ਮੁੱਖ ਖਬਰਾਂ
Home / ਮੁੱਖ ਖਬਰਾਂ (page 5)

ਮੁੱਖ ਖਬਰਾਂ

ਸਾਧਵੀ ਪੱ੍ਰਗਿਆ ਦੇ ਬਚਾਅ ‘ਚ ਆਏ ਰਾਮਦੇਵ-ਕਿਹਾ ਸਾਧਵੀ ਨਾਲ ਹੋਇਆ ਅਨਿਆਂ

ਦੇਹਰਾਦੂਨ-ਯੋਗ ਗੁਰੂ ਸਵਾਮੀ ਰਾਮਦੇਵ ਨੇ ਮੁੰਬਈ ਹਮਲੇ ‘ਚ ਸ਼ਹੀਦ ਹੋਏ ਆਈ.ਪੀ.ਐੱਸ. ਅਧਿਕਾਰੀ ਹੇਮੰਤ ਕਰਕਰੇ ਨੂੰ ਸ਼ਰਾਪ ਦੇਣ ਸਬੰਧੀ ਬਿਆਨ ਦੇਣ ‘ਤੇ ਘਿਰੀ ਭੋਪਾਲ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਠਾਕੁਰ ਦਾ ਬਚਾਅ ਕੀਤਾ ਹੈ | ਉਨ੍ਹਾ ਕਿਹਾ ਕਿ ਸਾਧਵੀ ਪ੍ਰੱਗਿਆ ਠਾਕੁਰ ਨਾਲ ਬਹੁਤ ਅਨਿਆਂ ਹੋਇਆ ਹੈ | ਸਿਰਫ਼ ਸ਼ੱਕ ਦੇ ਆਧਾਰ ‘ਤੇ ਕਿਸੇ ਨੂੰ ਗਿ੍ਫ਼ਤਾਰ ਕਰ ਕੇ ਜ਼ੁਲਮ ਕਰਨਾ ਠੀਕ ਨਹੀਂ ਹੈ | ਇਹ ਗੱਲ ਉਨ੍ਹਾਂ ਪ੍ਰੱਗਿਆ ਠਾਕੁਰ ਦੁਆਰਾ ਹੇਮੰਤ ਕਰਕਰੇ ਦੇ ਸਬੰਧ ‘ਚ ਕੀਤੀ ਗਈ ਟਿੱਪਣੀ ਦੇ ਬਾਰੇ ਪੁੱਛੇ ਜਾਣ ‘ਤੇ ਕਹੀ | ਰਾਮਦੇਵ ਨੇ ਕਿਹਾ ਕਿ ਜਿਸ ਸਮੇਂ ਪੱ੍ਰਗਿਆ ਠਾਕੁਰ ਅਤੇ ਉਸਦੇ ਸਾਥੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ, ਉਸ ਵਕਤ ਜਾਂਚ ਦੇ ਨਾਂਅ ‘ਤੇ ਜੇਲ੍ਹ ‘ਚ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਗਏ ਸਨ | ਉਹ ਮੌਤ ਦੇ ਮੂੰਹ ‘ਚੋਂ ਨਿਕਲ ਕੇ ਆਈ ਹੈ |

ਤੀਜੇ ਗੇੜ ’ਚ 66 ਫੀਸਦ ਪੋਲਿੰਗ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਤੀਜੇ ਤੇ ਸਭ ਤੋਂ ਵੱਡੇ ਪੜਾਅ ਤਹਿਤ ਲੋਕਾਂ ਨੇ 116 ਸੰਸਦੀ ਸੀਟਾਂ ਲਈ ਕਤਾਰਾਂ ਵਿੱਚ ਘੰਟਿਆਂਬੱਧੀ ਖੜ ਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਚੋਣ ਕਮਿਸ਼ਨ ਵੱਲੋਂ ਰਾਤ ਅੱਠ ਵਜੇ ਤਕ ਜਾਰੀ ਅੰਕੜਿਆਂ ਮੁਤਾਬਕ ਤੀਜੇ ਗੇੜ ਤਹਿਤ 66 ਫੀਸਦ (ਲਗਪਗ 65.61 ਫੀਸਦ) ਪੋਲਿੰਗ ਹੋਈ। ਗੁਜਰਾਤ (26) ਤੇ ਕੇਰਲ (20) ਵਿੱਚ ਅੱਜ ਇਕੋ ਵੇਲੇ ਸਾਰੀਆਂ ਸੰਸਦੀ ਸੀਟਾਂ ਲਈ ਵੋਟਾਂ ਪਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਇਕ ਬੂਥ ਵਿੱਚ ਵੋਟ ਪਾਈ। ਅੱਜ ਦਾ ਚੋਣ ਅਮਲ ਸਿਰੇ ਚੜ੍ਹਨ ਮਗਰੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਤੇ ਕਈ ਹੋਰਨਾਂ ਕੇਂਦਰੀ ਮੰਤਰੀਆਂ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ। ਇਸ ਦੌਰਾਨ ਕਈ ਥਾਈਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਗੜਬੜੀ ਦੀਆਂ ਸ਼ਿਕਾਇਤਾਂ ਵੀ ਮਿਲੀਆਂ। ਤੀਜੇ ਗੇੜ ਤਹਿਤ ਲਗਪਗ 18.56 ਕਰੋੜ ਲੋਕ ਵੋਟ ਪਾਉਣ ਦੇ ਯੋਗ ਸਨ। ਗੁਜਰਾਤ ਤੇ ਕੇਰਲ ਦੀਆਂ ਸਾਰੀਆਂ ਸੰਸਦੀ ਸੀਟਾਂ ਕ੍ਰਮਵਾਰ 26 ਤੇ 20 ਲਈ ਵੋਟਿੰਗ ਤੋਂ ਇਲਾਵਾ ਅਸਾਮ ਦੀਆਂ ਚਾਰ, ਬਿਹਾਰ ਦੀਆਂ ਪੰਜ, ਛੱਤੀਸਗੜ੍ਹ ਦੀਆਂ ਸੱਤ, ਕਰਨਾਟਕ ਤੇ ਮਹਾਰਾਸ਼ਟਰ ਦੀਆਂ 14-14, ਉੜੀਸਾ ਦੀਆਂ 6, ਯੂਪੀ 10, ਪੱਛਮੀ ਬੰਗਾਲ 5, ਗੋਆ 2 ਅਤੇ ਦਾਦਰ ਤੇ ਨਗਰ ਹਵੇਲੀ, ਦਮਨ ਤੇ ਦਿਊ ਤੇ ਤ੍ਰਿਪੁਰਾ ਦੀ ਇਕ-ਇਕ ਸੰਸਦੀ ਸੀਟ ਲਈ ਵੋਟਾਂ ਦਾ ਅਮਲ ਸਿਰੇ ਚੜ੍ਹਿਆ। ਤ੍ਰਿਪੁਰਾ ਦੇ ਪੱਛਮੀ ਹਲਕੇ, ਜਿੱਥੇ ਪਹਿਲਾਂ 18 ਅਪਰੈਲ ਨੂੰ ਵੋਟਿੰਗ ਹੋਣ ਸੀ, ’ਚ ਵੀ ਅੱਜ ਵੋਟਾਂ ਪਈਆਂ ਜਦੋਂਕਿ ਜੰਮੂ-ਕਸ਼ਮੀਰ ਦੀ ਅਨੰਤਨਾਗ ਸੀਟ ਦੇ ਕੁੱਝ ਹਿੱਸੇ ਵਿੱਚ ਵੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਅਨੰਤਨਾਗ ਸੰਸਦੀ ਸੀਟ ਲਈ ਤਿੰਨ ਪੜਾਵਾਂ ਤਹਿਤ ਵੋਟਾਂ ਪੈਣੀਆਂ ਹਨ। ਇਸੇ ਤਰ੍ਹਾਂ ਉੜੀਸਾ, ਗੁਜਰਾਤ ਤੇ ਗੋਆ ਦੇ ਕੁਝ ਅਸੈਂਬਲੀ ਹਲਕਿਆਂ ਲਈ ਵੋਟਿੰਗ ਦਾ ਕੰਮ ਸਿਰੇ ਚੜ੍ਹਿਆ।
ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪੋਲਿੰਗ ਕੇਂਦਰਾਂ ਦੇ ਬਾਹਰ ਜਿੱਥੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆਈਆਂ, ਉਥੇ ਅਨੰਤਨਾਗ ਸੰਸਦੀ ਹਲਕੇ ਵਿੱਚ 13.61 ਫੀਸਦ ਵੋਟਾਂ ਪੋਲ ਹੋਈਆਂ। ਪੁਲੀਸ ਅਧਿਕਾਰੀਆਂ ਮੁਤਾਬਕ ਪੋਲਿੰਗ ਦੌਰਾਨ ਉਂਜ ਪੂਰੀ ਤਰ੍ਹਾਂ ਅਮਨ ਅਮਾਨ ਰਿਹਾ। ਕੇਰਲ ਵਿੱਚ ਵੀ ਪੋਲਿੰਗ ਬੂਥ ਦੇ ਬਾਹਰ ਵੱਡੀ ਗਿਣਤੀ ਲੋਕ, ਜਿਨ੍ਹਾਂ ਵਿੱਚ ਮਹਿਲਾਵਾਂ, ਬਜ਼ੁਰਗ ਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਸ਼ਾਮਲ ਸਨ, ਕਤਾਰਾਂ ’ਚ ਖੜੇ ਵੇਖੇ ਗਏ। ਕੇਰਲ ਵਿੱਚ 71.67 ਫੀਸਦ ਪੋਲਿੰਗ ਦਰਜ ਕੀਤੀ ਗਈ। ਇਸ ਦੱਖਣੀ ਰਾਜ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਸ਼ਸ਼ੀ ਥਰੂਰ ਤੇ ਕੇਂਦਰੀ ਮੰਤਰੀ ਐਲਫੌਂਸ ਕੰਨਮਥਾਨਮ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਕਈ ਥਾਈਂ ਵੋਟਿੰਗ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਦੀਆਂ ਸ਼ਿਕਾਇਤਾਂ ਆਈਆਂ, ਜਿਨ੍ਹਾਂ ਨੂੰ ਦੂਰ ਕਰਨ ਮਗਰੋਂ ਵੋਟਿੰਗ ਦਾ ਅਮਲ ਬੇਰੋਕ ਚਲਦਾ ਰਿਹਾ। ਕਰਨਾਟਕ ਤੇ ਮਹਾਰਾਸ਼ਟਰ ਦੀਆਂ 14-14 ਲੋਕ ਸਭਾ ਸੀਟਾਂ ਲਈ ਕ੍ਰਮਵਾਰ 67.56 ਤੇ 58.98 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ। ਮਹਾਰਾਸ਼ਟਰ ਵਿੱਚ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਰਾਓਸਾਹਿਬੇ ਦਾਨਵੇ(ਜਾਲਨਾ) ਤੇ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਧੀ ਸੁਪ੍ਰਿਆ ਸੂਲੇ (ਬਾਰਾਮਤੀ) ਤੋਂ ਚੋਣ ਮੈਦਾਨ ਵਿੱਚ ਹਨ। ਗੋਆ ਦੀਆਂ ਦੋ ਸੰਸਦੀ ਸੀਟਾਂ ਲਈ 73.23 ਫੀਸਦ ਪੋਲਿੰਗ ਹੋਈ। ਗੁਜਰਾਤ ਵਿੱਚ 63.67 ਫੀਸਦ ਲੋਕ ਹੀ ਪੋਲਿੰਗ ਕੇਂਦਰਾਂ ਤਕ ਪੁੱਜੇ। ਰਾਜ ਦੇ ਵਧੀਕ ਮੁੱਖ ਚੋਣ ਅਧਿਕਾਰੀ ਅਸ਼ੋਕ ਮਾਨੇਕ ਨੇ ਕਿਹਾ ਕਿ ਤਕਨੀਕੀ ਨੁਕਸ ਦੀਆਂ ਸ਼ਿਕਾਇਤਾਂ ਮਗਰੋਂ ਕੁਝ ਈਵੀਐਮਜ਼ ਨੂੰ ਬਦਲ ਦਿੱਤਾ ਗਿਆ ਹੈ।
ਛੱਤੀਸਗੜ ਦੀਆਂ ਸੱਤ ਸੀਟਾਂ ਲਈ 64.68 ਫੀਸਦ ਪੋਲਿੰਗ ਦਰਜ ਕੀਤੀ ਗਈ। ਬਿਹਾਰ ਵਿੱਚ ਪੰਜ ਸੰਸਦੀ ਸੀਟਾਂ ਲਈ 89.09 ਲੱਖ ਵੋਟਰਾਂ ’ਚੋਂ 59.97 ਫੀਸਦ ਨੇ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਕੀਤੀ। ਖਗਰੀਆ ਦੇ ਦੋ ਅਤੇ ਝਾਂਜਰਪੁਰ ਦੇ ਤਿੰਨ ਬੂਥਾਂ ’ਤੇ ਈਵੀਐਮ ਖ਼ਰਾਬ ਹੋਣ ਨਾਲ ਕੁਝ ਸਮੇਂ ਲਈ ਵੋਟਿੰਗ ਦਾ ਕੰਮ ਅਸਰਅੰਦਾਜ਼ ਹੋਇਆ। ਚੋਣ ਕਮਿਸ਼ਨ ਵੱਲੋਂ ਜਾਰੀ ਸੱਜਰੇ ਅੰਕੜਿਆਂ ਮੁਤਾਬਕ ਉੜੀਸਾ ਵੱਚ 60.44 ਫੀਸਦ, ਪੱਛਮੀ ਬੰਗਾਲ 79.67 ਫੀਸਦ, ਅਸਾਮ 80.73 ਤੇ ਤ੍ਰਿਪੁਰਾ ਵਿੱਚ 79.57 ਫੀਸਦ ਵੋਟਾਂ ਪਈਆਂ। ਯੂਪੀ ਵਿੱਚ ਕੜਕਦੀ ਧੁੱਪ ਤੇ ਪਾਰਾ ਉਪਰ ਚੜ੍ਹਨ ਦੇ ਬਾਵਜੂਦ ਪੰਜ ਵਜੇ ਤਕ ਰਾਜ ਦੀਆਂ ਦਸ ਸੰਸਦੀ ਸੀਟਾਂ ਲਈ ਅਨੁਮਾਨਤ 61.35 ਫੀਸਦ ਵੋਟਿੰਗ ਰਿਕਾਰਡ ਕੀਤੀ ਗਈ। ਸਪਾ ਦੇ ਸੀਨੀਅਰ ਆਗੂ ਆਜ਼ਮ ਖ਼ਾਨ, ਅਦਾਕਾਰ ਤੇ ਭਾਜਪਾ ਉਮੀਦਵਾਰ ਜਯਾ ਪ੍ਰਦਾ, ਮੁਲਾਇਮ ਯਾਦਵ ਦੇ ਭਰਾ ਸ਼ਿਵਪਾਲ ਯਾਦਵ ਆਦਿ ਦੀ ਕਿਸਮਤ ਈਵੀਐਮ ’ਚ ਬੰਦ ਹੋ ਗਈ।

ਭਾਜਪਾ ‘ਚ ਸ਼ਾਮਲ ਹੋਏ ਸੰਨੀ ਦਿਓਲ

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅੱਜ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਨਵੀਂ ਦਿੱਲੀ ਵਿਖੇ ਪਾਰਟੀ ਦਫ਼ਤਰ ‘ਚ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਮਨ ਅਤੇ ਪਿਊਸ਼ ਗੋਇਲ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਭਾਈ ਲੌਂਗੋਵਾਲ ਨੇ ਰੱਖਿਆ ਯਾਦਗਾਰੀ ਗੇਟ ਦਾ ਨੀਂਹ ਪੱਥਰ

ਪਟਿਆਲਾ- ਪਟਿਆਲਾ ਵਿਖੇ ਨੌਵੀਂ ਪਾਤਸ਼ਾਹੀ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ ‘ਚ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਜਿਨ੍ਹਾਂ ਦੀ ਅਗਵਾਈ ‘ਚ ਨਗਰ ਕੀਰਤਨ ਨੂੰ ਰਵਾਨਾ ਕੀਤਾ ਗਿਆ ਜਿੱਥੇ ਸੰਗਤਾਂ ਸ਼ਰਧਾ ਤੇ ਭਾਵਨਾ ਨਾਲ ਭਾਰੀ ਗਿਣਤੀ ‘ਚ ਮੌਜੂਦ ਸੀ। ਇਸ ਮੌਕੇ ਭਾਈ ਲੌਂਗੋਵਾਲ ਵੱਲੋਂ ਯਾਦਗਾਰੀ ਗੇਟ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਦੁੱਖ ਨਿਵਾਰਾਂ ਸਾਹਿਬ ਵਿਖੇ ਸ਼ਹੀਦਾਂ ਨੂੰ ਸਮਰਪਿਤ ਯਾਦਗਾਰੀ ਗੇਟ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸਿੱਖ ਯੰਗ ਮੈਰਾਥਨ ਦਾ ਪੋਸਟਰ ਵੀ ਜਾਰੀ ਕੀਤਾ ।ਇਸ ਮੌਕੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਕਰਨੈਲ ਸਿੰਘ ਨਾਭਾ, ਜਰਨੈਲ ਸਿੰਘ ਕਰਤਾਰਪੁਰ, ਮਨਜੀਤ ਸਿੰਘ, ਨਿਰਦੇਵ ਆਕੜੀ ਮੌਜੂਦ ਸਨ।

ਸੁਖਬੀਰ ਫ਼ਿਰੋਜ਼ਪੁਰ ਤੇ ਹਰਸਿਮਰਤ ਬਠਿੰਡਾ ਤੋਂ ਉਮੀਦਵਾਰ ਐਲਾਨੇ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਅਕਾਲੀ ਦਲ ਨੇ ਆਪਣੇ ਹਿੱਸੇ ਦੀਆਂ 10 ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਵਿੱਚ ਸੰਸਦੀ ਚੋਣਾਂ ਦੇ ਮਹੌਲ ਦੌਰਾਨ ਚੋਣ ਮੁਕਾਬਲੇ ਬੜੇ ਰੌਚਕ ਬਣਦੇ ਜਾ ਰਹੇ ਹਨ। ਸੁਖਬੀਰ ਬਾਦਲ ਦਾ ਮੁਕਾਬਲਾ ਆਪਣੀ ਹੀ ਪਾਰਟੀ ਦੇ ਬਾਗ਼ੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨਾਲ ਹੋਵੇਗਾ ਜਦੋਂ ਕਿ ਬਠਿੰਡਾ ਸੰਸਦੀ ਹਲਕੇ ਤੋਂ ਕਾਂਗਰਸ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ‘ਚ ਉਤਾਰਿਆ ਹੈ। ਅਕਾਲੀ ਦਲ ਅਤੇ ਖ਼ਾਸ ਕਰ ਬਾਦਲ ਪਰਿਵਾਰ ਲਈ ਸੰਸਦੀ ਚੋਣਾਂ ਦੌਰਾਨ ਕਾਰਗੁਜ਼ਾਰੀ ਦਿਖਾਉਣਾ ਵੱਕਾਰ ਦਾ ਸਵਾਲ ਬਣ ਗਿਆ ਸੀ ਤੇ ਪਾਰਟੀ ਦੀ ਸ਼ਾਖ਼ ਬਚਾਉਣ ਦਾ ਸਵਾਲ ਵੀ ਖੜ੍ਹਾ ਹੋ ਗਿਆ। ਇਸੇ ਕਰਕੇ ਦੋਹਾਂ ਪਤੀ-ਪਤਨੀ (ਸੁਖਬੀਰ-ਹਰਸਿਮਰਤ) ਨੂੰ ਹੀ ਚੋਣ ਮੈਦਾਨ ‘ਚ ਉਤਾਰਨ ਦਾ ਫੈਸਲਾ ਪਾਰਟੀ ਵੱਲੋਂ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਹਾਲ ਦੀ ਘੜੀ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਮ ਐਲਾਨੇ ਨਹੀਂ ਗਏ ਤੇ ਭਾਜਪਾ ਵੱਲੋਂ ਵੀ ਅੱਜ ਜਾਂ ਭਲ਼ਕ ਤੱਕ ਉਮੀਦਵਾਰ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ।

ਕੈਪਟਨ ਦੀ ਜੱਫੀ ਨੇ ਕੇਪੀ ਦੇ ਗਿਲੇ-ਸ਼ਿਕਵੇ ਕੀਤੇ ਦੂਰ

ਜਲੰਧਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨੂੰ ਇਕਜੁੱਟ ਕਰਨ ਦੇ ਇਰਾਦੇ ਨਾਲ ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇਪੀ ਦੇ ਘਰ ਉਨ੍ਹਾਂ ਨੂੰ ਜੱਫੀ ਪਾ ਕੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਕੇਪੀ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ’ਤੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪੁਰਾਣੇ ਦੋਸਤ ਹਨ ਤੇ ਉਨ੍ਹਾਂ ਨੂੰ ਮਿਲਣ ਆਏ ਹਨ। ਉਹ ਸਾਰੀਆਂ ਗੱਲਾਂ ਉਨ੍ਹਾਂ ਨਾਲ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਕੇਪੀ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਕਿ ਉਹ ਸੀਨੀਅਰ ਆਗੂ ਹਨ ਤੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ ਹਨ। ਹੁਣ ਸ੍ਰੀ ਕੇਪੀ ਮਿਸ਼ਨ-13 ਲਈ ਡੱਟ ਕੇ ਕੰਮ ਕਰਨਗੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰ ਸਿੰਘ ਕੇਪੀ ਨੂੰ ਨਾਲ ਲੈ ਕੇ ਹੀ ਚੌਧਰੀ ਸੰਤੋਖ ਸਿੰਘ ਦੇ ਨਾਮਜ਼ਦਗੀ ਪੱਤਰ ਭਰੇ। ਇਸ ਮੌਕੇ ਸਿਰਫ ਪੰਜ ਜਣੇ ਹੀ ਉਨ੍ਹਾਂ ਦੇ ਨਾਲ ਗਏ, ਜਿਨ੍ਹਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੌਧਰੀ ਸੰਤੋਖ ਸਿੰਘ, ਮਹਿੰਦਰ ਸਿੰਘ ਕੇਪੀ, ਚੌਧਰੀ ਬਿਕਰਮਜੀਤ ਸਿੰਘ ਅਤੇ ਸ੍ਰੀਮਤੀ ਬਿਕਰਮਜੀਤ ਸਿੰਘ ਚੌਧਰੀ ਸ਼ਾਮਿਲ ਸਨ। ਜਦੋਂ ਨਾਮਜ਼ਦਗੀ ਪੱਤਰ ’ਤੇ ਚੌਧਰੀ ਸੰਤੋਖ ਸਿੰਘ ਦਸਤਖਤ ਕਰਨ ਲੱਗੇ ਤਾਂ ਉਨ੍ਹਾਂ ਕੋਲ ਪੈੱਨ ਨਹੀਂ ਸੀ ਤਾਂ ਉਨ੍ਹਾਂ ਦੇ ਨਾਲ ਖੜ੍ਹੇ ਸ੍ਰੀ ਕੇਪੀ ਨੇ ਆਪਣਾ ਪੈੱਨ ਕੱਢ ਕੇ ਉਨ੍ਹਾਂ ਨੂੰ ਦਿੱਤਾ। ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਸਾਰੇ ਆਗੂ ਸਿੱਧੇ ਹੀ ਚੋਣ ਰੈਲੀ ਵਾਲੀ ਥਾਂ ’ਤੇ ਪੁੱਜੇ। ਚੌਧਰੀ ਸੰਤੋਖ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਇਕ ਵਾਰੀ ਮਹਿੰਦਰ ਸਿੰਘ ਕੇਪੀ ਦਾ ਜ਼ਿਕਰ ਕੀਤਾ। ਸਮਾਗਮ ਦੇ ਅਖੀਰ ਵਿੱਚ ਮਹਿੰਦਰ ਸਿੰਘ ਕੇਪੀ ਦੀ ਧੰਨਵਾਦ ਕਰਨ ਲਈ ਜ਼ਿੰਮੇਵਾਰੀ ਲਾਈ ਗਈ ਸੀ, ਪਰ ਉਨ੍ਹਾਂ ਨੇ ਬਿਨਾਂ ਕੁਝ ਕਹੇ ਹੱਥ ਹਿਲਾ ਕੇ ਹੀ ਧੰਨਵਾਦ ਕੀਤਾ।
ਪੱਤਰਕਾਰਾਂ ਨਾਲ ਮਗਰੋਂ ਗੱਲਬਾਤ ਕਰਦਿਆਂ ਸ੍ਰੀ ਕੇਪੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਸਤਿਕਾਰਤ ਆਗੂ ਹਨ। ਉਨ੍ਹਾਂ ਦਾ ਪਰਿਵਾਰ 60 ਸਾਲ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਹੈ। ਪੰਜਾਬ ’ਚ ਅਮਨ ਸ਼ਾਂਤੀ ਦੀ ਖਾਤਰ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਕੇਪੀ ਨੇ ਕੁਰਬਾਨੀ ਦਿੱਤੀ ਸੀ। ਟਿਕਟ ਨਾ ਮਿਲਣ ’ਤੇ ਜਿਹੜੀ ਪ੍ਰੇਸ਼ਾਨੀ ਨਜ਼ਰ ਆਈ ਸੀ ਉਹ ਜਮਹੂਰੀ ਢੰਗ ਨਾਲ ਉਨ੍ਹਾਂ ਪਾਰਟੀ ਅੰਦਰ ਰੱਖੀ। ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਾਰੇ ਅਹੁਦੇ ਦੇ ਕੇ ਮਾਣ ਬਖਸ਼ਿਆ ਹੈ, ਉਹ ਇਸ ਕਰਜ਼ ਨੂੰ ਉਤਾਰਨ ਲਈ ਜਲੰਧਰ ਤੋਂ ਕਾਂਗਰਸ ਦੀ ਜਿੱਤ ਯਕੀਨੀ ਬਣਾਉਣ ਲਈ ਕੰਮ ਕਰਨਗੇ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਲੀਡਰਸ਼ਿਪ ਦੇ ਸੰਪਰਕ ਵਿੱਚ ਹੋਣ ਬਾਰੇ ਪੁੱਛੇ ਜਾਣ ’ਤੇ ਸ੍ਰੀ ਕੇਪੀ ਨੇ ਕਿਹਾ ਕਿ ਹਰ ਪਾਰਟੀ ਚੰਗੇ ਦਲਿਤ ਚਿਹਰੇ ਦੀ ਭਾਲ ਵਿਚ ਰਹਿੰਦੀ ਹੈ, ਪਰ ਉਹ ਪੱਕੇ ਕਾਂਗਰਸੀ ਹਨ ਤੇ ਕਾਂਗਰਸੀ ਹੀ ਰਹਿਣਗੇ। ਉਨ੍ਹਾਂ ਨੂੰ ਪਾਰਟੀ ਵਿਚ ਕਿਸੇ ਵੀ ਅਹੁਦੇ ਦੀ ਭੁੱਖ ਨਹੀਂ ਹੈ। ਸਮਾਗਮ ਮਗਰੋਂ ਮਹਿੰਦਰ ਸਿੰਘ ਕੇਪੀ ਤੇ ਚੌਧਰੀ ਸੰਤੋਖ ਸਿੰਘ ਨੇ ਇਕ-ਦੂਜੇ ਨੂੰ ਜੱਫੀਆਂ ਪਾ ਕੇ ਫੋਟੋਆਂ ਵੀ ਖਿਚਵਾਈਆਂ।

ਸ੍ਰੀਲੰਕਾ ਵਿੱਚ ਐਮਰਜੈਂਸੀ ਲਾਗੂ

ਕੋਲੰਬੋ-ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿਚ ਐਤਵਾਰ ਨੂੰ ਹੋਏ ਲੜੀਵਾਰ ਬੰਬ ਧਮਾਕਿਆਂ ਵਿਚ ਸੱਤ ਆਤਮਘਾਤੀ ਬੰਬਾਰਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਰਾਜਧਾਨੀ ਕੋਲੰਬੋ ਦੇ ਗਿਰਜਾ ਘਰਾਂ ਤੇ ਲਗਜ਼ਰੀ ਹੋਟਲਾਂ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ ਮ੍ਰਿਤਕਾਂ ਦੀ ਗਿਣਤੀ 290 ਤੱਕ ਪਹੁੰਚ ਗਈ ਹੈ ਜਦਕਿ 500 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿਚ ਛੇ ਭਾਰਤੀ ਸ਼ਾਮਲ ਹਨ। ਮੁਲਕ ਵਿਚ ਸੋਮਵਾਰ ਰਾਤ ਤੋਂ ਐਮਰਜੈਂਸੀ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਨੇ ਬੰਬਾਰਾਂ ਦੇ ਕਿਸੇ ਕੌਮਾਂਤਰੀ ਨੈੱਟਵਰਕ ਨਾਲ ਜੁੜਨ ਹੋਣ ਬਾਰੇ ਕਿਹਾ ਹੈ। ਸੇਂਟ ਐਂਥਨੀ, ਸੇਂਟ ਸੇਬੈਸਟੀਅਨ ਤੇ ਜ਼ਿਓਨ ਗਿਰਜਾ ਘਰਾਂ, ਸ਼ਾਂਗਰੀ-ਲਾ, ਸਿਨੈਮਨ ਗਰੈਂਡ ਤੇ ਕਿੰਗਜ਼ਬਰੀ ਹੋਟਲਾਂ ਵਿਚ ਹੋਏ ਇਨ੍ਹਾਂ ਧਮਾਕਿਆਂ ਦੀ ਹਾਲੇ ਕਿਸੇ ਵੀ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲੀਸ ਨੇ 24 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੋਟਲਾਂ ਵਿਚ ਹਮਲੇ ਲਈ ਧਮਾਕਾਖੇਜ਼ ਸਮੱਗਰੀ ਵੈਨ ਵਿਚ ਲੱਦ ਕੇ ਲਿਆਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਇਕ ਕੱਟੜ ਮੁਸਲਿਮ ਗਰੁੱਪ- ਨੈਸ਼ਨਲ ਤੌਹੀਦ ਜਮਾਤ ਵੱਲੋਂ ਗਿਰਜਾ ਘਰਾਂ ’ਤੇ ਹਮਲਾ ਕਰਨ ਬਾਰੇ ਖ਼ੁਫੀਆ ਏਜੰਸੀਆ ਨੂੰ ਜਾਣਕਾਰੀ ਸੀ। ਪ੍ਰਧਾਨ ਮੰਤਰੀ ਰਨਿਲ ਵਿਕਰਮਾਸਿੰਘੇ ਨੇ ਕਿਹਾ ਕਿ ਖ਼ੁਫੀਆ ਰਿਪੋਰਟ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਮੈਤਰੀਪਲਾ ਸ੍ਰੀਸੇਨਾ ਨੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕੋਲੰਬੋ ਕੌਮਾਂਤਰੀ ਹਵਾਈ ਅੱਡੇ ਨੇੜਿਓਂ ਵੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਸ੍ਰੀਲੰਕਾ ਵਿਚ ਸੋਮਵਾਰ ਨੂੰ ਕਰਫ਼ਿਊ ਹਟਾ ਲਿਆ ਗਿਆ।

ਕਾਂਗਰਸ ਦੀ ਸਰਕਾਰ ਬਣੀ ਤਾਂ ਪੰਜ ਕਰੋੜ ਔਰਤਾਂ ਦੇ ਖ਼ਾਤੇ ਵਿਚ ਭੇਜਾਂਗੇ 72 ਹਜ਼ਾਰ ਰੁਪਏ : ਰਾਹੁਲ

ਰਾਏਬਰੇਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਨਿਆਏ ਯੋਜਨਾ ਦੇ 72 ਹਜ਼ਾਰ ਰੁਪਏ ਪੰਜ ਕਰੋੜ ਔਰਤਾਂ ਦੇ ਖ਼ਾਤਿਆਂ ਵਿਚ ਭੇਜੇ ਜਾਣਗੇ। ਨਿਆਏ ਯੋਜਨਾ ਨਾਲ ਦੇਸ਼ ਦੀ ਅਰਥ ਵਿਵਸਥਾ ਮਜਬੂਤ ਹੋਵੇਗੀ। ਬੇਰੁਜ਼ਗਾਰ ਨੌਜੁਆਨਾਂ ਨੂੰ ਰੁਜ਼ਗਾਰ ਮਿਲੇਗਾ। ਦੇਸ਼ ਦੇ 12 ਹਜ਼ਾਰ ਰੁਪਏ ਆਮਦਨ ਤੋਂ ਘੱਟ ਵਾਲੇ ਲੋਕਾਂ ਦੇ ਖ਼ਾਤਿਆਂ ਵਿਚ ਛੇ ਹਜ਼ਾਰ ਰੁਪਏ ਹਰ ਮਹੀਨੇ ਭੇਜਾਂਗੇ।
ਇਥੇ ਇਕ ਜਨ ਸਭਾ ਵਿਚ ਸਟੇਜ ‘ਤੇ ਪਹੁੰਚਦੇ ਹੀ ਲੋਕਾਂ ਤੋਂ ਪੁੱਛਿਆ ਕਿ ਤੁਹਾਡੇ ਖ਼ਾਤਿਆਂ ਵਿਚ 15 ਲੱਖ ਰੁਪਏ ਆ ਗਏ। ਹੁਣ ਇਕ ਨਵਾਂ ਨਾਹਰਾ ਲੱਗ ਰਿਹਾ ਹੈ ਚੌਕੀਦਾਰ ਚੋਰ ਹੈ। ਪੰਜ ਲੱਖ ਪੰਜਾਹ ਹਜ਼ਾਰ ਕਰੋੜ ਰੁਪਏ ਤੁਹਾਡੇ ਤੋਂ ਖੋਹ ਕੇ ਉਦਯੋਗਪਤੀਆਂ ਦੇ ਖਾਤਿਆਂ ਵਿਚ ਪਾ ਦਿਤੇ ਗਏ। ਗਾਂਧੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੀ ਤਾਂ ਨਿਆਏ ਯੋਜਨਾ ਦੇ 72 ਹਜ਼ਾਰ ਰੁਪਏ ਪੰਜ ਕਰੋੜ ਔਰਤਾਂ ਦੇ ਖ਼ਾਤਿਆਂ ਵਿਚ ਭੇਜੇ ਜਾਣਗੇ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਗ਼ਰੀਬਾਂ ਦੀ ਸਰਜੀਕਲ ਸਟਰਾਈਕ ਕੀਤੀ ਹੈ, ਪਰ ਅਸੀਂ ਗ਼ਰੀਬੀ ਦੀ ਸਰਜੀਕਲ ਸਟਰਾਈਕ ਕਰਾਂਗੇ।
ਉਨ੍ਹਾਂ ਕਿਹਾ ਕਿ ਚੌਕੀਦਾਰ ਨੇ ਸਲੋਨ ਦੀ ਜਨਤਾ ਤੋਂ ਰੇਲਵੇ ਲਾਈਨ ਚੋਰੀ ਕੀਤੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਸਰਕਾਰ ਬਣਦੇ ਹੀ ਰੇਲਵੇ ਲਾਈਨ ਬਣੇਗੀ। ਜਨ ਸਭਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭ੍ਰਿਸ਼ਟਾਚਾਰ ਦੇ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ 15 ਮਿੰਟ ਆਮਣੇ – ਸਾਹਮਣੇ ਬੈਠ ਕੇ ਗੱਲ ਕਰ ਲੈਣ, ਸਭ ਸਾਫ਼ ਹੋ ਜਾਵੇਗਾ।

ਸਿੱਧੂ ਦੇ ਚੋਣ ਪ੍ਰਚਾਰ ਕਰਨ ‘ਤੇ 72 ਘੰਟੇ ਦੀ ਪਾਬੰਦੀ

ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਸੋਮਵਾਰ ਨੂੰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ‘ਤੇ ਬਿਹਾਰ ਵਿਚ ਇਕ ਚੋਣ ਰੈਲੀ ਦੌਰਾਨ ਉਨ੍ਹਾਂ ਵਲੋਂ ਕੀਤੀ ਫ਼ਿਰਕੂ ਟਿੱਪਣੀ ਕਾਰਨ ਉਨ੍ਹਾਂ ਦੇ ਚੋਣ ਪ੍ਰਚਾਰ ਕਰਨ ‘ਤੇ 72 ਘੰਟੇ ਦੀ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਮੰਗਲਵਾਰ ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਸਿੱਧੂ ਨੇ 16 ਅਪ੍ਰੈਲ ਨੂੰ ਮੁਸਲਿਮ ਭਾਈਚਾਰੇ ਨੂੰ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਦੀਆਂ ਵੋਟਾਂ ਨੂੰ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ। ਸਿੱਧੂ ਨੇ ਉਨ੍ਹਾਂ ਨੂੰ ਇਕੱਠੇ ਹੋ ਕੇ ਕਾਂਗਰਸ ਨੂੰ ਵੋਟਾਂ ਪਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਾਉਣ ਦਾ ਸੱਦਾ ਦਿੱਤਾ ਸੀ ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਸੀ। ਜ਼ਿਕਰਯੋਗ ਹੈ ਕਿ ਸਿੱਧੂ ਉਸ ਸਮੇਂ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਦੇ ਸਮਰਥਨ ਵਿਚ ਪ੍ਰਚਾਰ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸਿੱਧੂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ, ਬਸਪਾ ਮੁਖੀ ਮਾਇਆਵਤੀ, ਕੇਂਦਰੀ ਮੰਤਰੀ ਮੇਨਕਾ ਗਾਂਧੀ ਅਤੇ ਸਮਾਜਵਾਦੀ ਪਾਰਟੀ ਆਗੂ ਆਜ਼ਮ ਖ਼ਾਨ ‘ਤੇ ਵੀ ਚੋਣ ਪ੍ਰਚਾਰ ਸਬੰਧੀ ਪਾਬੰਦੀ ਲਗਾਈ ਜਾ ਚੁੱਕੀ ਹੈ। ਚੋਣ ਕਮਿਸ਼ਨ ਨੇ ਸਿੱਧੂ ਵਲੋਂ ਕੀਤੀ ਟਿੱਪਣੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਚੋਣ ਕਮਿਸ਼ਨ ਨੇ ਭਾਰਤੀ ਸੰਵਿਧਾਨ ਦੀ ਧਾਰਾ 324 ਅਤੇ ਹੋਰ ਹਾਸਲ ਸ਼ਕਤੀਆਂ ਤਹਿਤ ਉਨ੍ਹਾਂ ‘ਤੇ ਜਨਤਕ ਮੀਟਿੰਗਾਂ ਕਰਨ, ਜਨਤਕ ਜਲੂਸ, ਜਨਤਕ ਰੈਲੀ, ਰੋਡ ਸ਼ੋਅ ਅਤੇ ਇੰਟਰਵਿਊ ਦੇਣ ਤੋਂ ਇਲਾਵਾ ਮੀਡੀਆ ਵਿਚ ਜਨਤਕ ਬਿਆਨ ਦੇਣ ‘ਤੇ ਵੀ ਪਾਬੰਦੀ ਲਗਾਈ ਹੈ। ਇਹ ਪਾਬੰਦੀ 23 ਅਪ੍ਰੈਲ ਸਵੇਰੇ 10 ਵਜੇ ਤੋਂ 72 ਘੰਟੇ ਤੱਕ ਜਾਰੀ ਰਹੇਗੀ।

ਕਾਂਗਰਸ ਵੱਲੋਂ ਦਿੱਲੀ ਦੀਆਂ 6 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ- ਦਿੱਲੀ ਦੇ ਲਈ ਕਾਂਗਰਸ ਵੱਲੋਂ ਅੱਜ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ‘ਚ ਦਿੱਲੀ ਦੀਆਂ ਛੇ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ‘ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਅਜੈ ਮਾਕਨ ਦਾ ਨਾਂਅ ਸ਼ਾਮਿਲ ਹੈ।