ਮੁੱਖ ਖਬਰਾਂ
Home / ਪੰਜਾਬ (page 4)

ਪੰਜਾਬ

ਕਾਂਗਰਸ ਨੇ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਉਮਦੀਵਾਰ ਐਲਾਨਿਆ

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਉਡੀਕ ਖ਼ਤਮ ਕਰਦਿਆਂ ਕਾਂਗਰਸ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ੁਪਰ ਤੋਂ ਉਮੀਦਵਾਰ ਐਲਾਨ ਦਿਤਾ। ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਰਾਜਾ ਵੜਿੰਗ ਨੇ ਮੀਡੀਆ ਰਾਹੀਂ ਬਾਦਲ ਪਰਵਾਰ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੀ ਚੋਣ ਮੈਦਾਨ ਵਿਚ ਉਤਾਰਨ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਪੂਰਨ ਭਰੋਸਾ ਪ੍ਰਗਟਾਇਆ ਕਿ ਉਹ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿਚ ਪਾਉਣਗੇ।

9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ

ਫ਼ਤਿਹਗੜ ਸਾਹਿਬ- ਫ਼ਤਿਹਗੜ ਸਾਹਿਬ ਜ਼ਿਲ੍ਹੇ ਵਿਚ 9ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਿੰਦ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕੁੜੀ ਦੀ ਮਾਤਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੰਮ ‘ਤੇ ਗਏ ਹੋਏ ਸਨ ਅਤੇ ਉਨ•ਾਂ ਦੀ ਬੇਟੀ ਘਰ ਵਿਚ ਇਕੱਲੀ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਬੇਟੀ ਦੇ ਘਰ ਵਿਚ ਇਕੱਲੇ ਹੋਣ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਦਾ ਗੁਆਂਢੀ ਰਾਹੁਲ ਘਰ ਵਿਚ ਜਬਰੀ ਦਾਖ਼ਲ ਹੋ ਗਿਆ ਅਤੇ ਜਬਰ-ਜਨਾਹ ਕੀਤਾ। ਰਾਹੁਲ ਨੇ ਧਮਕੀ ਵੀ ਦਿਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਸਾਰਿਆਂ ਨੂੰ ਜਾਨੋ ਮਾਰ ਦੇਵੇਗਾ। ਇਸ ‘ਤੇ ਕੁੜੀ ਡਰ ਗਈ ਅਤੇ ਤਕਰੀਬਨ ਇਕ ਮਹੀਨੇ ਬਾਅਦ ਉਸ ਨੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਪੁਲਿਸ ਨੇ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਰਾਹੁਲ ਵਿਰੁੱਧ ਮਾਮਲਾ ਦਰਜ ਕਰ ਲਿਆ।

ਪਟਿਆਲਾ ‘ਚ ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ

ਪਟਿਆਲਾ-ਸ਼ਹਿਰ ਦੇ ਰਣਜੀਤ ਵਿਹਾਰ ਵਿੱਚ ਰਹਿਣ ਵਾਲੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲ਼ੀ ਵੱਜਣ ਨਾਲ ਮੌਤ ਹੋ ਗਈ। ਘਟਨਾ ਉਨ੍ਹਾਂ ਦੇ ਘਰ ਵਿੱਚ ਵਾਪਰੀ। ਸ਼ੁਰੂਆਤੀ ਜਾਂਚ ਬਾਅਦ ਪੁਲਿਸ ਨੇ ਦੱਸਿਆ ਕਿ ਸਰਵਿਸ ਰਿਵਾਲਵਰ ਸਾਫ ਕਰਦਿਆਂ ਗੋਲ਼ੀ ਵੱਜਣ ਕਰਕੇ ਬਲਵਿੰਦਰ ਸਿੰਘ ਦੀ ਮੌਤ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਜ਼ਦੀਕੀ ਥਾਣਾ ਅਨਾਜ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪਟਿਆਲਾ ਸੀਆਈਡੀ ਜ਼ੋਨ ਵਿੱਚ ਤਾਇਨਾਤ ਸਨ। ਪੁਲਿਸ ਨੇ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਚੱਲ ਰਹੀ ਹੈ।

ਮਠਿਆਈ ਦਾ ਡੱਬਾ ਦੇਣ ਬਹਾਨੇ ਘਰ ’ਚ ਲੁੱਟਖੋਹ ਕਰਨ ਵਾਲੇ ਛੇ ਕਾਬੂ

ਲੁਧਿਆਣਾ-ਮਠਿਆਈ ਦਾ ਡੱਬਾ ਦੇਣ ਦੇ ਬਹਾਨੇ ਘਰ ਵਿੱਚ ਦਾਖਲ ਹੋ ਕੇ ਔਰਤਾਂ ਤੇ ਬੱਚਿਆਂ ਨੂੰ ਬੰਧੀ ਬਣਾ ਕੇ ਲੁੱਟਖੋਹ ਕਰਨ ਵਾਲੇ ਗਰੋਹ ਦੇ 6 ਮੁਲਜ਼ਮਾਂ ਨੂੰ ਥਾਣਾ ਸਦਰ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਹਥਿਆਰ ਨਾਲ ਔਰਤਾਂ ਤੇ ਬੱਚਿਆਂ ਨੂੰ ਬੰਧੀ ਬਣਾ ਕੇ ਲੁੱਟਖੋਹ ਕਰਦੇ ਸਨ। ਪੁਲੀਸ ਨੇ ਮੁਲਜ਼ਮਾਂ ਨੂੰ ਇਲਾਕੇ ਵਿੱਚੋਂ ਹੀ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ ਚੋਰੀ ਦੀ ਕਾਰ, ਚਾਰ ਐਕਟਿਵਾ, ਚਾਰ ਮੋਟਰਸਾਈਕਲ, ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ, ਐਲਈਡੀ, ਫਰਿੱਜ ਤੇ 10 ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲੀਸ ਨੇ ਮਾਡਲ ਟਾਊਨ ਵਾਸੀ ਭੁਪਿੰਦਰ ਸਿੰਘ, ਧੂਰੀ ਲਾਈਨ ਸਥਿਤ ਮਨੋਹਰ ਨਗਰ ਵਾਸੀ ਗੁਰਭੇਜ ਸਿੰਘ ਉਰਫ਼ ਬਿੱਲਾ, ਧੂਰੀ ਲਾਈਨ ਸੀਥਤ ਵਾਈਟ ਕੁਆਟਰ ਵਾਸੀ ਦੀਪਕ ਸ਼ਰਮਾ, ਸ਼ਿਮਲਾਪੁਰੀ ਸਥਿਤ ਕੁਆਲਟੀ ਚੌਕ ਵਾਸੀ ਜੋਧਾ ਸਿੰਘ ਉਰਫ਼ ਜੋਤ, ਦਸਮੇਸ਼ ਨਗਰ ਗਿੱਲ ਰੋਡ ਵਾਸੀ ਮਨਿੰਦਰ ਸਿੰਘ ਉਰਫ਼ ਮਨੀ ਤੇ ਮੁਹੱਲਾ ਮੁਰਾਦਪੁਰਾ ਵਾਸੀ ਦੀਪਕ ਕਪੂਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਮੁਲਜ਼ਮ ਇੰਨੇ ਚਲਾਕ ਸਨ ਕਿ ਕੁਝ ਹੀ ਸਮੇਂ ਵਿੱਚ ਦੋ ਪਹੀਆ ਵਾਹਨ ਚੋਰੀ ਕਰਕੇ ਫ਼ਰਾਰ ਹੋ ਜਾਂਦੇ ਸਨ। ਵਾਹਨ ਚੋਰੀ ਕਰਨ ਤੋਂ ਬਾਅਦ ਮੁਲਜ਼ਮ ਪਹਿਲਾਂ ਆਪਣੇ ਟਿਕਾਣੇ ’ਤੇ ਪੁੱਜਦੇ ਤੇ ਉਥੋਂ ਨੰਬਰ ਪਲੇਟ ਬਦਲ ਕੇ ਅੱਗੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਨਿਕਲ ਪੈਂਦੇ ਸਨ। ਮੁਲਜ਼ਮ ਦੇਰ ਰਾਤ ਨੂੰ ਸੁੰਨਸਾਨ ਇਲਾਕਿਆਂ ’ਚ ਦੋ ਪਹੀਆ ਵਾਹਨ ਲੈ ਕੇ ਜਾਂਦੇ ਤੇ ਰਾਹਗੀਰਾਂ ਤੋਂ ਲੁੱਟਖੋਹ ਕਰ ਫ਼ਰਾਰ ਹੋ ਜਾਂਦੇ ਸਨ। ਮੁਲਜ਼ਮਾਂ ਨੇ ਜ਼ਿਆਦਾਤਰ ਘੁਮਾਰ ਮੰਡੀ, ਸਰਾਭਾ ਨਗਰ ਵਰਗੇ ਇਲਾਕਿਆਂ ’ਚ ਵਾਰਦਾਤਾਂ ਕੀਤੀਆਂ ਹਨ। ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਸਾਮਾਨ ਵੰਡ ਲੈਂਦੇ ਸਨ। ਏਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਘਰ ਵਿੱਚ ਦੋਸਤਾਨਾ ਐਂਟਰੀ ਕਰਦੇ ਸਨ ਤਾਂ ਕਿ ਆਰਾਮ ਨਾਲ ਅੰਦਰ ਦਾਖਲ ਹੋ ਕੇ ਲੁੱਟਖੋਹ ਕੀਤੀ ਜਾ ਸਕੇ। ਉਹ ਜ਼ਿਆਦਾਤਰ ਉਨ੍ਹਾਂ ਘਰਾਂ ’ਚ ਦਾਖਲ ਹੁੰਦੇ ਸਨ, ਜਿੱਥੇ ਔਰਤਾਂ ਜਾਂ ਫਿਰ ਬੱਚੇ ਇਕੱਲੇ ਹੁੰਦੇ ਸਨ। ਮੁਲਜ਼ਮ ਮਠਿਆਈ ਦਾ ਡੱਬਾ ਹੱਥ ਵਿੱਚ ਘਰ ’ਚ ਦਾਖਲ ਹੋ ਜਾਂਦੇ ਤੇ ਅੰਦਰ ਜਾ ਕੇ ਆਪਣੀ ਖੇਡ ਸ਼ੁਰੂ ਕਰ ਦਿੰਦੇ ਸਨ। ਹਥਿਆਰ ਦਿਖਾ ਕੇ ਲੁੱਟਖੋਹ ਕਰ ਮੁਲਜ਼ਮ ਫ਼ਰਾਰ ਹੋ ਜਾਂਦੇ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਮਹਾਂਨਗਰ ਦੇ ਵੱਖ-ਵੱਖ ਇਲਾਕਿਆਂ ’ਚ 9 ਦੇ ਕਰੀਬ ਵਾਰਦਾਤਾਂ ਮੰਨੀਆਂ ਹਨ।

ਕਰਜ਼ੇ ਨੇ ਲਈਆਂ ਤਿੰਨ ਜਾਨਾਂ

ਤਲਵੰਡੀ ਸਾਬੋ/ਭਵਾਨੀਗੜ੍ਹ-ਕਰਜ਼ੇ ਅਤੇ ਆਰਥਿਕ ਤੰਗੀ ਕਾਰਨ ਤਲਵੰਡੀ ਸਾਬੋ ਨੇੜਲੇ ਪਿੰਡ ਕਲਾਲ ਵਾਲਾ ਵਿੱਚ ਦੋ ਨੌਜਵਾਨਾਂ ਅਤੇ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ਵਿੱਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਕਲਾਲ ਵਾਲਾ ਦੇ ਅੰਮ੍ਰਿਤਪਾਲ ਸਿੰਘ (22 ਸਾਲ) ਪੁੱਤਰ ਬਲਜੀਤ ਸਿੰਘ ਨੇ ਅੱਜ ਆਪਣੇ ਘਰ ਵਿੱਚ ਛੱਤ ਵਾਲੇ ਸਰੀਏ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅੰਮ੍ਰਿਤਪਾਲ ਸਿੰਘ, ਜੋ ਮਜ਼ਦੂਰੀ ਕਰਦਾ ਸੀ, ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਆਪਣੀਆਂ ਪੰਜ ਵੱਡੀਆਂ ਭੈਣਾਂ ਦੇ ਵਿਆਹ ਕੀਤੇ, ਜਿਸ ਕਾਰਨ ਉਸ ਦੇ ਸਿਰ ਢਾਈ ਲੱਖ ਦੇ ਕਰੀਬ ਕਰਜ਼ਾ ਸੀ। ਉਸ ਦੀ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਕਰਜ਼ੇ ਕਾਰਨ ਅੰਮ੍ਰਿਤਪਾਲ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ। ਸਿੰਗੋ ਪੁਲੀਸ ਚੌਕੀ ਇੰਚਾਰਜ ਜਗਸੀਰ ਸਿੰਘ ਨੇ ਰਾਣੀ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।
ਪਿੰਡ ਕਲਾਲ ਵਾਲਾ ਦੇ ਹੀ ਕਿਸਾਨ ਮੇਜਰ ਸਿੰਘ (35 ਸਾਲ) ਪੁੱਤਰ ਨਛੱਤਰ ਸਿੰਘ ਨੇ ਬੀਤੇ ਦਿਨ ਖੇਤ ਜਾ ਕੇ ਦਰੱਖਤ ਨਾਲ ਫਾਹਾ ਲੈ ਲਿਆ। ਪਰਿਵਾਰਕ ਮੈਂਬਰਾਂ ਨੇ ਕੋਈ ਕਾਰਵਾਈ ਕਰਵਾਏ ਬਿਨਾਂ ਹੀ ਉਸ ਦਾ ਸਸਕਾਰ ਕਰ ਦਿੱਤਾ ਸੀ। ਮ੍ਰਿਤਕ ਮੇਜਰ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਜਾਣ ਤੋਂ ਬਾਅਦ ਘਰ ਦੀ ਸਾਰੀ ਜ਼ਿੰਮੇਵਾਰੀ ਉਸਦੇ ਚਾਚਾ ਮੇਜਰ ਸਿੰਘ, ਜੋ ਕਿ ਅਣਵਿਆਹਿਆ ਸੀ, ਸਿਰ ਆ ਗਈ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਕੋਲ ਡੇਢ ਏਕੜ ਜ਼ਮੀਨ ਹੈ। ਉਸ ਦੇ ਚਾਚੇ ਨੇ ਉਸ ਦੀਆਂ ਤਿੰਨ ਭੈਣਾਂ ਦੇ ਵਿਆਹ ਕੀਤੇ। ਇਸ ਕਾਰਨ ਉਨ੍ਹਾਂ ਸਿਰ ਬੈਂਕਾਂ, ਆੜ੍ਹਤੀਆਂ ਅਤੇ ਹੋਰ ਲੋਕਾਂ ਦਾ ਦਸ ਲੱਖ ਦੇ ਕਰੀਬ ਕਰਜ਼ਾ ਚੜ੍ਹ ਗਿਆ, ਜਿਸ ਕਾਰਨ ਪ੍ਰੇਸ਼ਾਨ ਰਹਿੰਦਾ ਉਸਦਾ ਚਾਚਾ ਮੇਜਰ ਸਿੰਘ ਖੁਦਕੁਸ਼ੀ ਕਰ ਗਿਆ।
ਦੱਸਣਯੋਗ ਹੈ ਕਿ ਪਿੰਡ ਤਿਉਣਾ ਪੁਜਾਰੀਆਂ ਵਾਸੀ ਐੱਮਏ ਕਰਦੇ ਵਿਦਿਆਰਥੀ ਹਰਮਨਦੀਪ ਸਿੰਘ ਨੇ 15 ਅਪਰੈਲ ਨੂੰ ਘਰ ਦੀ ਆਰਥਿਕ ਤੰਗੀ ਅਤੇ ਬੇਰੁਜ਼ਗਾਰੀ ਕਾਰਨ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਇਸੇ ਦੌਰਾਨ ਭਵਾਨੀਗੜ੍ਹ ਨੇੜਲੇ ਪਿੰਡ ਫੱਗੂਵਾਲਾ ’ਚ ਨੌਜਵਾਨ ਕਿਸਾਨ ਮਨਿੰਦਰ ਸਿੰਘ ਨੇ ਬੀਤੀ ਰਾਤ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਖੇਤ ਵਿੱਚ ਫਾਹਾ ਲੈ ਲਿਆ। ਇਕਬਾਲ ਸਿੰਘ ਪਾਲਾ ਨੇ ਦੱਸਿਆ ਕਿ ਉਸ ਦਾ ਭਤੀਜਾ ਮਨਿੰਦਰ ਸਿੰਘ ਉਨ੍ਹਾਂ ਦੇ ਸਿਰ ਚੜ੍ਹੇ ਸਰਕਾਰੀ ਅਤੇ ਗੈਰ ਸਰਕਾਰੀ ਕਰੀਬ 15 ਲੱਖ ਰੁਪਏ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਉਹ ਬੀਤੀ ਸ਼ਾਮ ਖੇਤਾਂ ’ਚ ਬਣੇ ਪੋਲਟਰੀ ਫਾਰਮ ਦੀ ਰਾਖੀ ਕਰਨ ਗਿਆ ਸੀ। ਅੱਜ ਸਵੇਰੇ ਜਦੋਂ ਮਨਿੰਦਰ ਸਿੰਘ ਘਰ ਨਾ ਆਇਆ ਤਾਂ ਉਨ੍ਹਾਂ ਨੇ ਖੇਤ ਜਾ ਕੇ ਦੇਖਿਆ ਕਿ ਮਨਿੰਦਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਿੰਡ ਦੇ ਸਾਬਕਾ ਸਰਪੰਚ ਉਜਾਗਰ ਸਿੰਘ ਨੇ ਸਰਕਾਰ ਤੋਂ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਐਨਆਰਆਈ ਦੇ ਘਰ ਤੋਂ ਚੋਰੀ ਕਰਨ ਵਾਲਾ ਗ੍ਰਿਫ਼ਤਾਰ

ਮਨੀਮਾਜਰਾ-ਮੌਲੀਜਾਗਰਾਂ ਥਾਣਾ ਪੁਲਿਸ ਨੇ ਸੈਕਟਰ 27 ਵਿਚ ਇੱਕ ਐਨਆਰਆਈ ਦੇ ਘਰ ਤੋਂ ਐਪਲ ਦੇ ਦੋ ਮੋਬਾਈਲ ਫੋਨ ਅਤੇ ਔਡੀ ਕਾਰ ਦੀ ਚਾਬੀ ਚੋਰੀ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਸੈਕਟਰ 26 ਸਥਿਤ ਬਾਪੂ ਧਾਮ Îਨਿਵਾਸੀ ਕੋਮਿਲਾ (19) ਦੇ ਰੂਪ ਵਿਚ ਹੋਈ ਹੈ। ਦੋਸ਼ੀ ਮੌਲੀਜਾਗਰਾਂ ਪੁਲਿਸ ਦੀ ਪਕੜ ਵਿਚ ਆਇਆ ਜਦ ਉਹ ਐਕÎਟਿਵਾ ‘ਤੇ ਜਾਅਲੀ ਨੰਬਰ ਲਗਾ ਕੇ ਘੁੰਮ ਰਿਹਾ ਸੀ। ਪੁਲਿਸ ਨੇ ਦੋਸ਼ੀ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਪੁਲਿਸ ਨੇ ਨਾਕੇ ‘ਤੇ ਉਸ ਨੂੰ ਚੋਰੀ ਦੇ ਐਕÎÎਟਿਵਾ ਸਣੇ ਕਾਬੂ ਕੀਤਾ। ਪੁਲਿਸ ਪੁਛਗਿੱਛ ਵਿਚ ਉਸ ਨੇ ਕਬੂਲਿਆ ਕਿ ਸੈਕਟਰ 27 ਬੀ ਸਥਿਤ ਅਨੁਵੰਤ ਪਾਹਵਾ ਦੇ ਘਰ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਉਸ ਦੀ Îਨਿਸ਼ਾਨਦੇਹੀ ‘ਤੇ ਚੋਰੀ ਦੇ ਉਹ ਦੋਵੇਂ ਐਪਲ ਫੋਨ ਵੀ ਬਰਾਮਦ ਕਰ ਲਏ।

ਬਾਦਲਾਂ ਨਾਲ ਨਜਿੱਠਣ ਦੀਆਂ ਪੇਸ਼ਕਸ਼ਾਂ ਕਰਨ ਵਾਲਾ ਬਰਾੜ ਖ਼ੁਦ ਹੀ ਉਨ੍ਹਾਂ ਦੇ ਪੈਰਾਂ ‘ਚ ਡਿੱਗਿਆ : ਕੈਪਟਨ

ਚੰਡੀਗੜ੍ਹ-ਸਾਬਕਾ ਸੰਸਦ ਮੈਂਬਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ‘ਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜਗਮੀਤ ਸਿੰਘ ਬਰਾੜ ਦੀ ਮੌਕਾਪ੍ਰਸਤੀ ਦਾ ਮੌਜੂ ਉਡਾਉਂਦਿਆਂ ਕਿਹਾ ਕਿ ਕਾਂਗਰਸ ਵਿਚ ਵਾਪਸੀ ਦੇ ਤਮਾਮ ਰਸਤੇ ਬੰਦ ਹੋਣ ਤੋਂ ਬਾਅਦ ਆਪਣਾ ਸਿਆਸੀ ਵਜੂਦ ਬਚਾਉਣ ਲਈ ਉਸ ਨੇ ਆਖਰੀ ਹੰਭਲਾ ਮਾਰਿਆ ਹੈ | ਪਿਛਲੇ ਕੁਝ ਹਫ਼ਤਿਆਂ ਤੋਂ ਸ: ਬਰਾੜ ਪਾਸੋਂ ਪ੍ਰਾਪਤ ਹੋਏ ਵੱਟਸਐਪ ਸੰਦੇਸ਼ਾਂ ਦੀ ਲੜੀ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸਿਆਸਤ ਵਿਚ ਵਾਪਸੀ ਲਈ ਤਰਲੋਮੱਛੀ ਹੋ ਰਿਹਾ ਸੀ ਅਤੇ ਅਖ਼ੀਰ ਉਸ ਨੇ ਬਾਦਲਾਂ ਨਾਲ ਜਾਣ ਦਾ ਫ਼ੈਸਲਾ ਕੀਤਾ ਜਦ ਕਿ ਉਸ ਨੇ ਵਾਅਦਾ ਕੀਤਾ ਸੀ ਕਿ ਜੇਕਰ ਕਾਂਗਰਸ ਉਸ ਨੂੰ ਵਾਪਸ ਲਿਆਉਣ ਲਈ ਸਹਿਮਤ ਹੁੰਦੀ ਹੈ ਤਾਂ ਉਹ ਬਾਦਲਾਂ ਨਾਲ ਨਜਿੱਠਣਗੇ |

ਅਕਾਲੀਆਂ ਲਈ ਮੁਸੀਬਤ ਬਣਿਆ ‘ਬੇਅਦਬੀ ਦਾ ਕੱਚਾ ਚਿੱਠਾ’, ਘਰ-ਘਰ ਪਹੁੰਚ ਰਿਹਾ ਕਿਤਾਬਚਾ

ਚੰਡੀਗੜ੍ਹ-ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਲਈ ਸਭ ਤੋਂ ਵੱਡੀ ਔਕੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਮਗਰੋਂ ਵਾਪਰਿਆ ਗੋਲੀ ਕਾਂਡ ਹੀ ਹੈ। ਇਸ ਬਾਰੇ ਦੋਵਾਂ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਵੱਲੋਂ ਨਿੱਤ ਨਵੇਂ ਦਾਅਵੇ ਕੀਤਾ ਜਾ ਰਹੇ ਹਨ। ਅਜਿਹੇ ਵਿੱਚ ਪੰਜਾਬ ਦੇ ਪਿੰਡਾਂ ਤੱਕ ਪਹੁੰਚੇ ਇੱਕ ਕਿਤਾਬਚੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਕਿਤਾਬਚੇ ਵਿੱਚ ਬੇਅਦਬੀ ਤੇ ਗੋਲੀ ਕਾਂਡ ਦੇ ਕੱਚਾ ਚਿੱਠਾ ਖੋਲ੍ਹਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਕਿਤਾਬਚਾ ਅਕਾਲੀ ਦਲ ਲਈ ਮੁਸੀਬਤ ਬਣੇ ਰਿਹਾ ਹੈ।
ਦਰਅਸਲ ‘ਬੇਅਦਬੀ ਦਾ ਕੱਚਾ ਚਿੱਠਾ’ ਨਾਮੀ ਇਹ ਕਿਤਾਬਚਾ ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ। ਇਸ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁਝ ਲੋਕ ਆਪਣੇ ਤੌਰ ’ਤੇ ਛਪਵਾ ਲੋਕਾਂ ’ਚ ਵੰਡ ਰਹੇ ਹਨ। ਕੁੱਲ 60 ਸਫ਼ਿਆਂ ਦਾ ਇਹ ਕਿਤਾਬਚਾ ਪਟਿਆਲਾ ਵਿੱਚ ਗੁਰਮੇਹਰ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦਾ ਖਰਚਾ ਬਲਵਿੰਦਰ ਸਿੰਘ ਜਾਤੀਵਾਲ ਸਾਬਕਾ ਜੀਐਮ ਵੇਰਕਾ ਤੇ ਹੋਰ ਕਈ ਸਿੱਖਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ।
ਇਸ ਕਿਤਾਬਚੇ ਦਾ ਸੰਪਾਦਨ ਗੁਰਤੇਜ ਸਿੰਘ ਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਪਹਿਲੀ ਜੂਨ 2015 ਦੌਰਾਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, ਬਰਗਾੜੀ ਵਿੱਚ 12 ਅਕਤੂਬਰ, 2015 ਨੂੰ ਪਾਵਨ ਸਰੂਪ ਦੇ ਅੰਗ ਖਿੱਲਰੇ ਮਿਲਣ, ਗੁਰੂਸਰ, ਮੱਲ ਕੇ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਕਈ ਘਟਨਾਵਾਂ ਦਾ ਸਬੂਤਾਂ ਸਮੇਤ ਵਰਣਨ ਹੈ।
ਇਸ ਕਿਤਾਬਚੇ ਵਿੱਚ ਡੇਰਾ ਮੁਖੀ ਨਾਲ ਜੁੜੀਆਂ ਘਟਨਾਵਾਂ ਬਾਰੇ ਵੀ ਦੱਸਿਆ ਗਿਆ ਹੈ। ਇਸ ਵਿੱਚ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਬਾਰੇ ਵੀ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਛੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਹੈ। ਇਨ੍ਹਾਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਦੀ ਟਿੱਪਣੀ ਵੀ ਕਿਤਾਬਚੇ ਵਿੱਚ ਛਾਪੀ ਗਈ ਹੈ। ਬਰਗਾੜੀ ਵਿੱਚ ਵਾਪਰੀਆਂ ਦੋ ਘਟਨਾਵਾਂ ਤੇ ਕੰਧਾਂ ’ਤੇ ਲੱਗੇ ਪੋਸਟਰਾਂ ਬਾਰੇ ਵੀ ਦੱਸਿਆ ਗਿਆ ਹੈ।
ਇਸ ’ਚ ਕੋਟਕਪੂਰਾ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦਾ ਖਾਸ ਜ਼ਿਕਰ ਆਉਂਦਾ ਹੈ। ਕਿਤਾਬਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਤਤਕਾਲੀ ਉਪ ਮੁੱਖ ਮੰਤਰੀ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਬਾਦਲ ਦਾ ਡੇਰਾ ਸਿਰਸਾ ਦੇ ਮੁਖੀ ਨਾਲ ਮੇਲ ਮਿਲਾਪ ਚੱਲਦਾ ਰਿਹਾ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਅਦਬੀ ਸਬੰਧੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਣਾਏ ਗਏ ਗੈਰ-ਸਰਕਾਰੀ ਨਾਗਰਿਕ ਕਮਿਸ਼ਨ ਜਸਟਿਸ ਮਾਰਕੰਡੇ ਕਾਟਜੂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਹੈ। ਕਿਤਾਬਚੇ ਵਿੱਚ ਡੇਰਾ ਸਿਰਸਾ ਦਾ ਪਿਛੋਕੜ ਵੀ ਮਿਲਦਾ ਹੈ।

ਪਾਦਰੀ ਦੀ ਰਾਸ਼ੀ ਗੁੰਮ ਕਰਨ ਵਾਲਿਆਂ ’ਤੇ ਦਰਜ ਹੋਵੇਗਾ ਡਕੈਤੀ ਦਾ ਪਰਚਾ

ਚੰਡੀਗੜ੍ਹ-ਪੰਜਾਬ ਪੁਲੀਸ ਵੱਲੋਂ ਜਲੰਧਰ ਦੇ ਪਾਦਰੀ ਐਂਥਨੀ ਦੇ 6.6 ਕਰੋੜ ਰੁਪਏ ‘ਖੁਰਦ-ਬੁਰਦ’ ਹੋਣ ਦੇ ਮਾਮਲੇ ਸਬੰਧੀ ਦਰਜ ਐੱਫਆਈਆਰ ਵਿੱਚ ਡਕੈਤੀ ਦੀਆਂ ਧਾਰਾਵਾਂ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਹਥਿਆਰਬੰਦ ਹੋ ਕੇ ਜਲੰਧਰ ਦੇ ਪਾਦਰੀ ਦੇ ਘਰੋਂ ਨਕਦੀ ਚੁੱਕੀ ਅਤੇ ਫਿਰ ਲਾਪਤਾ ਕੀਤੀ ਹੈ। ਇਸ ਲਈ ਡਕੈਤੀ ਦੀਆਂ ਧਾਰਾਵਾਂ ਸ਼ਾਮਲ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਕੈਤੀ ਦੀ ਕਿਹੜੀ ਧਾਰਾ ਲਾਈ ਜਾਵੇ, ਇਸ ਸਬੰਧੀ ਫੈਸਲਾ ਕਾਨੂੰਨੀ ਮਾਹਿਰਾਂ ਨਾਲ ਵਿਚਾਰ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਪਾਦਰੀ ਦੇ ਪੈਸੇ ਖੁਰਦ ਬੁਰਦ ਹੋਣ ਦੇ ਮਾਮਲੇ ਵਿੱਚ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਵੱਲੋਂ ਗ੍ਰਿਫ਼ਤਾਰ ਕੀਤੇ ‘ਮੁਖ਼ਬਰ’ ਸੁਰਿੰਦਰ ਸਿੰਘ ਨੇ ਤਫ਼ਤੀਸ਼ ਦੌਰਾਨ ਇਕਬਾਲ ਕੀਤਾ ਹੈ ਕਿ ਜਲੰਧਰ ਤੋਂ ਪਾਦਰੀ ਦੇ ਘਰੋਂ ਚੁੱਕੇ ਪੈਸੇ ਲਿਜਾਣ ਲਈ ਏਐੱਸਆਈ ਜੋਗਿੰਦਰ ਸਿੰਘ ਨੇ ਖੰਨਾ ਸ਼ਹਿਰ ਦੇ ਬਾਹਰ ਹੀ ਇੱਕ ਕਾਰ ਮੰਗਵਾਈ ਅਤੇ ਨੋਟਾਂ ਨਾਲ ਭਰੇ ਬੈਗ ਇਸ ਕਾਰ ਵਿੱਚ ਰੱਖ ਦਿੱਤੇ। ਮੁਖ਼ਬਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜਲੰਧਰ ਤੋਂ ਦੋ ਥਾਵਾਂ ਤੋਂ ਨਕਦੀ ਚੁੱਕੀ ਗਈ ਸੀ। ਨਕਦੀ ਲੈ ਕੇ ਇੱਕ ਗੱਡੀ ਤਾਂ ਐੱਸਐੱਸਪੀ ਧਰੁਵ ਦਹੀਆ ਨੂੰ ਰਿਪੋਰਟ ਕਰਨ ਚਲੀ ਗਈ ਜਦੋਂ ਕਿ ਦੂਜੀ ਟੀਮ ਜਿਸ ਵਿੱਚ ਮੁਖ਼ਬਰ ਸੁਰਿੰਦਰ ਸਿੰਘ ਖੁਦ, ਅਤੇ ਦੋਵੇਂ ਭਗੌੜੇ ਏਐੱਸਆਈ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਸ਼ਾਮਲ ਹਨ, ਪੈਸੇ ਲੈ ਕੇ ਆ ਰਹੇ ਸਨ। ਸੁਰਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਪੈਸੇ ਨਵੀਂ ਮੰਗਵਾਈ ਕਾਰ ਵਿੱਚ ਰੱਖਣ ਤੋਂ ਬਾਅਦ ਉਕਤ ਤਿੰਨੇ ਜਣੇ ਸੀਆਈਏ ਸਟਾਫ਼ ਖੰਨਾ ਵਿੱਚ ਹੀ ਪਹੁੰਚ ਗਏ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਏਐੱਸਆਈ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ।
ਸੀਨੀਅਰ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੰਨਾ ਪੁਲੀਸ ਦੇ ਅਧਿਕਾਰੀਆਂ ਦੀ ਨਲਾਇਕੀ ਕਾਰਨ ਹੀ ਦੋਵੇਂ ਏਐੱਸਆਈ ਭਗੌੜੇ ਹੋਣ ਵਿੱਚ ਕਾਮਯਾਬ ਹੋਏ ਹਨ ਕਿਉਂਕਿ ਜਦੋਂ ਪਾਦਰੀ ਵੱਲੋਂ ਦੂਜੇ ਹੀ ਦਿਨ ਖੁਲਾਸਾ ਕਰ ਦਿੱਤਾ ਗਿਆ ਸੀ ਤਾਂ ਖੰਨਾ ਪੁਲੀਸ ਵੱਲੋਂ ਦੋਵੇਂ ਥਾਣੇਦਾਰਾਂ ਨੂੰ ਹਿਰਾਸਤ ਲੈਣਾ ਚਾਹੀਦਾ ਸੀ। ਜਲੰਧਰ ਤੋਂ ਪੈਸਾ 29 ਮਾਰਚ ਨੂੰ ਪੁਲੀਸ ਨੇ ਬਰਾਮਦ ਕੀਤਾ। ਐੱਸਐੱਸਪੀ ਨੇ 30 ਮਾਰਚ ਨੂੰ ਪ੍ਰੈਸ ਕਾਨਫਰੰਸ ਕੀਤੀ ਅਤੇ ਦੂਜੇ ਹੀ ਦਿਨ 31 ਮਾਰਚ ਨੂੰ ਪਾਦਰੀ ਨੇ ਪੁਲੀਸ ਦਾ ਭੇਤ ਖੋਲ੍ਹ ਦਿੱਤਾ। ਸੂਤਰਾਂ ਦਾ ਦੱਸਣਾ ਹੈ ਕਿ ਦੋਵੇਂ ਥਾਣੇਦਾਰ 4 ਅਪਰੈਲ ਨੂੰ ਆਈਜੀ ਪਰਵੀਨ ਕੁਮਾਰ ਸਿਨਹਾ ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਉਸ ਤੋਂ ਬਾਅਦ ਲਾਪਤਾ ਹਨ।
ਡੀਜੀਪੀ ਦੀਆਂ ਹਦਾਇਤਾਂ ’ਤੇ ਪੁਲੀਸ ਵੱਲੋਂ ਦੋਵੇਂ ਥਾਣੇਦਾਰਾਂ ਅਤੇ ਇੱਕ ਮੁਖ਼ਬਰ ਸੁਰਿੰਦਰ ਸਿੰਘ ਖ਼ਿਲਾਫ਼ 12 ਅਪਰੈਲ ਨੂੰ ਪਰਚਾ ਦਰਜ ਕਰਕੇ ‘ਸਿਟ’ ਦਾ ਗਠਨ ਕੀਤਾ ਗਿਆ ਸੀ। ਸੂਤਰ ਦੱਸਦੇ ਹਨ ਕਿ ਚੋਣ ਕਮਿਸ਼ਨ ਨੇ ਪਾਦਰੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ ਵਿੱਚ ਖੰਨਾ ਦੇ ਐੱਸਐੱਸਪੀ ਧਰੁਵ ਦਹੀਆ ਦੀ ਭੂਮਿਕਾ ਬਾਰੇ ਸਰਕਾਰ ਨੂੰ ਵਿਸਥਾਰਤ ਰਿਪੋਰਟ ਦੇਣ ਲਈ ਕਿਹਾ ਹੈ। ਮਹੱਤਵਪੂਰਨ ਤੱਥ ਇਹ ਹੈ ਕਿ ਐੱਸਐੱਸਪੀ ਨੇ ਦਾਅਵਾ ਕੀਤਾ ਸੀ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲਾਏ ਨਾਕੇ ਦੌਰਾਨ ਇਹ ਨਕਦੀ ਬਰਾਮਦ ਹੋਈ। ਜਦੋਂ ਕਿ ਸਾਰੀ ਨਕਦੀ ਜਲੰਧਰ ਤੋਂ ਪਾਦਰੀ ਦੇ ਘਰੋਂ ਹੀ ਚੁੱਕੀ ਗਈ ਸੀ।

104 ਸਾਲ ਬਾਅਦ ਬਖਸ਼ੀਸ਼ ਸਿੰਘ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼

ਚੰਡੀਗੜ੍ਹ-ਦੇਸ਼ ਦੀ ਆਜ਼ਾਦੀ ਦੇ ਲਈ ਬ੍ਰਿÎਟਿਸ਼ ਸਰਕਾਰ ਦੇ ਖ਼ਿਲਾਫ਼ ਜੰਗ ਛੇੜਨ ਅਤੇ ਸ਼ਹਾਦਤ ਦੇਣ ਵਾਲੇ ਬਖਸ਼ੀਸ਼ ਸਿੰਘ ਦੇ ਪਰਿਵਾਰ ਨੂੰ ਕਰੀਬ 104 ਸਾਲ ਬਾਅਦ ਇਨਸਾਫ ਮਿਲਿਆ ਹੈ। 26 ਸਾਲ ਦੀ ਉਮਰ ਵਿਚ ਬਲਿਦਾਨ ਦੇਣ ਵਾਲੇ ਸ਼ਹੀਦ ਬਖਸ਼ੀਸ਼ ਸਿੰਘ ਦੇ ਪਰਿਵਾਰ ਦੀ ਲਗਭਗ 72 ਸਾਲਾਂ ਤੋਂ ਚਲਦੀ ਜੱਦੋ ਜਹਿਦ ਖਤਮ ਹੋ ਗਈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬ੍ਰਿਟਿਸ਼ ਸਰਕਾਰ ਦੁਆਰਾ 1915 ਵਿਚ ਖੋਹੀ ਗਈ ਲਗਭਗ 33 ਏਕੜ ਜ਼ਮੀਨ ਦਾ ਵਰਤਮਾਨ ਬਾਜ਼ਾਰ ਮੁੱਲ ਦੇ ਆਧਾਰ ‘ਤੇ ਹੀ ਸ਼ਹੀਦ ਬਖ਼ਸ਼ੀਸ਼ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਦੇਣ ਲਈ ਕਿਹਾ ਹੈ। ਹਾਈ ਕੋਰਟ ਨੇ ਕਿਹਾ ਕਿ ਸਰਕਾਰ ਸ਼ਹੀਦ ਬਖ਼ਸਸ਼ ਸਿੰਘ ਦੇ ਕਾਨੂੰਨੀ ਵਾਰਸਾਂ ਨੂੰ ਇਹ ਮੁਆਵਜ਼ਾ ਦੇਵੇ।
ਜਾਣਕਾਰੀ ਅਨੁਸਾਰ ਬ੍ਰਿਟਿਸ਼ ਸਰਕਾਰ ਨੇ ਸਾਲ 1915 ਵਿਚ ਅੰਮ੍ਰਿਤਸਰ ਦੇ ਗਿਲਵਾਲੀ ਪਿੰਡ ਵਿਚ ਸ਼ਹੀਦ ਬਖਸ਼ੀਸ਼ ਸਿੰਘ ਦੀ ਲਗਭਗ 33 ਏਕੜ ਜ਼ਮੀਨ ਕਬਜ਼ੇ ਵਿਚ ਲੈ ਲਈ ਸੀ। ਇਸ ਜ਼ਮੀਨ ਦੇ ਮੁਆਵਜ਼ੇ ਦੇ ਲਈ ਸ਼ਹੀਦ ਬਖਸ਼ੀਸ਼ ਦੇ ਪਰਿਵਾਰ ਨੇ ਕਾਨੂੰਨੀ ਲੜਾਈ ਸ਼ੁਰੂ ਕੀਤੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਸ਼ਹੀਦ ਬਖ਼ਸ਼ੀਸ਼ ਦੇ ਪਰਿਵਾਰ ਨੂੰ ਸਾਲ 1988 ਵਿਚ ਦਿੱਤੇ ਗਏ 13 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ।
ਇਸ ਤੋਂ ਬਾਅਦ ਸ਼ਹੀਦ ਬਖਸ਼ੀਸ਼ ਦਾ ਪਰਿਵਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਪੁੱਜਿਆ ਸੀ। ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਕਿ ਸ਼ਹੀਦ ਬਖਸ਼ੀਸ਼ ਸਿੰਘ ਦੇ ਕਾਨੂੰਨੀ ਵਾਰਸਾਂ ਨੂੰ ਵਰਤਮਾਨ ਬਾਜ਼ਾਰ ਮੁੱਲ ਦੇ ਆਧਾਰ ‘ਤੇ ਇਸ ਜ਼ਮੀਨ ਦਾ ਮੁਆਵਜ਼ਾ ਦਿੱਤਾ ਦੇਵੇ।