Home / ਪੰਜਾਬ (page 17)

ਪੰਜਾਬ

ਬਟਾਲਾ ’ਚ ਗੋਲੀਆਂ ਮਾਰ ਕੇ ਸਾਬਕਾ ਐਸਡੀਓ ਦੀ ਹੱਤਿਆ

ਬਟਾਲਾ-ਇਥੋਂ ਦੇ ਸ਼ਾਸਤਰੀ ਨਗਰ ਮੁਹੱਲੇ ਵਿੱਚ ਦਿਨ-ਦਿਹਾੜੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਐਸਡੀਓ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਵੀ ਘਟਨਾ ਦਾ ਜਾਇਜ਼ਾ ਲਿਆ।
ਮ੍ਰਿਤਕ ਦੀ ਪਛਾਣ ਰਣਧੀਰ ਸਿੰਘ ਵਾਸੀ ਸ਼ਾਸਤਰੀ ਨਗਰ ਵਜੋਂ ਹੋਈ ਹੈ। ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦੁਪਹਿਰ ਵੇਲੇ ਜਦ ਰਣਧੀਰ ਸਿੰਘ ਆਪਣੇ ਘਰ ਆ ਰਿਹਾ ਸੀ ਤਾਂ ਉਸ ਦਾ ਪਿੱਛਾ ਕਰ ਰਹੇ ਨਕਾਬਪੋਸ਼ ਨੇ ਉਸ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਜ਼ਖਮੀ ਹੋਏ ਰਣਧੀਰ ਸਿੰਘ ਨੇ ਪੱਥਰ ਚੁੱਕ ਕੇ ਹਮਲਾਵਰ ਦੇ ਮਾਰਿਆ। ਇਸ ਤੋਂ ਬਾਅਦ ਹਮਲਾਵਰ ਉੱਥੋਂ ਦੌੜ ਗਿਆ ਪਰ ਰਣਧੀਰ ਸਿੰਘ ਉੱਥੇ ਹੀ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਰਣਧੀਰ ਸਿੰਘ ਦਾ ਕਿਸੇ ਨਾਲ ਪੈਸਿਆਂ ਦੇ ਲੈਣ-ਦੇਣ ਬਾਰੇ ਝਗੜਾ ਚਲ ਰਿਹਾ ਸੀ ਅਤੇ ਇਸ ਬਾਰੇ ਪੁਲੀਸ ਨੂੰ ਸ਼ਿਕਾਇਤ ਵੀ ਦਿੱਤੀ ਹੋਈ ਸੀ ਜਿਸ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਜਲਦੀ ਹੀ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਜਾ ਰਿਹਾ ਹੈ।
ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਮਧਰਾ ਵਿੱਚ ਬੀਤੀ ਰਾਤ ਕੁਝ ਹਮਲਾਵਰਾਂ ਨੇ ਇੱਕ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਬੀਤੀ ਰਾਤ ਕਰੀਬ 8.30 ਵਜੇ ਦੀ ਹੈ ਜਦੋਂ ਮ੍ਰਿਤਕ ਸਰਬਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਧਰਾ ਬਾਹਰੋਂ ਆਪਣਾ ਕੰਮ ਨਿਬੇੜ ਕੇ ਘਰ ਵਾਪਸ ਆ ਰਿਹਾ ਸੀ। ਉਸ ਨੂੰ ਘਰ ਦੇ ਗੇਟ ਅੱਗੇ ਹੀ ਘੇਰ ਕੇ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਫਤਹਿਗੜ੍ਹ ਸਾਹਿਬ ਦੀ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਭਾਰਤ ਪੁੱਜੀ

ਅੰਮ੍ਰਿਤਸਰ-ਪਰਿਵਾਰ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣ ਲਈ ਦੁਬਈ ਗਈ 25 ਸਾਲਾ ਮਨਪ੍ਰੀਤ ਕੌਰ ਦੀ ਉਥੇ ਮੌਤ ਹੋ ਗਈ ਸੀ ਤੇ ਸਰਬੱਤ ਦਾ ਭਲਾ ਟਰਸੱਟ ਦੇ ਸਹਿਯੋਗ ਨਾਲ ਅੱਜ ਉਸ ਦੀ ਮ੍ਰਿਤਕ ਦੇਹ ਇਥੋਂ ਦੇ ਹਵਾਈ ਅੱਡੇ ’ਤੇ ਲਿਆਂਦੀ ਗਈ ਜਿਸ ਨੂੰ ਟਰਸੱਟ ਦੇ ਅਹੁਦੇਦਾਰਾਂ ਨੇ ਪੀੜਤ ਪਰਿਵਾਰ ਨੂੰ ਸੌਂਪਿਆ।
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਨਰਾਇਣਗੜ੍ਹ ਦੀ ਰਹਿਣ ਵਾਲੀ ਮਨਪ੍ਰੀਤ ਇਸੇ ਸਾਲ 6 ਫਰਵਰੀ ਨੂੰ ਦੁਬਈ ਗਈ ਸੀ ਅਤੇ ਦਸ ਦਿਨਾਂ ਬਾਅਦ 16 ਫਰਵਰੀ ਨੂੰ ਉਥੇ ਅਚਨਚੇਤੀ ਦਿਲ ਦੀ ਧੜਕਣ ਬੰਦ ਹੋਣ ਨਾਲ ਉਸ ਦੀ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਇਸ ਬਾਰੇ ਸਰਬੱਤ ਦਾ ਭਲਾ ਟਰਸਟ ਦੇ ਮੁਖੀ ਡਾ. ਐਸ ਪੀ ਸਿੰਘ ਓਬਰਾਏ ਨਾਲ ਗੱਲਬਾਤ ਕੀਤੀ ਅਤੇ ਮ੍ਰਿਤਕ ਦੇਹ ਵਾਪਸ ਭੇਜਣ ਦੀ ਅਪੀਲ ਕੀਤੀ ਜਿਸ ਤੋਂ ਬਾਅਦ ਲੋੜੀਂਦੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕਰਵਾਈ ਗਈ ਤੇ ਮ੍ਰਿਤਕ ਦੇਹ ਭਾਰਤ ਭਿਜਵਾਈ ਗਈ। ਮਨਪ੍ਰੀਤ ਕੌਰ ਨੇ ਐਮਐੱਸਸੀ ਗਣਿਤ ਕੀਤੀ ਹੋਈ ਸੀ ਤੇ ਉਹ ਦੁਬਈ ਜਾ ਕੇ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਵਿਚੋਂ ਕੱਢਣਾ ਚਾਹੁੰਦੀ ਸੀ।
ਹਵਾਈ ਅੱਡੇ ’ਤੇ ਮ੍ਰਿਤਕ ਦੇਹ ਲੈਣ ਵਾਸਤੇ ਉਸ ਦੇ ਪਿਤਾ ਕਿੱਕਰ ਸਿੰਘ, ਮਾਂ ਹਰਜੀਤ ਕੌਰ, ਨਾਨਾ ਗੁਰਮੇਲ ਸਿੰਘ, ਗੁਰਮੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਪੁੱਜੇ।
ਇਸ ਮੌਕੇ ਹਵਾਈ ਅੱਡੇ ’ਤੇ ਟਰਸਟ ਦੇ ਮਾਝਾ ਜ਼ੋਨ ਦੇ ਮੁਖੀ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਟਰਸੱਟ ਵਲੋਂ ਹੁਣ ਤਕ ਅਜਿਹੇ 92 ਵਿਅਕਤੀਆਂ ਦੀਆਂ ਮ੍ਰਿਤਕ ਦੇਹਾਂ ਦੁਬਈ ਤੋਂ ਇਥੇ ਭੇਜੀਆਂ ਗਈਆਂ ਹਨ ਪਰ ਇਨ੍ਹਾਂ ਵਿਚੋਂ ਲੜਕੀ ਦੀ ਇਹ ਪਹਿਲੀ ਮ੍ਰਿਤਕ ਦੇਹ ਹੈ।
ਇਸ ਮੌਕੇ ਟਰਸਟ ਦੇ ਹੋਰ ਆਗੂ ਸ਼ਿਸ਼ਪਾਲ ਸਿੰਘ ਲਾਡੀ, ਮਨਪ੍ਰੀਤ ਸਿੰਘ ਸੰਧੂ, ਮੰਗਦੇਵ ਸਿੰਘ, ਸੁਖਦੀਪ ਸਿੰਘ, ਪਰਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ।

ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਕਿਸਾਨਾਂ ਦਾ ਧਰਨਾ ਜਾਰੀ

ਜੰਡਿਆਲਾ ਗੁਰੂ-ਇੱਥੇ ਪਿੰਡ ਦੇਵੀਦਾਸਪੁਰ ਨੇੜੇ ਅੰਮ੍ਰਿਤਸਰ-ਦਿੱਲੀ ਰੇਲ ਮਾਰਗ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੋਮਵਾਰ ਨੂੰ ਲਾਇਆ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕਮੇਟੀ ਆਗੂਆਂ ਨੇ ਐਲਾਨ ਕੀਤਾ ਕਿ ਜਦ ਤੱਕ ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਨਹੀਂ ਕੀਤਾ ਜਾਂਦਾ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨਹੀਂ ਲਾਗੂ ਹੁੰਦੀ ਤੇ ਗੰਨੇ ਦੀ ਬਕਾਇਆ 400 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਜਾਂਦੀ, ਧਰਨਾ ਜਾਰੀ ਰਹੇਗਾ। ਸੋਮਵਾਰ ਰਾਤ ਐੱਸਐੱਸਪੀ (ਦਿਹਾਤੀ) ਪਰਮਪਾਲ ਸਿੰਘ, ਅੰਮ੍ਰਿਤਸਰ ਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਕਿਸਾਨਾਂ ਨਾਲ ਗੱਲਬਾਤ ਕੀਤੀ, ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਐੱਸਪੀ ਹਰਪਾਲ ਸਿੰਘ ਤੇ ਐੱਸਡੀਐਮ ਵਿਕਾਸ ਹੀਰਾ ਨੇ ਅੱਜ ਕਮੇਟੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ ਤੇ ਜਲਦੀ ਹੱਲ ਕੱਢਿਆ ਜਾਵੇਗਾ। ਇਸ ਮੌਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਵਰਨ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਸਰਕਾਰ ਜਾਇਜ਼ ਮੰਗਾਂ ਨੂੰ ਮੰਨਣ ਤੋਂ ਲੰਮੇ ਸਮੇਂ ਤੋਂ ਟਾਲ-ਮਟੋਲ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਰਜ਼ਾ ਖ਼ਤਮ ਕਰਨ, ਕੁਰਕੀਆਂ ਤੇ ਗ੍ਰਿਫ਼ਤਾਰੀਆਂ ਬੰਦ ਕਰਵਾਉਣ, ਆੜ੍ਹਤੀਆਂ ਵੱਲੋਂ ਲਏ ਜਾਂਦੇ ਗ਼ੈਰਕਾਨੂੰਨੀ ਖਾਲੀ ਚੈੱਕ ਤੁਰੰਤ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਆਬਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ, ਘਰੇਲੂ ਬਿਜਲੀ ਦਰ ਇਕ ਰੁਪਏ ਯੂਨਿਟ ਕਰਨ, ਮਜ਼ਦੂਰਾਂ ਦੇ ਬਿੱਲ ਬਕਾਏ ਖ਼ਤਮ ਕਰਨ ਦੀ ਵੀ ਮੰਗ ਕੀਤੀ। ਆਖ਼ਰੀ ਸੂਚਨਾ ਮਿਲਣ ਤੱਕ ਰੇਲਵੇ ਟਰੈਕ ’ਤੇ ਧਰਨਾ ਜਾਰੀ ਸੀ ਅਤੇ ਪਿੰਡਾਂ ਤੋਂ ਲੋਕ ਦੁੱਧ, ਲੰਗਰ ਆਦਿ ਲੈ ਕੇ ਧਰਨੇ ਵਿੱਚ ਸ਼ਾਮਲ ਹੋ ਰਹੇ ਸਨ। ਕਿਸਾਨ ਇਕ ਕਿਲੋਮੀਟਰ ਤੱਕ ਟੈਂਟ ਲਾ ਕੇ ਬੈਠੇ ਹਨ।

2 ਪਰਿਵਾਰਾਂ ਦੇ 10 ਜੀਆਂ ਨੂੰ ਮਾਰਨ ਵਾਲੇ ਖੁਸ਼ਵਿੰਦਰ ਦੀ ਫਾਂਸੀ ਸੁਪਰੀਮ ਕੋਰਟ ਵਲੋਂ ਬਰਕਰਾਰ

ਫ਼ਤਹਿਗੜ੍ਹ ਸਾਹਿਬ-ਇਕ-ਦੋ ਨਹੀਂ ਬਲਕਿ 10 ਲੋਕਾਂ ਨੂੰ ਨਹਿਰ ‘ਚ ਧੱਕਾ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਦੇ ਹੈਵਾਨੀਅਤ ਭਰੇ ਮਾਮਲੇ ‘ਚ ਸੁਪਰੀਮ ਕੋਰਟ ਨੇ ਵੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫਾਂਸੀ ਦੀ ਸਜ਼ਾ ਦੇ ਫ਼ੈਸਲੇ ‘ਤੇ ਮੋਹਰ ਲਗਾਉਂਦਿਆਂ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ | ਪ੍ਰਾਪਤ ਵੇਰਵਿਆਂ ਅਨੁਸਾਰ ਸੁਪਰੀਮ ਕੋਰਟ ਨੇ ਮੰਨਿਆ ਕਿ ਇਹ ਮਾਮਲਾ ਵਿਲੱਖਣ (ਰੇਅਰ ਆਫ਼ ਰੇਅਰਸਟ) ਕਿਸਮ ਦਾ ਹੈ ਅਤੇ ਇਸ ‘ਚ ਮੁਆਫ਼ੀ ਦੀ ਕੋਈ ਗੁੰਜਾਇਸ਼ ਨਹੀਂ | ਦੱਸ ਦੇਈਏ ਕਿ ਅਦਾਲਤ ਨੇ ਇਸ ਤੋਂ ਪਹਿਲਾਂ 28 ਅਗਸਤ 2018 ਨੂੰ ਖੁਸ਼ਵਿੰਦਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ | 3 ਜੂਨ 2004 ਨੂੰ ਪੈਸਿਆਂ ਦੇ ਲਾਲਚ ‘ਚ ਆ ਕੇ ਇੱਕੋ ਪਰਿਵਾਰ ਦੇ 4 ਜੀਆਂ ਪਿੰਡ ਨੌਗਾਵਾਂ ਦੇ ਕੁਲਵੰਤ ਸਿੰਘ, ਉਸ ਦੀ ਪਤਨੀ ਹਰਜੀਤ ਕੌਰ, ਉਨ੍ਹਾਂ ਦੀ ਪੁੱਤਰੀ ਰਮਨਦੀਪ ਕੌਰ ਤੇ ਪੁੱਤਰ ਅਰਵਿੰਦਰ ਸਿੰਘ ਅਤੇ ਇਸੇ ਤਰ੍ਹਾਂ ਪਿੰਡ ਮੁਕਦਪੁਰ ਦੇ ਇਕ ਹੋਰ ਪਰਿਵਾਰ ਦੇ 6 ਜੀਆਂ ਸਮੇਤ ਕੁੱਲ 10 ਲੋਕਾਂ ਨੂੰ ਨਹਿਰ ‘ਚ ਧੱਕਾ ਦੇਣ ਵਾਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਸੁਹਾਵੀ ਨਿਵਾਸੀ ਖੁਸ਼ਵਿੰਦਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤੋਂ ਪਹਿਲਾਂ 28 ਅਗਸਤ 2018 ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਤੋਂ ਬਾਅਦ ਦੋਸ਼ੀ ਪੱਖ ਇਸ ਫਾਂਸੀ ਦੀ ਸਜ਼ਾ ਨੂੰ ਲੈ ਕੇ ਸੁਪਰੀਮ ਕੋਰਟ ਗਿਆ, ਜਿੱਥੇ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫ਼ੈਸਲੇ ‘ਤੇ ਮੋਹਰ ਲਗਾਉਂਦਿਆਂ ਦੋਸ਼ੀ ਖੁਸ਼ਵਿੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ | ਇਸੇ ਜ਼ਿਲ੍ਹੇ ਦੇ ਪਿੰਡ ਨੌਗਾਵਾਂ ਦੇ ਨਿਵਾਸੀ ਮਿ੍ਤਕ ਕੁਲਵੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ |
ਲਾਲਚ ਕਾਰਨ ਨਹਿਰ ‘ਚ ਧੱਕਾ ਦੇ ਕੇ ਮਾਰੇ ਸੀ ਪਰਿਵਾਰਕ ਮੈਂਬਰ
ਮਿ੍ਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਦੋਸ਼ੀ ਬਹੁਤ ਹੀ ਸ਼ਾਤਿਰ ਕਿਸਮ ਦਾ ਵਿਅਕਤੀ ਸੀ, ਜਿਸ ਨੇ 2004 ਦੌਰਾਨ ਬਹੁਤ ਹੁਸ਼ਿਆਰੀ ਨਾਲ ਉਨ੍ਹਾਂ ਦੇ ਪਰਿਵਾਰ ਦੇ 4 ਮੈਂਬਰਾਂ ਨੂੰ ਭਾਖੜਾ ਨਹਿਰ ‘ਚ ਧੱਕਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ | ਦੋਸ਼ੀ ‘ਤੇ ਉਸ ਸਮੇਂ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਹੋਇਆ | ਇਹ ਕੇਸ ਸੀ.ਬੀ.ਆਈ. ਦੇ ਹੱਥਾਂ ‘ਚ ਵੀ ਗਿਆ ਪ੍ਰੰਤੂ ਉਹ ਵੀ ਖ਼ਾਲੀ ਹੱਥ ਹੀ ਰਹੀ, ਪ੍ਰੰਤੂ ਪੈਸਿਆਂ ਦੇ ਲਾਲਚ ਨੇ ਖੁਸ਼ਵਿੰਦਰ ਨੂੰ ਆਖ਼ਰਕਾਰ ਸਲਾਖ਼ਾਂ ਪਿੱਛੇ ਉਦੋਂ ਪਹੁੰਚਾਇਆ, ਜਦ ਉਸ ਨੇ ਇਸੇ ਤਰ੍ਹਾਂ ਇਕ ਹੋਰ ਪਰਿਵਾਰ ਦੇ 7 ਜੀਆਂ ਨੂੰ ਨਹਿਰ ‘ਚ ਧੱਕਾ ਦੇ ਕੇ ਮਾਰ ਮੁਕਾਇਆ ਪ੍ਰੰਤੂ ਖ਼ੁਸ਼ਕਿਸਮਤੀ ਇਹ ਰਹੀ ਕਿ ਉਨ੍ਹਾਂ ਜੀਆਂ ‘ਚੋਂ ਇਕ ਲੜਕੀ ਜੈਸਮੀਨ ਕੌਰ ਬਚ ਨਿਕਲੀ, ਜਿਸ ਨੇ ਪੁਲਿਸ ਸਾਹਮਣੇ ਦੋਸ਼ੀ ਖੁਸ਼ਵਿੰਦਰ ਸਿੰਘ ਵਲੋਂ ਕੀਤੇ ਜੁਰਮਾਂ ਦਾ ਖ਼ੁਲਾਸਾ ਕੀਤਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਮਾਰੇ ਗਏ 4 ਮੈਂਬਰਾਂ ਦੀ ਮੌਤ ਦਾ ਵੀ ਪਤਾ ਚੱਲਿਆ | ਉਨ੍ਹਾਂ ਕਿਹਾ ਕਿ ਅਜਿਹੇ ਹੈਵਾਨ, ਜਿਸ ਨੇ ਬੱਚਿਆਂ ਤੱਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਨੂੰ ਜਲਦ ਤੋਂ ਜਲਦ ਫਾਂਸੀ ਹੋ ਜਾਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਦੋਸ਼ੀ ਖੁਸ਼ਵਿੰਦਰ ਸਿੰਘ ਕਈ ਸਾਲਾਂ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਨਜ਼ਰਬੰਦ ਹੈ |

‘ਮਿੱਤਰਾਂ ਦਾ ਨਾਂਅ ਚਲਦਾ’ ਦੇ ਉੱਘੇ ਗੀਤਕਾਰ ਪਰਗਟ ਸਿੰਘ ਲਿੱਦੜਾਂ ਨਹੀਂ ਰਹੇ

ਸੰਗਰੂਰ/ਮਸਤੂਆਣਾ ਸਾਹਿਬ-‘ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਾ, ਮਿੱਤਰਾਂ ਦਾ ਨਾਂ ਚੱਲਦਾ’ ਗੀਤ ਦੇ ਪ੍ਰਸਿੱਧ ਗੀਤਕਾਰ ਪਰਗਟ ਸਿੰਘ ਲਿੱਦੜਾਂ ਸਵੇਰੇ ਇਸ ਫਾਨੀ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ ਹੈ | 56 ਸਾਲ ਦੀ ਉਮਰ ਵਿਚ ਆਪਣਾ ਸਫ਼ਰ ਅਧਵਾਟੇ ਛੱਡਣ ਵਾਲੇ ਪਰਗਟ ਸਿੰਘ ਦਾ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲਿੱਦੜਾਂ ਵਿਖੇ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਪੁੱਤਰ ਵੀਡੀਓ ਡਾਇਰੈਕਟਰ ਸਟਾਲਨਵੀਰ ਤੇ ਗਾਇਕ ਹਰਜੀਤ ਹਰਮਨ ਨੇ ਦਿੱਤੀ | ਅੰਤਿਮ ਸੰਸਕਾਰ ਮੌਕੇ ਪਹੰੁਚੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਪਰਗਟ ਸਿੰਘ ਲਿੱਦੜਾਂ ਨੇ ਸੱਭਿਆਚਾਰਕ, ਮਿਆਰੀ ਤੇ ਪੰਜਾਬੀ ਵਿਰਸੇ ਦੀ ਗੱਲ ਕਰਦੇ ਗੀਤ ਲਿਖੇ ਹਨ | ਇਸ ਮੌਕੇ ਗਾਇਕ ਹਰਜੀਤ ਹਰਮਨ ਨੇ ਕਿਹਾ ਕਿ ਪਰਗਟ ਸਿੰਘ ਲਿੱਦੜਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਕਲਾਕਾਰੀ ਤੇ ਗੀਤਕਾਰੀ ਦੇ ਖੇਤਰ ਵਿਚ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਨਰਿੰਦਰ ਖੇੜੀ ਮਾਨੀਆ ਨੇ ਦੱਸਿਆ ਕਿ ਪਰਗਟ ਸਿੰਘ ਲਿੱਦੜਾਂ ਨੇ ਪਿਛਲੇ ਤਕਰੀਬਨ 20 ਸਾਲ ਤੋਂ ਗੀਤਕਾਰੀ ਦੇ ਖੇਤਰ ਵਿਚ 100 ਗੀਤ ਲਿਖੇ ਹਨ, ਜਿਨ੍ਹਾਂ ਨੰੂ ਲੋਕਾਂ ਨੇ ਪਸੰਦ ਕੀਤਾ | ਸਭ ਤੋਂ ਪਹਿਲਾਂ ਗੀਤਾਂ ਦੀ ਕੈਸਟ ਤੇਰੇ ਪੈਣ ਭੁਲੇਖੇ, ਫਿਰ ਪੰਜੇਬਾਂ, ਧਾਰਮਿਕ ਕੈਸਟ ਸਿੰਘ ਸੂਰਮੇ ਤੇ ਸ਼ਾਨ-ਏ-ਕੌਮ, ਹੂਰ, ਝਾਂਜਰ, 24 ਕੈਰਟ, ਕੁੜੀ ਚਿਰ ਤੋਂ ਵਿਛੜੀ ਆਦਿ ਕੈਸਟਾਂ ਕੱਢੀਆਂ, ਜਿਨ੍ਹਾਂ ਨੰੂ ਹਰਜੀਤ ਹਰਮਨ ਨੇ ਗਾਇਆ | ਸੀਨੀਅਰ ਅਕਾਲੀ ਆਗੂ ਤੇ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵੀ ਪਰਗਟ ਸਿੰਘ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ |

ਟਿੱਪਰ ਨਾਲ ਬੱਸ ਦੀ ਟੱਕਰ, 18 ਯਾਤਰੀ ਫੱਟੜ, ਚਾਰ ਦੀ ਹਾਲਤ ਗੰਭੀਰ

ਜਲੰਧਰ-ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਸੋਮਵਾਰ ਨੂੰ ਚੌਗਿਟੀ ਫਲਾਈਓਵਰ ਦੇ ਕੋਲ ਸਵਾਰੀਆਂ ਨਾਲ ਭਰੀ ਬਸ ਬਜਰੀ ਨਾਲ ਭਰੇ ਟਿੱਪਰ ਨਾਲ ਜਾ ਟਕਰਾਈ। ਬਸ ਦੇ ਪਿੱਛੇ ਆ ਰਹੀ ਇੱਕ ਕਾਰ ਵੀ ਬਸ ਨਾਲ ਟਕਰਾ ਗਈ। ਹਾਦਸੇ ਵਿਚ 18 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਅਨੁਸਾਰ ਚੌਗਿਟੀ ਫਲਾਈਓਵਰ ਦੇ ਕੋਲ ਬਜਰੀ ਨਾਲ ਭਰਿਆ Îਟਿੱਪਰ ਜਾ ਰਿਹਾ ਸੀ। ਇਸ ਦੇ ਪਿੱਛੇ ਤੋਂ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਬਸ ਜਾ ਟਕਰਾਈ। ਬਸ ਦੇ ਪਿੱਛੇ ਆ ਰਹੀ Îਇੱਕ ਕਾਰ ਦੀ ਵੀ ਬਸ ਨਾਲ ਟੱਕਰ ਹੋ ਗਈ। ਬਸ ਸਵਾਰੀਆਂ ਨਾਲ ਭਰੀ ਹੋਈ ਸੀ ਅਤੇ Îਟਿੱਪਰ ਬਜਰੀ ਨਾਲ ਭਰਿਆ ਸੀ। ਹਾਦਸੇ ਦੌਰਾਨ ਕਰੀਬ ਡੇਢ ਦਰਜਨ ਲੋਕਾਂ ਨੂੰ ਸੱਟਾਂ ਲੱਗੀਆਂ। ਉਨ੍ਹਾਂ ਆਸ ਪਾਸ ਦੇ ਹਸਪਤਾਲਾਂ ਵਿਚ ਦਾਖਲ ਕਰਾਇਆ ਗਿਆ। ਟਿੱਪਰ ਅਤੇ ਬਸ ਵਿਚ ਟੱਕਰ ਇੰਨੀ ਜ਼ੋਰਦਾਰ ਸੀ ਕਿ ਬਸ ਵਿਚ ਬੈਠੀ ਸਵਾਰੀਆਂ ਦੀ ਚੀਕਾਂ ਨਿਕਲ ਗਈਆਂ। ਲੋਕਾਂ ਦੀ ਮਦਦ ਨਾਲ ਫੱਟੜਾਂ ਨੂੰ ਬਸ ਤੋਂ ਬਾਹਰ ਕੱਢਿਆ ਗਿਆ। ਦਰਦ ਦੇ ਮਾਰੇ ਸਾਰੇ ਫੱਟੜ ਕਾਫੀ ਸਮੇਂ ਤੱਕ ਤੜਫਦੇ ਰਹੇ। ਚਾਰ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਨੇ ਜਾਂਚ ਸਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ Îਟਿੱਪਰ ਨੇ ਅਚਾਨਕ ਬਰੇਕ ਲਗਾ ਦਿੱਤੀ ਅਤੇ ਬਸ ਟਿੱਪਰ ਦੇ ਪਿੱਛੇ ਜਾ ਵੜਿਆ। ਬਸ ਦੇ ਪਿੱਛੇ ਕਾਰ ਦੀ ਟੱਕਰ ਹੋ ਗਈ। ਜ਼ਖਮੀਆਂ ਨੂੰ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਅਲੱਗ ਅਲੱਗ ਹਸਪਤਾਲਾਂ ਵਿਚ ਪਹੁੰਚਾਇਆ ਗਿਆ।

ਚੋਣਾਂ ਤੋਂ ਐਨ ਪਹਿਲਾਂ ਸ਼ੇਰ ਬਣੇ ਘੁਬਾਇਆ

ਜਲਾਲਾਬਾਦ-ਪਿਛਲੇ ਕਰੀਬ ਦੋ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਚੱਲ ਰਹੇ ਮਤਭੇਦਾਂ ਕਾਰਨ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅੱਜ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਥੇ ਪ੍ਰੈੱਸ ਕਾਨਫ਼ਰੰਸ ਕਰਕੇ ਅਸਤੀਫ਼ੇ ਦਾ ਐਲਾਨ ਕਰਦਿਆਂ ਸ੍ਰੀ ਘੁਬਾਇਆ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪਾਰਟੀ ਉਨ੍ਹਾਂ ਨਾਲ ਵਿਤਕਰਾ ਕਰ ਰਹੀ ਸੀ। ‘ਮੈਨੂੰ ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸੱਦਾ ਤੱਕ ਨਹੀਂ ਦਿੱਤਾ ਜਾਂਦਾ ਸੀ।’ ਉਨ੍ਹਾਂ ਕਿਹਾ ਕਿ 2009 ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ ਵਿਧਾਨ ਸਭਾ ਚੋਣ ਲੜਾਉਣਾ ਸੱਭ ਤੋਂ ਵੱਡੀ ਗਲਤੀ ਸੀ। ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ,‘‘ਕਾਂਗਰਸ ਪਾਰਟੀ ਵਿੱਚ ਮੇਰਾ ਬੇਟਾ ਹੈ ਅਤੇ ਇਸ ਦਾ ਮੇਰੇ ’ਤੇ ਅਸਰ ਪਏਗਾ।’’ ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕੋਈ ਸ਼ਰਤ ਨਹੀਂ ਰੱਖਣਗੇ। ਸ੍ਰੀ ਘੁਬਾਇਆ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਅਤੇ ਆਪਣੇ ਹਮਾਇਤੀਆਂ ਨਾਲ ਸਲਾਹ ਕਰਨ ਮਗਰੋਂ ਹੀ ਕੋਈ ਫ਼ੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਲੰਬੇ ਸਮੇਂ ਤੋਂ ਮੱਤਭੇਦ ਹੋਣ ’ਤੇ ਪਹਿਲਾਂ ਅਸਤੀਫ਼ਾ ਇਸ ਲਈ ਨਹੀਂ ਦਿੱਤਾ ਸੀ ਕਿਉਂਕਿ ਉਨ੍ਹਾਂ ਨੂੰ ਦੂਜੀ ਵਾਰ ਵੋਟਰਾਂ ਅਤੇ ਸਪੋਰਟਰਾਂ ਨੇ ਜਿਤਾਇਆ ਸੀ, ਜਿਸ ਕਾਰਨ ਉਨ੍ਹਾਂ ਦੀ ਗੱਲ ਮੰਨ ਕੇ ਅਸਤੀਫ਼ਾ ਲੇਟ ਦਿੱਤਾ ਹੈ। ਉਧਰ ਸ਼ੇਰ ਸਿੰਘ ਘੁਬਾਇਆ ਦੇ ਅਸਤੀਫ਼ੇ ਉਤੇ ਜ਼ਿਲ੍ਹਾ ਫਾਜ਼ਿਲਕਾ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਸ਼ੋਕ ਅਨੇਜਾ ਨੇ ਕਿਹਾ ਕਿ ਪਾਰਟੀ ਨੇ ਘੁਬਾਇਆ ਨੂੰ ਪੂਰਾ ਮਾਣ ਸਨਮਾਨ ਦਿੱਤਾ ਹੈ ਪਰੰਤੂ ਜਦੋਂ ਕਿਸੇ ਦਾ ਮਨ ਪਾਰਟੀ ਤੋਂ ਭਰ ਜਾਂਦਾ ਹੈ ਤਾਂ ਉਸ ਨੇ ਇਧਰ-ਉਧਰ ਜਾਣਾ ਹੀ ਹੁੰਦਾ ਹੈ ਅਤੇ ਇਹ ਅਸਤੀਫ਼ਾ ਇਸੇ ਸਿਸਟਮ ਦਾ ਹੀ ਨਤੀਜਾ ਹੈ।

ਕੈਪਟਨ ਵਲੋਂ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਉਦਘਾਟਨ

ਅੰਮ੍ਰਿਤਸਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਾਂਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ ਮੌਕੇ ਸ੍ਰੀ ਦੁਰਗਿਆਣਾ ਮੰਦਰ ਦੇ ਸਰੋਵਰ ਦੀ ਕਾਰ ਸੇਵਾ ਦਾ ਸ਼ੁੱਭ ਆਰੰਭ ਕਰਦਿਆਂ ਕਿਹਾ ਕਿ ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਨਾਲ ਤਿਉਹਾਰ ਮਨਾਉਣਾ ਪੰਜਾਬ ਦੀ ਰਵਾਇਤ ਹੈ। ਉਨ੍ਹਾਂ ਸਰੋਵਰ ‘ਚ ਟੱਪ ਲਗਾ ਕੇ ਕਾਰ ਸੇਵਾ ਦੀ ਆਰੰਭਤਾ ਕਰਨ ਤੋਂ ਪਹਿਲਾਂ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਰਾਜ ਦੀ ਸ਼ਾਂਤੀ, ਸਦਭਾਵਨਾ ਤੇ ਸਮੁੱਚੇ ਵਿਕਾਸ ਲਈ ਅਰਦਾਸ ਕੀਤੀ। ਮੰਦਰ ਕਮੇਟੀ ਵਲੋਂ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਨੇ ਇਸ ਮੌਕੇ ਮੰਦਰ ਅਤੇ ਆਸ-ਪਾਸ ਚੱਲ ਰਹੇ ਵਿਕਾਸ ਕਾਰਜਾਂ ਲਈ ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਮੰਦਰ ਦੀਆਂ ਲੋੜਾਂ ਲਈ ਟਰੱਸਟ ਦੀ ਮੰਗ ‘ਤੇ ਹੋਰ ਜ਼ਮੀਨ ਦੇਣ ਦਾ ਭਰੋਸਾ ਵੀ ਸਰਕਾਰ ਵਲੋਂ ਦਿੱਤਾ। ਇਸ ਮੌਕੇ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਲ ਤੇ ਸਿੰਚਾਈ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਲਕਸ਼ਮੀ ਕਾਂਤਾ ਚਾਵਲਾ, ਜੁਗਲ ਕਿਸ਼ੋਰ ਸ਼ਰਮਾ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਸੋਨੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਕਮਿਸ਼ਨਰ ਪੁਲਿਸ ਐਸ ਸ੍ਰੀਵਾਸਤਵਾ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ ਤੇ ਐਸ.ਡੀ.ਐਮ. ਵਿਕਾਸ ਹੀਰਾ ਆਦਿ ਹਾਜ਼ਰ ਸਨ।

ਭੇਤਭਰੀ ਹਾਲਤ ਵਿੱਚ ਜੋੜੇ ਨੇ ਫਾਹਾ ਲਿਆ

ਲੁਧਿਆਣਾ-ਇੱਥੇ ਸਲੇਮ ਟਾਬਰੀ ਦੀ ਭਾਰਤੀ ਕਲੋਨੀ ਵਿਚ ਰਹਿਣ ਵਾਲੇ ਪੰਕਜ (30 ਸਾਲ) ਅਤੇ ਉਸਦੀ ਪਤਨੀ ਪੂਨਮ (27 ਸਾਲ) ਨੇ ਐਤਵਾਰ ਦੇਰ ਰਾਤ ਆਪਣੇ ਘਰ ਵਿਚ ਸ਼ੱਕੀ ਹਾਲਤ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਪੰਕਜ ਦੇ ਭਰਾ ਨੀਰਜ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੇ ਸਿਕੰਦਰਾਬਾਦ ਵਾਸੀ ਹਨ ਅਤੇ ਇੱਥੇ ਪੂਰਾ ਪਰਿਵਾਰ ਇੱਕ ਮਕਾਨ ’ਚ ਰਹਿੰਦਾ ਹੈ। ਪੰਕਜ ਫੈਕਟਰੀ ’ਚ ਕੰਮ ਕਰਦਾ ਸੀ ਅਤੇ ਉਸਦਾ ਵਿਆਹ ਕਰੀਬ ਅੱਠ ਸਾਲ ਪਹਿਲਾਂ ਪੂਨਮ ਨਾਲ ਹੋਇਆ ਸੀ। ਇਸ ਜੋੜੇ ਦੇ ਚਾਰ ਸਾਲ ਦਾ ਪੁੱਤਰ ਤੇ ਤਿੰਨ ਸਾਲ ਦੀ ਲੜਕੀ ਹੈ। ਨੀਰਜ ਨੇ ਦੱਸਿਆ ਕਿ ਕੁਝ ਦਿਨਾਂ ਤੋਂ ਪੰਕਜ ਪ੍ਰੇਸ਼ਾਨ ਸੀ ਪਰ ਉਸ ਨੇ ਆਪਣੀ ਪ੍ਰੇਸ਼ਾਨੀ ਦਾ ਕਾਰਨ ਕਿਸੇ ਨਾਲ ਸਾਂਝਾ ਨਹੀਂ ਕੀਤਾ ਸੀ। ਐਤਵਾਰ ਦੀ ਸ਼ਾਮ ਨੂੰ ਦੋਵੇਂ ਭਰਾ ਰਾਸ਼ਨ ਖਰੀਦ ਕੇ ਲਿਆਏ ਤੇ ਰਾਤ ਨੂੰ ਸਾਰੇ ਪਰਿਵਾਰ ਨੇ ਇਕੱਠਿਆਂ ਰੋਟੀ ਖਾਧੀ ਸੀ। ਰੋਟੀ ਖਾਣ ਤੋਂ ਬਾਅਦ ਪੰਕਜ ਦਾ ਪੁੱਤਰ ਉਸ ਦੇ ਕੋਲ ਹੀ ਸੌਂ ਗਿਆ ਜਦੋਂ ਕਿ ਲੜਕੀ ਪੰਕਜ ਤੇ ਪੂਨਮ ਨਾਲ ਸੌਂ ਗਈ। ਸੋਮਵਾਰ ਦੀ ਸਵੇਰੇ ਜਦੋਂ 8 ਵਜੇ ਤੱਕ ਦੋਵੇਂ ਕਮਰੇ ’ਚੋਂ ਬਾਹਰ ਨਾ ਆਏ ਤਾਂ ਉਨ੍ਹਾ ਨੇ ਦਰਵਾਜ਼ਾ ਖੜਕਾਇਆ। ਕੋਈ ਹੁੰਗਾਰਾ ਨਾ ਮਿਲਣ ’ਤੇ ਉਨ੍ਹਾਂ ਨੇ ਦਰਵਾਜ਼ਾ ਤੋੜ ਦਿੱਤਾ ਤਾਂ ਕਮਰੇ ਵਿਚ ਦੋਹਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ ਅਤੇ ਜੋੜੇ ਦੀ ਤਿੰਨ ਸਾਲ ਦੀ ਬੱਚੀ ਸੌਂ ਰਹੀ ਸੀ। ਉਨ੍ਹਾਂ ਨੇ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਦੋਹਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ।
ਏਸੀਪੀ (ਉਤਰੀ) ਮੁਖਤਿਆਰ ਰਾਏ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਹੀ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇੰਗਲੈਂਡ ਦੇ ਸੰਜੀਵ ਕੁਮਾਰ ਦੀ ਮੋਹਾਲੀ ‘ਚ ਸੜਕ ਹਾਦਸੇ ਦੌਰਾਨ ਮੌਤ

ਮੋਹਾਲੀ-ਨਾਬਾਲਗ ਨੌਜਵਾਨਾਂ ਦੀ ਲਾਪਰਵਾਹੀ ਕਾਰਨ ਪਰਵਾਸੀ ਭਾਰਤੀ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ 50 ਸਾਲਾ ਸੰਜੀਵ ਕੁਮਾਰ ਵਾਸੀ ਇੰਗਲੈਂਡ ਦੇ ਰੂਪ ਵਿਚ ਹੋਈ ਹੈ। ਸੰਜੀਵ ਕੁਮਾਰ ਫੇਜ਼ 1 ਤੋਂ ਅਪਣੀ ਭੈਣ ਨੂੰ ਮਿਲਣ ਸੈਕਟਰ 79 ਵਿਆ ਸੀ ਅਤੇ ਰਸਤੇ ਵਿਚ ਪਰਤਦੇ ਸਮੇਂ ਸਪੋਰਟਸ ਸਟੇਡੀਅਮ ਸੈਕਟਰ 78 ਦੇ ਕੋਲ ਇੱਕ ਤੇਜ਼ ਰਫਤਾਰ ਕ੍ਰੇਟਾ ਗੱਡੀ ਨੇ ਉਸ ਦੀ ਕੈਬ ਨੂੰ ਟੱਕਰ ਮਾਰੀ ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕ੍ਰੇਟਾ ਗੱਡੀ ਫਤਿਹਗੜ੍ਹ ਸਾਹਿਬ ਵਿਚ ਤਾਇਨਾਤ ਸੀਆਈਏ ਸਟਾਫ਼ ਦੇ ਇੰਚਾਰਜ ਐਸਐਚਓ ਅਤੁਲ ਸੋਨੀ ਦਾ ਲੜਕਾ ਚਲਾ ਰਿਹਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫੇਜ਼ 6 ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਐਨਆਰਆਈ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਹੁਣ ਭਾਰਤ ਪਹੁੰਚ ਗਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕ੍ਰੇਟਾਂ ਗੱਡੀ ਸੁਨੀਤਾ ਦੇ ਨਾਂ ‘ਤੇ ਰਜਿਸਟਰਡ ਹੈ, ਜਿਸ ਨੂੰ ਐਸਐਚਓ ਫਤਹਿਗੜ੍ਹ ਸਾਹਿਬ ਅਤੁਲ ਸੋਨੀ ਦਾ ਲੜਕਾ ਸੋਮਲ ਸੋਨੀ ਚਲਾ ਹਾ ਸੀ। ਸੋਮਲ ਦੇ ਨਾਲ ਉਸ ਦੇ ਦੋ ਦੋਸਤ ਵੀ ਸਨ। ਹਾਲਾਂਕਿ ਪੁਲਿਸ ਦੱਸ ਰਹੀ ਹੈ ਕਿ ਸੋਮਲ ਅਪਣੇ ਸਾਥੀਆਂ ਦੇ ਨਾਲ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਮੱਥਾ ਟੇਕ ਕੇ ਆ ਰਿਹਾ ਸੀ।