ਮੁੱਖ ਖਬਰਾਂ
Home / ਮੁੱਖ ਖਬਰਾਂ (page 4)

ਮੁੱਖ ਖਬਰਾਂ

ਪਰੀਕਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਪਣਜੀ/ ਨਵੀਂ ਦਿੱਲੀ-ਗੋਆ ਦੇ ਮੁੱਖ ਮੰਤਰੀ ਤੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ (63) ਦਾ ਪੂਰੇ ਰਾਜਕੀ ਤੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਮੰਤਰੀ ਤੇ ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਇਥੇ ਮੀਰਾਮਰ ਬੀਚ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਕੀਤੀਆਂ ਅੰਤਿਮ ਰਸਮਾਂ ਮੌਕੇ ਹਾਜ਼ਰ ਸਨ। ਪਰੀਕਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਪੁੱਤ ਉਤਪਲ ਨੇ ਵਿਖਾਈ। ਸ੍ਰੀ ਪਰੀਕਰ ਦਾ ਲੰਘੇ ਦਿਨ ਆਪਣੀ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਨਾਲ ਜੂਝ ਰਹੇ ਸਨ। ਇਸ ਦੌਰਾਨ ਕੇਂਦਰੀ ਕੈਬਨਿਟ ਨੇ ਅੱਜ ਦਿੱਲੀ ਵਿੱਚ ਮੀਟਿੰਗ ਕਰਕੇ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਅਕਾਲ ਚਲਾਣੇ ’ਤੇ ਸ਼ੋਕ ਜਤਾਉਂਦਿਆ ਦੋ ਮਿੰਟ ਦਾ ਮੌਨ ਰੱਖਿਆ। ਕੈਬਨਿਟ ਨੇ ਸ੍ਰੀ ਪਰੀਕਰ ਨੂੰ ਉਨ੍ਹਾਂ ਦੀ ਸਾਦਗੀ ਤੇ ਅਸਾਧਾਰਨ ਪ੍ਰਸ਼ਾਸਕੀ ਯੋਗਤਾਵਾਂ ਲਈ ਯਾਦ ਕੀਤਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਲੀ ਰਾਜ ਵਿੱਚ ਪੁੱਜਣ ਸਾਰ ਕਲਾ ਅਕੈਡਮੀ ਪੁੱਜੇ, ਜਿੱਥੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ। ਪ੍ਰਧਾਨ ਮੰਤਰੀ ਨੇ ਸ੍ਰੀ ਪਰੀਕਰ ਨੂੰ ਸ਼ਰਧਾਂਜਲੀ ਦੇਣ ਮਗਰੋਂ ਉਨ੍ਹਾਂ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਵੀ ਪਰੀਕਰ ਪਰਿਵਾਰ ਨੂੰ ਮਿਲੇ ਤੇ ਦੁੱਖ ਵੰਡਾਇਆ। ਅੱਜ ਸਵੇਰੇ ਸ੍ਰੀ ਪਰੀਕਰ ਦੀ ਦੇਹ ਨੂੰ ਪਹਿਲਾਂ ਇਥੇ ਭਾਜਪਾ ਦਫ਼ਤਰ ਵਿੱਚ ਰੱਖਿਆ ਗਿਆ, ਜੋ ਕਲਾ ਭਵਨ ਤੋਂ ਮਹਿਜ਼ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਸੀ। ਮਗਰੋਂ ਮ੍ਰਿਤਕ ਦੇਹ ਨੂੰ ਕਲਾ ਅਕੈਡਮੀ ’ਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਸੈਂਕੜੇ ਲੋਕਾਂ, ਜਿਨ੍ਹਾਂ ਵਿੱਚ ਆਮ ਆਦਮੀਆਂ ਤੋਂ ਇਲਾਵਾ ਪਾਰਟੀ ਵਰਕਰ ਸ਼ਾਮਲ ਸਨ, ਨੇ ਕਤਾਰਾਂ ਵਿੱਚ ਘੰਟਿਆਂਬੱਧੀ ਉਡੀਕ ਕਰਕੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਪਰੀਕਰ ਦੀ ਅੰਤਿਮ ਯਾਤਰਾ ਚਾਰ ਵਜੇ ਦੇ ਕਰੀਬ ਕਲਾ ਅਕੈਡਮੀ ਤੋਂ ਸ਼ੁਰੂ ਹੋਈ। ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਮੀਰਾਮਰ ਬੀਚ ਤਕ ਲਿਜਾਇਆ ਗਿਆ। ਪੂਰੇ ਫ਼ੌਜੀ ਸਨਮਾਨਾਂ ਤੇ ਧਾਰਮਿਕ ਰਹੁ-ਰੀਤਾਂ ਮਗਰੋਂ ਪੰਜ ਵਜੇ ਦੇ ਕਰੀਬ ਪਰੀਕਰ ਦੇ ਵੱਡੇ ਪੁੱਤ ਉਤਪਲ ਨੇ ਦੇਹ ਨੂੰ ਅਗਨੀ ਵਿਖਾਈ। ਗੋਆ ਦੇ ਪਹਿਲੇ ਮੁੱਖ ਮੰਤਰੀ ਦਯਾਨੰਦ ਬੰਨਡੋਡਕਰ ਦਾ ਸਸਕਾਰ ਵੀ ਇਥੇ ਹੀ ਕੀਤਾ ਗਿਆ ਸੀ।

ਲੰਡਨ ਅਦਾਲਤ ਵਲੋਂ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਲੰਡਨ-ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਨੇ ਭਾਰਤ ‘ਚ ਪੰਜਾਬ ਨੈਸ਼ਨਲ ਬੈਂਕ ਨਾਲ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੁਟਾਲੇ ‘ਚ ਲੋੜੀਂਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਅਦਾਲਤ ਵਲੋਂ ਜਾਰੀ ਕੀਤੇ ਗਏ ਵਾਰੰਟ ਅਨੁਸਾਰ ਨੀਰਵ ਮੋਦੀ ਨੂੰ 25 ਮਾਰਚ ਤੋਂ ਪਹਿਲਾਂ ਬੈਂਚ ਅੱਗੇ ਪੇਸ਼ ਹੋਣਾ ਹੋਵੇਗਾ। ਬਰਤਾਨੀਆ ਦੇ ਗ੍ਰਹਿ ਵਿਭਾਗ ਵਲੋਂ ਵੈਸਟਮਿਨਿਸਟਰ ਅਦਾਲਤ ਨੂੰ ਭੇਜੀ ਗਈ ਸ਼ਿਕਾਇਤ ਦੇ ਆਧਾਰ ‘ਤੇ ਨੀਰਵ ਮੋਦੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਨੀਰਵ ਮੋਦੀ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਨੇ ਅੱਜ ਕਿਹਾ ਕਿ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਵਲੋਂ ਏਜੰਸੀ ਨੂੰ ਨੀਰਵ ਮੋਦੀ ਖ਼ਿਲਾਫ਼ ਜਾਰੀ ਕੀਤੇ ਗਏ ਗ੍ਰਿਫ਼ਤਾਰੀ ਵਾਰੰਟ ਬਾਰੇ ਸੂਚਿਤ ਕੀਤਾ ਗਿਆ ਹੈ ਅਤੇ ਉਸ ਨੂੰ ਛੇਤੀ ਹੀ ਲੰਡਨ ਮੈਟਰੋਪੋਲੀਟਨ ਪੁਲਿਸ ਵਲੋਂ ਰਸਮੀ ਗ੍ਰਿਫ਼ਤ ‘ਚ ਲਏ ਜਾਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਾਰੰਟ ਕੁਝ ਦਿਨ ਪਹਿਲਾਂ ਜਾਰੀ ਕੀਤਾ ਗਿਆ ਸੀ ਅਤੇ ਈ. ਡੀ. ਨੂੰ ਬਾਅਦ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ। 48 ਸਾਲਾ ਨੀਰਵ ਮੋਦੀ ਨੂੰ ਬਾਅਦ ਵਿਚ ਜ਼ਮਾਨਤ ਸੁਰੱਖਿਅਤ ਕਰਨ ਲਈ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ, ਉਸ ਦੇ ਬਾਅਦ ਉਸ ਦੀ ਹਵਾਲਗੀ ਲਈ ਕਾਨੂੰਨੀ ਕਾਰਵਾਈ ਸ਼ੁਰੂ ਹੋਵੇਗੀ। ਲੰਡਨ ‘ਚ ਕੇਸ ਨਾਲ ਸਬੰਧਿਤ ਸੂਤਰਾਂ ਨੇ ਦੱਸਿਆ ਕਿ ਲੰਡਨ ਵੈਸਟਮਿਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਨੇ ਨੀਰਵ ਮੋਦੀ ਖ਼ਿਲਾਫ਼ ਹਵਾਲਗੀ ਵਾਰੰਟ ਜਾਰੀ ਕੀਤੇ ਗਏ ਹਨ, ਜਿਸ ਨਾਲ ਉਸ ਦੀ ਗ੍ਰਿਫ਼ਤਾਰੀ ਅਟੱਲ ਹੋ ਗਈ।

ਦਿੱਲੀ ਵਿਚ ਕੁਝ ਵੀ ਹੋਵੇ ਪੰਜਾਬ ਵਿਚ ਆਪ ਨਾਲ ਸਮਝੌਤੇ ਦੀ ਕੋਈ ਸੰਭਾਵਨਾ ਨਹੀਂ : ਕੈਪਟਨ

ਚੰਡੀਗੜ੍ਹ-ਦਿੱਲੀ ਵਿਚ ਲੰਬੀ ਖਿੱਚੋਤਾਣ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚ ਸਮਝੌਤੇ ਦੀ ਸੰਭਾਵਨਾਵਾਂ ਲੱਗ ਰਹੀਆਂ ਹਨ। ਪੰਜਾਬ ਵਿਚ ਵੀ ਆਮ ਆਦਮੀ ਪਾਰਟੀ ਗਠਜੋੜ ਦੀ ਸੰਭਾਵਨਾ ਤਲਾਸ਼ ਰਹੀ ਹੈ, ਲੇਕਿਨ ਇੱਥੇ ਇਸ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਵਿਚ ਕੁਝ ਵੀ ਹੋਵੇ ਪੰਜਾਬ ਵਿਚ ਆਪ ਨਾਲ ਗਠਜੋੜ ਨਹਂੀਂ ਹੋਵੇਗਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਕਿਸੇ ਵੀ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦੀ। ਪੰਜਾਬ ਵਿਚ ਆਪ ਨਾਲ ਸਮਝੌਤੇ ਦਾ ਕੋਈ ਚਾਂਸ ਹੀ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਵਿਚ ਕੁਝ ਵੀ ਹੋਵੇ, ਇਸ ਦਾ ਅਸਰ ਪੰਜਾਬ ਵਿਚ ਨਹੀਂ ਪਵੇਗਾ। ਪੰਜਾਬ ਇੰਚਾਰਜ ਆਸ਼ਾ ਕੁਮਾਰੀ ਦਾ ਕਹਿਣਾ ਹੈ ਕਿ ਪੰਜਾਬ ਵਿਚ ਇਸ ਦੀ ਕੋਈ ਸੰਭਾਵਨਾ ਨਹਂੀਂ।
ਆਪ ਲੋਕ ਸਭਾ ਚੋਣਾਂ ਲਈ ਦਿੱਲੀ ਅਤੇ ਹਰਿਆਣਾ ਵਿਚ ਗਠਜੋੜ ਦੀ ਫਰਿਆਦ ਕਰ ਰਹੀ ਹੈ। ਦਿੱਲੀ ਵਿਚ ਆਪ ਅਤੇ ਕਾਂਗਰਸ ਦੇ ਵਿਚ ਗਠਜੋੜ ਦੀ ਗੱਲਬਾਤ ਵਿਚ ਗਰਮੀ ਆਉਣ ਨਾਲ ਪੰਜਾਬ ਵਿਚ ਵੀ ਇਹ ਸਿਆਸੀ ਚਰਚਾ ਸ਼ੁਰੂ ਹੋ ਗਈ ਕਿ ਪੰਜਾਬ ਵਿਚ ਵੀ ਇਸ ਦੀ ਕੋਈ ਸੰਭਾਵਨਾ ਬਣ ਸਕਦੀ ਹੈ।
ਦਿੱਲੀ ਵਿਚ ਆਪ ਅਤੇ ਕਾਂਗਰਸ ਦਾ ਗਠਜੋੜ ਹੁੰਦਾ ਹੈ ਤਾਂ ਕੀ ਪੰਜਾਬ ਵਿਚ ਇਸ ਦੀ ਕੋਈ ਸੰਭਾਵਨਾ ਬਣ ਸਕਦੀ ਹੈ ਅਤੇ ਇਸ ਦਾ ਪੰਜਾਬ ਵਿਚ ਕੀ ਅਸਰ ਪੈ ਸਕਦਾ ਹੈ? ਇਹ ਸਵਾਲ ਜਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਕੋਈ ਸੰਭਾਵਨਾ ਹੀ ਨਹਂੀਂ ਹੈ। ਪਾਰਟੀ, ਹਾਈ ਕਮਾਨ ਨੂੰ ਪਹਿਲਾਂ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਪੰਜਾਬ ਵਿਚ ਕਾਂਗਰਸ ਇਕੱਲੇ ਹੀ ਚੋਣ ਲੜੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਤੱਕ ਅਸਰ ਦੀ ਗੱਲ ਹੈ, ਪੰਜਾਬ ਵਿਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ।

ਸੁਸ਼ਮਾ ਸਵਰਾਜ ਵਲੋਂ ਮਾਲਦੀਵ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ

ਮਾਲੇ-ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਐਤਵਾਰ ਨੂੰ ਆਪਣੇ ਮਾਲਦੀਵਿਆਈ ਹਮਰੁਤਬਾ ਅਬਦੁੱਲ੍ਹਾ ਸ਼ਾਹਿਦ ਨਾਲ ਮੁਲਾਕਾਤ ਕੀਤੀ ਅਤੇ ਪਿਛਲੇ ਸਾਲ ਸਦਰ ਇਬਰਾਹੀਮ ਸੋਲਿਹ ਦੇ ਭਾਰਤ ਦੌਰੇ ਵੇਲੇ ਤੈਅ ਪਾਏ ਮੁੱਦਿਆਂਂ ’ਤੇ ਅਮਲ ਸਮੇਤ ਮਹੱਤਵਪੂਰਨ ਦੁਵੱਲੇ ਮੁੱਦਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਬੀਬੀ ਸਵਰਾਜ ਐਤਵਾਰ ਨੂੰ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੀ ਸੀ । ਪਿਛਲੇ ਸਾਲ ਨਵੰਬਰ ਵਿਚ ਸੋਲੀਹ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਪੂਰਾ-ਸੂਰਾ ਦੁਵੱਲਾ ਦੌਰਾ ਹੈ। ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਵਿਚ ਆਖਿਆ ‘‘ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਅਤੇ ਵਿਦੇਸ਼ ਮੰਤਰੀ ਅਬਦੁੱਲ੍ਹਾ ਸ਼ਾਹਿਦ ਵਿਚ ਨਿੱਘੀ ਗੱਲਬਾਤ ਹੋਈ। ਸਦਰ ਸੋਲਿਹ ਦੇ ਭਾਰਤ ਦੌਰੇ ਦੇ ਸਿੱਟਿਆਂ ਸਮੇਤ ਅਹਿਮ ਦੁਵੱਲੇ ਮੁੱਦਿਆਂ ਬਾਰੇ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।’’ ਸਦਰ ਸੋਲਿਹ ਪਿਛਲੇ ਸਾਲ ਦਸੰਬਰ ਮਹੀਨੇ ਭਾਰਤ ਪੁੱਜੇ ਸਨ ਅਤੇ ਇਸ ਦੌਰਾਨ ਭਾਰਤ ਨੇ ਇਸ ਟਾਪੂ ਮੁਲਕ ਲਈ 1.4 ਅਰਬ ਡਾਲਰ ਦੀ ਇਮਦਾਦ ਦੇਣ ਦਾ ਐਲਾਨ ਕੀਤਾ ਸੀ। ਬੀਬੀ ਸਵਰਾਜ ਨੇ ਮਾਲਦੀਵ ਦੇ ਨੌਂ ਹੋਰਨਾਂ ਮੰਤਰੀਆਂ ਨਾਲ ਵੀ ਵਿਚਾਰ ਚਰਚਾ ਕੀਤੀ। ਸੋਮਵਾਰ ਨੂੰ ਉਹ ਸਦਰ ਸੋਲਿਹ ਨੂੰ ਮਿਲਣਗੇ।

ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਦਾ ਦੇਹਾਂਤ

ਪਣਜੀ-ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ (63) ਦਾ ਇਥੇ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਸਾਬਕਾ ਰੱਖਿਆ ਮੰਤਰੀ ਪਿਛਲੇ ਇਕ ਸਾਲ ਤੋਂ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਪਿੱਛੇ ਉਨ੍ਹਾਂ ਦੇ ਪਰਿਵਾਰ ਵਿੱਚ ਦੋ ਪੁੱਤਰ ਤੇ ਹੋਰ ਪਰਿਵਾਰਕ ਮੈਂਬਰ ਹਨ। ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਰਾਜਸੀ ਤੇ ਵੱਖ ਵੱਖ ਖੇਤਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਟਵੀਟ ਕਰਕੇ ਪਰੀਕਰ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ। ਇਸ ਦੌਰਾਨ ਸ੍ਰੀ ਪਰੀਕਰ ਦੇ ਅਕਾਲ ਚਲਾਣੇ ਨਾਲ ਗੋਆ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲਣ ਦੇ ਆਸਾਰ ਹਨ। ਸਾਲ 2017 ਦੀਆਂ ਸੂਬਾਈ ਚੋਣਾਂ ਵਿੱਚ 40 ਮੈਂਬਰੀ ਵਿਧਾਨ ਸਭਾ ਵਿੱਚ ਸਾਧਾਰਨ ਬਹੁਮਤ ਤੋਂ ਕਿਤੇ ਘੱਟ ਸੀਟਾਂ ਮਿਲਣ ਦੇ ਬਾਵਜੂਦ ਭਾਜਪਾ, ਗੋਆ ਫਾਰਵਰਡ ਪਾਰਟੀ ਤੇ ਐਮਜੀਪੀ ਦੇ ਸਹਿਯੋਗ ਨਾਲ ਗੋਆ ਵਿੱਚ ਸਰਕਾਰ ਬਣਾਉਣ ਵਿੱਚ ਸਫ਼ਲ ਰਹੀ ਸੀ। ਗੱਠਜੋੜ ਭਾਈਵਾਲਾਂ ਨੂੰ ਨਾਲ ਤੋਰਨ ਲਈ ਸ੍ਰੀ ਪਰੀਕਰ ਨੂੰ ਮਾਰਚ 2017 ਵਿੱਚ ਕੇਂਦਰ ’ਚੋਂ ਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਵਾਪਸ ਗੋਆ ਪਰਤਣਾ ਪਿਆ ਸੀ। ਉਧਰ ਅਜਿਹੀ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਦਿਗਾਂਬਰ ਕਾਮਤ ਭਾਜਪਾ ’ਚ ਸ਼ਾਮਲ ਹੋ ਕੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਥਾਂ ਲੈ ਸਕਦੇ ਹਨ।
ਸੂਬਾਈ ਸਰਕਾਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਪਰੀਕਰ ਨੇ ਐਤਵਾਰ ਸ਼ਾਮ ਪੌਣੇ ਸੱਤ (6:40) ਵਜੇ ਦੇ ਕਰੀਬ ਆਖਰੀ ਸਾਹ ਲਏ। ਭਾਜਪਾ ਆਗੂ ਦੀ ਸਿਹਤ ਇਕ ਸਾਲ ਤੋਂ ਨਾਸਾਜ਼ ਸੀ, ਪਰ ਪਿਛਲੇ ਦੋ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਕਾਫ਼ੀ ਵਿਗੜ ਗਈ ਸੀ। ਸੂਤਰਾਂ ਮੁਤਾਬਕ ਸਾਬਕਾ ਰੱਖਿਆ ਮੰਤਰੀ ਪਰੀਕਰ ਸ਼ਨਿਚਰਵਾਰ ਦੇਰ ਰਾਤ ਤੋਂ ਵੈਂਟੀਲੇਟਰ ’ਤੇ ਸਨ। ਚਾਰ ਵਾਰ ਗੋਆ ਦੇ ਮੁੱਖ ਮੰਤਰੀ ਬਣੇ ਪਰੀਕਰ ਨੂੰ ਫਰਵਰੀ 2018 ਵਿੱਚ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਹੋਣ ਬਾਰੇ ਪਤਾ ਲੱਗਾ ਸੀ। ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਨਾਸਾਜ਼ ਚੱਲ ਰਹੀ ਸੀ।
ਇਸ ਤੋਂ ਪਹਿਲਾਂ ਸ੍ਰੀ ਪਰੀਕਰ ਦੀ ਵਿਗੜਦੀ ਸਿਹਤ ਦੇ ਚਲਦਿਆਂ ਭਾਜਪਾ ਨੇ ਅੱਜ ਕਿਹਾ ਕਿ ਉਸ ਨੇ ਗੋਆ ਵਿਚ ਰਾਜਨੀਤਕ ਪਰਿਵਰਤਨ ਉਪਰ ਵਿਚਾਰ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੂੰ ਅਫਵਾਹਾਂ ’ਤੇ ਯਕੀਨ ਨਾ ਕਰਨ ਦੀ ਅਪੀਲ ਕਰਦੇ ਹੋਏ ਪਾਰਟੀ ਨੇ ਕਿਹਾ ਕਿ ਰਾਜ ਦੀ ਸਰਕਾਰ ਸਥਿਰ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਦਿਗਾਂਬਰ ਕਾਮਤ ਅੱਜ ਦਿੱਲੀ ਪਹੁੰਚ ਗਏ। ਹਾਲਾਂਕਿ ਸਾਬਕਾ ਮੁੱਖ ਮੰਤਰੀ ਨੇ ਸ੍ਰੀ ਪਰੀਕਰ ਦੀ ਥਾਂ ਲੈਣ ਸਬੰਧੀ ਕਿਸੇ ਕਦਮ ਬਾਰੇ ਇਨਕਾਰ ਕੀਤਾ ਹੈ। ਉਂਜ ਸਿਆਸੀ ਸਫ਼ਾਂ ਵਿੱਚ ਚਰਚਾ ਹੈ ਕਿ ਕਾਮਤ ਦੀ ਭਾਜਪਾ ਵਿਚ ਵਾਪਸੀ ਹੋ ਸਕਦੀ ਹੈ ਅਤੇ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਡਿਗਦੀ ਸਿਹਤ ਨੂੰ ਦੇਖਦਿਆਂ ਉਨ੍ਹਾਂ ਨੂੰ ਰਾਜ ਵਿਚ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ। ਕਾਮਤ 2005 ਵਿਚ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ। ਉਸ ਸਮੇਂ ਭਾਜਪਾ ਦੀ ਰਾਜ ਇਕਾਈ ਵਿਚ ਉਹ ਦੂਜੇ ਨੰਬਰ ਦੀ ਹੈਸੀਅਤ ਰੱਖਦੇ ਸਨ। 2007 ਤੋਂ 2012 ਤੱਕ ਰਾਜ ਦੇ ਮੁੱਖ ਮੰਤਰੀ ਰਹੇ ਕਾਮਤ ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਦੱਸਿਆ ‘‘ ਮੈਂ ਕਾਰੋਬਾਰੀ ਦੌਰੇ ਲਈ ਦਿੱਲੀ ਜਾ ਰਿਹਾ ਹਾਂ। ਇਹ ਬਿਲਕੁੱਲ ਨਿੱਜੀ ਮਾਮਲਾ ਹੈ।’’ ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਗਿਰੀਸ਼ ਚੋਡਨਕਰ ਨੇ ਕਿਹਾ ਕਿ ਭਾਜਪਾ ਕਾਮਤ ਬਾਰੇ ਅਫ਼ਵਾਹਾਂ ਫੈਲਾ ਰਹੀ ਹੈ।

ਮਸੂਦ ਸਬੰਧੀ ਮਾਮਲਾ ਛੇਤੀ ਹੱਲ ਕਰ ਲਿਆ ਜਾਵੇਗਾ : ਚੀਨੀ ਰਾਜਦੂਤ

ਨਵੀਂ ਦਿੱਲੀ-ਭਾਰਤ ਵਿਚ ਚੀਨ ਦੇ ਰਾਜਦੂਤ ਲਿਓ ਝੇਂਗਹੂਈ ਨੇ ਐਤਵਾਰ ਨੂੰ ਆਸ ਪ੍ਰਗਟਾਈ ਕਿ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ‘ਚ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੁਲਝਾ ਲਵਾਂਗੇ | ਇਹ ਸਿਰਫ ਤਕਨੀਕੀ ਰੋਕ ਹੈ, ਜਿਸ ਦਾ ਮਤਲਬ ਹੈ ਕਿ ਇਸ ਬਾਰੇ ਹੋਰ ਵਿਚਾਰ ਕੀਤਾ ਜਾਵੇਗਾ | ਭਾਰਤ ਜਿਥੇ ਚੀਨ ‘ਤੇ ਇਸ ਮਾਮਲੇ ‘ਚ ਦਬਾਅ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ ਹੈ, ਉਥੇ ਹੀ ਫਰਾਂਸ, ਅਮਰੀਕਾ ਅਤੇ ਬਰਤਾਨੀਆ ਵੀ ਲਗਾਤਾਰ ਚੀਨ ਨਾਲ ਇਸ ਬਾਰੇ ਗੱਲਬਾਤ ਕਰ ਰਿਹਾ ਹੈ | ਰਾਜਦੂਤ ਨੇ ਚੀਨੀ ਦੂਤਘਰ ‘ਚ ਹੋਲੀ ਦੇ ਪ੍ਰੋਗਰਾਮ ਦੌਰਾਨ ਵੱਖਰੇ ਤੌਰ ‘ਤੇ ਕਿਹਾ ਕਿ ਮਸੂਦ ਅਜ਼ਹਰ ਦੇ ਮਾਮਲੇ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਰਹੇ ਹਾਂ ਅਤੇ ਇਸ ਵਿਚ ਪੂਰਾ ਭਰੋਸਾ ਹੈ | ਅਸੀਂ ਇਸ ਮਾਮਲੇ ‘ਚ ਭਾਰਤ ਦੀ ਚਿੰਤਾ ਵੀ ਸਮਝਦੇ ਹਾਂ | ਸਾਨੂੰ ਪੂਰੀ ਤਰ੍ਹਾਂ ਭਰੋਸਾ ਹੈ ਕਿ ਇਹ ਮਾਮਲਾ ਜਲਦੀ ਸੁਲਝ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਇਆ ਵੁਹਾਨ ਸੰਮੇਲਨ ਸਹਿਯੋਗ ਸਹੀ ਦਿਸ਼ਾ ‘ਤੇ ਹੈ | ਅਸੀਂ ਸਹਿਯੋਗ ਤੋਂ ਸੰਤੁਸ਼ਟ ਹਾਂ ਅਤੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਾਂ | ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ ‘ਚ ਫਰਾਂਸ, ਬਰਤਾਨੀਆ ਅਤੇ ਅਮਰੀਕਾ ਨੇ ਪ੍ਰਸਤਾਵ ਪੇਸ਼ ਕਰ ਕੇ ਅੱਤਵਾਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦੀ ਮੰਗ ਕੀਤੀ ਸੀ | ਇਸ ਪ੍ਰਸਤਾਵ ‘ਤੇ ਚੀਨ ਦੇ ਵੀਟੋ ਕਾਰਨ ਫਿਰ ਤੋਂ ਅੜਿੱਕਾ ਲੱਗ ਗਿਆ ਸੀ | ਭਾਰਤ ਨੇ ਚੀਨ ਵਲੋਂ ਵੀਟੋ ਲਾਉਣ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ | ਭਾਰਤ ਨੇ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਆਪਣੇ ਯਤਨ ਜਾਰੀ ਰੱਖੇਗਾ |

ਸ਼ਾਹ ਫ਼ੈਸਲ ਵੱਲੋਂ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ ਦਾ ਗਠਨ

ਸ੍ਰੀਨਗਰ-ਸਾਬਕਾ ਆਈਏਐੱਸ ਅਧਿਕਾਰੀ ਸ਼ਾਹ ਫ਼ੈਸਲ ਨੇ ਆਪਣੀ ਸਿਆਸੀ ਪਾਰਟੀ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ (ਜੇਕੇਪੀਐਮ) ਕਾਇਮ ਕੀਤੀ ਹੈ। ਉਨ੍ਹਾਂ ਨੌਜਵਾਨ ਮਾਨਸਿਕਤਾ ਨਾਲ ਜੁੜੀ ਸਿਆਸਤ ਕਰਨ ਦਾ ਵਾਅਦਾ ਕੀਤਾ ਹੈ। ਸ਼ਾਹ ਨੇ ਕਿਹਾ ਕਿ ਉਹ ਸੂਬੇ ਤੇ ਕੇਂਦਰ, ਭਾਰਤ ਤੇ ਪਾਕਿਸਤਾਨ ਵਿਚਾਲੇ ਖੱਪਾ ਪੂਰਨ ਵਾਲੀ ਆਵਾਜ਼ ਬਣਨਗੇ। ਪਾਰਟੀ ਕਾਇਮ ਕਰਨ ਦੇ ਐਲਾਨ ਮੌਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਲੋਕ ਸ੍ਰੀਨਗਰ ਦੇ ਰਾਜਬਾਗ ਇਲਾਕੇ ਵਿਚ ਗਿੰਡੁਨ ਮੈਦਾਨ ਪੁੱਜੇ।
ਜ਼ਿਕਰਯੋਗ ਹੈ ਕਿ ਫ਼ੈਸਲ ਨੇ ‘ਕਸ਼ਮੀਰ ਵਿਚ ਲਗਾਤਾਰ ਹੱਤਿਆਵਾਂ ਤੇ ਭਾਰਤੀ ਮੁਸਲਿਮਾਂ ਨੂੰ ਹਾਸ਼ੀਏ ’ਤੇ ਧੱਕਣ’ ਦੇ ਰੋਸ ਵਜੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜੇਕੇਪੀਐਮ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੇ ਏਜੰਡੇ ’ਤੇ ਚੱਲੇਗੀ ਤੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਹੀ ਇਸ ਦਾ ਹੱਲ ਕੱਢਿਆ ਜਾਵੇਗਾ। ਫ਼ੈਸਲ ਨੇ ਕਿਹਾ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕਸ਼ਮੀਰ ਮੁੱਦਾ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਨਾਲ ਜੁੜਿਆ ਹੋਇਆ ਹੈ ਤੇ ਰਾਤੋ-ਰਾਤ ਇਸ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਤੇ ਉਹ ਕੋਸ਼ਿਸ਼ ਵਿਚ ਜੁਟੇ ਰਹਿਣਗੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਆਗੂ ਤੇ ਕਾਰਕੁਨ ਸ਼ੇਹਲਾ ਰਸ਼ੀਦ ਨੇ ਵੀ ਇਸ ਮੌਕੇ ਫ਼ੈਸਲ ਦੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਪ੍ਰਸ਼ਾਸਨਿਕ ਸੇਵਾ ਰਾਹੀਂ ਵਿਕਾਸ ਕਾਰਜ ਕਰ ਕੇ ਉਹ ਸ਼ਾਂਤੀ ਕਾਇਮ ਕਰ ਸਕਦੇ ਹਨ, ਪਰ ਹੁਣ ਲੱਗਦਾ ਹੈ ਕਿ ਜਦ ਤੱਕ ਕਸ਼ਮੀਰੀ ਮਾਵਾਂ ਤੇ ਭੈਣਾਂ ਦੇ ਹਿੱਤ ਸੁਰੱਖਿਅਤ ਨਹੀਂ ਹੁੰਦੇ ਨੌਜਵਾਨ ਸ਼ਸ਼ੋਪੰਜ ਵਿਚ ਹੀ ਰਹਿਣਗੇ ਤੇ ਗੜਬੜੀ ਇਸੇ ਤਰ੍ਹਾਂ ਬਣੀ ਰਹੇਗੀ।
ਫ਼ੈਸਲ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਨੌਜਵਾਨਾਂ ਨਾਲ ਰਾਬਤੇ ਤੋਂ ਬਾਅਦ ਉਨ੍ਹਾਂ ਇਕ ਵੱਖਰੀ ਸੋਚ ਨਾਲ ਪਾਰਟੀ ਕਾਇਮ ਕੀਤੀ ਹੈ। ਹਾਲਾਂਕਿ ਉਨ੍ਹਾਂ ਹੀ ਪਾਰਟੀਆਂ ਵੱਲੋਂ ਹੁਣ ਨਿਖੇਧੀ ਵੀ ਕੀਤੀ ਜਾ ਰਹੀ ਹੈ।

ਨਿਊਜ਼ੀਲੈਂਡ ਦਹਿਸ਼ਤੀ ਹਮਲਾ: ਪੰਜ ਭਾਰਤੀਆਂ ਦੀ ਮੌਤ ਦੀ ਪੁਸ਼ਟੀ

ਕ੍ਰਾਈਸਟਚਰਚ-ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਦੋ ਮਸਜਿਦਾਂ ਵਿੱਚ ਨਮਾਜ਼ ਅਦਾ ਕਰ ਰਹੇ ਅਕੀਦਤਮੰਦਾਂ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਮਾਰੇ ਗਏ 50 ਵਿਅਕਤੀਆਂ ’ਚ ਪੰਜ ਭਾਰਤੀ ਸ਼ਾਮਲ ਹਨ। ਉਧਰ ਮੁਲਕ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹਮਲੇ ਤੋਂ ਨੌਂ ਮਿੰਟ ਪਹਿਲਾਂ ਉਨ੍ਹਾਂ ਦੇ ਦਫ਼ਤਰ ਨੂੰ ਬੰਦੂਕਧਾਰੀ ਹਮਲਾਵਰ ਵੱਲੋਂ ‘ਮੈਨੀਫੈਸਟੋ’ ਮਿਲਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੈਨੀਫੈਸਟੋ ਤੀਹ ਤੋਂ
ਵੱਧ ਲੋਕਾਂ ਨੂੰ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚੋਂ ਉਹ ਇਕ ਸਨ। ਉਧਰ ਬੰਦੂਕਧਾਰੀ ਹਮਲਾਵਰ ਦੇ ਪਰਿਵਾਰਕ ਜੀਆਂ ਨੇ ਕਿਹਾ ਕਿ ਉਹ ਬ੍ਰੈਂਟਨ ਟੈਰੰਟ ਦੇ ਇਸ ਖ਼ੌਫਨਾਕ ਕਾਰੇ ਤੋਂ ‘ਹੈਰਾਨ’ ਹਨ ਤੇ ਪਰਿਵਾਰ ਨੂੰ ‘ਧੱਕਾ’ ਲੱਗਾ ਹੈ।
ਭਾਰਤੀ ਹਾਈ ਕਮਿਸ਼ਨ ਨੇ ਇਕ ਟਵੀਟ ’ਚ ਕਿਹਾ, ‘ਅਸੀਂ ਭਰੇ ਮਨ ਨਾਲ ਇਹ ਖ਼ਬਰ ਸਾਂਝੀ ਕਰਦੇ ਹਾਂ ਕਿ ਕ੍ਰਾਈਸਟਚਰਚ ਦਹਿਸ਼ਤੀ ਹਮਲੇ ਵਿੱਚ ਅਸੀਂ ਆਪਣੇ ਪੰਜ ਨਾਗਰਿਕਾਂ ਦੀਆਂ ਕੀਮਤੀ ਜਾਨਾਂ ਗੁਆ ਲਈਆਂ ਹਨ।’ ਇਨ੍ਹਾਂ ਭਾਰਤੀ ਨਾਗਰਿਕਾਂ ਦੀ ਪਛਾਣ ਮਹਿਬੂਬ ਖੋਖਰ, ਰਮੀਜ਼ ਵੋਰਾ, ਆਰਿਫ਼ ਵੋਰਾ, ਅੰਸੀ ਅਲੀਬਾਵਾ ਤੇ ਓਜ਼ੈਰ ਕਾਦਿਰ ਵਜੋਂ ਦੱਸੀ ਗਈ ਹੈ। ਇਨ੍ਹਾਂ ਵਿੱਚੋਂ ਆਰਿਫ਼ ਵੋਰਾ(58) ਤੇ ਰਮੀਜ਼ ਵੋਰਾ (28) ਪਿਉ-ਪੁੱਤ ਹਨ, ਜੋ ਵਡੋਦਰਾ(ਗੁਜਰਾਤ) ਨਾਲ ਸਬੰਧਤ ਹਨ। ਅਲੀਬਾਵਾ (27) ਪਿੱਛੋਂ ਕੇਰਲਾ ਦੇ ਤਿਰੀਸੁਰ ਦੀ ਸੀ ਤੇ ਪਰਿਵਾਰ ਨੇ ਉਹਦੀ ਦੇਹ ਲਿਆਉਣ ਲਈ ਯਤਨ ਆਰੰਭ ਦਿੱਤੇ ਹਨ। ਇਸ ਦੌਰਾਨ ਹਾਈ ਕਮਿਸ਼ਨ ਨੇ ਇਕ ਵੱਖਰੇ ਟਵੀਟ ’ਚ ਦੱਸਿਆ ਕਿ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕ੍ਰਾਈਸਟਚਰਚ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੇਤੀ ਵੀਜ਼ੇ ਜਾਰੀ ਕਰਨ ਵਿਸ਼ੇਸ਼ ਵੈੱਬਪੇਜ ਬਣਾਇਆ ਹੈ। ਹਾਈ ਕਮਿਸ਼ਨ ਨੇ ਪੀੜਤ ਪਰਿਵਾਰਾਂ ਦੀ ਮਦਦ ਲਈ ਹੈਲਪਲਾਈਨ ਨੰਬਰ 021803899, 021850033, 021531212(ਆਕਲੈਂਡ) ਵੀ ਜਾਰੀ ਕੀਤਾ ਹੈ।
ਉਧਰ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਕਿਹਾ ਕਿ ਬੰਦੂਕਧਾਰੀ ਹਮਲਾਵਰ ਨੇ ਹਮਲੇ ਤੋਂ ਨੌਂ ਮਿੰਟ ਪਹਿਲਾਂ ਉਨ੍ਹਾਂ ਦੇ ਦਫ਼ਤਰ ਨੂੰ ਮੇਲ ਰਾਹੀਂ 74 ਸਫ਼ਿਆਂ ਦਾ ਮੈਨੀਫੈਸਟੋ ਭੇਜਿਆ ਸੀ। ਇਸ ਵਿੱਚ ਮੇਲ ਭੇਜਣ ਦੀ ਲੋਕੇਸ਼ਨ ਤੇ ਹੋਰ ਕੋਈ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਹਮਲੇ ਲਈ ਜਿਹੜਾ ਨਜ਼ਰੀਆ/ਕਾਰਨ ਦਰਸਾਏ ਗਏ ਹਨ, ਉਹ ਬੇਚੈਨ ਕਰਨ ਵਾਲੇ ਹਨ। ਜੈਸਿੰਡਾ ਨੇ ਕਿਹਾ ਕਿ ਉਹ ਹਮਲੇ ਦੀ ਲਾਈਵ ਸਟ੍ਰੀਮਿੰਗ ਕਰਨ ਵਾਲੇ ਫੇਸਬੁੱਕ ਤੇ ਹੋਰਨਾਂ ਸੋਸ਼ਲ ਮੀਡੀਆ ਫਰਮਾਂ ਦੀ ਜਵਾਬਤਲਬੀ ਕਰਨਗੇ। ਪ੍ਰਧਾਨ ਮੰਤਰੀ ਨੇ ਗੰਨ ਲਾਅਜ਼ ਵਿੱਚ ਤਬਦੀਲੀ ਦਾ ਵੀ ਸੰਕੇਤ ਦਿੱਤਾ ਹੈ। ਪੀੜਤ ਪਰਿਵਾਰਾਂ ਵੱਲੋਂ ਸਰਕੁਲੇਟ ਕੀਤੀ ਸੂਚੀ ਮੁਤਾਬਕ ਹਮਲੇ ’ਚ ਫ਼ੌਤ ਹੋਣ ਵਾਲੇ ਲੋਕਾਂ ਦੀ ਉਮਰ ਤਿੰਨ ਤੋਂ 77 ਸਾਲ ਦਰਮਿਆਨ ਸੀ ਤੇ ਇਨ੍ਹਾਂ ’ਚ ਚਾਰ ਔਰਤਾਂ ਵੀ ਸ਼ਾਮਲ ਸਨ। ਇਸ ਦੌਰਾਨ ਨਿਊਜ਼ੀਲੈਂਡ ਪੁਲੀਸ ਨੇ ਐਤਵਾਰ ਦੇਰ ਰਾਤ ਹਵਾਈ ਖੇਤਰ ’ਚ ਸ਼ੱਕੀ ਯੰਤਰ ਵੇਖੇ ਜਾਣ ਮਗਰੋਂ ਇਹਤਿਆਤ ਵਜੋਂ ਡੁਨੇਡਿਨ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ।

ਫੂਲਕਾ ਅਤੇ ਗੌਤਮ ਗੰਭੀਰ ਸਮੇਤ ਕਈ ਸ਼ਖ਼ਸੀਅਤਾਂ ਪਦਮ ਪੁਰਸਕਾਰਾਂ ਨਾਲ ਸਨਮਾਨਿਤ

ਨਵੀਂ ਦਿੱਲੀ-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਰਾਸ਼ਟਰਪਤੀ ਭਵਨ ‘ਚ ਪਦਮ ਪੁਰਸਕਾਰ ਪ੍ਰਦਾਨ ਕੀਤੇ। ਇਨ੍ਹਾਂ ਪੁਰਸਕਾਰਾਂ ਨੂੰ ਪਾਉਣ ਵਾਲਿਆਂ ‘ਚ ਕਲਾਕਾਰ, ਖਿਡਾਰੀ, ਸਾਹਿਤ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਦੇ ਲੋਕ ਸ਼ਾਮਲ ਰਹੇ। ਰਾਸ਼ਟਰਪਤੀ ਵਲੋਂ ਸੀਨੀਅਰ ਵਕੀਲ ਅਤੇ ਦਾਖਾ ਤੋਂ ‘ਆਪ’ ਦੇ ਵਿਧਾਇਕ ਐੱਸ. ਐੱਚ. ਫੂਲਕਾ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਫੂਲਕਾ ਨੂੰ ਇਹ ਪੁਰਸਕਾਰ ਜਨਤਕ ਖੇਤਰ ‘ਚ ਉਨ੍ਹਾਂ ਵਲੋਂ ਪਾਏ ਯੋਗਦਾਨ ਦੇ ਕਾਰਨ ਮਿਲਿਆ। ਫੂਲਕਾ ਦੇ ਨਾਲ ਹੀ ਕ੍ਰਿਕਟਰ ਗੌਤਮ ਗੰਭੀਰ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਰਾਸ਼ਟਰਪਤੀ ਵਲੋਂ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਦੀ ਮਹਿਲਾ ਤੀਰ ਅੰਦਾਜ਼ ਬੋਮਬਾਇਲਾ ਦੇਵੀ ਲੈਸ਼ਰਾਮ, ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ, ਅਦਾਕਾਰ ਮਨੋਜ ਵਾਜਪਾਈ ਨੂੰ ਵੀ ਪਦਮਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ। ਪ੍ਰਸਿੱਧ ਗਾਇਕਾ ਤੀਜਨ ਬਾਈ ਨੂੰ ਰਾਸ਼ਟਰਪਤੀ ਵਲੋਂ ਪਦਮ ਵਿਭੂਸ਼ਨ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ। ਉੱਥੇ ਹੀ ਇਸਰੋ ਦੇ ਵਿਗਿਆਨੀ ਨੰਬੀ ਨਾਰਾਇਣਨ ਅਤੇ ਐੱਮ. ਡੀ. ਐੱਚ. ਦੇ ਮਾਲਕ ਮਹਾਸ਼ੇ ਧਰਮਪਾਲ ਗੁਲਾਟੀ ਨੂੰ ਪਦਮ ਭੂਸ਼ਨ ਪੁਰਸਕਾਰ ਨਾਲ ਨਵਾਜ਼ਿਆ ਗਿਆ ਹੈ।

ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਸੀਬੀਆਈ ਵੱਲੋਂ ਵਿਰੋਧ

ਨਵੀਂ ਦਿੱਲੀ-ਸੀਬੀਆਈ ਨੇ ਸੁਪਰੀਮ ਕੋਰਟ ’ਚ ਦੋਸ਼ ਲਾਇਆ ਕਿ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੇ ਆਪਣੇ ਸਿਆਸੀ ਰੁਤਬੇ ਦੀ ਵਰਤੋਂ ਕਰਦਿਆਂ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ਨੂੰ ਲੀਹੋਂ ਲਾਉਣ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਸੀਬੀਆਈ ਨੇ ਮੰਗ ਕੀਤੀ ਕਿ ਉਸ ਦੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ ਜਾਵੇ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਪਿਛਲੇ ਸਾਲ 17 ਦਸੰਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਰੱਦ ਕਰਾਉਣ ਅਤੇ ਜ਼ਮਾਨਤ ਲਈ ਉਸ ਵੱਲੋਂ ਸੁਪਰੀਮ ਕੋਰਟ ’ਚ ਅਰਜ਼ੀ ਦਾਖ਼ਲ ਕੀਤੀ ਗਈ ਹੈ। ਸੀਬੀਆਈ ਨੇ ਕਿਹਾ ਕਿ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਉਨ੍ਹਾਂ ਨੂੰ ਡਰਾਉਣ ਦੀ ਸਮਰੱਥਾ ਰੱਖਦਾ ਹੈ ਅਤੇ ਜੇਕਰ ਉਸ ਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਬਕਾਇਆ ਪਏ ਕੇਸ ’ਚ ਨਿਰਪੱਖ ਢੰਗ ਨਾਲ ਮੁਕੱਦਮਾ ਚਲਾਉਣਾ ਮੁਸ਼ਕਲ ਹੋਵੇਗਾ। ਜਾਂਚ ਬਿਊਰੋ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਹੋਏ ਵਹਿਸ਼ੀਆਨਾ ਕਤਲ ਮਨੁੱਖਤਾ ਖ਼ਿਲਾਫ਼ ਅਪਰਾਧਾਂ ਦੀ ਸ਼੍ਰੇਣੀ ਤਹਿਤ ਆਉਂਦੇ ਹਨ ਜਿਵੇਂ ਦੁਨੀਆਂ ’ਚ ਕੁਰਦਾਂ ਅਤੇ ਤੁਰਕਾਂ ਵੱਲੋਂ ਅਰਮੀਨੀਆ, ਨਾਜ਼ੀਆਂ ਵੱਲੋਂ ਯਹੂਦੀਆਂ, ਪਾਕਿਸਤਾਨੀ ਫ਼ੌਜ ਦੇ ਹਮਾਇਤੀਆਂ ਵੱਲੋਂ ਬੰਗਲਾਦੇਸ਼ੀ ਨਾਗਰਿਕਾਂ ਅਤੇ ਭਾਰਤ ਅੰਦਰ ਹੀ ਵੱਖ ਵੱਖ ਫਿਰਕੂ ਦੰਗਿਆਂ ਦੌਰਾਨ ਲੋਕਾਂ ਦੇ ਕਤਲੇਆਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗਵਾਹਾਂ ਅਤੇ ਪੀੜਤਾਂ ਨੇ 34 ਬੇਸ਼ਕੀਮਤੀ ਸਾਲਾਂ ਤਕ ਬੜੇ ਹੌਸਲੇ ਨਾਲ ਕਾਨੂੰਨੀ ਲੜਾਈ ਲੜੀ ਜਿਸ ਕਰਕੇ ਦੋਸ਼ੀ ਨਾਲ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਹੈ। –