Home / ਪੰਜਾਬ (page 2)

ਪੰਜਾਬ

ਕਰੋੜਾਂ ਰੁਪਏ ਦੀ ਹੈਰੋਇਨ ਸਮੇਤ 2 ਤਸਕਰ ਗ੍ਰਿਫ਼ਤਾਰ

ਅਬੋਹਰ -ਥਾਣਾ ਬਹਾਵਵਾਲਾ ਪੁਲਿਸ ਨੇ ਨਾਕਾਬੰਦੀ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਰਾਜਸਥਾਨ ਦੇ 2 ਜਵਾਨਾਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਬਹਾਵਵਾਲਾ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਠਾ ਪੱਕੀ ਥਾਣਾ ਹਿੰਦੁਮਲਕੋਟ ਰਾਜਸਥਾਨ ਨਿਵਾਸੀ ਬਲਵਿੰਦਰ ਸਿੰਘ (25) ਪੁੱਤਰ ਕਸ਼ਮੀਰ ਸਿੰਘ ਅਤੇ ਸੰਤੋਖ ਸਿੰਘ (26) ਪੁੱਤਰ ਗੁਰਦਿਆਲ ਸਿੰਘ ਆਪਣੀ ਸਵਿਫਟ ਕਾਰ (ਡੀ.ਐਲ.1 ਵਾਈ 4609) ‘ਤੇ ਰਾਜਸਥਾਨ ਤੋਂ ਭਰ ਕੇ ਹੈਰੋਇਨ ਲੈ ਕੇ ਆ ਰਹੇ ਹਨ।
ਪੁਲਿਸ ਨੇ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕਰਕੇ ਕਾਰ ਨੂੰ ਰੋਕ ਕੇ ਲੜਕਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 550 ਗ੍ਰਾਮ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਤੋਂ ਜ਼ਿਆਦਾ ਹੈ। ਪੁਲਿਸ ਨੇ ਦੋਨਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸੂਤਰਾਂ ਅਨੁਸਾਰ ਇਨ੍ਹਾਂ ਨਸ਼ਾ ਤਸਕਰਾਂ ਨੇ ਇਹ ਹੈਰੋਇਨ ਪੰਜਾਬ ਦੇ ਵੱਖ-ਵੱਖ ਸਥਾਨਾਂ ‘ਤੇ ਸਪਲਾਈ ਕਰਨਾ ਸੀ।

ਮੁਹਾਲੀ ਹਵਾਈ ਅੱਡੇ ‘ਤੇ ਵਿਅਕਤੀ ਤੋਂ 76.28 ਲੱਖ ਦੇ ਸੋਨੇ ਦੇ ਬਿਸਕੁਟ ਬਰਾਮਦ

ਚੰਡੀਗੜ੍ਹ-ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਇਕ ਵਿਅਕਤੀ ਤੋਂ ਸੋਨੇ ਦੇ 20 ਬਿਸਕੁਟ ਬਰਾਮਦ ਕੀਤੇ ਗਏ, ਜਿਨ੍ਹਾਂ ਦੀ ਕੀਮਤ 76.28 ਲੱਖ ਬਣਦੀ ਹੈ | ਦੁਬਈ ਤੋਂ ਇੱਥੇ ਪੁੱਜਣ ਤੋਂ ਬਾਅਦ ਉਕਤ ਵਿਅਕਤੀ ਤੋਂ 2.3 ਕਿਲੋਗ੍ਰਾਮ ਦੇ ਵਜ਼ਨ ਵਾਲੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ | ਇਨ੍ਹਾਂ ਨੂੰ ਕਾਲੇ ਰੰਗ ਦੇ ਕੱਪੜੇ ‘ਚ ਛੁਪਾ ਕੇ ਰੱਖਿਆ ਹੋਇਆ ਸੀ | ਉਕਤ ਵਿਅਕਤੀ ਨੂੰ ਕਸਟਮ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ |

ਹਾਈ ਕੋਰਟ ਵੱਲੋਂ ਰੇਤਾ ਖੱਡਾਂ ਦੀ ਨਿਲਾਮੀ ਲਈ ਜਾਰੀ ਨੋਟਿਸ ਰੱਦ

ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਮਾਈਨਿੰਗ ਲਈ ਨਵੇਂ ਬਲਾਕ ਬਣਾਏ ਜਾਣ ਅਤੇ ਇਨ੍ਹਾਂ ਦੀ ਖੁੱਲ੍ਹੀ ਬੋਲੀ ਕਰਵਾਏ ਜਾਣ ਦੀ ਨਵੀਂ ਨੀਤੀ ਪੇਸ਼ ਕੀਤੇ ਜਾਣ ਦੇ ਛੇ ਮਹੀਨੇ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਨੀਤੀ ਨੂੰ ਬਰਕਰਾਰ ਰੱਖਿਆ ਪਰ ਇਸ ਦੇ ਨਾਲ ਈ ਨਿਲਾਮੀ ਨੋਟਿਸ ਨੂੰ ਰੱਦ ਕਰ ਦਿੱਤਾ ਹੈ, ਕਿਉਂਕਿ ਇਸ ਵਿੱਚ ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਸੀ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਲਲਿਤ ਬੱਤਰਾ ਵੱਲੋਂ ਸੁਣਾਏ ਫੈਸਲੇ ਅਨੁਸਾਰ,‘ ਅਸੀਂ ਬਲਾਕ ਬਣਾਉਣ ਦੀ ਰਾਜ ਦੀ ਨੀਤੀ ਨੂੰ ਅਤੇ ਖੁੱਲੀ ਬੋਲੀ ਰਾਹੀਂ ਨਿਲਾਮੀ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹਾਂ ਪਰ ਇਹ ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਬਾਅਦ ਹੀ ਸੰਭਵ ਹੈ। ਮਾਈਨਿੰਗ ਖੇਤਰਾਂ ਦੀ ਨਿਸ਼ਾਨਦੇਹੀ ਸਪਸ਼ਟ ਨਾ ਹੋਣ ਕਾਰਨ ਨਿਲਾਮੀ ਨੋਟਿਸ ਨੂੰ ਰੱਦ ਕਰਦੇ ਹਾਂ।’ ਅਦਾਲਤ ਨੇ ਇਹ ਵੀ ਕਿਹਾ ਕਿ ਨੋਟਿਸ ਕਾਨੂੰਨ ਦੀ ਭਾਵਨਾ ਅਨੁਸਾਰ ਪੂਰੀ ਤਰ੍ਹਾਂ ਅਸਪਸ਼ਟ ਹੈ। ਇਹ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਕਰਦਾ ਹੈ। ਤਿੰਨ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਾਈਨਿੰਗ ਖੇਤਰਾਂ ਦੀ ਸਪਸ਼ਟ ਨਿਸ਼ਾਨਦੇਹੀ ਬਾਅਦ ਨਿਲਾਮੀ ਲਈ ਨਵਾਂ ਨੋਟਿਸ ਜਾਰੀ ਕਰੇ ਅਤੇ ਇਸ ਲਈ ਤਿੰਨ ਮਹੀਨੇ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ। ਇਸ ਤਰ੍ਹਾਂ ਅਦਾਲਤ ਨੇ ਪਹਿਲਾਂ ਤੋਂ ਲਾਗੂ ਨੀਤੀ ਅਨੁਸਾਰ ਪਟੀਸ਼ਨਰਾਂ ਨੂੰ ਕੰਮ ਕਰਨ ਦੀ ਆਗਿਆ ਦੇ ਦਿੱਤੀ ਹੈ।

ਕੈਨੇਡਾ ‘ਚ ਨੌਕਰੀ ਦੇ ਨਾਂ ‘ਤੇ ਸੈਂਕੜੇ ਪੰਜਾਬੀਆਂ ਨੂੰ ਠੱਗਣ ਵਾਲਾ ਕਾਬੂ

ਚੰਡੀਗੜ-ਕੈਨੇਡਾ ਵਿਚ ਨੌਕਰੀ ਦਿਵਾਉਣ ਦਾ ਲਾਰਾ ਲਾ ਕੇ ਸੈਂਕੜੇ ਨੌਜਵਾਨਾਂ ਤੋਂ ਕਰੋੜਾਂ ਰੁਪਏ ਠੱਗਣ ਵਾਲੇ ਇਕ ਕੌਮਾਂਤਰੀ ਗਿਰੋਹ ਦੇ ਸਰਗਣੇ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਸਤਪਾਲ ਸਿੰਘ ਉਰਫ਼ ਹਰਸ਼ਦੀਪ ਵਿਰੁੱਧ ਪੁਲਿਸ ਨੇ ਪੰਜਾਬ ਭਰ ਵਿਚ 69 ਮਾਮਲੇ ਦਰਜ ਕੀਤੇ ਸਨ ਅਤੇ ਉਹ ਨਵੰਬਰ 2015 ਤੋਂ ਫ਼ਰਾਰ ਸੀ। 10 ਕਰੋੜ ਰੁਪਏ ਤੋਂ ਵੱਧ ਦੇ ਠੱਗੀ ਰੈਕਟਦਾ ਸਰਗਣਾ ਸਤਪਾਲ ਸਿੰਘ ਉਰਫ਼ ਹਰਸ਼ਦੀਪ, ਵਰਲਡਟ੍ਰੈਕ ਐਜੁਕੇਸ਼ਨ ਕੰਸਲਟੈਂਟਸ ਪ੍ਰਾਈਵੇਟ ਲਿਮ. ਅਤੇ ਕ੍ਰਿਏਟਿਵ ਪਲੇਸਮੈਂਟਸ ਕੰਸਲਟੈਂਟਸ ਪ੍ਰਾਈਵੇਟ ਲਿਮ. ਦਾ ਮੈਨੇਜਿੰਗ ਡਾਇਰੈਕਟਰ ਸੀ। ਇਨ•ਾਂ ਫ਼ਰਮਾਂ ਦੀ ਸ਼ੁਰੂਆਤ 2012 ਵਿਚ ਕੀਤੀ ਗਈ ਪਰ ਇਕ ਸਾਲ ਬਾਅਦ ਅਚਾਨਕ ਰਾਤੋ-ਰਾਤ ਬੰਦ ਵੀ ਕਰ ਦਿਤੀਆਂ ਗਈਆਂ। ਠੱਗੀ ਦੇ ਸ਼ਿਕਾਰ ਨੌਜਵਾਨਾਂ ਦੁਆਰਾ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹਾਸਲ ਕੀਤੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਸਤਪਾਲ ਸਿੰਘ ਵੱਖੋ-ਵੱਖਰੀ ਪਛਾਣ ਦੇ ਆਧਾਰ ‘ਤੇ ਕੰਮ ਕਰਦਾ ਸੀ ਅਤੇ ਇਸ ਤੋਂ ਬਾਅਦ ਹੀ ਪੁਲਿਸ ਨੇ ਕੇਸ ਦਰਜ ਕੀਤੇ। ਦਰਜਨਾਂ ਮਾਮਲੇ ਦਰਜ ਹੋਣ ਦੇ ਬਾਵਜੂਦ ਪੁਲਿਸ ਸਤਪਾਲ ਨੂੰ ਕਾਬੂ ਕਰਨ ਵਿਚ ਅਸਫ਼ਲ ਰਹੀ। ਐਸ.ਐਸ.ਪੀ. ਐਚ.ਐਸ. ਭੁੱਲਰ ਨੇ ਦੱਸਿਆ ਕਿ ਸਤਪਾਲ ਸਿੰਘ ਨੂੰ ਦੋ ਹਫ਼ਤੇ ਪਹਿਲਾਂ ਭਗੌੜਾ ਅਪਰਾਧੀ ਕਰਾਰ ਦੇ ਦਿਤਾ ਗਿਆ ਅਤੇ ਉਸ ਦੀ ਪੈੜ ਨੱਪਣ ਲਈ ਵਿਸ਼ੇਸ਼ ਮੁਹਿੰਮ ਛੇੜੀ ਗਈ। ਦੱਸ ਦੇਈਏ ਕਿ ਸਤਪਾਲ ਸਿੰਘ ਕੈਨੇਡਾ ਦੀਆਂ ਕੰਪਨੀਆਂ ਵਿਚ ਨੌਕਰੀ ਦੇ ਆਧਾਰ ‘ਤੇ ਵਰਕ ਪਰਮਿਟਨ ਦਿਵਾਉਣ ਦਾ ਲਾਰਾ ਲਾਉਂਦਾ ਸੀ ਅਤੇ ਹਰ ਨੌਜਵਾਨ ਤੋਂ ਢਾਈ ਲੱਖ ਰੁਪਏ ਤੱਕ ਦੀ ਰਕਮ ਵਸੂਲ ਕੀਤੀ ਜਾਂਦੀ। ਠੱਗੀ ਦਾ ਸ਼ਿਕਾਰ ਬਣੇ ਨੌਜਵਾਨਾਂ ਵਿਚੋਂ ਇਕ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੀ ਪਤਨੀ ਨੇ ਕੈਨੇਡਾ ਦੀ ਇੰਮੀਗ੍ਰੇਸ਼ਨ ਅਤੇ ਨੌਕਰੀ ਵਾਸਤੇ ਲੱਖਾਂ ਰੁਪਏ ਖ਼ਰਚ ਕਰ ਦਿਤੇ ਪਰ ਪੱਲੇ ਸਿਰਫ਼ ਨਿਰਾਸ਼ਾ ਹੀ ਪਈ। ਬਲਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਸੈਂਕੜੇ ਨੌਜਵਾਨਾਂ ਨੂੰ ਕੈਨੇਡੀਅਨ ਕੰਪਨੀਆਂ ਦੇ ਨਿਯੁਕਤੀ ਪੱਤਰ ਦਿਖਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਪਰ ਅਸਲੀਅਤ ਉਸ ਵੇਲੇ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਨਿਯੁਕਤੀ ਪੱਤਰ ਵਿਚ ਦਰਸਾਈਆਂ ਕੰਪਨੀਆਂ ਕੈਨੇਡਾ ਵਿਚ ਹੈ ਹੀ ਨਹੀਂ।

ਫਰਨੀਚਰ ਸ਼ੋਅ-ਰੂਮ ’ਚ ਭਿਆਨਕ ਅੱਗ; ਲੱਖਾਂ ਦਾ ਨੁਕਸਾਨ

ਖੰਨਾ-ਇੱਥੇ ਸਮਰਾਲਾ ਰੋਡ ਸਥਿਤ ਹੁਕਮ ਚੰਦ ਐਂਡ ਸੰਨਜ਼ ਫਰਮ ਦੇ ਫਰਨੀਚਰ ਸ਼ੋਅ-ਰੂਮ ‘ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਖੰਨਾ, ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ, ਸਮਰਾਲਾ ਤੇ ਲੁਧਿਆਣਾ ਦੇ ਫਾਇਰ ਬ੍ਰਿਗੇਡ ਸਟੇਸ਼ਨਾਂ ਦੀਆਂ 14 ਗੱਡੀਆਂ ਦੇਰ ਰਾਤ ਤੱਕ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਸਨ। ਅੱਗ ਕਾਰਨ ਨੇੜਲੀਆਂ ਕਈ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਨੂੰ ਸੂਦ ਫਰਨੀਚਰ ਹਾਊਸ ‘ਚ ਸ਼ਾਰਟ ਸਰਕਟ ਨਾਲ ਅਚਾਨਕ ਅੱਗ ਲੱਗ ਗਈ, ਜੋ ਛੱਤ ‘ਤੇ ਪਏ ਜੈਨਰੇਟਰ ਤੱਕ ਪੁੱਜਣ ਮਗਰੋਂ ਸਾਰੇ ਫਰਨੀਚਰ ਹਾਊਸ ‘ਚ ਫੈਲ ਗਈ। ਸੂਚਨਾ ਮਿਲਣ ਮਗਰੋਂ ਫਾਇਰ ਬ੍ਰਿਗੇਡ ਖੰਨਾ ਤੋਂ ਪਹਿਲੀ ਟੀਮ ਆਈ ਜਿਸਨੇ ਅੱਗ ਦੀਆਂ ਲਪਟਾਂ ਦੇਖ ਕੇ ਆਲੇ ਦੁਆਲੇ ਦੇ ਸਟੇਸ਼ਨਾਂ ’ਤੇ ਸੂਚਨਾ ਦਿੱਤੀ।
ਸਮਰਾਲਾ ਰੋਡ ’ਤੇ ਲੱਗੀ ਲੋਕਾਂ ਦੀ ਭੀੜ।
ਹਾਲਾਤ ਦੇਖਦਿਆਂ ਸਿਟੀ ਥਾਣਾ 1 ਦੇ ਐੱਸਐੱਚਓ ਗੁਰਮੇਲ ਸਿੰਘ ਮੌਕੇ ‘ਤੇ ਪੁੱਜੇ ਅਤੇ ਪੂਰਾ ਰੋਡ ਬੰਦ ਕਰ ਦਿੱਤਾ ਗਿਆ। ਕਈ ਘੰਟਿਆਂ ਮਗਰੋਂ ਵੀ ਅੱਗ ‘ਤੇ ਪੂਰੀ ਤਰ੍ਹਾਂ ਨਾਲ ਕਾਬੂ ਨਹੀਂ ਪਿਆ ਸੀ। ਅੱਗ ਦੇ ਨਾਲ ਸ਼ੋਅਰੂਮ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। ਫਾਇਰ ਅਫਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜੇਕਰ ਆਲੇ ਦੁਆਲੇ ਦੇ ਸਟੇਸ਼ਨਾਂ ਤੋਂ ਗੱਡੀਆਂ ਨਾ ਮੰਗਵਾਈਆਂ ਜਾਂਦੀਆਂ ਤਾਂ ਇਸ ਨਾਲ ਹੋਰਨਾਂ ਬਿਲਡਿੰਗਾਂ ਤੱਕ ਵੀ ਅੱਗ ਪਹੁੰਚ ਸਕਦੀ ਸੀ।

ਛੇੜਖਾਨੀ ਮਾਮਲੇ ਵਿਚ ਸਾਬਕਾ ਵਿਧਾਇਕ ਬੰਨੀ ਖ਼ਿਲਾਫ਼ ਚਲਾਨ ਪੇਸ਼

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਸਜੀਤ ਸਿੰਘ ਬੰਨੀ ਖ਼ਿਲਾਫ਼ ਬਿਊਟੀ ਸੈਲੂਨ ਵਿਚ ਲੜਕੀ ਨਾਲ ਛੇੜਖਾਨੀ ਦੇ ਦੋਸ਼ਾਂ ਤਹਿਤ ਦਰਜ ਕੇਸ ਵਿਚ ਚੰਡੀਗੜ੍ਹ ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕਰ ਦਿੱਤਾ। ਇਸ ਦੇ ਨਾਲ ਹੀ ਬੰਨੀ ਵਲੋਂ ਅਦਾਲਤ ਵਿਚ ਅਪਣੀ ਜ਼ਮਾਨਤ ਦੀ ਅਰਜ਼ੀ ਵੀ ਲਗਾਈ ਗਈ ਸੀ ਜਿਸ ਨੂੰ ਅਦਾਲਤ ਵਲੋਂ ਮਨਜ਼ੂਰ ਕਰ ਲਿਆ ਗਿਆ। ਦੱਸਣਯੋਗ ਹੈ ਕਿ ਘਟਨਾਕ੍ਰਮ ਲਗਭਗ ਪੰਜ ਮਹੀਨੇ ਪਹਿਲਾਂ ਦਾ ਹੈ। ਪੀੜਤ ਲੜਕੀ ਵਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਇਲਜ਼ਾਮ ਸੀ ਕਿ ਬੰਨੀ ਉਕਤ ਬਿਊਟੀ ਸੈਲੂਨ ਵਿਚ ਅਪਣੇ ਸਿਰ ਦੀ ਮਸਾਜ ਕਰਾਉਣ ਲਈ ਗਏ ਸੀ ਜੋ ਕਿ ਸ਼ਰਾਬੀ ਹਾਲਤ ਵਿਚ ਸੀ। ਉਸ ਨੇ ਸੈਲੂਨ ਦੀ ਰਿਸੈਪਸ਼ਨ ‘ਤੇ ਬੈਠੀ ਲੜਕੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਲੜਕੀ ਨੇ ਉਸ ਦਾ ਵਿਰੋਧ ਕੀਤਾ। ਇਸ ਦੀ ਸੂਚਨਾ ਮਿਲਣ ‘ਤੇ ਜਦੋਂ ਸੈਲੂਨ ਦੀ ਮਾਲਕਣ ਉਥੇ ਪੁੱਜੀ ਤਾਂ ਬੰਨੀ ਨੇ ਮਾਲਕਣ ਨਾਲ ਵੀ ਕਥਿਤ ਬਦਤਮੀਜ਼ੀ ਕੀਤੀ ਸੀ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਸਟੇਸ਼ਨ ਸੈਕਟਰ 3 ਚੰਡੀਗੜ੍ਹ ਵਿਚ ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਬੰਨੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।

ਨਵਜੋਤ ਸਿੱਧੂ ਨੂੰ ਧਰਮ ਦਾ ਡਰ ਦਿਖਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ

ਅੰਮ੍ਰਿਤਸਰ -ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਭਾਰਤੀ ਜਨਤਾ ਪਾਰਟੀ ਦੇ ਕੱਟੜ ਸਿਆਸੀ ਵਿਰੋਧੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਧਰਮ ਦਾ ਡਰ ਦਿਖਾ ਕੇ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁਕੀਆਂ ਹਨ। ਬਿਹਾਰ ਦੇ ਚੋਣ ਹਲਕਾ ਕਿਸ਼ਨਗੰਜ ਤੋਂ ਨਵਜੋਤ ਸੰਘ ਸਿੱਧੂ ਵਿਰੁਧ ਇਕ ਸ਼ਿਕਾਇਤ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਗਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਿੱਧੂ ਨੇ ਸਿੱਖ ਭਾਵਨਾਵਾਂ ਤੇ ਪੰ੍ਰਪਰਾਵਾਂ ਦੀ ਉਲੰਘਣਾ ਕੀਤੀ ਹੈ।
ਪ੍ਰਾਪਤ ਵੇਰਵਿਆ ਮੁਤਾਬਕ ਬਿਹਾਰ ਦੇ ਇਕ ਸਿੱਖ ਆਗੂ ਅਮਰਜੀਤ ਸਿੰਘ ਛਾਬੜਾ ਨੇ ਅਕਾਲ ਤਖ਼ਤ ਸਾਹਿਬ ਨੂੰ ਇਕ ਸ਼ਿਕਾਇਤ ਭੇਜ ਕੇ ਦਸਿਆ ਹੈ ਕਿ ਕਿਸ਼ਨਗੰਜ ਵਿਚ ਸਿੱਧੂ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਚੋਣ ਰੈਲੀ ਦੇ ਐਨ ਨੇੜੇ ਸਥਿਤ ਮਸਜਿਦ ਵਿਚ ਰਮਜਾਨ ਦੀ ਅਵਾਜ਼ ਸੁਣਾਈ ਦਿਤੀ। ਸ. ਛਾਬੜਾ ਨੇ ਲਿਖਿਆ ਕਿ ਨਿਯਮਾਂ ਮੁਤਾਬਕ ਸਿੱਧੂ ਨੂੰ ਉਸ ਵੇਲੇ ਭਾਸ਼ਨ ਬੰਦ ਕਰ ਦੇਣਾ ਚਾਹੀਦਾ ਸੀ ਪਰ ਉਨ੍ਹਾਂ ਦਾ ਭਾਸ਼ਨ ਜਾਰੀ ਰਿਹਾ ਤੇ ਉਨ੍ਹਾਂ ਨੇ ਵਧੇਰੇ ਜੋਸ਼ ਦਿਖਾਉਂਦਿਆਂ ‘ਭਾਰਤ ਮਾਤਾ ਦੀ ਜੈ ਅਤੇ ਅਲਾਹ ਹੂ ਅਕਬਰ’ ਦੇ ਨਾਹਰੇ ਨਾ ਕੇਵਲ ਆਪ ਬੁਲੰਦ ਕੀਤੇ ਬਲਕਿ ਰੈਲੀ ਵਿਚ ਇੱਕਠੀ ਭੀੜ ਕੋਲੋਂ ਵੀ ਨਾਹਰੇ ਲਗਵਾਏ।
ਸ਼ਿਕਾਇਤਕਰਤਾ ਮੁਤਾਬਕ ਸਿੱਧੂ ਦੇ ਇਸ ਕਾਰੇ ਕਾਰਨ ਸਿੱਖਾਂ ਦੀ ਅਜ਼ਾਦ ਹਸਤੀ ਨੂੰ ਖ਼ਤਰਾ ਪੈਦਾ ਹੋਇਆ ਹੈ। ਇਸਲਾਮਿਕ ਕਟੜਵਾਦ ਨਾਲ ਸਿੱਖ ਪੰਥ ਲੰਮਾਂ ਸਮਾ ਲੜਾਈ ਲੜਦਾ ਰਿਹਾ ਹੈ ਪਰ ਸਿੱਧੂ ਨੇ ਆਪ ਅਤੇ ਲੋਕਾਂ ਕੋਲੋਂ ਇਸਲਾਮ ਦੇ ਹੱਕ ਵਿਚ ਨਾਹਰੇਬਾਜ਼ੀ ਕਰਵਾਈ ਹੈ। ਹੁਣ ਦੇਖਣਾ ਇਹ ਹੈ ਕਿ ਖ਼ੁਦ ਇਸਲਾਮ ਦਾ ਧਾਰਮਕ ਗ੍ਰੰਥ ਕੁਰਾਨ ਸ਼ਰੀਫ਼ ਦਾ ਪੰਜਾਬੀ ਵਿਚ ਤਰਜੁਮਾ ਕਰਨ ਵਾਲਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਵਜੋਤ ਸਿੰਘ ਸਿੱਧੂ ਵਿਰੁਧ ਕੀ ਕਾਰਵਾਈ ਕਰਦੇ ਹਨ।

ਕਾਂਗਰਸ ਨੇ ਬਠਿੰਡਾ ਤੋਂ ਰਾਜਾ ਵੜਿੰਗ ਨੂੰ ਉਮਦੀਵਾਰ ਐਲਾਨਿਆ

ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟਾਂ ‘ਤੇ ਉਮੀਦਵਾਰਾਂ ਦੀ ਉਡੀਕ ਖ਼ਤਮ ਕਰਦਿਆਂ ਕਾਂਗਰਸ ਨੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਠਿੰਡਾ ਅਤੇ ਸ਼ੇਰ ਸਿੰਘ ਘੁਬਾਇਆ ਨੂੰ ਫ਼ਿਰੋਜ਼ੁਪਰ ਤੋਂ ਉਮੀਦਵਾਰ ਐਲਾਨ ਦਿਤਾ। ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਰਾਜਾ ਵੜਿੰਗ ਨੇ ਮੀਡੀਆ ਰਾਹੀਂ ਬਾਦਲ ਪਰਵਾਰ ਨੂੰ ਅਪੀਲ ਕੀਤੀ ਕਿ ਉਹ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਹੀ ਚੋਣ ਮੈਦਾਨ ਵਿਚ ਉਤਾਰਨ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਪੂਰਨ ਭਰੋਸਾ ਪ੍ਰਗਟਾਇਆ ਕਿ ਉਹ ਬਠਿੰਡਾ ਲੋਕ ਸਭਾ ਸੀਟ ਜਿੱਤ ਕੇ ਰਾਹੁਲ ਗਾਂਧੀ ਦੀ ਝੋਲੀ ਵਿਚ ਪਾਉਣਗੇ।

9ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜਨਾਹ

ਫ਼ਤਿਹਗੜ ਸਾਹਿਬ- ਫ਼ਤਿਹਗੜ ਸਾਹਿਬ ਜ਼ਿਲ੍ਹੇ ਵਿਚ 9ਵੀਂ ਦੀ ਵਿਦਿਆਰਥਣ ਨਾਲ ਜਬਰ-ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਰਹਿੰਦ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਵਿਚ ਕੁੜੀ ਦੀ ਮਾਤਾ ਨੇ ਕਿਹਾ ਕਿ ਉਹ ਅਤੇ ਉਸ ਦਾ ਪਤੀ ਕੰਮ ‘ਤੇ ਗਏ ਹੋਏ ਸਨ ਅਤੇ ਉਨ•ਾਂ ਦੀ ਬੇਟੀ ਘਰ ਵਿਚ ਇਕੱਲੀ ਸੀ। ਸ਼ਿਕਾਇਤ ਵਿਚ ਦੋਸ਼ ਲਾਇਆ ਗਿਆ ਕਿ ਬੇਟੀ ਦੇ ਘਰ ਵਿਚ ਇਕੱਲੇ ਹੋਣ ਦਾ ਫ਼ਾਇਦਾ ਉਠਾ ਕੇ ਉਨ੍ਹਾਂ ਦਾ ਗੁਆਂਢੀ ਰਾਹੁਲ ਘਰ ਵਿਚ ਜਬਰੀ ਦਾਖ਼ਲ ਹੋ ਗਿਆ ਅਤੇ ਜਬਰ-ਜਨਾਹ ਕੀਤਾ। ਰਾਹੁਲ ਨੇ ਧਮਕੀ ਵੀ ਦਿਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਸਾਰਿਆਂ ਨੂੰ ਜਾਨੋ ਮਾਰ ਦੇਵੇਗਾ। ਇਸ ‘ਤੇ ਕੁੜੀ ਡਰ ਗਈ ਅਤੇ ਤਕਰੀਬਨ ਇਕ ਮਹੀਨੇ ਬਾਅਦ ਉਸ ਨੇ ਮਾਪਿਆਂ ਨੂੰ ਘਟਨਾ ਬਾਰੇ ਦੱਸਿਆ। ਪੁਲਿਸ ਨੇ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਰਾਹੁਲ ਵਿਰੁੱਧ ਮਾਮਲਾ ਦਰਜ ਕਰ ਲਿਆ।

ਪਟਿਆਲਾ ‘ਚ ਗੋਲੀ ਲੱਗਣ ਨਾਲ ਥਾਣੇਦਾਰ ਦੀ ਮੌਤ

ਪਟਿਆਲਾ-ਸ਼ਹਿਰ ਦੇ ਰਣਜੀਤ ਵਿਹਾਰ ਵਿੱਚ ਰਹਿਣ ਵਾਲੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਗੋਲ਼ੀ ਵੱਜਣ ਨਾਲ ਮੌਤ ਹੋ ਗਈ। ਘਟਨਾ ਉਨ੍ਹਾਂ ਦੇ ਘਰ ਵਿੱਚ ਵਾਪਰੀ। ਸ਼ੁਰੂਆਤੀ ਜਾਂਚ ਬਾਅਦ ਪੁਲਿਸ ਨੇ ਦੱਸਿਆ ਕਿ ਸਰਵਿਸ ਰਿਵਾਲਵਰ ਸਾਫ ਕਰਦਿਆਂ ਗੋਲ਼ੀ ਵੱਜਣ ਕਰਕੇ ਬਲਵਿੰਦਰ ਸਿੰਘ ਦੀ ਮੌਤ ਹੋਈ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਨਜ਼ਦੀਕੀ ਥਾਣਾ ਅਨਾਜ ਮੰਡੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਪਟਿਆਲਾ ਸੀਆਈਡੀ ਜ਼ੋਨ ਵਿੱਚ ਤਾਇਨਾਤ ਸਨ। ਪੁਲਿਸ ਨੇ ਮ੍ਰਿਤਕ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਚੱਲ ਰਹੀ ਹੈ।