ਮੁੱਖ ਖਬਰਾਂ
Home / ਮੁੱਖ ਖਬਰਾਂ (page 2)

ਮੁੱਖ ਖਬਰਾਂ

ਕੀਟਨਾਸ਼ਕ ਤੇ ਖਾਦ ਬਣਾਉਣ ਵਾਲੀ ਫੈਕਟਰੀ ‘ਚ ਧਮਾਕਾ, 44 ਮੌਤਾਂ

ਬੀਜਿੰਗ- ਚੀਨ ਦੇ ਯਾਂਚੇਂਗ ਸ਼ਹਿਰ ਵਿੱਚ ਸਥਿਤ ਕੈਮੀਕਲ ਪਲਾਂਟ ਵਿੱਚ ਧਮਾਕਾ ਹੋਣ ਕਾਰਨ 44 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਚੀਨ ਦੀ ਖ਼ਬਰ ਏਜੰਸੀ ਸਿੰਹੂਆ ਮੁਤਾਬਕ ਧਮਾਕੇ ਵਿੱਚ 640 ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 90 ਤੋਂ ਵੱਧ ਗੰਭੀਰ ਹਨ। ਸਥਾਨਕ ਸਮੇਂ ਮੁਤਾਬਕ ਧਮਾਕਾ ਵੀਰਵਾਰ ਬਾਅਦ ਦੁਪਹਿਰ 2:50 ‘ਤੇ ਹੋਇਆ।
ਕੀਟਨਾਸ਼ਕ ਤੇ ਖਾਦ ਦਾ ਉਤਪਾਦਨ ਕਰਨ ਵਾਲੀ ਜਿਆਂਗਸੂ ਤਿਆਂਜੇਅਈ ਕੈਮੀਕਲ ਕੰਪਨੀ ਵਿੱਚ ਧਮਾਕਾ ਹੋਣ ਕਾਰਨ ਭਿਅੰਕਰ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜਲੀਆਂ ਥਾਵਾਂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਹੋਏ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਝਟਕਿਆਂ ਦੀ ਤਾਕਤ 2.2 ਦਰਜ ਕੀਤੀ ਗਈ। ਧਮਾਕੇ ਕਾਰਨ ਨੇੜੇ ਤੇੜੇ ਇਮਾਰਤਾਂ ਦੇ ਸ਼ੀਸ਼ੇ ਵੀ ਟੁੱਟ ਗਏ।
ਬਚਾਅ ਕਰਮੀਆਂ ਨੇ ਪਲਾਂਟ ਦੇ 3,000 ਕਾਮਿਆਂ ਅਤੇ ਨੇੜੇ ਵੱਸਦੇ 1,000 ਸ਼ਹਿਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਯਾਂਚੇਂਗ ਦਾ ਇਹ ਧਮਾਕਾ ਦੇਸ਼ ਦੇ ਸਭ ਤੋਂ ਭਿਆਨਕ ਸਨਅਤੀ ਦੁਰਘਟਨਾਵਾਂ ਵਿੱਚੋਂ ਇੱਕ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖ਼ਮੀ ਹੋਣ ਕਾਰਨ ਮੌਤਾਂ ਦੀ ਗਿਣਤੀ ਵੱਧ ਵੀ ਸਕਦੀ ਹੈ।

ਭਾਜਪਾ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਮੋਦੀ ਵਾਰਾਣਸੀ ਅਤੇ ਅਮਿਤ ਸ਼ਾਹ ਗਾਂਧੀ ਨਗਰ ਤੋਂ ਲੜਨਗੇ ਚੋਣ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਵੱਲੋਂ 182 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਭਾਜਪਾ ਆਗੂ ਜੇ.ਪੀ. ਨੱਡਾ ਨੇ ਪਹਿਲੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਖਨਉ, ਭਾਜਪਾ ਪ੍ਰਧਾਨ ਅਮਿਤ ਸ਼ਾਹ ਗਾਂਧੀ ਨਗਰ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਨਿਤਿਨ ਗਡਕਰੀ ਨਾਗਪੁਰ ਤੋਂ ਚੋਣ ਲੜਨਗੇ। ਵੀਰਵਾਰ ਸ਼ਾਮ ਨੂੰ ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਜੇਪੀ ਨੱਢਾ ਨੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ।
ਜ਼ਿਕਰਯੋਗ ਹੈ ਕਿ ਉਮੀਦਵਾਰਾਂ ਦੇ ਨਾਂ ਫ਼ਾਈਨਲ ਕਰਨ ਲਈ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਕਈ ਵਾਰ ਬੈਠਕਾਂ ਕਰ ਚੁੱਕੀ ਹੈ। ਬੁਧਵਾਰ ਨੂੰ ਵੀ ਭਾਜਪਾ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਸੀ, ਜਿਸ ‘ਚ ਪੱਛਮੀ ਬੰਗਾਲ ਦੇ ਉਮੀਦਵਾਰਾਂ ਦੇ ਨਾਂ ਫ਼ਾਈਨਲ ਕੀਤੇ ਗਏ ਸਨ।
ਹੇਮਾ ਮਾਲਿਨੀ ਨੂੰ ਮਥੁਰਾ, ਸਮ੍ਰਿਤੀ ਇਰਾਨੀ ਨੂੰ ਮੇਰਠ, ਵੀ.ਕੇ. ਸਿੰਘ ਨੂੰ ਗਾਜਿਆਬਾਦ, ਜੈਪੁਰ (ਪੇਂਡੂ) ਤੋਂ ਰਾਜਵਰਧਨ ਸਿੰਘ ਰਾਠੋੜ, ਆਸਨਸੋਲ ਤੋਂ ਬਾਬੁਲ ਸੁਪ੍ਰੀਓ, ਕਿਰਨ ਰਿਜੁਜੂ ਨੂੰ ਅਰੁਣਾਚਲ ਪ੍ਰਦੇਸ਼ (ਪੂਰਬ), ਸ਼ਾਕਸ਼ੀ ਮਹਾਰਾਜ ਨੂੰ ਉਨਾਵ, ਬਾਗਪਤ ਤੋਂ ਸਤਪਾਲ ਸਿੰਘ ਚੋਣ ਲੜਨਗੇ।
ਇਸ ਸੂਚੀ ਵਿੱਚ ਆਡਵਾਨੀ ਦਾ ਨਾਮ ਨਹੀਂ ਹੈ। ਨੱਢਾ ਨੇ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਪਰ ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਡਵਾਨੀ ਦੀ ਟਿਕਟ ਕੱਟ ਗਈ ਹੈ। ਸੀਨੀਅਰ ਆਗੂ ਅਤੇ ਸਾਬਕਾ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਦਾ ਵੀ ਨਾਮ ਨਹੀਂ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਵੀ ਟਿਕਟ ਵੀ ਕੱਟ ਗਈ ਹੈ।ਬਿਹਾਰ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਬਿਹਾਰ ‘ਚ ਭਾਜਪਾ 17 ਸੀਟਾਂ ‘ਤੇ ਚੋਣਾਂ ਲੜ ਰਹੀ ਹੈ।

ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਘਰ ਵਾਪਸੀ

ਅਬੋਹਰ-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬੱਲੂਆਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸ. ਗੁਰਤੇਜ ਸਿੰਘ ਘੁੜਿਆਣਾ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਹੋ ਗਈ ਹੈ। ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਭੇਟ ਕਰਕੇ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਦੌਰਾਨ ਸ.ਘੁੜਿਆਣਾ ਦੇ ਹਮਾਇਤੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ । ਸ.ਸੁਖਬੀਰ ਸਿੰਘ ਬਾਦਲ ਨੇ ਸ. ਘੁੜਿਆਣਾ ਦਾ ਪਾਰਟੀ ਵਿਚ ਵਾਪਸ ਆਉਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਤੇ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੋਆਰਡੀਨੇਟਰ ਸਤਿੰਦਰਜੀਤ ਸਿੰਘ ਮੰਟਾਂ ਹਲਕਾ ਬੱਲੂਆਣਾ ਦੇ ਇੰਚਾਰਜ ਪ੍ਰਕਾਸ਼ ਸਿੰਘ ਭੱਟੀ ਸਾਬਕਾ ਵਿਧਾਇਕ ਅਤੇ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ ।

ਡੇਰਾ ਮੁਖੀ ਤੋਂ ਪੁੱਛਗਿੱਛ ਲਈ ਐਸਆਈਟੀ ਨੂੰ ਅਦਾਲਤ ਵੱਲੋਂ ਹਰੀ ਝੰਡੀ

ਫ਼ਰੀਦਕੋਟ-ਬੇਅਦਬੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਐਸਆਈਟੀ ਦੀ ਪੜਤਾਲ ਕਰ ਰਹੀ ਹੁਣ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰੇਗੀ। ਫ਼ਰੀਦਕੋਟ ਅਦਾਲਤ ਨੇ ਐਸਆਈਟੀ ਨੂੰ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ। ਐਸਆਈਟੀ ਕਿਸੇ ਵੇਲੇ ਵੀ ਉਸ ਕੋਲੋਂ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ। ਐਸਆਈਟੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ ਅਤੇ ਤਫਤੀਸ਼ ਵਿੱਚ ਵਾਰ-ਵਾਰ ਡੇਰਾ ਸਿਰਸਾ ਦੀ ਸ਼ਮੂਲੀਅਤ ਦਾ ਜ਼ਿਕਰ ਹੋਣ ਕਾਰਨ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਆਗਿਆ ਮੰਗੀ ਸੀ, ਜਿਸ ‘ਤੇ ਅਦਾਲਤ ਨੇ ਐਸਆਈਟੀ ਨੂੰ ਅੱਗੇ ਵਧਣ ਲਈ ਲੋੜੀਂਦੀ ਆਗਿਆ ਦੇ ਦਿੱਤੀ ਹੈ।
ਐਸਆਈਟੀ ਦੇ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਮੁਤਾਬਕ ਅਦਾਲਤ ਨੇ ਰਾਮ ਰਹੀਮ ਤੋਂ ਪੁੱਛਗਿੱਛ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਟੀਮ ਉਸ ਤੋਂ ਜੇਲ੍ਹ ‘ਚ ਜਾ ਕੇ ਪੁੱਛਗਿੱਛ ਕਰੇਗੀ। ਉੱਧਰ, ਐਸਆਈਟੀ ਨੇ ਆਪਣੀਆਂ ਦਲੀਲਾਂ ਨਾਲ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਰੱਦ ਕਰਵਾ ਲਈ ਹੈ ਅਤੇ ਆਉਂਦੀ 25 ਨੂੰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਕੋਟਕਪੂਰਾ ਗੋਲ਼ੀਕਾਂਡ ਬਾਰੇ ਵੀ ਪੁੱਛਗਿੱਛ ਕਰੇਗੀ।

ਨੀਰਵ ਮੋਦੀ ਨੂੰ ਨਹੀਂ ਮਿਲੀ ਜ਼ਮਾਨਤ, 29 ਮਾਰਚ ਤੱਕ ਰਹੇਗਾ ਜੇਲ੍ਹ ’ਚ ਕੈਦ

ਲੰਦਨ-14,000 ਕਰੋੜ ਰੁਪਏ ਦਾ ਬੈਂਕ ਘਪਲਾ ਕਰਨ ਵਾਲੇ ਭਾਰਤ ਦੇ ‘ਭਗੌੜੇ’ ਹੀਰਾ ਵਪਾਰੀ ਨੀਰਵ ਮੋਦੀ ਨੂੰ ਅੱਜ ਲੰਦਨ ਦੇ ਹੌਲਬੌਰਨ ਇਲਾਕੇ ਵਿਚ ਗ੍ਰਿਫ਼਼ਤਾਰ ਕਰ ਲਿਆ ਗਿਆ ਹੈ। ਸਕਾਟਲੈਂਡ ਯਾਰਡ ਨੇ ਇਹ ਗ੍ਰਿਫ਼ਤਾਰੀ ਕੀਤੀ। ਗ੍ਰਿਫ਼ਤਾਰੀ ਮਗਰੋਂ ਜਾਪਦਾ ਸੀ ਕਿ ਉਸ ਨੂੰ ਜ਼ਮਾਨਤ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ ਭਾਰਤ ਨੇ ਇੰਗਲੈਂਡ ਸਰਕਾਰ ਨੂੰ ਬੇਨਤੀ ਕੀਤੀ ਸੀ ਕਿ ਨੀਰਵ ਮੋਦੀ ਨੂੰ ਨਵੀਂ ਦਿੱਲੀ ਹਵਾਲੇ ਕੀਤਾ ਜਾਵੇ ਪਰ ਅੱਜ ਉਸ ਦੀ ਜ਼ਮਾਨਤ ਮਨਜ਼ੂਰ ਨਹੀਂ ਹੋ ਸਕੀ ਤੇ ਉਸ ਨੂੰ 29 ਮਾਰਚ ਤੱਕ ਜੇਲ੍ਹ ਵਿਚ ਹੀ ਰਹਿਣਾ ਪਵੇਗਾ।
48 ਸਾਲਾ ਨੀਰਵ ਮੋਦੀ ਨੂੰ ਅੱਜ ਵੈਸਟਮਿੰਸਟਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੂੰ ਵੈਸਟਮਿੰਸਟਰ ਮੈਜਿਸਟ੍ਰੇਟਸ ਦੀ ਅਦਾਲਤ ਵਿਚ ਜ਼ਿਲ੍ਹਾ ਜੱਜ ਸਾਹਮਣੇ ਪੇਸ਼ ਕੀਤਾ ਗਿਆ। ਉਥੇ ਉਸ ਉਤੇ ਰਸਮੀ ਦੋਸ਼ ਲੱਗਣੇ ਹਨ। ਉਸ ਤੋਂ ਬਾਅਦ ਹੀ ਉਸ ਨੂੰ ਜ਼ਮਾਨਤ ਮਿਲ ਸਕੇਗੀ। ਅੱਜ ਨੀਰਵ ਮੋਦੀ ਦੇ ਵਕੀਲ ਨੇ ਜ਼ਮਾਨਤ ਲਈ 5 ਲੱਖ ਪੌਂਡ ਦੀ ਜ਼ਮਾਨਤ ਰਾਸ਼ੀ ਦੀ ਪੇਸ਼ਕਸ਼ ਕੀਤੀ ਪਰ ਫਿਰ ਵੀ ਜੱਜ ਨੇ ਨੀਰਵ ਮੋਦੀ ਨੂੰ ਜ਼ਮਾਨਤ ਉਤੇ ਰਿਹਾਅ ਨਹੀਂ ਕੀਤਾ।
ਜੱਜ ਨੇ ਕਿਹਾ ਕਿ ਨੀਰਵ ਮੋਦੀ ਦੀ ਕਥਿਤ ਘੁਟਾਲੇ ਦੀ ਰਕਮ ਬਹੁਤ ਵੱਡੀ ਹੈ ਤੇ ਉਸ ਉਤੇ ਲੱਗੇ ਸਾਰੇ ਦੋਸ਼ ਸੰਗੀਨ ਕਿਸਮ ਦੇ ਹਨ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਭਾਰਤ ਵਿਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜ਼ਮ ਹੈ। ਇਹ ਘੁਟਾਲਾ ਉਸ ਨੇ ਪੰਜਾਬ ਨੈਸ਼ਨਲ ਬੈਂਕ ਨਾਲ ਕੀਤਾ ਹੈ। ਇਸ ਤੋਂ ਇਲਾਵਾ ਉਸ ਉਤੇ ਨਕਲੀ ਹੀਰੇ ਵੇਚਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਹਾਲੇ ਪਰਸੋਂ ਹੀ ਇੰਗਲੈਂਡ ਦੀ ਇਕ ਅਦਾਲਤ ਨੇ ਨੀਰਵ ਮੋਦੀ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਪਹਿਲਾਂ ਬ੍ਰਿਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਭਾਰਤ ਦੀ ਬੇਨਤੀ ਦੀ ਪੁਸ਼ਟੀ ਕੀਤੀ ਸੀ।

ਮਾਇਆਵਤੀ ਵੱਲੋਂ ਲੋਕ ਸਭਾ ਚੋਣ ਲੜਨ ਤੋਂ ਇਨਕਾਰ

ਲਖਨਊ-ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਐਲਾਨ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜੇਗੀ, ਪਰ ਬਸਪਾ ਆਗੂ ਨੇ ਜ਼ਿਮਨੀ ਚੋਣ ਰਾਹੀਂ ਪਾਰਲੀਮੈਂਟ ’ਚ ਦਾਖ਼ਲੇ ਦੇ ਬਦਲ ਨੂੰ ਜ਼ਰੂਰ ਖੁੱਲ੍ਹਾ ਰੱਖਿਆ ਹੈ। ਮਾਇਆਵਤੀ ਨੇ ਕਿਹਾ ਸਮੇਂ ਦਾ ਤਕਾਜ਼ਾ ਇਹੀ ਕਹਿੰਦਾ ਹੈ ਕਿ ਉਹ ਲੋਕ ਸਭਾ ਚੋਣ ਨਾ ਲੜੇ। ਉਂਜ ਬਸਪਾ ਮੁਖੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਤੋਂ ਨਿਰਾਸ਼ ਨਾ ਹੋਣ। ਮਾਇਆਵਤੀ ਨੇ ਕਿਹਾ, ‘ਮੌਜੂਦਾ ਹਾਲਾਤ, ਦੇਸ਼ ਦੀ ਲੋੜ ਅਤੇ ਪਾਰਟੀ ਹਿੱਤਾਂ ਦੇ ਮੱਦੇਨਜ਼ਰ ਸਮੇਂ ਦੀ ਮੰਗ ਹੈ ਕਿ ਮੈਂ ਲੋਕ ਸਭਾ ਚੋਣਾਂ ਨਾ ਲੜਾਂ।… ਤੇ ਇਹੀ ਵਜ੍ਹਾ ਹੈ ਕਿ ਮੈਂ ਆਗਾਮੀ ਲੋਕ ਸਭਾ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਹੈ।’ ਸੂਬੇ ਦੀ ਸਾਬਕਾ ਮੁੱਖ ਮੰਤਰੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਇਸ ਫੈਸਲੇ ਤੋਂ ਭੋਰਾ ਵੀ ਨਿਰਾਸ਼ ਨਾ ਹੋਣ। ਦਲਿਤ ਆਗੂ ਨੇ ਮਗਰੋਂ ਇਕ ਟਵੀਟ ’ਚ ਕਿਹਾ, ‘1995 ਵਿੱਚ ਜਦੋਂ ਪਹਿਲੀ ਵਾਰ ਯੂਪੀ ਦੀ ਮੁੱਖ ਮੰਤਰੀ ਬਣੀ ਤਾਂ ਮੈਂ ਉਦੋਂ ਯੂਪੀ ਅਸੈਂਬਲੀ ਜਾਂ ਪ੍ਰੀਸ਼ਦ ’ਚੋਂ ਕਿਸੇ ਦੀ ਵੀ ਮੈਂਬਰ ਨਹੀਂ ਸਾਂ। ਕੇਂਦਰ ਵਿੱਚ ਵੀ ਕੁਝ ਅਜਿਹੀ ਹੀ ਵਿਵਸਥਾ ਮੌਜੂਦ ਹੈ, ਜਿੱਥੇ ਕਿਸੇ ਵਿਅਕਤੀ ਨੂੰ ਮੰਤਰੀ/ਪ੍ਰਧਾਨ ਮੰਤਰੀ ਬਣਨ ਦੇ ਛੇ ਮਹੀਨਿਆਂ ਅੰਦਰ ਲੋਕ ਸਭਾ/ਰਾਜ ਸਭਾ ਦਾ ਮੈਂਬਰ ਬਣਨਾ ਹੁੰਦਾ ਹੈ। ਲਿਹਾਜ਼ਾ ਮੇਰੇ ਫੈਸਲੇ ਤੋਂ ਦਿਲ ਛੋਟਾ ਨਾ ਕਰੋ।’ ਬਸਪਾ ਆਗੂ ਨੇ ਕਿਹਾ ਕਿ ਜੇਕਰ ਮਗਰੋਂ ਕਿਸੇ ਪੜਾਅ ’ਤੇ ਸੰਸਦ ਵਿੱਚ ਦਾਖ਼ਲੇ ਦੀ ਲੋੜ ਪੈਂਦੀ ਹੈ ਤਾਂ ਉਹ ਕਿਸੇ ਵੀ ਸੀਟ ਨੂੰ ਖਾਲੀ ਕਰਵਾ ਕੇ ਸੰਸਦ ਮੈਂਬਰ ਬਣ ਸਕਦੇ ਹਨ।

ਸਵਾਮੀ ਅਸੀਮਾਨੰਦ ਤੇ ਤਿੰਨ ਹੋਰ ਬਰੀ

ਪੰਚਕੂਲਾ-ਇੱਥੇ ਵਿਸ਼ੇਸ਼ ਐਨਆਈਏ ਅਦਾਲਤ ਨੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕੇ ਦੇ ਮਾਮਲੇ ’ਚ ਸਵਾਮੀ ਅਸੀਮਾਨੰਦ ਤੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ। ਐਨਆਈਏ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਨੇ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਪਾਕਿਸਤਾਨੀ ਔਰਤ ਦੀ ਉਹ ਪਟੀਸ਼ਨ ਵੀ ਖਾਰਜ ਕਰ ਦਿੱਤੀ, ਜਿਸ ਵਿਚ ਉਸ ਨੇ ਪਾਕਿਸਤਾਨ ਨਾਲ ਸਬੰਧਤ ਕੁਝ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਸੀ। 18 ਫਰਵਰੀ 2007 ਨੂੰ ਹੋਏ ਇਸ ਧਮਾਕੇ ਵਿੱਚ 68 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਸੀ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪਾਕਿਸਤਾਨ ਦੇ ਨਾਗਰਿਕ ਸਨ।
ਕੌਮੀ ਜਾਂਚ ਏਜੰਸੀ (ਐਨਆਈਏ) ਦੇ ਵਕੀਲ ਰਾਜਨ ਮਲਹੋਤਰਾ ਨੇ ਦੱਸਿਆ ਕਿ ਸਾਰੇ ਚਾਰ ਮੁਲਜ਼ਮਾਂ ਨਬਾ ਕੁਮਾਰ ਸਰਕਾਰ ਉਰਫ਼ ਸਵਾਮੀ ਅਸੀਮਾਨੰਦ, ਲੋਕੇਸ਼ ਸ਼ਰਮਾ, ਕਮਲ ਚੌਹਾਨ ਤੇ ਰਾਜਿੰਦਰ ਚੌਧਰੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਚੱਲਦੀ ਇਸ ਰੇਲ ਗੱਡੀ ਵਿਚ ਧਮਾਕਾ ਹਰਿਆਣਾ ਸੂਬੇ ਦੇ ਪਾਣੀਪਤ ਨੇੜੇ 18 ਫਰਵਰੀ 2007 ਨੂੰ ਹੋਇਆ ਸੀ। ਰੇਲਗੱਡੀ ਉਸ ਵੇਲੇ ਭਾਰਤੀ ਪਾਸੇ ਆਪਣੇ ਆਖ਼ਰੀ ਸਟੇਸ਼ਨ ਅੰਮ੍ਰਿਤਸਰ ਦੇ ਅਟਾਰੀ ਵੱਲ ਵੱਧ ਰਹੀ ਸੀ। ਮਲਹੋਤਰਾ ਨੇ ਦੱਸਿਆ ਕਿ ਅਦਾਲਤ ਨੂੰ ਪਾਕਿਸਤਾਨੀ ਔਰਤ ਦੀ ਅਰਜ਼ੀ ਵਿਚ ਕੋਈ ਦਮ ਨਜ਼ਰ ਨਹੀਂ ਆਇਆ। ਧਮਾਕੇ ਵਿਚ ਰੇਲਗੱਡੀ ਦੇ ਦੋ ਡੱਬੇ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ। ਇਸ ਮਾਮਲੇ ਵਿਚ ਪਹਿਲਾਂ ਹਰਿਆਣਾ ਪੁਲੀਸ ਨੇ ਕੇਸ ਦਰਜ ਕੀਤਾ ਸੀ, ਪਰ ਮਗਰੋਂ ਇਸ ਨੂੰ ਐਨਆਈਏ ਨੂੰ ਸੌਂਪ ਦਿੱਤਾ ਗਿਆ। ਐਨਆਈਏ ਨੇ ਜੁਲਾਈ 2011 ਵਿਚ ਅੱਠ ਵਿਅਕਤੀਆਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਨ੍ਹਾਂ ਅੱਠਾਂ ਵਿਚੋਂ ਸਵਾਮੀ ਅਸੀਮਾਨੰਦ, ਲੋਕੇਸ਼, ਕਮਲ ਤੇ ਰਾਜਿੰਦਰ ਨੇ ਅਦਾਲਤ ਵਿਚ ਕੇਸ ਦਾ ਸਾਹਮਣਾ ਕੀਤਾ। ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ਸੁਨੀਲ ਜੋਸ਼ੀ ਮੱਧ ਪ੍ਰਦੇਸ਼ ਦੇ ਦੇਵਸ ਜ਼ਿਲ੍ਹੇ ਵਿਚ ਦਸੰਬਰ 2007 ’ਚ ਆਪਣੇ ਘਰ ਲਾਗੇ ਹੀ ਮਾਰਿਆ ਗਿਆ ਸੀ। ਤਿੰਨ ਹੋਰ ਮੁਲਜ਼ਮਾਂ ਰਾਮਚੰਦਰ ਕਲਸੰਗਰਾ, ਸੰਦੀਪ ਡਾਂਗੇ ਤੇ ਅਮਿਤ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਤੇ ਹਾਲੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ। ਅਸੀਮਾਨੰਦ ਜ਼ਮਾਨਤ ’ਤੇ ਜਦਕਿ ਬਾਕੀ ਤਿੰਨ ਮੁਲਜ਼ਮ ਨਿਆਂਇਕ ਹਿਰਾਸਤ ਵਿਚ ਸਨ। ਐਨਆਈਏ ਨੇ ਇਨ੍ਹਾਂ ਉੱਤੇ ਹੱਤਿਆ ਤੇ ਅਪਰਾਧਕ ਸਾਜ਼ਿਸ਼ ਘੜਨ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ।

ਕੌਮ ਦੀ ਚੜ੍ਹਦੀ ਕਲਾ ਲਈ ਮਿਲ ਕੇ ਹੰਭਲਾ ਮਾਰਾਂਗੇ: ਸਿਰਸਾ, ਢੋਟ

ਅੰਮ੍ਰਿਤਸਰ -ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਅਪਣੀ ਸਮੁੱਚੀ ਟੀਮ ਜਿਸ ਵਿਚ ਹਰਮੀਤ ਸਿੰਘ ਕਾਲਕਾ ਜਨ: ਸਕੱਤਰ, ਭੁਪਿੰਦਰ ਸਿੰਘ ਭੁੱਲਰ ਐਗਜੈਕਟਿਵ ਮੈਂਬਰ, ਬੀਬੀ ਰਣਜੀਤ ਕੌਰ, ਵਿਕਰਮ ਸਿੰਘ, ਕੁਲਦੀਪ ਸਿੰਘ ਸਾਹਨੀ ਅਤੇ ਜਗਦੀਪ ਸਿੰਘ ਕਾਹਲੋਂ ਆਦਿ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਲਈ ਪਹੁੰਚੇ।
ਗੁਰੂ ਘਰ ਦਰਸ਼ਨ ਕਰਨ ਉਪਰੰਤ ਦਿੱਲੀ ਕਮੇਟੀ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਅਪਣੇ ਸਮੂਹ ਸਾਥੀਆਂ ਸਮੇਤ ਸਿੱਖ ਸਟੂਡੈਂਟਸ ਫ਼ੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੂੰ ਕੌਮੀ ਪ੍ਰਧਾਨ ਬਣਨ ‘ਤੇ ਵਧਾਈ ਦੇਣ ਲਈ ਉਨ੍ਹਾਂ ਦੇ ਦਫ਼ਤਰ ਵਿਖੇ ਪਹੁੰਚੇ, ਜਿਥੇ ਭਾਈ ਢੋਟ ਵਲੋਂ ਅਪਣੇ ਸਾਥੀਆਂ ਸਮੇਤ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਢੋਟ ਅਤੇ ਸਾਥੀਆਂ ਵਲੋਂ ਦਿੱਲੀ ਕਮੇਟੀ ਦਾ ਪ੍ਰਧਾਨ ਬਣਨ ‘ਤੇ ਵਧਾਈ ਦਿਤੀ ਗਈ। ਆਪਸੀ ਵਿਚਾਰ-ਵਟਾਂਦਰੇ ਦੌਰਾਨ ਸਿਰਸਾ ਨੇ ਕਿਹਾ ਕਿ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਇਕ ਉਹ ਧਾਰਮਕ ਜਥੇਬੰਦੀ ਹੈ ਜਿਸ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਵਿਚ ਮਜ਼ਬੂਤ ਆਧਾਰ ਹੈ। ਮਨਜਿੰਦਰ ਸਿੰਘ ਸਿਰਸਾ ਨੇ ਭਾਈ ਅਮਰਬੀਰ ਸਿੰਘ ਢੋਟ ਨੂੰ ਭਰੋਸਾ ਦਿਤਾ ਕਿ ਦਿੱਲੀ ਵਿਚ ਫ਼ੈਡਰੇਸ਼ਨ ਦੀ ਇਕਾਈ ਨੂੰ ਦਿੱਲੀ ਕਮੇਟੀ ਪੂਰਨ ਸਹਿਯੋਗ ਕਰੇਗੀ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਦਿੱਲੀ ਕਮੇਟੀ ਅਤੇ ਫ਼ੈਡਰੇਸ਼ਨ ਮਹਿਤਾ ਮਿਲ ਕੇ ਹੰਭਲਾ ਮਾਰਨਗੇ ਜਿਸ ‘ਤੇ ਢੋਟ ਨੇ ਸਿਰਸਾ ਦਾ ਧਨਵਾਦ ਕੀਤਾ।
ਇਸ ਦੌਰਾਨ ਜਨ: ਸਕੱਤਰ ਹਰਮੀਤ ਸਿੰਘ ਕਾਲਕਾ ਅਤੇ ਭੁਪਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਦਿੱਲੀ ਕਮੇਟੀ ਸਿੱਖ ਸਟੂਡੈਂਟਸ ਫ਼ੈਡਰੇਸਨ (ਮਹਿਤਾ) ਨਾਲ ਸਹਿਯੋਗ ਕਰ ਕੇ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਲਈ ਪ੍ਰੇਰਿਤ ਕਰੇਗੀ। ਇਸ ਮੌਕੇ ਪ੍ਰਧਾਨ ਅਮਰਬੀਰ ਸਿੰਘ ਢੋਟ, ਲਖਬੀਰ ਸਿੰਘ ਸੇਖੋਂ, ਗਗਨਦੀਪ ਸਿੰਘ, ਬਲਜੀਤ ਸਿੰਘ ਸੱਗੂ, ਵਰਿੰਦਰ ਸਿੰਘ ਖਾਲਸਾ, ਸਿਮਰਨਜੀਤ ਸਿੰਘ ਭੁੱਲਰ, ਕਰਨਦੀਪ ਸਿੰਘ ਸੱਗੂ, ਕੁਲਵਿੰਦਰ ਸਿੰਘ ਢੋਟ, ਰਬਜੀਤ ਸਿੰਘ ਅਤੇ ਰਾਜੂ ਬਾਬਾ ਆਦਿ ਫ਼ੈਡਰੇਸਨ ਆਗੂ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਸਿਰੋਪਾਉ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਤ ਕੀਤਾ ਗਿਆ।

ਕਾਂਗਰਸ ਅਦਾਰਿਆਂ ਨੂੰ ਬੇਇੱਜ਼ਤ ਕਰਨ ’ਚ ਵਿਸ਼ਵਾਸ ਰੱਖਦੀ ਹੈ: ਮੋਦੀ

ਨਵੀਂ ਦਿੱਲੀ-ਕਾਂਗਰਸ ’ਤੇ ਸੱਤਾ ’ਚ ਰਹਿੰਦਿਆਂ ਸੰਸਦ, ਨਿਆਂਪਾਲਿਕਾ, ਮੀਡੀਆ ਅਤੇ ਹਥਿਆਰਬੰਦ ਬਲਾਂ ਸਮੇਤ ਅਦਾਰਿਆਂ ਦੀ ਬੇਇੱਜ਼ਤੀ ਦਾ ਦੋਸ਼ ਲਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ 11 ਅਪਰੈਲ ਤੋਂ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਵੋਟ ਪਾਉਣ ਤੋਂ ਪਹਿਲਾਂ ਉਹ ਬੁੱਧੀਮਾਨੀ ਨਾਲ ਸੋਚ ਵਿਚਾਰ ਕਰਨ। ਪ੍ਰਧਾਨ ਮੰਤਰੀ ਨੇ ਬਲੌਗ ’ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰੇ ਨਿਜ਼ਾਮ ਨੂੰ ਬਦਲਦਿਆਂ ਅਦਾਰਿਆਂ ਨੂੰ ਵਧੇਰੇ ਤਰਜੀਹ ਦਿੱਤੀ। ਸ੍ਰੀ ਮੋਦੀ ਨੇ ਲਿਖਿਆ,‘‘ਤੁਸੀਂ ਜਦੋਂ ਵੋਟ ਪਾਉਣ ਜਾਉਗੇ ਤਾਂ ਬੀਤੇ ਨੂੰ ਯਾਦ ਰੱਖਣਾ ਅਤੇ ਕਿਵੇਂ ਇਕ ਪਰਿਵਾਰ ਦੀ ਸੱਤਾ ਲਈ ਲਾਲਸਾ ਨੇ ਰਾਸ਼ਟਰ ਨੂੰ ਭਾਰੀ ਨੁਕਸਾਨ ਪਹੁੰਚਾਇਆ। ਜੇਕਰ ਉਨ੍ਹਾਂ ਉਸ ਸਮੇਂ ਅਜਿਹਾ ਕੀਤਾ ਸੀ ਤਾਂ ਹੁਣ ਵੀ ਉਹ ਪੱਕੇ ਤੌਰ ’ਤੇ ਇੰਜ ਕਰ ਸਕਦੇ ਹਨ।’’ ਮੁੱਖ ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੰਸਦ ਤੋਂ ਲੈ ਕੇ ਪ੍ਰੈੱਸ, ਜਵਾਨਾਂ ਤੋਂ ਲੈ ਕੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਣ, ਸੰਵਿਧਾਨ ਤੋਂ ਲੈ ਕੇ ਅਦਾਲਤਾਂ ਤਕ ਦਾ ਕਾਂਗਰਸ ਨੇ ਅਪਮਾਨ ਕੀਤਾ। ਉਨ੍ਹਾਂ ਮੁਤਾਬਕ,‘‘ਮੁਲਕ ਨੇ ਦੇਖਿਆ ਹੈ ਕਿ ਜਦੋਂ ਕੁਨਬੇ ਦੀ ਸਿਆਸਤ ਤਾਕਤਵਰ ਰਹੀ ਹੈ ਤਾਂ ਸੰਸਥਾਵਾਂ ਦਾ ਬੁਰੀ ਤਰ੍ਹਾਂ ਘਾਣ ਕੀਤਾ ਗਿਆ।’’ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਯੂਪੀਏ ਨੇ ਆਪਣੇ ਰਾਜ ਦੌਰਾਨ ਅਜਿਹਾ ਕਾਨੂੰਨ ਲਿਆਂਦਾ ਸੀ ਜਿਸ ਨਾਲ ‘ਉਕਸਾਊ’ ਪੋਸਟ ਪਾਉਣ ’ਤੇ ਜੇਲ੍ਹ ਜਾਣਾ ਪੈ ਸਕਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਧਾਰਾ 356 ਸੈਂਕੜੇ ਵਾਰ ਲਗਾਈ। ਸ੍ਰੀਮਤੀ ਇੰਦਰਾ ਗਾਂਧੀ ਨੇ ਕਰੀਬ 50 ਵਾਰ ਇਸ ਦੀ ਵਰਤੋਂ ਕੀਤੀ। ਜੇਕਰ ਉਨ੍ਹਾਂ ਨੂੰ ਕੋਈ ਸੂਬਾ ਸਰਕਾਰ ਜਾਂ ਆਗੂ ਪਸੰਦ ਨਹੀਂ ਆਉਂਦਾ ਸੀ ਤਾਂ ਸਰਕਾਰ ਨੂੰ ਬਰਖ਼ਾਸਤ ਕਰ ਦਿੱਤਾ ਜਾਂਦਾ ਸੀ। ਸਾਬਕਾ ਚੀਫ਼ ਜਸਟਿਸ ਦੀਪਕ ਮਿਸ਼ਰਾ ਖ਼ਿਲਾਫ਼ ਮਹਾਂਦੋਸ਼ ਚਲਾਉਣ ਦਾ ਹਵਾਲਾ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਜੇਕਰ ਕਾਂਗਰਸ ਖ਼ਿਲਾਫ਼ ਕੋਈ ਫ਼ੈਸਲਾ ਜਾਂਦਾ ਸੀ ਤਾਂ ਉਹ ਇਸ ਨੂੰ ਰੱਦ ਕਰ ਦਿੰਦੇ ਸਨ ਫਿਰ ਜੱਜ ਖ਼ਿਲਾਫ਼ ਮਹਾਂਦੋਸ਼ ਦਾ ਮਤਾ ਲਿਆਉਣ ਬਾਰੇ ਗੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਕੈਗ, ਯੋਜਨਾ ਕਮਿਸ਼ਨ ਆਦਿ ਸੰਸਥਾਵਾਂ ਦਾ ਕਾਂਗਰਸ ਨੇ ਕਦੇ ਵੀ ਸਤਿਕਾਰ ਨਹੀਂ ਕੀਤਾ। ਇਸੇ ਤਰ੍ਹਾਂ ਸੀਬੀਆਈ, ਕਾਂਗਰਸ ਬਿਉਰੋ ਆਫ਼ ਇਨਵੈਸਟੀਗੇਸ਼ਨ ਬਣ ਗਈ ਸੀ ਜਿਸ ਨੂੰ ਸੰਸਦੀ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਖ਼ਿਲਾਫ਼ ਵਰਤਿਆ ਜਾਂਦਾ ਸੀ।

ਸਾਰਾਗੜ੍ਹੀ ਫਾਉੂਂਡੇਸ਼ਨ ਨੇ ਅਕਸ਼ੈ ਕੁਮਾਰ ਨੂੰ ਬਣਾਇਆ ਗਲੋਬਲ ਅੰਬੈਸਡਰ

ਲੁਧਿਆਣਾ-ਦੁਨੀਆਂ ਦੇ ਇਤਿਹਾਸ ਅੰਦਰ ਦਰਜ ਸੂਰਬੀਰਤਾ ਭਰੀਆਂ ਜੰਗਾਂ ਵਿੱਚੋਂ ਇੱਕ ਸਾਰਾਗੜ੍ਹੀ ਦੀ ਲੜਾਈ ਦੇ ਇਤਿਹਾਸ ਨੂੰ ਵਿਸ਼ਵ ਪੱਧਰ ਤੱਕ ਪਹੁੰਚਾਉਣ ਵਾਲੀ ਸੰਸਥਾ ਸਾਰਾਗੜ੍ਹੀ ਫਾਊਡੇਂਸ਼ਨ ਨੇ ਇਤਿਹਾਸਕ ਫ਼ੈਸਲਾ ਕਰਦਿਆਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਆਪਣੀ ਸੰਸਥਾ ਦਾ ਗਲੋਬਲ ਅੰਬੈਸਡਰ ਬਣਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ 36 ਸਿੱਖ ਰੈਜੀਮੈਂਟ ਦੇ ਬਹਾਦਰ 21 ਸਿੱਖ ਫੌਜੀਆਂ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਡਾਇਰੈਕਟਰ ਅਨੁਰਾਗ ਸਿੰਘ ਵੱਲੋਂ ਬਣਾਈ ਗਈ ਫਿਲਮ ਕੇਸਰੀ ਵਿੱਚ ਹਵਲਦਾਰ ਈਸ਼ਰ ਸਿੰਘ ਦਾ ਰੋਲ ਕਰ ਰਹੇ ਫਿਲਮੀ ਅਦਾਕਾਰ ਅਕਸ਼ੈ ਕੁਮਾਰ ਵੱਲੋਂ ਨਿਭਾਈ ਬਿਹਤਰੀਨ ਭੂਮਿਕਾ ਨੂੰ ਮੁੱਖ ਰੱਖਦਿਆਂ ਚੇਅਰਮੈਨ ਗੁਰਇੰਦਰਪਾਲ ਸਿੰਘ ਜੋਸਨ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕਰਨ ਉਪਰੰਤ ਅਕਸ਼ੈ ਕੁਮਾਰ ਨੂੰ ਸੰਸਥਾ ਦਾ ਗਲੋਬਲ ਅੰਬੈਸਡਰ ਐਲਾਨਿਆ।
ਸਾਰਾਗੜ੍ਹੀ ਜੰਗ ’ਤੇ ਬਣੀ ਫਿਲਮ ਕੇਸਰੀ ਦੀ ਪ੍ਰਮੋਸ਼ਨ ਲਈ ਪੰਜਾਬ ਪੁੱਜੇ ਅਕਸ਼ੈ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਕਸ਼ੈੇ ਕੁਮਾਰ ਨੇ ਇਸ ਮੌਕੇ ਕਿਹਾ ਕਿ ਜੋ ਵੱਡਾ ਮਾਣ-ਸਨਮਾਨ ਸਾਰਾਗੜ੍ਹੀ ਫਾਉੂਡੇਂਸ਼ਨ ਵੱਲੋਂ ਉਨ੍ਹਾਂ ਨੂੰ ਬਖਸ਼ਿਆ ਗਿਆ ਹੈ, ਇਸ ਲਈ ਉਹ ਜੱਥੇਬੰਦੀ ਦਾ ਰਿਣੀ ਰਹਿਣਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਸਾਰਾਗੜ੍ਹੀ ਫਾਉੂਂਡੇਸ਼ਨ ਵੱਲੋਂ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਕੀਤੇ ਜਾਣ ਵਾਲੇ ਸਮਾਗਮਾਂ ਅੰਦਰ ਉਹ ਉਚੇਚੇ ਤੌਰ ’ਤੇ ਆਪਣੀ ਹਾਜ਼ਰੀ ਭਰਨਗੇ ਅਤੇ ਦੁਨੀਆਂ ਦੇ ਲੋਕਾਂ ਨੂੰ ਸਾਰਾਗੜ੍ਹੀ ਦੀ ਇਤਿਹਾਸਕ ਲੜਾਈ ਦੀ ਮਹੱਤਤਾ ਨੂੰ ਦੱਸਣ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ। ਸਾਰਾਗੜ੍ਹੀ ਫਾਉੂਂਡੇਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ, ਫ਼ਿਲਮ ਕੇਸਰੀ ਦੇ ਡਾਇਰੈਕਟਰ ਅਨੁਰਾਗ ਸਿੰਘ ਸਮੇਤ ਕਈ ਪਤਵੰਤੇ ਇਸ ਮੌਕੇ ਹਾਜ਼ਰ ਸਨ।