Home / ਪੰਜਾਬ

ਪੰਜਾਬ

ਸਵਰਗੀ ਰਾਜਮਾਤਾ ਮੋਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਕੀਤੀ ਅਦਾ

ਪਟਿਆਲਾ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵੇਰ ਸਵਰਗੀ ਰਾਜਮਾਤਾ ਮੋਹਿੰਦਰ ਕੌਰ ਦੇ ਫੁੱਲ ਚੁਗਣ ਦੀ ਰਸਮ ਅਦਾ ਕੀਤੀ । ਇਸ ਮੌਕੇ ਉਨ੍ਹਾਂ ਨਾਲ ਕਈ ਉੱਚ ਆਗੂ ਹਾਜ਼ਰ ਸਨ।

ਸੜਕ ਹਾਦਸੇ ‘ਚ ਔਰਤ ਸਮੇਤ 2 ਬੱਚਿਆਂ ਦੀ ਮੌਤ

ਲੁਧਿਆਣਾ–ਸਾਹਨੇਵਾਲ ਰੋਡ ‘ਤੇ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਔਰਤ ਤੇ 2 ਬੱਚੇ ਰੋਡ ਕਰੋਸ ਕਰ ਰਹੇ ਸਨ।
ਲੁਧਿਆਣਾ ਵਲੋਂ ਆ ਰਹੀ ਮਹਿੰਦਰਾ ਐਕਸ. ਯੂ. ਵੀ. ਚਲਾ ਰਹੇ ਕਾਰ ਚਾਲਕ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਉਕਤ ਲੋਕਾਂ ਨੂੰ ਕੁਚਲਦੀ ਹੋਈ ਲੰਘ ਗਈ।

ਪਰਵਾਰ ਦੇ ਤਿੰਨ ਜੀਆਂ ਨੇ ਖਾਧੀ ਜ਼ਹਿਰੀਲੀ ਚੀਜ਼

ਸਮਾਣਾ-ਸਥਾਨਕ ਸ਼ਹਿਰ ਦੀ ਨਾਭਾ ਕਾਲੋਨੀ ਵਿਖੇ ਪਰਵਾਰ ਦੇ ਤਿੰਨ ਜੀਆਂ ਵਲੋਂ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਹਾਲਤ ਖ਼ਰਾਬ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਰਵਾਰ ਦੀ ਨਾਬਾਲਗ਼ ਲੜਕੀ ਮੋਨਾ ਉਰਫ਼ ਸਮਾਇਤ ਕੌਰ ਉਮਰ ਕਰੀਬ 16 ਸਾਲ ਦੀ ਮੌਤ ਹੋ ਗਈ ਹੈ। ਉਸ ਦੇ ਪਿਤਾ ਗੁਰਮੀਤ ਸਿੰਘ ਅਤੇ ਉਸ ਦੀ ਮਾਤਾ ਜਸਵਿੰਦਰ ਕੋਰ ਨੂੰ ਇਕ ਨਿਜੀ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਇਸ ਮੌਕੇ ਉਥੇ ਹਾਜ਼ਰ ਚਾਨਣ ਕਾਲੋਨੀ ਵਾਸੀ ਲਖਬੀਰ ਸਿੰਘ ਨੇ ਦਸਿਆ ਕਿ ਨਾਭਾ ਕਾਲੋਨੀ ਵਿਚ ਉਸ ਦੀ ਜਾਣ ਪਹਿਚਾਣ ਵਾਲਾ ਗੁਰਮੀਤ ਸਿੰਘ (40) ਪੁੱਤਰ ਸੁਰਜਨ ਸਿੰਘ ਦਾ ਘਰ ਹੈ ਜਿਸ ਕੋਲ ਦੋ ਲੜਕੀਆਂ ਹਨ ਜਿਨ੍ਹਾਂ ਵਿਚੋਂ ਵੱਡੀ ਲੜਕੀ ਦੀ ਉਮਰ ਕਰੀਬ 16 ਸਾਲ ਅਤੇ ਛੋਟੀ ਲੜਕੀ ਦੀ ਉਮਰ 3-4 ਸਾਲ ਹੈ। ਬੁਧਵਾਰ ਨੂੰ ਜਦੋਂ ਗੁਰਮੀਤ ਸਿੰਘ ਦੀ ਛੋਟੀ ਲੜਕੀ ਜਸਮੀਤ ਕੌਰ ਘਰ ਆਈ ਤਾਂ ਉਸ ਨੇ ਵੇਖਿਆ ਤੇ ਉਸ ਨੇ ਗੁਆਂਢ ਦੇ ਲੋਕਾਂ ਨੂੰ ਇਸ ਘਟਨਾ ਬਾਰੇ ਦਸਿਆ। ਗੁਆਂਢੀਆਂ ਨੇ ਗੁਰਮੀਤ ਸਿੰਘ ਦੇ ਘਰ ਆ ਕੇ ਵੇਖਿਆ ਕਿ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਜਸਵਿੰਦਰ ਕੌਰ ਦੀ ਹਾਲਤ ਖ਼ਰਾਬ ਸੀ। ਉਨ੍ਹਾਂ ਦੀ ਹਾਲਤ ਨੂੰ ਵੇਖਦਿਆ ਗੁਰਮੀਤ ਸਿੰਘ ਦੇ ਗੁਆਂਢੀਆਂ ਨੇ ਇਸ ਦੀ ਜਾਣਕਾਰੀ ਉਸ ਨੂੰ ਦਿਤੀ
ਲਖਬੀਰ ਸਿੰਘ ਨੇ ਦਸਿਆ ਕਿ ਜਦੋਂ ਉਹ ਗੁਰਮੀਤ ਸਿੰਘ ਦੇ ਘਰ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਗੁਰਮੀਤ ਸਿੰਘ ਦੀ ਵੱਡੀ ਲੜਕੀ ਸੁਮਾਇਤ ਉਰਫ਼ ਮੋਨਾ ਬੇਹੋਸ਼ ਪਈ ਸੀ ਅਤੇ ਗੁਰਮੀਤ ਸਿੰਘ ਅਤੇ ਉਸ ਦੀ ਘਰ ਵਾਲੀ ਜਸਵਿੰਦਰ ਕੌਰ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ, ਉਨ੍ਹਾਂ ਨੂੰ ਤੁਰਤ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸੇ ਦੌਰਾਨ ਸੁਮਾਇਤ ਕੌਰ ਉਰਫ਼ ਮੋਨਾ ਦੀ ਮੌਤ ਹੋ ਗਈ। ਉਸ ਨੇ ਦਸਿਆ ਕਿ ਗੁਰਮੀਤ ਸਿੰਘ ਤੇ ਜਸਵਿੰਦਰ ਕੌਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਲਖਬੀਰ ਸਿੰਘ ਨੇ ਦਸਿਆ ਕਿ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਅਜੇ ਨਹੀਂ ਮਿਲ ਸਕੀ।
ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਸਿਟੀ ਸਮਾਣਾ ਦੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ ਅਤੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਸਮਾਣਾ ਦੇ ਮੁਰਦਾਘਰ ਵਿਚ ਰਖਵਾ ਦਿਤਾ ਹੈ।

ਪੱਤਰਕਾਰਾ ਵੱਲੋਂ 28 ਜੁਲਾਈ ਨੂੰ ਲਾਡੋਵਾਲ ਟੋਲ ਪਲਾਜ਼ਾ ਤੇ ਲੱਗੇਗਾ ਵੱਡਾ ਧਰਨਾ

ਲੁਧਿਆਣਾ-ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵਲੋਂ ਲਾਡੋਵਾਲ ਟੋਲ ਪਲਾਜ਼ਾ ਵਿਖੇ 28 ਜੁਲਾਈ ਨੂੰ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਰੋਸ ਧਰਨਾ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ, ਸਰਪ੍ਰਸਤ ਜੀ.ਐਸ.ਸੰਧੂ ਅਤੇ ਜਨਰਲ ਸਕੱਤਰ ਰਵਿੰਦਰ ਵਰਮਾ ਨੇ ਦੱਸਿਆ ਕਿ ਟੋਲ ਪਲਾਜ਼ਾ ‘ਤੇ ਹੋ ਰਹੀਆਂ ਬੇਨਿਯਮੀਆਂ ਨੂੰ ਰੋਕਣ ਲਈ ਅਤੇ ਪੱਤਰਕਾਰ ਭਾਈਚਾਰੇ ਤੋਂ ਜ਼ਬਰੀ ਟੋਲ ਵਸੂਲਣ ਤੇ ਡੇਢ ਮਹੀਨਾ ਪਹਿਲਾਂ ਡਿਪਟੀ ਕਮਿਸ਼ਨਰ ਲੁਧਿਆਣਾ, ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਮੈਨੇਜਰ ਟੋਲ ਪਲਾਜ਼ਾ ਲਾਡੋਵਾਲ ਨੂੰ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਵੱਲੋਂ ਮੈਮੋਰੰਡਮ ਦਿੱਤੇ ਗਏ ਸਨਜਿਸ ਸਬੰਧੀ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ | ਜਿਸ ਕਾਰਨ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਅੰਦਰ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਪੰਜਾਬ ਦੇ ਸਮੂਹ ਪੱਤਰਕਾਰਾਂ ਦੀ ਜਾਇਜ਼ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ‘ਚੋਂ ਸਮਾਜਿਕ , ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਅਤੇ ਪੱਤਰਕਾਰਾ ਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਲੋਕ ਲਾਡੋਵਾਲ ਟੋਲ ਪਲਾਜ਼ਾ ‘ਤੇ ਧਰਨਾ ਦੇਣ ਲਈ ਹੁੰਮ ਹੁੰਮਾ ਕੇ ਪਹੁੰਚ ਰਹੇ ਹਨ |ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਟੋਲ ਫ੍ਰੀ ਕਰਨ ਸਬੰਧੀ ਇਕ ਨੋਟੀਫੀਕੇਸ਼ਨ ਵੀ ਜ਼ਾਰੀ ਹੋ ਚੁੱਕਾ ਹੈ, ਪਰ ਟੋਲ ਪਲਾਜ਼ਾ ਵਾਲੇ ਪੱਤਰਕਾਰਾਂ ਤੋਂ ਧੱਕੇ ਨਾਲ ਟੋਲ ਵਸੂਲ ਰਹੇ ਹਨ | ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਧਰਨੇ ਨੂੰ ਕਾਮਯਾਬ ਕਰਨ ਅਤੇ ਜਨਤਾ ਦੀਆਂ ਹੱਕੀ ਮੰਗਾਂ ਮਨਾਉਣ ‘ਚ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਨੂੰ ਸਹਿਯੋਗ ਦੇਣ | ਪੱਤਰਕਾਰਾ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਤੇ 28 ਨੂੰ ਵੱਡਾ ਧਰਨਾ ਲੱਗੇਗਾ।

ਸਿੱਖ ਮਹਿਲਾ ਨਾਲ ਛੇੜਛਾੜ ਦਾ ਮੁਲਜ਼ਮ ਥਾਣੇਦਾਰ ਗਿਰਫਤਾਰ

ਦਿੜਬਾ ਪੁਲੀਸ ਨੇ ਬੱਸ ਵਿੱਚ ਅੰਮ੍ਰਿਤਧਾਰੀ ਬੀਬੀ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 354/295 ਏ ਤਹਿਤ ਕੇਸ ਦਰਜ ਕੀਤਾ ਸੀ। ਐਸ ਪੀ (ਡੀ) ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਜੀ ਆਰ ਪੀ ਦੇ ਸਹਾਇਕ ਥਾਣੇਦਾਰ ਦੀਦਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜੀ ਆਰ ਪੀ ਦੇ ਐਸ ਪੀ ਨੇ ਕਿਹਾ ਕਿ ਸਹਾਇਕ ਥਾਣੇਦਾਰ ਨੂੰ ਨੌਕਰੀ ਤੋਂ ਮੁਅੱਤਲ ਕਰਨ ਲਈ ਵਿਭਾਗ ਨੂੰ ਸਿਫ਼ਾਰਸ਼ ਕੀਤੀ ਜਾ ਰਹੀ ਹੈ।

ਮੋਹਾਲੀ ਤੋਂ ਹੋਈ ਸ਼ੁਰੂਆਤ ‘ਆਪਣੀ ਗੱਡੀ ਆਪਣਾ ਰੋਜਗਾਰ’ ਸਕੀਮ ਦੀ

ਪੰਜਾਬ ਸਰਕਾਰ ਵੱਲੋਂ ਆਪਣੀ ਗੱਡੀ ਆਪਣਾ ਰੋਜਗਾਰ ਸਕੀਮ ਦੀ ਮੋਹਾਲੀ ਤੋਂ ਸ਼ੁਰੂਆਤ ਕੀਤੀ ਗਈ ਹੈ। ਜਿਸ ਨੂੰ ਮਨਪ੍ਰੀਤ ਬਾਦਲ ਨੇ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਰੈਲੀ ‘ਚ ਉਬਰ ਦੇ ਮੋਟਰਸਾਇਕਲਾਂ ਨੇ ਹਿੱਸਾ ਲਿਆ। ਇਸਦੇ ਪਹਿਲੇ ਗੇੜ ‘ਚ ਉਬਰ ਨੇ ਉਤਾਰੇ 100 ਮੋਟਰਸਾਇਕਲ।

ਸਟੇਟ ਬੈਂਕ ਦੀ ਬਰਾਂਚ ਵਿੱਚੋਂ 7 ਲੱਖ ਲੁੱਟੇ

ਐਸ.ਏ.ਐਸ. ਨਗਰ (ਮੁਹਾਲੀ)-ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਦੇ ਸ਼ੋਅਰੂਮਾਂ ਵਿੱਚ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਬ੍ਰਾਂਚ ਵਿੱਚ ਦਿਨ ਦਿਹਾੜੇ ਡਾਕਾ ਪੈ ਗਿਆ। ਇੱਕ ਅਣਪਛਾਤੇ ਨੌਜਵਾਨ ਨੇ ਦੁਪਹਿਰ ਵੇਲੇ ਇਕੱਲਿਆ ਪਿਸਤੌਲ ਦੀ ਨੋਕ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ ਸੱਤ ਲੱਖ ਦੀ ਨਗਦੀ ਲੈ ਕੇ ਫਰਾਰ ਹੋ ਗਿਆ। ਹੈਰਾਨੀ ਵਾਲੀ ਗੱਲ ਹੈ ਕਿ ਬੈਂਕ ਵਿੱਚ ਨਾ ਕੋਈ ਸੁਰੱਖਿਆ ਗਾਰਡ ਤਾਇਨਾਤ ਸੀ ਅਤੇ ਨਾ ਹੀ ਹੂਟਰ ਦੀ ਵਿਵਸਥਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ ਸਵਾ ਦੋ ਵਜੇ ਇੱਕ ਨੌਜਵਾਨ ਬੈਂਕ ਵਿੱਚ ਦਾਖ਼ਲ ਹੋਇਆ ਤੇ ਮੁਲਾਜ਼ਮਾਂ ’ਤੇ ਪਿਸਤੌਲ ਤਾਣ ਲਈ ਅਤੇ ਕੁੱਝ ਫਾਇਰ ਵੀ ਕੀਤੇ। ਨੌਜਵਾਨ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ। ਲੁਟੇਰੇ ਨੇ ਬੈਂਕ ਕਰਮੀਆਂ ਨੂੰ ਇੱਕ ਪਾਸੇ ਖੜ੍ਹੇ ਹੋਣ ਦੀ ਚਿਤਾਵਨੀ ਦੇ ਕੇ ਨਕਦੀ ਉਸ ਦੇ ਹਵਾਲੇ ਕਰਨ ਲਈ ਆਖਿਆ। ਲੁਟੇਰੇ ਨੇ ਆਪਣੀ ਪਿੱਠ ’ਤੇ ਬੈਗ ਟੰਗਿਆ ਹੋਇਆ ਸੀ ਅਤੇ ਕੈਸ਼ ਕਾਊਂਟਰ ’ਤੇ ਜਾ ਕੇ ਕੈਸ਼ ਇਕੱਠਾ ਕਰਕੇ ਬੈਗ ਵਿੱਚ ਪਾ ਲਿਆ ਅਤੇ ਬਾਹਰ ਨਿਕਲ ਗਿਆ। ਬੈਂਕ ਦੇ ਮੁਲਾਜ਼ਮ ਅਸ਼ਵਨੀ ਕੁਮਾਰ ਨੇ ਲੁਟੇਰੇ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਲੁਟੇਰਾ ਆਪਣੀ ਕਾਰ ਵਿੱਚ ਬੈਠ ਗਿਆ ਸੀ। ਲੁਟੇਰੇ ਨੇ ਬੈਂਕ ਮੁਲਾਜ਼ਮ ਨੂੰ ਕਾਰ ਨਾਲ ਟੱਕਰ ਮਾਰਨ ਦਾ ਯਤਨ ਵੀ ਕੀਤਾ ਜਿਸ ਦੌਰਾਨ ਉਸ ਦੀ ਲੱਤ ’ਤੇ ਸੱਟ ਵੀ ਲੱਗੀ।
ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜ਼ਿਲ੍ਹਾ ਪੁਲੀਸ ਨੇ ਮੁਹਾਲੀ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ। ਬਾਅਦ ਵਿੱਚ ਐਸਪੀ ਸਿਟੀ ਜਗਜੀਤ ਸਿੰਘ ਜੱਲ੍ਹਾ ਅਤੇ ਡੀਐਸਪੀ ਸਿਟੀ-1 ਆਲਮ ਵਿਜੇ ਸਿੰਘ ਵੀ ਮੌਕੇ ’ਤੇ ਪਹੁੰਚ ਗਏ ਅਤੇ ਬੈਂਕ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ।
ਡੀਐਸਪੀ ਆਲਮ ਵਿਜੇ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਅਮਰੀਕਾ ‘ਚ ਜਲੰਧਰ ਦੇ ਭੈਣ-ਭਰਾ ਦੀ ਸੜਕ ਹਾਦਸੇ ‘ਚ ਮੌਤ

ਸਿਆਟਲ-ਜਲੰਧਰ ਦੇ ਨੇੜੇ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ ਲਾਲੀ ਨੇ ਨਵੀਂ ਗੱਡੀ ਖਰੀਦੀ ਸੀ ਜਿਹੜੇ ਆਪਣੀ ਭੈਣ ਕਵਨੀਤ ਨੂੰ ਘਰ ਦੇ ਆਲੇ ਦੁਆਲੇ ਚੱਕਰ ਲਾਉਣ ਲਈ ਘਰੋਂ ਨਿਕਲਿਆ, ਪ੍ਰੰਤੂ ਨੇੜੇ ਮੋੜ ਤੋਂ ਗੱਡੀ ਬੇਕਾਬੂ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗੀ, ਜੱਥੇ ਦੋਵਾਂ ਬੱਚਿਆਂ ਦੀ ਮੌਤ ਹੋ ਗਈ। ਜਿਸ ਦਾ ਪੁਲਿਸ ਰਾਹੀਂ 4 ਘੰਟੇ ਬਾਅਦ ਘਰ ਵਾਲਿਆਂ ਨੂੰ ਪਤਾ ਲੱਗਾ।

ਕਾਰ ਅਤੇ ਕੈਂਟਰ ਦੀ ਟੱਕਰ ’ਚ ਪੱਤਰਕਾਰ ਸਮੇਤ ਤਿੰਨ ਹਲਾਕ

ਜਲਾਲਾਬਾਦ-ਇੱਥੇ ਜਲਾਲਾਬਾਦ-ਫ਼ਾਜ਼ਿਲਕਾ ਮੁੱਖ ਮਾਰਗ ’ਤੇ ਸਥਿਤ ਬਸਤੀ ਬਾਬਾ ਸਰੂਪ ਦਾਸ ਨੇੜੇ ਬੀਤੀ ਰਾਤ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਪੱਤਰਕਾਰ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਫਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸੁਭਾਗਿਆ ਅਤੇ ਲੈਕਚਰਾਰ ਅਸ਼ੋਕ ਮਦਾਨ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਵਾਸੀ ਪੱਤਰਕਾਰ ਪਵਨ ਧੂੜੀਆ ਚੰਡੀਗੜ੍ਹ ਪੜ੍ਹਦੀ ਆਪਣੀ ਧੀ ਨੂੰ ਛੱਡ ਕੇ ਵਾਪਸ ਫ਼ਾਜ਼ਿਲਕਾ ਜਾ ਰਹੇ ਸਨ ਕਿ ਅਚਾਨਕ ਪਸ਼ੂ ਅੱਗੇ ਆਉਣ ਨਾਲ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੇ ਕੈਂਟਰ ਨਾਲ ਟਕਰਾ ਗਈ। ਇਸ ਨਾਲ ਕਾਰ ਵਿੱਚ ਸਵਾਰ ਤਿੰਨਾਂ ਜਣਿਆਂ ਦੀ ਮੌਤ ਹੋ ਗਈ। ਹਾਦਸੇ ਬਾਰੇ ਪਤਾ ਲੱਗਣ ’ਤੇ ਥਾਣਾ ਸਦਰ ਮੁਖੀ ਜੇ.ਜੇ. ਅਟਵਾਲ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਲਾਸ਼ਾਂ ਬਾਹਰ ਕੱਢੀਆਂ। ਕਾਰਵਾਈ ਉਪਰੰਤ ਪੁਲੀਸ ਵੱਲੋਂ ਲਾਸ਼ਾਂ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤੀਆਂ ਗਈਆਂ ਹਨ। ਦੂਜੇ ਪਾਸੇ, ਜਲਾਲਾਬਾਦ ਪ੍ਰੈਸ ਕਲੱਬ ਵੱਲੋਂ ਪੱਤਰਕਾਰ ਪਵਨ ਧੂੜੀਆ ਤੇ ਉਨ੍ਹਾਂ ਦੀ ਪਤਨੀ ਅਤੇ ਲੈਕਚਰਾਰ ਅਸ਼ੋਕ ਮਦਾਨ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

ਬਿਜਲਈ ਵਾਹਨਾਂ ’ਤੇ ਕੇਂਦਰਿਤ ਹੋਵੇਗੀ ਨਵੀਂ ਸਨਅਤੀ ਨੀਤੀ : ਕੈਪਟਨ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਮਹਿੰਦਰਾ ਤੇ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਗੋਇਨਕਾ ਨਾਲ ਮੀਟਿੰਗ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਵਾਤਾਵਰਨ ਪੱਖੀ ਬਿਜਲਈ ਵਾਹਨਾਂ ਨੂੰ ਵੱਡੀ ਪੱਧਰ ’ਤੇ ਉਤਸ਼ਾਹਤ ਕਰਨ ਦੀ ਯੋਜਨਾ ਬਣਾਈ ਗਈ ਹੈ ਅਤੇ ਨਵੀਂ ਸਨਅਤੀ ਨੀਤੀ ਵੀ ਇਸ ’ਤੇ ਕੇਂਦਰਿਤ ਹੋਵੇਗੀ।
ਸ੍ਰੀ ਗੋਇਨਕਾ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿੱਚ ਬਿਜਲਈ ਵਾਹਨਾਂ ਨੂੰ ਉਤਸ਼ਾਹਤ ਕਰਨ ਵਿੱਚ ਨਿਵੇਸ਼ ਦੀ ਇਛੁੱਕ ਹੈ। ਉਨ੍ਹਾਂ ਨੇ ਸੂਬੇ ਵਿੱਚ ਗਰੀਨ ਐਨਰਜੀ ਦਾ ਪਾਸਾਰ ਅਤੇ ਰੁਜ਼ਗਾਰ ਦੀ ਪੈਦਾਵਾਰ ਲਈ ਬਿਜਲਈ ਟੈਕਸੀਆਂ ਲਿਆਉਣ ਦੀ ਸਕੀਮ ਬਣਾਉਣ ਦਾ ਸੁਝਾਅ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਚੀਨ ਦੀ ਕੰਪਨੀ ਯਿਨਲੌਂਗ ਨੇ ਹਾਲ ਹੀ ਵਿੱਚ ਸੂਬੇ ’ਚ ਬਿਜਲਈ ਕਾਰਾਂ ਅਤੇ ਬੱਸਾਂ ਦੀ ਸ਼ੁਰੂਆਤ ਕਰਨ ਦੀ ਸੰਭਾਵਨਾ ਬਾਰੇ ਉਨ੍ਹਾਂ ਨਾਲ ਵਿਚਾਰ ਕੀਤੀ ਸੀ। ਸਰਕਾਰ ਵੱਲੋਂ ਬਿਜਲਈ ਟੈਕਸੀਆਂ ਲਈ ਓਲਾ ਨਾਲ ਗੱਲਬਾਤ ਚਲਾਈ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਿਜਲਈ ਵਾਹਨਾਂ ਨੂੰ ਰਵਾਇਤੀ ਵਾਹਨਾਂ ਦਾ ਬਦਲ ਬਣਾਉਣ ਦੀ ਇਛੁੱਕ ਹੈ ਕਿਉਂਕਿ ਪੈਟਰੋਲ ਤੇ ਡੀਜ਼ਲ ’ਤੇ ਚਲਦੇ ਵਾਹਨ ਵੱਧ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਊਬਰ ਵਾਂਗ ਟਰੈਕਟਰਾਂ ਲਈ ਵੀ ਟਰਿੰਗੋ ਨਾਂ ਦੀ ਐਪ ਸ਼ੁਰੂ ਕਰਨ ਦੇ ਪ੍ਰਸਤਾਵ ’ਤੇ ਵਿਚਾਰ ਕੀਤੀ ਗਈ। ਇਹ ਐਪ ਟਰੈਕਟਰ ਮਾਲਕਾਂ ਨੂੰ ਆਪਣਾ ਵਾਹਨ ਕਿਰਾਏ ’ਤੇ ਦੇਣ ਦੇ ਯੋਗ ਬਣਾਏਗੀ। ਸ੍ਰੀ ਗੋਇਨਕਾ ਵੱਲੋਂ ਪੰਜਾਬ ਵਿੱਚ ਆਪਣੇ ਟਰੈਕਟਰ ਯੂਨਿਟਾਂ ਦੇ ਪਾਸਾਰ ਲਈ ਕੀਤੀ ਅਪੀਲ ’ਤੇ ਮੁੱਖ ਮੰਤਰੀ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਇਸ ਸਬੰਧ ਵਿੱਚ ਤਜਵੀਜ਼ ਸੌਂਪਣ ਲਈ ਆਖਿਆ।
ਮੁੱਖ ਮੰਤਰੀ ਨੇ ਕੰਪਨੀ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਯਤਨਾਂ ਲਈ ਸਹਾਇਤਾ ਕਰਨ ਦੀ ਅਪੀਲ ਕੀਤੀ। ਸ੍ਰੀ ਗੋਇਨਕਾ ਮੁਤਾਬਕ ਮਹਿੰਦਰਾ ਐਂਡ ਮਹਿੰਦਰਾ ਨੇ ਬਰਾਮਦ ਕਰਨ ਲਈ ਆਲੂਆਂ ਦਾ ਬੀਜ ਵਿਕਸਿਤ ਕਰਨ ਵਿੱਚ ਦਿਲਚਸਪੀ ਦਿਖਾਈ। ਕੰਪਨੀ ਨੇ ਸਨਅਤੀ ਕਾਮਿਆਂ ਲਈ ਸਿਖਲਾਈ ਸੰਸਥਾਵਾਂ ਸਥਾਪਤ ਕਰਨ ਵਿੱਚ ਦਿਲਚਸਪੀ ਜ਼ਾਹਰ ਕੀਤੀ, ਜਿਸ ਲਈ ਮੁੱਖ ਮੰਤਰੀ ਨੇ ਨਵੀਂ ਸੰਸਥਾ ਬਣਾਉਣ ਜਾਂ ਮੌਜੂਦਾ ਆਈ.ਟੀ.ਆਈ. ਨਾਲ ਸਮਝੌਤਾ ਕਰਨ ਦਾ ਸੁਝਾਅ ਦਿੱਤਾ। ਕੰਪਨੀ ਵੱਲੋਂ ਲੁਧਿਆਣਾ ਵਿੱਚ ਮਹਿੰਦਰਾ ਵਰਲਡ ਯੂਨੀਵਰਸਿਟੀ ਸਥਾਪਤ ਕਰਨ ਦੀ ਬਣਾਈ ਯੋਜਨਾ ’ਤੇ ਵੀ ਵਿਚਾਰ ਕੀਤੀ ਗਈ।