Home / ਮੁੱਖ ਖਬਰਾਂ (page 6)

ਮੁੱਖ ਖਬਰਾਂ

ਮੁਕੇਸ਼ ਅੰਬਾਨੀ, ਅਰੁੰਧਤੀ ਅਤੇ ਗੁਰੂਸਵਾਮੀ ‘ਟਾਈਮ’ ਦੇ ਸੌ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ’ਚ ਸ਼ੁਮਾਰ

ਨਵੀਂ ਦਿੱਲੀ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਲੋਕ ਹਿਤਾਂ ਲਈ ਲੜਨ ਵਾਲੀਆਂ ਉੱਘੀਆਂ ਮਹਿਲਾਵਾਂ ਅਰੁੰਧਤੀ ਕਾਟਜੂ ਤੇ ਮੇਨਕਾ ਗੁਰੂਸਵਾਮੀ ਉਨ੍ਹਾਂ ਭਾਰਤੀ ਆਗੂਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ‘ਦਿ ਟਾਈਮ’ ਮੈਗਜ਼ੀਨ ਨੇ ਵਿਸ਼ਵ ਦੇ ਇੱਕ ਸੌ ਅਤਿ ਪ੍ਰਭਾਵਸ਼ਾਲੀ ਲੋਕਾਂ ਦੀ ਆਪਣੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਕਾਟਜੂ ਅਤੇ ਮੇਨਕਾ ਨੇ ਭਾਰਤ ਵਿੱਚ ਸਮਲਿੰਗੀਆਂ ਦੇ ਅਧਿਕਾਰਾਂ ਲਈ ਲੰਬੀ ਲੜਾਈ ਲੜੀ ਹੈ ਅਤੇ ਇਸ ਤੋਂ ਬਾਅਦ ਕਾਨੂੰਨ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ।
ਇੱਕ ਸੌ ਲੋਕਾਂ ਦੀ ਬੁੱਧਵਾਰ ਨੂੰ ਜਾਰੀ ਸੂਚੀ ਵਿੱਚ ਵਿਸ਼ਵ ਦੇ ਅਤਿ ਪ੍ਰਭਾਵਸ਼ਾਲੀ ਰਾਜਸੀ ਤੇ ਸਮਾਜਸੇਵੀ ਆਗੂ, ਕਲਾਕਾਰ ਅਤੇ ਹੋਰ ਆਪੋ ਆਪਣੇ ਖੇਤਰ ਦੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਹਨ। ਇਨ੍ਹਾਂ ਵਿੱਚ ਭਾਰਤੀ ਅਮਰੀਕਨ ਕਮੇਡੀਅਨ ਅਤੇ ਟੀਵੀ ਮੇਜ਼ਬਾਨ ਹਸਨ ਮਿਨਹਾਜ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਪੋਪ ਫਰਾਂਸਿਸ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਗੌਲਫਰ ਟਾਈਗਰ ਵੁੱਡਜ਼ ਅਤੇ ਫੇਸਬੁੱਕ ਦਾ ਬਾਨੀ ਮਾਰਕ ਜਕਰਬਰਗ ਸ਼ਾਮਲ ਹਨ। ਸ੍ਰੀ ਅਨਿਲ ਅੰਬਾਨੀ ਦੇ ਕਾਰੋਬਾਰੀ ਨਜ਼ਰੀਏ ਬਾਰੇ ਲਿਖਦਿਆਂ ਉੱਘੇ ਕਾਰੋਬਾਰੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਕਿਹਾ ਹੈ ਕਿ ਭਾਰਤੀ ਕਾਰੋਬਾਰ ਜਗਤ ਦੇ ਵਿੱਚ ਅੰਬਾਨੀ ਦੇ ਪਿਤਾ ਜੀ ਬਹੁਤ ਦੂਰਅੰਦੇਸ਼ ਸਨ ਜਿਨ੍ਹਾਂ ਦਾ ਲਾਇਆ ਰਿਲਾਇੰਸ ਇੰਡਸਟਰੀਜ਼ ਦਾ ਬੂਟਾ ਅੱਜ ਵਿਸ਼ਵ ਪੱਧਰ ਉੱਤੇ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ ਪ੍ਰਸਿੱਧ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੇ ਕਾਟਜੂ ਅਤੇ ਗੁਰੂਸਵਾਮੀ ਦੇ ਪ੍ਰੋਫਾਈਲ ਲਿਖੇ ਹਨ ਤੇ ਉਨ੍ਹਾਂ ਵੱਲੋਂ ਭਾਰਤ ਵਿੱਚ ਸਮਲਿੰਗੀਆਂ ਦੇ ਹੱਕਾਂ ਲਈ ਲੜੀ ਵੱਡੀ ਲੜਾਈ ਦਾ ਵੇਰਵੇ ਸਹਿਤ ਜ਼ਿਕਰ ਕਰਦਿਆਂ ਉਨ੍ਹਾਂ ਦੀਆਂ ਸਖਸ਼ੀਅਤਾਂ ਨਾਲ ਜੁੜੇ ਪਹਿਲੂਆਂ ਨੂੰ ਉਭਾਰਿਆ ਹੈ।

ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ

ਨਵੀਂ ਦਿੱਲੀ-ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ‘ਚ ਕਥਿਤ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦੀ ਧਾਰਮਿਕ ਤਿਉਹਾਰ ਈਸਟਰ ਅਤੇ ਗੁੱਡ ਫਰਾਈਡੇਅ ਦੇ ਆਧਾਰ ‘ਤੇ ਦਿੱਤੀ ਗਈ ਅਗਾਊਂ ਜ਼ਮਾਨਤ ਦੀ ਅਰਜ਼ੀ ‘ਤੇ ਅਦਾਲਤ ਨੇ ਫ਼ੈਸਲਾ ਰਾਖਵਾਂ ਰੱਖ ਲਿਆ ਹੈ।

ਇਹ ਚੋਣ ਜੰਗ ਰਾਮ ਤੇ ਰਾਵਣ, ਗੋਡਸੇ ਤੇ ਗਾਂਧੀ ਵਿਚਾਲੇ ਹੈ : ਸਿੱਧੂ

ਅਹਿਮਦਾਬਾਦ-ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਜੰਗ ਭਗਵਾਨ ਕ੍ਰਿਸ਼ਨ ਤੇ ਕੰਸ, ਰਾਮ ਤੇ ਰਾਵਣ ਅਤੇ ਗੋਡਸੇ ਤੇ ਗਾਂਧੀ ਵਿਚਾਲੇ ਹੈ | ਅਹਿਮਦਾਬਾਦ ਜ਼ਿਲ੍ਹੇ ਦੇ ਢੋਲਕਾ ਸ਼ਹਿਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਗੋਧਰਾ ਕਾਂਡ ਨੂੰ ਲੈ ਕੇ ਵੀ ਸ਼ਬਦੀ ਹਮਲੇ ਕੀਤੇ | ਸਿੱਧੂ ਨੇ ਕਿਹਾ ਕਿ ਜਿਹੜੇ ਗੋਧਰਾ ਘਟਨਾ ਕਰਵਾਉਣ ਵਾਲੇ ਹਨ ਉਨ੍ਹਾਂ ਨੂੰ ਦੇਸ਼ਭਗਤੀ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ | ਇਸ ਮੌਕੇ ਉਨ੍ਹਾਂ ਮੋਦੀ ਨੂੰ ਰਾਫ਼ੇਲ ਸੌਦੇ, ਬੇਰੁਜ਼ਗਾਰੀ ਤੇ ਕਿਸਾਨੀ ਮੁੱਦਿਆਂ ‘ਤੇ ਘੇਰਿਆ ਤੇ ਆਪਣੇ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ | ਉਨ੍ਹਾਂ ਕਿਹਾ ਕਿ ਚੀਨ ਸਮੁੰਦਰ ਹੇਠ ਰੇਲਵੇ ਲਾਈਨ ਬਣਾ ਰਿਹਾ ਹੈ, ਅਮਰੀਕਾ ਮੰਗਲ ‘ਤੇ ਜੀਵਨ ਲੱਭ ਰਿਹਾ ਹੈ, ਰੂਸ ਰੋਬੋਟਾਂ ਦੀ ਸੈਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਭਾਰਤ ਕੀ ਕਰ ਰਿਹਾ ਹੈ, ਅਸੀਂ ਚੌਕੀਦਾਰ ਬਣਾ ਰਹੇ ਹਾਂ, ਜੋ ਕਿ ਅਸਲ ‘ਚ ਚੋਰ ਹੈ | ਉਨ੍ਹਾਂ ਕਿਹਾ ਕਿ ਤੁਸੀਂ ਹਮੇਸ਼ਾਂ ਰਾਸ਼ਟਰਵਾਦ ਦੀ ਗੱਲ ਕਰਦੇ ਹੋ ਤਾਂ ਸੁਣੋ ਮਿਸਟਰ ਮੋਦੀ, ਇਹ ਲੜਾਈ ਭਗਵਾਨ ਕ੍ਰਿਸ਼ਨ ਤੇ ਕੰਸ, ਰਾਮ ਤੇ ਰਾਵਣ ਅਤੇ ਗੋਡਸੇ ਤੇ ਗਾਂਧੀ ਵਿਚਾਲੇ ਹੈ |

ਰਾਹੁਲ ਮੈਨੂੰ ਚੋਰ ਆਖ ਕੇ ਸਾਰੇ ਭਾਈਚਾਰੇ ਦੇ ਅਕਸ ਨੂੰ ਢਾਹ ਲਾ ਰਿਹੈ: ਮੋਦੀ

ਅਕਲੁਜ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ ‘ਸਾਰੇ ਮੋਦੀ ਚੋਰ ਕਿਉਂ ਹਨ’ ਵਾਲੇ ਬਿਆਨ ’ਤੇ ਘੇਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਹ ਟਿੱਪਣੀ ਕਰਕੇ ਉਸ ਪੱਛੜੇ ਵਰਗ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹ (ਨਰਿੰਦਰ ਮੋਦੀ) ਸਬੰਧਤ ਹਨ। ਸ੍ਰੀ ਮੋਦੀ ਨੇ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਰਦ ਪਵਾਰ ਦੀ ‘ਪਰਿਵਾਰਵਾਦ ਦੀ ਸਿਆਸਤ’ ਦੀ ਆਲੋਚਨਾ ਕੀਤੀ ਅਤੇ ਦਾਅਵਾ ਕੀਤਾ ਕਿ ਰਾਸ਼ਟਰੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਚੋਣ ਮੈਦਾਨ ’ਚੋਂ ਇਸ ਲਈ ‘ਭੱਜ’ ਗਏ ਕਿਉਂਕਿ ਉਨ੍ਹਾਂ ਨੂੰ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਅਤੇ ਉਸ ਦੇ ਭਾਈਵਾਲਾਂ ਦਾ ਆਖਣਾ ਹੈ ਕਿ ਸਮਾਜ ’ਚ ਸਾਰੇ ਮੋਦੀ ਚੋਰ ਹਨ। ‘ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਨੇ ਮੇਰੀ ਨੀਵੀਂ ਜਾਤ ਨੂੰ ਕੁਬੋਲ ਆਖਣ ’ਚ ਕੋਈ ਕਸਰ ਨਹੀਂ ਛੱਡੀ। ਇਸ ਵਾਰ ਤਾਂ ਉਨ੍ਹਾਂ ਸਾਰੀਆਂ ਹੱਦਾਂ ਹੀ ਪਾਰ ਕਰ ਲਈਆਂ ਅਤੇ ਪੂਰੇ ਪੱਛੜੇ ਭਾਈਚਾਰੇ ਨੂੰ ਮਾੜੇ ਸ਼ਬਦ ਆਖ ਦਿੱਤੇ।’ ਸ੍ਰੀ ਮੋਦੀ ਨੇ ਕਿਹਾ ਕਿ ‘ਨਾਮਦਾਰ’ ਨੇ ਪਹਿਲਾਂ ‘ਚੌਕੀਦਾਰ ਚੋਰ ਹੈ’ ਆਖਿਆ ਸੀ ਅਤੇ ਹੁਣ ਪੱਛੜੇ ਵਰਗ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅਜਿਹੇ ਹਮਲਿਆਂ ਦੇ ਆਦੀ ਹੋ ਗਏ ਹਨ ਪਰ ਪੂਰੇ ਫਿਰਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨੂੰ ਉਹ ਕਦੇ ਵੀ ਸਹਿਣ ਨਹੀਂ ਕਰਨਗੇ। ਸ੍ਰੀ ਪਵਾਰ ’ਤੇ ਹਮਲਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐਨਸੀਪੀ ਮੁਖੀ ਨੂੰ ਉਨ੍ਹਾਂ ਦੇ ਅਤੇ ਪਰਿਵਾਰ ਖ਼ਿਲਾਫ਼ ਬੋਲਣ ਦਾ ਪੂਰਾ ਹੱਕ ਹੈ ਕਿਉਂਕਿ ਉਹ ਬਜ਼ੁਰਗ ਹਨ ਪਰ ਉਨ੍ਹਾਂ ਕਿਹਾ ਕਿ ਪਵਾਰ ਪਰਿਵਾਰਵਾਦ ਖਾਸ ਕਰਕੇ ਦਿੱਲੀ ਦੇ ‘ਵਿਸ਼ੇਸ਼ ਪਰਿਵਾਰ’ ਦੀ ਭਗਤੀ ’ਚ ਲੱਗੇ ਹੋਏ ਹਨ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਉਹ ਮੁੜ ਸੱਤਾ ’ਚ ਆਏ ਤਾਂ ਉਹ ਵੱਖਰਾ ਜਲ ਸ਼ਕਤੀ ਮੰਤਰਾਲਾ ਬਣਾਉਣਗੇ। ਉਨ੍ਹਾਂ ਕਿਹਾ ਕਿ ਦਰਿਆਵਾਂ ਨੂੰ ਜੋੜਨ ਅਤੇ ਸਿੰਜਾਈ ਵਧਾਉਣ ਦੇ ਮਕਸਦ ਨਾਲ ਨਵਾਂ ਮੰਤਰਾਲਾ ਬਣੇਗਾ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ‘ਭ੍ਰਿਸ਼ਟਾਚਾਰ ਦਾ ਕੋਈ ਦਾਗ਼’ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਮੁੰਬਈ ਕਦੇ ਦਹਿਸ਼ਤਗਰਦਾਂ ਲਈ ਸਵਰਗ ਹੁੰਦਾ ਸੀ ਅਤੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਦਹਿਸ਼ਤਗਰਦਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਅੰਦਰ ਹੀ ਮਾਰਿਆ ਹੈ। ਬਾਲਾਕੋਟ ਹਮਲੇ ਦੇ ਸਬੂਤ ਮੰਗਣ ਸਬੰਧੀ ਵਿਰੋਧੀ ਪਾਰਟੀਆਂ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਕੁਝ ਵਿਅਕਤੀ ਜਵਾਨਾਂ ਦੀ ਬਹਾਦਰੀ ’ਤੇ ਸ਼ੱਕ ਖੜ੍ਹੇ ਕਰ ਰਹੇ ਹਨ ਪਰ ਉਹ ਅਜਿਹੇ ਲੋਕਾਂ ਅਤੇ ਬਹਾਦਰ ਜਵਾਨਾਂ ਵਿਚਕਾਰ ਦੀਵਾਰ ਬਣ ਕੇ ਖੜ੍ਹੇ ਹਨ।

ਚਾਰ ਸੂਬਿਆਂ ’ਚ ਮੀਂਹ ਤੇ ਅਸਮਾਨੀ ਬਿਜਲੀ ਦਾ ਕਹਿਰ, 50 ਮੌਤਾਂ

ਜੈਪੁਰ/ਭੁਪਾਲ-ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ’ਚ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ 50 ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੀਂਹ ਅਤੇ ਹਨੇਰੀ ਕਾਰਨ ਗੁਜਰਾਤ ਅਤੇ ਰਾਜਸਥਾਨ ’ਚ ਸੰਪਤੀ ਅਤੇ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਰਾਜਸਥਾਨ ’ਚ ਸਭ ਤੋਂ ਵੱਧ 21 ਮੌਤਾਂ ਹੋਈਆਂ ਹਨ। ਮੀਂਹ ਕਾਰਨ ਮੱਧ ਪ੍ਰਦੇਸ਼ ’ਚ 15, ਗੁਜਰਾਤ ’ਚ 10 ਅਤੇ ਮਹਾਰਾਸ਼ਟਰ ’ਚ ਤਿੰਨ ਵਿਅਕਤੀਆਂ ਦੀ ਜਾਨ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ’ਚ ਮੀਂਹ ਕਾਰਨ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਇਆ ਅਤੇ ਟਵਿੱਟਰ ’ਤੇ ਰਾਹਤ ਦਾ ਐਲਾਨ ਕੀਤਾ। ਇਸ ਮਗਰੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਉਹ ਸਿਰਫ਼ ਆਪਣੇ ਗ੍ਰਹਿ ਸੂਬੇ ਗੁਜਰਾਤ ਲਈ ਫਿਕਰਮੰਦ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਬਾਅਦ ’ਚ ਕੀਤੇ ਗਏ ਟਵੀਟ ’ਚ ਕਿਹਾ ਗਿਆ ਕਿ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ’ਚ ਬੇਮੌਸਮੀ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਇਕ ਹੋਰ ਟਵੀਟ ’ਚ ਪੀਐਮਓ ਨੇ ਕਿਹਾ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਨੀਪੁਰ ਅਤੇ ਮੁਲਕ ਦੇ ਹੋਰ ਹਿੱਸਿਆਂ ’ਚ ਮੀਂਹ ਅਤੇ ਹਨੇਰੀ ਕਾਰਨ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੇ ਵਾਰਿਸਾਂ ਲਈ ਪ੍ਰਧਾਨ ਮੰਤਰੀ ਦੇ ਕੌਮੀ ਰਾਹਤ ਫੰਡ ’ਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਸਹਾਇਤਾ ਦੇਣ ਨੂੰ ਮਨਜ਼ੂਰੀ ਦਿੱਤੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ’ਚ ਹਾਲਾਤ ’ਤੇ ਨੇੜਿਉਂ ਨਜ਼ਰ ਰੱਖ ਰਹੀ ਹੈ ਅਤੇ ਸੂਬਿਆਂ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ।
ਜੈਪੁਰ ’ਚ ਰਾਜਸਥਾਨ ਦੇ ਰਾਹਤ ਸਕੱਤਰ ਆਸ਼ੂਤੋਸ਼ ਪੇਡਨੇਕਰ ਨੇ ਦੱਸਿਆ ਕਿ ਮੀਂਹ ਕਾਰਨ 21 ਵਿਅਕਤੀਆਂ ਦੀ ਮੌਤ ਹੋਈ ਹੈ। ਪੀੜਤਾਂ ਦੇ ਵਾਰਿਸਾਂ ਨੂੰ 4-4 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ। ਮੌਸਮ ਦੀ ਮਾਰ ਜਾਨਵਰਾਂ ’ਤੇ ਵੀ ਪਈ ਅਤੇ ਕਈ ਪਸ਼ੂ ਮਾਰੇ ਗਏ। ਭੁਪਾਲ ’ਚ ਅਧਿਕਾਰੀਆਂ ਨੇ ਕਿਹਾ ਕਿ ਤੇਜ਼ ਹਨੇਰੀ ਨਾਲ ਮੀਂਹ ਅਤੇ ਬਿਜਲੀ ਡਿੱਗਣ ਕਰਕੇ ਸੂਬੇ ’ਚ 15 ਵਿਅਕਤੀ ਮਾਰੇ ਗਏ ਹਨ। ਮੁੱਖ ਮੰਤਰੀ ਕਮਲਨਾਥ ਨੇ ਮੌਤਾਂ ’ਤੇ ਦੁੱਖ ਜ਼ਾਹਰ ਕਰਦਿਆਂ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ,‘‘ਮੋਦੀ ਜੀ, ਤੁਸੀ਼ਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਨਾ ਕਿ ਇਕੱਲੇ ਗੁਜਰਾਤ ਦੇ। ਮੱਧ ਪ੍ਰਦੇਸ਼ ’ਚ ਵੀ ਮੀਂਹ ਅਤੇ ਬਿਜਲੀ ਡਿੱਗਣ ਕਰਕੇ ਲੋਕਾਂ ਦੀ ਮੌਤ ਹੋਈ ਹੈ ਪਰ ਤੁਸੀਂ ਹਮਦਰਦੀ ਸਿਰਫ਼ ਗੁਜਰਾਤ ਤਕ ਹੀ ਕਿਉਂ ਸੀਮਤ ਰੱਖੀ ਹੈ? ਇਥੇ ਭਾਵੇਂ ਤੁਹਾਡੀ ਪਾਰਟੀ ਦੀ ਸਰਕਾਰ ਨਹੀਂ ਹੈ ਪਰ ਲੋਕ ਇਥੇ ਵੀ ਵਸਦੇ ਹਨ।’’ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਮਲਨਾਥ ’ਤੇ ਮੌਤਾਂ ਨੂੰ ਲੈ ਕੇ ਸਿਆਸਤ ਕਰਨ ਦਾ ਦੋਸ਼ ਲਾਇਆ। ਭਾਜਪਾ ਤਰਜਮਾਨ ਅਨਿਲ ਬਲੂਨੀ ਨੇ ਦਿੱਲੀ ’ਚ ਕਿਹਾ ਕਿ ਕਮਲਨਾਥ ਪ੍ਰਕਿਰਿਆ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹਨ ਕਿ ਸੂਬਾ ਸਰਕਾਰ ਨੂੰ ਰਾਹਤ ਲੈਣ ਲਈ ਪਹਿਲਾਂ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਬਾਰੇ ਕੇਂਦਰ ਨੂੰ ਜਾਣਕਾਰੀ ਦੇਣੀ ਪੈਂਦੀ ਹੈ ਪਰ ਉਹ ਅਜਿਹਾ ਕਰਨ ਦੀ ਬਜਾਏ ਟਵੀਟ ਕਰਕੇ ਇਸ ਦਾ ਸਿਆਸੀਕਰਨ ਕਰ ਰਹੇ ਹਨ। ਉਧਰ ਅਹਿਮਦਾਬਾਦ ’ਚ ਗੁਜਰਾਤ ਸਰਕਾਰ ਦੀ ਰਾਹਤ ਮੁਹਿੰਮ ਦੇ ਡਾਇਰੈਕਟਰ ਜੀ ਬੀ ਮੰਗਲਪਾਰਾ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਮੀਂਹ ਅਤੇ ਹਨੇਰੀ ਕਰਕੇ ਉੱਤਰੀ ਗੁਜਰਾਤ ਅਤੇ ਸੌਰਾਸ਼ਟਰ ਖ਼ਿੱਤੇ ’ਚ 10 ਵਿਅਕਤੀ ਮਾਰੇ ਗਏ। ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਾਹੋਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉੱਤਰ ਗੁਜਰਾਤ ’ਚ ਜ਼ਿਆਦਾਤਰ ਮੌਤਾਂ ਬਿਜਲੀ ਅਤੇ ਦਰੱਖਤਾਂ ਦੇ ਡਿੱਗਣ ਦੀਆਂ ਘਟਨਾਵਾਂ ਕਾਰਨ ਵਾਪਰੀਆਂ ਹਨ। ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ’ਚ ਮੰਗਲਵਾਰ ਨੂੰ ਮੀਂਹ ਪੈਣ ਦੌਰਾਨ ਡਿਜਲੀ ਡਿੱਗਣ ਕਰਕੇ 71 ਵਰ੍ਹਿਆਂ ਦੀ ਬਜ਼ੁਰਗ, 32 ਵਰ੍ਹਿਆਂ ਦੇ ਨੌਜਵਾਨ ਅਤੇ ਮੰਦਰ ਦੇ ਪੁਜਾਰੀ ਦੀ ਮੌਤ ਹੋ ਗਈ।

ਭਾਜਪਾ ਨੇ ਸਾਧਵੀ ਪ੍ਰੱਗਿਆ ਨੂੰ ਦਿਗਵਿਜੈ ਦੇ ਮੁਕਾਬਲੇ ਮੈਦਾਨ ’ਚ ਉਤਾਰਿਆ

ਨਵੀਂ ਦਿੱਲੀ-ਭਾਜਪਾ ਨੇ ਹਿੰਦੂਤਵ ਦਾ ਪੱਤਾ ਖੇਡਦਿਆਂ ਲੋਕ ਸਭਾ ਚੋਣਾਂ ਵਿੱਚ ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਠਾਕੁਰ ਨੂੰ ਭੋਪਾਲ ਤੋਂ ਕਾਂਗਰਸ ਦੇ ਉਘੇ ਸਿਆਸਤਦਾਨ ਤੇ ਮੱਧਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਹੈ। ਪ੍ਰੱਗਿਆ ਜ਼ਮਾਨਤ ’ਤੇ ਹੈ ਅਤੇ ਅਦਾਲਤ ਨੇ ਉਸ ਨੂੰ 2008 ਮਾਮਲੇ ਵਿੱਚ ਮਕੋਕਾ ਤੋਂ ਬਰੀ ਕਰ ਦਿੱਤਾ ਸੀ ਪਰ ਉਸ ’ਤੇ ਹੋਰਨਾਂ ਅਪਰਾਧਕ ਧਾਰਾਵਾਂ ਹੇਠ ਕੇਸ ਚੱਲ ਰਿਹਾ ਹੈ। ਭਾਜਪਾ 48 ਸਾਲਾ ਭਗਵਾ ਕਾਰਕੁਨ ਨੂੰ ਮੈਦਾਨ ਵਿੱਚ ਉਤਾਰ ਕੇ ਕਾਂਗਰਸ ਨੂੰ ਮੋਦੀ ਤੇ ਸ਼ਾਹ ਵਾਂਗ ਘੇਰਨਾ ਚਾਹੁੰਦੀ ਹੈ। ਭਾਜਪਾ ਮੁਖੀ ਅਮਿਤ ਸ਼ਾਹ ਨੇ ਅੱਜ ਉੜੀਸਾ ਵਿੱਚ ਚੋਣ ਰੈਲੀ ਦੌਰਾਨ ਦਿਗਵਿਜੈ ਸਿੰਘ ਨੂੰ ਭਗਵਾ ਦਹਿਸ਼ਤ ਦਾ ਜਨਮਦਾਤਾ ਦੱਸਿਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਪ੍ਰਗਿਆ ਨੂੰ ਮੈਦਾਨ ਵਿਚ ਉਤਾਰ ਕੇ ਇਸ ਮਾਮਲੇ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ। ‘ਹਿੰਦੂ ਦਹਿਸ਼ਤ ਅਤੇ ਭਗਵਾ ਦਹਿਸ਼ਤ’ ਦੀ ਗੱਲ ਕਰ ਕੇ ਕਾਂਗਰਸ ਭਾਰਤ ਨੂੰ ਬਦਨਾਮ ਕਰ ਰਹੀ ਹੈ। ਸਮਝੌਤਾ ਐਕਸਪ੍ਰੈਸ ਧਮਾਕੇ ਵਿੱਚ ਸ਼ਾਮਲ ਸਵਾਮੀ ਅਸੀਮਾਨੰਦ ਸਮੇਤ ਹੋਰਨਾਂ ਮੁਲਜ਼ਮਾਂ ਦੇ ਬਰੀ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਭੋਪਾਲ ਦੇ ਲੋਕ ਦਿਗਵਿਜੈ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਜ਼ਾ ਦੇਣਗੇ।
ਇਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕੁਝ ਘੰਟੇ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਈ ਸਾਧਵੀ ਪ੍ਰਗਿਆ ਨੂੰ ਪਾਰਟੀ ਨੇ ਦਿਗਵਿਜੈ ਸਿੰਘ ਖ਼ਿਲਾਫ਼ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਕਾਂਗਰਸ ਦਾ ਸਭ ਤੋਂ ਵੱਧ ਦਿਖਾਈ ਦੇਣ ਵਾਲਾ ‘ਹਿੰਦੂਤਵ ਵਿਰੋਧੀ’ ਚਿਹਰਾ ਹੈ। ਦਿਗਵਿਜੈ ਸਿੰਘ ਆਰ ਐਸ ਐਸ ਦੇ ਵੱਡੇ ਆਲੋਚਕ ਹਨ। ਹੋਰਨਾਂ ਉਮੀਦਵਾਰਾਂ ਵਿੱਚ ਭਾਜਪਾ ਨੇ ਰਾਜ ਬਹਾਦੁਰ ਸਿੰਘ ਅਤੇ ਰਮਾਕਾਂਤ ਭਾਰਗਵ ਨੂੰ ਸਾਗਰ ਅਤੇ ਵਿਦੀਸ਼ਾ ਤੋਂ ਉਮੀਦਵਾਰ ਬਣਾਇਆ ਹੈ। ਸਾਧਵੀ ਪ੍ਰਗਿਆ ਨੂੰ ਉਮੀਦਵਾਰ ਬਣਾਏ ਜਾਣ ਦਾ ਕਈ ਭਾਜਪਾ ਆਗੂਆਂ ਨੇ ਸਵਾਗਤ ਕੀਤਾ ਹੈ। ਮੀਤ ਪ੍ਰਧਾਨ ਵਿਜੈ ਸਹਸਤਰਬੁੱਧੇ ਨੇ ਕਿਹਾ ਕਿ ਉਹ ਔਰਤ ਦੇ ਜੰਗੀ ਹੌਸਲੇ ਦਾ ਪ੍ਰਤੀਕ ਹੈ। ਸੁਬਰਾਮਨੀਅਨ ਸਵਾਮੀ ਨੇ ਕਿਹਾ ਕਿ ਪ੍ਰਗਿਆ ਨੇ ਬਹੁਤ ਦੁੱਖ ਝੱਲਿਆ ਹੈ ਤੇ ਉਹ ਕਾਂਗਰਸ ਏਜੰਡੇ ਦੀ ਪੀੜਤ ਹੈ। ਉਨ੍ਹਾਂ ਕਿਹਾ ਕਿ ਪ੍ਰਗਿਆ ਖਿਲਾਫ਼ ਲੱਗੇ ਦੋਸ਼ ਅੰਤਿਮ ਪੜਾਅ ’ਤੇ ਹਨ ਤੇ ਉਹ ਵੀ ਖਾਰਜ ਹੋ ਜਾਣਗੇ।

ਦੇਸ਼ ‘ਚ ਮੀਂਹ ਤੇ ਹਨੇਰੀ ਕਾਰਨ ਹੋਈਆਂ ਮੌਤਾਂ ‘ਤੇ ਮੋਦੀ ਨੇ ਜਤਾਇਆ ਦੁੱਖ, ਮੁਆਵਜ਼ੇ ਦਾ ਕੀਤਾ ਐਲਾਨ

ਨਵੀਂ ਦਿੱਲੀ-ਮੱਧ ਪ੍ਰਦੇਸ਼, ਰਾਜਸਥਾਨ, ਗੁਜਰਾਤ, ਮਨੀਪੁਰ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆ ‘ਚ ਬੇਮੌਸਮੇ ਮੀਂਹ ਅਤੇ ਤੂਫ਼ਾਨ ਕਾਰਨ ਹੋਈਆਂ ਮੌਤਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ‘ਚੋਂ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ।

ਹਾਦਸਾਗ੍ਰਸਤ ਜਹਾਜ਼ ਘਰ ‘ਤੇ ਡਿੱਗਿਆ, ਛੇ ਦੀ ਮੌਤ

ਸੈਂਟੀਆਗੋ-ਦੱਖਣੀ ਚਿੱਲੀ ਦੇ ਇਕ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਘਰ ਦੀ ਛੱਤ ‘ਤੇ ਡਿੱਗ ਗਿਆ, ਇਸ ਹਾਦਸੇ ਵਿਚ ਪਾਇਲਟ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਜਹਾਜ਼ ਹਾਦਸਾ ਲਾ ਪਲੋਮਾ ਹਵਾਈ ਅੱਡੇ ਦੇ ਕੋਲ ਹੋਇਆ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਲਾਸ ਲਾਗੋਸ ਇਲਾਕੇ ਵਿਚ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਇਹ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਇਕ ਘਰ ਦੀ ਛੱਤ ‘ਤੇ ਜਾ ਡਿੱਗਿਆ। ਇਸ ਹਾਦਸੇ ਸਬੰਧੀ ਲਾਸ ਲਾਗੋਸ ਖੇਤਰ ਦੇ ਗਵਰਨਰ ਜੈਰੀ ਜੁਰਗੇਨਸਨ ਨੇ ਦੱਸਿਆ ਕਿ ਜਿਸ ਘਰ ‘ਤੇ ਜਹਾਜ਼ ਡਿੱਗਿਆ ਸੀ, ਉਹ ਘਰ ਖਾਲੀ ਸੀ। ਹਾਸਦੇ ਵਿਚ ਘਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ।

ਪ੍ਰਿਅੰਕਾ ਗਾਂਧੀ ਚੋਰ ਦੀ ਪਤਨੀ – ਉਮਾ ਭਾਰਤੀ ਦਾ ਵਿਵਾਦਿਤ ਬਿਆਨ

ਪ੍ਰਿਅੰਕਾ ਗਾਂਧੀ ਚੋਰ ਦੀ ਪਤਨੀ – ਉਮਾ ਭਾਰਤੀ ਦਾ ਵਿਵਾਦਿਤ ਬਿਆਨ
ਨਵੀਂ ਦਿੱਲੀ-ਲੋਕ ਸਭਾ ਚੋਣਾਂ ‘ਚ ਨੇਤਾਵਾਂ ਦੀ ਭਾਸ਼ਾ ਦਾ ਪੱਧਰ ਲਗਾਤਾਰ ਡਿਗਦਾ ਜਾ ਰਿਹਾ ਹੈ। ਹੁਣ ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਉਮਾ ਭਾਰਤੀ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ‘ਤੇ ਵਿਵਾਦਿਤ ਬਿਆਨ ਦੇ ਦਿੱਤਾ ਹੈ। ਜਦੋਂ ਪੱਤਰਕਾਰਾਂ ਨੇ ਉਮਾ ਭਾਰਤੀ ਨੂੰ ਪੁੱਛਿਆ ਕਿ ਇਸ ਚੋਣ ‘ਚ ਪ੍ਰਿਅੰਕਾ ਗਾਂਧੀ ਕੀ ਅਸਰ ਪਾ ਸਕਦੀ ਹੈ ਤਾਂ ਇਸ ਦੇ ਜਵਾਬ ਵਿਚ ਉਮਾ ਭਾਰਤੀ ਨੇ ਕਿਹਾ ਕਿ ਜਿਸ ਦੇ ਪਤੀ ‘ਤੇ ਚੋਰੀ ਦੇ ਦੋਸ਼ ਹੋਣ ਤਾਂ ਉਸ ਨੂੰ ਲੋਕ ਕਿਸ ਨਜ਼ਰ ਨਾਲ ਦੇਖਣਗੇ ? ਉਮਾ ਨੇ ਕਿਹਾ ਕਿ ਚੋਰ ਦੀ ਪਤਨੀ ਨੂੰ ਜਿਸ ਨਜ਼ਰ ਨਾਲ ਦੇਖਿਆ ਜਾਂਦਾ ਹੈ, ਹਿੰਦੁਸਤਾਨ ਉਸੇ ਨਜ਼ਰ ਨਾਲ ਉਨ੍ਹਾਂ ਨੂੰ ਦੇਖੇਗਾ।

ਪੈ ਰਹੇ ਭਾਰੀ ਮੀਂਹ ਨੇ ਕੀਤਾ ਕਿਸਾਨਾਂ ਦੀਆਂ ਚਿੰਤਾਵਾਂ ‘ਚ ਵਾਧਾ

ਫਿਰੋਜ਼ਪੁਰ-ਬੀਤੀ ਦੇਰ ਰਾਤ ਤੋਂ ਹੀ ਪੈ ਰਿਹਾ ਭਾਰੀ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਉਕਤ ਬੇਮੌਸਮੀ ਬਾਰਿਸ਼ ਕਾਰਨ ਫਸਲਾਂ ਦੇ ਹੋਣ ਵਾਲੇ ਨੁਕਸਾਨ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਿਚ ਭਾਰੀ ਵਾਧਾ ਕਰ ਦਿੱਤਾ ਹੈ । ਕਣਕ ਦੀ ਫ਼ਸਲ ਪੱਕ ਕੇ ਕੱਟਣ ਦੇ ਕਿਨਾਰੇ ਹੈ। ਕੁੱਝ ਕਿਸਾਨਾਂ ਵੱਲੋਂ ਤਾ ਵਿਸਾਖੀ ਤੇ ਕਣਕ ਦੀ ਵਾਢੀ ਵੀ ਸ਼ੁਰੂ ਕਰ ਦਿੱਤੀ ਸੀ ਜੋ ਹੁਣ ਕੁੱਝ ਦਿਨ ਪਛੜ ਜਾਵੇਗੀ । ਪਿਛਲੇ ਦੋ ਦਿਨਾਂ ਤੋ ਵਿਗੜੇ ਮੌਸਮ ਕਾਰਣ ਜਿੱਥੇ ਵਾਢੀ ਨੂੰ ਪੂਰੀ ਤਰ੍ਹਾਂ ਬਰੇਕਾਂ ਲੱਗੀਆਂ ਹੋਈਆਂ ਹਨ ਉੱਥੇ ਫ਼ਸਲਾਂ ਡਿਗ ਪੈਣ ਅਤੇ ਉੱਪਰੋਂ ਪੈ ਰਹੇ ਮੀਹ ਕਾਰਣ ਫ਼ਸਲਾਂ ਦੇ ਝਾੜ ਤੇ ਮਾੜਾ ਅਸਰ ਪੈਣਾ ਸੁਭਾਵਿਕ ਹੈ । ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ , ਸੂਬਾਈ ਆਗੂ ਸੁਖਪਾਲ ਸਿੰਘ ਬੁੱਟਰ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ।