Home / ਮੁੱਖ ਖਬਰਾਂ (page 20)

ਮੁੱਖ ਖਬਰਾਂ

ਕਰਨਾਟਕਾ ‘ਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, ਬਚਾਅ ਮੁਹਿੰਮ ਜਾਰੀ

ਬੈਂਗਲੁਰੂ-ਕਰਨਾਟਕਾ ਦੇ ਧਾਰਵਾੜ ਸਥਿਤ ਕੁਮਾਰਰੇਸ਼ਵਰ ਨਗਰ ਵਿਚ ਇਕ ਨਿਰਮਾਣਧੀਨ ਇਮਾਰਤ ਡਿਗ ਗਈ। ਮਲਬੇ ਹੇਠ ਫਸੇ ਲੋਕਾਂ ਨੂੰ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਕੱਢਿਆ ਜਾ ਰਿਹਾ ਹੈ। 43 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਤੇ 3 ਲੋਕ ਮਾਰੇ ਗਏ ਹਨ। ਬਚਾਅ ਤੇ ਰਾਹਤ ਕਾਰਜ ਜਾਰੀ ਹਨ।

ਰਾਸ਼ਟਰਪਤੀ ਨੇ ਸੁਰੱਖਿਆ ਕਰਮੀਆਂ ਨੂੰ ਬਹਾਦਰੀ ਪੁਰਸਕਾਰ ਵੰਡੇ

ਨਵੀਂ ਦਿੱਲੀ-ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਅਤੇ ਉੱਤਰ ਪੂਰਬ ਵਿਚ ਫ਼ੌਜੀ ਅਪਰੇਸ਼ਨਾਂ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਦੋ ਫ਼ੌਜੀਆਂ ਨੂੰ ਕੀਰਤੀ ਚੱਕਰ ਤੇ ਦੋ ਨੂੰ ਸ਼ੌਰਿਆ ਚੱਕਰ ਪ੍ਰਦਾਨ ਕੀਤੇ ਹਨ। ਕੀਰਤੀ ਚੱਕਰ ਆਰਮਰਡ ਕੋਰ ਦੇ ਸੋਵਾਰ ਵਿਜੈ ਕੁਮਾਰ ਅਤੇ ਸੀਆਰਪੀਐਫ ਦੇ ਸਿਪਾਹੀ ਪ੍ਰਦੀਪ ਕੁਮਾਰ ਪਾਂਡਾ ਨੂੰ ਦਿੱਤੇ ਗਏ। ਦੋਵੇਂ ਜੰਮੂ ਕਸ਼ਮੀਰ ਵਿਚ ਵੱਖੋ ਵੱਖਰੇ ਥਾਈਂ ਹੋਏ ਮੁਕਾਬਲਿਆਂ ਵਿਚ ਸ਼ਹੀਦ ਹੋ ਗਏ ਸਨ। ਰਾਈਫਲਮੈਨ ਜੈਪ੍ਰਕਾਸ਼ ਓਰਾਓਂ ਅਤੇ ਸਿਪਾਹੀ ਅਜੈ ਕੁਮਾਰ ਨੂੰ ਕ੍ਰਮਵਾਰ ਮਣੀਪੁਰ ਅਤੇ ਜੰਮੂ ਕਸ਼ਮੀਰ ਵਿਚ ਦਹਿਸ਼ਤਪਸੰਦੀ ਖਿਲਾਫ਼ ਅਪਰੇਸ਼ਨਾਂ ਦੌਰਾਨ ਆਪਣੀ ਜਾਨ ਨਿਛਾਵਰ ਕਰਨ ਬਦਲੇ ਸ਼ੌਰੀਆ ਚੱਕਰ ਪ੍ਰਦਾਨ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਸੀਆਰਪੀਐਫ ਦੇ ਡਿਪਟੀ ਕਮਾਂਡੈਂਟ ਕੁਲਦੀਪ ਸਿੰਘ ਚਾਹੜ, ਮੇਜਰ ਪਵਨ ਕੁਮਾਰ, ਰਾਈਫਲਮੈਨ ਰਥਵਾ ਲਿਲੇਸ਼ ਭਾਈ, ਨਾਇਬ ਸੂਬੇਦਾਰ ਅਨਿਲ ਕੁਮਾਰ ਦਹੀਆ, ਸੀਆਰਪੀਐਫ ਅਸਿਸਟੈਂਟ ਕਮਾਂਡੈਂਟ ਜ਼ਿਲੇ ਸਿੰਘ, ਹਵਾਲਦਾਰ ਜਾਵੀਦ ਅਹਿਮਦ ਭੱਟ, ਹਵਾਲਦਾਰ ਕੁਲ ਬਹਾਦਰ ਥਾਪਾ, ਲੈਫਟੀਨੈਂਟ ਕਰਨਲ ਅਰਜਨ ਸ਼ਰਮਾ, ਕੈਪਟਨ ਅਭੈ ਸ਼ਰਮਾ, ਮੇਜਰ ਇਮਲਿਆਕੁਮ ਕੀਤਜ਼ਰ, ਮੇਜਰ ਰੋਹਿਤ ਲਿੰਗਵਾਲ ਅਤੇ ਲੈਫਟੀਨੈਂਟ ਕਰਨਲ ਵਿਕਰਾਂਤ ਪ੍ਰਾਸ਼ਰ ਨੂੰ ਉੱਤਰਪੂਰਬ ਅਤੇ ਜੰਮੂ ਕਸ਼ਮੀਰ ਵਿਚ ਫ਼ੌਜੀ ਅਪਰੇਸ਼ਨਾਂ ਦੌਰਾਨ ਬਹਾਦਰੀ ਦਿਖਾਉਣ ਬਦਲੇ ਸ਼ੌਰੀਆ ਚੱਕਰ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਤਿੰਨ ਹਥਿਆਰਬੰਦ ਦਸਤਿਆਂਂ ਦੇ 13 ਸੀਨੀਅਰ ਅਫ਼ਸਰਾਂ ਨੂੰ ਪਰਮ ਵਸ਼ਿਸ਼ਟ ਸੇਵਾ ਮੈਡਲ, ਦੋ ਫ਼ੌਜੀ ਅਫ਼ਸਰਾਂ ਨੂੰ ਉੱਤਮ ਯੁੱਧ ਸੇਵਾ ਮੈਡਲ, ਤਿੰਨੋ ਸੈਨਾਵਾਂ ਦੇ 26 ਅਫ਼ਸਰਾਂ ਨੂੰ ਅਤਿ ਵਸ਼ਿਸ਼ਟ ਸੇਵਾ ਮੈਡਲ ਦਿੱਤੇ ਗਏ ਹਨ।

ਸਿੱਖ ਕਤਲੇਆਮ ਸੀ ਮਾਨਵਤਾ ਖ਼ਿਲਾਫ਼ ਅਪਰਾਧ: ਸੀਬੀਆਈ

ਨਵੀਂ ਦਿੱਲੀ-ਸੀਬੀਆਈ ਨੇ 1984 ਦੇ ਸਿੱਖ ਕਤਲੇਆਮ ਦੀ ਨਾਜ਼ੀਆਂ ਵਲੋਂ ਯਹੂਦੀਆਂ ਦੇ ਨਰਸੰਹਾਰ, ਬੰਗਲਾਦੇਸ਼ ਵਿਚ ਪਾਕਿਸਤਾਨੀ ਫ਼ੌਜ ਵਲੋਂ ਕੀਤੇ ਕਤਲੇਆਮ ਅਤੇ ਕੁਰਦਾਂ ਤੁਰਕਾਂ ਵਲੋਂ ਅਰਮੀਨਿਆਈਆਂਂ ਦੇ ਘੱਲੂਘਾਰੇ ਨਾਲ ਤੁਲਨਾ ਕਰਦਿਆਂ ਇਸ ਨੂੰ ‘ਮਾਨਵਤਾ ਖਿਲਾਫ਼ ਅਪਰਾਧ’ ਕਰਾਰ ਦਿੱਤਾ ਹੈ। ਸਿੱਖ ਕਤਲੇਆਮ ਦੇ ਕੇਸ ਵਿਚ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਸੀਬੀਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ‘‘ ਇਸ ਤਰ੍ਹਾਂ ਇਹ ਕੇਸ ਸਿੱਖ ਕਤਲੇਆਮ ਦੇ ਵਡੇਰੇ ਸੰਦਰਭ ਵਿਚ ਦੇਖਣਾ ਪਵੇਗਾ ਤੇ ਆਮ ਹੱਤਿਆ ਤੇ ਦੰਗੇ ਦੇ ਕੇਸ ਨਾਲੋਂ ਵੱਖਰੀ ਪਹੁੰਚ ਅਪਣਾਉਣੀ ਪਵੇਗੀ।’’ ਸੱਜਣ ਕੁਮਾਰ ਨੇ ਦੱਖਣ ਪੱਛਮੀ ਦਿੱਲੀ ਦੀ ਪਾਲਮ ਕਲੋਨੀ ਦੇ ਰਾਜ ਨਗਰ-1 ਇਲਾਕੇ ਵਿਚ ਪੰਜ ਸਿੱਖਾਂ ਨੂੰ ਕਤਲ ਕਰਨ ਦੇ ਦੋਸ਼ ਹੇਠ ਦੋਸ਼ੀ ਕਰਾਰ ਦੇ ਕੇ ਉੁਮਰ ਕੈਦ ਦੀ ਸਜ਼ਾ ਸੁਣਾਉਣ ਦੇ ਦਿੱਲੀ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਕੁਮਾਰ ਨੇ ਸਜ਼ਾ ਭੁਗਤਣ ਲਈ ਲੰਘੀ 31 ਦਸੰਬਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ। ਦਿੱਲੀ ਵਿਚ ਉਦੋਂ ਤਿੰਨ ਹਜ਼ਾਰ ਦੇ ਕਰੀਬ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ।
ਏਜੰਸੀ ਨੇ ਕੁਮਾਰ ਦੀ ਅਪੀਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਕ ਵੱਡੀ ਸਿਆਸੀ ਪਾਰਟੀ ਦਾ ਪ੍ਰਭਾਵਸ਼ਾਲੀ ਆਗੂ ਰਿਹਾ ਹੈ ਅਤੇ ਗਵਾਹਾਂ ਨੂੰ ਡਰਾਉਣ ਧਮਕਾਉਣ ਦੇ ਸਮੱਰਥ ਹੈ। ਜੇ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਸ ਦੇ ਖਿਲਾਫ਼ ਸਿੱਖ ਕਤਲੇਆਮ ਦੇ ਕੇਸ ਦੀ ਵਾਜਬ ਸੁਣਵਾਈ ਨਹੀਂ ਚੱਲ ਸਕਣੀ। ਇਸ ’ਤੇ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ। ਸੱਜਣ ਕੁਮਾਰ ਵਲੋਂ ਅਪੀਲ ਦਾਇਰ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ ਲੰਘੀ 14 ਜਨਵਰੀ ਨੂੰ ਸੀਬੀਆਈ ਨੂੰ ਨੋਟਿਸ ਜਾਰੀ ਕੀਤਾ ਸੀ।

ਕਰਤਾਰਪੁਰ ਲਾਂਘਾ: ਆਹਮੋ-ਸਾਹਮਣੇ ਬਣਨਗੇ ਦੋਹਾਂ ਦੇਸ਼ਾਂ ਦੇ ਗੇਟ

ਬਟਾਲਾ/ਗੁਰਦਾਸਪੁਰ-ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਕੰਮ ਨੂੰ ਰਫ਼ਤਾਰ ਦੇਣ ਅਤੇ ਦੋਵਾਂ ਦੇਸ਼ਾਂ ’ਚ ਲਾਂਘੇ ਨੂੰ ਇਕਸਾਰ ਰੱਖਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੇ ਤਕਨੀਕੀ ਮਾਹਿਰਾਂ ਦੀਆਂ ਟੀਮਾਂ ਦੀ ਅਹਿਮ ਮੀਟਿੰਗ ਹੋਈ। ਡੇਰਾ ਬਾਬਾ ਨਾਨਕ ਕੋਲ ਪੈਂਦੇ ਧੁੱਸੀ ਬੰਨ੍ਹ ਕੋਲ ਸਥਿਤ ਕੰਡਿਆਲੀ ਤਾਰ ਦੇ ਪਾਰ ‘ਜ਼ੀਰੋ ਲਾਈਨ’ ’ਤੇ ਮੀਟਿੰਗ ਹੋਈ ਜੋ ਸਵੇਰੇ ਸਾਢੇ ਗਿਆਰਾਂ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਸੁਖਾਵੇਂ ਮਾਹੌਲ ’ਚ ਚੱਲੀ। ਕੇਂਦਰ ਸਰਕਾਰ ਦੇ ਲੈਂਡ ਪੋਰਟ ਅਥਾਰਟੀ ਦੇ ਅਖਿਲ ਸਕਸੈਨਾ, ਨੈਸ਼ਨਲ ਹਾਈਵੇਅ ਅਥਾਰਟੀ ਦੇ ਪ੍ਰਾਜੈਕਟ ਡਾਇਰੈਕਟਰ ਯਸ਼ਪਾਲ ਅਤੇ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਦੇ ਐੱਸਈ ਐੱਨਆਰ ਗੋਇਲ ਅਤੇ ਡਰੇਨ ਵਿਭਾਗ ਦੇ ਐੱਸਈ ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਇਸ ਮੀਟਿੰਗ ’ਚ ਹਿੱਸਾ ਲਿਆ। ਭਾਰਤ ਵੱਲੋਂ ਲੈਂਡ ਪੋਰਟ ਅਥਾਰਟੀ ਦੇ ਉੱਚ ਅਧਿਕਾਰੀ ਅਖਿਲ ਸਕਸੈਨਾ ਸਮੇਤ ਹੋਰ ਅਧਿਕਾਰੀਆਂ ਨੇ ਅਤੇ ਪਾਕਿਸਤਾਨ ਤੋਂ ਆਏ ਅਧਿਕਾਰੀਆਂ ਨੇ ਮੀਟਿੰਗ ’ਚ ਸ਼ਮੂਲੀਅਤ ਕੀਤੀ।
ਅਧਿਕਾਰੀਆਂ ਨੇ ਭਾਵੇਂ ਮੀਡੀਆ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਦਿੱਤਾ ਪਰ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਲਾਂਘੇ ਲਈ ਬਣਨ ਵਾਲੀ ਸੜਕ ਦੀ ਉਚਾਈ ਤੇ ਚੌੜਾਈ ਲਈ ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਸਹਿਮਤੀ ਦਿੱਤੀ ਹੈ। ਦੋਵਾਂ ਦੇਸ਼ਾਂ ਦੀਆਂ ਟੀਮਾਂ ਨੇ ਉਸ ਜਗ੍ਹਾ ਦਾ ਜਾਇਜ਼ਾ ਵੀ ਲਿਆ ਹੈ, ਜਿੱਥੋਂ ਦੋਵਾਂ ਦੇਸ਼ਾਂ ਨੂੰ ਜੋੜਦੀ ਸੜਕ ਬਣੇਗੀ। ਡੇਰਾ ਬਾਬਾ ਨਾਨਕ ਕੋਲ ਕੌਮਾਂਤਰੀ ਸਰਹੱਦ ’ਤੇ ਹੋਈ ਮੀਟਿੰਗ ਅਨੁਸਾਰ ਦੋਵਾਂ ਦੇਸ਼ਾਂ ਦੇ ਲਾਂਘੇ ਲਈ ਬਣਨ ਵਾਲੇ ਗੇਟ ਆਹਮੋ-ਸਾਹਮਣੇ ਹੋਣਗੇ। ਇਹ ਗੇਟ ਕੌਮਾਂਤਰੀ ਸੀਮਾ ’ਤੇ ਬਣੇ ਦਰਸ਼ਨੀ ਸਥਲ ਨੇੜੇ ਹੀ ਬਣਨਗੇ। ਪਾਕਿਸਤਾਨੀ ਅਧਿਕਾਰੀਆਂ ਵੱਲੋਂ ਲਾਂਘੇ ਵਾਲੇ ਗੇਟ ਐਨ ਆਹਮੋ ਸਾਹਮਣੇ ਬਣਾਉਣ ਬਾਰੇ ਗੱਲ ਆਖੀ, ਦੱਸੀ ਗਈ ਹੈ। ਇੱਕ ਉੱਚ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਭਾਰਤ ਵਾਲੇ ਪਾਸੇ ਤੋਂ ਕੁਝ ਦਿਨਾਂ ’ਚ ਲਾਂਘੇ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਹੋ ਰਿਹਾ ਹੈ। ਅਧਿਕਾਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜ਼ਮੀਨ ਮਾਲਕ ਕਿਸਾਨਾਂ ਦਾ ਮੁਆਵਜ਼ਾ ਸਥਾਨਕ ‘ਡੇਰਾ ਬਾਬਾ ਨਾਨਕ’ ਪ੍ਰਸਾਸ਼ਨ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਬੜੇ ਸੁਖਾਵੇਂ ਮਾਹੌਲ ਵਿੱਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 50 ਏਕੜ ਜ਼ਮੀਨ ’ਤੇ ਬਣਨ ਵਾਲੀ ਇੰਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਕੰਮ ਅੱਜ ਸ਼ੁਰੂ ਹੋ ਗਿਆ ਹੈ। ਮੀਟਿੰਗ ਤੋਂ ਪਹਿਲਾਂ ਭਾਰਤ ਵਾਲੇ ਪਾਸੇ ਦੋ ਜੇਸੀਬੀ ਮਸ਼ੀਨਾਂ ਨਾਲ ਲੱਖਾ ਸਿੰਘ ਕਾਹਲੋਂ ਨਾਂ ਦੇ ਇੱਕ ਕਿਸਾਨ ਦੇ ਖੇਤ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਸੀ। ਇਹ ਜ਼ਮੀਨ ਲਾਂਘੇ ਵਾਲੀ ਥਾਂ ਲਈ ਐਕੁਆਇਰ ਕੀਤੀ ਗਈ ਹੈ।
ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੱਖਾ ਸਿੰਘ ਸਮੇਤ ਉਨ੍ਹਾਂ ਸਾਰਿਆਂ ਕਿਸਾਨਾਂ ਨੂੰ ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਨ੍ਹਾਂ ਦੀ ਜ਼ਮੀਨ ਲਾਂਘੇ ਲਈ ਐਕੁਆਇਰ ਕੀਤੀ ਗਈ।
ਅਗਲੀ ਮੀਟਿੰਗ 2 ਅਪਰੈਲ ਨੂੰ
ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਦੀ ਅਗਲੀ ਮੀਟਿੰਗ 2 ਅਪਰੈਲ ਨੂੰ ਹੋ ਰਹੀ ਹੈ, ਜਿਸ ਵਿੱਚ ਅੱਜ (19 ਮਾਰਚ) ਨੂੰ ਹੋਈ ਮੀਟਿੰਗ ਦੌਰਾਨ ਵਿਚਾਰੇ ਮੁੱਦਿਆਂ ਦੀ ਸਮੀਖਿਆ ਕੀਤੀ ਜਾਵੇਗੀ। ਇੱਕ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ 2 ਅਪਰੈਲ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਡੇਰਾ ਬਾਬਾ ਨਾਨਕ ਕੋਲ ਅੱਜ ਹੋਈ ਮੀਟਿੰਗ ਅਤੇ ਬਣੀ ਸਹਿਮਤੀ ਬਾਰੇ ਬਕਾਇਦਾ ਪ੍ਰੈੱਸ ਨੂੰ ਜਾਣਕਾਰੀ ਦਿੱਤੀ ਜਾਵੇਗੀ।

ਸ਼ਹੀਦ ਕਰਮਜੀਤ ਸਿੰਘ ਦੇ ਪਰਿਵਾਰ ਨੂੰ ਮਿਲੇਗੀ 12 ਲੱਖ ਦੀ ਵਿੱਤੀ ਮਦਦ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਰਾਜ਼ੋਰੀ ਜ਼ਿਲ੍ਹੇ ਵਿਚ ਪਾਕਿਸਤਾਨੀ ਫ਼ੌਜ ਵੱਲੋਂ ਅਸਲ ਕਬਜ਼ੇ ਵਾਲੀ ਰੇਖਾ ਦੀ ਉਲੰਘਣਾ ਕਰਕੇ ਕੀਤੀ ਗੋਲੀਬਾਰੀ ਦੇ ਕਾਰਨ ਸ਼ਹੀਦ ਹੋਏ ਸਿਪਾਹੀ ਕਰਮਜੀਤ ਸਿੰਘ ਦੇ ਪਰਿਵਾਰ ਨੂੰ 12 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਲਈ ਰੱਖਿਆ ਸੇਵਾਵਾਂ ਭਲਾਈ ਵਿਭਾਗ ਨੂੰ ਹੁਕਮ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਇਸ ਰਾਹਤ ਵਿਚ 7 ਲੱਖ ਰੁਪਏ ਦੀ ਵਿੱਤੀ ਸਹਾਇਤਾ ਅਤੇ 5 ਲੱਖ ਰੁਪਏ ਜ਼ਮੀਨ ਦੇ ਬਦਲੇ ਦਿੱਤੇ ਗਏ ਹਨ ਜੋ ਕਿ ਸਰਕਾਰ ਦੀ ਮੌਜੂਦਾ ਨੀਤੀ ਦੇ ਅਨੁਸਾਰ ਸ਼ਹੀਦ ਦੇ ਵਾਰਸਾਂ ਨੂੰ ਦਿੱਤੇ ਜਾਂਦੇ ਹਨ। ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਕਾਰਨ ਮੋਗਾ ਦੇ ਕਰਮਜੀਤ ਸਿੰਘ ਦੀ ਹੋਈ ਮੌਤ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਟਵੀਟ ਕਰਕੇ ਦੁੱਖ ਅਤੇ ਗੁੱਸਾ ਪ੍ਰਗਟ ਕੀਤਾ।
ਉਨਾਂ ਲਿਖਿਆ, ‘‘ਪਾਕਿਸਤਾਨ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਕੇ ਸਾਰੇ ਅੰਤਰਰਾਸ਼ਟਰੀ ਸਿਧਾਂਤਾਂ ਅਤੇ ਮਨੁੱਖੀ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ। ਪਾਕਿਸਤਾਨ ਦੀ ਗੋਲੀਬਾਰੀ ਕਾਰਨ ਪੰਜਾਬ ਨੇ ਮੋਗਾ ਦੇ ਇੱਕ ਹੋਰ ਨੌਜਵਾਨ ਫ਼ੌਜੀ ਨੂੰ ਗੁਆ ਦਿੱਤਾ ਹੈ। ਮੇਰੀ ਸੰਵੇਦਨਾ ਕਰਮਜੀਤ ਸਿੰਘ ਦੇ ਪਰਿਵਾਰ ਨਾਲ ਹੈ।’’

ਸਟਿੰਗ ਅਪਰੇਸ਼ਨ ’ਚ ‘ਫਸੇ’ ਚੌਧਰੀ ਸੰਤੋਖ ਸਿੰਘ

ਜਲੰਧਰ-ਇਕ ਟੀਵੀ ਚੈਨਲ ਵੱਲੋਂ ਕੀਤੇ ਗਏ ਕਥਿਤ ਸਟਿੰਗ ਅਪਰੇਸ਼ਨ ’ਚ ਜਲੰਧਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੂੰ ਚੋਣ ਫੰਡ ਦੇਣ ਅਤੇ ਜਿੱਤਣ ਉਪਰੰਤ ਕੰਮ ਕਰਵਾਉਣ ਦੀ ਗੱਲਬਾਤ ਕਰਦਿਆਂ ਦਿਖਾਇਆ ਗਿਆ ਹੈ। ਇਹ ਸਟਿੰਗ ਦਿਖਾਏ ਜਾਣ ਤੋਂ ਬਾਅਦ ਕਾਂਗਰਸ ਹਲਕਿਆਂ ਵਿਚ ਹਲਚਲ ਮੱਚ ਗਈ ਹੈ। ਚੌਧਰੀ ਸੰਤੋਖ ਸਿੰਘ ਜਿੱਥੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆ ਗਏ ਹਨ, ਉਥੇ ਕਾਂਗਰਸ ਦਾ ਇਕ ਧੜਾ ਵੀ ਉਨ੍ਹਾਂ ’ਤੇ ਲੱਗੇ ‘ਦਾਗ਼’ ਕਾਰਨ ਕੱਛਾਂ ਵਜਾ ਰਿਹਾ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੌਧਰੀ ਸੰਤੋਖ ਸਿੰਘ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਇਹ ਸਟਿੰਗ ਅਪਰੇਸ਼ਨ ਚੌਧਰੀ ਸੰਤੋਖ ਸਿੰਘ ਦੀ ਦਿੱਲੀ ਵਿਚਲੀ ਸਰਕਾਰੀ ਰਿਹਾਇਸ਼ ਦਾ ਹੈ। ਇਸ ਸਟਿੰਗ ਅਪਰੇਸ਼ਨ ਵਿੱਚ ਚੌਧਰੀ ਸੰਤੋਖ ਸਿੰਘ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਉਨ੍ਹਾਂ ਦੀ ਚੋਣ ਵਿਚ ਪੈਸੇ ਲਾਓ, ਜਦੋਂ ਉਹ ਸੱਤਾ ਵਿਚ ਆ ਗਏ ਤਾਂ ਉਨ੍ਹਾਂ (ਸਵਾਲ ਪੁੱਛਣ ਵਾਲੇ) ਦੇ ਨਿਵੇਸ਼ ਦਾ ਖਿਆਲ ਰੱਖਿਆ ਜਾਵੇਗਾ। ਚੌਧਰੀ ਸੰਤੋਖ ਸਿੰਘ ਇਹ ਕਹਿੰਦੇ ਵੀ ਸੁਣਾਈ ਦਿੰਦੇ ਹਨ ਕਿ ਨੋਟਬੰਦੀ ਨਾਲ ਬਹੁਤ ਕੰਮ ਖਰਾਬ ਹੋ ਗਿਆ ਹੈ।
ਕਾਬਿਲੇਗੌਰ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਚੌਧਰੀ ਸੰਤੋਖ ਸਿੰਘ ਜਲੰਧਰ ਹਲਕੇ ਤੋਂ ਮੁੜ ਟਿਕਟ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਹਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਚੌਧਰੀ ਸੰਤੋਖ ਸਿੰਘ 70 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਹਾਲਾਂਕਿ ਕਾਂਗਰਸ ਵਿਚੋਂ ਹੋਰ ਆਗੂਆਂ ਨੇ ਵੀ ਟਿਕਟ ਲਈ ਅਪਲਾਈ ਕੀਤਾ ਹੈ ਜਿਨ੍ਹਾਂ ਵਿਚ ਸਾਬਕਾ ਐਮਪੀ ਮਹਿੰਦਰ ਸਿੰਘ ਕੇਪੀ, ਵਿਧਾਇਕ ਸੁਸ਼ੀਲ ਰਿੰਕੂ, ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਸਮੇਤ ਹੋਰ ਆਗੂ ਸ਼ਾਮਲ ਹਨ। ਅਜਿਹੇ ਮੌਕੇ ਸਟਿੰਗ ਅਪਰੇਸ਼ਨ ਦੇ ਸਾਹਮਣੇ ਆਉਣ ਨਾਲ ਕਾਂਗਰਸ ’ਚ ਚੌਧਰੀ ਸੰਤੋਖ ਸਿੰਘ ਦਾ ਵਿਰੋਧੀ ਧੜਾ ਖੁਸ਼ ਨਜ਼ਰ ਆ ਰਿਹਾ ਹੈ।

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਮਨਜਿੰਦਰ ਸਿੰਘ ਸਿਰਸਾ

ਅੰਮ੍ਰਿਤਸਰ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅੱਜ ਆਪਣੇ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਟੀਮ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪ੍ਰਧਾਨ ਬਣਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਉਹ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਕ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਧਾਮਾਂ ਦੀ ਸੇਵਾ ਕਰਨਗੇ ਅਤੇ ਉਨ੍ਹਾਂ ਵਲੋਂ 1984 ਦੇ ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਉਨ੍ਹਾਂ ਨੂੰ ਨੌਕਰੀਆਂ ਦਿਵਾਉਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

‘ਉੱਤਮ ਯੁੱਧ ਸੇਵਾ ਮੈਡਲ’ ਨਾਲ ਸਨਮਾਨਿਤ ਕੀਤੇ ਜਾਣਗੇ ਲੈਫ਼ਟੀਨੈਂਟ ਜਨਰਲ ਅਨਿਲ ਭੱਟ

ਨਵੀਂ ਦਿੱਲੀ-ਲੈਫ਼ਟੀਨੈਂਟ ਜਨਰਲ ਅਨਿਲ ਭੱਟ ਨੂੰ ਆਪਣੀ ਅਗਵਾਈ ਹੇਠ ਜੰਮੂ-ਕਸ਼ਮੀਰ ‘ਚ ਅੱਤਵਾਦ ਵਿਰੋਧੀ ਅਪਰੇਸ਼ਨਾਂ ਦੇ ਸਫ਼ਲ ਸੰਚਾਲਨ ਲਈ ‘ਉੱਤਮ ਯੁੱਧ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਜਾਵੇਗਾ।

ਬੰਗਲਾਦੇਸ਼ ‘ਚ ਗੋਲੀਬਾਰੀ ਦੌਰਾਨ ਸੱਤ ਲੋਕਾਂ ਦੀ ਮੌਤ

ਢਾਕਾ-ਬੰਗਲਾਦੇਸ਼ ਦੇ ਰੰਗਾਮਾਤੀ ਪਹਾੜੀ ਜ਼ਿਲ੍ਹੇ ਦੇ ਬਾਘਾਈਚਾਰੀ ਉਪਜ਼ਿਲਾ ਇਲਾਕੇ ‘ਚ ਇੱਕ ਗੱਡੀ ‘ਤੇ ਹੋਈ ਗੋਲੀਬਾਰੀ ‘ਚ ਚੋਣ ਅਧਿਕਾਰੀ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ‘ਚ ਕਰੀਬ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਚੋਣ ਅਧਿਕਾਰੀ ਜਦੋਂ ਉਪਜ਼ਿਲਾ ਤੋਂ ਚੋਣਾਂ ਕਰਾ ਕੇ ਵਾਪਸ ਮੁੱਖ ਦਫ਼ਤਰ ਵੱਲ ਜਾ ਰਹੇ ਸਨ ਤਾਂ ਇਸੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਸ਼ਾਮੀਂ ਛੇ ਵਜੇ ਦੇ ਕਰੀਬ ਉਨ੍ਹਾਂ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਬੰਗਲਾਦੇਸ਼ ਦੀ ਫੌਜ ਅਤੇ ਬੰਗਲਾਦੇਸ਼ ਬਾਰਡਰ ਗਾਰਡ ਦੇ ਜਵਾਨਾਂ ਨੇ ਮੋਰਚਾ ਸੰਭਾਲਿਆ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤਾਂ ਨੂੰ ਹਸਪਤਾਲ ‘ਚ ਪਹੁੰਚਾਇਆ।

ਕਰਤਾਰਪੁਰ ਲਾਂਘੇ ਲਈ ਕਿਸਾਨ ਨੇ 16 ਏਕੜ ਜ਼ਮੀਨ ਦਿੱਤੀ

ਬਟਾਲਾ-ਭਾਰਤ-ਪਾਕਿ ਸਰਹੱਦ ’ਤੇ ਕਿਸਾਨ ਲੱਖਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸਾਢੇ 16 ਏਕੜ ਜ਼ਮੀਨ ਬਿਨਾਂ ਸ਼ਰਤ ਦੇਣ ਦੇ ਨਾਲ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਾਜ਼ਰ ਸਨ। ਉਨ੍ਹਾਂ ਕਿਸਾਨ ਵੱਲੋਂ ਕੀਤੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਉੱਦਮ ਕਰਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਜ਼ਮੀਨ ਦਾ ਬਣਦਾ ਹੱਕ ਲਾਜ਼ਮੀ ਅਦਾ ਕਰੇਗੀ। ਪਿੰਡ ਪੱਖੋਕੇ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਦੇ ਕਿਸਾਨ ਲੱਖਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਲਾਲਚ ਤੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੰਗਤ ਦੀ ਆਸ ਨੂੰ ਬੂਰ ਪਏਗਾ ਤੇ ਇਸ ਨਾਲ ਉਨ੍ਹਾਂ ਨੂੰ ਖੁਸ਼ੀ ਹੈ। ਕਿਸਾਨ ਦੇ ਪੁੱਤਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 15 ਏਕੜ ਜ਼ਮੀਨ ਵੀ ਇਸ ਬਣ ਰਹੇ ਲਾਂਘੇ ਦੇ ਦਾਇਰੇ ’ਚ ਆਉਂਦੀ ਹੈ। ਪੰਜਾਬ ਸਰਕਾਰ ਤੇ ਲੈਂਡ ਪੋਰਟ ਅਥਾਰਿਟੀ ਨੇ ਇਸ ਜ਼ਮੀਨ ’ਤੇ ਆਈਸੀਪੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਰੰਧਾਵਾ ਨੇ ਅਪੀਲ ਕੀਤੀ ਕਿ ਹੋਰ ਕਿਸਾਨ, ਜਿਹੜੇ ਲੰਘੇ ਕਈ ਮਹੀਨਿਆਂ ਤੋਂ ਸ਼ਰਤਾਂ ਤਹਿਤ ਜ਼ਮੀਨ ਦੇਣ ਬਾਰੇ ਕਹਿ ਰਹੇ ਹਨ, ਉਹ ਵੀ ਦਰਿਆਦਿਲੀ ਦਿਖਾਉਣ। ਮੰਤਰੀ ਨੇ ਕਿਹਾ ਕਿ ਬਣਦਾ ਹੱਕ ਅਦਾ ਕੀਤਾ ਜਾਵੇਗਾ। ਐੱਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਆਈਸੀਪੀ ਦਾ ਕੰਮ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।