Home / ਮੁੱਖ ਖਬਰਾਂ (page 27)

ਮੁੱਖ ਖਬਰਾਂ

ਮੋਦੀ ਵਲੋਂ 20 ਰੁਪਏ ਦਾ ਸਿੱਕਾ ਜਾਰੀ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿ੍ਸ਼ਟੀਹੀਣਾਂ ਲਈ ਵਿਸ਼ੇਸ਼ ਤੌਰ ‘ਤੇ ਬਣਾਏ ਸਿੱ ਕਿਆਂ ਦੀ ਨਵੀਂ ਸੀਰੀਜ਼ ਲਾਂਚ ਕੀਤੀ, ਜਿਸ ‘ਚ 1, 2, 5, 10 ਦੇ ਰਵਾਇਤੀ ਸਿੱ ਕਿਆਂ ਤੋਂ ਇਲਾਵਾ 20 ਰੁਪਏ ਦਾ ਨਵਾਂ ਸਿੱਕਾ ਵੀ ਸ਼ਾਮਿਲ ਹੈ | ਇਹ ਨਵੇਂ ਸਿੱਕੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 7, ਲੋਕ ਕਲਿਆਣ ਮਾਰਗ ਵਿਖੇ ਜਾਰੀ ਕੀਤੇ ਗਏ ਜੋ ਕਿ ਰਿਜ਼ਰਵ ਬੈਂਕ ਵਲੋਂ ਆਰ. ਬੀ. ਆਈ. ਕਾਨੂੰਨ ਦੇ ਤਹਿਤ ਜਾਰੀ ਕੀਤੇ ਜਾਣਗੇ | ਨਵੇਂ ਸਿੱ ਕਿਆਂ ਦੀ ਜਾਣਕਾਰੀ ਬਾਰੇ ਸਰਕਾਰੀ ਰਿਲੀਜ਼ ਮੁਤਾਬਿਕ ਇਨ੍ਹਾਂ ਸਿੱ ਕਿਆਂ ‘ਚ ਕਈ ਨਵੀਆਂ ਖ਼ਾਮੀਆਂ ਹਨ | ਜਿਥੇ ਬਾਕੀ ਸਾਰੇ ਸਿੱਕੇ ਗੋਲ ਹਨ ਉਥੇ ਨਵੇਂ ਜਾਰੀ ਕੀਤੇ ਗਏ 20 ਰੁਪਏ ਦਾ ਸਿੱਕਾ 12 ਕੋਨਿਆਂ ਵਾਲਾ ਹੋਵੇਗਾ | ਖ਼ਜ਼ਾਨਾ ਮੰਤਰਾਲੇ ਵਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਿਕ 20 ਰੁਪਏ ਦੇ ਸਿੱਕੇ ਦਾ ਬਾਹਰਲਾ ਘੇਰਾ 27 ਮਿਲੀਮੀਟਰ ਅਤੇ ਵਜ਼ਨ 8.45 ਗ੍ਰਾਮ ਹੋਵੇਗਾ | ਇਸ ਦੇ ਬਾਹਰਲੇ ਰਿੰਗ ‘ਚ 65 ਫ਼ੀਸਦੀ ਨਿਕਲ ਹੈ | ਜਦਕਿ ਅੰਦਰਲੇ ਰਿੰਗ ‘ਚ 75 ਫ਼ੀਸਦੀ ਤਾਂਬਾ, 20 ਫ਼ੀਸਦੀ ਜ਼ਿੰਕ ਅਤੇ 5 ਫ਼ੀਸਦੀ ਨਿਕਲ ਹੋਵੇਗਾ | ਪ੍ਰਧਾਨ ਮੰਤਰੀ ਵਲੋਂ ਇਹ ਸਿੱਕੇ ਜਨ-ਔਸ਼ਧੀ ਦਿਵਸ ਮੌਕੇ ਜਾਰੀ ਕੀਤੇ ਗਏ ਜਿਸ ਕਰਕੇ ਇਨ੍ਹਾਂ ਨੂੰ ‘ਦਿਵਯਾਂਗ ਹਿਤੈਸ਼ੀ’ ਕਰਾਰ ਦਿੱਤਾ ਗਿਆ | 20 ਰੁਪਏ ਦੇ ਸਿੱਕੇ ‘ਤੇ ਅਸ਼ੋਕ ਸਤੰਭ ਦੀ ਤਸਵੀਰ ਹੋਵੇਗੀ ਜਿਸ ‘ਤੇ ‘ਸਤਯਮੇਵ ਜਯਤੇ’ ਲਿਖਿਆ ਹੋਏਗਾ | ਸਿੱਕੇ ‘ਤੇ ਖੱਬੇ ਪਾਸੇ ਹਿੰਦੀ ‘ਚ ਭਾਰਤ ਅਤੇ ਸੱਜੇ ਪਾਸੇ ਅੰਗਰੇਜ਼ੀ ‘ਚ ‘ਇੰਡੀਆ’ ਲਿਖਿਆ ਹੋਵੇਗਾ | ਸਿੱਕੇ ‘ਤੇ ਅਨਾਜ ਦਾ ਨਿਸ਼ਾਨ ਹੋਵੇਗੀ ਜੋ ਦੇਸ਼ ‘ਚ ਖੇਤੀਬਾੜੀ ਦੀ ਮਜ਼ਬੂਤ ਸਥਿਤੀ ਵੱਲ ਇਸ਼ਾਰਾ ਕਰਦਾ ਹੈ |

ਸੋਨੀਆ ਰਾਏਬਰੇਲੀ ਤੇ ਰਾਹੁਲ ਅਮੇਠੀ ਤੋਂ ਲੜਨਗੇ ਚੋਣ

ਨਵੀਂ ਦਿੱਲੀ-ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਅਨੁਸਾਰ ਯੂ.ਪੀ.ਏ. ਦੀ ਮੁਖੀ ਸੋਨੀਆ ਗਾਂਧੀ ਨੂੰ ਰਾਏਬਰੇਲੀ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਰਾਹੁਲ ਗਾਂਧੀ ਦੀ ਅਗਵਾਈ ‘ਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਇੱਥੇ ਹੋਈ ਬੈਠਕ ‘ਚ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ, ਜਿਸ ‘ਚ ਉੱਤਰ ਪ੍ਰਦੇਸ਼ ਤੋਂ 11 ਅਤੇ ਗੁਜਰਾਤ ਤੋਂ 4 ਉਮੀਦਵਾਰਾਂ ਦੇ ਨਾਂਅ ਸ਼ਾਮਿਲ ਹਨ। ਸਾਬਕਾ ਕੇਂਦਰੀ ਮੰਤਰੀਆਂ ਸਲਮਾਨ ਖ਼ੁਰਸ਼ੀਦ, ਜਿਤਿਨ ਪ੍ਰਸਾਦ ਅਤੇ ਆਰ.ਪੀ.ਐਨ. ਸਿੰਘ ਨੂੰ ਆਪਣੇ-ਆਪਣੇ ਰਵਾਇਤੀ ਹਲਕਿਆਂ ਤੋਂ ਟਿਕਟ ਦਿੱਤੀ ਗਈ ਹੈ। ਖ਼ੁਰਸ਼ੀਦ ਫ਼ਾਰੂਖ਼ਾਬਾਦ, ਜਿਤਿਨ ਪ੍ਰਸਾਦ ਧੌਰਹਰਾ ਅਤੇ ਆਰ.ਪੀ.ਐਨ. ਸਿੰਘ ਕੁਸ਼ੀਨਗਰ ਤੋਂ ਚੋਣ ਲੜਨਗੇ। ਯੂ.ਪੀ. ਕਾਂਗਰਸ ਦੇ ਸਾਬਕਾ ਪ੍ਰਧਾਨ ਨਿਰਮਲ ਖ਼ਤਰੀ ਫ਼ੈਜ਼ਾਬਾਦ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪਾਰਟੀ ਨੇ ਸਹਾਰਨਪੁਰ ਤੋਂ ਇਮਰਾਨ ਮਸੂਦ, ਬਦਾਯੂੰ ਤੋਂ ਸਲੀਮ ਇਕਬਾਲ ਸ਼ੇਰਵਾਨੀ, ਊਨਾਓ ਤੋਂ ਅਨੂ ਟੰਡਨ, ਅਕਬਰਪੁਰ ਤੋਂ ਰਾਜਾਰਾਮ ਪਾਲ ਅਤੇ ਜਾਲੌਨ (ਐਸ.ਸੀ.) ਤੋਂ ਬ੍ਰਿਜ ਲਾਲ ਖ਼ਾਬਰੀ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਗੁਜਰਾਤ ਦੀ ਗੱਲ ਕਰੀਏ ਤਾਂ ਸੂਬੇ ‘ਚ ਪਾਰਟੀ ਦੇ ਸਾਬਕਾ ਪ੍ਰਧਾਨ ਭਰਤਸਿਨ ਸੋਲੰਕੀ ਨੂੰ ਆਨੰਦ ਹਲਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਅਹਿਮਦਾਬਾਦ ਪੱਛਮੀ (ਐਸ.ਸੀ.) ਤੋਂ ਰਾਜੂ ਪਰਮਾਰ, ਵਦੌਦਰਾ ਤੋਂ ਪ੍ਰਸ਼ਾਂਤ ਪਟੇਲ ਅਤੇ ਛੋਟਾ ਉਦੇਪੁਰ (ਐਸ.ਟੀ.) ਤੋਂ ਰਣਜੀਤ ਮੋਹਨਸਿਨ ਰਾਥਵਾ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸੋਨੀਆ ਗਾਂਧੀ 6ਵੀਂ ਵਾਰ ਜਦਕਿ ਰਾਹੁਲ ਗਾਂਧੀ ਚੌਥੀ ਵਾਰ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਦੱਸਣਯੋਗ ਹੈ ਕਿ 2014 ਲੋਕ ਸਭਾ ਚੋਣਾਂ ‘ਚ ਉੱਤਰ ਪ੍ਰਦੇਸ਼ ਦੀਆਂ ਕੁੱਲ 80 ਲੋਕ ਸਭਾ ਸੀਟਾਂ ‘ਚੋਂ ਕਾਂਗਰਸ ਨੂੰ ਕੇਵਲ 2 (ਅਮੇਠੀ ਤੇ ਰਾਏਬਰੇਲੀ) 2 ਸੀਟਾਂ ‘ਤੇ ਹੀ ਜਿੱਤ ਮਿਲੀ ਸੀ ਜਦਕਿ ਗੁਜਰਾਤ ‘ਚ 26 ਸੀਟਾਂ ‘ਚੋਂ ਪਾਰਟੀ ਦਾ ਖ਼ਾਤਾ ਵੀ ਨਹੀਂ ਖੁੱਲ੍ਹਾ ਸੀ।

ਜੰਮੂ ਬੱਸ ਅੱਡੇ ‘ਤੇ ਹੋਇਆ ਧਮਾਕਾ, ਕਈ ਲੋਕ ਜ਼ਖਮੀ

ਸ੍ਰੀਨਗਰ- ਜੰਮੂ ‘ਚ ਬੱਸ ਅੱਡੇ ‘ਤੇ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਇਸ ਹਮਲੇ ‘ਚ ਕਈ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਵੱਲੋਂ ਬੱਸ ਅੱਡੇ ਨੂੰ ਘੇਰ ਲਿਆ ਗਿਆ ਹੈ।

ਕਰਤਾਰਪੁਰ ਲਾਂਘੇ ਬਾਰੇ ਭਾਰਤ-ਪਾਕਿ ‘ਚ ਮੀਟਿੰਗ 14 ਨੂੰ ਅਟਾਰੀ-ਵਾਹਗਾ ਸਰਹੱਦ ‘ਤੇ ਹੋਵੇਗੀ

ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇਣ ਲਈ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦਰਮਿਆਨ ਮੀਟਿੰਗ 14 ਮਾਰਚ ਨੂੰ ਅਟਾਰੀ-ਵਾਹਗਾ ਵਿਖੇ ਹੋਵੇਗੀ | ਵਿਦੇਸ਼ ਮੰਤਰਾਲੇ ਨੇ ਅੱਗੇ ਦੱਸਿਆ ਕਿ ਇਹ ਬੈਠਕ ਸਰਹੱਦ ‘ਤੇ ਭਾਰਤ ਵਾਲੇ ਪਾਸੇ ਹੋਵੇਗੀ | ਨਵੀਂ ਦਿੱਲੀ ਨੇ ਇਸ ਦੇ ਨਾਲ ਹੀ ਇਸਲਾਮਾਬਾਦ ਕੋਲ ਇਹ ਵੀ ਪ੍ਰਸਤਾਵ ਕੀਤਾ ਹੈ ਕਿ ਹੋਣ ਵਾਲੀ ਇਸ ਬੈਠਕ ਤੋਂ ਵੱਖਰੇ ਤੌਰ ‘ਤੇ ਕੋਰੀਡੋਰ ਨੂੰ ਤਰਤੀਬ ਦੇਣ ਬਾਰੇ ਤਕਨੀਕੀ ਪੱਧਰ ਦੀ ਵਿਚਾਰ ਚਰਚਾ ਉਸੇ ਦਿਨ ਕੀਤੀ ਜਾਵੇ | ਦੋਵੇਂ ਦੇਸ਼ਾਂ ਦਰਮਿਆਨ ਕਰਤਾਰਪੁਰ ਲਾਂਘੇ ‘ਤੇ ਹੋਣ ਵਾਲੀ ਇਹ ਪਹਿਲੀ ਬੈਠਕ ਹੈ | ਮੰਗਲਵਾਰ ਨੂੰ ਪਾਕਿਸਤਾਨ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਸੀ ਕਿ ਉਨ੍ਹਾਂ ਦਾ ਇਕ ਵਫ਼ਦ 14 ਮਾਰਚ ਨੂੰ ਕਰਤਾਰਪੁਰ ਲਾਂਘੇ ‘ਤੇ ਗੱਲਬਾਤ ਕਰਨ ਲਈ ਭਾਰਤ ਜਾਵੇਗਾ | ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਜਾਰੀ ਇਕ ਬਿਆਨ ‘ਚ ਕਿਹਾ ਸੀ ਕਿ ਕਰਤਾਰਪੁਰ ਲਾਂਘੇ ‘ਤੇ ਮਸੌਦਾ ਸਮਝੌਤੇ ਬਾਰੇ ਗੱਲਬਾਤ ਕਰਨ ਲਈ 14 ਮਾਰਚ ਨੂੰ ਪਾਕਿਸਤਾਨੀ ਵਫਦ ਭਾਰਤ ਦੇ ਦੌਰੇ ‘ਤੇ ਜਾਵੇਗਾ ਅਤੇ ਭਾਰਤੀ ਵਫਦ 28 ਮਾਰਚ ਨੂੰ ਇਸਲਾਮਾਬਾਦ ਦੇ ਦੌਰੇ ‘ਤੇ ਆਵੇਗਾ | ਭਾਰਤੀ ਸਰਕਾਰ ਦੇ ਪ੍ਰਮੁੱਖ ਸੂਤਰਾਂ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਇਕ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਭਾਰਤ ਗੱਲਬਾਤ ਲਈ ਆਉਣ ਵਾਲੇ ਪਾਕਿਸਤਾਨੀ ਵਫਦ ਦਾ ਸਵਾਗਤ ਕਰੇਗਾ |

ਮੈਂ ਅਤਿਵਾਦ ਤੇ ਗਰੀਬੀ ਹਟਾ ਰਿਹਾਂ, ਵਿਰੋਧੀ ਮੈਨੂੰ ਹਟਾ ਰਹੇ ਨੇ: ਮੋਦੀ

ਕਲਬੁਰਗੀ (ਕਰਨਾਟਕ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਅਤਿਵਾਦ, ਗਰੀਬੀ ਅਤੇ ਭ੍ਰਿਸ਼ਟਾਚਾਰ ਹਟਾਉਣ ’ਤੇ ਲੱਗੇ ਹੋਏ ਹਨ ਜਦਕਿ ਵਿਰੋਧੀ ਧਿਰਾਂ ਉਨ੍ਹਾਂ ਨੂੰ ਹਟਾਉਣ ’ਤੇ ਲੱਗੀਆਂ ਹੋਈਆਂ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ’ਤੇ ਭਾਜਪਾ ਵਿਰੋਧੀ ਗੱਠਜੋੜ ਬਣਾ ਕੇ ‘ਮਤਲਬ ਦੀ ਰਾਜਨੀਤੀ’ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਿਰੋਧੀ ਧਿਰਾਂ ਦਾ ਏਜੰਡਾ ਕੇਵਲ ‘ਮੋਦੀ ਹਟਾਓ’ ਹੈ।
ਇੱਥੇ ਰੈਲੀ ਮੌਕੇ ਮੋਦੀ ਨੇ ਕਿਹਾ, ‘‘ਜਿਸ ਵਿਅਕਤੀ ਨਾਲ 125 ਕਰੋੜ ਲੋਕਾਂ ਦੀਆਂ ਦੁਆਵਾਂ ਹਨ …ਉਹ ਕਿਸੇ ਤੋਂ ਕਿਉਂ ਡਰੇ, ਚਾਹੇ ਹਿੰਦੁਸਤਾਨ ਹੋਵੇ, ਪਾਕਿਸਤਾਨ, ਚੋਰ ਜਾਂ ਬੇਈਮਾਨ। ਭਾਰਤ ਅਤੇ ਇਸ ਵਿੱਚ ਵਸਦੇ 125 ਕਰੋੜ ਲੋਕਾਂ ਨੇ ਇਹ ਤਾਕਤ ਦਿੱਤੀ ਹੈ।’’ ਭਾਰਤੀ ਹਵਾਈ ਸੈਨਾ ਵਲੋਂ 26 ਫਰਵਰੀ ਨੂੰ ਪਾਕਿਸਤਾਨ ਵਿੱਚ ਦਹਿਸ਼ਤੀ ਕੈਂਪ ’ਤੇ ਕੀਤੇ ਗਏ ਹਮਲੇ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ, ‘‘ਪੂਰੀ ਦੁਨੀਆਂ ਇੱਕ ਨਵੇਂ ਦਮ-ਖਮ ਨੂੰ ਦੇਖ ਰਹੀ ਹੈ। ਇਹ ਮੋਦੀ ਦਾ ਦਮ ਨਹੀਂ ਬਲਕਿ ਭਾਰਤ ਦੇ 125 ਕਰੋੜ ਲੋਕਾਂ ਦਾ ਹੌਸਲਾ ਹੈ।’’
ਵਿਰੋਧੀ ਧਿਰਾਂ ਦੇ ਗੱਠਜੋੜ ‘ਮਹਾਂਗੱਠਬੰਧਨ’ ਨੂੰ ‘ਮਹਾਂਮਿਲਾਵਟ’ ਦੱਸਦਿਆਂ ਮੋਦੀ ਨੇ ਕਿਹਾ ਕਿ ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ ਹੈ। ਉਨ੍ਹਾਂ ਕਰਨਾਟਕ ਦੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਪੂਰਨ ਬਹੁਮਤ ਵਾਲੀ ਸਰਕਾਰ ਚੁਣਨ ਦਾ ਸੱਦਾ ਦਿੰਦਿਆਂ ਕਿਹਾ ਕਿ ‘ਮਹਾਂਮਿਲਾਵਟ’ ਨਾਲ ਅੱਧ-ਅਧੂਰੇ ਨਤੀਜੇ ਹੀ ਮਿਲਣਗੇ।
ਉਨ੍ਹਾਂ ਦੋਸ਼ ਲਾਏ ਕਿ ਕਰਨਾਟਕ ਵਿੱਚ ‘ਬੇਵੱਸ’ ਸਰਕਾਰ ਹੈ ਅਤੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ‘ਰਿਮੋਟ-ਕੰਟਰੋਲ ਸੀਐੱਮ’ ਹਨ। ਸੂਬੇ ਵਿੱਚ ਕਾਂਗਰਸ ਅਤੇ ਜਨਤਾ ਦਲ (ਸੈਕੂਲਰ) ਭਾਈਵਾਲੀ ਦੀ ਸਰਕਾਰ ‘ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰ ਕੇ’ ਬਣੀ ਹੈ।
ਉਨ੍ਹਾਂ ਸੂਬਾ ਸਰਕਾਰ ’ਤੇ ਕਿਸਾਨਾਂ ਨਾਲ ਬੇਇਨਸਾਫੀ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਵਲੋਂ ‘ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ’ ਯੋਜਨਾ ਲਾਗੂ ਕਰਨ ਵਿੱਚ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦਾਅਵਾ ਕੀਤਾ ਕਿ ਉੱਤਰ-ਪੂਰਬ ਦਾ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ।

ਅਯੁੱਧਿਆ ਵਿਵਾਦ: ਸੁਪਰੀਮ ਕੋਰਟ ਨੇ ਫ਼ੈਸਲਾ ਰਾਖਵਾਂ ਰੱਖਿਆ, ਸਾਲਸਾਂ ਦੇ ਨਾਂਅ ਮੰਗੇ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਉੱਤੇ ਇਹ ਫੈਸਲਾ ਸੁਣਾਉਣਾ ਜਲਦੀ ਚਾਹੁੰਦਾ ਹੈ ਕਿ ਕੇਸ ਸਾਲਸੀ ਲਈ ਭੇਜਿਆ ਜਾਵੇ ਜਾਂ ਨਾ। ਇਸ ਦੇ ਨਾਲ ਹੀ ਸਬੰਧਤ ਧਿਰਾਂ ਨੂੰ ਸੰਭਾਵੀ ਸਾਲਸਾਂ ਦੇ ਨਾਂਅ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਢੁਕਵੇਂ ਹੱਲ ਉੱਤੇ ਪੁੱਜਿਆ ਜਾ ਸਕੇ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਿੱਚ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਸ ਨਾਲ ਸਬੰਧਤ ਧਿਰਾਂ ਨੂੰ ਕਿਹਾ ਹੈ ਕਿ ਫੈਸਲੇ ਵਾਲੇ ਦਿਨ ਉਹ ਸਾਲਸਾਂ ਦੇ ਨਾਂਅ ਤਜਵੀਜ਼ ਕਰਨ। ਇਸ ਬੈਂਚ ਵਿੱਚ ਜਸਟਿਸ ਐੱਸ ਏ ਬੋਬੜੇ, ਡੀਵਾਈ ਚੰਦਰਚੂੜ, ਅਸ਼ੋਕ ਭੂਸ਼ਨ ਅਤੇ ਐੱਸਏ ਨਜ਼ੀਰ ਹਾਜ਼ਰ ਹਨ। ਨਿਰਮੋਹੀ ਅਖਾੜੇ ਨੂੰ ਛੱਡ ਕੇ ਹਿੰਦੂ ਜਥੇਬੰਦੀਆਂ ਨੇ ਕੇਸ ਸਾਲਸੀ ਲਈ ਭੇਜਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਮੁਸਲਿਮ ਜਥੇਬੰਦੀਆਂ ਨੇ ਕੇਸ ਸਾਲਸੀ ਲਈ ਭੇਜੇ ਜਾਣ ਦੀ ਹਮਾਇਤ ਕੀਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੀ ਤਰਫੋਂ ਅਦਾਲਤ ਵਿੱਚ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੇਸ ਸਾਲਸੀ ਲਈ ਤਾਂ ਹੀ ਭੇਜਿਆ ਜਾਣਾ ਚਾਹੀਦਾ ਹੈ ਜੇ ਇਸ ਵਿੱਚ ਸਹਿਮਤੀ ਹੋਣ ਦੀ ਕੋਈ ਗੁੰਜਾਇਸ਼ ਨਜ਼ਰ ਆਉਂਦੀ ਹੋਵੇ। ਇਸ ਦੌਰਾਨ ਹੀ ‘ਰਾਮ ਲੱਲਾ ਵਿਰਾਜਮਾਨ’ ਦੀ ਤਰਫ਼ੋਂ ਪੇਸ਼ ਸੀਨੀਅਰ ਵਕੀਲ ਸੀਐੱਸ ਵੈਦਿਆਨਾਥਨ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਵਾਰ ਵਾਰ ਸਾਲਸੀ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਨਤੀਜਾ ਨਹੀ ਨਿਕਲਿਆ। ਦੂਜੇ ਪਾਸੇ ਮੁਸਲਿਮ ਜਥੇਬੰਦੀਆਂ ਨੇ ਸਾਲਸੀ ਕੀਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਹ ‘ਕਕਰਾ ਬੰਦ ਅਦਾਲਤ’ ਵਿੱਚ ਹੋਣੀ ਚਾਹੀਦੀ ਹੈ। ਇਸ ਦੌਰਾਨ ਕਿਸੇ ਵੀ ਧਿਰ ਨੂੰ ਉਦੋਂ ਤੱਕ ਅਦਾਲਤੀ ਕਾਰਵਾਈ ਲੀਕ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਅਦਾਲਤ ਦੀ ਅੰਤਿਮ ਰਿਪੋਰਟ ਨਹੀਂ ਆ ਜਾਂਦੀ। ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਨੇ ਅਦਾਲਤ ਨੂੰ ਦੱਸਿਆ ਹੈ ਕਿ ਅਯੁੱਧਿਆ ਵਿੱਚ ਵਿਵਾਦਗ੍ਰਸਤ ਜ਼ਮੀਨ ਸਰਕਾਰ ਨਾਲ ਸਬੰਧਤ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਕੇਸ ਸਿਰਫ ਜ਼ਮੀਨੀ ਵਿਵਾਦ ਦਾ ਨਹੀਂ ਹੈ, ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।

ਨੀਤਾ ਅੰਬਾਨੀ ਨੇ ਗਰੀਬ ਬੇਸਹਾਰਾ ਬੱਚਿਆਂ ਲਈ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਕੀਤਾ ਉਦਘਾਟਨ

ਮੁੰਬਈ-ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਗ਼ਰੀਬ ਤੇ ਬੇਸਹਾਰਾ ਬੱਚਿਆਂ ਲਈ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿਚ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਉਦਘਾਟਨ ਕੀਤਾ। ਅੰਬਾਨੀ ਨੇ ਜੀਓ ਵਰਲਡ ਸੈਂਟਰ ਉਤੇ ਧੀਰੂਭਾਈ ਅੰਬਾਨੀ ਸੈਕੁਵਾਇਰ ਮੁੰਬਈ ਨੂੰ ਸਮਰਪਿਤ ਕੀਤਾ।
ਇਸ ਮੌਕੇ ਸ਼ਹਿਰ ਦੇ ਸਹੂਲਤਾਂ ਤੋਂ ਵਾਂਝੇ ਬੱਚਿਆਂ ਲਈ ਮਿਊਜ਼ੀਕਲ ਫਾਊਂਟੇਨ ਸ਼ੋਅ ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ 12 ਮਾਰਚ ਨੂੰ ਸ਼ਹਿਰ ਦੇ ਲਗਭਗ 7000 ਪ੍ਰੋਟੈਕਟਰਸ ਲਈ ਦੋ ਹੋਰ ਵਿਸ਼ੇਸ਼ ਮਿਊਜ਼ੀਕਲ ਫਾਊਂਟੇਨ ਸ਼ੋਅ ਹੋਣਗੇ। ਅੰਬਾਨੀ ਪਰਿਵਾਰ ਨੇ 6 ਤੋਂ 13 ਮਾਰਚ ਤੱਕ ਸ਼ਹਿਰ ਦੇ ਸਾਰੇ ਅਨਾਥ ਤੇ ਬਿਰਧ ਆਸ਼ਰਮਾਂ ਵਿਚ ਦੈਨਿਕ ਅੰਨ ਸੇਵਾ ਸ਼ੁਰੂ ਕੀਤੀ ਹੈ।
ਮੁੰਬਈ ਸ਼ਹਿਰ ਪ੍ਰਤੀ ਆਪਣੇ ਸਨਮਾਨ ਤੇ ਪਿਆਰ ਦੇ ਪ੍ਰਤੀਕ ਦੇ ਤੌਰ ਉਤੇ ਨੀਤਾ ਤੇ ਮੁਕੇਸ਼ ਅੰਬਾਨੀ ਤੇ ਰਿਲਾਇੰਸ ਇੰਡਸਟਰੀ ਨੇ ਅੱਜ 20 ਮਿਲੀਅਨ ਮੁੰਬਈਕਰ ਨੂੰ ਇਕ ਨਵਾਂ ਤੇ ਗੌਰਵਸ਼ਾਲੀ ਆਈਕਾਨ- ਧੀਰੂਭਾਈ ਅੰਬਾਨੀ ਸੈਕੁਵਾਇਰ ਸਮਰਪਿਤ ਕੀਤਾ ਗਿਆ।ਇਹ ਸੈਕੁਵਾਇਰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸਥਿਤ ਹੈ।

ਹਮਲੇ ਵਾਲੀ ਥਾਂ ’ਤੇ ਹੁਣ ਵੀ ਦਿਸ ਰਹੀਆਂ ਨੇ ਮਦਰੱਸੇ ਦੀਆਂ ਇਮਾਰਤਾਂ

ਨਵੀਂ ਦਿੱਲੀ/ਸਿੰਗਾਪੁਰ-ਰਾਇਟਰਜ਼ ਨੂੰ ਪ੍ਰਾਪਤ ਹੋਈਆਂ ਉਪ-ਗ੍ਰਹਿ ਦੀਆਂ ਤਸਵੀਰਾਂ ਵਿੱਚ ਉੱਤਰ-ਪੱਛਮੀ ਪਾਕਿਸਤਾਨ ’ਚ ਜੈਸ਼-ਏ-ਮੁਹੰਮਦ ਵੱਲੋਂ ਚਲਾਏ ਜਾਂਦੇ ਮਦਰੱਸੇ ਦੀਆਂ ਇਮਾਰਤਾਂ ਅਜੇ ਵੀ ਦਿਸ ਰਹੀਆਂ ਹਨ, ਜਦੋਂਕਿ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਸ ਦੇ ਜੰਗੀ ਜਹਾਜ਼ਾਂ ਨੇ ਇਸ ਜਗ੍ਹਾ ’ਤੇ ਚੱਲਦੇ ਇਸਲਾਮਿਕ ਗਰੁੱਪ ਦੇ ਟਰੇਨਿੰਗ ਕੈਂਪ ਨੂੰ ਤਬਾਹ ਕਰ ਦਿੱਤਾ ਅਤੇ ਇਸ ਹਮਲੇ ਵਿੱਚ ਵੱਡੀ ਗਿਣਤੀ ਅਤਿਵਾਦੀ ਮਾਰੇ ਗਏ ਸਨ। ਸਾਂ ਫਰਾਂਸਿਸਕੋ ਆਧਾਰਿਤ ਇਕ ਨਿੱਜੀ ਉਪ ਗ੍ਰਹਿ ਅਪਰੇਟਰ ਪਲੈਨਿਟ ਲੈਬਜ਼ ਵੱਲੋਂ ਲਈਆਂ ਗਈਆਂ ਤਸਵੀਰਾਂ ਵਿੱਚ ਭਾਰਤੀ ਹਵਾਈ ਹਮਲੇ ਤੋਂ ਛੇ ਦਿਨਾਂ ਬਾਅਦ 4 ਮਾਰਚ ਨੂੰ ਵੀ ਮਦਰੱਸੇ ਦੀਆਂ ਛੇ ਇਮਾਰਤਾਂ ਖੜ੍ਹੀਆਂ ਦਿਸ ਰਹੀਆਂ ਹਨ। ਹੁਣ ਤੱਕ ਜਨਤਕ ਤੌਰ ’ਤੇ ਉਪ-ਗ੍ਰਹਿ ਦੀਆਂ ਐਨੀਆਂ ਸਾਫ਼ ਤਸਵੀਰਾਂ ਮੌਜੂਦ ਨਹੀਂ ਸਨ, ਪਰ ਪਲੈਨਿਟ ਲੈਬ ਵੱਲੋਂ ਲਈਆਂ ਗਈਆਂ ਤਕਰੀਬਨ 72 ਸੈਂਟੀਮੀਟਰ ਦੀਆਂ ਉਪ-ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਵਿੱਚ ਇਮਾਰਤਾਂ ਖੜ੍ਹੀਆਂ ਸਾਫ਼ ਦਿਸ ਰਹੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਉਪ-ਗ੍ਰਹਿ ਦੀ ਇਸ ਤਸਵੀਰ ਵਿੱਚ ਅਪਰੈਲ 2018 ਤੋਂ ਲੈ ਕੇ ਹੁਣ ਤੱਕ ਕੋਈ ਬਦਲਾਅ ਨਜ਼ਰ ਨਹੀਂ ਆਇਆ ਹੈ। ਇਮਾਰਤਾਂ ਦੀਆਂ ਛੱਤਾਂ ਵਿੱਚ ਨਾ ਤਾਂ ਛੇਕ ਹਨ, ਨਾ ਝੁਲਸਣ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਇਨ੍ਹਾਂ ਇਮਾਰਤਾਂ ਦੀਆਂ ਕੰਧਾਂ ’ਤੇ ਧੂੰਏਂ ਦੇ ਨਿਸ਼ਾਨ ਜਾਂ ਮਦਰੱਸੇ ਦੁਆਲੇ ਪੁੱਟੇ ਹੋਏ ਦਰੱਖਤਾਂ ਤੋਂ ਇਲਾਵਾ ਹਵਾਈ ਹਮਲੇ ਦੇ ਕੋਈ ਨਿਸ਼ਾਨ ਨਹੀਂ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਵੱਲੋਂ ਅੱਠ ਦਿਨ ਪਹਿਲਾਂ ਜਾਰੀ ਕੀਤੇ ਗਏ ਬਿਆਨਾਂ ’ਤੇ ਸ਼ੱਕ ਹੁੰਦਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ 26 ਫਰਵਰੀ ਨੂੰ ਤੜਕੇ ਪਾਕਿਸਤਾਨ ਦੇ ਖੈਬਰ ਪਖ਼ਤੂਨਵਾ ਖੇਤਰ ਵਿੱਚ ਪੈਂਦੇ ਬਾਲਾਕੋਟ ਅਤੇ ਜਾਬਾ ਨੇੜੇ ਮਦਰੱਸੇ ਵਾਲੀ ਥਾਂ ਨੂੰ ਭਾਰਤੀ ਜੰਗੀ ਜਹਾਜ਼ਾਂ ਨੇ ਹਮਲਾ ਕਰ ਕੇ ਤਬਾਹ ਕਰ ਦਿੱਤਾ।
ਉਪ-ਗ੍ਰਹਿ ਦੀਆਂ ਇਨ੍ਹਾਂ ਤਸਵੀਰਾਂ ਸਬੰਧੀ ਈ-ਮੇਲ ਕੀਤੇ ਗਏ ਸਵਾਲਾਂ ਦਾ ਭਾਰਤੀ ਵਿਦੇਸ਼ ਅਤੇ ਰੱਖਿਆ ਮੰਤਰਾਲਿਆਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਹੈ।

ਮੰਤਰਾਲੇ ’ਚੋਂ ਰਾਫਾਲ ਸੌਦੇ ਦੇ ਦਸਤਾਵੇਜ਼ ਚੋਰੀ

ਨਵੀਂ ਦਿੱਲੀ-ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਕਿ ਰੱਖਿਆ ਮੰਤਰਾਲੇ ਦੇ ਦਫ਼ਤਰ ਵਿਚੋਂ ਰਾਫਾਲ ਲੜਾਕੂ ਜਹਾਜ਼ ਸੌਦੇ ਨਾਲ ਸਬੰਧਤ ਦਸਤਾਵੇਜ਼ ਚੋਰੀ ਹੋ ਗਏ ਹਨ ਅਤੇ ‘ਦਿ ਹਿੰਦੂ’ ਅਖਬਾਰ ਨੇ ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਲੇਖ ਛਾਪ ਕੇ ਸਰਕਾਰੀ ਭੇਤ ਗੁਪਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੂੰ ਅਟਾਰਨੀ ਜਨਰਲ ਕੇ.ਕੇ. ਵੇਣੂਗੋਪਾਲ ਨੇ ਦੱਸਿਆ ਕਿ ਜਿਨ੍ਹਾਂ ਨੇ ਰਾਫਾਲ ਸੌਦੇ ਬਾਰੇ ਦਸਤਾਵੇਜ਼ਾਂ ਨੂੰ ਜਨਤਕ ਕੀਤਾ ਹੈ, ਉਹ ਸਰਕਾਰੀ ਭੇਤ ਰੱਖਣ ਬਾਰੇ ਕਾਨੂੰਨ ਦੀ ਉਲੰਘਣਾ ਕਰਨ ਦੇ ਨਾਲ-ਨਾਲ ਅਦਾਲਤ ਦੀ ਹੱਤਕ ਤਹਿਤ ਵੀ ਦੋਸ਼ੀ ਹਨ। ਅਟਾਰਨੀ ਜਨਰਲ ਨੇ ਦੱਸਿਆ ਕਿ ਦਸਤਾਵੇਜ਼ ਚੋਰੀ ਹੋਣ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੁਪਰੀਮ ਕੋਰਟ ਦੇ ਇਸ ਬੈਂਚ, ਜਿਸ ਵਿੱਚ ਜਸਟਿਸ ਐੱਸ.ਕੇ. ਕੌਲ ਅਤੇ ਜਸਟਿਸ ਕੇ.ਐੱਮ ਜੋਜ਼ੇਫ ਵੀ ਸ਼ਾਮਲ ਸਨ, ਵਲੋਂ ਆਪਣੇ 14 ਦਸੰਬਰ ਦੇ ਫ਼ੈਸਲੇ, ਜਿਸ ਵਿੱਚ ਭਾਰਤ ਵਲੋਂ ਫਰਾਂਸ ਨਾਲ ਕੀਤੇ ਸੌਦੇ ਬਾਰੇ ਸਾਰੀਆਂ ਪਟੀਸ਼ਨਾਂ ਰੱਦ ਕੀਤੀਆਂ ਗਈਆਂ ਸਨ, ਬਾਰੇ ਪਾਈਆਂ ਰੀਵਿਊ ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾ ਰਹੀ ਸੀ।
ਸਾਬਕਾ ਕੇਂਦਰੀ ਮੰਤਰੀਆਂ ਯਸ਼ਵੰਤ ਸਿਨਹਾ ਤੇ ਅਰੁਣ ਸ਼ੋਰੀ ਅਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ, ਜਿਨ੍ਹਾਂ ਨੇ ਸਾਂਝੇ ਤੌਰ ’ਤੇ ਰੀਵਿਊ ਪਟੀਸ਼ਨ ਪਾਈ, ਨੇ ਦੋਸ਼ ਲਾਇਆ ਕਿ ਜਦੋਂ ਸੁਪਰੀਮ ਕੋਰਟ ਨੇ ਪਟੀਸ਼ਨਾਂ ਰੱਦ ਕੀਤੀਆਂ ਸਨ ਉਦੋਂ ਕੇਂਦਰ ਸਰਕਾਰ ਨੇ ਅਹਿਮ ਤੱਥਾਂ ਨੂੰ ਛੁਪਾ ਲਿਆ ਸੀ। ਜਦੋਂ ਭੂਸ਼ਣ ਨੇ ਐੱਨ ਰਾਮ ਵਲੋਂ ਲਿਖੇ ਲੇਖਾਂ ਦਾ ਜ਼ਿਕਰ ਕੀਤਾ ਤਾਂ ਵੇਣੂਗੋਪਾਲ ਨੇ ਕਿਹਾ ਕਿ ਇਹ ਲੇਖ ਚੋਰੀ ਹੋਏ ਦਸਤਾਵੇਜ਼ਾਂ ’ਤੇ ਆਧਾਰਿਤ ਸਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਚੋਰੀ ਹੋਈ ਦਸਤਾਵੇਜ਼ਾਂ ਸਬੰਧੀ ਐੱਫਆਈਆਰ ਦਰਜ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾ ਲੇਖ 8 ਫਰਵਰੀ ਨੂੰ ਛਪਿਆ ਸੀ ਅਤੇ ਬੁੱਧਵਾਰ (6 ਮਾਰਚ) ਨੂੰ ਛਪਿਆ ਦੂਜਾ ਲੇਖ ਅਦਾਲਤ ਦੀ ਕਾਰਵਾਈ ਨੂੰ ਪ੍ਰਭਾਵਿਤ ਕਰਨ ਲਈ ਛਾਪਿਆ ਗਿਆ ਹੈ, ਜੋ ਕਿ ਅਦਾਲਤ ਦੀ ਹੱਤਕ ਹੈ। ਉਨ੍ਹਾਂ ਰੀਵਿਊ ਪਟੀਸ਼ਨਾਂ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਖਬਾਰ ਨੇ ਦਸਤਾਵੇਜ਼ਾਂ ਤੋਂ ‘ਗੁਪਤ’ ਸ਼ਬਦ ਮਿਟਾ ਕੇ ਛਾਪਿਆ ਹੈ। ਬੈਂਚ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਜਦੋਂ ਉਹ ਇਹ ਦੋਸ਼ ਲਾ ਰਹੇ ਹਨ ਕਿ ਲੇਖ ਚੋਰੀ ਦੇ ਦਸਤਾਵੇਜ਼ਾਂ ਦੇ ਆਧਾਰ ’ਤੇ ਹਨ ਤਾਂ ਉਨ੍ਹਾਂ ਨੇ ਇਸ ਬਾਬਤ ਕੀ ਕੀਤਾ। ਇਸ ’ਤੇ ਵੇਣੂਗੋਪਾਲ ਨੇ ਕਿਹਾ ਕਿ ਰੱਖਿਆ ਮੰਤਰਾਲੇ ’ਚੋਂ ਦਸਤਾਵੇਜ਼ ਚੋਰੀ ਹੋਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਸਟਿਸ ਗੋਗੋਈ ਨੇ ਵੇਣੂਗੋਪਾਲ ਨੂੰ ਇਹ ਵੀ ਆਖਿਆ ਕਿ ਅਦਾਲਤ ਨੂੰ ਸੌਦੇ ਬਾਰੇ ਚੋਰੀ ਹੋਏ ਦਸਤਾਵੇਜ਼ਾਂ ਸਬੰਧੀ ਕੀਤੀ ਜਾ ਰਹੀ ਕਾਰਵਾਈ ਬਾਰੇ ਦੱਸਿਆ ਜਾਵੇ।
ਐਡਵੋਕੇਟ ਜਨਰਲ (ਏਜੀ) ਨੇ ਪਿਛਲੇ ਹਫ਼ਤੇ ਪਾਕਿਸਤਾਨ ਵਲੋਂ ਕੀਤੀ ਹਵਾਈ ਕਾਰਵਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਐੱਫ-16 ਲੜਾਕੂ ਜਹਾਜ਼ ਦੇ ਟਾਕਰੇ ਲਈ ਦੇਸ਼ ਨੂੰ ਰਾਫਾਲ ਜੈੱਟ ਦੀ ਲੋੜ ਹੈ।
ਬੈਂਚ ਵਲੋਂ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਕੀਤੀ ਜਾਵੇਗੀ। ਸੁਣਵਾਈ ਦੌਰਾਨ ਏਜੀ ਨੂੰ ਬੈਂਚ ਦੇ ਕਈ ਟੇਢੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪਿਆ।

ਖ਼ਤਮ ਹੋਇਆ ਕਿਸਾਨਾਂ ਵਲੋਂ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ‘ਤੇ ਲਾਇਆ ਧਰਨਾ

ਜੰਡਿਆਲਾ ਗੁਰੂ-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਪਿੰਡ ਦੇਵੀਦਾਸਪੁਰ (ਜੰਡਿਆਲਾ ਗੁਰੂ) ਨਜ਼ਦੀਕ ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ‘ਤੇ ਲਾਇਆ ਧਰਨਾ ਅੱਜ ਖ਼ਤਮ ਕਰ ਦਿੱਤਾ ਹੈ। ਇਹ ਇਸ ਧਰਨੇ ਦਾ ਅੱਜ ਛੇਵਾਂ ਦਿਨ ਸੀ। ਇਸ ਮੌਕੇ ਕਿਸਾਨ ਆਗੂ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਣਯੋਗ ਹਾਈਕੋਰਟ ਵਲੋਂ ਮਿਲੇ ਨੋਟਿਸ ‘ਤੇ ਪੇਸ਼ ਹੋਣ ਲਈ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਚੰਡੀਗੜ੍ਹ ਗਏ ਸਨ ਅਤੇ ਮੰਗਾਂ ਮੰਨੇ ਜਾਣ ਦਾ ਵਿਸ਼ਵਾਸ ਦਿਵਾਉਣ ‘ਤੇ ਇਹ ਧਰਨਾ 29 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ।