇ ਇਸ ਘਟਨਾਕ੍ਰਮ ਬਾਰੇ ਐਲਾਨ ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਬਲਜਿੰਦਰ ਸਿੰਘ ਚੌਂਦਾ, ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਸਟਿਸ ਜ਼ੋਰਾ ਸਿੰਘ, ਵਿਧਾਇਕ ਅਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਤੇ ਐਨਆਰਆਈ ਵਿੰਗ ਦੇ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ, ਜਲੰਧਰ ਸ਼ਹਿਰੀ ਦੇ ਪ੍ਰਧਾਨ ਡਾ. ਸ਼ਿਵਦਿਆਲ ਮਾਲੀ ਅਤੇ ਸੂਬਾ ਉਪ ਪ੍ਰਧਾਨ ਡਾ. ਸੰਜੀਵ ਸ਼ਰਮਾ ਵੀ ਹਾਜ਼ਰ ਸਨ। ਅਮਨ ਅਰੋੜਾ ਨੇ ਕਿਹਾ ਕਿ ਦੂਲੋ ਪਰਿਵਾਰ ਨੇ ਹਮੇਸ਼ਾ ਦਲਿਤਾਂ, ਗਰੀਬਾਂ ਅਤੇ ਦਬੇ-ਕੁਚਲੇ ਲੋਕਾਂ ਦੇ ਹੱਕਾਂ ਲਈ ਪਹਿਰਾ ਦਿੱਤਾ ਹੈ ਤੇ ਇਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਨ ਵਾਲਿਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਬੰਸ ਕੌਰ ਦੂਲੋ ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਦਰਜ ਕਰਨਗੇ ਤੇ ਸੂੁਬਾ ਪੱਧਰ ’ਤੇ ਵੀ ਇਸ ਦਾ ਫਾਇਦਾ ਮਿਲੇਗਾ। ਬੀਬੀ ਦੂਲੋ ਨੇ ਕਿਹਾ ਕਿ ਉਨ੍ਹਾਂ ਇਹ ਫ਼ੈਸਲਾ ਸ੍ਰੀ ਦੂਲੋ ਨੂੰ ਪੁੱਛ ਕੇ ਲਿਆ ਹੈ, ਪਰ ਦੂਲੋ ਸਾਹਿਬ ਦਾ ਆਪਣੇ ਬਾਰੇ ਕੀ ਫ਼ੈਸਲਾ ਹੈ, ਇਸ ਬਾਰੇ ਉਹ ਖ਼ੁਦ ਹੀ ਦੱਸ ਸਕਦੇ ਹਨ। ਇਸ ਮੌਕੇ 2017 ’ਚ ਤ੍ਰਿਣਮੂਲ ਕਾਂਗਰਸ ਪਾਰਟੀ ਵੱਲੋਂ ਜਲੰਧਰ ਕੇਂਦਰੀ ਤੋਂ ਵਿਧਾਨ ਸਭਾ ਚੋਣ ਲੜਨ ਵਾਲੇ ਨੌਜਵਾਨ ਆਗੂ ਤਰਣਜੀਤ ਸਿੰਘ ਸਨੀ ਨੇ ਆਪਣੇ 100 ਤੋਂ ਵੱਧ ਨੌਜਵਾਨ ਸਾਥੀਆਂ ਨਾਲ ਮੁੜ ‘ਆਪ’ ਦਾ ਝਾੜੂ ਚੁੱਕ ਲਿਆ ਹੈ। ਸ੍ਰੀ ਖਡੂਰ ਸਾਹਿਬ ਹਲਕੇ ਤੋਂ ਟਕਸਾਲੀ ਅਕਾਲੀ ਦਲ ਵਾਂਗ ਪਰਮਜੀਤ ਕੌਰ ਖਾਲੜਾ ਦੇ ਹੱਕ ’ਚ ‘ਆਪ’ ਦਾ ਉਮੀਦਵਾਰ ਵਾਪਸ ਲੈਣ ਦੇ ਸਵਾਲ ’ਤੇ ਅਮਨ ਅਰੋੜਾ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਮਨੁੱਖੀ ਅਧਿਕਾਰਾਂ ਲਈ ਲੜਾਈ ਲੜੀ ਅਤੇ ਕੁਰਬਾਨੀ ਦਿੱਤੀ ਅਤੇ ਸਾਡੀ ਪਾਰਟੀ ਵੀ ਉਹੋ ਜਿਹਾ ਨਿਜ਼ਾਮ ਸਥਾਪਤ ਕਰਨਾ ਚਾਹੁੰਦੀ ਹੈ, ਜਿੱਥੇ ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ। ਇਸੇ ਲਈ ਸਤਿਕਾਰ ਤਹਿਤ ਇਹ ਫ਼ੈਸਲਾ ਲਿਆ ਗਿਆ ਹੈ।