ਮੁੱਖ ਖਬਰਾਂ
Home / ਮੁੱਖ ਖਬਰਾਂ (page 30)

ਮੁੱਖ ਖਬਰਾਂ

ਪ੍ਰਿਯੰਕਾ ਨੇ ਪਹਿਲੀ ਸਿਆਸੀ ਰੈਲੀ ’ਚ ਮੋਦੀ ਸਰਕਾਰ ਘੇਰੀ

ਅਹਿਮਦਾਬਾਦ-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ’ਤੇ ਵਾਅਦੇ ਪੂਰੇ ਨਾ ਕਰਨ ਅਤੇ ਸੰਸਥਾਵਾਂ ਨੂੰ ਤਬਾਹ ਕਰਨ ਬਦਲੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ ਉਹ ਸਭ ਦੇਖ ਕੇ ਉਨ੍ਹਾਂ ਦਾ ਮਨ ਉਦਾਸ ਹੁੰਦਾ ਹੈ। ਪਾਰਟੀ ਦੀ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਗੁਜਰਾਤ ਵਿਚ ਆਪਣੀ ਪਹਿਲੀ ਸਿਆਸੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਚੌਕਸ ਰਹਿਣ, ਆਪਣੀ ਵੋਟ ਦਾ ਹਥਿਆਰ ਚੰਗੀ ਤਰ੍ਹਾਂ ਇਸਤੇਮਾਲ ਕਰਨ ਤੇ ਸਹੀ ਸਵਾਲ ਪੁੱਛਣ ਦਾ ਹੋਕਾ ਦਿੱਤਾ।
ਪ੍ਰਿਯੰਕਾ ਗਾਂਧੀ ਨੇ ਕਿਹਾ ‘‘ ਸਾਡੀਆਂ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਧਰ ਵੀ ਨਜ਼ਰ ਮਾਰੋ ਨਫ਼ਰਤ ਫ਼ੈਲਾਈ ਜਾ ਰਹੀ ਹੈ। ਸਾਡੇ ਇਸ ਤੋਂ ਵੱਧ ਕੁਝ ਵੀ ਅਹਿਮ ਨਹੀਂ ਕਿ ਇਸ ਦੇਸ਼ ਦੀ ਰਾਖੀ ਕੀਤੀ ਜਾਵੇ, ਇਸ ਲਈ ਕੰਮ ਕੀਤਾ ਜਾਵੇ ਅਤੇ ਮਿਲ ਕੇ ਅੱਗੇ ਵਧਿਆ ਜਾਵੇ। ਸਾਡੇ ਦੇਸ਼ ਵਿਚ ਅੱਜ ਜੋ ਕੁਝ ਹੋ ਰਿਹਾ ਹੈ ਉਹ ਮੈਨੂੰ ਉਦਾਸ ਕਰਦਾ ਹੈ। ਮੈਂ ਚਾਹੁੰਦੀ ਹਾਂ ਕਿ ਤੁਸੀਂ ਹੋਰ ਚੁਕੰਨੇ ਹੋਵੋ। ਦੇਸ਼ਭਗਤੀ ਲਈ ਇਹ ਸਭ ਤੋਂ ਵਧੀਆ ਸੰਕੇਤ ਹੈ। ਬੇਮਤਲਬ ਦੇ ਮੁੱਦਿਆਂ ਦਾ ਸ਼ਿਕਾਰ ਨਾ ਬਣਿਓ ਸਗੋਂ ਸਹੀ ਸਵਾਲ ਉਠਾਓ। ਇਸ ਚੋਣ ਵਿਚ ਤੁਹਾਡਾ ਭਵਿੱਖ ਦਾਅ ’ਤੇ ਲੱਗਿਆ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਲੋਕਾਂ ਲਈ ਕਰੋੜਾਂ ਰੁਜ਼ਗਾਰ ਪੈਦਾ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਇਹ ਇਸ ਸਵਾਲ ਤੋਂ ਬਚਣਾ ਚਾਹੁੰਦੀ ਹੈ। ਤੁਹਾਨੂੰ ਸੋਚ ਸਮਝ ਕੇ ਫ਼ੈਸਲਾ ਕਰਨਾ ਪਵੇਗਾ। ਵੱਡੇ ਵੱਡੇ ਵਾਅਦੇ ਕਰਨ ਵਾਲਿਆਂ ਤੋਂ ਸਵਾਲ ਪੁੱਛਣ ਦੀ ਲੋੜ ਹੈ। ਉਨ੍ਹਾਂ ਨੂੰ ਪੁੱਛੋ ਕਿ ਦੋ ਕਰੋੜ ਨੌਕਰੀਆਂ ਦਾ ਕੀ ਬਣਿਆ। ਤੁਹਾਡੇ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਕਿੱਥੇ ਗਏ?’’

ਮਮਤਾ ਦੀ ਪਹਿਲੀ ਸੂਚੀ ‘ਚ 41 ਫ਼ੀਸਦੀ ਔਰਤ ਉਮੀਦਵਾਰ ਸ਼ਾਮਿਲ

ਕੋਲਕਾਤਾ-ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੀਆਂ 42 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ‘ਚ ਮੌਜੂਦਾ 10 ਸੰਸਦ ਮੈਂਬਰਾਂ ਦੇ ਨਾਂਅ ਸ਼ਾਮਿਲ ਨਹੀਂ ਹਨ | ਸਟਾਰ ਤੇ ਯੂਥ ਸ਼ਕਤੀ ‘ਤੇ ਭਰੋਸਾ ਰੱਖਦਿਆਂ ਹੀਰੋਇਨ ਨੁਸਰਤ ਜਹਾਂ ਤੇ ਮਿਮੀ ਚੱਕਰਵਰਤੀ ਨੂੰ ਟਿਕਟ ਦਿੱਤੀ ਗਈ ਹੈ | ਭਾਜਪਾ ਉਮੀਦਵਾਰ ਤੇ ਕੇਂਦਰੀ ਮੰਤਰੀ ਬਾਬੁਲ ਸੁਪ੍ਰੀਓ ਦੀ ਆਸਨਸੋਲ ਸੀਟ ‘ਤੇ ਸੰਸਦ ਮੈਂਬਰ ਮੁਨਮੁਨ ਸੇਨ ਨੂੰ ਟਿਕਟ ਦਿੱਤੀ ਗਈ ਹੈ |
‘ਤਿ੍ਣਮੂਲ’ ਦੇ ਉਮੀਦਵਾਰਾਂ ‘ਚ 41 ਫ਼ੀਸਦੀ ਮਹਿਲਾ ਉਮੀਦਵਾਰ ਸ਼ਾਮਿਲ ਹਨ | ਮਮਤਾ ਨੇ ਕੇਂਦਰ ਸਰਕਾਰ ‘ਤੇ ਹੱਲਾ ਬੋਲਦਿਆਂ ਕਿਹਾ ਕਿ ਵੀ.ਵੀ.ਆਈ.ਪੀ. ਬੰਦੇ ਲੋਕਾਂ ਨੂੰ ਵੱਢੀ ਦੇਣ ਲਈ ਚਾਰਟਡ ਜਹਾਜ਼ਾਂ ‘ਚ ਪੈਸਾ ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਭੇਜ ਰਹੇ ਹਨ | ਉਨ੍ਹਾਂ ਰਾਫੇਲ, ਕਿਸਾਨਾਂ ਦੀ ਬਦਹਾਲੀ, ਬੇਰੁਜ਼ਗਾਰੀ ਦੇ ਮੁੱਦੇ ‘ਤੇ ਮੋਦੀ ਤੇ ਭਾਜਪਾ ਨੂੰ ਘੇਰਿਆ | ਕਾਂਗਰਸ ਛੱਡ ਕੇ ਤਿ੍ਣਮੂਲ ‘ਚ ਸ਼ਾਮਿਲ ਹੋਈ ਮੌਸਮ ਬੇਨਜੀਰ ਨੂਰ ਨੂੰ ਮਾਲਦਾ ਉਤਰ ਸੀਟ ਤੋਂ ਅਤੇ ਨਦੀਆ ਜ਼ਿਲ੍ਹੇ ‘ਚ ਰੂਪਾਲੀ ਵਿਸ਼ਵਾਸ ਨੂੰ ਟਿਕਟ ਦਿੱਤੀ ਹੈ | ਉਨ੍ਹਾਂ ਕਿਹਾ ਕਿ ‘ਤਿ੍ਣਮੂਲ’ ਓਡੀਸ਼ਾ, ਅਸਾਮ, ਝਾਰਖੰਡ ਅਤੇ ਅੰਡੇਮਾਨ ਨਿਕੋਬਾਰ ਦੀਆਂ ਕੁਝ ਸੀਟਾਂ ‘ਤੇ ਵੀ ਚੋਣ ਲੜੇਗੀ |

ਰਾਸ਼ਟਰਪਤੀ ਕੋਵਿੰਦ ਵੱਲੋਂ 47 ਸ਼ਖ਼ਸੀਅਤਾਂ ਦਾ ਪਦਮ ਪੁਰਸਕਾਰਾਂ ਨਾਲ ਸਨਮਾਨ

ਨਵੀਂ ਦਿੱਲੀ-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੱਖ-ਵੱਖ ਖੇਤਰਾਂ ਨਾਲ ਸਬੰਧਤ 47 ਉੱਘੀਆਂ ਹਸਤੀਆਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਰੱਖੇ ਵਿਸ਼ੇਸ਼ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਕਈ ਉੱਘੀਆਂ ਹਸਤੀਆਂ ਮੌਜੂਦ ਸਨ। ਜਿਨ੍ਹਾਂ ਵਿਅਕਤੀਆਂ ਨੂੰ ਪਦਮ ਪੁਰਸਕਾਰਾਂ ਦੇ ਐਜਾਜ਼ ਨਾਲ ਨਿਵਾਜਿਆ ਗਿਆ, ਉਨ੍ਹਾਂ ਵਿੱਚ ਮਲਿਆਲਮ ਫ਼ਿਲਮਾਂ ਦੇ ਅਦਾਕਾਰ ਮੋਹਨਲਾਲ, ਸਾਬਕਾ ਵਿਦੇਸ਼ ਸਕੱਤਰ ਐਸ.ਜੈਸ਼ੰਕਰ, ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਉੱਘੇ ਪੱਤਰਕਾਰ ਕੁਲਦੀਪ ਨਈਅਰ (ਮਰਨ-ਉਪਰੰਤ) ਸ਼ਾਮਲ ਹਨ। ਬਿਹਾਰ ਦੇ ਆਗੂ ਹੁਕਮਦੇਵ ਨਰਾਇਣ ਯਾਦਵ ਤੇ ਬਹੁਕੌਮੀ ਟੈਕਨੋ ਜਾਇੰਟ ਸਿਸਕੋ ਸਿਸਟਮਜ਼ ਦੇ ਸਾਬਕਾ ਸੀਈਓ ਜੌਹਨ ਚੈਂਬਰਜ਼ ਨੂੰ ਜਿੱਥੇ ਪਦਮ ਭੂਸ਼ਨ ਨਾਲ ਸਨਮਾਨਤ ਕੀਤਾ ਗਿਆ, ਉਥੇ ਉੱਘੇ ਡਾਂਸਰ ਤੇ ਫ਼ਿਲਮਸਾਜ਼ ਪ੍ਰਭੂ ਦੇਵਾ ਨੂੰ ਪਦਮ ਸ੍ਰੀ ਐਵਾਰਡ ਦਿੱਤਾ ਗਿਆ। ਵਿਸ਼ਵਨਾਥਨ ਮੋਹਨਲਾਲ, ਢੀਂਡਸਾ ਤੇ ਨਈਅਰ(ਮਰਨ-ਉਪਰੰਤ) ਨੂੰ ਪਦਮ ਭੂਸ਼ਨ ਤੇ ਜੈਸ਼ੰਕਰ ਨੂੰ ਪਦਮ ਸ੍ਰੀ ਦੇ ਐਜਾਜ਼ ਦਿੱਤੇ ਗਏ। ਨਈਅਰ ਦਾ ਐਵਾਰਡ ਉਨ੍ਹਾਂ ਦੀ ਪਤਨੀ ਨੇ ਲਿਆ।
ਪਦਮ ਪੁਰਸਕਾਰ ਮੁਲਕ ਦੇ ਸਿਖਰਲੇ ਨਾਗਰਿਕ ਐਵਾਰਡਾਂ ’ਚੋਂ ਇਕ ਹੈ। ਇਹ ਤਿੰਨ ਵਰਗਾਂ (ਪਦਮ ਵਿਭੂਸ਼ਨ, ਪਦਮ ਭੂਸ਼ਨ ਤੇ ਪਦਮ ਸ੍ਰੀ) ਵਿੱਚ ਦਿੱਤੇ ਜਾਂਦੇ ਹਨ। ਪਦਮ ਪੁਰਸਕਾਰ ਐਤਕੀਂ 112 ਸ਼ਖ਼ਸੀਅਤਾਂ ਨੂੰ ਦਿੱਤੇ ਗਏ ਹਨ, ਜਿਨ੍ਹਾਂ ਦੇ ਨਾਂ ਇਸ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ’ਤੇ ਐਲਾਨੇ ਗਏ ਸਨ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਾਕੀ ਰਹਿੰਦੇ ਐਵਾਰਡੀਆਂ ਨੂੰ 16 ਮਾਰਚ ਨੂੰ ਇਕ ਵੱਖਰੇ ਸਮਾਗਮ ਦੌਰਾਨ ਸਨਮਾਨਤ ਕੀਤਾ ਜਾਵੇਗਾ। ਐਵਾਰਡ ਹਾਸਲ ਕਰਨ ਵਾਲੀਆਂ ਹੋਰਨਾਂ ਸ਼ਖ਼ਸੀਅਤਾਂ ਵਿੱਚ ਉੱਘੇ ਗਾਇਕ ਸ਼ੰਕਰ ਮਹਾਦੇਵਨ ਨਰਾਇਣ(ਪਦਮ ਸ੍ਰੀ), ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਕਰੀਆ ਮੁੰਡਾ(ਪਦਮ ਭੂਸ਼ਨ), ਫ਼ਿਜ਼ੀਸ਼ੀਅਨ ਸੰਦੀਪ ਗੁਲੇਰੀਆ ਤੇ ਇਲਿਆਸ ਅਲੀ(ਦੋਵੇਂ ਪਦਮ ਸ੍ਰੀ) ਤੇ ਪਹਿਲਵਾਨ ਬਜਰੰਗ ਪੂਨੀਆ (ਪਦਮ ਸ੍ਰੀ) ਸ਼ਾਮਲ ਹਨ। ਪਦਮ ਪੁਰਸਕਾਰਾਂ ਲਈ ਐਤਕੀਂ ਰਿਕਾਰਡ 50 ਹਜ਼ਾਰ ਨਾਮਜ਼ਦਗੀਆਂ ਮਿਲੀਆਂ ਸਨ, ਜੋ ਕਿ ਸਾਲ 2014 ਤੋਂ 20 ਗੁਣਾਂ ਵਧ ਸਨ।

ਪੁਲਵਾਮਾ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਮੁਕਾਬਲੇ ’ਚ ਹਲਾਕ

ਸ੍ਰੀਨਗਰ-ਲੰਘੇ ਮਹੀਨੇ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਦੱਖਣੀ ਕਸ਼ਮੀਰ ਦੇ ਤਰਾਲ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਹੈ। ਜੈਸ਼-ਏ-ਮੁਹੰਮਦ ਨਾਲ ਸਬੰਧਤ ਮ੍ਰਿਤਕ ਅਤਿਵਾਦੀ ਦੀ ਪਛਾਣ ਮੁਦਾਸਿਰ ਅਹਿਮਦ ਖ਼ਾਨ (23) ਵਜੋਂ ਹੋਈ ਹੈ। ਤਰਾਲ ਦੇ ਪਿੰਗਲਿਸ਼ ਇਲਾਕੇ ਵਿਚ ਹੋਏ ਮੁਕਾਬਲੇ ’ਚ ਖ਼ਾਨ ਤੋਂ ਇਲਾਵਾ ਇਕ ਹੋਰ ਅਤਿਵਾਦੀ ਵੀ ਮਾਰਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਇਹ ਮੁਕਾਬਲਾ ਐਤਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ ਤੇ ਸੁਵੱਖਤੇ ਤੱਕ ਜਾਰੀ ਰਿਹਾ। ਦੂਜੇ ਅਤਿਵਾਦੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ। ਇਸ ਤੋਂ ਪਹਿਲਾਂ ਉਸ ਦੇ ਜੈਸ਼-ਏ-ਮੁਹੰਮਦ ਦਾ ਕਾਰਕੁਨ ਸੱਜਾਦ ਭੱਟ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜਿਸ ਦੀ ਕਾਰ ਪੁਲਵਾਮਾ ਹਮਲੇ ਲਈ ਵਰਤੀ ਗਈ ਸੀ। ਭੱਟ ਦੇ ਭਰਾ ਨੇ ਮ੍ਰਿਤਕ ਦੀ ਦੇਹ ਲੈਣ ਤੋਂ ਮਨ੍ਹਾਂ ਕਰ ਦਿੱਤਾ ਸੀ ਕਿਉਂਕਿ ਇਹ ਕਾਫ਼ੀ ਸੜ ਚੁੱਕੀ ਸੀ ਤੇ ਪਛਾਣੀ ਨਹੀਂ ਜਾ ਰਹੀ ਸੀ। ਜਦਕਿ ਖ਼ਾਨ ਦੇ ਪਰਿਵਾਰ ਨੇ ਉਸ ਦੀ ਮ੍ਰਿਤਕ ਦੇਹ ਸਵੀਕਾਰ ਕਰ ਲਈ ਹੈ। ਫ਼ੌਜ, ਸੂਬਾ ਪੁਲੀਸ ਤੇ ਨੀਮ ਫ਼ੌਜੀ ਬਲਾਂ ਵੱਲੋਂ ਕਾਹਲੀ ਵਿਚ ਸੱਦੀ ਗਈ ਸਾਂਝੀ ਮੀਡੀਆ ਕਾਨਫ਼ਰੰਸ ਮੌਕੇ 15 ਕੋਰ ਦੇ ਜੀਓਸੀ ਕੰਵਲ ਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਖ਼ਾਨ ਸੀਆਰਪੀਐੱਫ ਦੇ ਕਾਫ਼ਲੇ ’ਤੇ ਕੀਤੇ ਗਏ ਹਮਲੇ ਦਾ ‘ਮੁੱਖ ਸਾਜ਼ਿਸ਼ਕਰਤਾ’ ਸੀ। ਜੰਮੂ ਕਸ਼ਮੀਰ ਵਿਚ ਸੀਆਰਪੀਐੱਫ ਦੇ ਇੰਸਪੈਕਟਰ ਜਨਰਲ ਜੁਲਫ਼ੀਕਾਰ ਹਸਨ ਨੇ ਕਿਹਾ ਕਿ ਮੁਦਾਸਿਰ ਅਹਿਮਦ ਖ਼ਾਨ ਉਰਫ਼ ‘ਮੁਹੰਮਦ ਭਾਈ’ ਮੁਕਾਬਲੇ ’ਚ ਮਾਰੇ ਗਏ ਦੋ ਅਤਿਵਾਦੀਆਂ ਵਿਚੋਂ ਇਕ ਹੈ ਹਾਲਾਂਕਿ ਉਨ੍ਹਾਂ ਇਸ ਮੁਕਾਬਲੇ ਨੂੰ ਸੁਰੱਖਿਆ ਬਲਾਂ ਦੀ ਮੌਤ ਦਾ ‘ਬਦਲਾ’ ਲੈਣ ਦੀ ਕਾਰਵਾਈ ਮੰਨਣ ਤੋਂ ਟਾਲਾ ਵੱਟਿਆ ਤੇ ਕਿਹਾ ਕਿ ਉਹ ਸ਼ਾਂਤੀ ਦੇ ਹਾਮੀ ਹਨ। ਦੂਜੇ ਅਤਿਵਾਦੀ ਦੀ ਸ਼ਨਾਖ਼ਤ ਲਈ ਯਤਨ ਜਾਰੀ ਹਨ ਤੇ ਉਸ ਦੇ ਪਾਕਿ ਨਾਗਰਿਕ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਅਤਿਵਾਦੀਆਂ ਦੇ ਕਬਜ਼ੇ ’ਚੋਂ ਕੁਝ ਸਮੱਗਰੀ ਮਿਲੀ ਹੈ ਤੇ ਇਸ ਨੂੰ ਐਨਆਈਏ ਨਾਲ ਸਾਂਝਾ ਕੀਤਾ ਜਾ ਰਿਹਾ ਹੈ। ਲੈਫ਼ਟੀਨੈਂਟ ਜਨਰਲ ਢਿੱਲੋਂ ਨੇ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਾਅਦ ਵੱਖ-ਵੱਖ ਮੁਕਾਬਲਿਆਂ ’ਚ 18 ਅਤਿਵਾਦੀ ਮਾਰੇ ਗਏ ਹਨ। ਸੀਆਰਪੀਐੱਫ ਦੇ ਕਾਫ਼ਲੇ ’ਚ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਕਾਰ ਮਾਰ ਕੇ ਆਤਮਘਾਤੀ ਹਮਲਾ ਕਰਨ ਵਾਲਾ ਆਦਿਲ ਅਹਿਮਦ ਦਾਰ ਲਗਾਤਾਰ ਖ਼ਾਨ ਦੇ ਸੰਪਰਕ ਵਿਚ ਸੀ। ਸੁਰੱਖਿਆ ਬਲਾਂ ਮੁਤਾਬਕ ਪੁਲਵਾਮਾ ਦਾ ਰਹਿਣ ਵਾਲਾ ਮੁਦਾਸਿਰ ਅਹਿਮਦ ਖ਼ਾਨ ਗ੍ਰੈਜੂਏਟ ਸੀ ਆਈਟੀਆਈ ਕੋਰਸ ਕਰ ਕੇ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਿਹਾ ਸੀ। ਉਹ 2017 ਵਿਚ ਜੈਸ਼ ਨਾਲ ਜੁੜਿਆ ਸੀ। ਇਸ ਤੋਂ ਪਹਿਲਾਂ ਵੀ ਉਸ ਦਾ ਨਾਂ ਕਈ ਅਤਿਵਾਦੀ ਗਤੀਵਿਧੀਆਂ ਨਾਲ ਜੁੜਿਆ ਰਿਹਾ ਹੈ ਤੇ ਐਨਆਈਏ ਨੇ 27 ਫਰਵਰੀ ਨੂੰ ਉਸ ਦੇ ਘਰ ਦੀ ਤਲਾਸ਼ੀ ਲਈ ਸੀ।

ਪੰਜਾਬ ਜਮਹੂਰੀ ਗੱਠਜੋੜ ਦੀ 12 ਸੀਟਾਂ ਉੱਤੇ ਸਹਿਮਤੀ

ਚੰਡੀਗੜ੍ਹ-ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨੇ 19 ਮਈ ਨੂੰ ਸੂਬੇ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 13 ਵਿਚੋਂ 12 ਸੀਟਾਂ ਉੱਤੇ ਸਹਿਮਤੀ ਬਣਾ ਲਈ ਹੈ। ਦੋ ਖੱਬੀਆਂ ਧਿਰਾਂ ਸੀਪੀਆਈ ਅਤੇ ਆਰਸੀਪੀਆਈ ਵੀ ਅੱਜ ਪੀਡੀਏ ਵਿਚ ਸ਼ਾਮਲ ਹੋ ਗਈਆਂ ਹਨ। ਹੁਣ ਪੀਡੀਏ ਵਿਚ 6 ਧਿਰਾਂ ਸ਼ਾਮਲ ਹੋ ਗਈਆਂ ਹਨ। ਇਸ ਤਹਿਤ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ 3 ਹਲਕਿਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ, ਪੰਜਾਬ ਏਕਤਾ ਪਾਰਟੀ ਨੂੰ 3 ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ, ਲੋਕ ਇਨਸਾਫ਼ ਪਾਰਟੀ ਨੂੰ 3 ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ, ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਅਤੇ ਆਰਸੀਪੀਆਈ ਨੂੰ ਗੁਰਦਾਸਪੁਰ ਅਲਾਟ ਕੀਤੇ ਗਏ ਹਨ। ਅੱਜ ਇੱਥੇ ਪੰਜਾਬ ਏਕਤਾ ਪਾਰਟੀ ਦੇ ਐੱਡਹਾਕ ਪ੍ਰਧਾਨ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਬਸਪਾ ਦੇ ਪ੍ਰਧਾਨ ਰਛਪਾਲ ਸਿੰਘ ਰਾਜੂ, ਪੰਜਾਬ ਮੰਚ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ, ਸੀਪੀਆਈ ਪੰਜਾਬ ਦੇ ਸਕੱਤਰ ਬੰਤ ਬਰਾੜ ਅਤੇ ਆਰਸੀਪੀਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਦੱਸਿਆ ਕਿ ਪੀਡੀਏ ਵੱਲੋਂ 7 ਉਮੀਦਵਾਰਾਂ ਬਾਰੇ ਫ਼ੈਸਲਾ ਲੈ ਲਿਆ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਮੰਚ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ, ਬਸਪਾ ਵੱਲੋਂ ਵਿਕਰਮ ਸਿੰਘ ਸੋਢੀ ਨੂੰ ਆਨੰਦਪੁਰ ਸਾਹਿਬ, ਸੇਵਾਮੁਕਤ ਆਈਏਐੱਸ ਅਧਿਕਾਰੀ ਚੌਧਰੀ ਖੁਸ਼ੀ ਰਾਮ ਨੂੰ ਹੁਸ਼ਿਆਰਪੁਰ (ਰਾਖ਼ਵਾਂ ਹਲਕਾ) ਤੇ ਬਲਵਿੰਦਰ ਸਿੰਘ ਜਲੰਧਰ (ਰਾਖ਼ਵਾਂ ਹਲਕਾ), ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰ ਨੂੰ ਫਤਿਹਗੜ੍ਹ ਸਾਹਿਬ (ਰਾਖ਼ਵਾਂ ਹਲਕਾ) ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਡੂਰ ਸਾਹਿਬ ਅਤੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ (ਰਾਖ਼ਵਾਂ ਹਲਕਾ) ਤੋਂ ਉਮੀਦਵਾਰ ਬਣਾਇਆ ਜਾਵੇਗਾ। ਡਾ. ਧਰਮਵੀਰ ਗਾਂਧੀ ਨੇ ਅੱਜ ‘ਨਵਾਂ ਪੰਜਾਬ ਪਾਰਟੀ’ ਬਣਾਉਣ ਦਾ ਵੀ ਐਲਾਨ ਕੀਤਾ। ਮਜ਼ੇਦਾਰ ਗੱਲ ਇਹ ਹੈ ਕਿ ਦੂਸਰੇ ਪਾਸੇ ‘ਆਪ’ ਵੱਲੋਂ ਫਰੀਦਕੋਟ ਤੋਂ ਆਪਣੇ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ ਨੂੰ ਚੋਣ ਲੜਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਵੱਲੋਂ ਸੰਸਦੀ ਚੋਣ ਲੜਨ ਦੀ ਸੰਭਾਵਨਾ ਜਤਾਈ ਜਾ ਰਹੀ ਸੀ, ਪਰ ਉਨ੍ਹਾਂ ਅੱਜ ਇਸ ਬਾਰੇ ਐਲਾਨ ਨਹੀਂ ਕੀਤਾ। ਇਸੇ ਤਰ੍ਹਾਂ ਸ੍ਰੀ ਖਹਿਰਾ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਣ ਦੇ ਚਰਚੇ ਹਨ ਪਰ ਉਨ੍ਹਾਂ ਨੇ ਵੀ ਅੱਜ ਆਪਣੇ ਪੱਤੇ ਨਹੀਂ ਖੋਲ੍ਹੇ। ਸ੍ਰੀ ਖਹਿਰਾ ਨੇ ਕਿਹਾ ਕਿ ਉਹ ਫ਼ਿਲਹਾਲ ਦੇਖ ਰਹੇ ਹਨ ਕਿ ਅਕਾਲੀ ਦਲ ਨਾਲ ਸਬੰਧਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿੱਥੋਂ ਚੋਣ ਲੜਦੇ ਹਨ ਕਿਉਂਕਿ ਇਹ ਚਰਚਾ ਹੈ ਕਿ ਬੀਬੀ ਬਾਦਲ ਆਪਣਾ ਹਲਕਾ ਛੱਡ ਕੇ ਫਿਰੋਜ਼ਪੁਰ ਜਾਣ ਦੀ ਤਿਆਰੀ ਵਿਚ ਹੈ। ਪੀਡੀਏ ਆਗੂਆਂ ਨੇ ਕਿਹਾ ਕਿ ਰਵਾਇਤੀ ਭ੍ਰਿਸ਼ਟ ਪਾਰਟੀਆਂ ਦੇ ਕੁਸ਼ਾਸਨ ਦੇ ਨਤੀਜੇ ਵਜੋਂ ਪੰਜਾਬ ਢਾਈ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਅਤੇ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਰਿਆਈ ਪਾਣੀਆਂ, ਪੰਜਾਬੀ ਬੋਲਦੇ ਇਲਾਕਿਆਂ ਤੇ ਰਾਜਧਾਨੀ ਚੰਡੀਗੜ੍ਹ ਦੇ ਮੁੱਦਿਆਂ ਸਮੇਤ ਸੂਬਿਆਂ ਨੂੰ ਖ਼ੁਦਮੁਖਤਿਆਰੀ ਦੇਣ ਦੀਆਂ ਮੰਗਾਂ ਲਈ ਆਵਾਜ਼ ਬਲੰਦ ਕੀਤੀ ਜਾਵੇਗੀ।

ਸਮਝੌਤਾ ਐਕਸਪ੍ਰੈੱਸ ਧਮਾਕਾ ਕੇਸ ’ਚ ਫ਼ੈਸਲਾ ਅੱਗੇ ਪਾਇਆ

ਪੰਚਕੂਲਾ-ਐਨਆਈਏ (ਕੌਮੀ ਜਾਂਚ ਏਜੰਸੀ) ਦੀ ਵਿਸ਼ੇਸ਼ ਅਦਾਲਤ ਨੇ 2007 ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ ਕੇਸ ਵਿੱਚ ਅੱਜ ਸੁਣਾਏ ਜਾਣ ਵਾਲੇ ਫੈਸਲੇ ਨੂੰ ਅੱਗੇ ਪਾ ਦਿੱਤਾ ਹੈ। ਕੇਸ ਉੱਤੇ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।
ਐਨਆਈਏ ਅਦਾਲਤ ਨੇ ਫੈਸਲੇ ਨੂੰ ਅੱਗੇ ਪਾਉਣ ਦਾ ਫੈਸਲਾ ਇਕ ਪਾਕਿਸਤਾਨੀ ਮਹਿਲਾ ਵੱਲੋਂ ਦਾਇਰ ਪਟੀਸ਼ਨ ਮਗਰੋਂ ਲਿਆ ਹੈ। ਪਟੀਸ਼ਨ ਵਿੱਚ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਕੇਸ ਨਾਲ ਸਬੰਧਤ ਕੁਝ ਢੁੱਕਵੇਂ ਸਬੂਤ ਮੌਜੂਦ ਹਨ। ਐਨਆਈਏ ਦੇ ਵਕੀਲ ਰੰਜਨ ਮਲਹੋਤਰਾ ਨੇ ਕਿਹਾ ਕਿ ਰਾਹਿਲਾ ਐਲ. ਵਕੀਲ ਨੇ ਪਟੀਸ਼ਨ ਆਪਣੇ ਵਕੀਲ ਰਾਹੀਂ ਦਾਖ਼ਲ ਕੀਤੀ ਹੈ। ਯਾਦ ਰਹੇ ਕਿ ਇਸ ਕੇਸ ਵਿੱਚ ਆਖਰੀ ਜਿਰ੍ਹਾ 6 ਮਾਰਚ ਨੂੰ ਪੂਰੀ ਹੋ ਗਈ ਸੀ, ਤੇ 11 ਮਾਰਚ ਨੂੰ ਫੈਸਲਾ ਸੁਣਾਇਆ ਜਾਣਾ ਸੀ। ਵਿਸ਼ੇਸ਼ ਐਨਆਈਏ ਜੱਜ ਜਗਦੀਪ ਸਿੰਘ ਨੇ ਸੱਜਰੀ ਪਟੀਸ਼ਨ ਦਾਇਰ ਹੋਣ ਮਗਰੋਂ ਕੇਸ ਦੀ ਅਗਲੀ ਸੁਣਵਾਈ 14 ਮਾਰਚ ਲਈ ਨਿਰਧਾਰਿਤ ਕਰ ਦਿੱੱਤੀ ਹੈ। ਕਾਬਿਲੇਗੌਰ ਹੈ ਕਿ 18 ਫਰਵਰੀ 2007 ਨੂੰ ਪਾਣੀਪਤ ਨੇੜੇ ਸਮਝੌਤਾ ਐਕਸਪ੍ਰੈੱਸ ਦੋ ਕੋਚਾਂ ਵਿੱਚ ਹੋਏ ਧਮਾਕਿਆਂ ਵਿੱਚ 68 ਲੋਕਾਂ ਦੀ ਮੌਤ ਹੋ ਗਈ ਸੀ। ਮੌਤਾਂ ਧਮਾਕੇ ਮਗਰੋਂ ਰੇਲ ਡੱਬਿਆਂ ਨੂੰ ਲੱਗੀ ਅੱਗ ਵਿੱਚ ਝੁਲਸਣ ਕਾਰਨ ਹੋਈਆਂ ਸਨ। ਮਰਨ ਵਾਲਿਆਂ ਵਿੱਚ ਵੱਡੀ ਗਿਣਤੀ ਪਾਕਿਸਤਾਨੀ ਨਾਗਰਿਕ ਸ਼ਾਮਲ ਸਨ। ਸਮਝੌਤਾ ਐਕਸਪ੍ਰੈੱਸ ਜਿਸ ਨੂੰ ਅਟਾਰੀ ਐਕਸਪ੍ਰੈੱਸ ਵੀ ਕਿਹਾ ਜਾਂਦਾ ਹੈ, ਹਫ਼ਤੇ ਵਿੱਚ ਦੋ-ਦੋ ਦਿਨ (ਬੁੱਧਵਾਰ ਤੇ ਐਤਵਾਰ) ਦਿੱਲੀ ਤੋਂ ਅਟਾਰੀ ਤੇ ਅੱਗੇ ਪਾਕਿਸਤਾਨ ਤਕ ਜਾਂਦੀ ਹੈ। ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਅੱਠ ਜਣਿਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ, ਇਨ੍ਹਾਂ ਵਿੱਚ ਨਾਭਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਹੀ ਅਦਾਲਤ ਵਿੱਚ ਪੇਸ਼ ਹੋਏ ਜਦੋਂਕਿ ਸੁਨੀਲ ਜੋਸ਼ੀ, ਜੋ ਇਸ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ, ਦੀ ਦਸੰਬਰ 2007 ਵਿੱਚ ਮੌਤ ਹੋ ਗਈ ਸੀ। ਤਿੰਨ ਹੋਰਨਾਂ ਮੁਲਜ਼ਮਾਂ ਰਾਮਚੰਦਰ ਕਲਸਾਂਗਰਾ, ਸੰਦੀਪ ਡਾਂਗੇ ਤੇ ਅਮਿਤ ਅਜੇ ਵੀ ਫਰਾਰ ਹਨ, ਜਿਨ੍ਹਾਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਭਾਈਚਾਰੇ ਜਾਂ ਨਫ਼ਰਤ ’ਚੋਂ ਸਹੀ ਚੋਣ ਜ਼ਰੂਰੀ: ਰਾਹੁਲ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਐਤਵਾਰ ਨੂੰ ਹੋਏ ਐਲਾਨ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਥੇ ਪਾਰਟੀ ਬੂਥ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਮਹਾਤਮਾ ਗਾਂਧੀ ਦਾ ਭਾਰਤ ਤੇ ਦੂਜੇ ਪਾਸੇ ਗੋਡਸੇ ਦਾ ਭਾਰਤ, ਚੁਣਨਾ ਸਾਡੇ ਉੱਤੇ ਹੈ। ਰਾਹੁਲ ਨੇ ਇਸ ਮੌਕੇ ਰਾਫਾਲ, ਬੇਰੁਜ਼ਗਾਰੀ, ਕੌਮੀ ਸੁਰੱਖਿਆ ਤੇ ਖੇਤੀ ਸੰਕਟ ਜਿਹੇ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੱਜ ਕੇ ਨਿਖੇਧੀ ਕੀਤੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਪਸੀ ਭਾਈਚਾਰਾ ਤੇ ਸਨੇਹ ਅਤੇ ਦੂਜੇ ਪਾਸੇ ਨਫ਼ਰਤ ਤੇ ਸਹਿਮ, ਚੋਣ ਸਾਡੇ ਹੱਥ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨਿਡਰ ਸਨ ਤੇ ਕਈ ਵਰ੍ਹੇ ਜੇਲ੍ਹ ਵੀ ਕੱਟੀ, ਪਰ ਫੇਰ ਵੀ ਬਰਤਾਵਨੀ ਹਕੂਮਤ ਨਾਲ ਉਨ੍ਹਾਂ ਦੇ ਸਬੰਧ ਸੁਖਾਵੇਂ ਸਨ, ਜਦਕਿ (ਵੀਰ) ਸਾਵਰਕਰ ਨੇ ਬ੍ਰਿਟਿਸ਼ ਸਰਕਾਰ ਨੂੰ ਮੁਆਫ਼ੀ ਲਈ ਪੱਤਰ ਲਿਖੇ ਤੇ ਕਾਰਵਾਈ ਤੋਂ ਬਚਦੇ ਰਹੇ। ਉਨ੍ਹਾਂ ਕਿਹਾ ਕਿ ਮੋਦੀ ‘ਮੇਕ ਇਨ ਇੰਡੀਆ’ ਦੀ ਗੱਲ ਕਰਦੇ ਹਨ, ਪਰ ਕਮੀਜ਼, ਜੁੱਤੇ ਤੇ ਸੈਲਫ਼ੀ ਲੈਣ ਵਾਲਾ ਫੋਨ ਚੀਨ ਦਾ ਵਰਤਦੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਦੋ ਪ੍ਰਧਾਨ ਮੰਤਰੀਆਂ ਨੇ ਕੁਰਬਾਨੀ ਦਿੱਤੀ ਹੈ ਤੇ ਕਿਸੇ ਅੱਗੇ ਨਹੀਂ ਝੁਕੇ ਜਦਕਿ ਭਾਜਪਾ ਦੀ ਅਗਵਾਈ ਵਾਲੇ ਸਰਕਾਰ ਨੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਰਿਹਾਅ ਕਰ ਦਿੱਤਾ ਸੀ। ਉਨ੍ਹਾਂ ਬੂਥ ਵਰਕਰਾਂ ਨੂੰ ਮਿਹਨਤ ਕਰਨ ਤੇ ਦਿੱਲੀ ਦੀਆਂ ਸੱਤਾਂ ਸੀਟਾਂ ਉੱਤੇ ਫਤਿਹ ਪਾਉਣ ਲਈ ਕਿਹਾ।

ਕੋਟਕਪੂਰਾ ਗੋਲੀ ਕਾਂਡ: ਉਮਰਾਨੰਗਲ ਨੂੰ ਜ਼ਮਾਨਤ ਮਿਲੀ

ਫ਼ਰੀਦਕੋਟ-ਕੋਟਕਪੂਰਾ ਗੋਲੀ ਕਾਂਡ ਵਿੱਚ 18 ਫਰਵਰੀ ਨੂੰ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਸਥਾਨਕ ਸੈਸ਼ਨ ਜੱਜ ਹਰਪਾਲ ਸਿੰਘ ਨੇ 50 ਹਜ਼ਾਰ ਰੁਪਏ ਦਾ ਮੁਚੱਲਕਾ ਭਰਵਾ ਕੇ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਉਮਰਾਨੰਗਲ ਖ਼ਿਲਾਫ਼ 7 ਅਗਸਤ 2018 ਨੂੰ ਅ/ਧ 307, 323, 341, 201, 218, 120 ਬੀ/34 ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਆਈ.ਜੀ. ਉਮਰਾਨੰਗਲ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਹਨ। ਉਮਰਾਨੰਗਲ ਵੱਲੋਂ ਪੇਸ਼ ਹੋਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਸੰਤਪਾਲ ਸਿੰਘ ਸਿੱਧੂ ਅਤੇ ਗੁਰਸਾਹਿਬ ਸਿੰਘ ਬਰਾੜ ਨੇ ਕਿਹਾ ਕਿ ਆਈ.ਜੀ. ਉਮਰਾਨੰਗਲ ਦਾ ਕੋਟਕਪੂਰਾ ਗੋਲੀ ਕਾਂਡ ਨਾਲ ਕੋਈ ਸਬੰਧ ਨਹੀਂ ਹੈ। ਆਈ.ਜੀ. ਉਮਰਾਨੰਗਲ ਡੀ.ਜੀ.ਪੀ. ਦੇ ਹੁਕਮਾਂ ’ਤੇ ਅਮਨ-ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਮੌਕੇ ’ਤੇ ਪੁੱਜੇ ਸਨ। ਉਨ੍ਹਾਂ ਕਿਹਾ ਕਿ ਕੋਟਕਪੂਰਾ ਵਿੱਚ ਧਾਰਾ 144 ਲੱਗੀ ਹੋਣ ਦੇ ਬਾਵਜੂਦ ਸੈਂਕੜੇ ਹਥਿਆਰਬੰਦ ਲੋਕਾਂ ਦਾ ਇਕੱਠ ਸੀ। ਉਨ੍ਹਾਂ ਕਿਹਾ ਕਿ ਗੋਲੀ ਕਿਸੇ ਰੰਜਿਸ਼ ਤਹਿਤ ਨਹੀਂ ਚਲਾਈ ਗਈ ਸੀ। ਅਦਾਲਤ ਵਿੱਚ 45 ਪੁਲੀਸ ਮੁਲਾਜ਼ਮਾਂ ਦੀਆਂ ਮੈਡੀਕਲ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ, ਜੋ ਗੋਲੀ ਕਾਂਡ ਮੌਕੇ ਸਿੱਖ ਸੰਗਤ ਨਾਲ ਟਕਰਾਅ ਦੌਰਾਨ ਜ਼ਖ਼ਮੀ ਹੋ ਗਏ ਸਨ।
ਅਦਾਲਤ ਨੇ ਗੋਲੀ ਕਾਂਡ ਦੀਆਂ ਸੀਸੀਟੀਵੀ ਫੁਟੇਜ ਵੇਖ ਕੇ ਕਿਹਾ ਹੈ ਕਿ ਪੁਲੀਸ ਦੇ ਵਾਹਨਾਂ ਉੱਪਰ ਵੀ ਪ੍ਰਦਰਸ਼ਨਕਾਰੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਹੋਏ ਰਿਕਾਰਡ ਤੋਂ ਇਹ ਵੀ ਤੱਥ ਸਾਹਮਣੇ ਆਇਆ ਹੈ ਕਿ 13 ਅਕਤੂਬਰ 2015 ਦੀ ਰਾਤ ਨੂੰ ਛੇ ਪੁਲੀਸ ਅਧਿਕਾਰੀਆਂ ਸਮੇਤ ਡੀਆਈਜੀ ਜਤਿੰਦਰ ਜੈਨ, ਏਡੀਜੀਪੀ ਰੋਹਿਤ ਚੌਧਰੀ ਵੀ ਡੀਜੀਪੀ ਦੇ ਹੁਕਮਾਂ ’ਤੇ ਮੌਕੇ ’ਤੇ ਹਾਜ਼ਰ ਸਨ ਅਤੇ ਉਹ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਰਹੇ ਸਨ। ਅਦਾਲਤ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਕਿ ਸ਼ਿਕਾਇਤਕਰਤਾ ਅਜੀਤ ਸਿੰਘ ਨੂੰ ਕਿਸ ਹਥਿਆਰ ਨਾਲ ਗੋਲੀ ਮਾਰੀ ਗਈ, ਇਹ ਵੀ ਅਜੇ ਤੱਕ ਸਪੱਸ਼ਟ ਨਹੀਂ ਹੋਇਆ। ਇਸ ਤੋਂ ਇਲਾਵਾ ਜਿਹੜੇ ਗਵਾਹਾਂ ਦੇ ਐੱਸਆਈਟੀ ਨੇ ਬਿਆਨ ਲਿਖੇ, ਉਨ੍ਹਾਂ ਵਿੱਚੋਂ ਬਹੁਤੇ ਗਵਾਹਾਂ ਨੇ ਉਮਰਾਨੰਗਲ ਵੱਲੋਂ ਪੁਲੀਸ ਨੂੰ ਕਮਾਂਡ ਦੇਣ ਬਾਰੇ ਕੋਈ ਬਿਆਨ ਨਹੀਂ ਦਿੱਤਾ। ਇੱਥੋਂ ਤੱਕ ਕਿ ਅਜੀਤ ਸਿੰਘ ਦੇ ਬਿਆਨ ’ਤੇ ਘਟਨਾ ਤੋਂ ਤਿੰਨ ਸਾਲ ਬਾਅਦ ਦਰਜ ਹੋਏ ਪਰਚੇ ਵਿੱਚ ਉਮਰਾਨੰਗਲ ਦਾ ਨਾਮ ਤੱਕ ਸ਼ਾਮਲ ਨਹੀਂ।
ਅਦਾਲਤ ਨੇ ਕਿਹਾ ਕਿ ਆਈਜੀ ਉਮਰਾਨੰਗਲ ਕਿਸ ਅਪਰਾਧ ਦਾ ਦੋਸ਼ੀ ਹੈ? ਇਹ ਸਾਬਤ ਕਰਨ ਲਈ ਜਾਂਚ ਟੀਮ ਨੂੰ ਅਜੇ ਲੰਬਾ ਸਮਾਂ ਲੱਗੇਗਾ, ਇਸ ਲਈ ਉਸ ਨੂੰ ਏਨਾ ਲੰਬਾ ਸਮਾਂ ਜੇਲ੍ਹ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੋਵੇਗਾ। ਦੂਜੇ ਪਾਸੇ ਐੱਸ.ਆਈ.ਟੀ ਵੱਲੋਂ ਪੇਸ਼ ਹੋਏ ਵਕੀਲਾਂ ਨੇ ਦਾਅਵਾ ਕੀਤਾ ਕਿ ਉਮਰਾਨੰਗਲ ਦੀ ਰਿਹਾਈ ਸਮੁੱਚੀ ਜਾਂਚ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਉਮਰਾਨੰਗਲ ਨੇ ਹਿਰਾਸਤ ਵਿੱਚ ਹੁੰਦਿਆਂ ਜੇਲ੍ਹ ਵਿੱਚ ਅਹਿਮ ਵਿਅਕਤੀਆਂ ਨਾਲ ਅਣ-ਅਧਿਕਾਰਤ ਤਰੀਕੇ ਨਾਲ ਮੁਲਾਕਾਤਾਂ ਕੀਤੀਆਂ ਹਨ।
ਉਮਰਾਨੰਗਲ ਨੂੰ ਬਹਿਬਲ ਗੋਲੀ ਕਾਂਡ ਵਿੱਚ ਹਾਈ ਕੋਰਟ ਤੋਂ ਪਹਿਲਾਂ ਹੀ ਅਗਾਊਂ ਜ਼ਮਾਨਤ ਮਿਲ ਚੁੱਕੀ ਹੈ। ਅੱਜ ਸੈਸ਼ਨ ਕੋਰਟ ’ਚੋਂ ਜ਼ਮਾਨਤ ਮਿਲਣ ਨਾਲ ਉਮਰਾਨੰਗਲ ਦੀ ਰਿਹਾਈ ਦਾ ਰਾਹ ਪੱਧਰਾ ਹੋ ਗਿਆ ਹੈ। ਉਮਰਾਨੰਗਲ ਨੂੰ ਜ਼ਮਾਨਤ ਦਾ ਹੁਕਮ ਸੁਣਾਏ ਜਾਣ ਵੇਲੇ ਵਿਸ਼ੇਸ਼ ਜਾਂਚ ਟੀਮ ਦੇ ਕੁਝ ਅਧਿਕਾਰੀ ਅਦਾਲਤ ਵਿੱਚ ਮੌਜੂਦ ਸਨ, ਜੋ ਇਸ ਫ਼ੈਸਲੇ ਤੋਂ ਕਾਫ਼ੀ ਮਾਯੂਸ ਨਜ਼ਰ ਆਏ।

10 ਫ਼ੀਸਦੀ ਰਾਖਵਾਂਕਰਨ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾਉਣ ਤੋਂ ਕੀਤਾ ਇਨਕਾਰ

ਨਵੀਂ ਦਿੱਲੀ-ਆਰਥਿਕ ਪੱਖੋਂ ਕਮਜ਼ੋਰ ਵਰਗ ਨੂੰ ਨੌਕਰੀਆਂ ‘ਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਕਾਨੂੰਨ ‘ਤੇ ਰੋਕ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਗੋਗੋਈ ਨੇ ਕਿਹਾ ਕਿ ਇਸ ਸੰਬੰਧ ‘ਚ ਕੋਈ ਅੰਤਰਿਮ ਹੁਕਮ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੰਵਿਧਾਨਿਕ ਬੈਂਚ ਦੇ ਕੋਲ ਭੇਜ ਕੇ ਨਿਆਇਕ ਪ੍ਰੀਖਿਅਣ ਕਰਨ ‘ਤੇ ਅਗਲੀ ਤਾਰੀਖ਼ ‘ਤੇ ਵਿਚਾਰ ਕਰਨਗੇ।

ਕਰਤਾਰਪੁਰ ਲਾਂਘੇ ਲਈ ਬਣੇਗਾ ਆਧੁਨਿਕ ਤੇ ਸ਼ਾਨਦਾਰ ਯਾਤਰੀ ਟਰਮੀਨਲ

ਚੰਡੀਗੜ੍ਹ-ਕਰਤਾਰਪੁਰ ਗਲਿਆਰੇ ਲਈ ਪਾਕਿਸਤਾਨ ਵਾਲੇ ਪਾਸਿਓਂ ਤਕਰੀਬਨ 40 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ ਤੇ ਹੁਣ ਭਾਰਤ ਵਾਲੇ ਪਾਸਿਓਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਗਲਿਆਰੇ ਲਈ ਭਾਰਤ 190 ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਯਾਤਰੀ ਟਰਮੀਨਲ ਭਵਨ ਦਾ ਨਿਰਮਾਣ ਕਰੇਗਾ। ਇਸ ਪ੍ਰੋਜੈਕਟ ਨੂੰ ਸ੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖ਼ਤਮ ਕਰਨ ਲਈ ਕਿਹਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਟਰਮੀਨਲ ਭਵਨ (PTB) ਕੈਂਪਸ ਵਿੱਚ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਹ ਇਮਾਰਤ ਕੁੱਲ 50 ਏਕੜ ਦੇ ਰਕਬੇ ਹੇਠ ਬਣਾਈ ਜਾਏਗੀ ਜਿਸ ਵਿੱਚੋਂ 15 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੇ ਡਿਜ਼ਾਈਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਇੱਛਾਵਾਂ ਤੇ ਭਾਵਨਾਵਾਂ ਨੂੰ ਖ਼ਾਸ ਤੌਰ ’ਤੇ ਧਿਆਨ ਵਿੱਚ ਰੱਖਣ ਲਈ ਕਿਹਾ ਗਿਆ ਹੈ। ਇਸ ਦਾ ਡਿਜ਼ਾਈਨ ‘ਖੰਡੇ’ ਦੇ ਚਿਨ੍ਹ ਤੋਂ ਉਤਸ਼ਾਹਿਤ ਹੋਏਗਾ।
ਮੰਤਰਾਲੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਨੇ ਕਰਤਾਰਪੁਰ ਸਾਹਿਬ ਗਲਿਆਰੇ ਵਿੱਚ ਆਧੁਨਿਕ ਯਾਤਰੀ ਟਰਮੀਨਲ ਭਵਨ ਦੇ ਨਿਰਮਾਣ ਲਈ ਇੱਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘਾ ਬਣਾਉਣ ਲਈ ਕੇਂਦਰੀ ਕੈਬਨਿਟ ਨੇ ਨਵੰਬਰ, 2018 ਵਿੱਚ ਫੈਸਲਾ ਲਿਆ ਸੀ ਜਿਸ ਦੇ ਬਾਅਦ ਹੁਣ ਯਾਤਰੀ ਟਰਮੀਨਲ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।