Home / ਮੁੱਖ ਖਬਰਾਂ (page 13)

ਮੁੱਖ ਖਬਰਾਂ

ਪਾਕਿਸਤਾਨ ਦੀ ਬੋਲੀ ਬੋਲ ਰਹੀਆਂ ਨੇ ਵਿਰੋਧੀ ਧਿਰਾਂ: ਮੋਦੀ

ਜਮੂਈ (ਬਿਹਾਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੇ ਜਮੂਈ ਵਿਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਕੀਤੀ ਪਹਿਲੀ ਸਿਆਸੀ ਰੈਲੀ ਵਿਚ ਵਿਰੋਧੀ ਧਿਰ ਨੂੰ ਪਾਕਿਸਤਾਨ ਦਾ ਤਰਜਮਾਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਸਣੇ ਵਿਰੋਧੀ ਧਿਰਾਂ ਅਤਿਵਾਦੀ ਕੈਂਪਾਂ ’ਤੇ ਹਮਲੇ ਦੇ ਸਬੂਤ ਮੰਗ ਰਹੀਆਂ ਹਨ, ਉਹ ਭਾਰਤੀ ਦੀ ਨੁਮਾਇੰਦਗੀ ਘੱਟ ਤੇ ਪਾਕਿਸਤਾਨ ਦੀ ਜ਼ਿਆਦਾ ਕਰਦੀਆਂ ਜਾਪ ਰਹੀਆਂ ਹਨ। ਮੋਦੀ ਨੇ ਇਸ ਮੌਕੇ ਕਿਹਾ ਕਿ ਵੋਟਰ ਹੀ ਫ਼ੈਸਲਾ ਕਰੇਗਾ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੇ ਲੋਕ ਸਰਕਾਰ ਵਿਚ ਚਾਹੀਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਉਮਰ ਅਬਦੁੱਲਾ ਦੇ ਉਸ ਬਿਆਨ ਦੀ ਵੀ ਨਿਖੇਧੀ ਕੀਤੀ, ਜਿਸ ਵਿਚ ਉਨ੍ਹਾਂ ਜੰਮੂ ਕਸ਼ਮੀਰ ਲਈ ਪ੍ਰਧਾਨ ਮੰਤਰੀ ਦਾ ਅਹੁਦਾ ਦੁਬਾਰਾ ਕਾਇਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਦੇ ਭਾਈਵਾਲ ਕਾਂਗਰਸ ਤੇ ਆਰਜੇਡੀ ਹੁਣ ਅਬਦੁੱਲਾ ਦੇ ਬਿਆਨ ਬਾਰੇ ਰੁਖ਼ ਸਪੱਸ਼ਟ ਕਰਨ। ਲਾਲੂ ਪ੍ਰਸਾਦ ਯਾਦਵ ਦੀ ਅਗਵਾਈ ਵਾਲੀ ਆਰਜੇਡੀ ’ਤੇ ਨਿਸ਼ਾਨਾ ਸਾਧਦਿਆਂ ਮੋਦੀ ਨੇ ਕਿਹਾ ਕਿ ਜੈਪ੍ਰਕਾਸ਼ ਨਾਰਾਇਣ ਦਾ ਨਾਂ ਲੈਣ ਵਾਲੇ ਹੁਣ ਕਾਂਗਰਸ ਦੀ ਗੋਦੀ ਵਿਚ ਬਹਿ ਗਏ ਹਨ। ਉਨ੍ਹਾਂ ਕਿਹਾ ਕਿ ਐੱਸਸੀ-ਐੱਸਟੀ ਤੇ ਓਬੀਸੀ ਲਈ ਰਾਖ਼ਵਾਂਕਰਨ ਖ਼ਤਮ ਕਰਨ ਦਾ ਭਾਜਪਾ ਦਾ ਕੋਈ ਇਰਾਦਾ ਨਹੀਂ ਹੈ।
ਉਨ੍ਹਾਂ ਕਿਹਾ ਕਿ ਇਸ ਬਾਰੇ ਵਿਰੋਧੀ ਧਿਰਾਂ ਕੂੜ ਪ੍ਰਚਾਰ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੜੀਸਾ ਵਿਚ ਨਵੀਨ ਪਟਨਾਇਕ ਸਰਕਾਰ ’ਤੇ ਕੇਂਦਰ ਦਾ ‘ਸਹਿਯੋਗ ਨਾ ਕਰਨ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਯੋਜਨਾਵਾਂ ਦਾ ਆਸਰਾ ਨਹੀਂ ਲਿਆ। ਮੋਦੀ ਨੇ ਉੜੀਸਾ ਦੇ ਇਸ ਪੱਛਮੀ ਸ਼ਹਿਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਸਰਕਾਰ ਦੇ ਉਦਾਸੀਨ ਰਵੱਈਏ ਦੇ ਬਾਵਜੂਦ ਕੇਂਦਰ ਨੇ ਵਿਕਾਸ ਯੋਜਨਾਵਾਂ ਸ਼ੁਰੂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਮੋਦੀ ਨੇ ਕੇਂਦਰ ਤੇ ਰਾਜ ਵਿਚ ਭਾਜਪਾ ਦੀ ਦੋਹਰੀ ਸਰਕਾਰ ਲਈ ਲੋਕਾਂ ਨੂੰ ਵੋਟਾਂ ਦੇਣ ਦੀ ਅਪੀਲ ਕੀਤੀ।

ਪੰਜਾਬ ’ਚ ਕਾਂਗਰਸ ਨੇ ਛੇ ਉਮੀਦਵਾਰ ਐਲਾਨੇ

ਚੰਡੀਗੜ੍ਹ-ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਨੇ ਪੰਜਾਬ ਦੇ ਛੇ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਕਮੇਟੀ ਨੇ ਚਾਰ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ। ਜਦਕਿ ਹੁਸ਼ਿਆਰਪੁਰ (ਰਾਖ਼ਵੇਂ) ਹਲਕੇ ਤੋਂ ਕਾਂਗਰਸ ਨੇ ਚੱਬੇਵਾਲ ਹਲਕੇ ਤੋਂ ਵਿਧਾਇਕ ਡਾ. ਰਾਜ ਕੁਮਾਰ ਨੂੰ ਉਮੀਦਵਾਰ ਐਲਾਨਿਆ ਹੈ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ, ਗੁਰਦਾਸਪੁਰ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਜਲੰਧਰ ਤੋਂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰ ਐਲਾਨਿਆ ਹੈ। ਚੋਣ ਕਮੇਟੀ ਨੇ ਸਾਰੇ ਮੌਜੂਦਾ ਲੋਕ ਸਭਾ ਮੈਂਬਰਾਂ ਨੂੰ ਟਿਕਟ ਦੇਣ ਦੀ ਨੀਤੀ ਤਹਿਤ ਵਿਰੋਧ ਦੇ ਬਾਵਜੂਦ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਸਾਬਕਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧ ਦੇ ਬਾਵਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦਿੱਤੀ ਗਈ ਹੈ। ਕੈਪਟਨ ਨੇ ਕੁਝ ਸਮਾਂ ਪਹਿਲਾਂ ਪਠਾਨਕੋਟ ਫੇਰੀ ਸਮੇਂ ਸ੍ਰੀ ਜਾਖੜ ਨੂੰ ਗੁਰਦਾਸਪੁਰ ਤੋਂ ਟਿਕਟ ਦੇਣ ਦਾ ਸੰਕੇਤ ਦਿੱਤਾ ਸੀ। ਜਾਖੜ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੋ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ। ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਟਿਕਟ ਮਿਲਣਾ ਲਗਭਗ ਤੈਅ ਹੀ ਸੀ।
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੈਦਾਨ ਵਿਚ ਉਤਾਰ ਕੇ ਨੌਜਵਾਨ ਚਿਹਰੇ ਨੂੰ ਮੌਕਾ ਦਿੱਤਾ ਹੈ। ਇਸ ਹਲਕੇ ਤੋਂ ਸੰਤੋਸ਼ ਚੌਧਰੀ ਨੇ ਟਿਕਟ ਲੈਣ ਲਈ ਕਾਫੀ ਜ਼ੋਰ ਅਜ਼ਮਾਈ ਕੀਤੀ, ਪਰ ਗੱਲ ਨਹੀਂ ਬਣ ਸਕੀ। ਇਸ ਹਲਕੇ ਤੋਂ ਵਿਧਾਇਕ ਨੂੰ ਟਿਕਟ ਦੇਣ ਨਾਲ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਇਕ ਜਾਂ ਦੋ ਹੋਰ ਵਿਧਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ।
ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਵਿਚ ਹੋਈ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ, ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਹਾਜ਼ਰ ਸਨ।

ਹਰਿਆਣਾ ਨੇ ਨਹੀਂ ਦਿੱਤੀ ਰਾਮ ਰਹੀਮ ਤੋਂ ਪੁੱਛਗਿੱਛ ਦੀ ਇਜਾਜ਼ਤ

ਫ਼ਰੀਦਕੋਟ-ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ ਰੋਹਤਕ ਵਿਖੇ ਗਈ ਪ੍ਰੰਤੂ ਸੁਨਾਰੀਆ ਜੇਲ੍ਹ ‘ਚ ਬੰਦ ਡੇਰਾ ਮੁਖੀ ਨੂੰ ਮਿਲਣ ਦੀ ਇਜਾਜ਼ਤ ਨਾ ਮਿਲਣ ਕਰਕੇ ਜਾਂਚ ਟੀਮ ਡੇਰਾ ਮੁਖੀ ਨਾਲ ਕੋਈ ਪੁੱਛਗਿੱਛ ਨਹੀਂ ਕਰ ਸਕੀ | ਵਿਸ਼ੇਸ਼ ਜਾਂਚ ਟੀਮ ਵਲੋਂ 22 ਮਾਰਚ ਤੋਂ ਹੀ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਹਰਿਆਣਾ ਸਰਕਾਰ ਨਾਲ ਸੰਪਰਕ ਬਣਾਇਆ ਹੋਇਆ ਸੀ ਅਤੇ ਇਸ ਸਬੰਧੀ ਬਕਾਇਦਾ ਤੌਰ ‘ਤੇ ਜਾਂਚ ਟੀਮ ਵਲੋਂ ਪੰਜਾਬ ਸਰਕਾਰ ਰਾਹੀਂ ਹਰਿਆਣਾ ਸਰਕਾਰ ਦੇ ਜੇਲ੍ਹ ਵਿਭਾਗ ਨਾਲ ਰਾਬਤਾ ਕਾਇਮ ਕੀਤਾ ਹੋਇਆ ਸੀ | ਅੱਜ ਜਦੋਂ ਜਾਂਚ ਟੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਪੁੱਜੀ ਤਾਂ ਜੇਲ੍ਹ ਅਧਿਕਾਰੀਆਂ ਨੇ ਡੇਰਾ ਮੁਖੀ ਨਾਲ ਮੁਲਾਕਾਤ ਕਰਵਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਜਾਂਚ ਟੀਮ ਡੇਰਾ ਮੁਖੀ ਤੋਂ ਕਿਸੇ ਮਾਮਲੇ ਦੀ ਪੜਤਾਲ ਕਰਨਾ ਚਾਹੁੰਦੀ ਹੈ ਤਾਂ ਉਹ ਜ਼ਿਲ੍ਹਾ ਮੈਜਿਸਟਰੇਟ ਤੋਂ ਇਜਾਜ਼ਤ ਲੈ ਕੇ ਆਉਣ | ਕੋਸ਼ਿਸ਼ਾਂ ਦੇ ਬਾਵਜੂਦ ਜਾਂਚ ਟੀਮ ਨੂੰ ਜ਼ਿਲ੍ਹਾ ਮੈਜਿਸਟਰੇਟ ਨੇ ਪੁੱਛਗਿੱਛ ਦੀ ਇਜਾਜ਼ਤ ਨਹੀਂ ਦਿੱਤੀ | ਜਾਂਚ ਟੀਮ ਦੇ ਮੈਂਬਰ ਆਈ.ਜੀ. ਕੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਸੁਨਾਰੀਆ ਜੇਲ੍ਹ ‘ਚ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਹਰਿਆਣਾ ਸਰਕਾਰ ਨਾਲ ਮੁੜ ਸੰਪਰਕ ਕੀਤਾ ਜਾਵੇਗਾ ਤਾਂ ਕਿ ਜਾਂਚ ਨੂੰ ਅੱਗੇ ਤੋਰਿਆ ਜਾ ਸਕੇ | ਦਸਣਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਮੁਖੀ ਤੋਂ ਪੁੱਛਗਿੱਛ ਲਈ ਫ਼ਰੀਦਕੋਟ ਦੇ ਇਲਾਕਾ ਮੈਜਿਸਟਰੇਟ ਏਕਤਾ ਉਪਲ ਦੀ ਅਦਾਲਤ ‘ਚੋਂ 20 ਮਾਰਚ ਨੂੰ ਇਜਾਜ਼ਤ ਲੈ ਲਈ ਗਈ ਸੀ ਅਤੇ ਉਸ ਤੋਂ ਬਾਅਦ ਸਿਟ ਹਰਿਆਣਾ ਸਰਕਾਰ ਨਾਲ ਪੰਜਾਬ ਸਰਕਾਰ ਰਾਹੀਂ ਸੰਪਰਕ ‘ਚ ਸੀ ਅਤੇ 2 ਅਪ੍ਰੈਲ ਨੂੰ ਪੁੱਛਗਿੱਛ ਲਈ ਦਿਨ ਨਿਰਧਾਰਿਤ ਕੀਤਾ ਗਿਆ ਸੀ | ਬੇਅਦਬੀ ਕਾਂਡ ਦੀਆਂ ਵਾਪਰੀਆਂ ਘਟਨਾਵਾਂ ਤੋਂ ਬਾਅਦ ਰੋਸ ਪ੍ਰਦਰਸ਼ਨ ਦੌਰਾਨ ਵਾਪਰੀਆਂ ਘਟਨਾਵਾਂ ‘ਚ ਜਾਂਚ ਟੀਮ ਡੇਰਾ ਮੁਖੀ ਨੂੰ ਅਹਿਮ ਕੜੀ ਵਜੋਂ ਦੇਖ ਰਹੀ ਹੈ, ਜਿਸ ਕਰਕੇ ਡੇਰਾ ਮੁਖੀ ਤੋਂ ਇਨ੍ਹਾਂ ਮਾਮਲਿਆਂ ‘ਚ ਪੁੱਛਗਿੱਛ ਨੂੰ ਅਹਿਮ ਮੰਨਿਆ ਜਾ ਰਿਹਾ ਹੈ

ਰਾਮ ਰਹੀਮ ਤੋਂ ਪੁੱਛਗਿੱਛ ਕਰਨ ਲਈ SIT ਪਹੁੰਚੀ ਜੇਲ੍ਹ

ਚੰਡੀਗੜ੍ਹ- ਪੰਜਾਬ ਵਿਚ ਪਿਛਲੇ ਸਮਿਆਂ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਤੋਂ ਬਾਅਦ 2015 ‘ਚ ਹੋਈ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਈਰਿੰਗ ਦੀ ਜਾਂਚ ਕਰ ਰਹੀ SIT ਦੀ ਟੀਮ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੱਕ ਪਹੁੰਚ ਗਈ ਹੈ।SIT ਇਥੇ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ‘ਚ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਪਹੁੰਚੀ ਹੈ। ਪਰ ਅਜੇ ਤਕ SIT ਦੀ ਟੀਮ ਨੂੰ ਜੇਲ੍ਹ ‘ਚ ਜਾ ਕੇ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਨਹੀਂ ਮਿਲੀ। ਜੇਲ੍ਹ ਮੈਨੂਅਲ ਮੁਤਾਬਕ SIT ਟੀਮ ਨੂੰ ਡੀਐਮ ਤੋਂ ਵੀ ਆਗਿਆ ਲੈਣੀ ਜ਼ਰੂਰੀ ਹੈ। ਡੀਐਮ ਦੀ ਇਜਾਜ਼ਤ ਤੋਂ ਬਾਅਦ ਟੀਮ ਜੇਲ੍ਹ ‘ਚ ਬੰਦ ਕੈਦੀ ਤੋਂ ਪੁੱਛਗਿੱਛ ਕਰ ਸਕਦੀ ਹੈ।

ਖੰਨਾ ਪੁਲਿਸ ‘ਤੇ ਪਾਦਰੀ ਵੱਲੋਂ ਲਗਾਏ 6 ਕਰੋੜ ਦੇ ਇਲਜ਼ਾਮਾਂ ਦੀ ਆਈ.ਜੀ ਕਰਨਗੇ ਜਾਂਚ

ਚੰਡੀਗੜ੍ਹ-ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਖੰਨਾ ਪੁਲਿਸ ਵੱਲੋਂ ਹਾਲ ਹੀ ਵਿਚ ਰੋਮਨ ਕੈਥੋਲਿਕ ਗਿਰਜਾ ਘਰ ਦੇ ਪਾਦਰੀ ਦੇ ਜਲੰਧਰ ਸਥਿਤ ਘਰ ‘ਤੇ ਛਾਪਾ ਮਾਰ ਕੇ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪੰਜਾਬ ਪੁਲਿਸ ਸੂਤਰਾਂ ਅਨੁਸਾਰ ਜਾਂਚ ਆਈ ਜੀ ਕ੍ਰਾਈਮ ਪ੍ਰਵੀਨ ਕੁਮਾਰ ਸਿਨਹਾ ਨੂੰ ਦਿੱਤੀ ਗਈ ਹੈ।
ਗਿਰਜਾ ਘਰ ਦੇ ਜਲੰਧਰ ਦੇ ਪਾਦਰੀ ਐਂਥਨੀ ਮੈਡਾਸੇਰੀ ਨੇ ਐਤਵਾਰ ਨੂੰ ਪ੍ਰੈਸ ਕਾਂਨਫਰੰਸ ਕਰਕੇ ਖੰਨਾ ਪੁਲਿਸ ਵਿਰੁੱਧ 6.66 ਕਰੋੜ ਰੁਪਏ ਦੀ ਹੇਰਾਫੇਰੀ ਦਾ ਗੰਭੀਰ ਦੋਸ਼ ਲਗਾਏ ਸਨ। ਉਥੇ ਹੀ, ਪੁਲਿਸ ਵੱਲੋਂ ਅਪਣੇ ਪੱਧਰ ‘ਤੇ ਕੀਤੀ ਗਈ ਮੁੱਢਲੀ ਜਾਂਚ ਵਿਚ ਵੀਡੀਆਈਜੀ ਪੱਧਰ ਦੇ ਇਕ ਅਧਿਕਾਰੀ ਵੱਲੋਂ ਮਾਮਲੇ ‘ਤੇ ਸ਼ੱਕ ਜਤਾਉਂਦੇ ਹੋਏ ਇਸ ਦੀ ਉੱਚ ਪੱਧਰ ਜਾਂਚ ਦੀ ਸਿਫ਼ਾਰਿਸ਼ ਡੀਜੀਪੀ ਨੂੰ ਕੀਤੀ ਗਈ ਸੀ।
ਉਸ ਤੋਂ ਬਾਅਦ ਹੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਇਹ ਜਾਂਚ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ। ਯਾਦ ਰਹੇ ਕਿ ਖੰਨਾ ਪੁਲਿਸ ਦੇ ਐਸ.ਐਸ.ਪੀ ਧਰੁਵ ਦਹੀਆ ਵੱਲੋਂ ਪ੍ਰੈਸ ਕਾਂਨਫਰੰਸ ਕਰਕੇ ਇਹ ਖੁਲਾਸਾ ਕੀਤੀ ਗਿਆ ਸੀ ਕਿ ਛਾਪੇਮਾਰੀ ਵਿਚ 9.66 ਕਰੋੜ ਬਰਾਮਦ ਹੋਏ ਹਨ, ਜਦਕਿ ਪਾਦਰੀ ਦਾ ਕਹਿਣਾ ਹੈ ਕਿ ਉਕਤ ਰਾਸ਼ੀ 16 ਕਰੋੜ ਤੋਂ ਜ਼ਿਆਦਾ ਸੀ ਅਤੇ ਉਸ ਦਾ ਪੂਰਾ ਹਿਸਾਬ-ਕਿਸਾਬ ਉਨ੍ਹਾਂ ਦੋ ਕੋਲ ਮੌਜੂਦ ਹੈ ਅਤੇ ਉਕਤ ਰਾਸ਼ੀ ਉਸ ਸਮੇਂ ਜ਼ਬਤ ਕੀਤੀ ਗਈ ਜਦੋਂ ਬੈਂਕ ਦੇ ਅਧਿਕਾਰੀ ਉਸ ਨੂੰ ਜਮ੍ਹਾਂ ਕਰਨ ਲਈ ਗਿਣਤੀ ਕਰ ਰਹੇ ਸਨ।

ਜਥੇਦਾਰ ਨੇ ਦਰਸ਼ਨੀ ਡਿਉਢੀ ਢਾਹੁਣ ਦੀ ਜਾਂਚ ਰਿਪੋਰਟ ਮੰਗੀ

ਅੰਮ੍ਰਿਤਸਰ-ਤਰਨ ਤਾਰਨ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਰਿਪੋਰਟ ਮੰਗੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਨੇ ਨੁਕਸਾਨੀ ਇਮਾਰਤ ਦੇ ਹਿੱਸੇ ਦੀ ਮੁਰੰਮਤ ਅਤੇ ਇਸ ਦੀ ਸਾਂਭ-ਸੰਭਾਲ ਕਾਰ ਸੇਵਾ ਦੀ ਥਾਂ ਖੁਦ ਕੰਮ ਕਰਾਉਣ ਦਾ ਫ਼ੈਸਲਾ ਕੀਤਾ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਇਸ ਪੁਰਾਤਨ ਇਮਾਰਤ ਨੂੰ ਰਾਤ ਵੇਲੇ ਢਾਹੁਣ ਦਾ ਯਤਨ ਕੀਤਾ ਗਿਆ ਸੀ, ਜਿਸ ਦਾ ਸ਼੍ਰੋਮਣੀ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਅਤੇ ਮੁਅੱਤਲੀ ਦੌਰਾਨ ਉਸ ਨੂੰ ਹਰਿਆਣਾ ਸਥਿਤ ਜੀਂਦ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੂੰ ਇਸ ਸਬੰਧੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਈ ਹੈ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੱਜ ਇਸ ਮਾਮਲੇ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਮਾਮਲੇ ਦੀ ਜਾਂਚ ਰਿਪੋਰਟ ਮੰਗੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜੇ ਗਏ ਪੱਤਰ ਵਿਚ ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਦੀ ਪੁਰਾਤਨ ਇਮਾਰਤ ਨੂੰ ਢਾਹੇ ਜਾਣ ਦੀ ਸਿੱਖ ਜਗਤ ਵਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਇਸ ਸਬੰਧ ਸਿੱਖ ਸੰਗਤ ਨੇ ਇਤਰਾਜ਼ ਵੀ ਪ੍ਰਗਟ ਕੀਤੇ ਹਨ ਅਤੇ ਇਮਾਰਤ ਢਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ਤੁਰੰਤ ਅਕਾਲ ਤਖ਼ਤ ’ਤੇ ਭੇਜੀ ਜਾਵੇ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਨੂੰ ਮੰਦਭਾਗਾ ਆਖਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਨੇ ਦਰਸ਼ਨੀ ਡਿਉਢੀ ਦੀ ਦਿੱਤੀ ਕਾਰ ਸੇਵਾ ਵਾਪਸ ਲੈ ਲਈ ਹੈ ਅਤੇ ਹੁਣ ਇਹ ਕੰਮ ਸ਼੍ਰੋਮਣੀ ਕਮੇਟੀ ਵਲੋਂ ਖੁਦ ਕਰਵਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਇਮਾਰਤ ਦੇ ਜਿਸ ਹਿੱਸੇ ਨੂੰ ਨੁਕਸਾਨਿਆ ਗਿਆ ਹੈ, ਉਸ ਦੀ ਮੁਰੰਮਤ ਅਤੇ ਬਾਕੀ ਹਿੱਸੇ ਦੀ ਸਾਂਭ ਸੰਭਾਲ ਸ਼੍ਰੋਮਣੀ ਕਮੇਟੀ ਖੁਦ ਕਰੇਗੀ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਸ ਸਬੰਧੀ ਕੰਮ ਲੰਬਿਤ ਰੱਖਣ ਦਾ ਮਤਾ ਪਾਸ ਹੋਣ ਦੇ ਬਾਵਜੂਦ ਇਮਾਰਤ ਢਾਹੁਣ ਦਾ ਯਤਨ ਕਿਉਂ ਕੀਤਾ ਗਿਆ ਹੈ। ਉਨ੍ਹਾਂ ਇਸ ਸਬੰਧ ਵਿਚ ਜਾਂਚ ਕਮੇਟੀ ਨੂੰ ਜਲਦੀ ਰਿਪੋਰਟ ਸੌਂਪਣ ਵਾਸਤੇ ਆਖਿਆ ਹੈ।
ਇਸ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਅਕਾਲ ਪੁਰਖ ਕੀ ਫੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ, ਸਾਬਕਾ ਕੌਂਸਲਰ ਅਮਰਜੀਤ ਸਿੰਘ, ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਹਰਵਿੰਦਰਪਾਲ ਸਿੰਘ ਆਦਿ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਨਾਂ ਜਾਰੀ ਕੀਤੇ ਪੱਤਰ ਵਿਚ ਆਖਿਆ ਕਿ ਦਰਸ਼ਨੀ ਡਿਉਢੀ ਢਾਹੁਣ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟਤਾ ਨਾਲ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬਿਆਂ ਨੂੰ ਡਿਉਢੀ ਤੋੜਣ ਤੋਂ ਰੋਕਿਆ ਸੀ ਤਾਂ ਢਾਹੁਣ ਵਾਲਿਆਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਨਿਰਦੋਸ਼ ਹੈ ਤਾਂ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਨੂੰ ਕਟਹਿਰੇ ਵਿਚ ਖੜ੍ਹੇ ਕਰੇ। ਇਸ ਦੌਰਾਨ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਨੇ ਵੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।

ਅਕਾਲੀ ਦਲ ਵਲੋਂ 5 ਉਮੀਦਵਾਰਾਂ ਦਾ ਰਸਮੀ ਐਲਾਨ

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ 5 ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰਾਂ ਦਾ ਰਸਮੀ ਤੌਰ ‘ਤੇ ਐਲਾਨ ਕਰ ਦਿੱਤਾ ਹੈ। ਇਨ੍ਹਾਂ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹਲਕਾ ਖਡੂਰ ਸਾਹਿਬ ਤੋਂ, ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਸ. ਚਰਨਜੀਤ ਸਿੰਘ ਅਟਵਾਲ ਜਲੰਧਰ (ਰਾਖਵਾਂ) ਤੋਂ, ਪ੍ਰੇਮ ਸਿੰਘ ਚੰਦੂਮਾਜਰਾ ਮੌਜੂਦਾ ਸੰਸਦ ਮੈਂਬਰ ਅਤੇ ਸੀਨੀਅਰ ਮੀਤ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ, ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪਟਿਆਲਾ ਹਲਕੇ ਤੋਂ ਅਤੇ ਸ. ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ ਸ੍ਰੀ ਫ਼ਤਹਿਗੜ੍ਹ ਸਾਹਿਬ (ਰਾਖਵਾਂ) ਹਲਕੇ ਤੋਂ ਚੋਣ ਲੜਨਗੇ। ਸ. ਬਾਦਲ ਨੇ ਕਿਹਾ ਕਿ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ।

ਭਾਰਤ ਦੀ 16 ਸੋਨ ਤਗ਼ਮਿਆਂ ਨਾਲ ਮੁਹਿੰਮ ਮੁਕੰਮਲ

ਨਵੀਂ ਦਿੱਲੀ-ਭਾਰਤੀ ਨਿਸ਼ਾਨੇਬਾਜ਼ਾਂ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਚੀਨੀ ਤਾਇਪੈ ਦੇ ਤਾਓਯੁਆਨ ਵਿੱਚ ਏਸ਼ਿਆਈ ਏਅਰਗੰਨ ਚੈਂਪੀਅਨਸ਼ਿਪ ਦੇ ਅੱਜ ਅੰਤਿਮ ਦਿਨ ਪੰਜ ਸੋਨ ਤਗ਼ਮੇ ਜਿੱਤ ਕੇ ਆਪਣੀ ਸੁਨਹਿਰੀ ਮੁਹਿੰਮ ਖ਼ਤਮ ਕੀਤੀ ਹੈ। ਭਾਰਤ ਨੇ ਮੁਕਾਬਲੇ ਵਿੱਚ 16 ਸੋਨੇ, ਪੰਜ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮਿਆਂ ਸਣੇ ਕੁੱਲ 25 ਤਗ਼ਮੇ ਜਿੱਤੇ ਹਨ। ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਯਸ਼ ਵਰਧਨ ਅਤੇ ਸ਼੍ਰੇਆ ਅਗਰਵਾਲ ਨੇ ਤਿੰਨ-ਤਿੰਨ ਸੋਨ ਤਗ਼ਮੇ ਫੁੰਡੇ। ਯਸ਼ ਨੇ ਪੁਰਸ਼ ਜੂਨੀਅਰ 10 ਮੀਟਰ ਏਅਰ ਰਾਈਫਲ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਹੈ। ਉਸ ਨੇ ਸਿਰਫ਼ ਪ੍ਰਜਾਪਤੀ ਅਤੇ ਐਸ਼ਵਰੀ ਤੋਮਰ ਨਾਲ ਮਿਲ ਕੇ ਟੀਮ ਸੋਨ ਤਗ਼ਮਾ ਵੀ ਜਿੱਤਿਆ। ਯਸ਼ ਨੇ 249.5 ਅੰਕ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਕੇਵਲ (247.3 ਅੰਕ) ਅਤੇ ਐਸ਼ਵਰੀ (226.1 ਅੰਕ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਫੁੰਡਿਆ।
ਇਸ ਤੋਂ ਪਹਿਲਾਂ ਯਸ਼ ਅਤੇ ਸ਼੍ਰੇਆ ਦੀ ਜੋੜੀ ਨੇ ਮਿਕਸਡ ਟੀਮ ਰਾਈਫਲ ਜੂਨੀਅਰ ਮੁਕਾਬਲੇ ਵਿੱਚ ਸੋਨ ਤਗ਼ਮਾ ਹਾਸਲ ਕੀਤਾ। ਸ਼੍ਰੇਆ ਨੇ 10 ਮੀਟਰ ਏਅਰ ਰਾਈਫਲ ਮਹਿਲਾ ਜੂਨੀਅਰ ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ ਮੇਹੁਲੀ ਘੋਸ਼ ਅਤੇ ਕਵੀ ਚੱਕਰਵਰਤੀ ਨਾਲ ਮਿਲ ਕੇ ਟੀਮ ਵਿੱਚ ਵੀ ਸੁਨਹਿਰੀ ਤਗ਼ਮੇ ’ਤੇ ਨਿਸ਼ਾਨਾ ਲਾਇਆ।
ਸ਼੍ਰੇਆ ਨੇ 24 ਸ਼ਾਟ ਮਾਰ ਕੇ ਫਾਈਨਲ ਵਿੱਚ 242.5 ਅੰਕ ਹਾਸਲ ਕੀਤੇ। ਮੇਹੁਲੀ ਨੂੰ 228.3 ਅੰਕਾਂ ਨਾਲ ਵਿਅਕਤੀਗਤ ਮੁਕਾਬਲੇ ਵਿੱਚ ਕਾਂਸੀ ਮਿਲੀ, ਜਦਕਿ ਕਵੀ ਚੌਥੇ ਸਥਾਨ ’ਤੇ ਰਹੀ। ਭਾਰਤੀ ਨਿਸ਼ਾਨੇਬਾਜ਼ਾਂ ਦੀ ਟੀਮ ਹੁਣ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਅਲ ਇਨ ਵਿੱਚ ਪੰਜ ਅਪਰੈਲ ਤੋਂ ਆਈਐਸਐਸਐਫ ਸ਼ਾਟਗੰਨ ਵਿਸ਼ਵ ਕੱਪ ਗੇੜ-2 ਵਿੱਚ ਹਿੱਸਾ ਲਵੇਗੀ।

ਯੂਪੀ ਦੇ ਮੁੱਖ ਮੰਤਰੀ ਵੱਲੋਂ ਭਾਰਤੀ ਸੈਨਾ ਨੂੰ ‘ਮੋਦੀ ਸੈਨਾ ਆਖਣ ਦਾ ਵਿਵਾਦਤ ਬਿਆਨ

ਗਾਜ਼ਿਆਬਾਦ – ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਥੇ ਚੋਣ ਪ੍ਰਚਾਰ ਦੌਰਾਨ ਭਾਰਤੀ ਸੈਨਾ ਨੂੰ ‘ਮੋਦੀ ਜੀ ਦੀ ਸੈਨਾ’ ਆਖਿਆ। ਇਸ ਦੌਰਾਨ ਚੋਣ ਕਮਿਸ਼ਨ ਨੇ ਗਾਜ਼ਿਆਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਰਿਪੋਰਟ ਤਲਬ ਕਰ ਲਈ ਹੈ। ਸ਼ਾਸਨ ਦੇ ਮੁੱਦੇ ’ਤੇ ਐਤਵਾਰ ਨੂੰ ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜੋ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਲਈ ‘ਅਸੰਭਵ’ ਸੀ, ਉਹ ਭਾਜਪਾ ਸ਼ਾਸਨ ਦੌਰਾਨ ਸੰਭਵ ਕਰ ਦਿਖਾਇਆ। ਉਨ੍ਹਾਂ ਕਿਹਾ ਕਿ ਮੋਦੀ ਹੈ ਤਾਂ ਹਰ ਗੱਲ ਮੁਮਕਿਨ ਹੈ।
ਸ੍ਰੀ ਅਦਿੱਤਿਆਨਾਥ ਨੇ ਕਿਹਾ,‘‘ਕਾਂਗਰਸ ਦੇ ਲੋਕ ਅਤਿਵਾਦੀਆਂ ਨੂੰ ਬਿਰਯਾਨੀ ਖਵਾਉਂਦੇ ਸਨ ਅਤੇ ਮੋਦੀ ਜੀ ਦੀ ਸੈਨਾ ਅਤਿਵਾਦੀਆਂ ਨੂੰ ਗੋਲੀ ਜਾਂ ਗੋਲਾ ਦਿੰਦੀ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਦੇ ਨਾਮ ਨਾਲ ‘ਜੀ’ ਵਰਤ ਕੇ ਅਤਿਵਾਦ ਨੂੰ ਉਤਸ਼ਾਹਿਤ ਕਰਦੇ ਹਨ। ਦੋਵੇਂ ਪਾਰਟੀਆਂ ’ਚ ਇਹੋ ਫ਼ਰਕ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਰਹੱਦ ਪਾਰ ਅਤਿਵਾਦੀਆਂ ਦੇ ਖ਼ਾਤਮੇ ਨੂੰ ਸੰਭਵ ਬਣਾਇਆ। ਮੌਜੂਦਾ ਕੇਂਦਰੀ ਮੰਤਰੀ ਵੀ ਕੇ ਸਿੰਘ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕੇਂਦਰ ’ਚ ਸ੍ਰੀ ਮੋਦੀ ਦੇ ਪੰਜ ਸਾਲਾਂ ਅਤੇ ਆਪਣੇ ਸੂਬੇ ਦੇ ਦੋ ਸਾਲਾਂ ਦੇ ਸ਼ਾਸਨ ਦੌਰਾਨ ਖ਼ਿੱਤੇ ਨੂੰ ਦਿੱਤੀਆਂ ਸੌਗਾਤਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਪੱਛਮੀ ਉੱਤਰ ਪ੍ਰਦੇਸ਼ ’ਚ ਸੁਰੱਖਿਆ ਦੇ ਹਾਲਾਤ ਸੁਧਰੇ ਹਨ ਅਤੇ ਹੁਣ ਕੋਈ ਵੀ ਮਹਿਲਾਵਾਂ, ਲੜਕੀਆਂ ਨਾਲ ਛੇੜਖਾਨੀ ਨਹੀਂ ਕਰ ਸਕਦਾ ਜਦਕਿ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਗਿਆ ਹੈ ਜਾਂ ਉਹ ਮਾਰੇ ਜਾ ਚੁੱਕੇ ਹਨ। ਯੂਪੀ ਦੇ ਮੁੱਖ ਮੰਤਰੀ ਵੱਲੋਂ ਭਾਰਤੀ ਸੈਨਾ ਨੂੰ ‘ਮੋਦੀ ਸੈਨਾ’ ਆਖਣਾ ਪ੍ਰੇਸ਼ਾਨ ਕਰਨ ਵਾਲਾ ਬਿਆਨ ਹੈ। ਸਾਨੂੰ ਆਪਣੀ ਸੈਨਾ ’ਤੇ ਮਾਣ ਹੈ। ਉਹ ਮੁਲਕ ਦੀ ਵੱਡੀ ਤਾਕਤ ਹੈ ਅਤੇ ਭਾਜਪਾ ਉਸ ਨੂੰ ਨਿੱਜੀ ਜਾਗੀਰ ਨਹੀਂ ਬਣਾ ਸਕਦੀ ਹੈ।

ਕਾਂਗਰਸ ਨੇ ਜੈਪੁਰ ਦਿਹਾਤੀ ਸੀਟ ਤੋਂ ਉਲੰਪੀਅਨ ਕ੍ਰਿਸ਼ਨਾ ਪੂਨੀਆ ਨੂੰ ਮੈਦਾਨ ‘ਚ ਉਤਾਰਿਆ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਆਪਣੀ 9ਵੀਂ ਸੂਚੀ ਜਾਰੀ ਕਰਦਿਆਂ ਜੈਪੁਰ ਦਿਹਾਤੀ ਹਲਕੇ ਤੋਂ ਉਲੰਪੀਅਨ ਡਿਸਕਸ ਥ੍ਰੋਅਰ ਕ੍ਰਿਸ਼ਨਾ ਪੂਨੀਆ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ। ਇਸ ਨਾਲ ਕਾਂਗਰਸ ਹੁਣ ਤੱਕ 325 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਤਿੰਨ ਵਾਰ ਉਲੰਪਿਕ ‘ਚ ਭਾਗ ਲੈਣ ਵਾਲੀ ਪੂਨੀਆ ਫਿਲਹਾਲ ਰਾਜਸਥਾਨ ਦੇ ਸਾਦੁਲਪੁਰ ਹਲਕੇ ਤੋਂ ਵਿਧਾਇਕ ਹੈ। ਉਹ ਉਲੰਪਿਕ ‘ਚ ਤਗਮਾ ਜੇਤੂ ਅਤੇ ਮੌਜੂਦਾ ਕੇਂਦਰੀ ਮੰਤਰੀ ਰਾਜਵਰਧਨ ਰਾਠੌਰ ਖ਼ਿਲਾਫ਼ ਚੋਣ ਲੜੇਗੀ। ਪਾਰਟੀ ਵਲੋਂ ਅੱਜ ਜਿਨ੍ਹਾਂ ਉਮੀਦਵਾਰਾਂ ਦੇ ਨਾਂਅ ਐਲਾਨ ਕੀਤੇ ਗਏ, ਉਨ੍ਹਾਂ ‘ਚੋਂ 6 ਰਾਜਸਥਾਨ ਤੋਂ, 2 ਮਹਾਰਾਸ਼ਟਰ ਤੋਂ ਅਤੇ ਇਕ ਗੁਜਰਾਤ ਤੋਂ ਹੈ। ਪਾਰਟੀ ਨੇ ਪੁਣੇ ਤੋਂ ਮੋਹਨ ਜੋਸ਼ੀ ਨੂੰ ਟਿਕਟ ਦਿੱਤੀ ਹੈ