Home / ਪੰਜਾਬ (page 10)

ਪੰਜਾਬ

ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਜੰਡਿਆਲਾ ਗੁਰੂ-ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ ‘ਚ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਹਿਚਾਣ ਸੁਖਦੇਵ ਸਿੰਘ ਦੇ ਰੂਪ ‘ਚ ਹੋਈ ਹੈ। ਦੱਸਿਆ ਜਾ ਰਿਹਾ ਸੁਖਦੇਵ ਸਿੰਘ ਸਾਢੇ ਤਿੰਨ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਦੇ ਸਿਰ ਲਗਭਗ 25 ਲੱਖ ਰੁਪਏ ਕਰਜ਼ਾ ਸੀ। ਇਸ ‘ਚ 15 ਲੱਖ ਰੁਪਏ ਬੈਂਕਾਂ ਦੇ ਅਤੇ ਬਾਕੀ 10 ਲੱਖ ਰੁਪਏ ਆੜ੍ਹਤੀਆਂ ਤੇ ਰਿਸ਼ਤੇਦਾਰਾਂ ਦੇ ਕਹੇ ਜਾ ਰਹੇ ਹਨ।

ਚੋਣ ਜ਼ਾਬਤੇ ਦੀ ਉਲੰਘਣਾ ਕਰਨ ਸਬੰਧੀ ਖਹਿਰਾ ਲਈ ਨੋਟਿਸ ਜਾਰੀ

ਮਾਨਸਾ-ਪੰਜਾਬੀ ਏਕਤਾ ਪਾਰਟੀ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਵਿਚ ਮਾਨਸਾ ਦੇ ਐਸਡੀਐਮ ਅਭਿਜੀਤ ਕਪਿਲਾਸ਼ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਅਤੇ ਦੋ ਦਿਨਾਂ ਦੇ ਅੰਦਰ ਉਨ੍ਹਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸੁਖਪਾਲ ਖਹਿਰਾ ਨੇ 25 ਮਾਰਚ ਨੂੰ ਗੱਡੀ ਵਿਚ ਸਵਾਰ ਹੋ ਕੇ ਮਾਨਸਾ ਦੇ ਰਸਤੇ ਬਠਿੰਡਾ ਰੋਡ ਤੱਕ ਰੋਡ ਸ਼ੋਅ ਕੀਤਾ ਸੀ ਪਰ ਪਾਰਟੀ ਵੱਲੋਂ ਲਾਏ ਗਏ ਹੋਰਡਿੰਗਜ਼ ਸਬੰਧੀ ਕੋਈ ਮਨਜ਼ੂਰੀ ਪ੍ਰਸ਼ਾਸ਼ਨ ਕੋਲੋਂ ਨਹੀਂ ਲਈ ਸੀ।
ਐਸਡੀਐਮ ਅਭਿਜੀਤ ਨੇ ਦੱਸਿਆ ਕਿ ਜੇਕਰ ਖਹਿਰਾ ਨੇ ਨੋਟਿਸ ਦਾ ਜਵਾਬ ਨਾ ਦਿੱਤਾ ਤਾਂ ਉਹਨਾਂ ਖਿਲਾਫ ਮਾਮਾਲਾ ਦਰਜ ਕੀਤਾ ਜਾਵੇਗਾ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਵੀ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਬਾਰੇ ਮਾਮਲੇ ਵਿਚ ਸੁਖਪਾਲ ਸਿੰਘ ਖਹਿਰਾ ਦੀ ਪਟੀਸ਼ਨ ਤੇ ਫੈਸਲਾ ਰਾਖਵਾਂ ਰੱਖ ਲਿਆ ਸੀ ਅਤੇ ਸੁਪਰੀਮ ਕੋਰਟ ਨੇ ਹੀ ਤੈਅ ਕਰਨਾ ਹੈ ਫਾਜ਼ਿਲਕਾ ਅਦਾਲਤ ਵੱਲੋਂ ਸੁਖਪਾਲ ਖਹਿਰਾ ਨੂੰ ਜਾਰੀ ਕੀਤੇ ਗਏ ਸੰਮਨ ਰੱਦ ਕੀਤੇ ਜਾਣੇ ਹਨ ਜਾਂ ਨਹੀ।

ਆਸਟ੍ਰੇਲੀਆ ਤੋਂ ਜਲੰਧਰ ਆਏ ਪੰਜਾਬੀ ਨੌਜਵਾਨ ਨੇ ਕੀਤੀ ਖੁਦਕੁਸ਼ੀ

ਜਲੰਧਰ-ਚਾਰ ਦਿਨ ਪਹਿਲਾਂ ਆਸਟ੍ਰੇਲੀਆ ਤੋਂ ਪਰਤੇ ਐਨਆਰਆਈ ਅਭਿਸ਼ੇਕ ਸੱਲਣ ਨੇ ਫਾਹਾ ਲੈ ਕੇ ਅਪਣੀ ਜਾਨ ਦੇ ਦਿੱਤੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਛਾਣਬੀਣ ਕਰਨ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਮਿਲੀ ਹੈ ਕਿ ਪ੍ਰੇਮ ਸਬੰਧਾਂ ਦੇ ਚਲਦਿਆਂ ਅਭਿਸ਼ੇਕ ਕਾਫੀ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨ ਸੀ। ਜਾਣਕਾਰੀ ਦੇ ਅਨੁਸਾਰ ਵਿਦੇਸ਼ ਵਿਚ ਰਹਿਣ ਵਾਲਾ ਅਭਿਸ਼ੇਕ ਸੱਲਣ ਅੰਬੇਦਕਰ ਨਗਰ ਵਿਚ ਰਹਿੰਦਾ ਸੀ। ਅਜੇ ਚਾਰ ਦਿਨ ਪਹਿਲਾਂ ਹੀ ਉਹ ਆਸਟ੍ਰੇਲੀਆ ਤੋਂ ਅਪਣੇ ਇੱਥੇ ਅੰਬੇਦਕਰ ਨਗਰ ਵਿਚ ਸਥਿਤ ਘਰ ਵਿਚ ਆਇਆ ਸੀ। ਐਤਵਾਰ ਰਾਤ ਦੇ ਸਮੇਂ ਉਹ ਅਪਣੇ ਕਮਰੇ ਵਿਚ ਸੌਂ ਗਿਆ ਸੀ। ਇਸ ਤੋਂ ਬਾਅਦ ਦੇਰ ਰਾਤ ਨੂੰ ਹੀ ਅਭਿਸ਼ੇਕ ਸੱਲਣ ਨੇ ਫਾਹਾ ਲੈ ਕੇ ਅਪਣੀ ਜਾਨ ਦੇ ਦਿੱਤੀ। ਘਰ ਵਾਲਿਆਂ ਨੂੰ ਸਵੇਰੇ ਜਦ ਇਸ ਗੱਲ ਦਾ ਪਤਾ ਚਲਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਛਾਣਬੀਣ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਹੀ ਹੈ।

ਮੋਹਾਲੀ ਵਿਚ ਕਾਰ ਤੋਂ ਮਿਲੇ 1.58 ਕਰੋੜ ਰੁਪਏ ਦੇ ਹੀਰੇ-ਸੋਨੇ ਦੇ ਗਹਿਣੇ

ਮੋਹਾਲੀ-ਮਟੌਰ ਥਾਣਾ ਪੁਲਿਸ ਨੇ ਦੁਪਹਿਰ ਵੇਲੇ ਇੱਕ ਨਾਕਾ ਲਾਇਆ ਸੀ। ਇਸ ਦੌਰਾਨ ਇੱਕ ਕਾਰ ਨੂੰ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਕਾਰ ਤੋਂ ਕਰੀਬ 1.58 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ। ਪੁਲਿਸ ਨੇ ਜਦ ਕਾਰ ਸਵਾਰਾਂ ਤੋਂ ਗਹਿਣਿਆਂ ਨਾਲ ਸਬੰਧਤ ਦਸਤਾਵੇਜ਼ ਮੰਗੇ ਤਾਂ ਉਹ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਛਗਿੱਛ ਵਿਚ ਦੱਸਿਆ ਕਿ ਉਹ ਚੰਡੀਗੜ੍ਹ ਤੇ ਮੋਹਾਲੀ ਦੇ ਵਿਭਿੰਨ ਹਿੱਸਿਆਂ ਵਿਚ ਸੁਨਿਆਰਿਆਂ ਨੂੰ ਸਪਲਾਈ ਕਰਨ ਜਾ ਰਹੇ ਸੀ। ਦਸਤਾਵੇਜ਼ ਪੇਸ਼ ਨਹੀਂ ਕਰਨ ‘ਤੇ ਮਟੌਰ ਥਾਣਾ ਪੁਲਿਸ ਨੇ ਕਾਰ ਜ਼ਬਤ ਕਰਕੇ ਗੱਡੀ ਵਿਚ ਸਵਾਰ ਦੋ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਨਾਲ ਹੀ ਡੀਡੀਆਰ ਦਰਜ ਕਰਕੇ ਗਹਿਣਿਆਂ ਤੇ ਮੁਲਜ਼ਮਾਂ ਨੂੰ ਇਨਕਮ ਟੈਕਸ ਵਿਭਾਗ ਦੇ ਹਵਾਲੇ ਕਰ ਦਿੱਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਰਵਿੰਦਰ ਸਿੰਘ ਅਤੇ ਜਤਿੰਦਰ ਸਿੰਘ, ਬੀਵੀਸੀ ਲੌਜਿਸਟਕ ਕੰਪਨੀ Îਇੰਡੀਸਟਰੀਅਲ ਏਰੀਆ ਫੇਜ਼ 7 ਦੇ ਰੂਪ ਵਿਚ ਹੋਈ।

ਸੜਕ ਹਾਦਸਿਆਂ ਵਿੱਚ ਚਾਰ ਨੌਜਵਾਨਾਂ ਦੀ ਮੌਤ

ਚਮਕੌਰ ਸਾਹਿਬ-ਇੱਥੇ ਨਹਿਰ ਸਰਹਿੰਦ ਨਾਲ ਨੀਲੋਂ ਮਾਰਗ ਉੱਤੇ ਟਰੱਕ ਤੇ ਪਿੱਕ ਅੱਪ ਦੀ ਟੱਕਰ ਵਿੱਚ ਤਿੰਨ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਨੀਲੋਂ ਸੜਕ ਉੱਤੇ ਪੈਂਦੇ ਰੈਸਟ ਹਾਊਸ ਕੋਲ ਮਹਿੰਦਰਾ ਪਿਕਅੱਪ ਗੱਡੀ ਦੀ ਟਰੱਕ ਨਾਲ ਹੋਈ ਆਹਮੋ-ਸਾਹਮਣੀ ਟੱਕਰ ’ਚ ਤਿੰਨ ਨੌਜਵਾਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਥਾਣਾ ਮੁਖੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਮਹਿੰਦਰਾ ਪਿਕਅੱਪ ਨੰਬਰ ਐੱਚਪੀ64ਏ-0374 ਨੀਲੋਂ ਵੱਲ ਤੋਂ ਆ ਰਹੀ ਸੀ, ਜਦੋਂ ਉਹ ਨਹਿਰੀ ਵਿਸ਼ਰਾਮ ਘਰ ਚਮਕੌਰ ਸਾਹਿਬ ਨੇੜੇ ਪੁੱਜੀ ਤਾਂ ਸਾਹਮਣੇ ਰੂਪਨਗਰ ਤੋਂ ਆ ਰਹੇ ਸੀਮਿੰਟ ਨਾਲ ਭਰੇ ਟਰੱਕ ਨੰਬਰ ਐੱਚਪੀ69-3333 ਨੇ ਦੂਜੇ ਪਾਸੇ ਜਾ ਕੇ ਸਿੱਧੀ ਟੱਕਰ ਮਹਿੰਦਰਾ ਪਿਕਅੱਪ ਵਿੱਚ ਮਾਰੀ। ਇਸ ਟੱਕਰ ਕਾਰਨ ਮਹਿੰਦਰਾ ਗੱਡੀ ਦੇ ਪਰਖਚੇ ਉੱਡ ਗਏ ਤੇ ਟਰੱਕ ਗੱਡੀ ਨੂੰ 40-50 ਮੀਟਰ ਖਿੱਚਦਾ ਹੋਇਆ ਅੱਗੇ ਲੈ ਗਿਆ। ਮਹਿੰਦਰਾ ਗੱਡੀ ਦੇ ਡਰਾਈਵਰ ਮ੍ਰਿਤਕ ਸੰਦੀਪ ਸਿੰਘ ਦੇ ਪਿਤਾ ਗਿਆਨ ਸਿੰਘ ਪਿੰਡ ਢੱਕਰਿਆਣਾ ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਇਹ ਪੰਜੇ ਨੌਜਵਾਨ ਲੁਧਿਆਣਾ ਤੋਂ ਡੀਜੇ ਦਾ ਸਾਮਾਨ ਲੈਣ ਗਏ ਸਨ ਅਤੇ ਵਾਪਸੀ ਸਮੇਂ ਹਾਦਸਾ ਵਾਪਰ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਮਰਨ ਵਾਲਿਆਂ ਵਿੱਚ ਉਨ੍ਹਾਂ ਦੇ ਪੁੱਤਰ ਤੋਂ ਇਲਾਵਾ ਉਨ੍ਹਾਂ ਦੇ ਪਿੰਡ ਦੇ ਹੀ ਗੋਪਾਲ ਸਿੰਘ ਪੁੱਤਰ ਰਾਮਦਾਸ ਅਤੇ ਰਾਜੇਸ਼ਵਰ ਸਿੰਘ ਪੁੱਤਰ ਦਲੀਪ ਸਿੰਘ ਸ਼ਾਮਲ ਹਨ, ਤਿੰਨੋ ਮ੍ਰਿਤਕ ਨੌਜਵਾਨਾਂ ਦੀ ਉਮਰ 35 ਸਾਲ ਦੇ ਕਰੀਬ ਸੀ। ਜਦੋਂ ਕਿ ਜ਼ਖ਼ਮੀਆਂ ਵਿੱਚ ਵੀ ਇੱਕ ਉਨ੍ਹਾਂ ਦੇ ਹੀ ਪਿੰਡ ਦਾ ਅਸ਼ੀਸ਼ ਕੁਮਾਰ ਅਤੇ ਦੂਜਾ ਰਾਕੇਸ਼ ਪਿੰਡ ਛੇਛੀ ਦਾ ਵਸਨੀਕ ਹੈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫ਼ਰਾਰ ਹੋ ਗਿਆ।
ਦੂਜੇ ਹਾਦਸਾ ਸਰਹਿੰਦ ਨਹਿਰ ਦੇ ਪੁੱਲ ਤੋਂ ਪਾਰ ਬੇਲਾ ਸੜਕ ’ਤੇ ਵਾਪਰਿਆ। ਬੀਤੀ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਇੱਕ ਕਾਰ ਵੱਲੋਂ ਮਾਰੀ ਫੇਟ ਕਾਰਨ ਉਸ ਦੀ ਮੌਤ ਹੋ ਗਈ। ਤਫਤੀਸ਼ੀ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਚੰਨੀ (22) ਪੁੱਤਰ ਮਰਹੂਮ ਰਾਜਿੰਦਰ ਸਿੰਘ ਪਿੰਡ ਬੂਰਮਾਜਰਾ ਵਜੋਂ ਹੋਈ ਹੈ।

ਬੇਅਦਬੀ ਤੇ ਗੋਲੀਕਾਂਡ ਦੇ ਪਰਛਾਵਿਆਂ ਨੂੰ ਦੂਰ ਕਰਨ ਲਈ ਬਾਦਲ ਜੋੜੀ ਉਤਰੇਗੀ ਚੋਣ ਮੈਦਾਨ ‘ਚ!

ਚੰਡੀਗੜ੍ਹ -ਪੰਜਾਬ ਵਿਚ ਗੋਲੀਕਾਂਡ ਅਤੇ ਬੇਅਦਬੀ ਦੀਆਂ ਘਟਨਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਉੱਤੇ ਮੰਡਰਾ ਰਹੇ ਸਿਆਸੀ ਸੰਕਟ ਦੇ ਬੱਦਲਾਂ ਨੂੰ ਬਾਦਲ ਜੋੜੀ ਵੱਲੋਂ ਹਟਾਉਣ ਦੀ ਤਿਆਰੀ ਕੱਸੀ ਜਾ ਰਹੀ ਹੈ। ਦਰਅਸਲ ਪਾਰਟੀ ਵੱਲੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਚੋਣ ਮੈਦਾਨ ਵਿਚ ਉਤਾਰਨ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਦਲ ਦੇ ਪ੍ਰਧਾਨ ਚੋਣ ਮੈਦਾਨ ਵਿਚ ਹੋਣਗੇ ਤਾਂ ਇਸ ਨਾਲ ਕਈ ਤਰ੍ਹਾਂ ਦੀ ਸਮੀਕਰਨ ਬਦਲਨ ਦਾ ਅੰਦਾਜ਼ਾ ਹੈ।ਦੂਜੇ ਪਾਸੇ ਪਾਰਟੀ ਕਾਡਰਾਂ ਵਿਚ ਵੀ ਇਸ ਨਾਲ ਜੋਸ਼ ਭਰਿਆ ਜਾਵੇਗਾ। ਅਕਾਲੀ ਦਲ ਵੱਲੋਂ ਲੁਧਿਆਣਾ ਅਤੇ ਫਰੀਦਕੋਟ ਹਲਕਿਆਂ ਤੋਂ ਬਿਨ੍ਹਾਂ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂ ਲਗਪਗ ਤੈਅ ਕਰ ਲਏ ਹਨ ਪਰ ਨਵੀਂ ਰਣਨੀਤੀ ਮੁਤਾਬਿਕ ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਬਾਦਲ ਨੂੰ ਮੈਦਾਨ ਵਿਚ ਉਤਾਰਨ ਦਾ ਫ਼ਸਲਾ ਲਿਆ ਗਿਆ ਹੈ। ਪਾਰਟੀ ਦੇ ਸੂਤਰਾਂ ਮੁਤਾਬਿਕ ਪਾਰਟੀ ਨੂੰ ਮੁੜ ਤੋਂ ਖੜ੍ਹ ਕਰਨ ਅਤੇ ਲੋਕਾਂ ਵਿਚ ਮਜ਼ਬੂਤ ਆਧਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਸੁਰੱਖਿਅਤ ਸਮਝੇ ਜਾਂਦੇ ਹਲਕੇ ਫਿਰੋਜ਼ਪੁਰ ਤੋਂ ਚੋਣ ਲੜਾਈ ਜਾਣ ‘ਤੇ ਵਿਚਾਰ ਹੋ ਰਹੀ ਹੈ।
ਜਦਕਿ ਹਰਸਿਮਰਤ ਕੌਰ ਬਾਦਲ ਨੂੰ ਆਪਣੇ ਪਹਿਲੇ ਹਲਕੇ ਬਠਿੰਡਾ ਤੋਂ ਚੋਣ ਲੜਾਉਣ ਬਾਰੇ ਚਰਚਾ ਚੱਲ ਰਹੀ ਹੈ। ਸੀਨੀਅਰ ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਪਰਛਾਵਿਆਂ ਕਾਰਨ ਦਿਹਾਤੀ ਖੇਤਰ ਵਿਚਲਾ ਵਰਕਰ ਪਿਛਲੇ ਸਮੇਂ ਤੋਂ ਮਾਯੂਸੀ ਵਿਚ ਹੈ। ਅਕਾਲੀ ਦਲ ਆਉਣ ਵਾਲੀਆਂ ਚੋਣਾਂ ਦੌਰਾਨ ਕਰੋ ਜਾਂ ਮਰੋ ਦੀ ਲੜਾਈ ਲੜਨ ਦੇ ਰੌਅ ਵਿਚ ਹੈ ਕਿਉਂਕਿ ਪਾਰਟੀ ਅੰਦਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ ਸੰਸਦੀ ਚੋਣਾਂ ਦੌਰਾਨ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਨਾ ਦਿਖਾਈ ਜਾ ਸਕੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਹੱਥੋਂ ਨਿਕਲ ਸਕਦੀਆਂ ਹਨ।

ਕਬੱਡੀ ਟੂਰਨਾਮੈਂਟ ‘ਚ ਅਕਾਲੀ ਕੌਂਸਲਰ ‘ਤੇ ਹਮਲਾ

ਲਾਲੜੂ-ਪਿੰਡ ਦੱਪਰ ਵਿਚ ਚਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕੁਝ ਵਿਅਕਤੀਆਂ ਨੇ ਵਾਰਡ ਨੰਬਰ ਦੋ ਦੇ ਅਕਾਲੀ ਕੌਂਸਲਰ ਬਲਕਾਰ ਸਿੰਘ ਰੰਗੀ ‘ਤੇ ਕਿਰਚ ਅਤੇ ਤੇਜ਼ਧਾਰ ਹÎਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਕੌਂਸਲਰ ਗੰਭੀਰ ਜ਼ਖਮੀ ਹੋ ਗਿਆ। ਰੰਗੀ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਡੇਰਾਬਸੀ ਦਾਖ਼ਲ ਕਰਵਾਇਆ ਗਿਆ ਜਿੱਥੋਂ ਉਨ੍ਹਾਂ ਨੂੰ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਨਾਹਰ ਪੁਲਿਸ ਚੌਕੀ ਲੈਹਲੀ ਦੇ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਨੇ ਸਿਵਲ ਹਸਪਤਾਲ ਡੇਰਾਬਸੀ ਵਿਚ ਜ਼ਖਮੀ ਕੌਂਸਲਰ ਬਲਕਾਰ ਸਿੰਘ ਰੰਗੀ ਦੇ ਬਿਆਨ ਦਰਜ ਕਰ ਲਏ ਹਨ। ਰੰਗੀ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਪਿੰਡ ਦੱਪਰ ਵਿਚ ਚਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਸਟੇਜ ‘ਤੇ ਬੈਠਾ ਸੀ। ਇਸੇ ਦੌਰਾਨ ਗੁਰਦੀਪ ਸਿੰਘ ਉਰਫ ਸੋਨੀ ਅਤੇ ਜੱਗੀ ਦੋਵੇਂ ਵਾਸੀ ਦੱਪਰ ਅਤੇ ਸੁਖਵੀਰ ਸਿੰਘ ਵਾਸੀ ਫਤਹਿਪੁਰ ਸਣੇ ਹੋਰ ਅਣਪਛਾਤੇ ਵਿਅਕਤੀ ਸਟੇਜ ‘ਤੇ ਆਏ ਤੇ ਕਹਿਣ ਲੱਗੇ ਕਿ ਉਸ ਨਾਲ ਇਕੱਲੇ ਵਿਚ ਗੱਲ ਕਰਨੀ ਹੈ। ਉਹ ਸਾਰੇ ਸਟੇਜ ਦੇ ਪਿੱਛੇ ਚਲੇ ਗਏ ਜਿੱਥੇ ਉਨ੍ਹਾਂ ਦੀ ਬਹਿਸ ਹੋ ਗਈ। ਇਸੇ ਦੌਰਾਨ ਗੁਰਦੀਪ ਉਰਫ ਸੋਨੀ ਨੇ ਕਿਹਾ ਕਿ ਉਹ ਉਸ ਦੇ ਚਾਚੇ ਅਜੈਬ ਸਿੰਘ ਨਾਲ ਰੰਜਿਸ਼ ਰਖਦਾ ਹੈ ਤੇ ਮੁਲਜ਼ਮਾਂ ਨੂੰ ਤੈਸ਼ ਵਿਚ ਆ ਕੇ ਤੇਜ਼ਧਾਰ ਹਥਿਆਰਾਂ ਤੇ ਕਿਰਚਾਂ ਨਾਲ ਰੰਗੀ ‘ਤੇ ਹਮਲਾ ਕਰ ਦਿੱਤਾ। ਰੰਗੀ ਦੇ ਸਿਰ ਵਿਚ ਕਿਰਚ ਮਾਰੀ ਗਈ ਅਤੇ ਉਹ ਫੱਟੜ ਹੋ ਗਿਆ।ਲੋਕਾਂ ਦੀ ਮਦਦ ਨਾਲ ਰੰਗੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੇ ਪਤਾ ਚਲਦੇ ਹੀ ਵਿਧਾਇਕ ਐਨਕੇ ਸ਼ਰਮਾ ਹੋਰ ਅਕਾਲੀ ਆਗੂ ਹਸਪਤਾਲ ਪਹੁੰਚ ਗਏ। ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਹਸਪਤਾਲ ਲਈ ਰੈਫਰ ਕਰ ਦਿੱਤਾ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਕੋਟਕਪੂਰਾ ਗੋਲੀ ਕਾਂਡ: ਸਾਬਕਾ ਐੱਸਐੱਸਪੀ ਦਾ ਪੁਲੀਸ ਰਿਮਾਂਡ

ਫ਼ਰੀਦਕੋਟ-ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਨੂੰ ਪਟਿਆਲਾ ਜੇਲ੍ਹ ’ਚੋਂ ਲਿਆ ਕੇ ਇੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਏਕਤਾ ਉੱਪਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਚਰਨਜੀਤ ਸ਼ਰਮਾ ਬਹਿਬਲ ਕਾਂਡ ਵਿੱਚ ਜੇਲ੍ਹ ‘ਚ ਨਜ਼ਰਬੰਦ ਸਨ। ਜਾਂਚ ਟੀਮ ਨੇ ਅਦਾਲਤ ਦੀ ਮਨਜ਼ੂਰੀ ਨਾਲ ਉਸ ਨੂੰ ਕੋਟਕਪੂਰਾ ਗੋਲੀ ਕਾਂਡ ਵਿੱਚ ਗ੍ਰਿਫ਼ਤਾਰ ਕਰ ਲਿਆ। ਟੀਮ ਨੇ ਪੰਜ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਚਰਨਜੀਤ ਸ਼ਰਮਾ 27 ਮਾਰਚ ਤੱਕ ਜਾਂਚ ਟੀਮ ਕੋਲ ਪੁਲੀਸ ਰਿਮਾਂਡ ’ਤੇ ਰਹਿਣਗੇ। ਸ੍ਰੀ ਸ਼ਰਮਾ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਟੀਮ ਜਾਂਚ ਦੇ ਨਾਂ ’ਤੇ ਸਿਆਸੀ ਸਟੰਟ ਖੇਡ ਰਹੀ ਹੈ। ਜਾਂਚ ਟੀਮ ਸ੍ਰੀ ਸ਼ਰਮਾ ਦੇ ਬਿਆਨ ਜ਼ਬਰਦਸਤੀ ਲਿਖਣਾ ਚਾਹੁੰਦੀ ਹੈ। ਹਾਲਾਂਕਿ ਸਰਕਾਰੀ ਪੱਖ ਨੇ ਚਰਨਜੀਤ ਸ਼ਰਮਾ ਦੇ ਸਾਰੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਪੁਲੀਸ ਦੀ ਸੋਚੀ ਸਮਝੀ ਸਾਜਿਸ਼ ਸੀ ਤੇ ਇਸ ਸਬੰਧੀ ਚਰਨਜੀਤ ਸ਼ਰਮਾ ਤੋਂ ਹਿਰਾਸਤ ਵਿੱਚ ਪੁੱਛ-ਗਿੱਛ ਲਾਜ਼ਮੀ ਹੈ। ਜਾਂਚ ਟੀਮ ਚਰਨਜੀਤ ਸ਼ਰਮਾ ਦੇ ਨਾਲ-ਨਾਲ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਪੁੱਛਗਿੱਛ ਕਰਨ ਦੀ ਇਜਾਜ਼ਤ ਲੈ ਚੁੱਕੀ ਹੈ। ਜਾਂਚ ਟੀਮ ਡੇਰਾ ਮੁਖੀ ਅਤੇ ਸਾਬਕਾ ਜ਼ਿਲ੍ਹਾ ਪੁਲੀਸ ਮੁਖੀ ਤੋਂ ਇਕੱਠਿਆਂ ਪੁੱਛ ਪੜਤਾਲ ਕਰ ਸਕਦੀ ਹੈ। ਜਾਂਚ ਟੀਮ ਨੂੰ ਡੇਰਾ ਮੁਖੀ ਤੋਂ ਪੁੱਛ ਪੜਤਾਲ ਲਈ ਹਰਿਆਣਾ ਸਰਕਾਰ ਅਤੇ ਜੇਲ੍ਹ ਪ੍ਰਸ਼ਾਸਨ ਤੋਂ ਇਜ਼ਾਜਤ ਮਿਲ ਗਈ ਹੈ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਸਾਬਕਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦੀ ਅਚਾਨਕ ਸਿਹਤ ਖ਼ਰਾਬ ਹੋ ਗਈ। ਅਦਾਲਤ ਨੇ ਸਾਬਕਾ ਪੁਲੀਸ ਮੁਖੀ ਨੂੰ ਮੈਡੀਕਲ ਸਹਾਇਤਾ ਦੇਣ ਦਾ ਹੁਕਮ ਵੀ ਦਿੱਤਾ ਹੈ।

ਆਪ ਉਮੀਦਵਾਰ ਹਰਮੋਹਨ ਧਵਨ ਦਾ ਚੋਣ ਪ੍ਰਚਾਰ ਕਰਨ ਲਈ ਆਵੇਗੀ ਸੋਨਾਕਸ਼ੀ

ਚੰਡੀਗੜ੍ਹ-ਸਾਬਕਾ ਕੇਂਦਰੀ ਮੰਤਰੀ ਤੇ ਆਪ ਦੇ ਉਮੀਦਵਾਰ ਹਰਮੋਹਨ ਧਵਨ ਦੇ ਲਈ ਸ਼ਹਿਰ ਵਿਚ ਵੋਟਾਂ ਮੰਗਣ ਫ਼ਿਲਮ ਅਭਿਨੇਤਰੀ ਸੋਨਾਕਸ਼ੀ ਸਿਨ੍ਹਾ ਵੀ ਆਵੇਗੀ। ਆਪ ਨੇ ਸਿਨ੍ਹਾ ਨੂੰ ਬੁਲਾਉਣ ਦੇ ਲਈ ਧਵਨ ਨੂੰ ਕਿਹਾ ਹੈ। ਸੋਨਾਕਸ਼ੀ ਸਿਨਹਾ ਭਾਜਪਾ ਤੋਂ ਨਰਾਜ਼ ਚਲ ਰਹੇ ਸ਼ਤਰੂਘਨ ਸਿਨਹਾ ਦੀ ਧੀ ਹੈ ਅਤੇ ਸ਼ਤਰੂਘਨ ਸਿਨਹਾ ਧਵਨ ਦੇ ਦੋਸਤ ਹਨ। ਇਸ ਲਈ ਸੋਨਾਕਸ਼ੀ ਦਾ ਧਵਨ ਦੇ ਲਈ ਸ਼ਹਿਰ ਵਿਚ ਆ ਕੇ ਵੋਟ ਮੰਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਵਿਚ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦੀ ਸ਼ਤਰੂਘਨ ਸਿਨਹਾ ਨਾਲ ਗੱਲਬਾਤ ਵੀ ਹੋ ਗਈ ਹੈ। ਸ਼ਤਰੂਘਨ ਨੇ ਵੀ ਧਵਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਖੁਦ ਉਨ੍ਹਾਂ ਦੇ ਲਈ ਪ੍ਰਚਾਰ ਕਰਨ ਦੇ ਲਈ ਸ਼ਹਿਰ ਵਿਚ ਆਉਣਗੇ। ਪਿਛਲੇ ਮਹੀਨੇ ਹੋਈ ਆਪ ਦੀ ਸੈਕਟਰ 25 ਦੀ ਰੈਲੀ ਵਿਚ ਵੀ ਸ਼ਤਰੂਘਨ ਸਿਨਹਾ ਆਏ ਸਨ।ਬਿਹਾਰ ਤੋਂ ਚੰਡੀਗੜ੍ਹ ਆ ਕੇ ਵਸਣ ਵਾਲਿਆਂ ਦੀ ਕਾਫੀ ਗਿਣਤੀ ਹੈ। ਅਜਿਹੇ ਵਿਚ ਬਿਹਾਰੀ ਬਾਬੂ ਨੂੰ ਬੁਲਾ ਕੇ ਆਪ ਦੀ ਇਸ ਵੋਟ ਬੈਂਕ ‘ਤੇ ਨਜ਼ਰ ਹੈ। ਆਪ ਵਿਚ ਸਾਮਲ ਹੋਣ ਤੋਂ ਬਾਅਦ ਧਵਨ ਨੂੰ ਉਮੀਦਵਾਰ ਬਣਾਉਣ ਵਿਚ ਵੀ ਸ਼ਤਰੂਘਨ ਅਤੇ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਨੇ ਕਾਫੀ ਮਦਦ ਕੀਤੀ। ਧਵਨ ਦਾ ਕਹਿਣਾ ਹੈ ਕਿ ਯਸ਼ਵੰਤ ਸਿਨਹਾ ਵੀ ਚੋਣ ਪ੍ਰਚਾਰ ਦੌਰਾਨ ਆਉਣਗੇ। ਸ਼ਹਿਰ ਤੋਂ ਅੱਠਵੀਂ ਵਾਰ ਮੈਦਾਨ ਵਿਚ ਧਵਨ ਇਸ ਵਾਰ ਅੱਠਵੀਂ ਬਾਰ ਸ਼ਹਿਰ ਤੋਂ ਚੋਣ ਲੜਨ ਜਾ ਰਹੇ ਹਨ। ਇਸ ਸਮੇਂ ਧਵਨ ਦੇ ਲਈ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਵੀ ਪ੍ਰਚਾਰ ਕਰ ਰਹੇ ਹਨ। ਰੋਜ਼ਾਨਾ ਉਨ੍ਹਾਂ ਦਾ ਬੇਟਾ ਵਿਕਰਮ ਧਵਨ ਅਤੇ ਪਤਨੀ ਸਤਿੰਦਰ ਧਵਨ ਕਿਸੇ ਨਾ ਕਿਸੇ ਖੇਤਰ ਵਿਚ ਜਾ ਕੇ ਪ੍ਰਚਾਰ ਕਰ ਰਹੇ ਹਨ। ਭਗਵੰਤ ਮਾਨ ਵੀ ਧਵਨ ਦੇ ਲਈ ਵੋਟ ਮੰਗ ਰਹੇ ਹਨ। ਇਸ ਦੇ ਨਾਲ ਹੀ ਕਾਂਗਰਸ ਤੇ ਭਾਜਪਾ ਵੀ ਪ੍ਰਚਾਰ ਕਰਨ ਲਈ ਫ਼ਿਲਮੀ ਹਸਤੀਆਂ ਨੂੰ ਬੁਲਾਵੇਗੀ।

ਕੈਪਟਨ ਦੇ ਚਾਚੇ ਦਾ ਦੇਹਾਂਤ

ਪਟਿਆਲਾ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਚਾ ਤੇ ਮਹਾਰਾਜਾ ਭੁਪਿੰਦਰ ਸਿੰਘ ਦੇ ਪੁੱਤਰ ਕੰਵਰ ਦੇਵਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ 83 ਸਾਲ ਦੀ ਉਮਰ ਵਿੱਚ ਪਟਿਆਲਾ ਸਥਿਤ ਆਪਣੇ ਘਰ ਵਿੱਚ ਬੀਤੀ ਰਾਤ ਆਖ਼ਰੀ ਸਾਹ ਲਏ।
ਕੰਵਰ ਭੁਪਿੰਦਰ ਸਿੰਘ ਪਿਛਲੇ ਸਾਲ ਤੋਂ ਬਿਮਾਰ ਸਨ। ਉਹ ਆਪਣੇ ਪਿੱਛੇ ਪਤਨੀ, ਪੁੱਤਰ ਤੇ ਪੁੱਤਰੀ ਨੂੰ ਛੱਡ ਗਏ ਹਨ। ਕੰਵਰ ਦੇਵਿੰਦਰ ਸਿੰਘ ਦਾ ਵਿਆਹ ਸਾਬਕਾ ਰਾਜ ਸਭਾ ਮੈਂਬਰ ਤੇ ਪੈਪਸੂ ਸੂਬੇ (ਮਹਾਂ ਪੰਜਾਬ ਭਾਵ ਹਰਿਆਣਾ ਦੇ ਵੱਖ ਹੋਣ ਤੋਂ ਪਹਿਲਾਂ) ਦੇ ਮੁੱਖ ਮੰਤਰੀ ਕਰਨਲ ਰਘਬੀਰ ਸਿੰਘ ਦੀ ਪੁੱਤਰੀ ਅਮਰਜੀਤ ਕੌਰ ਨਾਲ ਹੋਇਆ ਸੀ।
ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭੈਣ-ਭਰਾ ਵਿਦੇਸ਼ ਵੱਸਦੇ ਹਨ। ਉਨ੍ਹਾਂ ਦੇ ਭਾਰਤ ਪਰਤਣ ‘ਤੇ ਭਲਕੇ ਬਾਅਦ ਦੁਪਹਿਰ ਤਿੰਨ ਵਜੇ ਕੰਵਰ ਦੇਵਿੰਦਰ ਸਿੰਘ ਦੀਆਂ ਅੰਤਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ।