Home / ਮੁੱਖ ਖਬਰਾਂ (page 8)

ਮੁੱਖ ਖਬਰਾਂ

ਬੈਂਸ, ਬਿੱਟੂ ਤੇ ਗਰੇਵਾਲ ਖ਼ਿਲਾਫ ‘ਆਪ’ ਨੇ ਲੁਧਿਆਣਾ ਤੋਂ ਉਤਾਰਿਆ ਪੀਐਚਡੀ ਡਿਗਰੀ ਵਾਲਾ ਉਮੀਦਵਾਰ

ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਡਾ. ਤੇਜਪਾਲ ਸਿੰਘ ਗਿੱਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਡਾ. ਗਿੱਲ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵੱਲੋਂ ਹੁਣ ਤਕ ਐਲਾਨੇ ਜਾ ਚੁੱਕੇ ਲੋਕ ਸਭਾ ਉਮੀਦਵਾਰਾਂ ‘ਚੋਂ ਸਭ ਤੋਂ ਵੱਧ ਪੜ੍ਹੇ ਲਿਖੇ ਹਨ।
ਤੇਜਪਾਲ ਸਿੰਘ ਨੇ ਜੇਲ੍ਹ ਪ੍ਰਬੰਧਨ ਵਿੱਚ ਪੀਐਚਡੀ ਕੀਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਵਿਸ਼ੇ ਵਿੱਚ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ। ਉਹ ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਵੀ ਹਨ। ਲੁਧਿਆਣਾ ਦੇ ਸੁਧਾਰ ਕਸਬੇ ਤੋਂ ਜੰਮਪਲ ਪ੍ਰੋਫੈਸਰ ਤੇਜਪਾਲ ਸਿੰਘ ਕਿਸਾਨ ਪਰਿਵਾਰ ਨਾਲ ਸਬੰਧਤ ਹਨ। ਉਹ ਪਿਛਲੇ ਛੇ ਸਾਲਾਂ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਨੈਸ਼ਨਲ ਕਾਲਜ ਨਾਰੰਗਵਾਲ (ਲੁਧਿਆਣਾ) ਵਿੱਚ ਬਤੌਰ ਸਹਾਇਕ ਪ੍ਰੋਫੈਸਰ ਅਧਿਆਪਨ ਕਾਰਜ ਕਰ ਰਹੇ ਹਨ।
ਡਾ. ਤੇਜਪਾਲ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਐਮਪੀ ਰਵਨੀਤ ਬਿੱਟੂ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਪੀਡੀਏ ਵੱਲੋਂ ਲੋਕ ਸਭਾ ਚੋਣ ਲੜ ਰਹੇ ਵਿਧਾਇਕ ਸਿਮਰਜੀਤ ਬੈਂਸ ਅਤੇ ਅਕਾਲੀ ਦਲ ਦੇ ਮਹੇਸ਼ ਇੰਦਰ ਗਰੇਵਾਲ ਨਾਲ ਹੋਵੇਗਾ। ਪੰਜਾਬ ਵਿੱਚ ਆਉਂਦੀ 19 ਮਈ ਨੂੰ ਸੱਤਵੇਂ ਗੇੜ ਵਿੱਚ 17ਵੀਂ ਲੋਕ ਸਭਾ ਚੁਣਨ ਲਈ ਮੱਤਦਾਨ ਹੋਵੇਗਾ ਤੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।

‘ਚੌਕੀਦਾਰ ਚੌਰ ਹੈ’ ਮਾਮਲੇ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਨੋਟਿਸ ਭੇਜ ਕੇ ਮੰਗਿਆ ਜਵਾਬ

ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਨਵੇਂ ਦਸਤਾਵੇਜ਼ਾਂ ਦੇ ਆਧਾਰ ‘ਤੇ ਰਾਫੇਲ ਸੌਦੇ ‘ਤੇ ਪਟੀਸ਼ਨ ਦੀ ਸਹਿਮਤੀ ਪ੍ਰਗਟ ਕੀਤੇ ਜਾਣ ਨੂੰ ‘ਚੌਕੀਦਾਰ ਚੌਰ ਹੈ’ ਦੇ ਰੂਪ ‘ਚ ਪੇਸ਼ ਕਰਨ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਪ੍ਰਧਾਨ ਮੰਤਰੀ ਮੋਦੀ ‘ਤੇ ਲਗਾਏ ਦੋਸ਼ਾਂ ‘ਚ ਕੋਰਟ ਨੂੰ ਸ਼ਾਮਲ ਕਰਨ ‘ਤੇ ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕਰਦੇ ਹੋਏ 22 ਅਪ੍ਰੈਲ ਤੱਕ ਜਵਾਬ ਦੇਣ ਨੂੰ ਕਿਹਾ ਹੈ। ਦੱਸ ਦੇਈਏ ਕਿ ਰਾਹੁਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਸੀ ਕਿ ਸੁਪਰੀਮ ਕੋਰਟ ਵੀ ਮੰਨਦਾ ਹੈ ਕਿ ਚੌਕੀਦਾਰ ਚੌਰ ਹੈ। ਇਸ ਮਾਮਲੇ ‘ਚ ਭਾਜਪਾ ਨੇਤਾ ਮੀਨਾਕਸ਼ੀ ਲੇਖੀ ਦੀ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਕੋਰਟ ਨੇ ਕਦੇ ਹੀ ਅਜਿਹਾ ਨਹੀਂ ਕਿਹਾ। ਇਸ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਇੱਕ ਵਾਰ ਫਿਰ ਸੁਣਵਾਈ ਹੋਵੇਗੀ।

ਲਾਹੌਰ ਰੇਲਵੇ ਸਟੇਸ਼ਨ ‘ਤੇ ਪਹੁੰਚੇ ਪਾਕਿਸਤਾਨ ਵਲੋਂ ਰਿਹਾਅ ਕੀਤੇ ਭਾਰਤੀ ਮਛੇਰੇ

ਅੰਮ੍ਰਿਤਸਰ-ਪਾਕਿਸਤਾਨ ਦੀ ਕਰਾਚੀ ਜੇਲ੍ਹ ‘ਚ ਪਿਛਲੇ ਕਈ ਮਹੀਨਿਆਂ ਤੋਂ ਬੰਦ 100 ਭਾਰਤੀ ਮਛੇਰਿਆਂ ਨੂੰ ਰਿਹਾਈ ਤੋਂ ਬਾਅਦ ਅੱਜ ਲਾਹੌਰ ਰੇਲਵੇ ਸਟੇਸ਼ਨ ‘ਤੇ ਲਿਆਂਦਾ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਮਛੇਰਿਆਂ ਨੂੰ ਅੱਜ ਸ਼ਾਮੀਂ ਅਟਾਰੀ ਸਰਹੱਦ ਰਸਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ।

ਕੈਨੇਡਾ ਸਰਕਾਰ ਨੇ ਰਿਪੋਰਟ ’ਚੋਂ ਸਿੱਖ ਅਤਿਵਾਦ ਬਾਰੇ ਹਵਾਲਾ ਹਟਾਇਆ

ਟੋਰਾਂਟੋ-ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਸਾਲ 2018 ਦੀ ਸਾਲਾਨਾ ਰਿਪੋਰਟ ਵਿੱਚੋਂ ਸਿੱਖ ਅਤਿਵਾਦ ਸਬੰਧੀ ਹਵਾਲਾ ਹਟਾ ਦਿੱਤਾ ਹੈ। ਪਹਿਲਾਂ ਇਸ ਰਿਪੋਰਟ ਵਿੱਚ ਸਿੱਖ ਅਤਿਵਾਦ ਉਨ੍ਹਾਂ ਸਿਖ਼ਰਲੇ ਪੰਜ ਖਤਰਿਆਂ ਵਿੱਚ ਸ਼ਾਮਲ ਸੀ ਜਿਨ੍ਹਾਂ ਤੋਂ ਕੈਨੇਡਾ ਨੂੰ ਸਭ ਤੋਂ ਵੱਧ ਖਤਰਾ ਹੈ।
ਕੈਨੇਡਾ ਨੂੰ ਅਤਿਵਾਦ ਤੋਂ ਖਤਰੇ ਸਬੰਧੀ 2018 ਦੀ ਪਬਲਿਕ ਰਿਪੋਰਟ ਦਾ ਸੋਧਿਆ ਹੋਇਆ ਸਰੂਪ ਜੋ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਹੈ, ਦੇ ਹਵਾਲੇ ਨਾਲ ਟੋਰਾਂਟੋ ਅਧਾਰਤ ਸੀਬੀਸੀ ਨਿਊਜ਼ ਨੇ ਇਹ ਖ਼ਬਰ ਕੈਨੇਡੀਅਨ ਪ੍ਰੈੱਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਦਿੱਤੀ ਹੈ। ਇਸ ਖ਼ਬਰ ਅਨੁਸਾਰ ਰਿਪੋਰਟ ਵਿੱਚੋਂ ਭਾਰਤ ਵਿੱਚ ਹਿੰਸਕ ਢੰਗਾਂ ਨਾਲ ਆਜ਼ਾਦ ਦੇਸ਼ ਸਥਾਪਿਤ ਕਰਨ ਸਬੰਧੀ ਵੇਰਵਿਆਂ ਵਿੱਚੋਂ ਧਰਮ ਸਬੰਧੀ ਵੇਰਵੇ ਕੱਢ ਕੇ ਇਸ ਦੀ ਭਾਸ਼ਾ ਬਦਲ ਦਿੱਤੀ ਗਈ ਹੈ। ਇਸ ਵਿੱਚ ਦਰਜ ਵੇਰਵਿਆਂ ਅਨੁਸਾਰ, ਅਤਿਵਾਦੀ ਜੋ ਹਿੰਸਕ ਢੰਗ ਤਰੀਕਿਆਂ ਨਾਲ ਭਾਰਤ ਵਿਚ ਵੱਖਰਾ ਦੇਸ਼ ਸਥਾਪਿਤ ਕਰਨਾ ਚਾਹੁੰਦੇ ਹਨ, ਦਰਜ ਕਰ ਦਿੱਤਾ ਹੈ। ਅਤਿਵਾਦ ਸਬੰਧੀ ਸਾਲ 2018 ਦੀ ਰਿਪੋਰਟ ਜੋ ਪਹਿਲੀ ਵਾਰ ਦਸੰਬਰ 2018 ਵਿੱਚ ਰਿਲੀਜ਼ ਕੀਤੀ ਸੀ, ਵਿੱਚ ਕੈਨੇਡਾ ਨੂੰ ਸਭ ਤੋਂ ਵੱਧ ਪੰਜ ਖਤਰਿਆਂ ਵਿੱਚ ਸਿੱਖ ਅਤਿਵਾਦ ਦਾ ਜ਼ਿਕਰ ਆਉਣ ਕਾਰਨ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਪੈਦਾ ਹੋ ਗਈ ਸੀ।
ਸੀਬੀਸੀ ਨਿਊਜ਼ ਦੀ ਰਿਪੋਰਟ ਅਨੁਸਾਰ ਪਬਲਿਕ ਸੁਰੱਖਿਆ ਮੰਤਰੀ ਰਾਲਫ ਗੁੱਡਾਲੇ ਨੇ ਦਾਅਵਾ ਕੀਤਾ ਸੀ ਕਿ ਉਹ ਘੱਟ ਤੋਂ ਘੱਟ ਇਸ ਰਿਪੋਰਟ ਦੀ ਸ਼ਬਦਾਵਲੀ ਬਾਰੇ ਪੁਨਰਵਿਚਾਰ ਕਰਨ ਲਈ ਤਾਂ ਕਹਿ ਹੀ ਸਕਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੇ ਧਰਮ ਨੂੰ ਕਦੇ ਵੀ ਅਤਿਵਾਦ ਦੇ ਨਾਲ ਨਹੀਂ ਜੋੜਿਆ ਜਾ ਸਕਦਾ। ਇਹ ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਵਿਸਾਖੀ ਮੌਕੇ ਪ੍ਰਧਾਨ ਮੰਤਰੀ ਟਰੂਡੋ ਜਦੋਂ ਵੈਨਕੂਵਰ ਦੇ ਰੋਜ਼ ਸਟਰੀਟ ਗੁਰਦੁਆਰੇ ਵਿੱਚ ਗਏ ਸਨ ਤਾਂ ਉਨ੍ਹਾਂ ਨੇ ਨੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਵਿਸ਼ੇਸ਼ ਤੌਰ ਉੱਤੇ ਪ੍ਰਸੰਸਾ ਕੀਤੀ ਸੀ। ਉਨ੍ਹਾਂ ਦੇ ਨਾਲ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।

ਜੱਲ੍ਹਿਆਂਵਾਲਾ ਬਾਗ਼ ਸਮਾਗਮ: ਮੋਦੀ ਤੇ ਕੈਪਟਨ ਆਹਮੋ-ਸਾਹਮਣੇ

ਕਠੂਆ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਕਾਂਗਰਸ ’ਤੇ ਜੱਲ੍ਹਿਆਂਵਾਲਾ ਬਾਗ ਸਾਕਾ ਦੇ ਸ਼ਤਾਬਦੀ ਸਮਾਗਮਾਂ ਦੇ ਸਿਆਸੀਕਰਨ ਦੇ ਦੋਸ਼ ਲਾਉਂਦਿਆਂ ਜਿੱਥੇ ਕਾਂਗਰਸ ਦੀ ਨਿੰਦਾ ਕੀਤੀ ਉੱਥੇ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਨੂੰ ਸ਼ਹੀਦਾਂ ਦਾ ਅਪਮਾਨ ਦੱਸਿਆ। ਉਨ੍ਹਾਂ ਕੈਪਟਨ ’ਤੇ ‘ਰਾਸ਼ਟਰ ਭਗਤੀ’ ਕਰਨ ਦੀ ਥਾਂ ‘ਪਰਿਵਾਰ ਭਗਤੀ’ ਵਿੱਚ ਮਸਰੂਫ਼ ਹੋਣ ਦੇ ਦੋਸ਼ ਲਾਏ।
ਮੋਦੀ ਨੇ ਕਾਂਗਰਸ ਦੀ ਨਿੰਦਾ ਕਰਦਿਆਂ ਕਿਹਾ, ‘‘ਉਪ ਰਾਸ਼ਟਰਪਤੀ ਜੱਲ੍ਹਿਆਂਵਾਲਾ ਸਾਕੇ ਸਬੰਧੀ ਅੰਮ੍ਰਿਤਸਰ ਵਿਚ ਕਰਵਾਏ ਗਏ ਸਰਕਾਰੀ ਸਮਾਗਮ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਸਨ। ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਪਰ ਉੱਥੇ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੌਜੂਦ ਨਹੀਂ ਸਨ।’’ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਲਈ ਰਾਸ਼ਟਰਵਾਦ ਅਪਮਾਨ ਹੈ। ਉਨ੍ਹਾਂ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਨੇ ਜੱਲ੍ਹਿਆਂਵਾਲਾ ਬਾਗ ਸਾਕੇ ਦੀ ਸ਼ਤਾਬਦੀ ਮੌਕੇ ਸਰਕਾਰੀ ਸਮਾਗਮ ਵਿੱਚ ਹਿੱਸਾ ਨਾ ਲੈ ਕੇ ਸ਼ਹੀਦਾਂ ਦਾ ਅਪਮਾਨ ਕੀਤਾ ਹੈ।’’
ਮੋਦੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ’ਤੇ ਬਣਾਏ ਗਏ ਦਬਾਅ ਨੂੰ ਸਮਝਦੇ ਹਨ। ਉਨ੍ਹਾਂ ਕਿਹਾ, ‘‘ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ। ਮੈਂ ਉਨ੍ਹਾਂ ਦੀ ਦੇਸ਼ ਭਗਤੀ ’ਤੇ ਕਦੇ ਸਵਾਲ ਨਹੀਂ ਕੀਤਾ। ਮੈਂ ਸਮਝ ਸਕਦਾ ਹਾਂ ਕਿ ਉਨ੍ਹਾਂ ਉੱਪਰ ‘ਪਰਿਵਾਰ ਭਗਤੀ’ ਦਾ ਕਿਹੋ-ਜਿਹਾ ਦਬਾਅ ਪਾਇਆ ਗਿਆ
ਹੋਵੇਗਾ।’’ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਦੇ ਕਠੂਆ ਵਿੱਚ ਰੈਲੀ ਮੌਕੇ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਅਬਦੁੱਲਾ ਅਤੇ ਮੁਫ਼ਤੀ ਪਰਿਵਾਰ ਵੱਲ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਨ੍ਹਾਂ ਦੋ ਪਰਿਵਾਰਾਂ ਨੇ ਜੰਮੂ ਕਸ਼ਮੀਰ ਦੀਆਂ ਤਿੰਨ ਪੀੜ੍ਹੀਆਂ ਨੂੰ ਬਰਬਾਦ ਕਰ ਦਿੱਤਾ ਪਰ ਉਹ ਉਨ੍ਹਾਂ ਨੂੰ ਦੇਸ਼ ਵਿਚ ਵੰਡੀਆਂ ਪਾਉਣ ਨਹੀਂ ਦੇਣਗੇ। ਪ੍ਰਧਾਨ ਮੰਤਰੀ ਦਾ ਇਸ਼ਾਰਾ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਜੰਮੂ ਕਸ਼ਮੀਰ ਵਿੱਚ ਵੱਖਰੇ ਪ੍ਰਧਾਨ ਮੰਤਰੀ ਦੀ ਮੰਗ ਵੱਲ ਸੀ।
ਸੰਵਿਧਾਨ ਦੀ ਤਾਕਤ ਕਰਕੇ ਹੀ ਚਾਹ ਵਾਲਾ ਪ੍ਰਧਾਨ ਮੰਤਰੀ ਬਣਿਆ: ਮੋਦੀ
ਅਲੀਗੜ੍ਹ (ਉੱਤਰ ਪ੍ਰਦੇਸ਼): ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿ ਬਾਬਾ ਸਾਹਿਬ ਵਲੋਂ ਦਿੱਤੇ ਗਏ ਸੰਵਿਧਾਨ ਕਰਕੇ ਹੀ ਗਰੀਬ ਪਰਿਵਾਰਾਂ ਦੇ ਪਿਛੋਕੜ ਵਾਲੇ ਲੋਕ ਅੱਜ ਦੇਸ਼ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਉੱਪ-ਰਾਸ਼ਟਰਪਤੀ ਦੇ ਅਹੁਦਿਆਂ ’ਤੇ ਹਨ। ਉਨ੍ਹਾਂ ਕਿਹਾ, ‘‘ਬਾਬਾ ਸਾਹਿਬ ਵਲੋਂ ਦਿੱਤੇ ਗਏ ਤਾਕਤਵਰ ਸੰਵਿਧਾਨ ਕਰਕੇ ਹੀ ਇੱਕ ਚਾਹ ਵਾਲਾ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬੈਠਾ ਹੈ।’’ ਮੋਦੀ ਨੇ ਉੱਤਰ ਪ੍ਰਦੇਸ਼ ਵਿਚ ਵਿਰੋਧੀ ਗਠਜੋੜ ’ਤੇ ਹਮਲਾ ਕਰਦਿਆਂ ਕਿਹਾ ਕਿ ਸੂਬੇ ਵਿਚ ਜੋ ਸਾਰੀਆਂ 40 ਲੋਕ ਸਭਾ ਸੀਟਾਂ ’ਤੇ ਚੋਣ ਨਹੀਂ ਲੜ ਰਹੇ, ਉਹ ਪ੍ਰਧਾਨ ਮੰਤਰੀ ਬਣਨ ਦੇ ਸੁਫਨੇ ਲੈ ਰਹੇ ਹਨ।

ਵਿਸਾਖੀ ਮੌਕੇ ਤਖ਼ਤ ਕੇਸਗੜ੍ਹ ’ਚ ਛੇ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ

ਸ੍ਰੀ ਆਨੰਦਪੁਰ ਸਾਹਿਬ-ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਲ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 19 ਸਾਲਾਂ ਬਾਅਦ ਪਹਿਲੀ ਵਾਰ ਸੰਗਤ ਦਾ ਵੱਡਾ ਜਮਾਵੜਾ ਦੇਖਿਆ ਗਿਆ ਹੈ। ਆਲਮ ਇਹ ਸੀ ਕਿ ਗੁਰੂ ਨਗਰੀ ਜਿੱਥੇ ਖਾਲਸਾਈ ਰੰਗ ਵਿੱਚ ਰੰਗੀ ਰਹੀ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਤੇ ਖੁਫੀਆ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਮੌਕੇ ਸਾਲ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੀ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖਾਂ ਅੰਦਰ ਨਿਆਰਾਪਨ ਲਿਆਂਦਾ ਸੀ ਅਤੇ ਇਹੀ ਕਾਰਨ ਹੈ ਕਿ ਵਿਸਾਖੀ ਦਾ ਖ਼ਾਸ ਸਬੰਧ ਸ੍ਰੀ ਆਨੰਦਪੁਰ ਸਾਹਿਬ ਨਾਲ ਰਿਹਾ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਤੌਰ ’ਤੇ ਵਿਸਾਖੀ ਮੌਕੇ ਸੰਗਤ ਨੂੰ ਖਾਲਸੇ ਦੇ ਜਨਮ ਸਥਾਨ ’ਤੇ ਨਤਮਸਤਕ ਹੋਣ ਬਾਰੇ ਅਖਬਾਰਾਂ ਜਾਂ ਟੀਵੀ ਚੈਨਲਾਂ ’ਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਪਰ ਇਹ ਸ਼ਰਧਾ ਹੀ ਸੀ ਜੋ ਇਸ ਵਾਰ ਵੀ ਲੱਖਾਂ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਖਿੱਚ ਕੇ ਲੈ ਆਈ। ਤਖ਼ਤ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਲੱਗੇ ਜੋੜ ਮੇਲੇ ਦੌਰਾਨ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨਤਮਸਤਕ ਹੋ ਚੁੱਕੀ ਹੈ ਜਦੋਂਕਿ 15 ਅਪਰੈਲ ਤੱਕ ਸੰਗਤ ਦੀ ਆਮਦ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਆਸ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦੁਨੀਆਂ ਦੇ ਹੋਰ ਧਰਮ ਆਪੋ-ਆਪਣੇ ਧਰਮ ਦੀ ਚੜ੍ਹਦੀਕਲਾ ਅਤੇ ਤਰੱਕੀ ਲਈ ਯਤਨਸ਼ੀਲ ਹਨ ਪਰ ਖਾਲਸਾ ਪੰਥ ਆਪਣੇ ਗੁਰੂ ਦੇ ਹੁਕਮ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹੋ ਰਿਹਾ, ਬਲਕਿ ਕਈ ਪੰਥ ਦੋਖੀ ਲੋਕ ਅੱਜ ਸਾਡੇ ਸਿਧਾਂਤ, ਸਾਡੀ ਕੁਰਬਾਨੀ ਅਤੇ ਸਾਡੇ ਇਤਿਹਾਸ ਨੂੰ ਸੱਟ ਮਾਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਾਨੂੰ ਆਪਣੇ ਗੁਰੂ ਦੀ ਸ਼ਕਤੀ ’ਤੇ ਭਰੋਸਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ।

ਬਹਿਬਲ ਕਾਂਡ: ਪੁਲੀਸ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਤਿਆਰ

ਫ਼ਰੀਦਕੋਟ-ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਅੱਠ ਮਹੀਨਿਆਂ ਦੀ ਲੰਬੀ ਪੜਤਾਲ ਤੋਂ ਬਾਅਦ ਪੰਜ ਪੁਲੀਸ ਅਧਿਕਾਰੀਆਂ ਖ਼ਿਲਾਫ਼ ਚਾਰਜਸ਼ੀਟ ਤਿਆਰ ਕਰ ਲਈ ਹੈ ਅਤੇ ਇਸ ਦੋਸ਼ ਪੱਤਰ ਨੂੰ ਅੰਤਿਮ ਛੋਹਾਂ ਦੇਣ ਲਈ ਸਰਕਾਰੀ ਵਕੀਲਾਂ ਨੂੰ ਇਸ ਦੋਸ਼ ਪੱਤਰ ਨੂੰ ਪਾਸ ਕਰਨ ਲਈ ਕਿਹਾ ਹੈ। ਸਰਕਾਰੀ ਵਕੀਲ ਇਸ ਦੋਸ਼ ਪੱਤਰ ਉੱਤੇ ਕੋਈ ਇਤਰਾਜ਼ ਨਹੀਂ ਲਾਉਂਦੇ ਤਾਂ ਇਹ ਦੋਸ਼ ਪੱਤਰ ਫ਼ਰੀਦਕੋਟ ਦੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।
ਦੱਸਣਯੋਗ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਨੇ ਹੋਰ ਤੱਥ ਲੱਭਣ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਜਾਂਚ ਟੀਮ ਨੇ ਅਕਤੂਬਰ-2018 ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ ਅਤੇ ਛੇ ਮਹੀਨਿਆਂ ਦੇ ਅਰਸੇ ਦੌਰਾਨ ਜਾਂਚ ਟੀਮ ਨੇ ਪੜਤਾਲ ਮੁਕੰਮਲ ਹੋਣ ਦਾ ਦਾਅਵਾ ਕੀਤਾ ਹੈ। ਜਾਂਚ ਟੀਮ ਨੇ ਬਹਿਬਲ ਗੋਲੀ ਕਾਂਡ ਵਿੱਚ ਕਤਲ ਕੀਤੇ ਗਏ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਦੇ ਮਾਮਲੇ ਵਿੱਚ ਬਾਜਾਖਾਨਾ ਥਾਣੇ ਵਿੱਚ ਦਰਜ ਹੋਈ ਐੱਫਆਈਆਰ ਨੰਬਰ 130 ਅ/ਧ 302, 307, 201, 120-ਬੀ ਅਤੇ ਅਸਲਾ ਐਕਟ ਵਿੱਚ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਐੱਸਪੀ ਬਿਕਰਮਜੀਤ ਸਿੰਘ, ਇੰਸਪੈਕਟਰ ਪਰਦੀਪ ਸਿੰਘ ਅਤੇ ਬਾਜਾਖਾਨਾ ਦੇ ਸਾਬਕਾ ਐੱਸਐੱਚਓ ਅਮਰਜੀਤ ਸਿੰਘ ਕੁਲਾਰ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।
ਪੁਲੀਸ ਜਿਹੜੀ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕਰਨ ਜਾ ਰਹੀ ਹੈ ਉਸ ਵਿੱਚ 160 ਦੇ ਕਰੀਬ ਗਵਾਹਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਅੱਧੀ ਦਰਜਨ ਸਰਕਾਰੀ ਵਾਹਨਾਂ ਨੂੰ ਸਬੂਤ ਵਜੋਂ ਕਬਜ਼ੇ ਵਿੱਚ ਲਿਆ ਗਿਆ ਹੈ। ਸਰਕਾਰੀ ਹਥਿਆਰਾਂ ਅਤੇ ਕਾਰਤੂਸਾਂ ਨੂੰ ਵੀ ਅਦਾਲਤ ਵਿੱਚ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ। ਜਾਂਚ ਟੀਮ ਬਹਿਬਲ ਕਾਂਡ ਵਿੱਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛ-ਪੜਤਾਲ ਕਰਨਾ ਚਾਹੁੰਦੀ ਸੀ ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਸਹਿਯੋਗ ਨਾ ਮਿਲਣ ਕਾਰਨ ਡੇਰਾ ਮੁਖੀ ਤੋਂ ਪੁੱਛਗਿਛ ਨਹੀਂ ਹੋ ਸਕੀ। ਬਹਿਬਲ ਕਾਂਡ ਵਿੱਚ ਦੋਸ਼ੀ ਨਾਮਜ਼ਦ ਹੋਣ ਤੋਂ ਬਾਅਦ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਇਸ ਮਾਮਲੇ ਵਿੱਚ ਅਗਾਊਂ ਜ਼ਮਾਨਤ ਮਿਲ ਗਈ ਸੀ। ਜਾਂਚ ਟੀਮ ਨੇ ਇਸ ਜ਼ਮਾਨਤ ਨੂੰ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ 23 ਮਈ ਤੱਕ ਟਾਲ ਦਿੱਤੀ ਹੈ।
ਦੂਜੇ ਪਾਸੇ 27 ਅਪਰੈਲ ਤੋਂ ਪਹਿਲਾਂ ਬਹਿਬਲ ਕਾਂਡ ਮਾਮਲੇ ਵਿੱਚ ਅਦਾਲਤ ’ਚ ਦੋਸ਼ ਪੱਤਰ ਪੇਸ਼ ਕਰਨੇ ਲਾਜ਼ਮੀ ਹਨ, ਇਸ ਲਈ ਜਾਂਚ ਟੀਮ ਨੇ ਹੁਣ ਤੱਕ ਦੀ ਪੜਤਾਲ ਦੌਰਾਨ ਇਕੱਠੇ ਹੋਏ ਗਵਾਹਾਂ ਤੇ ਸਬੂਤਾਂ ਦੇ ਆਧਾਰ ’ਤੇ ਚਾਰਜਸ਼ੀਟ ਤਿਆਰ ਕਰ ਲਈ ਹੈ ਜਿਸ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ, ਕਿਉਂਕਿ ਉਸ ਦਿਨ ਅਦਾਲਤਾਂ ਖੁੱਲ੍ਹਣਗੀਆਂ। ਜਾਂਚ ਟੀਮ ਦੇ ਸੂਤਰਾਂ ਨੇ ਦੱਸਿਆ ਕਿ ਲੋੜ ਪਈ ਤਾਂ ਚਲਾਨ ਪੇਸ਼ ਕਰਨ ਤੋਂ ਬਾਅਦ ਸਪਲੀਮੈਂਟਰੀ ਚਲਾਨ ਪੇਸ਼ ਕਰਨ ਦੀ ਇਜਾਜ਼ਤ ਅਦਾਲਤ ਪਾਸੋਂ ਲਈ ਜਾਵੇਗੀ। ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਜਾਂਚ ਤੋਂ ਪਾਸੇ ਹਟਣ ਨਾਲ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਪੁਲੀਸ ਅਧਿਕਾਰੀਆਂ ਖ਼ਿਲਾਫ਼ ਚਲਾਨ ਪੇਸ਼ ਹੋਣ ਵਿੱਚ ਦੇਰੀ ਹੋਈ ਹੈ।
ਵਿਸ਼ੇਸ਼ ਜਾਂਚ ਟੀਮ ਦੇ ਸੀਨੀਅਰ ਅਧਿਕਾਰੀ ਨੇ ਇਸ ਸਬੰਧੀ ਸੰਪਰਕ ਕਰਨ ’ਤੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਮੀਡੀਆ ਨਾਲ ਕਿਸੇ ਵੀ ਕਿਸਮ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਕੋਈ ਪ੍ਰਤੀਕਿਰਿਆ ਦੇ ਸਕਦੇ ਹਨ ਕਿਉਂਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਸ ਜਾਂਚ ਸਬੰਧੀ ਕਿਸੇ ਵੀ ਕਿਸਮ ਦੀ ਟਿੱਪਣੀ ਨਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਰਾਹੁਲ ਗਾਂਧੀ ਵੱਲੋਂ ਜੱਲਿਆਂਵਾਲਾ ਵਿਖੇ ਸ਼ਹੀਦ ਸਮਾਰਕ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ

ਅੰਮ੍ਰਿਤਸਰ-ਜੱਲਿਆਂਵਾਲਾ ਬਾਗ ਸਾਕੇ ਦੇ 100 ਸਾਲ ਪੂਰੇ ਹੋਣ ਦੇ ਮੌਕੇ ‘ਤੇ ਸਵੇਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜੱਲਿਆਂਵਾਲਾ ਬਾਗ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਸਮੇਤ ਹੋਰ ਲੀਡਰ ਮੌਜੂਦ ਸਨ।

ਆਪ ਦੇ ਬੁਲਾਰੇ ਸ਼ੰਕਰ ਨੇ ਦਿੱਤਾ ਅਸਤੀਫ਼ਾ, ਹੁਣ ਕਾਂਗਰਸ ‘ਚ ਹੋ ਸਕਦੇ ਹਨ ਸ਼ਾਮਿਲ

ਲੁਧਿਆਣਾ-ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ, ਮੈਂਬਰ ਸੂਬਾ ਕਮੇਟੀ ਅਤੇ ਸਾਬਕਾ ਸੂਬਾ ਸੰਯੁਕਤ ਸਕੱਤਰ ਸ਼ਿਕਾਇਤ ਅਤੇ ਪ੍ਰਸ਼ਾਸਨਿਕ ਸੈਲ ਸਾਬਕਾ ਜ਼ੋਨ ਅਬਜ਼ਰਵਰ ਤੇ ਜ਼ੋਨ ਕੋਆਰਡੀਨੇਟਰ ਦਰਸ਼ਨ ਸਿੰਘ ਸ਼ੰਕਰ ਨੇ ਆਪ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹੁਣ ਸ. ਸ਼ੰਕਰ ਦੇ ਕਾਂਗਰਸ ‘ਚ ਸ਼ਾਮਿਲ ਹੋਣ ਦੀਆਂ ਕਨਸੋਆਂ ਮਿਲੀਆਂ ਹਨ।

ਮੋਦੀ ਨੂੰ ਰੂਸ ਦਾ ਸਰਬਉੱਚ ਸਨਮਾਨ

ਰੂਸ ਵੱਲੋਂ ਭਾਰਤ ਤੇ ਰੂਸ ਦੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਅਹਿਮ ਯੋਗਦਾਨ ਪਾਉਣ ਬਦਲੇ ਮੋਦੀ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਪਿਛਲੇ ਪੰਜ ਸਾਲਾਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਸੱਤਵਾਂ ਵਿਦੇਸ਼ੀ ਸਨਮਾਨ ਮਿਲਿਆ ਹੈ।
ਮੋਦੀ ਨੇ ਦੋਵਾਂ ਦੇਸ਼ਾਂ ‘ਚ ਦੋ-ਪੱਖੀ ਤੇ ਬਹੁ-ਪੱਧਰੀ ਸਹਿਯੋਗ ਦੀਆਂ ਨਵੀਆਂ ਉਚਾਈਆਂ ਪ੍ਰਾਪਤ ਕਰਨ ਦੀ ਕਾਮਨਾ ਕੀਤੀ। ਨਰੇਂਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਹ ਸਨਮਾਨ ਲਈ ਚੁਣੇ ਜਾਣ ‘ਤੇ ਉਹ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਲਿਖਿਆ ਕਿ ਮੈਂ ਰਾਸ਼ਟਰਪਤੀ ਪੁਤਿਨ ਤੇ ਰੂਸ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ। ਰੂਸ ਵੱਲੋਂ ਭਾਰਤ ਤੇ ਰੂਸ ਦੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ‘ਚ ਅਹਿਮ ਯੋਗਦਾਨ ਪਾਉਣ ਬਦਲੇ ਮੋਦੀ ਨੂੰ ਇਸ ਸਨਮਾਨ ਲਈ ਚੁਣਿਆ ਗਿਆ। ਪਿਛਲੇ ਪੰਜ ਸਾਲਾਂ ਵਿੱਚ ਪੀਐਮ ਨਰੇਂਦਰ ਮੋਦੀ ਨੂੰ ਸੱਤਵਾਂ ਵਿਦੇਸ਼ੀ ਸਨਮਾਨ ਮਿਲਿਆ ਹੈ।