ਮੁੱਖ ਖਬਰਾਂ
Home / ਪੰਜਾਬ (page 3)

ਪੰਜਾਬ

ਪਟਿਆਲਾ ਵਿਚ ਨਾਬਾਲਗਾ ਨੂੰ ਅਗਵਾ ਕਰਕੇ ਜ਼ਿੰਦਾ ਸਾੜਿਆ, ਬਲਾਤਕਾਰ ਦਾ ਸ਼ੱਕ

ਪਾਤੜਾਂ-ਪਟਿਆਲਾ ਦੇ ਇੱਕ ਪਿੰਡ ਵਿਚ ਨਾਬਾਲਗ ਲੜਕੀ ਨੂੰ ਦੋ ਨੌਜਵਾਨਾਂ ਨੇ ਅਗਵਾ ਕਰਕੇ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਘਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਬਲਾਤਕਾਰ ਕਰਕੇ ਉਸ ਨੂੰ ਜ਼ਿੰਦਾ ਸਾੜਿਆ ਗਿਆ। ਪੁਲਿਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 15 ਸਾਲਾ ਧੀ ਬੁਟੀਕ ਦਾ ਕੰਮ ਕਰਦੀ ਸੀ। ਦੀਪੂ ਅਤੇ ਰਸ਼ਪਾਲ ਉਸ ਨੂੰ ਆਉਂਦੇ ਜਾਂਦੇ ਤੰਗ ਕਰਦੇ ਸੀ। ਲੜਕੀ ਨੇ ਇਸ ਹਰਕਤ ਬਾਰੇ ਘਰ ਦੱਸਿਆ। ਇਸ ‘ਤੇ ਉਨ੍ਹਾਂ ਕਈ ਵਾਰ ਚਿਤਾਵਨੀ ਦਿੱਤੀ। ਇਸ ਦਾ ਬਦਲਾ ਲੈਣ ਦੇ ਲਈ ਉਨ੍ਹਾਂ ਨੇ ਲੜਕੀ ਨੂੰ ਅਗਵਾ ਕਰ ਲਿਆ। ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਪੁੱਜੀ ਤਾਂ ਘਰ ਵਾਲੇ ਥਾਣੇ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਉਣ ਪੁੱਜੇ। ਬੁਧਵਾਰ ਨੂੰ ਸ਼ਾਮ ਵੇਲੇ ਲੜਕੀ ਦੀ ਬੁਰੀ ਤਰ੍ਹਾਂ ਸੜੀ ਲਾਸ਼ ਮਿਲੀ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ। ਵਾਰਦਾਤ ਤੋਂ ਬਾਅਦ ਪਿੰਡ ਵਿਚ ਕਾਫੀ ਤਣਾਅ ਬਣਿਆ ਹੋਇਆ। ਲੋਕਾਂ ਨੇ ਮੁਲਜ਼ਮਾਂ ਦਾ ਪੁਤਲਾ ਫੂਕ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਿੰਡ ਵਿਚ ਤਣਾਅ ਵਾਲੇ ਹਾਲਾਤ ਹੋਣ ਕਾਰਨ ਪਾਤੜਾਂ ਅਤੇ ਸ਼ੁਤਰਾਣਾ ਥਾਣੇ ਦੀ ਪੁਲਿਸ ਤੈਨਾਤ ਕੀਤੀ ਗਈ ਹੈ।

ਕੇਵਲ ਢਿੱਲੋਂ ਤੇ ਸਦੀਕ ਸਣੇ 32 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ

ਚੰਡੀਗੜ੍ਹ-ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਤੀਜੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਅਤੇ ਗਾਇਕ ਮੁਹੰਮਦ ਸਦੀਕ ਨੇ ਫਰੀਦਕੋਟ (ਰਾਖ਼ਵੇਂ) ਹਲਕੇ ਤੋਂ ਕਾਗਜ਼ ਦਾਖ਼ਲ ਕੀਤੇ। ਇਨ੍ਹਾਂ ਸਮੇਤ ਸੂਬੇ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਕੁੱਲ 32 ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ।
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ, ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਸ਼ਾਮ ਲਾਲ ਗੰਡੀਵਿੰਡ, ਸੰਜੀਵ ਕੁਮਾਰ ਅਤੇ ਮਹਿੰਦਰ ਸਿੰਘ ਨੇ ਨਾਮਜ਼ਦਗੀ ਦਾਖ਼ਲ ਕੀਤੀ। ਹਲਕਾ ਖਡੂਰ ਸਾਹਿਬ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ, ਉਂਕਾਰ ਸਿੰਘ, ਹਰਜੀਤ ਕੌਰ ਅਤੇ ਸ਼ਿਵ ਸੈਨਾ ਦੇ ਸਟੀਫ਼ਨ ਭੱਟੀ, ਜਲੰਧਰ ਲਈ ਅੰਬੇਡਕਰ ਨੈਸ਼ਨਲ ਕਾਂਗਰਸ ਦੀ ਉਰਮਿਲਾ ਅਤੇ ਭਾਰਤ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ, ਹੁਸ਼ਿਆਰਪੁਰ (ਰਾਖ਼ਵਾਂ) ਹਲਕੇ ਲਈ ਬਹੁਜਨ ਸਮਾਜ ਪਾਰਟੀ ਦੇ ਖੁਸ਼ੀ ਰਾਮ ਅਤੇ ਰਣਜੀਤ ਕੁਮਾਰ, ਅਨੰਦਪੁਰ ਸਾਹਿਬ ਤੋਂ ਜਨਰਲ ਸਮਾਜ ਪਾਰਟੀ ਦੇ ਹਰਨੇਕ ਸਿੰਘ ਵੱਲੋਂ, ਹਲਕਾ ਲੁਧਿਆਣਾ ਲਈ ਆਜ਼ਾਦ ਉਮੀਦਵਾਰ ਰਵਿੰਦਰ ਪਾਲ ਸਿੰਘ, ਜਸਦੀਪ ਸਿੰਘ ਅਤੇ ਪੀਪਲਜ਼ ਪਾਰਟੀ ਆਫ਼ ਇੰਡੀਆ (ਸੈਕੂਲਰ) ਦੇ ਦਲਜੀਤ ਸਿੰਘ, ਫਤਿਹਗੜ੍ਹ ਸਾਹਿਬ (ਰਾਖ਼ਵਾਂ) ਹਲਕੇ ਲਈ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਅਤੇ ਵਿਜੈ ਰਾਣੀ ਨੇ, ਹਲਕਾ ਫ਼ਿਰੋਜ਼ਪੁਰ ਲਈ ਆਜ਼ਾਦ ਉਮੀਦਵਾਰ ਮਨੋਜ ਕੁਮਾਰ, ਬਠਿੰਡਾ ਲਈ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਬਲਜਿੰਦਰ ਕੁਮਾਰ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਭੁਪਿੰਦਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਜਗਸੀਰ ਸਿੰਘ ਅਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ਼ ਇੰਡੀਆ (ਕਮਿਊਨਿਸਟ) ਦੇ ਸਵਰਨ ਸਿੰਘ , ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਵਿਜੈ ਅਗਰਵਾਲ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ) ਦੇ ਗੁਰਦਿਆਲ ਸਿੰਘ ਨੇ, ਹਲਕਾ ਪਟਿਆਲਾ ਲਈ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼ਮਾਕਾਂਤ ਪਾਂਡੇ, ਆਜ਼ਾਦ ਉਮੀਦਵਾਰ ਹਰਭਜਨ ਸਿੰਘ ਵਿਰਕ ਅਤੇ ਪਰਮਿੰਦਰ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।

ਜਦੋਂ ਅੱਗ ਦੇ ਘੇਰੇ ਵਿਚ ਆਈ 125 ਏਕੜ ਕਣਕ

ਜਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਨੇੜੇ ਪਿੰਡ ਦੀਪੇਵਾਲ ਵਿਚ ਅਚਾਨਕ ਅੱਗ ਲੱਗ ਜਾਣ ਕਾਰਨ ਦਰਜਨਾਂ ਕਿਸਾਨਾਂ ਦੀ 125 ਏਕੜ ਕਣਕ ਸੜ ਕੇ ਸੁਆਹ ਹੋ ਗਈ ਹੈ। ਅੱਗ ਏਨੀ ਭਿਆਨਕ ਸੀ ਕਿ ਉਸ ਨੇ ਨੇੜੇ ਵਸੀ ਦੀਪੇਵਾਲ ਕਲੋਨੀ ਵੀ ਆਪਣੀ ਲਪੇਟ ਵਿਚ ਲੈ ਲਈ ਜਿਸ ਕਾਰਨ ਬਾਹਰ ਪਏ ਮੰਜੇ ’ਤੇ ਹੋਰ ਘਰੇਲੂ ਸਮਾਨ ਸੜ ਗਿਆ ਹੈ।
ਜਦੋਂ ਇਸ ਘਟਨਾ ਦੀ ਖ਼ਬਰ ਨੇੜਲੇ ਇਲਾਕਿਆਂ ਵਿਚ ਪਹੁੰਚੀ ਤਾਂ ਵੱਖ ਵੱਖ ਪਿੰਡਾਂ ਤੋਂ ਹਜ਼ਾਰਾ ਲੋਕ ਮੌਕੇ ’ਤੇ ਤੁਰੰਤ ਇਕੱਤਰ ਹੋ ਗਏ ਜਿਹਨਾਂ ਵਲੋਂ ਟਰੈਕਟਰਾਂ ਅਤੇ ਹੋਰ ਉਪਕਰਣਾਂ ਨਾਲ ਅੱਗ ਬੁਝਾਉਣ ਵਿਚ ਬਹੁਤ ਜੱਦੋਜਹਿਦ ਕੀਤੀ ਗਈ ਜਿਸ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ।
ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਪੀੜਤ ਕਿਸਾਨਾਂ ਨੇ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਫਾਇਰ ਬ੍ਰਿਗੇਡ ਵਿਭਾਗ ਨੂੰ ਵਾਰ ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਫਾਇਰ ਬ੍ਰਿਗੇਡ ਦੀ ਗੱਡੀ (1:30) ’ਤੇ ਪਹੁੰਚੀ। ਜਿਸ ਕਾਰਨ ਕਿਸਾਨਾਂ ਅੰਦਰ ਬਹੁਤ ਗੁੱਸਾ ’ਤੇ ਨਰਾਜ਼ਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਮਹਿਜ 3 ਕਿਲੋਮੀਟਰ ਦੂਰ ਪਿੰਡ ਦੀਪੇਵਾਲ ਨਹੀਂ ਪਹੁੰਚ ਸਕਿਆ ਤਾਂ ਦੂਰ ਵਸੇ ਲੋਕ ਕੀ ਉਮੀਦ ਕਰ ਸਕਦੇ ਹਨ ।
ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।ਇਸ ਮੌਕੇ ’ਤੇ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਾਬਕਾ ਵਿਧਾਇਕ ਬੀਬੀ ਉਪਿੰਦਰਜੀਤ ਕੌਰ ਵੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਵੱਲੋਂ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਦੁਆਇਆ ਗਿਆ।

ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

ਅਬੋਹਰ -ਥਾਣਾ ਬਹਾਵਵਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਰਾਜਸਥਾਨ ਦੇ 2 ਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਬਹਾਵਵਾਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਠਾ ਪੱਕੀ ਥਾਣਾ ਹਿੰਦੁਮਲਕੋਟ ਰਾਜਸਥਾਨ ਨਿਵਾਸੀ ਬਲਵਿੰਦਰ ਸਿੰਘ (25) ਪੁੱਤਰ ਕਸ਼ਮੀਰ ਸਿੰਘ ਅਤੇ ਸੰਤੋਖ ਸਿੰਘ (26) ਪੁੱਤਰ ਗੁਰਦਿਆਲ ਸਿੰਘ ਆਪਣੀ ਸਵਿਫਟ ਕਾਰ (ਡੀ.ਐਲ.1 ਵਾਈ 4609) ‘ਤੇ ਰਾਜਸਥਾਨ ਤੋਂ ਭਰ ਕੇ ਹੈਰੋਇਨ ਲੈ ਕੇ ਆ ਰਹੇ ਹਨ।
ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਕਾਰ ਨੂੰ ਰੋਕ ਕੇ ਲੜਕਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੁਲਿਸ ਨੇ ਦੋਨਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਨਸ਼ਾ ਤਸਕਰਾਂ ਨੇ ਇਹ ਹੈਰੋਇਨ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਪਲਾਈ ਕਰਨਾ ਸੀ।

ਮੁਹਾਲੀ ਹਵਾਈ ਅੱਡੇ ‘ਤੇ ਵਿਅਕਤੀ ਤੋਂ 76.28 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ

ਚੰਡੀਗੜ੍ਹ-ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਤੋਂ ਸੋਨੇ ਦੇ 20 ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ 76.28 ਲੱਖ ਬਣਦੀ ਹੈ | ਦੁਬਈ ਤੋਂ ਇੱਥੇ ਪੁੱਜਣ ਤੋਂ ਬਾਅਦ ਉਕਤ ਵਿਅਕਤੀ ਤੋਂ 2.3 ਕਿਲੋਗ੍ਰਾਮ ਦੇ ਵਜ਼ਨ ਵਾਲੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ | ਇਨ੍ਹਾਂ ਨੂੰ ਕਾਲੇ ਰੰਗ ਦੇ ਕੱਪੜੇ ‘ਚ ਛੁਪਾ ਕੇ ਰੱਖਿਆ ਹੋਇਆ ਸੀ | ਉਕਤ ਵਿਅਕਤੀ ਨੂੰ ਕਸਟਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ |

ਹਾਈ ਕੋਰਟ ਵੱਲੋਂ ਰੇਤਾ ਖੱਡਾਂ ਦੀ ਨਿਲਾਮੀ ਲਈ ਜਾਰੀ ਨੋਟਿਸ ਰੱਦ

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਮਾਈਨਿੰਗ ਲਈ ਨਵੇਂ ਬਲਾਕ ਬਣਾਏ ਜਾਣ ਅਤੇ ਇਨ੍ਹਾਂ ਦੀ ਖੁੱਲ੍ਹੀ ਬੋਲੀ ਕਰਵਾਏ ਜਾਣ ਦੀ ਨਵੀਂ ਨੀਤੀ ਪੇਸ਼ ਕੀਤੇ ਜਾਣ ਦੇ ਛੇ ਮਹੀਨੇ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੀਤੀ ਨੂੰ ਬਰਕਰਾਰ ਰੱਖਿਆ ਪਰ ਇਸ ਦੇ ਨਾਲ ਈ ਨਿਲਾਮੀ ਨੋਟਿਸ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਇਸ ਵਿੱਚ ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਲਲਿਤ ਬੱਤਰਾ ਵੱਲੋਂ ਸੁਣਾਏ ਫੈਸਲੇ ਅਨੁਸਾਰ,‘ ਅਸੀਂ ਬਲਾਕ ਬਣਾਉਣ ਦੀ ਰਾਜ ਦੀ ਨੀਤੀ ਨੂੰ ਅਤੇ ਖੁੱਲੀ ਬੋਲੀ ਰਾਹੀਂ ਨਿਲਾਮੀ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹਾਂ ਪਰ ਇਹ ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਬਾਅਦ ਹੀ ਸੰਭਵ ਹੈ। ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਸਪਸ਼ਟ ਨਾ ਹੋਣ ਕਾਰਨ ਨਿਲਾਮੀ ਨੋਟਿਸ ਨੂੰ ਰੱਦ ਕਰਦੇ ਹਾਂ।’ ਅਦਾਲਤ ਨੇ ਇਹ ਵੀ ਕਿਹਾ ਕਿ ਨੋਟਿਸ ਕਾਨੂੰਨ ਦੀ ਭਾਵਨਾ ਅਨੁਸਾਰ ਪੂਰੀ ਤਰ੍ਹਾਂ ਅਸਪਸ਼ਟ ਹੈ। ਇਹ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਕਰਦਾ ਹੈ। ਤਿੰਨ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਾਈਨਿੰਗ ਖੇਤਰਾਂ ਦੀ ਸਪਸ਼ਟ ਨਿਸ਼ਾਨਦੇਹੀ ਬਾਅਦ ਨਿਲਾਮੀ ਲਈ ਨਵਾਂ ਨੋਟਿਸ ਜਾਰੀ ਕਰੇ ਅਤੇ ਇਸ ਲਈ ਤਿੰਨ ਮਹੀਨੇ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਇਸ ਤਰ੍ਹਾਂ ਅਦਾਲਤ ਨੇ ਪਹਿਲਾਂ ਤੋਂ ਲਾਗੂ ਨੀਤੀ ਅਨੁਸਾਰ ਪਟੀਸ਼ਨਰਾਂ ਨੂੰ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।

ਕੈਨੇਡਾ ‘ਚ ਨੌਕਰੀ ਦੇ ਨਾਂ ‘ਤੇ ਸੈਂਕੜੇ ਪੰਜਾਬੀਆਂ ਨੂੰ ਠੱਗਣ ਵਾਲਾ ਕਾਬੂ

ਚੰਡੀਗੜ-ਕੈਨੇਡਾ ਵਿਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਸੈਂਕੜੇ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਇਕ ਕੌਮਾਂਤਰੀ ਗਿਰੋਹ ਦੇ ਸਰਗਣੇ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸਤਪਾਲ ਸਿੰਘ ਉਰਫ਼ ਹਰਸ਼ਦੀਪ ਵਿਰੁੱਧ ਪੁਲਿਸ ਨੇ ਪੰਜਾਬ ਭਰ ਵਿਚ 69 ਮਾਮਲੇ ਦਰਜ ਕੀਤੇ ਸਨ ਅਤੇ ਉਹ ਨਵੰਬਰ 2015 ਤੋਂ ਫ਼ਰਾਰ ਸੀ। 10 ਕਰੋੜ ਰੁਪਏ ਤੋਂ ਵੱਧ ਦੇ ਠੱਗੀ ਰੈਕਟਦਾ ਸਰਗਣਾ ਸਤਪਾਲ ਸਿੰਘ ਉਰਫ਼ ਹਰਸ਼ਦੀਪ, ਵਰਲਡਟ੍ਰੈਕ ਐਜੁਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮ. ਅਤੇ ਕ੍ਰਿਏਟਿਵ ਪਲੇਸਮੈਂਟਸ ਕੰਸਲਟੈਂਟਸ ਪ੍ਰਾਈਵੇਟ ਲਿਮ. ਦਾ ਮੈਨੇਜਿੰਗ ਡਾਇਰੈਕਟਰ ਸੀ। ਇਨ•ਾਂ ਫ਼ਰਮਾਂ ਦੀ ਸ਼ੁਰੂਆਤ 2012 ਵਿਚ ਕੀਤੀ ਗਈ ਪਰ ਇਕ ਸਾਲ ਬਾਅਦ ਅਚਾਨਕ ਰਾਤੋ-ਰਾਤ ਬੰਦ ਵੀ ਕਰ ਦਿਤੀਆਂ ਗਈਆਂ। ਠੱਗੀ ਦੇ ਸ਼ਿਕਾਰ ਨੌਜਵਾਨਾਂ ਦੁਆਰਾ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਸਤਪਾਲ ਸਿੰਘ ਵੱਖੋ-ਵੱਖਰੀ ਪਛਾਣ ਦੇ ਆਧਾਰ ‘ਤੇ ਕੰਮ ਕਰਦਾ ਸੀ ਅਤੇ ਇਸ ਤੋਂ ਬਾਅਦ ਹੀ ਪੁਲਿਸ ਨੇ ਕੇਸ ਦਰਜ ਕੀਤੇ। ਦਰਜਨਾਂ ਮਾਮਲੇ ਦਰਜ ਹੋਣ ਦੇ ਬਾਵਜੂਦ ਪੁਲਿਸ ਸਤਪਾਲ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੀ। ਐਸ.ਐਸ.ਪੀ. ਐਚ.ਐਸ. ਭੁੱਲਰ ਨੇ ਦੱਸਿਆ ਕਿ ਸਤਪਾਲ ਸਿੰਘ ਨੂੰ ਦੋ ਹਫ਼ਤੇ ਪਹਿਲਾਂ ਭਗੌੜਾ ਅਪਰਾਧੀ ਕਰਾਰ ਦੇ ਦਿਤਾ ਗਿਆ ਅਤੇ ਉਸ ਦੀ ਪੈੜ ਨੱਪਣ ਲਈ ਵਿਸ਼ੇਸ਼ ਮੁਹਿੰਮ ਛੇੜੀ ਗਈ। ਦੱਸ ਦੇਈਏ ਕਿ ਸਤਪਾਲ ਸਿੰਘ ਕੈਨੇਡਾ ਦੀਆਂ ਕੰਪਨੀਆਂ ਵਿਚ ਨੌਕਰੀ ਦੇ ਆਧਾਰ ‘ਤੇ ਵਰਕ ਪਰਮਿਟਨ ਦਿਵਾਉਣ ਦਾ ਲਾਰਾ ਲਾਉਂਦਾ ਸੀ ਅਤੇ ਹਰ ਨੌਜਵਾਨ ਤੋਂ ਢਾਈ ਲੱਖ ਰੁਪਏ ਤੱਕ ਦੀ ਰਕਮ ਵਸੂਲ ਕੀਤੀ ਜਾਂਦੀ। ਠੱਗੀ ਦਾ ਸ਼ਿਕਾਰ ਬਣੇ ਨੌਜਵਾਨਾਂ ਵਿਚੋਂ ਇਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੀ ਪਤਨੀ ਨੇ ਕੈਨੇਡਾ ਦੀ ਇੰਮੀਗ੍ਰੇਸ਼ਨ ਅਤੇ ਨੌਕਰੀ ਵਾਸਤੇ ਲੱਖਾਂ ਰੁਪਏ ਖ਼ਰਚ ਕਰ ਦਿਤੇ ਪਰ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸੈਂਕੜੇ ਨੌਜਵਾਨਾਂ ਨੂੰ ਕੈਨੇਡੀਅਨ ਕੰਪਨੀਆਂ ਦੇ ਨਿਯੁਕਤੀ ਪੱਤਰ ਦਿਖਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰ ਅਸਲੀਅਤ ਉਸ ਵੇਲੇ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਨਿਯੁਕਤੀ ਪੱਤਰ ਵਿਚ ਦਰਸਾਈਆਂ ਕੰਪਨੀਆਂ ਕੈਨੇਡਾ ਵਿਚ ਹੈ ਹੀ ਨਹੀਂ।

ਫਰਨੀਚਰ ਸ਼ੋਅ-ਰੂਮ ’ਚ ਭਿਆਨਕ ਅੱਗ; ਲੱਖਾਂ ਦਾ ਨੁਕਸਾਨ

ਖੰਨਾ-ਇੱਥੇ ਸਮਰਾਲਾ ਰੋਡ ਸਥਿਤ ਹੁਕਮ ਚੰਦ ਐਂਡ ਸੰਨਜ਼ ਫਰਮ ਦੇ ਫਰਨੀਚਰ ਸ਼ੋਅ-ਰੂਮ ‘ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਖੰਨਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਸਮਰਾਲਾ ਤੇ ਲੁਧਿਆਣਾ ਦੇ ਫਾਇਰ ਬ੍ਰਿਗੇਡ ਸਟੇਸ਼ਨਾਂ ਦੀਆਂ 14 ਗੱਡੀਆਂ ਦੇਰ ਰਾਤ ਤੱਕ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਸਨ। ਅੱਗ ਕਾਰਨ ਨੇੜਲੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਨੂੰ ਸੂਦ ਫਰਨੀਚਰ ਹਾਊਸ ‘ਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ, ਜੋ ਛੱਤ ‘ਤੇ ਪਏ ਜੈਨਰੇਟਰ ਤੱਕ ਪੁੱਜਣ ਮਗਰੋਂ ਸਾਰੇ ਫਰਨੀਚਰ ਹਾਊਸ ‘ਚ ਫੈਲ ਗਈ। ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਖੰਨਾ ਤੋਂ ਪਹਿਲੀ ਟੀਮ ਆਈ ਜਿਸਨੇ ਅੱਗ ਦੀਆਂ ਲਪਟਾਂ ਦੇਖ ਕੇ ਆਲੇ ਦੁਆਲੇ ਦੇ ਸਟੇਸ਼ਨਾਂ ’ਤੇ ਸੂਚਨਾ ਦਿੱਤੀ।
ਸਮਰਾਲਾ ਰੋਡ ’ਤੇ ਲੱਗੀ ਲੋਕਾਂ ਦੀ ਭੀੜ।
ਹਾਲਾਤ ਦੇਖਦਿਆਂ ਸਿਟੀ ਥਾਣਾ 1 ਦੇ ਐੱਸਐੱਚਓ ਗੁਰਮੇਲ ਸਿੰਘ ਮੌਕੇ ‘ਤੇ ਪੁੱਜੇ ਅਤੇ ਪੂਰਾ ਰੋਡ ਬੰਦ ਕਰ ਦਿੱਤਾ ਗਿਆ। ਕਈ ਘੰਟਿਆਂ ਮਗਰੋਂ ਵੀ ਅੱਗ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਿਆ ਸੀ। ਅੱਗ ਦੇ ਨਾਲ ਸ਼ੋਅਰੂਮ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜੇਕਰ ਆਲੇ ਦੁਆਲੇ ਦੇ ਸਟੇਸ਼ਨਾਂ ਤੋਂ ਗੱਡੀਆਂ ਨਾ ਮੰਗਵਾਈਆਂ ਜਾਂਦੀਆਂ ਤਾਂ ਇਸ ਨਾਲ ਹੋਰਨਾਂ ਬਿਲਡਿੰਗਾਂ ਤੱਕ ਵੀ ਅੱਗ ਪਹੁੰਚ ਸਕਦੀ ਸੀ।

ਛੇੜਖਾਨੀ ਮਾਮਲੇ ਵਿਚ ਸਾਬਕਾ ਵਿਧਾਇਕ ਬੰਨੀ ਖ਼ਿਲਾਫ਼ ਚਲਾਨ ਪੇਸ਼

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਖ਼ਿਲਾਫ਼ ਬਿਊਟੀ ਸੈਲੂਨ ਵਿਚ ਲੜਕੀ ਨਾਲ ਛੇੜਖਾਨੀ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ। ਇਸ ਦੇ ਨਾਲ ਹੀ ਬੰਨੀ ਵਲੋਂ ਅਦਾਲਤ ਵਿਚ ਅਪਣੀ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਘਟਨਾਕ੍ਰਮ ਲਗਭਗ ਪੰਜ ਮਹੀਨੇ ਪਹਿਲਾਂ ਦਾ ਹੈ। ਪੀੜਤ ਲੜਕੀ ਵਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਇਲਜ਼ਾਮ ਸੀ ਕਿ ਬੰਨੀ ਉਕਤ ਬਿਊਟੀ ਸੈਲੂਨ ਵਿਚ ਅਪਣੇ ਸਿਰ ਦੀ ਮਸਾਜ ਕਰਾਉਣ ਲਈ ਗਏ ਸੀ ਜੋ ਕਿ ਸ਼ਰਾਬੀ ਹਾਲਤ ਵਿਚ ਸੀ। ਉਸ ਨੇ ਸੈਲੂਨ ਦੀ ਰਿਸੈਪਸ਼ਨ ‘ਤੇ ਬੈਠੀ ਲੜਕੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਉਸ ਦਾ ਵਿਰੋਧ ਕੀਤਾ। ਇਸ ਦੀ ਸੂਚਨਾ ਮਿਲਣ ‘ਤੇ ਜਦੋਂ ਸੈਲੂਨ ਦੀ ਮਾਲਕਣ ਉਥੇ ਪੁੱਜੀ ਤਾਂ ਬੰਨੀ ਨੇ ਮਾਲਕਣ ਨਾਲ ਵੀ ਕਥਿਤ ਬਦਤਮੀਜ਼ੀ ਕੀਤੀ ਸੀ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਵਿਚ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਬੰਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਨਵਜੋਤ ਸਿੱਧੂ ਨੂੰ ਧਰਮ ਦਾ ਡਰ ਦਿਖਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ

ਅੰਮ੍ਰਿਤਸਰ -ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਕੱਟੜ ਸਿਆਸੀ ਵਿਰੋਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਧਰਮ ਦਾ ਡਰ ਦਿਖਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁਕੀਆਂ ਹਨ। ਬਿਹਾਰ ਦੇ ਚੋਣ ਹਲਕਾ ਕਿਸ਼ਨਗੰਜ ਤੋਂ ਨਵਜੋਤ ਸੰਘ ਸਿੱਧੂ ਵਿਰੁਧ ਇਕ ਸ਼ਿਕਾਇਤ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਧੂ ਨੇ ਸਿੱਖ ਭਾਵਨਾਵਾਂ ਤੇ ਪੰ੍ਰਪਰਾਵਾਂ ਦੀ ਉਲੰਘਣਾ ਕੀਤੀ ਹੈ।
ਪ੍ਰਾਪਤ ਵੇਰਵਿਆ ਮੁਤਾਬਕ ਬਿਹਾਰ ਦੇ ਇਕ ਸਿੱਖ ਆਗੂ ਅਮਰਜੀਤ ਸਿੰਘ ਛਾਬੜਾ ਨੇ ਅਕਾਲ ਤਖ਼ਤ ਸਾਹਿਬ ਨੂੰ ਇਕ ਸ਼ਿਕਾਇਤ ਭੇਜ ਕੇ ਦਸਿਆ ਹੈ ਕਿ ਕਿਸ਼ਨਗੰਜ ਵਿਚ ਸਿੱਧੂ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਚੋਣ ਰੈਲੀ ਦੇ ਐਨ ਨੇੜੇ ਸਥਿਤ ਮਸਜਿਦ ਵਿਚ ਰਮਜਾਨ ਦੀ ਅਵਾਜ਼ ਸੁਣਾਈ ਦਿਤੀ। ਸ. ਛਾਬੜਾ ਨੇ ਲਿਖਿਆ ਕਿ ਨਿਯਮਾਂ ਮੁਤਾਬਕ ਸਿੱਧੂ ਨੂੰ ਉਸ ਵੇਲੇ ਭਾਸ਼ਨ ਬੰਦ ਕਰ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਦਾ ਭਾਸ਼ਨ ਜਾਰੀ ਰਿਹਾ ਤੇ ਉਨ੍ਹਾਂ ਨੇ ਵਧੇਰੇ ਜੋਸ਼ ਦਿਖਾਉਂਦਿਆਂ ‘ਭਾਰਤ ਮਾਤਾ ਦੀ ਜੈ ਅਤੇ ਅਲਾਹ ਹੂ ਅਕਬਰ’ ਦੇ ਨਾਹਰੇ ਨਾ ਕੇਵਲ ਆਪ ਬੁਲੰਦ ਕੀਤੇ ਬਲਕਿ ਰੈਲੀ ਵਿਚ ਇੱਕਠੀ ਭੀੜ ਕੋਲੋਂ ਵੀ ਨਾਹਰੇ ਲਗਵਾਏ।
ਸ਼ਿਕਾਇਤਕਰਤਾ ਮੁਤਾਬਕ ਸਿੱਧੂ ਦੇ ਇਸ ਕਾਰੇ ਕਾਰਨ ਸਿੱਖਾਂ ਦੀ ਅਜ਼ਾਦ ਹਸਤੀ ਨੂੰ ਖ਼ਤਰਾ ਪੈਦਾ ਹੋਇਆ ਹੈ। ਇਸਲਾਮਿਕ ਕਟੜਵਾਦ ਨਾਲ ਸਿੱਖ ਪੰਥ ਲੰਮਾਂ ਸਮਾ ਲੜਾਈ ਲੜਦਾ ਰਿਹਾ ਹੈ ਪਰ ਸਿੱਧੂ ਨੇ ਆਪ ਅਤੇ ਲੋਕਾਂ ਕੋਲੋਂ ਇਸਲਾਮ ਦੇ ਹੱਕ ਵਿਚ ਨਾਹਰੇਬਾਜ਼ੀ ਕਰਵਾਈ ਹੈ। ਹੁਣ ਦੇਖਣਾ ਇਹ ਹੈ ਕਿ ਖ਼ੁਦ ਇਸਲਾਮ ਦਾ ਧਾਰਮਕ ਗ੍ਰੰਥ ਕੁਰਾਨ ਸ਼ਰੀਫ਼ ਦਾ ਪੰਜਾਬੀ ਵਿਚ ਤਰਜੁਮਾ ਕਰਨ ਵਾਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਵਜੋਤ ਸਿੰਘ ਸਿੱਧੂ ਵਿਰੁਧ ਕੀ ਕਾਰਵਾਈ ਕਰਦੇ ਹਨ।