ਮੁੱਖ ਖਬਰਾਂ
Home / ਮੁੱਖ ਖਬਰਾਂ (page 3)

ਮੁੱਖ ਖਬਰਾਂ

‘ਆਪ’ ਦੇ 5 ਬਾਗ਼ੀ ਵਿਧਾਇਕਾਂ ਵੱਲੋਂ ਅਸਤੀਫ਼ੇ ਤੋਂ ਇਨਕਾਰ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬਾਗ਼ੀ ਧੜੇ ਦੇ ਬਾਕੀ ਪੰਜ ਵਿਧਾਇਕ ਪਾਰਟੀ ਜਾਂ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ੇ ਨਹੀਂ ਦੇਣਗੇ ਅਤੇ ਆਪੋ-ਆਪਣੇ ਹਲਕਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਬਾਗੀ ਧੜੇ ਦੇ ਆਗੂ ਸੁਖਪਾਲ ਸਿੰਘ ਖਹਿਰਾ ਮਗਰੋਂ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਵੀ ਲੰਘੇ ਦਿਨ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਲਦੇਵ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਅਜਿਹੀ ਚਰਚਾ ਸੀ ਕਿ ਇਸ ਧੜੇ ਦੇ ਹੋਰ ਵਿਧਾਇਕ ਵੀ ਅਸਤੀਫ਼ਾ ਦੇ ਕੇ ਸ੍ਰੀ ਖਹਿਰਾ ਵੱਲੋਂ ਬਣਾਈ ਨਵੀਂ ‘ਪੰਜਾਬੀ ਏਕਤਾ ਪਾਰਟੀ’ ਵਿਚ ਸ਼ਾਮਲ ਹੋ ਸਕਦੇ ਹਨ।
ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੀਡਰਸ਼ਿਪ ਨਾਲ ਉਨ੍ਹਾਂ ਦੇ ਮੱਤਭੇਦ ਭਾਵੇਂ ਅਜੇ ਵੀ ਬਰਕਰਾਰ ਹਨ, ਪਰ ਉਹ ਨਾ ਤਾਂ ਅਸਤੀਫ਼ਾ ਦੇ ਰਹੇ ਹਨ ਅਤੇ ਨਾ ਹੀ ਉਨ੍ਹਾਂ ਦਾ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਹੈ। ਉਹ ਅੱਜ ਵੀ ‘ਆਪ’ ਦੇ ਵਿਧਾਇਕ ਹਨ ਅਤੇ ਹਾਲੇ ਵੀ ਅਰਵਿੰਦ ਕੇਜਰੀਵਾਲ ਦੇ ਮੁੱਦਈ ਹਨ। ਸ੍ਰੀ ਮਾਨਸ਼ਾਹੀਆ ਨੇ ਕਿਹਾ ਕਿ ਇਕ ਪਾਸੇ ਪਾਰਟੀ ਅਤੇ ਦੂਜੇ ਪਾਸੇ ਸ੍ਰੀ ਖਹਿਰਾ ਧੜੇ ਵੱਲੋਂ ਲੋਕ ਸਭਾ ਚੋਣਾਂ ਲਈ ਹੋਰ ਪਾਰਟੀਆਂ ਨਾਲ ਤਾਂ ਏਕੇ ਦੇ ਯਤਨ ਕੀਤੇ ਜਾ ਰਹੇ ਹਨ, ਪਰ ਜੇ ਦੋਵੇਂ ਧਿਰਾਂ ਏਕਾ ਨਹੀਂ ਕਰ ਸਕਦੀਆਂ ਤਾਂ ਉਨ੍ਹਾਂ ਨੂੰ ਘੱਟੋ-ਘੱਟ ਇਨ੍ਹਾਂ ਚੋਣਾਂ ਲਈ ਆਪਸੀ ਤਾਲਮੇਲ ਕਰ ਲੈਣਾ ਚਾਹੀਦਾ ਹੈ, ਕਿਉਂਕਿ ਦੋਵਾਂ ਧਿਰਾਂ ਦੇ ਵਿਧਾਇਕਾਂ ਦਾ ਮਿਸ਼ਨ ਇਕੋ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਦੇ ਵਿਧਾਇਕ ਵਜੋਂ ਹਲਕੇ ਦੀ ਸੇਵਾ ਕਰਨਗੇ ਅਤੇ ਅਸਤੀਫ਼ਾ ਨਹੀਂ ਦੇਣਗੇ।
ਵਿਧਾਨ ਸਭਾ ਹਲਕਾ ਮੌੜ ਦੇ ਬਾਗੀ ਧੜੇ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਤੋਂ ਅਤੇ ਨਾ ਹੀ ਵਿਧਾਇਕ ਵਜੋਂ ਅਸਤੀਫ਼ਾ ਦੇਣਗੇ। ਉਹ ਵਿਧਾਇਕ ਵਜੋਂ ਹਲਕੇ ਦੇ ਵਸਨੀਕਾਂ ਲਈ ਕੰਮ ਕਰਨਗੇ ਅਤੇ ਪੰਜਾਬ ਦੇ ਹਿਤਾਂ ਦੀ ਗੱਲ ਕਰਨ ਵਾਲੀਆਂ ਧਿਰਾਂ ਦਾ ਸਾਥ ਦੇਣਗੇ। ਇਸੇ ਤਰ੍ਹਾਂ ਹਲਕਾ ਭਦੌੜ ਦੇ ਬਾਗੀ ਵਿਧਾਇਕ ਪਿਰਮਲ ਸਿੰਘ ਧੌਲਾ ਤੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਨੇ ਵੀ ਇਹੋ ਗੱਲ ਦੁਹਰਾਈ। ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਸ੍ਰੀ ਖਹਿਰਾ ਤੋਂ ਇਲਾਵਾ ਇਸ ਧੜੇ ਦੇ ਬਾਕੀ 6 ਵਿਧਾਇਕਾਂ ਨੇ ਮੀਟਿੰਗ ਕਰਕੇ ਆਪੋ-ਆਪਣੇ ਹਲਕਿਆਂ ਦੇ ਲੋਕਾਂ ਨਾਲ ਸੰਪਰਕ ਬਣਾਉਣ ਦਾ ਫੈਸਲਾ ਲਿਆ ਹੈ। ਸ੍ਰੀ ਸੰਧੂ ਨੇ ਕਿਹਾ ਕਿ ਉਨ੍ਹਾਂ ਦੇ ‘ਆਪ’ ਲੀਡਰਸ਼ਿਪ ਨਾਲ ਭਾਵੇਂ ਗੰਭੀਰ ਮੱਤਭੇਦ ਹਨ, ਪਰ ਉਹ ਲੋਕਾਂ ਦੀ ਆਵਾਜ਼ ਅਨੁਸਾਰ ਹੀ ਕੋਈ ਫੈਸਲਾ ਲੈਣਗੇ।

ਰਾਮ ਰਹੀਮ ਨੂੰ ਸਜ਼ਾ ਦਾ ਐਲਾਨ ‘ਸਾਰੀ ਉਮਰ’ ਰਹੇਗਾ ਜੇਲ੍ਹ ‘ਚ

ਚੰਡੀਗੜ੍ਹ-ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਦੋਸ਼ ਵਿੱਚ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ, ਸੀਬੀਆਈ ਦੇ ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ ਪਰ ਬਚਾਅ ਪੱਖ ਦੇ ਵਕੀਲਾਂ ਨੇ ਸਜ਼ਾ ਘੱਟ ਕਰਨ ਦੀ ਅਪੀਲ ਕੀਤੀ ਸੀ।

ਸੀਬੀਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਵੱਲੋਂ ਸਜ਼ਾ ਸੁਣਾਉਣ ਸਮੇਂ ਅਦਾਲਤ ਵਿੱਚ ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਪੁੱਤਰ ਅੰਸ਼ੁਲ ਤੇ ਪੁੱਤਰੀ ਸ਼੍ਰੇਅਸੀ ਵੀ ਮੌਜੂਦ ਸੀ। ਇਨ੍ਹਾਂ ਦੇ ਨਾਲ ਕੇਸ ਦੇ ਅਹਿਮ ਗਵਾਹ ਤੇ ਰਾਮ ਰਹੀਮ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਵੀ ਮੌਜੂਦ ਸੀ। ਰਾਮ ਰਹੀਮ ਸਮੇਤ ਚਾਰ ਦੋਸ਼ੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਕਾਰਵਾਈ ਵਿੱਚ ਸ਼ਾਮਲ ਹੋਏ ਸਨ। ਸ਼੍ਰੇਅਸੀ ਨੇ ਵੀ ਅਦਾਲਤ ਨੂੰ ਸਖ਼ਤ ਸਜ਼ਾ ਦੀ ਅਪੀਲ ਕੀਤੀ ਸੀ, ਕਿਉਂਕਿ ਰਾਮ ਰਹੀਮ ਕਰਕੇ ਉਨ੍ਹਾਂ ਦੇ ਪਰਿਵਾਰ ਨੂੰ ਬੇਹੱਦ ਮੁਸ਼ਕਲਾਂ ਵਿੱਚੋਂ ਗੁਜ਼ਰਨਾ ਪਿਆ ਹੈ। ਚਾਰ ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਬਹਿਸ ਪੂਰੀ ਹੋ ਗਈ ਸੀ ਤੇ ਸ਼ਾਮ 6:20 ਵਜੇ ‘ਤੇ ਸਜ਼ਾ ਦਾ ਐਲਾਨ ਹੋਣ ਦੀ ਖ਼ਬਰ ਬਾਹਰ ਆਈ।

ਜ਼ਿਕਰਯੋਗ ਹੈ ਕਿ ਡੇਰਾ ਪ੍ਰੇਮੀ ਕੁਲਦੀਪ ਸਿੰਘ ਤੇ ਨਿਰਮਲ ਸਿੰਘ ਨੇ 24 ਅਕਤੂਬਰ, 2002 ਨੂੰ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ। ਘਟਨਾ ਤੋਂ 27 ਦਿਨਾਂ ਬਾਅਦ ਪੱਤਰਕਾਰ ਦੀ ਮੌਤ ਹੋ ਗਈ ਸੀ। ਬੀਤੀ 11 ਜਨਵਰੀ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ, ਡੇਰੇ ਦੇ ਸਾਬਕਾ ਮੈਨੇਜਰ ਕ੍ਰਿਸ਼ਨ ਲਾਲ ਤੇ ਕੁਲਦੀਪ ਤੇ ਨਿਰਲਨ ਨੂੰ ਪੱਤਰਕਾਰ ਦਾ ਕਤਲ ਕਰਨ ਦਾ ਦੋਸ਼ੀ ਕਰਾਰ ਦੇ ਦਿੱਤਾ ਗਿਆ ਸੀ।

ਸਿੱਖ ਕਤਲੇਆਮ: ਸ਼੍ਰੋਮਣੀ ਕਮੇਟੀ ਨੇ ਵਿਸਾਰੇ ਐੱਸਐੱਸ ਫੂਲਕਾ

ਅੰਮ੍ਰਿਤਸਰ-ਸ਼੍ਰੋਮਣੀ ਕਮੇਟੀ ਵਿਚੋਂ ਸਿਆਸੀ ਗਲਬਾ ਖ਼ਤਮ ਕਰਨ ਦੀ ਐਡਵੋਕੇਟ ਐੱਚਐਸ ਫੂਲਕਾ ਵੱਲੋਂ ਵਿੱਢੀ ਮੁਹਿੰਮ ਕਾਰਨ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਹੈ। ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ, ਜਿਸ ’ਚ ਸ੍ਰੀ ਫੂਲਕਾ ਨੂੰ ਸਨਮਾਨਿਤ ਨਹੀਂ ਕੀਤਾ ਜਾਵੇਗਾ। ਇਸ ਸਬੰਧ ਵਿੱਚ 22 ਜਨਵਰੀ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਵਿਸ਼ੇਸ਼ ਸਨਮਾਨ ਸਮਾਗਮ ਹੋਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਸ ਸਬੰਧ ਵਿੱਚ 26 ਦਸੰਬਰ ਨੂੰ ਇਕ ਸਨਮਾਨ ਸਮਾਗਮ ਰੱਖਿਆ ਗਿਆ ਸੀ। ਪਰ ਸ਼ਹੀਦੀ ਪੰਦਰਵਾੜਾ ਹੋਣ ਕਾਰਨ ਉਸ ਵੇਲੇ ਇਹ ਸਨਮਾਨ ਸਮਾਗਮ ਅਗਾਂਹ ਪਾ ਦਿੱਤਾ ਗਿਆ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਸੀ ਕਿ ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਸੱਜਣ ਕੁਮਾਰ ਤੇ ਹੋਰਨਾਂ ਨੂੰ ਸਜ਼ਾਵਾਂ ਦਿਵਾਉਣ ਲਈ ਪੀੜਤਾਂ ਦੇ ਕੇਸ ਲੜਣ ਵਾਲੇ ਸਿੱਖ ਵਕੀਲ ਐਡਵੋਕੇਟ ਐੱਚਐੱਸ ਫੂਲਕਾ ਸਮੇਤ ਗਵਾਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਵੀ ਪਹਿਲਾਂ ਇਸ ਸਬੰਧੀ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ।
ਅੱਜ ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ 1984 ਸਿੱਖ ਕਤਲੇਆਮ ਦੇ ਤਿੰਨ ਦੋਸ਼ੀਆਂ ਨੂੰ ਗਵਾਹਾਂ ਦੀ ਦ੍ਰਿੜਤਾ ਕਾਰਨ ਹੀ ਸਖ਼ਤ ਸਜ਼ਾਵਾਂ ਮਿਲੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਗਵਾਹਾਂ ਦੇ ਹੌਸਲੇ ਦੀ ਸ਼ਲਾਘਾ ਕਰਦੀ ਹੈ। ਇਸ ਦੌਰਾਨ ਦੋਸ਼ੀਆਂ ਵੱਲੋਂ ਆਪਣੇ ਰਾਜਸੀ ਪ੍ਰਭਾਵ ਕਾਰਨ ਸਮੇਂ ਸਮੇਂ ਗਵਾਹਾਂ ਨੂੰ ਦਬਾਉਣ ਦਾ ਯਤਨ ਵੀ ਕੀਤਾ ਗਿਆ ਪਰ ਉਹ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਬਿਆਨਾਂ ’ਤੇ ਅਡਿੱਗ ਰਹੇ, ਜਿਸ ਦੇ ਸਿੱਟੇ ਵਜੋਂ ਲੰਮੇ ਸਮੇਂ ਬਾਅਦ ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ ਹਨ। ਉਨ੍ਹਾਂ ਆਖਿਆ ਕਿ ਸਿੱਖ ਕੌਮ ਸਿੱਖ ਕਤਲੇਆਮ ਨੂੰ ਕਦੇ ਭੁਲਾ ਨਹੀਂ ਸਕਦੀ ਅਤੇ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਉਸ ਵੇਲੇ ਤਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਇਹ ਵੀ ਆਖਿਆ ਕਿ ਸ਼੍ਰੋਮਣੀ ਕਮੇਟੀ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਹਰ ਤਰ੍ਹਾਂ ਦੀ ਮਦਦ ਲਈ ਵਚਨਬੱਧ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਇਹ ਸਨਮਾਨ ਸਿਰਫ ਸਿੱਖ ਕਤਲੇਆਮ ਮਾਮਲੇ ਦੇ ਗਵਾਹਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਜਦੋਂਕਿ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਉਨ੍ਹਾਂ ਦੇ ਕੇਸ ਲੜਨ ਵਾਲੇ ਸਿੱਖ ਵਕੀਲ ਐਡਵੋਕੇਟ ਐਚਐਸ ਫੂਲਕਾ ਨੂੰ ਵਿਸਾਰ ਦਿੱਤਾ ਗਿਆ ਹੈ। ਸਿੱਖ ਹਲਕਿਆਂ ਵਿੱਚ ਚਰਚਾ ਹੈ ਕਿ ਐਡਵੋਕੇਟ ਫੂਲਕਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਸ਼ਿਕੰਜੇ ਤੋਂ ਮੁਕਤ ਕਰਾਉਣ ਲਈ ਵਿੱਢੀ ਮੁਹਿੰਮ ਤੋਂ ਬਾਅਦ ਹੀ ਸਿੱਖ ਜਥੇਬੰਦੀ ਸ਼੍ਰੋਮਣੀ ਕਮੇਟੀ ਨੇ ਉਸ ਨੂੰ ਵਿਸਾਰਿਆ ਹੈ ਅਤੇ ਅਜਿਹਾ ਸਿਰਫ਼ ਸਿਆਸੀ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।

ਵਿਧਾਇਕ ਕੁਲਬੀਰ ਜ਼ੀਰਾ ਕਾਂਗਰਸ ’ਚੋਂ ਮੁਅੱਤਲ

ਚੰਡੀਗੜ੍ਹ-ਆਈਜੀ ’ਤੇ ਸ਼ਰਾਬ ਮਾਫ਼ੀਆ ਨਾਲ ਗੰਢ-ਤੁੱਪ ਦੇ ਦੋਸ਼ ਲਾਉਣ ਵਾਲੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਕਾਂਗਰਸ ਨੇ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ। ਜ਼ੀਰਾ ਹਲਕੇ ਦੇ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਸਹਿਮਤੀ ਜਤਾਈ ਅਤੇ ਉਸ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਹੈ। ਕਾਂਗਰਸ ਦੇ ਇਸ ਫ਼ੈਸਲੇ ਨਾਲ ਅਜੇ ਸਵਾਲ ਜਿਉਂ ਦਾ ਤਿਉਂ ਕਾਇਮ ਹੈ ਕਿ ਵਿਧਾਇਕ ਵੱਲੋਂ ਸੀਨੀਅਰ ਪੁਲੀਸ ਅਧਿਕਾਰੀ ਖ਼ਿਲਾਫ਼ ਲਾਏ ਗਏ ਦੋਸ਼ਾਂ ਦੀ ਸਥਿਤੀ ਕੌਣ ਸਪੱਸ਼ਟ ਕਰੇਗਾ? ਜ਼ਿਕਰਯੋਗ ਹੈ ਕਿ ਕਾਂਗਰਸ ਵਿਧਾਇਕ ਨੇ ਪਿਛਲੇ ਦਿਨੀਂ ਪੰਚਾਂ ਅਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਫਿਰੋਜ਼ਪੁਰ ਰੇਂਜ ਦੇ ਆਈਜੀ ’ਤੇ ਦੋਸ਼ ਲਾਉਂਦਿਆਂ ਸਮਾਗਮ ਦਾ ਬਾਈਕਾਟ ਕਰ ਦਿੱਤਾ ਸੀ।
ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਬਤ ਵਿਚਾਰ ਵਟਾਂਦਰਾ ਕੀਤਾ ਜਿਸ ਮਗਰੋਂ ਜ਼ੀਰਾ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਸੁਣਾਇਆ ਗਿਆ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਜ਼ੀਰਾ ਨੂੰ ਇਹ ਮਾਮਲਾ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ ਕੋਲ ਉਠਾਉਣਾ ਚਾਹੀਦਾ ਸੀ। ਜਨਤਕ ਸਮਾਗਮ ਵਿਚ ਮੁੱਦਾ ਉਠਾ ਕੇ ਉਸ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਨਹੀਂ ਕਰਨਾ ਚਾਹੀਦਾ ਸੀ। ਉਨ੍ਹਾਂ ਮੁਤਾਬਕ ਇਸ ਨਾਲ ਪਾਰਟੀ ਅਤੇ ਸਰਕਾਰ ਦੇ ਅਕਸ ’ਤੇ ਮਾੜਾ ਅਸਰ ਪਿਆ ਹੈ। ਪਿਛਲੇ ਸਾਲ ਸੀਨੀਅਰ ਕਾਂਗਰਸ ਵਿਧਾਇਕ ਸੁਰਜੀਤ ਧੀਮਾਨ ਅਤੇ ਕੈਬਨਿਟ ਮੰਤਰੀ ਵਿਰੁੱਧ ਵੀ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸਨ ਪਰ ਪਾਰਟੀ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸੀ। ਇਹ ਪਤਾ ਲੱਗਾ ਹੈ ਕਿ ਜ਼ੀਰਾ ਦੀ ਮੁਅੱਤਲੀ ਤੋਂ ਬਾਅਦ ਵਿਧਾਇਕ ਦੀ ਸਹਿਮਤੀ ਤੋਂ ਬਿਨਾਂ ਜ਼ੀਰਾ ਹਲਕੇ ਵਿਚ ਬਲਾਕ ਸਮਿਤੀਆਂ ਦੇ ਕੰਮਕਾਜ ਨੂੰ ਚਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਕੁਲਬੀਰ ਜ਼ੀਰਾ ਵਿਰੁੱਧ ਕਾਰਵਾਈ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਕੀਤੀ ਗਈ ਹੈ ਅਤੇ ਪਾਰਟੀ ਨੂੰ ਖ਼ਦਸ਼ਾ ਸੀ ਕਿ ਹੋਰ ਆਗੂ ਵੀ ਜਨਤਕ ਤੌਰ ’ਤੇ ਆਪਣੇ ਗਿਲੇ-ਸ਼ਿਕਵਿਆਂ ਨੂੰ ਉਠਾ ਸਕਦੇ ਹਨ। ਕਾਂਗਰਸ ਵਰਕਰਾਂ ਅਤੇ ਵਿਧਾਇਕਾਂ ’ਚ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਾਰਾਜ਼ਗੀ ਹੈ।
ਪੁਲੀਸ ਦੇ ਦਬਾਅ ਹੇਠ ਮੁਅੱਤਲ ਕੀਤਾ: ਜ਼ੀਰਾ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਾਰਟੀ ’ਚੋਂ ਮੁਅੱਤਲੀ ਮਗਰੋਂ ਕਿਹਾ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਹਨ ਅਤੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਥਿਤ ਤੌਰ ’ਤੇ ਪੁਲੀਸ ਦੇ ਦਬਾਅ ਹੇਠ ਅਜਿਹਾ ਕਦਮ ਚੁੱਕਿਆ ਹੈ।

ਫਾਕੇ ਕੱਟ ਰਹੇ ਅਮਰੀਕੀਆਂ ਲਈ ਸਿੱਖਾਂ ਨੇ ਲਾਇਆ ਲੰਗਰ

ਹਿਊਸਟਨ-ਟੈਕਸਸ ਦੇ ਸਾਂ ਅੰਤੋਨੀਓ ਵਿੱਚ ਰਹਿੰਦੇ ਸਿੱਖ ਭਾਈਚਾਰੇ ਨੇ ਇਕ ਨਿਵੇਕਲੇ ਉੱਦਮ ਤਹਿਤ ਲੰਗਰ ਲਗਾ ਕੇ ਤਿੰਨ ਦਿਨ ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਦਾ ਢਿੱਡ ਭਰਿਆ। ਇਹ ਸੈਂਕੜੇ ਮੁਲਾਜ਼ਮ, ਅਮਰੀਕੀ ਸਦਰ ਡੋਨਲਡ ਟਰੰਪ ਦੀ ‘ਕੰਧ ਦੀ ਅੜੀ’ ਨੂੰ ਲੈ ਕੇ ਫੰਡਾਂ ਦੀ ਘਾਟ ਦੇ ਚੱਲਦਿਆਂ ਸਰਕਾਰ ਦੀ ਆਰਜ਼ੀ ਤਾਲਾਬੰਦੀ (ਸ਼ੱਟਡਾਊਨ) ਮਗਰੋਂ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਹਨ। ਪਿਛਲੇ ਤਿੰਨ ਹਫ਼ਤਿਆਂ ਤੋਂ ਜਾਰੀ ਆਰਜ਼ੀ ਤਾਲਾਬੰਦੀ ਕਰਕੇ ਅਹਿਮ ਵਿਭਾਗਾਂ ’ਚ ਕੰਮ ਕਰਦੇ ਅੱਠ ਲੱਖ ਤੋਂ ਵੱਧ ਸੰਘੀ ਮੁਲਾਜ਼ਮ ਕੰਮ ਛੱਡਣ ਲਈ ਮਜਬੂਰ ਹੋ ਗਏ ਹਨ।
ਜਾਣਕਾਰੀ ਅਨੁਸਾਰ ਸਿੱਖ ਭਾਈਚਾਰੇ ਨੇ ਬਿਨਾਂ ਤਨਖਾਹਾਂ ਤੋਂ ਕੰਮ ਕਰਨ ਲਈ ਮਜਬੂਰ ਸਾਰੇ ਸੰਘੀ ਮੁਲਾਜ਼ਮਾਂ ਜਾਂ ਆਰਜ਼ੀ ਤਾਲਾਬੰਦੀ ਕਰਕੇ ਫਰਲੋ ਮਾਰਨ ਵਾਲੇ ਮੁਲਾਜ਼ਮਾਂ ਦਾ ਲੰਗਰਾਂ ਰਾਹੀਂ ਢਿੱਡ ਭਰਿਆ। 11 ਜਨਵਰੀ ਤੋਂ ਤਿੰਨ ਦਿਨ ਲਈ ਲਾਏ ਲੰਗਰ ਵਿੱਚ ਸੱਜਰਾ ਤੇ ਗਰਮ ਸ਼ਾਕਾਹਾਰੀ ਖਾਣਾ ਵਰਤਾਇਆ ਗਿਆ। ਸਿੱਖ ਭਾਈਚਾਰੇ ਨੇ ਲੰਗਰ ਲਈ ਗੁਰਦੁਆਰੇ ਦੇ ਮੀਨੂ ਮੁਤਾਬਕ ਵਸਤਾਂ ਜਿਵੇਂ ਮਸਰਾਂ ਦੀ ਦਾਲ, ਸਬਜ਼ੀਆਂ, ਚੌਲ ਤੇ ਪ੍ਰਸ਼ਾਦੇ ਤਿਆਰ ਕੀਤੇ। ਸਾਂ ਅੰਤੋਨੀਓ ਦੇ ਗੁਰਦੁਆਰੇ ਦੇ ਪ੍ਰਧਾਨ ਬਲਵਿੰਦਰ ਢਿੱਲੋਂ ਨੇ ਕਿਹਾ, ‘ਸਿੱਖ ਭਾਈਚਾਰਾ ਉਨ੍ਹਾਂ ਸੰਘੀ ਮੁਲਾਜ਼ਮਾਂ ਦੇ ਨਾਲ ਡਟ ਕੇ ਖੜ੍ਹਾ ਹੈ, ਜਿਨ੍ਹਾਂ ਨੂੰ ਅਜੇ ਤਕ ਤਨਖਾਹਾਂ ਨਹੀਂ ਮਿਲੀਆਂ।’ ਸਾਂ ਅੰਤੋਨੀਓ ਦਾ ਸਿੱਖ ਸੈਂਟਰ ਸ਼ਹਿਰ ਦਾ ਸਭ ਤੋਂ ਪੁਰਾਣਾ ਗੁਰਦੁਆਰਾ ਹੈ, ਜੋ 2001 ਵਿੱਚ ਸਥਾਪਤ ਕੀਤਾ ਗਿਆ ਸੀ। ਗੁਰਦੁਆਰੇ ਵੱਲੋਂ ਨਵੇਂ ਪਰਵਾਸੀਆਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਖਾਣਾ, ਕੱਪੜੇ ਤੇ ਆਸਰਾ ਵੀ ਦਿੱਤਾ ਜਾਂਦਾ ਹੈ।

ਸ਼ੀਲਾ ਦੀ ਤਾਜਪੋਸ਼ੀ ਉੱਤੇ ’84 ਦੇ ਦੰਗਿਆਂ ਦਾ ਪਰਛਾਵਾਂ

ਨਵੀਂ ਦਿੱਲੀ-ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਇਥੇ ਪਾਰਟੀ ਵਰਕਰਾਂ ਤੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿੱਚ ਦਿੱਲੀ ਕਾਂਗਰਸ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਦੀਕਸ਼ਿਤ ਦੇ ਨਾਲ ਦੇਵੇਂਦਰ ਯਾਦਵ, ਹਾਰੂਨ ਯੂਸੁਫ਼ ਤੇ ਰਾਜੇਸ਼ ਲਿਲੋਥੀਆ ਨੇ ਵੀ ਤਿੰਨ ਨਵੇਂ ਕਾਰਜਕਾਰੀ ਮੁਖੀਆ ਵਜੋਂ ਚਾਰਜ ਲਿਆ। ਇਸ ਦੌਰਾਨ ਜਗਦੀਸ਼ ਟਾਈਟਲਰ, ਜੋ 1984 ਸਿੱਖ ਵਿਰੋਧੀ ਦੰਗਿਆਂ ’ਚ ਮੁਲਜ਼ਮ ਵਿੱਚ ਹੈ, ਦੀ ਮੌਜੂਦਗੀ ਨਾਲ ਸਮਾਗਮ ਵਿਵਾਦਾਂ ’ਚ ਘਿਰ ਗਿਆ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਮਾਗਮ ਦੌਰਾਨ ਟਾਈਟਲਰ ਨੂੰ ਮੂਹਰਲੀ ਸੀਟ ਦੇਣ ਪਿੱਛੇ ਕਾਂਗਰਸ ਦਾ ਮੁੱਖ ਆਸ਼ਾ ‘84 ਸਿੱਖ ਕਤਲੇਆਮ ਨਾਲ ਸਬੰਧਤ ਕੇਸਾਂ ’ਚ ਗਵਾਹਾਂ ਨੂੰ ਡਰਾਉਣਾ ਧਮਕਾਉਣਾ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਮਾਗਮ ਵਿੱਚ ਟਾਈਟਲਰ ਦੀ ਮੌਜੂਦਗੀ ਬਾਰੇ ਰਾਹੁਲ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਉਹੀ ਕਰ ਰਹੇ ਹਨ, ਜੋ ਉਨ੍ਹਾਂ ਦੇ ਪਰਿਵਾਰ ਨੇ ਕੀਤਾ।
ਇਸ ਤੋਂ ਪਹਿਲਾਂ ਸਥਾਨਕ ਰਾਜੀਵ ਭਵਨ ਸਥਿਤ ਕਾਂਗਰਸ ਦਫ਼ਤਰ ਵਿੱਚ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ। ਇਹ ਅਹੁਦਾ ਅਜੈ ਮਾਕਨ ਵੱਲੋਂ ਸਿਹਤ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਦਿੱਤੇ ਅਸਤੀਫ਼ੇ ਕਰਕੇ ਖਾਲੀ ਪਿਆ ਸੀ। ਸ੍ਰੀਮਤੀ ਦੀਕਸ਼ਿਤ ਨੇ ਕਿਹਾ ਕਿ ਉਹ ਦਿੱਲੀ ਵਿੱਚ ਪਾਰਟੀ ਨੂੰ ਨਵੀਂ ਬੁਲੰਦੀਆਂ ’ਤੇ ਲਿਜਾਣ ਦੀ ਕੋਸ਼ਿਸ਼ ਕਰਨਗੇ ਤੇ ਉਨ੍ਹਾਂ ਇਸ ਕਾਰਜ ਲਈ ਜ਼ਮੀਨੀ ਪੱਧਰ ’ਤੇ ਵਰਕਰਾਂ ਦੀ ਮਦਦ ਵੀ ਮੰਗੀ।
ਸਮਾਗਮ ਵਿੱਚ ਜਗਦੀਸ਼ ਟਾਈਟਲਰ ਦੀ ਮੌਜੂਦਗੀ ਤੋਂ ਖਫ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਟਾਈਟਲਰ ਨੂੰ ਕਾਂਗਰਸ ਵੱਲੋਂ ਮੰਚ ‘ਤੇ ਬਿਠਾਉਣ ਦਾ ਮਕਸਦ ਕਤਲੇਆਮ ਦੇ ਗਵਾਹਾਂ ਤੇ ਜਾਂਚ ਏਜੰਸੀਆਂ ਨੂੰ ਇਹ ਸਖ਼ਤ ਸੰਦੇਸ਼ ਦੇਣਾ ਹੈ ਕਿ ਕਾਂਗਰਸ ਹਾਈ ਕਮਾਂਡ ਜਗਦੀਸ਼ ਟਾਈਟਲਰ ਨਾਲ ਖੜ੍ਹੀ ਹੈ ਅਤੇ ਕੋਈ ਵੀ ਇਸ ਕਾਂਗਰਸੀ ਆਗੂ ਖ਼ਿਲਾਫ਼ ਗਵਾਹੀ ਦੇਣ ਦੀ ਜੁਰਅਤ ਨਾ ਕਰ ਸਕੇ। ਸੂਤਰਾਂ ਮੁਤਾਬਕ ਸਾਬਕਾ ਪ੍ਰਧਾਨ ਅਜੈ ਮਾਕਨ ਤੇ ਹੋਰ ਆਗੂਆਂ ਨੇ ਵੀ ਟਾਈਟਲਰ ਦੇ ਮੰਚ ਉਪਰ ਹਾਜ਼ਰ ਹੋਣ ਉਪਰ ਉਜਰ ਕੀਤਾ। ਸਮਾਗਮ ਦੌਰਾਨ ਜਦੋਂ ਟਾਈਟਲਰ ਤੋਂ ਸਿੱਖ ਕਤਲੇਆਮ ਬਾਰੇ ਪੁੱਛਿਆ ਗਿਆ ਤਾਂ ਉਹ ਆਪਣਾ ਨਾਂ ਆਉਣ ਤੋਂ ਭੜਕ ਗਏ। ਟਾਈਟਲਰ ਨੇ ਉਨ੍ਹਾਂ ਦੀ ਮੌਜੂਦਗੀ ਉਪਰ ਸਵਾਲ ਚੁੱਕਣ ਵਾਲਿਆਂ ਨੂੰ ਹੀ ਗ਼ਲਤ ਠਹਿਰਾਇਆ।
ਇਸ ਦੌਰਾਨ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਮਾਗਮ ’ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ ਨਾਲ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।

ਮੁੱਖ ਮੰਤਰੀ ਵਲੋਂ ‘ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ’ ਰਵਾਨਾ

ਚੰਡੀਗੜ੍ਹ – ਨਵਾਂ ਉੱਦਮ ਸ਼ੁਰੂ ਕਰਨ, ਸਵੈ-ਰੁਜ਼ਗਾਰ ਅਤੇ ਨਵੇਂ ਉਪਰਾਲੇ ਵਿੱਢਣ ਸਬੰਧੀ ਸੂਬਾ ਸਰਕਾਰ ਦੀ ਨੀਤੀ ਬਾਰੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਸਟਾਰਟ ਅੱਪ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਟਾਰਟ ਅੱਪ ਸੈੱਲ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਿਸ ਤਹਿਤ ਸਟਾਰਟ ਅੱਪ ਲਈ ਆਕਰਸ਼ਿਤ ਰਿਆਇਤਾਂ ਤੋਂ ਇਲਾਵਾ ਨਵੇਂ ਉੱਦਮਾਂ ਬਾਰੇ ਸਹੂਲਤਾਂ ਵਾਲਾ ਮਾਹੌਲ ਸਥਾਪਤ ਕਰਨ ਲਈ ਪੇਸ਼ਕਸ਼ ਕੀਤੀ ਜਾਂਦੀ ਹੈ। ਅੱਜ ਇੱਥੇ ਪੰਜਾਬ ਭਵਨ ਵਿਖੇ ਯਾਤਰਾ ਨੂੰ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਯਾਤਰਾ ਨੌਜਵਾਨਾਂ ਨੂੰ ਸੈਵ-ਰੁਜ਼ਗਾਰ ਦੇ ਉੱਦਮ ਪ੍ਰਤੀ ਉਤਸ਼ਾਹਤ ਕਰੇਗੀ ਜੋ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਹਾਸਲ ਕਰਨ ਵਿਚ ਸਹਾਈ ਹੋਵੇਗੀ।
ਉਦਯੋਗ ਤੇ ਵਪਾਰ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਸੂਬਾ ਸਰਕਾਰ ਨੇ ਭਾਰਤ ਸਰਕਾਰ ਦੀ ਭਾਈਵਾਲੀ ਨਾਲ ਸੂਬਾ ਭਰ ਵਿਚ ਸਟਾਰਟ ਅੱਪ ਇੰਡੀਆ ਪੰਜਾਬ ਯਾਤਰਾ ਚਲਾਉਣ ਦਾ ਉਪਰਾਲਾ ਕੀਤਾ ਹੈ ਜਿਸ ਨਾਲ ਚਾਹਵਾਨ ਨੌਜਵਾਨਾਂ ਅਤੇ ਜ਼ਮੀਨੀ ਪੱਧਰ ‘ਤੇ ਖਾਸ ਕਰਕੇ ਦੂਜੀ ਤੇ ਤੀਜੀ ਕਤਾਰ ਦੇ ਸ਼ਹਿਰਾਂ ਦੇ ਉੱਦਮੀਆਂ ਦਰਮਿਆਨ ਸਟਾਰਟ ਅੱਪ ਈਕੋ-ਸਿਸਟਮ ਅਤੇ ਸਕਾਊਟ ਬਾਰੇ ਜਾਗਰੂਕਤਾ ਫੈਲਾਈ ਜਾ ਸਕੇਗੀ।
ਉਨ੍ਹਾਂ ਦੱਸਿਆ ਕਿ ਇਹ ਸਟਾਰਟ ਅੱਪ ਯਾਤਰਾ ਸਰਕਾਰੀ ਨੀਤੀਆਂ ਅਤੇ ਰਿਆਇਤਾਂ ਬਾਰੇ ਜਾਗਰੂਕ ਕਰਨ ਦਾ ਮੰਚ ਮੁਹੱਈਆ ਕਰਵਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਅਪਣੇ ਨਿਵੇਕਲੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦਾ ਮੌਕਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੇ ਪੰਜਾਬ ਭਰ ਵਿਚ 25000 ਤੋਂ ਵੱਧ ਵਿਦਿਆਰਥੀਆਂ ਤੱਕ ਪਹੁੰਚ ਕਰਨ ਦੀ ਆਸ ਹੈ। ਨਿਵੇਸ਼ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਦੱਸਿਆ ਕਿ ਇਸ ਦਾ ਉਦੇਸ਼ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ, ਸਵੈ-ਰੁਜ਼ਗਾਰ ਸਿਰਜਣਾ, ਉੱਦਮੀਆਂ ਦੇ ਹੁਨਰ ਨੂੰ ਤਰਾਸ਼ਣ ਅਤੇ ਉਨ੍ਹਾਂ ਪੇਸ਼ੇਵਾਰ ਦੇਖ-ਰੇਖ ਵਿਚ ਅਪਣੇ ਯੂਨਿਟ ਸਥਾਪਤ ਕਰਨ ਲਈ ਸਹਾਇਤਾ ਪ੍ਰਦਾਨ ਕਰਨਾ ਹੈ। ਬੁਲਾਰੇ ਨੇ ਦੱਸਿਆ ਕਿ ਸਟਾਰਟ ਅੱਪ ਯਾਤਰਾ ਵਾਲੀ ਵੈਨ 19 ਥਾਵਾਂ ‘ਤੇ ਰੁਕੇਗੀ ਅਤੇ ਸੂਬੇ ਵਿਚ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿਖੇ ਇਸ ਦੇ ਕਲੱਸਟਰ ਦੇ ਰੂਪ ਵਿਚ 9 ਕੈਂਪ ਹੋਣਗੇ। ਸਟਾਰਟ ਅੱਪ ਯਾਤਰਾ ਵੈਨ ਰਾਜਪੁਰਾ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ, ਫਰੀਦਕੋਟ, ਮੋਗਾ, ਸਰਹਾਲੀ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਫਗਵਾੜਾ, ਲੁਧਿਆਣਾ, ਬਲਾਚੌਰ, ਰੋਪੜ, ਟੰਗੋਰੀ ਅਤੇ ਮੁਹਾਲੀ ਵਿਖੇ ਰੁਕੇਗੀ।
ਪਟਿਆਲਾ, ਸੰਗਰੂਰ, ਬਠਿੰਡਾ, ਅੰਮ੍ਰਿਤਸਰ, ਕਪੂਰਥਲਾ, ਫਗਵਾੜਾ, ਲੁਧਿਆਣਾ, ਰੋਪੜ ਅਤੇ ਮੁਹਾਲੀ ਵਿਖੇ ਇਨ੍ਹਾਂ ਕੈਂਪਾਂ ਵਿਚ ਸ਼ਾਮਲ ਹੋਣ ਲਈ ਚਾਹਵਾਨ ਵਿਦਿਆਰਥੀ/ਨਵੇਂ ਉੱਦਮੀ ਰਜਿਸਟਰਡ ਹੋਣਗੇ ਜਿੱਥੇ ਉਨ੍ਹਾਂ ਨੂੰ ਨਵਾਂ ਉੱਦਮ ਸ਼ੁਰੂ ਕਰਨ ਲਈ ਲੋੜੀਂਦੀ ਜਾਣਕਾਰੀ ਦਿਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ 6 ਫਰਵਰੀ ਨੂੰ ਇਸ ਦੀ ਸਮਾਪਤੀ ਹੋਵੇਗੀ ਜਿਸ ਤੋਂ ਪਹਿਲਾਂ 5 ਫਰਵਰੀ ਨੂੰ ਮੁਹਾਲੀ ਵਿਖੇ ਇਕ ਪ੍ਰੋਗਰਾਮ ਹੋਵੇਗਾ ਜਿੱਥੇ ਇਨ੍ਹਾਂ ਕੈਂਪਾਂ ਵਿਚ ਸਾਹਮਣੇ ਆਏ ਵਿਚਾਰਾਂ ਦੀ ਚੋਣ ਕੀਤੀ ਜਾਵੇਗੀ।
ਤਿੰਨ ਮੋਹਰੀ ਚਾਹਵਾਨਾਂ ਜਿਨ੍ਹਾਂ ਦੇ ਸੋਸ਼ਲ, ਆਈ.ਟੀ., ਡਿਜੀਟਲ ਮਾਰਕੀਟਿੰਗ ਅਤੇ ਈ-ਕਾਮਰਸ, ਹੈਲਥ ਐਂਡ ਵੈਲਨੈੱਸ, ਐਗਰੀਕਲਚਰ ਅਤੇ ਮੈਨੂਫੈਕਚਰਿੰਗ ਦੇ ਪੰਜ ਸੈਕਟਰਾਂ ਵਿਚੋਂ ਬਿਹਤਰੀਨ ਸਟਾਰਟ ਅੱਪ ਵਿਚਾਰ ਹੋਣਗੇ, ਨੂੰ ਕ੍ਰਮਵਾਰ 40 ਹਜ਼ਾਰ, 30 ਹਜ਼ਾਰ ਅਤੇ 20 ਹਜ਼ਾਰ ਦੇ ਨਕਦ ਇਨਾਮ ਦਿਤੇ ਜਾਣਗੇ। ਬੁਲਾਰੇ ਨੇ ਦੱਸਿਆ ਕਿ ਚੁਣੇ ਗਏ ਸਰਵਤੋਮ ਵਿਚਾਰਾਂ ਵਾਲਿਆਂ ਨੂੰ ਨਵੇਂ ਉੱਦਮਾਂ ਬਾਰੇ ਸਹੂਲਤਾਂ ਵਾਲਾ ਮਾਹੌਲ ਸਥਾਪਤ ਕਰਨ ਲਈ ਥਾਂ ਦਿਤੀ ਜਾਵੇਗੀ।
ਇਸ ਮੌਕੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ, ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ, ਲੋਕ ਨਿਰਮਾਣ ਵਿਭਾਗ ਵਿਜੇ ਇੰਦਰ ਸਿੰਗਲਾ ਤੋਂ ਇਲਾਵਾ ਡਾਇਰੈਕਟਰ ਉਦਯੋਗ ਤੇ ਵਪਾਰ ਡੀ.ਪੀ.ਐਸ. ਖਰਬੰਦਾ ਅਤੇ ਕਾਰਜਕਾਰੀ ਡਾਇਰੈਕਟਰ ਇਨਫੋਟੈੱਕ ਆਸ਼ੂਨੀਤ ਕੌਰ ਹਾਜ਼ਰ ਸਨ।

ਭਾਖੜਾ ’ਚ ਕਾਰ ਡਿੱਗੀ; ਤਿੰਨ ਨੌਜਵਾਨਾਂ ਦੀ ਮੌਤ

ਕੀਰਤਪੁਰ ਸਾਹਿਬ-ਪਿੰਡ ਫਤਿਹਪੁਰ ਬੁੰਗਾ ਨਜ਼ਦੀਕ ਬੇਕਾਬੂ ਹੋਈ ਮਾਰੂਤੀ ਕਾਰ ਦੇ ਭਾਖੜਾ ਨਹਿਰ ਵਿਚ ਡਿੱਗ ਜਾਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਥਾਣਾ ਕੀਰਤਪੁਰ ਸਾਹਿਬ ਪੁਲੀਸ ਨੇ ਗੋਤਾਖੋਰਾਂ ਦੀ ਮੱਦਦ ਨਾਲ ਅੱਜ ਸਵੇਰੇ 11 ਵਜੇ ਦੇ ਕਰੀਬ ਕਾਰ ਅਤੇ ਲਾਸ਼ਾਂ ਨਹਿਰ ’ਚੋਂ ਬਾਹਰ ਕੱਢ ਲਈਆਂ।
ਮ੍ਰਿਤਕਾਂ ਦੀ ਪਛਾਣ ਪਿੰਡ ਅਟਾਰੀ ਥਾਣਾ ਕੀਰਤਪੁਰ ਸਾਹਿਬ ਦੇ ਜੀਵਨ ਕੁਮਾਰ (18), ਪ੍ਰਦੀਪ ਕੁਮਾਰ (21 ) ਅਤੇ ਅਮਰੀਕ ਸਿੰਘ (19) ਵਜੋਂ ਹੋਈ ਹੈ। ਇਹ ਨੌਜਵਾਨ ਬੀਤੀ ਰਾਤ ਜੀਵਨ ਕੁਮਾਰ ਦੀ ਮਾਰੂਤੀ ਕਾਰ ਵਿਚ ਸਵਾਰ ਹੋ ਕੇ ਪਿੰਡ ਹਰਦੋਨਿਮੋਹ ਵਿਖੇ ਛਿੰਜ ਵੇਖਣ ਮਗਰੋਂ ਘਰ ਪਰਤ ਰਹੇ ਸਨ। ਭਾਖੜਾ ਨਹਿਰ ਦੀ ਪਟੜੀ ਦੇ ਰਸਤੇ ’ਤੇ ਜਦੋਂ ਉਹ ਕਾਰ ’ਚ ਜਾ ਰਹੇ ਸਨ ਤਾਂ ਪਿੰਡ ਫਤਿਹਪੁਰ ਬੁੰਗਾ ਦੀ ਹੱਦਬਸਤ ਵਿਚ ਕਾਰ ਅੱਗੇ ਅਚਾਨਕ ਆਵਾਰਾ ਪਸ਼ੂ ਆ ਗਿਆ। ਉਸ ਨੂੰ ਬਚਾਉਂਦੇ ਹੋਏ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਵਿਚ ਜਾ ਡਿੱਗੀ। ਪਿੰਡ ਅਟਾਰੀ ਦੇ ਸਮਾਜ ਸੇਵੀ ਸੁਰਿੰਦਰ ਭੱਲਾ ਨੇ ਦੱਸਿਆ ਕਿ ਰਾਤ ਸਮੇਂ ਹਾਦਸੇ ਦਾ ਪਤਾ ਲੱਗਣ ’ਤੇ ਉਨ੍ਹਾਂ ਪੁਲੀਸ ਨੂੰ ਸੂਚਨਾ ਦੇ ਦਿੱਤੀ ਸੀ। ਜਾਣਕਾਰੀ ਮੁਤਾਬਕ ਤਿੰਨੋਂ ਨੌਜਵਾਨ ਗਰੀਬ ਘਰਾਂ ਦੇ ਸਨ। ਇਨ੍ਹਾਂ ਵਿਚੋਂ ਜੀਵਨ ਕੁਮਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਿਚ 12ਵੀਂ ਕਾਲਸ ਦਾ ਵਿਦਿਆਰਥੀ ਸੀ ਜਦਕਿ ਅਮਰੀਕ ਸਿੰਘ ਨੰਗਲ ਵਿਖੇ ਆਈਟੀਆਈ ਕਰਦਾ ਸੀ ਤੇ ਘਰ ਵਿਚ ਸਭ ਤੋਂ ਛੋਟਾ ਸੀ ਅਤੇ ਪ੍ਰਦੀਪ ਕੁਮਾਰ ਹਿਮਾਚਲ ਪ੍ਰਦੇਸ਼ ਵਿਚ ਕਿਸੇ ਫੈਕਟਰੀ ਵਿਚ ਕੰਮ ਕਰਦਾ ਸੀ।
ਹਾਦਸੇ ਵਾਲੀ ਥਾਂ ’ਤੇ ਦਰਜਨਾਂ ਪਿੰਡਾਂ ਦੇ ਲੋਕ ਭਾਰੀ ਗਿਣਤੀ ਵਿੱਚ ਜਮ੍ਹਾਂ ਹੋ ਗਏ ਜਿਥੇ ਅੱਜ ਕਰੇਨ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਭਾਖੜਾ ਨਹਿਰ ਵਿਚੋਂ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਦੇ ਸ਼ੀਸ਼ੇ ਬੰਦ ਹੋਣ ਕਾਰਨ ਨੌਜਵਾਨਾਂ ਦੀਆਂ ਲਾਸ਼ਾਂ ਅੰਦਰ ਹੀ ਮਿਲੀਆਂ।
ਥਾਣਾ ਕੀਰਤਪੁਰ ਸਾਹਿਬ ਦੇ ਐਸਐਚਓ ਸੰਨੀ ਖੰਨਾ ਅਤੇ ਜਾਂਚ ਅਧਿਕਾਰੀ ਏਐਸਆਈ ਸੋਹਣ ਸਿੰਘ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਕਰਤਾਰਪੁਰ ਗੁਰਦੁਆਰੇ ਦੇ ਇਕ ਕਿਲੋਮੀਟਰ ਦਾਇਰੇ ‘ਚ ਹੋਟਲ, ਹੋਰ ਕਾਰਜਾਂ ਦੀ ਨਾ ਦਿਤੀ ਜਾਵੇ ਮਨਜ਼ੂਰੀ:ਸਿੱਧੂ

ਬਰਨਾਲਾ-ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਕਿਹਾ ਕਿ ਇਕ ਕਿਲੋਮੀਟਰ ਦੇ ਨੇੜੇ ਤੇੜ ਕਿਸੇ ਵੀ ਤਰ੍ਹਾਂ ਦੇ ਹੋਟਲ ਜਾਂ ਹੋਰ ਵਿਕਾਸ ਨੂੰ ਮਨਜ਼ੂਰੀ ਨਹੀਂ ਦੇਣ ਨੂੰ ਲੈ ਕੇ ਉਹ ਭਾਰਤ-ਪਾਕਿ ਸਰਕਾਰ ਨੂੰ ਪੱਤਰ ਲਿਖਣ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਲਾਂਘੇ ਨੂੰ ਲੈ ਕੇ ਜ਼ਮੀਨ ਐਕਵਾਇਰ ਕਰਨ ਅਤੇ ਹੋਰ ਸਾਰੇ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈ ਕੇ ਕੰਮ ਲੜਾਈ ਪੱਧਰ ‘ਤੇ ਸ਼ੁਰੂ ਕਰਵਾ ਦਿਤਾ ਜਾਵੇਗਾ।
ਉਹ ਮੰਗਲਵਾਰ ਨੂੰ ਬਰਨਾਲਾ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਉਪ-ਪ੍ਰਧਾਨ ਕੇਵਲ ਢਿੱਲੋਂ ਦੀ ਰਿਹਾਇਸ਼ ‘ਤੇ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਜਿਸ ਧਰਤੀ ‘ਤੇ ਬਾਬਾ ਨਾਨਕ ਨੇ ਹੱਲ ਵਾਹਿਆ, ਉਸ ਧਰਤੀ ਨੂੰ ਬਾਬੇ ਦੇ ਪਿੰਡ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇਗਾ। ਅਗਲੀ ਲੋਕਸਭਾ ਚੋਣ ‘ਚ ਅਮ੍ਰਿਤਸਰ ਤੋਂ ਕੌਣ ਚੋਣ ਲੜੇਗਾ ਦੇ ਸਵਾਲ ‘ਤੇ ਕੈਬਿਨੇਟ ਮੰਤਰੀ ਸਿੱਧੂ ਨੇ ਕਿਹਾ ਕਿ ਅਮ੍ਰਿਤਸਰ ਸੀਟ ‘ਤੇ ਉਹ ਚੋਣ ਲੜਾਂਗੇ ਜਾਂ ਫਿਰ ਨਵਜੋਤ ਕੌਰ ਸਿੱਧੂ, ਇਸ ਦੇ ਬਾਰੇ ਉਹ ਹੁਣੇ ਕੁੱਝ ਨਹੀਂ ਕਹਿਣਗੇ, ਹਾਈਕਮਾਨ ਦਾ ਜੋ ਆਦੇਸ਼ ਹੋਵੇਗਾ, ਉਹ ਸਿਰ-ਮੱਥੇ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਹਾਈਕਮਾਨ ਰਾਹੁਲ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਹੀ ਕੰਮ ਕਰਦੇ ਹੈ। ਰਾਹੁਲ ਗਾਂਧੀ ਦੇ ਆਦੇਸ਼ਾਂ ‘ਤੇ ਉਹ ਕੇਵਲ ਪੰਜਾਬ ‘ਚ ਹੀ ਨਹੀਂ ਬਲਿਕ ਪੂਰੇ ਦੇਸ਼ ‘ਚ ਚੋਣ ਪ੍ਰਚਾਰ ਕਰਨਗੇ। ਫਿਰੋਜ਼ਪੁਰ ਦੇ ਕਾਂਗਰਸੀ ਵਿਧਾਇਕ ਵਲੋਂ ਕਾਂਗਰਸ ਸਰਕਾਰ ਖਿਲਾਫ ਖੋਲ੍ਹੇ ਮੋਰਚੇ ‘ਤੇ ਸਿੱਧੂ ਨੇ ਕਿਹਾ ਕਿ ਇਹ ਸਾਡੇ ਘਰ ਦਾ ਮਾਮਲਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਸੀ ਸਾਰੇ ਬੰਦ ਕਮਰੇ ‘ਚ ਮਸਲੇ ਨੂੰ ਸੁਲਝਾਵਾਂਗੇ।
ਵਿਰੋਧੀ ਮਸਲੇ ਨੂੰ ਤੂਲ ਦੇ ਰਹੇ ਹਨ, ਪਰਵਾਰ ‘ਚ ਅਜਿਹੇ ਛੋਟੇ- ਮੋਟੇ ਝਗੜੇ ਚਲਦੇ ਹਨ। ਬਰਨਾਲੇ ਦੇ ਹਲਕੇ ਭਦੌੜ ਦੇ ਕਾਂਗਰਸ ਦੇ ਹਲਕੇ ਇਨਚਾਰਜ ਅਤੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਇਯਾਂ ਦੁਆਰਾ ਕਾਂਗਰਸ ਛੱਡ ਕੇ ਅਕਾਲੀ ਦਲ ‘ਚ ਸ਼ਾਮਿਲ ਹੋਣ ਸਬੰਧੀ ਸਿੱਧੂ ਨੇ ਕਿਹਾ ਕਿ ਕਾਂਗਰਸ ਸਾਰੇ ਨੇਤਾਵਾਂ ਅਤੇ ਵਰਕਰਾਂ ਦਾ ਸਨਮਾਨ ਕਰਦੀ ਹੈ। ਫਿਰ ਵੀ ਜੇਕਰ ਕਿਸੇ ਦੇ ਮਨ ‘ਚ ਕੋਈ ਮਨ ਮੁਟਾਅ ਹੁੰਦਾ ਹੈ ਤਾਂ ਉਹ ਮਿਲ ਕੇ ਦੂਰ ਕਰ ਸੱਕਦੇ ਹਨ।
ਇਸ ਮੌਕੇ ‘ਤੇ ਸਿਰਫ ਸਿੰਘ ਢਿੱਲੋਂ, ਕਰਨ ਢਿੱਲੋਂ, ਸਾਬਕਾ ਜਿਲਾ ਪ੍ਰਧਾਨ ਮੱਖਨ ਸ਼ਰਮਾ, ਯੂਥ ਪ੍ਰਧਾਨ ਡਿੰਪਲ ਉੱਪਲੀ, ਮਹਿਲਾ ਵਿੰਗ ਦੀ ਜਿਲਾ ਅਧਿਕਾਰੀ ਸੁਖਜੀਤ ਕੌਰ ਸੁੱਖੀ ਆਦਿ ਕਾਰਜਕਰਤਾ ਮੌਜੂਦ ਸਨ।

ਮੈਂ ਸਰਕਾਰੀ ਧਨ ਦੀ ਲੁੱਟ ਰੋਕੀ ਤਾਂ ਮੈਨੂੰ ਹਟਾਉਣ ਦੀ ਸਾਜ਼ਸ਼ ਰਚੀ ਗਈ : ਮੋਦੀ

ਬਲਾਂਗੀਰ (ਉੜੀਸਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਦੀਆਂ ਪਿਛਲੀਆਂ ਸਰਕਾਰਾਂ ‘ਤੇ ‘ਸਲਤਨਤ’ ਵਾਂਗ ਸ਼ਾਸਨ ਕਰਨ ਅਤੇ ਦੇਸ਼ ਦੀ ਖ਼ੁਸ਼ਹਾਲ ਵਿਰਾਸਤ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਇਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰੀ ਧਨ ਦੀ ਲੁੱਟ ਰੋਕ ਦਿਤੀ ਤਾਂ ਮੈਨੂੰ ਹਟਾਉਣ ਦੀ ਸਾਜ਼ਸ਼ ਕੀਤੀ ਗਈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੇਸ਼ ਦੀ ਖ਼ੁਸ਼ਹਾਲ ਵਿਰਾਸਤ ਨੂੰ ਸਾਂਭਣ ਲਈ ਹੀ ਨਹੀਂ ਸਗੋਂ ਪੁਰਾਣੀ ਪਛਾਣ ਨੂੰ ਆਧੁਨਿਕਤਾ ਨਾਲ ਜੋੜਨ ਲਈ ਵੀ ਪ੍ਰਤੀਬੱਧ ਹੈ।
ਮੋਦੀ ਨੇ ਪਛਮੀ ਏਸ਼ੀਆ ਵਿਚ ਪੈਂਦੇ ਬਲਾਂਗੀਰ ਵਿਚ ਭਾਜਪਾ ਦੀ ਰੈਲੀ ਵਿਚ ਕਿਹਾ, ‘ਪਿਛਲੀਆਂ ਸਰਕਾਰਾਂ ਨੇ ਸਲਤਨਤਾਂ ਵਾਂਗ ਸ਼ਾਸਨ ਕੀਤਾ ਅਤੇ ਅਸੀ ਖ਼ੁਸ਼ਹਾਲ ਵਿਰਾਸਤ ਦੀ ਉਮੀਦ ਕੀਤੀ। ਉਨ੍ਹਾਂ ਸਾਡੀ ਮਾਣਮੱਤੀ ਸਭਿਅਤਾ ਦੀ ਅਣਦੇਖੀ ਕੀਤੀ ਅਤੇ ਉਸ ਦੀ ਰਾਖੀ ਵਲ ਧਿਆਨ ਨਹੀਂ ਦਿਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਭਾਰਤ ਦੀ ਪੁਰਾਣੀ ਸੰਪਤੀ ਹੈ ਪਰ ਕੁੱਝ ਲੋਕ ਇਸ ਨੂੰ ਸਮਝੇ ਬਿਨਾਂ ਹੀ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਕੀਮਤੀ ਪ੍ਰਾਚੀਨ ਕਲਾਕ੍ਰਿਤੀਆਂ ਅਤੇ ਮੂਰਤੀਆਂ ਚੋਰੀ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਲਿਜਾਇਆ ਗਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੀਮਤੀ ਸੰਪਤੀ ਵਿਦੇਸ਼ ਤੋਂ ਵਾਪਸ ਲਿਆਉਣ ਲਈ ਠੋਸ ਕਦਮ ਚੁੱਕ ਰਹੀ ਹੈ। ਮੋਦੀ ਨੇ ਕਿਹਾ, ‘ਪਿਛਲੇ ਚਾਰ ਸਾਲਾਂ ਵਿਚ ਅਜਿਹੀਆਂ ਕਈ ਮੂਰਤੀਆਂ ਵਾਪਸ ਲਿਆਂਦੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਫ਼ਰਜ਼ੀ ਦਸਤਾਵੇਜ਼ਾਂ ਜ਼ਰੀਏ 90 ਹਜ਼ਾਰ ਕਰੋੜ ਰਪੁਏ ਦੀ ਲੁੱਟ ‘ਤੇ ਰੋਕ ਲਾ ਦਿਤੀ। ਮੋਦੀ ਨੇ ਕਿਹਾ ਕਿ ਚੌਕੀਦਾਰ ਸਰਕਾਰੀ ਧਨ ਲੁੱਟਣ ਵਾਲਿਆਂ ਨੂੰ ਸਜ਼ਾ ਦਿਵਾਉਣ ਮਗਰੋਂ ਹੀ ਆਰਾਮ ਕਰੇਗਾ।