Home / ਮੁੱਖ ਖਬਰਾਂ (page 9)

ਮੁੱਖ ਖਬਰਾਂ

ਮੋਦੀ ਹਰੇਕ ਵਿਅਕਤੀ ਨੂੰ ਚੌਕੀਦਾਰ ਬਣਾਉਣਾ ਚਾਹੁੰਦੇ ਹਨ : ਸਿੱਧੂ

ਕਿਸ਼ਨਗੰਜ (ਬਿਹਾਰ)-ਕ੍ਰਿਕਟਰ ਤੋਂ ਸਿਆਸਤਦਾਨ ਬਣੇ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਰਿੰਦਰ ਮੋਦੀ ਸਰਕਾਰ ਦੀ ‘ਮੈਂ ਵੀ ਚੌਕੀਦਾਰ’ ਮੁਹਿੰਮ ‘ਤੇ ਇਹ ਕਹਿੰਦਿਆਂ ਨਿਸ਼ਾਨਾ ਕੱਸਿਆ ਕਿ ਇਹ ਸ਼ਾਸਨ ਦੇਸ਼ ਦੇ ਹਰ ਵਿਅਕਤੀ ਨੂੰ ਚੌਕੀਦਾਰ ਬਣਾਉਣ ‘ਚ ਰੁੱਝਿਆ ਹੋਇਆ ਸੀ ਜਦਕਿ ਵਿਕਸਿਤ ਰਾਸ਼ਟਰ ਨਵੇਂ ਦਿਸਹੱਦਿਆਂ ਦੀ ਤਲਾਸ਼ ਕਰ ਰਹੇ ਸਨ | ਸਿੱਧੂ ਨੇ ਇਥੇ ਕੀਤੀ ਇਕ ਚੋਣ ਰੈਲੀ ਦੌਰਾਨ ਕਿਹਾ ਕਿ ਚੀਨ ਪਾਣੀ ਦੇ ਥੱਲੇ ਰੇਲਵੇ ਲਾਈਨ ਵਿਛਾ ਰਿਹਾ ਹੈ | ਅਮਰੀਕਾ ਪੁਲਾੜ ‘ਚ ਜੀਵਨ ਨੂੰ ਬਣਾਈ ਰੱਖਣ ਦੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ | ਰੂਸ ਸ਼ਾਨਦਾਰ ਰੋਬੋਟ ਬਣਾ ਰਿਹਾ ਹੈ ਅਤੇ ਇਥੇ ਇਹ ਲੋਕ ਹਨ ਜੋ ਹਰ ਵਿਅਕਤੀ ਨੂੰ ਚੌਕੀਦਾਰ ਬਣਾਉਣ ‘ਤੇ ਅੜੇ ਹੋਏ ਹਨ | ਕਾਂਗਰਸੀ ਆਗੂ ਨੇ ਕਿਹਾ ਕਿ ਇਹ ਚੌਕੀਦਾਰ ਵੱਡੇ ਕਾਰੋਬਾਰੀਆਂ ਦੇ ਮਹੱਲਾਂ ਦੀ ਰਾਖੀ ਕਰਦੇ ਹਨ | ਉਨ੍ਹਾਂ ਨੂੰ ਝੌਾਪੜੀਆਂ ‘ਚ ਰਹਿ ਰਹੇ ਆਮ ਲੋਕਾਂ ਦੀ ਚਿੰਤਾ ਨਹੀਂ | ‘ਸਬਕਾ ਸਾਥ ਸਬਕਾ ਵਿਕਾਸ’ ਨਾਅਰਾ ਖੋਖਲਾ ਹੈ | ਇਸ ਸ਼ਾਸਨ ‘ਚ ਸਿਰਫ ਅਡਾਨੀ ਅਤੇ ਅੰਬਾਨੀ ਵਰਗੇ ਲੋਕਾਂ ਦਾ ਹੀ ਵਿਕਾਸ ਹੋਇਆ ਹੈ | ਭਾਜਪਾ ਸਰਕਾਰ ਨੇ 3 ਮੋਦੀ ਪੈਦਾ ਕੀਤੇ ਨਰਿੰਦਰ, ਲਲਿਤ ਅਤੇ ਨੀਰਵ | ਰਾਫੇਲ ਦੇ ਦਸਤਾਵੇਜ਼ ਚੋਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਸੰਦੇਵਨਸ਼ੀਲ ਪੇਪਰ ਵੀ ਸੰਭਾਲ ਨਹੀਂ ਸਕਦੀ | ਇਕ ਦੇਸ਼ ਨੂੰ ਚਲਾਉਣ ਲਈ ਉਹ ਕਿਸ ਸਮਰੱਥਾ ਦੀ ਗੱਲ ਕਰ ਸਕਦੇ ਹਨ | ਮੋਦੀ ਕੋਲੋਂ ਸੱਚ ਉਗਲਵਾਉਣਾ ਬਹੁਤ ਮੁਸ਼ਕਿਲ ਹੈ | ਇਕੋ ਸਾਹ ‘ਚ ਕਰੋੜਾਂ ਅਤੇ ਪਕੌੜੇ ਵੇਚਣ ਦੀ ਗੱਲ ਕਰ ਸਕਦੇ ਹਨ | ਲੋਕ ਸਭਾ ਹਲਕਾ, ਜਿਥੇ ਦੀ ਜ਼ਿਆਦਾਤਰ ਵਸੋਂ ਮੁਸਲਿਮ ਹੈ, ਵਿਖੇ ਕਾਂਗਰਸੀ ਆਗੂ ਨੇ ਕਿਹਾ ਕਿ ਮੰਦਿਰਾਂ ਅਤੇ ਮਸਜਿਦਾਂ ਦੀਆਂ ਗੱਲਾਂ ਛੱਡ ਦਿਓ | ਦੇਸ਼ ਦੇ ਲੋਕ ਬੇਰੁਜ਼ਗਾਰ ਹਨ | ਦੱਸੋ ਉਨ੍ਹਾਂ ਨੂੰ ਨਿਵਾਲਾ ਦੇਣ ਲਈ ਤੁਸੀਂ ਕੀ ਕਰ ਸਕਦੇ ਹੋ |

ਪਾਦਰੀ ਦੇ 6 ਕਰੋੜ ਗੁੰਮ: ਪੁਲੀਸ ਅਫ਼ਸਰਾਂ ਖਿ਼ਲਾਫ਼ ਹੋਵੇਗਾ ਕੇਸ ਦਰਜ

ਚੰਡੀਗੜ੍ਹ-ਪੰਜਾਬ ਪੁਲੀਸ ਵੱਲੋਂ ਜਲੰਧਰ ਦੇ ਪਾਦਰੀ ਦੀ 6 ਕਰੋੜ ਰੁਪਏ ਦੀ ਰਕਮ ‘ਹਜ਼ਮ’ ਕਰਨ ਦੇ ਦੋਸ਼ਾਂ ’ਚ ਘਿਰੇ ਪੁਲੀਸ ਅਫ਼ਸਰਾਂ ਖਿਲਾਫ਼ ਮਾਮਲਾ ਦਰਜ ਕਰਨ ਦਾ ਫੈਸਲਾ ਕਰ ਲਿਆ ਹੈ। ਉਚ ਪੱਧਰੀ ਸੂਤਰਾਂ ਦਾ ਦੱਸਣਾ ਹੈ ਕਿ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਪਰਵੀਨ ਕੁਮਾਰ ਸਿਨਹਾ ਵੱਲੋਂ ਕੀਤੀ ਮੁੱਢਲੀ ਪੜਤਾਲ ਦੌਰਾਨ ਡੀ.ਐੱਸ.ਪੀ. ਰੈਂਕ ਦੇ ਦੋ ਪੁਲੀਸ ਅਫ਼ਸਰਾਂ ਅਤੇ ਦੋ ਸਬ ਇੰਸਪੈਕਟਰਾਂ ਦੀ ਇਸ ਵੱਡੀ ਰਕਮ ਨੂੰ ਹੜੱਪ ਕਰਨ ਦੀ ਰਣਨੀਤੀ ਘੜਨ ਦੇ ਤੱਥ ਸਾਹਮਣੇ ਆਏ ਹਨ। ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਸ੍ਰੀ ਸਿਨਹਾ ਦੀ ਰਿਪੋਰਟ ਦੀ ਸਮੀਖਿਆ ਕਰਨ ਤੋਂ ਬਾਅਦ ਪੁਲੀਸ ਅਫ਼ਸਰਾਂ ਤੇ ਕਰਮਚਾਰੀਆਂ ਖਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਫੈਸਲਾ ਕੀਤਾ ਹੈ। ਪੁਲੀਸ ਵੱਲੋਂ ਜਲੰਧਰ ’ਚ ਛਾਪਾ ਮਾਰਨ ਸਮੇਂ ਵੱਡੀਆਂ ਖਾਮੀਆਂ ਵੀ ਸਾਹਮਣੇ ਆਈਆਂ ਹਨ। ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕ੍ਰਾਈਮ ਵਿੰਗ ਵੱਲੋਂ ਇਹ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ ਤੇ ਪੁਲੀਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਤਫ਼ਤੀਸ਼ ਕਰਨ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਸੀਨੀਅਰ ਪੁਲੀਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ’ਚ ਕਾਉਂਟਰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਇੱਕ ਡੀ.ਐੱਸ.ਪੀ. ਅਤੇ ਖੰਨਾ ’ਚ ਤਾਇਨਾਤ ਇੱਕ ਡੀ.ਐੱਸ.ਪੀ. ਸਮੇਤ ਪਟਿਆਲਾ ਤੋਂ ਗੈਰਹਾਜ਼ਰ ਚੱਲੇ ਆ ਰਹੇ ਦੋ ਸਬ ਇੰਸਪੈਕਟਰਾਂ ਦੀ ਭੂਮਿਕਾ ਪਾਦਰੀ ਐਂਥਨੀ ਦਾ ਪੈਸਾ ਖੁਰਦ ਬੁਰਦ ਕਰਨ ’ਚ ਅਹਿਮ ਭੂਮਿਕਾ ਮੰਨੀ ਜਾ ਰਹੀ ਹੈ। ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਮਾਮਲਾ ਈਸਾਈ ਭਾਈਚਾਰੇ ਨਾਲ ਜੁੜਿਆ ਹੋਣ ਕਾਰਨ ਪੈਸਾ ਗਾਇਬ ਕਰਨ ਦੀ ਗੂੰਜ ਸੋਨੀਆ ਗਾਂਧੀ ਦੇ ਦਰਬਾਰ ’ਚ ਵੀ ਪਈ ਹੈ। ਇਸ ਲਈ ਇਹ ਮਾਮਲਾ ਕੈਪਟਨ ਸਰਕਾਰ ਅਤੇ ਸੂਬਾਈ ਪੁਲੀਸ ਲਈ ਭਾਰੀ ਨਮੋਸ਼ੀ ਦਾ ਕਾਰਨ ਵੀ ਬਣ ਗਿਆ ਹੈ।
ਖੰਨਾ ਪੁਲੀਸ ਵੱਲੋਂ 31 ਮਾਰਚ ਨੂੰ ਦਾਅਵਾ ਕੀਤਾ ਗਿਆ ਸੀ ਕਿ ਸੜਕ ’ਤੇ ਨਾਕੇ ਦੌਰਾਨ ਐਂਥਨੀ ਨਾਂਅ ਦੇ ਪਾਦਰੀ ਤੋਂ 9 ਕਰੋੜ 66 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਹੈ। ਇਸ ਤੋਂ ਅਗਲੇ ਹੀ ਦਿਨ ਪਾਦਰੀ ਵੱਲੋਂ ਜਲੰਧਰ ’ਚ ਅਸਲ ਕਹਾਣੀ ਬਿਆਨ ਕਰਦਿਆਂ ਦਾਅਵਾ ਕੀਤਾ ਗਿਆ ਕਿ ਪੁਲੀਸ ਵੱਲੋਂ ਜਲੰਧਰ ਤੋਂ 15 ਕਰੋੜ 65 ਲੱਖ ਰੁਪਏ ਦੀ ਰਾਸ਼ੀ ‘ਕਬਜ਼ੇ’ ਵਿੱਚ ਲਈ ਗਈ ਸੀ ਤੇ ਦੱਸੀ 9 ਕਰੋੜ 66 ਲੱਖ ਰੁਪਏ ਹੈ। ਇਸ ਤਰ੍ਹਾਂ ਨਾਲ 5 ਕਰੋੜ 99 ਲੱਖ ਰੁਪਏ ਦੀ ਰਾਸ਼ੀ ਖੁਰਦ ਬੁਰਦ ਕਰਨ ਦੇ ਦੋਸ਼ਾਂ ’ਚ ਪੁਲੀਸ ਘਿਰ ਗਈ। ਵਿਵਾਦਾਂ ’ਚ ਘਿਰੀ ਪੁਲੀਸ ਨੇ ਇਸ ਦੀ ਜਾਂਚ ਆਈਜੀ ਪ੍ਰਵੀਨ ਕੁਮਾਰ ਸਿਨਹਾ ਨੂੰ ਸੌਂਪ ਦਿੱਤੀ। ਇਸ ਜਾਂਚ ਦੌਰਾਨ ਅਹਿਮ ਤੱਥ ਸਾਹਮਣੇ ਆਏ ਹਨ। ਸੂਤਰਾਂ ਦਾ ਦੱਸਣਾ ਹੈ ਕਿ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਵੱਲੋਂ ਜਲੰਧਰ ’ਚ ਪਾਦਰੀ ਦੇ ਘਰ ਛਾਪਾ ਮਾਰਿਆ ਗਿਆ। ਇਸ ਛਾਪੇ ਸਬੰਧੀ ਜਲੰਧਰ ਪੁਲੀਸ ਜਾਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਕੋਈ ਸੂਚਨਾ ਹੀ ਨਹੀਂ ਦਿੱਤੀ ਗਈ। ਇਸ ਜਾਂਚ ਦੌਰਾਨ ਸਭ ਤੋਂ ਵੱਡਾ ਤੱਥ ਸਾਹਮਣੇ ਇਹ ਆਇਆ ਹੈ ਕਿ ਇਹ ਦੋਵੇਂ ਸਬ ਇੰਸਪੈਕਟਰ ਜੋ ਕਿ ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ ਹਨ, ਦੀ ਆਰਜ਼ੀ ਤਾਇਨਾਤੀ ਡੀਜੀਪੀ ਦਫ਼ਤਰ ਵੱਲੋਂ 27 ਮਾਰਚ ਨੂੰ ਖੰਨਾ ਵਿਖੇ ਕੀਤੀ ਜਾਂਦੀ ਹੈ। ਡੀ.ਜੀ.ਪੀ. ਦਫ਼ਤਰ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਹ ਹੁਕਮ ਜਾਰੀ ਨਹੀਂ ਸਨ ਹੋਏ ਤੇ ਕਿਸੇ ਪੁਲੀਸ ਮੁਲਾਜ਼ਮ ਨੇ ਵੱਟਸ ਐਪ ਰਾਹੀਂ ਫੋਟੋ ਹਾਸਲ ਕੀਤੀ ਸੀ। ਜਾਂਚ ਦੌਰਾਨ ਸਨਸਨੀਖੇਜ਼ ਤੱਥ ਸਾਹਮਣੇ ਇਹ ਆਇਆ ਹੈ ਕਿ ਛਾਪਾ ਮਾਰਨ ਵਾਲੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਪਟਿਆਲਾ ਤੋਂ ਗੈਰਹਾਜ਼ਰ ਚੱਲੇ ਆ ਰਹੇ ਹਨ।
ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਾਦਰੀ ਵੱਲੋਂ 6 ਕਰੋੜ ਰੁਪਏ ਦੀ ਰਾਸ਼ੀ ਖੁਰਦ ਬੁਰਦ ਕਰਨ ਦੇ ਲਾਏ ਦੋਸ਼ਾਂ ਵਿੱਚ ਕਾਫ਼ੀ ਸੱਚਾਈ ਦਿਖਾਈ ਦੇ ਰਹੀ ਹੈ। ਇਸ ਲਈ ਪਰਚਾ ਦਰਜ ਕਰਕੇ ਸਬ ਇੰਸਪੈਕਟਰਾਂ ਦੀ ਹਿਰਾਸਤੀ ਪੁੱਛਗਿੱਛ ਕੀਤੀ ਜਾਵੇਗੀ।
ਸੀਨੀਅਰ ਪੁਲੀਸ ਅਧਿਕਾਰੀਆਂ ਦਾ ਇਹ ਵੀ ਦੱਸਣਾ ਹੈ ਕਿ ਪਟਿਆਲਾ ਜ਼ਿਲ੍ਹੇ ਵਿੱਚ ਤਾਇਨਾਤ ਇਨ੍ਹਾਂ ਦੋਵੇਂ ਸਬ ਇੰਸਪੈਕਟਰਾਂ ਨੂੰ ਕਾਉਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਇੱਕ ਡੀ.ਐੱਸ.ਪੀ. ਵੱਲੋਂ ਸ੍ਰਪਰਸਤੀ ਦਿੱਤੀ ਜਾ ਰਹੀ ਹੈ। ਜਿਸ ਕਰਕੇ ਇਹ ਡੀਐੱਸਪੀ ਵੀ ਵਿਵਾਦਾਂ ਵਿੱਚ ਘਿਰ ਗਿਆ ਹੈ ਤੇ ਇਸ ਡੀ.ਐੱਸ.ਪੀ. ਦੀ ਕਾਰਗੁਜ਼ਾਰੀ ਤੋਂ ਮੁੱਖ ਮੰਤਰੀ ਦਾ ਦਫ਼ਤਰ ਦੀ ਚੌਕੰਨਾ ਹੋ ਗਿਆ ਹੈ। ਇਸੇ ਤਰ੍ਹਾਂ ਖੰਨਾਂ ’ਚ ਤਾਇਨਾਤ ਇੱਕ ਡੀ.ਐੱਸ.ਪੀ. ਰੈਂਕ ਦੇ ਅਫ਼ਸਰ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਮੰਨੀ ਜਾ ਰਹੀ ਹੈ। ਪਾਦਰੀ ਦੇ ਜਲੰਧਰ ਸਥਿਤ ਘਰ ਤੋਂ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਕਰਨ ਤੋਂ ਬਾਅਦ ਇਨ੍ਹਾਂ ਪੁਲੀਸ ਅਫ਼ਸਰਾਂ ਨੇ ਖੰਨਾ ਆਉਣ ਲਈ ਵਾਇਆ ਮੋਗਾ ਰੂਟ ਦੀ ਵਰਤੋਂ ਕੀਤੀ ਜਿਸ ਨੇ ਸ਼ੱਕ ਹੋਰ ਵੀ ਡੂੰਘਾ ਕਰ ਦਿੱਤਾ ਹੈ।

ਸਿਆਸੀ ਫੰਡਾਂ ਦੇ ਵੇਰਵੇ ਦੇਣੇ ਪੈਣਗੇ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਚੋਣ ਬਾਂਡ ਰਾਹੀਂ ਸਿਆਸੀ ਪਾਰਟੀਆਂ ਨੂੰ ਫੰਡ ਦੇਣ ’ਤੇ ਰੋਕ ਤਾਂ ਨਹੀਂ ਲਾਈ ਪਰ ਉਸ ਨੇ ਇਸ ਯੋਜਨਾ ’ਚ ਪਾਰਦਰਸ਼ਤਾ ਲਿਆਉਣ ਲਈ ਕਈ ਕਦਮ ਉਠਾਏ ਹਨ।
ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਚੋਣ ਕਮਿਸ਼ਨ ਨੂੰ ਅਜਿਹੇ ਮਿਲਣ ਵਾਲੇ ਫੰਡਾਂ ਦੀ ਰਸੀਦ ਅਤੇ ਦਾਨੀਆਂ ਦੀ ਪਛਾਣ ਦਾ ਬਿਉਰਾ ਸੀਲਬੰਦ ਲਿਫ਼ਾਫ਼ੇ ’ਚ ਸੌਂਪਣ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ’ਤੇ ਆਧਾਰਿਤ ਬੈਂਚ ਨੇ ਆਪਣੇ ਅੰਤਰਿਮ ਹੁਕਮਾਂ ’ਚ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਚੋਣ ਬਾਂਡ ਦੀ ਰਕਮ ਅਤੇ ਦਾਨੀਆਂ ਦੇ ਬੈਂਕ ਖ਼ਾਤਿਆਂ ਦਾ ਬਿਉਰਾ 30 ਮਈ ਤਕ ਚੋਣ ਕਮਿਸ਼ਨ ਨੂੰ ਮੁਹੱਈਆ ਕਰਾਉਣ।
ਬੈਂਚ ਨੇ ਕੇਂਦਰ ਦੀ ਇਸ ਦਲੀਲ ਨੂੰ ਨਕਾਰ ਦਿੱਤਾ ਕਿ ਉਸ ਨੂੰ ਅਜਿਹੇ ਮੌਕੇ ’ਤੇ ਚੋਣ ਬਾਂਡ ਯੋਜਨਾ ’ਚ ਦਖ਼ਲ ਨਹੀਂ ਦੇਣਾ ਚਾਹੀਦਾ ਹੈ ਅਤੇ ਆਮ ਚੋਣਾਂ ਮਗਰੋਂ ਹੀ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਇਸ ’ਤੇ ਅਮਲ ਹੋਇਆ ਹੈ ਜਾਂ ਨਹੀਂ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਚੋਣ ਬਾਂਡ ਯੋਜਨਾ ਨੂੰ ਕਾਨੂੰਨ ਦੇ ਘੇਰੇ ’ਚ ਲਿਆਉਣ ਦੇ ਮੰਤਵ ਨਾਲ ਆਮਦਨ ਕਰ, ਜਨਪ੍ਰਤੀਨਿਧ ਅਤੇ ਵਿੱਤ ਕਾਨੂੰਨਾਂ ਆਦਿ ’ਚ ਕੀਤੀਆਂ ਗਈਆਂ ਸੋਧਾਂ ’ਤੇ ਵਿਸਥਾਰ ਨਾਲ ਵਿਚਾਰ ਕਰੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਕਿਸੇ ਇਕ ਸਿਆਸੀ ਪਾਰਟੀ ਵੱਲ ਉਸ ਦਾ ਪੱਲੜਾ ਭਾਰੀ ਨਾ ਹੋਵੇ। ਬੈਂਚ ਨੇ ਚੋਣ ਬਾਂਡ ਖ਼ਰੀਦਣ ਦੀ ਮਿਆਦ ਅਪਰੈਲ-ਮਈ ’ਚ 10 ਦਿਨ ਤੋਂ ਘਟਾ ਕੇ ਪੰਜ ਦਿਨ ਕਰਨ ਦੇ ਨਿਰਦੇਸ਼ ਵਿੱਤ ਮੰਤਰਾਲੇ ਨੂੰ ਦਿੱਤੇ ਅਤੇ ਕਿਹਾ ਕਿ ਉਹ ਗ਼ੈਰ-ਸਰਕਾਰੀ ਜਥੇਬੰਦੀ (ਐਨਜੀਓ) ਦੀ ਪਟੀਸ਼ਨ ਦਾ ਨਿਬੇੜਾ ਕਰਨ ਦੀ ਤਰੀਕ ਬਾਅਦ ’ਚ ਤੈਅ ਕਰਨਗੇ। ਐਨਜੀਓ ਐਸੋਸੀਏਸ਼ਨ ਆਫ਼ ਡੈਮੋਕਰੈਟਿਕ ਰਿਫਾਰਮਜ਼ ਨੇ ਇਸ ਯੋਜਨਾ ਦੀ ਵੈਧਤਾ ਨੂੰ ਚੁਣੌਤੀ ਦਿੰਦਿਆਂ ਚੋਣ ਬਾਂਡ ਯੋਜਨਾ ’ਤੇ ਰੋਕ ਲਾਉਣ ਜਾਂ ਫਿਰ ਦਾਨੀਆਂ ਦੇ ਨਾਮ ਜਨਤਕ ਕਰਨ ਦੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਸੀ। ਕੇਂਦਰ ਸਰਕਾਰ ਨੇ 2 ਜਨਵਰੀ 2018 ’ਚ ਚੋਣ ਬਾਂਡ ਯੋਜਨਾ ਨੂੰ ਨੋਟੀਫਾਈ ਕੀਤਾ ਸੀ। ਯੋਜਨਾ ਅਨੁਸਾਰ ਕੋਈ ਵੀ ਵਿਅਕਤੀ, ਜੋ ਭਾਰਤ ਦਾ ਨਾਗਰਿਕ ਹੈ ਜਾਂ ਜਿਸ ਦੀ ਭਾਰਤ ’ਚ ਕੋਈ ਕੰਪਨੀ ਹੈ, ਚੋਣ ਬਾਂਡ ਖ਼ਰੀਦ ਸਕਦਾ ਹੈ। ਕੋਈ ਵੀ ਵਿਅਕਤੀ ਇਕੱਲਿਆਂ ਜਾਂ ਸਾਂਝੇ ਤੌਰ ’ਤੇ ਚੋਣ ਬਾਂਡ ਖ਼ਰੀਦ ਸਕਦਾ ਹੈ। ਜਨਪ੍ਰਤੀਨਿਧ ਕਾਨੂੰਨ ਦੀ ਧਾਰਾ 29ਏ ਤਹਿਤ ਰਜਿਸਟਰਡ ਸਿਆਸੀ ਪਾਰਟੀਆਂ ਅਤੇ ਜਿਨ੍ਹਾਂ ਨੂੰ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ’ਚ ਇਕ ਫ਼ੀਸਦੀ ਤੋਂ ਘੱਟ ਵੋਟਾਂ ਨਹੀਂ ਮਿਲੀਆਂ ਹਨ, ਉਹ ਚੋਣ ਬਾਂਡ ਹਾਸਲ ਕਰਨ ਦੇ ਯੋਗ ਹੋਣਗੇ। ਨੋਟੀਫਿਕੇਸ਼ਨ ਮੁਤਾਬਕ ਇਸ ਚੋਣ ਬਾਂਡ ਦੀ ਯੋਗਤਾ ਰੱਖਣ ਵਾਲੀਆਂ ਸਿਆਸੀ ਪਾਰਟੀਆਂ ਕੌਮੀਕ੍ਰਿਤ ਬੈਂਕ ’ਚ ਖ਼ਾਤੇ ਰਾਹੀਂ ਉਨ੍ਹਾਂ ਦੀ ਵਰਤੋਂ ਕਰ ਸਕਣਗੀਆਂ।

ਮੀਨਾਕਸ਼ੀ ਲੇਖੀ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਦਾ ਕੇਸ

ਨਵੀਂ ਦਿੱਲੀ-ਰਾਫ਼ਾਲ ਮੁੱਦੇ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਉਪਰ ਰਾਹੁਲ ਗਾਂਧੀ ਦੀਆਂ ਟਿੱਪਣੀਆਂ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਖ਼ਿਲਾਫ਼ ਮਾਣਹਾਨੀ ਦੀ ਪਟੀਸ਼ਨ ਦਾਖ਼ਲ ਕੀਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਉਹ ਪਟੀਸ਼ਨ ’ਤੇ 15 ਅਪਰੈਲ ਨੂੰ ਸੁਣਵਾਈ ਕਰੇਗਾ। ਨਵੀਂ ਦਿੱਲੀ ਪਾਰਲੀਮਾਨੀ ਹਲਕੇ ਤੋਂ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਅਰਜ਼ੀ ’ਚ ਦੋਸ਼ ਲਾਇਆ ਕਿ ਰਾਹੁਲ ਗਾਂਧੀ ਨੇ ਜਿਹੜੀਆਂ ਨਿੱਜੀ ਟਿੱਪਣੀਆਂ ਕੀਤੀਆਂ ਹਨ, ਉਨ੍ਹਾਂ ਨੂੰ ਸੁਪਰੀਮ ਕੋਰਟ ਦੇ ਨਿਰਦੇਸ਼ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੰਜ ਰਾਹੁਲ ਨੇ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਨਾਕਸ਼ੀ ਲੇਖੀ ਵੱਲੋਂ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਬੈਂਚ ਨੂੰ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਕਥਿਤ ਤੌਰ ’ਤੇ ਇਹ ਟਿੱਪਣੀ ਕੀਤੀ,‘‘ਹੁਣ ਸੁਪਰੀਮ ਕੋਰਟ ਨੇ ਵੀ ਆਖ ਦਿੱਤਾ ਹੈ ਕਿ ਚੌਕੀਦਾਰ ਚੋਰ ਹੈ।’’

ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ ‘ਚ ਬੰਬ ਧਮਾਕਾ, 16 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

ਇਸਲਾਮਾਬਾਦ-ਪਾਕਿਸਤਾਨ ‘ਚ ਥੋੜ੍ਹੀ ਦੇਰ ਪਹਿਲਾਂ ਇਕ ਜ਼ਬਰਦਸਤ ਧਮਾਕਾ ਹੋਇਆ ਹੈ। ਬੰਬ ਧਮਾਕੇ ‘ਚ 16 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦਕਿ 20 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਵਿਚੋਂ ਕਈਆਂ ਦੀ ਹਾਲਾਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਪਾਕਿਸਤਾਨ ਦੇ ਇਕ ਭੀੜ ਭੜੱਕੇ ਵਾਲੇ ਇਲਾਕੇ, ਕੁਏਟਾ ਦੀ ਹਜ਼ਾਰਗਾਂਜੀ ਸਬਜ਼ੀ ਮੰਡੀ ‘ਚ ਹੋਇਆ ਹੈ। ਸਵੇਰ ਦੇ ਸਮੇਂ ਸਬਜ਼ੀ ਮੰਡੀ ‘ਚ ਕਾਫ਼ੀ ਭੀੜ ਹੋਣ ਕਾਰਨ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਜ਼ਿਆਦਾ ਹੋਣ ਦਾ ਖਦਸ਼ਾ ਹੈ। ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
ਧਮਾਕੇ ਦੀ ਸੂਚਨਾ ਮਿਲਦੇ ਹੀ ਪਾਕਿਸਤਾਨੀ ਪੁਲਿਸ, ਫ਼ੌਜ, ਖ਼ੁਫ਼ੀਆ ਏਜੰਸੀ ਦੇ ਅਧਿਕਾਰੀਆਂ ਸਮੇਤ ਸਾਰਾ ਅਮਲਾ ਮੌਕੇ ‘ਤੇ ਜੁਟ ਗਿਆ ਹੈ। ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਪੂਰੇ ਇਲਾਕੇ ਨੂੰ ਜਾਂਚ ਲਈ ਘੇਰ ਲਿਆ ਗਿਆ ਹੈ। ਜ਼ਖ਼ਮੀਆਂ ਨੂੰ ਲਾਗੇ ਦੇ ਹਸਪਤਾਲਾਂ ‘ਚ ਪਹੁੰਚਾਇਆ ਜਾ ਰਿਹਾ ਹੈ।
ਜਿਓ ਨਿਊਜ਼ ਅਨੁਸਾਰ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ ਦੇ ਹਜ਼ਾਰਗਾਂਜੀ ਇਲਾਕੇ ‘ਚ ਹੋਏ ਇਸ ਭਿਆਨਕ ਧਮਾਕੇ ‘ਚ ਜਾਨ ਗੁਆਉਣ ਵਾਲਿਆਂ ‘ਚੋਂ ਸੱਤ ਹਜ਼ਾਰਾਂ ਭਾਈਚਾਰੇ ਦੇ ਹਨ। ਧਮਾਕੇ ਕਾਰਨ ਲਾਗੇ ਦੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸ਼ੁਰੂਆਤ ‘ਚ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਅੱਠ ਦੱਸੀ ਜਾ ਰਹੀ ਸੀ।

ਆਬੂਧਾਬੀ ਵਿਚ ਭਾਰਤੀ ਵਿਦਿਆਰਥੀ ਨੇ ਸਫਾਈ ਤੇ ਖੇਤੀ ਕਰਨ ਵਾਲੇ ਰੋਬਟ ਬਣਾਏ

ਦੁਬਈ-ਆਬੂਧਾਬੀ ਵਿਚ ਭਾਰਤੀ ਵਿਦਿਆਰਥੀ ਸਾਈਂਨਾਥ ਮਣੀਕੰਦਨ ਨੇ ਦੋ ਅਜਿਹੇ ਰੋਬਟ ਤਿਆਰ ਕੀਤੇ ਹਨ, ਜੋ ਵਾਤਾਵਰਣ ਦੀ ਸਫਾਈ ਅਤੇ ਖੇਤੀਬਾੜੀ ਕਾਰਜਾਂ ਨੂੰ ਸੌਖਾਲਾ ਬਣਾਉਣਗੇ। ਮਰੀਨ ਰੋਬਟ ਕਲੀਨਰ ਸਮੁੰਦਰ ਦੀ ਉਪਰਲੀ ਪਰਤ ਨੂੰ ਸਾਫ ਕਰਨ ਵਿਚ ਕਾਰਗਰ ਹਨ, ਜਦ ਕਿ ਖੇਤੀਬਾੜੀ ਰੋਬਟ ਨਾਲ ਡਰੋਨ ਜ਼ਰੀਏ ਬਿਜਾਈ ਕਰਨਾ ਸੌਖਾਲਾ ਹੋਵੇਗਾ। ਇਹ ਉਨ੍ਹਾਂ ਕਿਸਾਨਾਂ ਲਈ ਫਾਇਦੇਮੰਦ ਰਹੇਗਾ ਜੋ ਸੰਯੁਕਤ ਅਰਬ ਅਮੀਰਾਤ ਜਿਹੇ ਗਰਮ ਦੇਸ਼ਾਂ ਵਿਚ ਕੰਮ ਕਰਦੇ ਹਨ।
ਜੇਮਸ ਯੂਨਾਈਟਡ Îਇੰਡੀਅਨ ਸਕੂਲ ਦੇ ਏ ਗਰੇਡ 5 ਦੇ ਵਿਦਿਆਰਥੀ ਨੇ ਜੋ ਐਮਬੋਟ ਤਿਆਰ ਕੀਤੀ ਹੈ, ਉਸ ਦੇ ਜ਼ਰੀਏ ਸਮੁੰਦਰ ਦੀ ਪਰਤ ‘ਤੇ ਤੈਰਨ ਵਾਲੇ ਕਚਰੇ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਨੂੰ ਰਿਮੋਟ ਰਾਹੀਂ ਚਲਾਇਆ ਜਾ ਸਕਦਾ ਹੈ। ਇਸ ਵਿਚ ਲੱਗੀ ਦੋ ਛੜੀਨੁਮਾ ਚੀਜ਼ਾਂ ਜ਼ਰੀਏ ਪਾਣੀ ਵਿਚ ਮੌਜੂਦ ਕਚਰਾ ਸਟੋਰੇਜ ਬਾਸਕੇਟ ਵਿਚ ਪਹੁੰਚਾ ਦਿੱਤਾ ਜਾਂਦਾ ਹੈ। ਐਗਰੀਬੋਟ ਨਾਲ ਖੇਤ ਦੀ ਜਤਾਈ ਸੰਭਵ ਹੈ। ਇਸ ਵਿਚ ਕਈ ਵਿਕਲਪ ਹਨ। ਜਿਸ ਕੰਮ ਨੁੰ ਵੀ ਕਰਨਾ ਹੋਵੇ, ਉਸ ਮੋਡ ‘ਤੇ ਰੋਬਟ ਨੂੰ ਸੈੱਟ ਕਰਨਾ ਪੈਂਦਾ ਹੈ। ਐਗਰੀਬੋਟ ਵਿਚ ਵੀ ਸੋਲਰ ਪੈਨਲ ਲੱਗਾ ਹੈ। ਇਸ ਵਿਚ ਡਰੋਨ ਦੇ ਇਸਤੇਮਾਲ ਦੀ ਵੀ ਸਹੂਲਤ ਹੈ। ਡਰੋਨ ਦੇ ਜ਼ਰੀਏ ਖੇਤਾਂ ਵਿਚ ਬਿਜਾਈ ਕੀਤੀ ਜਾ ਸਕਦੀ ਹੈ।
ਮਣੀਕੰਦਨ ਵਾਤਾਵਰਣ ਨਾਲ ਜੁੜੇ ਕਈ ਪ੍ਰੋਗਰਾਮਾਂ ਨਾਲ ਵੀ ਜੁੜਿਆ ਹੈ। ਤੰਜਾ ਇਕੋ ਜਨਰੇਸ਼ਨ ਦੇ ਪ੍ਰੋਗਰਾਮ ਡਰਾਪ ਇਟ ਯੂਥ ਨਾਲ ਲੰਬੇ ਸਮੇਂ ਤੋਂ ਸਬੰਧ ਹਨ। ਸਾਈਂਨਾਥ ਦਾ ਕਹਿਣਾ ਹੈ ਕਿ ਉਹ ਖੁਦ Îਇੱਕ ਮੁਹਿੰਮ ਚਲਾ ਕੇ ਪੇਪਰ, ਇਲੈਕਟਰਾਨਿਕ ਕਚਰਾ, ਪਲਾਸਟਿਕ ਅਤੇ ਕੇਂਸ ਨੂੰ ਰੀਸਾਇਕਲਿੰਗ ਦੇ ਲਈ ਇਕੱਠਾ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਰੀ ਸਾਈਕਲਿੰਗ ਦੇ ਜ਼ਰੀਏ ਵਾਤਾਵਰਣ ਨੂੰ ਹਮੇਸ਼ਾ ਲਈ ਸਵੱਛ ਰੱਖਿਆ ਜਾ ਸਕਦਾ ਹੈ। ਜੋ ਚੀਜ਼ਾਂ ਕਰਚੇ ਦੀ ਸ਼ਕਲ ਲੈ ਚੁੱਕੀਆਂ ਹਨ, ਉਨ੍ਹਾਂ ਨਾਲ ਉਪਯੋਗੀ ਸਮਾਨ ਤਿਆਰ ਹੋ ਸਕਦਾ ਹੈ। ਇਸ ਦੇ ਨਾਲ ਕੂੜੇ ਦੇ ਢੇਰ Îਇੱਥੇ ਉਥੇ ਦਿਖਾਈ ਨਹੀਂ ਦੇਣਗੇ।

ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ ਹਰਾ ਕੇ ਲੜੀ ਜਿੱਤੀ

ਕੁਆਲਾਲੰਪੁਰ-ਭਾਰਤੀ ਮਹਿਲਾ ਹਾਕੀ ਟੀਮ ਨੇ ਮਲੇਸ਼ੀਆ ਨੂੰ ਇਕ ਗੋਲ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 4-0 ਨਾਲ ਜਿੱਤ ਦਰਜ ਕੀਤੀ ਹੈ। ਨਵਜੋਤ ਕੌਰ ਨੇ 35ਵੇਂ ਮਿੰਟ ਵਿੱਚ ਭਾਰਤ ਲਈ ਇਕ ਗੋਲ ਦਾਗਿਆ। ਭਾਰਤ ਨੇ ਵਿਰੋਧੀ ਸਰਕਲ ਵਿੱਚ ਲਗਾਤਾਰ ਹਗਲੇ ਬੋਲੇ ਪਰ ਉਨ੍ਹਾਂ ਨੂੰ ਗੋਲ ਵਿੱਚ ਨਹੀਂ ਬਦਲ ਸਕੀ। ਭਾਰਤ ਨੇ ਇਸ ਸੀਰੀਜ਼ ਵਿੱਚ 3-0, 5-0 ਅਤੇ 1-0 ਨਾਲ ਜਿੱਤ ਦਰਜ ਕਰਨ ਤੋਂ ਇਲਾਵਾ ਡਰਾਅ ਖੇਡਿਆ। –

ਢਿੱਲੋਂ ਸੰਗਰੂਰ ਤੇ ਤਿਵਾੜੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ

ਚੰਡੀਗੜ੍ਹ-ਕਾਂਗਰਸ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਮੀਟਿੰਗ ਵਿੱਚ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕਿਆਂ ਬਾਰੇ ਫੈਸਲਾ ਨਹੀਂ ਹੋ ਸਕਿਆ।
ਪ੍ਰਾਪਤ ਜਾਣਕਾਰੀ ਅੁਨਸਾਰ ਦੋਵਾਂ ਹਲਕਿਆਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕਰੀਬੀਆਂ ਨੂੰ ਟਿਕਟ ਦਿਵਾਉਣ ਵਿੱਚ ਸਫਲ ਰਹੇ ਹਨ।
ਸੰਗਰੂਰ ਲੋਕ ਸਭਾ ਹਲਕੇ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮਜ਼ਬੂਤ ਉਮੀਦਵਾਰ ਮੰਨਿਆ ਜਾ ਰਿਹਾ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁਰੂ ਤੋਂ ਹੀ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਸਨ ਤੇ ਉਹ ਉਸ ਦੇ ਹੱਕ ਵਿੱਚ ਡਟੇ ਰਹੇ ਤੇ ਅਖ਼ੀਰ ਆਪਣੇ ਕਰੀਬੀ ਸਨਅਤਕਾਰ ਦੋਸਤ ਢਿੱਲੋਂ ਨੂੰ ਟਿਕਟ ਦਿਵਾਉਣ ਵਿੱਚ ਸਫਲ ਰਹੇ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਟਿਕਟ ਲੈਣ ਵਿੱਚ ਸਫਲ ਹੋ ਗਏ ਹਨ। ਉਨ੍ਹਾਂ ਦੀ ਹਮਾਇਤ ਮੁੱਖ ਮੰਤਰੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂ.ਪੀ.ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕੀਤੀ ਸੀ।
ਇਸ ਹਲਕੇ ਤੋਂ ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਸੰਦੀਪ ਸਿੰਘ ਸੰਧੂ ਅਤੇ ਯੂਥ ਕਾਂਗਰਸ ਦੇ ਦੋ ਆਗੂਆਂ ਤੋਂ ਇਲਾਵਾ ਕਈ ਹੋਰ ਦਾਅਵੇਦਾਰ ਸਨ ਪਰ ਉਮੀਦਵਾਰ ਦੀ ਚੋਣ ਸਮੇਂ ਮੁੱਖ ਮੰਤਰੀ ਨੇ ਸੰਧੂ ਦੀ ਥਾਂ ਮਨੀਸ਼ ਤਿਵਾੜੀ ਨੂੰ ਟਿਕਟ ਦੇਣ ਦੀ ਵਕਾਲਤ ਕੀਤੀ ਸੀ ਜਿਸ ਨਾਲ ਉਨ੍ਹਾਂ ਦੇ ਰਾਜਨੀਤਕ ਸਕੱਤਰ ਦੌੜ ਵਿੱਚੋਂ ਬਾਹਰ ਹੋ ਗਏ ਸਨ। ਫਿਰੋਜ਼ਪੁਰ ਅਤੇ ਬਠਿੰਡਾ ਹਲਕਿਆਂ ਦੇ ਉਮੀਦਵਾਰਾਂ ਦਾ ਫੈਸਲਾ ਹੋਣ ਵਿੱਚ ਅਜੇ ਕੁੱਝ ਹੋਰ ਦਿਨ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਕਾਂਗਰਸ ਆਗੂ ਇਨ੍ਹਾਂ ਹਲਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਉਡੀਕ ਕਰ ਰਹੇ ਹਨ। ਅੱਜ ਦੀ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਬਿਹਾਰ ’ਚ ਸਭ ਤੋਂ ਘੱਟ ਤੇ ਬੰਗਾਲ ’ਚ ਸਭ ਤੋਂ ਵੱਧ ਪੋਲਿੰਗ

ਨਵੀਂ ਦਿੱਲੀ-ਆਮ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਵੀਰਵਾਰ ਨੂੰ 18 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਰਾਜਾਂ ਦੀਆਂ 91 ਸੀਟਾਂ ਲਈ ਭਾਰੀ ਮਤਦਾਨ ਹੋਇਆ। ਇਕ ਅੰਦਾਜ਼ੇ ਅਨੁਸਾਰ 9 ਕਰੋੜ ਤੋਂ ਵੱਧ ਭਾਰਤੀਆਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਮਿਲੀਆਂ। ਪਹਿਲੇ ਪੜਾਅ ਦੌਰਾਨ ਕੇਂਦਰੀ ਮੰਤਰੀ ਜਨਰਲ ਵੀ ਕੇ ਸਿੰਘ, ਨਿਤਿਨ ਗਡਕਰੀ, ਮਹੇਸ਼ ਸ਼ਰਮਾ, ਕਿਰਨ ਰੀਜਿਜੂ, ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ, ਤਰੁਣ ਗੋਗੋਈ ਦੇ ਪੁੱਤਰ ਗੌਰਵ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ ਅਤੇ ਉਨ੍ਹਾਂ ਦੇ ਬੇਟੇ ਜਯੰਤ ਚੌਧਰੀ ਸਮੇਤ 1279 ਉਮੀਦਵਾਰਾਂ ਦੀ ਕਿਸਮਤ ਹੁਣ ਈਵੀਐਮ ’ਚ ਬੰਦ ਹੋ ਗਈ ਹੈ। ਦੂਜੀ ਵਾਰ ਸੱਤਾ ’ਚ ਆਉਣ ਦੀ ਕੋਸ਼ਿਸ਼ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਰਾਸ਼ਟਰੀ ਸੁਰੱਖਿਆ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਯੋਜਨਾਵਾਂ ’ਤੇ ਧਿਆਨ ਕੇਂਦਰਤ ਕੀਤਾ ਹੋਇਆ ਹੈ ਜਦਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਗਰੀਬਾਂ ਨੂੰ ਘੱਟੋ ਘੱਟ ਆਮਦਨ ਦੇਣ ਸਮੇਤ ਹੋਰ ਕਈ ਵਾਅਦੇ ਕੀਤੇ ਹਨ ਅਤੇ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪੱਛਮੀ ਬੰਗਾਲ ਦੀਆਂ ਦੋ ਸੀਟਾਂ ਕੂਚ ਬਿਹਾਰ ਅਤੇ ਅਲੀਪੁਰਦੁਆਰ ’ਚ ਸਭ ਤੋਂ ਵੱਧ 81 ਫ਼ੀਸਦੀ ਵੋਟਾਂ ਪਈਆਂ ਜਦਕਿ ਸਭ ਤੋਂ ਘੱਟ ਬਿਹਾਰ ਦੀਆਂ ਚਾਰ ਸੀਟਾਂ ਲਈ 50 ਫ਼ੀਸਦੀ ਪੋਲਿੰਗ ਹੋਈ।
ਆਂਧਰਾ ਪ੍ਰਦੇਸ਼ ਵਿਚ ਸਾਰੀਆਂ ਲੋਕ ਸਭਾ (25) ਅਤੇ ਵਿਧਾਨ ਸਭਾ (175) ਸੀਟਾਂ ’ਤੇ 73 ਫ਼ੀਸਦ ਮਤਦਾਨ ਹੋਇਆ ਹੈ। ਪੱਛਮੀ ਉੱਤਰ ਪ੍ਰਦੇਸ਼ ਦੀਆਂ 8 ਸੀਟਾਂ ’ਤੇ ਕਰੀਬ 64 ਫ਼ੀਸਦੀ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਯੂਪੀ ’ਚ ਸਭ ਤੋਂ ਵੱਧ 70.68 ਫ਼ੀਸਦੀ ਮਤਦਾਨ ਸਹਾਰਨਪੁਰ ’ਚ ਹੋਇਆ। ਮੁਜ਼ੱਫਰਨਗਰ ’ਚ 66.66 ਫ਼ੀਸਦੀ, ਬਿਜਨੌਰ ’ਚ 65.40, ਬਾਗਪਤ ’ਚ 63.9, ਮੇਰਠ ’ਚ 63, ਕੈਰਾਨਾ ’ਚ 62.10 ਅਤੇ ਗੌਤਮਬੁੱਧ ਨਗਰ ’ਚ 60.1 ਫ਼ੀਸਦੀ ਮਤਦਾਨ ਹੋਇਆ। ਉੱਤਰਾਖੰਡ ’ਚ ਲੋਕ ਸਭਾ ਦੀਆਂ ਪੰਜ ਸੀਟਾਂ ’ਤੇ ਕਰੀਬ 58 ਫ਼ੀਸਦੀ ਵੋਟਾਂ ਪਈਆਂ। ਸਾਲ 2014 ਦੇ ਮੁਕਾਬਲੇ ਇਸ ਵਾਰ ਮਤਦਾਨ ’ਚ ਚਾਰ ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸਭ ਤੋਂ ਵੱਧ ਵੋਟਾਂ ਹਰਿਦੁਆਰ ’ਚ 66.24 ਅਤੇ ਨੈਨੀਤਾਲ ’ਚ 66.39 ਫ਼ੀਸਦੀ ਪਈਆਂ। ਸਭ ਤੋਂ ਘੱਟ ਵੋਟਿੰਗ ਅਲਮੋੜਾ ’ਚ ਹੋਈ ਜਿਥੇ ਸਿਰਫ਼ 48.78 ਫ਼ੀਸਦੀ ਵੋਟਰਾਂ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਖਾਤੇ ’ਚ ਸੂਬੇ ਦੀਆਂ ਸਾਰੀਆਂ ਪੰਜ ਸੀਟਾਂ ਗਈਆਂ ਸਨ। ਉਧਰ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਜੰਮੂ ਅਤੇ ਬਾਰਾਮੂਲਾ ’ਚ 54.49 ਫ਼ੀਸਦੀ ਵੋਟਿੰਗ ਹੋਈ ਹੈ ਜੋ 2014 ’ਚ 57.19 ਫ਼ੀਸਦੀ ਸੀ। ਜੰਮੂ ’ਚ ਸਭ ਤੋਂ ਵੱਧ 72.16 ਫ਼ੀਸਦੀ ਪੋਲਿੰਗ ਹੋਈ ਜਦਕਿ ਬਾਰਾਮੂਲਾ ’ਚ 34.61 ਫ਼ੀਸਦੀ ਵੋਟਾਂ ਪਈਆਂ। ਬਾਰਾਮੂਲਾ ਹਲਕੇ ਦੇ ਕੁਪਵਾੜਾ ਜ਼ਿਲ੍ਹੇ ’ਚ ਸਭ ਤੋਂ ਵੱਧ 47.7 ਫ਼ੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਛੱਤੀਸਗੜ੍ਹ ਦੀ ਬਸਤਰ ਸੀਟ ’ਤੇ ਕਰੀਬ 57 ਫ਼ੀਸਦ ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਨਾਰਾਇਣਪੁਰ ਜ਼ਿਲ੍ਹੇ ਦੇ ਹਰਿਮਰਕਾ ਪਿੰਡ ਦੇ ਵਾਸੀਆਂ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵੋਟ ਪਾਈ। ਇਸ ਸੰਸਦੀ ਸੀਟ ਦੇ ਘੇਰੇ ਵਿਚ ਵਿਧਾਨ ਸਭਾ ਖੇਤਰ ਕੋਂਟਾ, ਦਾਂਤੇਵਾੜਾ, ਬੀਜਾਪੁਰ ਤੇ ਨਾਰਾਇਣਪੁਰ ਵਿਚ ਸਵੇਰੇ ਸੱਤ ਵਜੇ ਤੋਂ ਦੁਪਹਿਰੇ ਤਿੰਨ ਵਜੇ ਤੱਕ ਵੋਟਾਂ ਪਈਆਂ। ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ਲਈ ਤਿੰਨ ਗੇੜਾਂ ਵਿਚ ਵੋਟਾਂ ਪੈਣਗੀਆਂ। ਮੇਘਾਲਿਆ ਵਿਚ ਪੰਜ ਵਜੇ ਤੱਕ 62 ਫ਼ੀਸਦ ਤੇ ਤਿਲੰਗਾਨਾ ਵਿਚ 61 ਫ਼ੀਸਦ ਮਤਦਾਨ ਦੀ ਸੂਚਨਾ ਹੈ। ਮਹਾਰਾਸ਼ਟਰ ਦੀਆਂ ਸੱਤ ਸੀਟਾਂ ’ਤੇ ਕਰੀਬ 55.78 ਫ਼ੀਸਦ ਵੋਟਾਂ ਪਈਆਂ ਹਨ। ਰਾਜ ਵਿਚ ਸਭ ਤੋਂ ਘੱਟ ਨਾਗਪੁਰ ਸੀਟ ’ਤੇ 41.24 ਫ਼ੀਸਦ ਤੇ ਸਭ ਤੋਂ ਵੱਧ ਗੜ੍ਹਚਿਰੌਲੀ ਚਿਮੂਰ ਸੀਟ ’ਤੇ 57 ਫ਼ੀਸਦ ਵੋਟਾਂ ਪਈਆਂ ਹਨ। ਨਾਗਪੁਰ ਸੀਟ ਤੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਚੋਣ ਲੜ ਰਹੇ ਹਨ। ਅਰੁਣਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਦੀਆਂ ਸਾਰੀਆਂ ਅਤੇ ਲੋਕ ਸਭਾ ਦੀਆਂ ਦੋ ਸੀਟਾਂ ਲਈ 66 ਫ਼ੀਸਦ, ਮਿਜ਼ੋਰਮ ਵਿਚ 55.20 ਫ਼ੀਸਦ ਤੇ ਅਸਾਮ ਵਿਚ 59.5 ਫ਼ੀਸਦ ਲੋਕਾਂ ਨੇ ਵੋਟਾਂ ਪਾਈਆਂ ਹਨ। ਤ੍ਰਿਪੁਰਾ ’ਚ 81 ਫ਼ੀਸਦ, ਮਨੀਪੁਰ ’ਚ 75 ਫ਼ੀਸਦ ਅਤੇ ਨਾਗਾਲੈਂਡ ’ਚ 78.76 ਫ਼ੀਸਦ ਵੋਟਿੰਗ ਹੋਈ ਹੈ। ਉੜੀਸਾ ਦੀਆਂ 28 ਵਿਧਾਨ ਸਭਾ ਸੀਟਾਂ ਅਤੇ ਲੋਕ ਸਭਾ ਦੀਆਂ ਚਾਰ ਸੀਟਾਂ ਲਈ 66 ਫ਼ੀਸਦ ਮਤਦਾਨ ਹੋਇਆ।

ਸੋਨੀਆ ਵੱਲੋਂ ਰਾਏਬਰੇਲੀ ਤੋਂ ਕਾਗਜ਼ ਦਾਖ਼ਲ

ਲਖ਼ਨਊ-ਕਾਂਗਰਸ ਦਾ ਗੜ੍ਹ ਮੰਨੀ ਜਾਣ ਵਾਲੀ ਵੀਵੀਆਈਪੀ ਸੀਟ ਰਾਏਬਰੇਲੀ ਤੋਂ ਇਕ ਵਾਰ ਫਿਰ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਮੈਦਾਨ ਵਿਚ ਹਨ। ਇਸ ਵਾਰ ਸੋਨੀਆ ਦਾ ਮੁਕਾਬਲਾ ਸਾਬਕਾ ਕਾਂਗਰਸੀ ਆਗੂ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਿਨੇਸ਼ ਪ੍ਰਤਾਪ ਸਿੰਘ ਨਾਲ ਹੋਵੇਗਾ।
ਇਸ ਲੋਕ ਸਭਾ ਸੀਟ ਤੋਂ ਗਾਂਧੀ ਪਰਿਵਾਰ ਦੇ ਫ਼ਿਰੋਜ਼ ਗਾਂਧੀ, ਇੰਦਰਾ ਗਾਂਧੀ ਚੋਣ ਜਿੱਤ ਚੁੱਕੇ ਹਨ ਤੇ 2004 ਦੀਆਂ ਲੋਕ ਸਭਾ ਚੋਣਾਂ ਤੋਂ ਇਹ ਸੀਟ ਯੂਪੀਏ ਚੇਅਰਪਰਸਨ ਸੋਨੀਆ ਗਾਂਧੀ ਕੋਲ ਹੈ।
ਰਾਏਬਰੇਲੀ ਸੀਟ ਤੋਂ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਪੰਜਵੇਂ ਗੇੜ ਵਿਚ ਛੇ ਮਈ ਨੂੰ ਵੋਟਾਂ ਪੈਣਗੀਆਂ। ਕਾਂਗਰਸੀ ਉਮੀਦਵਾਰ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਆਪਣੇ ਪੁੱਤਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਪੁੱਤਰੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਨਾਲ ਨਾਮਜ਼ਦਗੀ ਦਾਖ਼ਲ ਕੀਤੀ ਸੀ। ਇਸ ਵਾਰ ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਮੁਕਾਬਲੇ ’ਚ ਨਿੱਤਰੇ ਭਾਜਪਾ ਦੇ ਦਿਨੇਸ਼ ਪ੍ਰਤਾਪ ਸਿੰਘ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਸੀ। ਉਹ ਕਾਂਗਰਸ ਤੋਂ ਹੀ ਵਿਧਾਨ ਪ੍ਰੀਸ਼ਦ ਮੈਂਬਰ ਵੀ ਰਹਿ ਚੁੱਕੇ ਹਨ ਪਰ ਪਿਛਲੇ ਸਾਲ ਉਨ੍ਹਾਂ ਕਾਂਗਰਸ ਨੂੰ ਝਟਕਾ ਦਿੰਦਿਆਂ ਭਾਜਪਾ ਦਾ ਪੱਲਾ ਫੜ ਲਿਆ ਤੇ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਨਾਲ ਨਿਵਾਜਿਆ। ਇਤਿਹਾਸ ਨੂੰ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ 1957 ਤੋਂ 2014 ਤੱਕ ਸਿਰਫ਼ ਤਿੰਨ ਵਾਰ ਇਹ ਸੀਟ ਕਾਂਗਰਸ ਦੇ ਘੇਰੇ ਵਿਚੋਂ ਬਾਹਰ ਰਹੀ ਹੈ।