Home / ਮੁੱਖ ਖਬਰਾਂ (page 12)

ਮੁੱਖ ਖਬਰਾਂ

ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗੋਲੀ ਮਾਰਨ ਦੇ ਬਿਆਨ ‘ਚ ਬੁਰੀ ਤਰ੍ਹਾਂ ਘਿਰੇ ਸਾਬਕਾ ਅਕਾਲੀ ਮੰਤਰੀ

ਕੋਟਕਪੂਰਾ- ਭਾਵੇਂ ਬੇਅਦਬੀ ਅਤੇ ਗੋਲੀਕਾਂਡ ਦੀਆਂ ਵਾਪਰੀਆਂ ਦੁਖਦਾਇਕ ਘਟਨਾਵਾਂ ਦਾ ਸੇਕ ਅਕਾਲੀ ਦਲ ਬਾਦਲ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਬੁਰੀ ਤਰ੍ਹਾਂ ਲੱਗਾ ਅਤੇ ਆਸ ਮੁਤਾਬਕ ਲੋਕ ਸਭਾ ਚੋਣਾਂ ‘ਚ ਵੀ ਉਕਤ ਸੇਕ ਲੱਗਣ ਦੀਆਂ ਕਿਆਸ ਅਰਾਈਆਂ ਲੱਗ ਰਹੀਆਂ ਸਨ। ਇਸੇ ਲੜੀ ਤਹਿਤ ਅਕਾਲੀ ਦਲ ਬਾਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਐਲਾਨੇ ਗਏ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਪਹਿਲੀ ਪ੍ਰੈਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕੀਤੀ ਬਿਆਨਬਾਜ਼ੀ ਵੀ ਅਕਾਲੀ ਦਲ ਲਈ ਪੁੱਠੀ ਪੈਂਦੀ ਪ੍ਰਤੀਤ ਹੋ ਰਹੀ ਹੈ।
ਇਕ ਸਵਾਲ ਦੇ ਜਵਾਬ ‘ਚ ਗੁਲਜ਼ਾਰ ਸਿੰਘ ਰਣੀਕੇ ਅਤੇ ਸਿਕੰਦਰ ਸਿੰਘ ਮਲੂਕਾ ਨੇ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਵਿਰੁਧ ਨਜ਼ਲਾ ਝਾੜਦਿਆਂ ਇਥੋਂ ਤਕ ਆਖ ਦਿਤਾ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਚੌਕ ‘ਚ ਖੜਾ ਕਰ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਉਨ੍ਹਾਂ ‘ਸਿੱਟ’ ਦੇ ਪੱਖਪਾਤੀ ਰਵਈਏ ਦੀ ਵੀ ਨੁਕਤਾਚੀਨੀ ਕੀਤੀ। ਰਣੀਕੇ ਅਤੇ ਮਲੂਕਾ ਦੇ ਸੋਸ਼ਲ ਮੀਡੀਏ ਰਾਹੀਂ ਜਨਤਕ ਹੋਏ ਬਿਆਨ ਨੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ ‘ਤੇ ਮੱਲਮ ਲਾਉਣ ਦੀ ਬਜਾਇ ਨਮਕ ਛਿੜਕਣ ਦਾ ਕੰਮ ਕੀਤਾ ਹੈ। ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਬੇਟੇ ਸੁਖਰਾਜ ਸਿੰਘ ਨੇ ਰਣੀਕੇ ਅਤੇ ਮਲੂਕੇ ਨੂੰ ਪੁਛਿਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਚੋਰੀ ਕਰਨ ਅਤੇ ਪਾਵਨ ਸਰੂਪ ਬਰਗਾੜੀ ਵਿਖੇ ਹੀ ਹੋਣ ਦਾ ਦਾਅਵਾ ਕਰਦਿਆਂ ਡੇਰਾ ਪ੍ਰੇਮੀਆਂ ਨੇ ਬਕਾਇਦਾ ਹੱਥ ਲਿਖਤ ਪੋਸਟਰ ਲਾਏ ਸਨ ਤਾਂ ਪੰਜਾਬ ‘ਚ ਅਕਾਲੀਆਂ ਦੀ ਸਰਕਾਰ ਹੋਣ ਦੇ ਬਾਵਜੂਦ ਅਕਾਲੀ ਦਲ ਦੀ ਪੁਲਿਸ ਨੇ ਕਿਸੇ ਵੀ ਡੇਰਾ ਪ੍ਰੇਮੀ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਜਾਂ ਪੁਛਗਿਛ ਕਰਨ ਵਾਸਤੇ ਕਿਉਂ ਸੱਦਿਆ?
ਹੁਣ ਜਦੋਂ ਡੇਰਾ ਪ੍ਰੇਮੀਆਂ ਨੇ ਪਾਵਨ ਸਰੂਪ ਚੋਰੀ ਕਰਨ, ਭੜਕਾਊ ਪੋਸਟਰ ਲਾਉਣ ਅਤੇ ਬੇਅਦਬੀ ਕਾਂਡ ਨੂੰ ਅੰਜਾਮ ਦੇਣ ਦੀ ਗੱਲ ਅਦਾਲਤ ‘ਚ ਇਕਬਾਲੀਆ ਬਿਆਨ ਦਰਜ ਕਰਾਉਂਦਿਆਂ ਪ੍ਰਵਾਨ ਕਰ ਲਈ ਹੈ ਤਾਂ ਕਿਸੇ ਵੀ ਅਕਾਲੀ ਆਗੂ ਨੇ ਡੇਰਾ ਪ੍ਰੇਮੀਆਂ ਵਿਰੁਧ ਬਿਆਨ ਜਾਰੀ ਕਰਨ ਦੀ ਜ਼ਰੂਰਤ ਕਿਉਂ ਨਾ ਸਮਝੀ? ਜੇਕਰ ਅਕਾਲੀਆਂ ਨੂੰ ਜਸਟਿਸ ਰਣਜੀਤ ਸਿੰਘ, ਜਸਟਿਸ ਮਾਰਕੰਡੇ ਕਾਟਜੂ ਅਤੇ ਐਸਆਈਟੀ ਦੀਆਂ ਜਾਂਚ ਰੀਪੋਰਟਾਂ ਉਪਰ ਭਰੋਸਾ ਨਹੀਂ ਤਾਂ ਉਨ੍ਹਾਂ ਬਾਦਲ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਨੂੰ ਲਾਗੂ ਕਿਉਂ ਨਾ ਕੀਤਾ? ਸੁਖਰਾਜ ਸਿੰਘ ਨੇ ਦੋਸ਼ ਲਾਇਆ ਕਿ ਜੇਕਰ ਬੇਅਦਬੀ ਕਾਂਡ ਦੇ ਮੁੱਦੇ ‘ਤੇ ਅਕਾਲੀ ਆਗੂ ਇਮਾਨਦਾਰ ਹੁੰਦੇ ਤਾਂ ਉਹ ਕੁੰਵਰਵਿਜੈ ਪ੍ਰਤਾਪ ਸਿੰਘ ਦਾ ਵਿਰੋਧ ਕਰਨ ਦੀ ਬਜਾਇ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ।

ਹਵਾਲਗੀ ਖ਼ਿਲਾਫ ਮਾਲਿਆ ਦੀ ਅਰਜ਼ੀ ਯੂ.ਕੇ. ਹਾਈ ਕੋਰਟ ਵੱਲੋਂ ਖਾਰਜ

ਲੰਡਨ-ਯੂਕੇ ਹਾਈ ਕੋਰਟ ਨੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀ ਹਵਾਲਗੀ ਨੂੰ ਚੁਣੌਤੀ ਦੇਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਨਾਲ ਭਾਰਤ ਕਥਿਤ ਧੋਖਾਧੜੀ ਅਤੇ ਕਾਲੇ ਧਨ ਨੂੰ ਸਫੇਦ ਕਾਰਨ ਦੇ ਦੋਸ਼ਾਂ ਵਿੱਚ ਲੋੜੀਂਦੇ ਵਪਾਰੀ ਨੂੰ ਭਾਰਤ ਲਿਆਉਣ ਵਿੱਚ ਇਕ ਕਦਮ ਅੱਗੇ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮੁਖੀ ਨੇ ਆਪਣੀ ਹਵਾਲਗੀ ਦੇ ਹੁਕਮਾਂ ਖ਼ਿਲਾਫ਼ 14 ਫਰਵਰੀ ਨੂੰ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ਵਿੱਚ ਉਸ ਨੇ ਅਪੀਲ ਕਰਨ ਲਈ ਛੁੱਟੀ ਦੀ ਮੰਗ ਕੀਤੀ ਸੀ। ਮਾਲਿਆ ਦੇ ਹਵਾਲਗੀ ਹੁਕਮਾਂ ’ਤੇ ਯੂਕੇ ਦੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੇ ਦਸਤਖ਼ਤ ਕੀਤੇ ਸਨ। ਨਿਆਂਪਾਲਿਕਾ ਦੇ ਬੁਲਾਰੇ ਨੇ ਕਿਹਾ ਕਿ ਜਸਟਿਸ ਵਿਲੀਅਮ ਡੇਵਿਸ ਨੇ ਪੰਜ ਅਪਰੈਲ ਨੂੰ ਮਾਲਿਆ ਦੀ ਅਪੀਲ ਖਾਰਜ ਕੀਤੀ ਸੀ। ਬੁਲਾਰੇ ਨੇ ਕਿਹਾ ਕਿ ਅਪੀਲਕਰਤਾ (ਮਾਲਿਆ) ਕੋਲ ਮੌਖਿਕ ਅਪੀਲ ਲਈ ਪੰਜ ਦਿਨ ਹਨ। ਜੇ ਉਹ ਮੜ ਨਜ਼ਰਸਾਨੀ ਦੀ ਅਪੀਲ ਕਰਦਾ ਹੈ ਤਾਂ ਇਹ ਹਾਈ ਕੋਰਟ ਵਿੱਚ ਸੂਚੀਬੱਧ ਹੋਵੇਗੀ ਅਤੇ ਇਸ ’ਤੇ ਮੌਖਿਕ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਮਾਲਿਆ ਦੀ ਅਪੀਲ ਖਾਰਜ ਕਰਨ ਦਾ ਇਹ ਅਰਥ ਨਹੀਂ ਕਿ ਇਸ ਮਾਮਲੇ ਵਿੱਚ ਅਪੀਲ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਮੌਜੂਦਾ ਫੈਸਲੇ ਨੂੰ ਭਾਰਤ ਦੇ ਹੱਕ ਵਿੱਚ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਵਿਜੈ ਮਾਲਿਆ 2016 ਵਿੱਚ ਭਾਰਤ ਤੋਂ ਵਿਦੇਸ਼ ਭੱਜ ਗਿਆ ਸੀ।

ਪੰਜਾਬੀ ਪ੍ਰੋਫੈਸਰ ਨੂੰ ਏਅਰ ਇੰਡੀਆ ਨੇ ਜਹਾਜ਼ ਤੋਂ ਹੇਠਾਂ ਲਾਹੁਣਾ ਪਿਆ ਮਹਿੰਗਾ, ਭਰਨਾ ਪਵੇਗਾ ਲੱਖਾਂ ਦਾ ਜ਼ੁਰਮਾਨਾ

ਨਵੀਂ ਦਿੱਲੀ-ਏਅਰ ਇੰਡੀਆ ਨੇ ਪੰਜਾਬੀ ਮੁਸਾਫਰ ਨੂੰ ਫਲਾਈਟ ਤੋਂ ਉਤਾਰ ਦਿੱਤਾ, ਜਿਸ ਦਾ ਖਾਮਿਆਜ਼ਾ ਨੂੰ ਇੱਕ ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਦੇ ਕੇ ਚੁਕਾਉਣਾ ਪਿਆ। ਮੁਹਾਲੀ ਨਿਵਾਸੀ ਤੇ ਭੌਤਿਕ ਵਿਗਿਆਨ ਦੇ ਪ੍ਰੋਫੈਸਰ ਸਰਦੂਲ ਸਿੰਘ ਘੁੰਮਣ ਸਾਇੰਸ ਕਾਨਫਰੰਸ ਲਈ ਨੀਦਰਲੈਂਡ ਗਏ ਸੀ। ਉੱਥੋਂ ਉਹ ਨਵੀਂ ਦਿੱਲੀ ਏਅਰਪੋਰਟ ‘ਤੇ ਉੱਤਰੇ, ਪਰ ਨਵੀਂ ਦਿੱਲੀ ਏਅਰਪੋਰਟ ਤੋਂ ਚੰਡੀਗੜ੍ਹ ਦੀ ਫਲਾਈਟ ‘ਚੋਂ ਉਨ੍ਹਾਂ ਨੂੰ ਬਿਨਾ ਕਾਰਨ ਦੱਸੇ ਹੀ ਉਤਾਰ ਦਿੱਤਾ ਗਿਆ। ਘਟਨਾ ਸਾਲ 2015 ਦੀ ਹੈ।
ਇਸ ਦੀ ਸ਼ਿਕਾਇਤ ਪ੍ਰੋਫੈਸਰ ਘੁੰਮਣ ਨੇ ਕੰਜ਼ਿਊਮਰ ਕੋਰਟ ‘ਚ ਕੀਤੀ। ਖਪਤਕਾਰ ਫੋਰਮ ਨੇ ਏਅਰ ਇੰਡੀਆ ਵੱਲੋਂ ਸ਼ਿਕਾਈਤਕਰਤਾ ਨੂੰ ਪੰਜ ਹਜ਼ਾਰ ਰੁਪਏ ਹਰਜ਼ਾਨਾ ਅਤੇ ਪੰਜ ਹਜ਼ਾਰ ਰੁਪਏ ਕੇਸ ਖ਼ਰਚ ਦੇਣ ਦੇ ਆਦੇਸ਼ ਦਿੱਤੇ ਸੀ। ਪਰ ਸ਼ਿਕਾਇਤ ਕਰਤਾ ਫੋਰਮ ਦੇ ਫੈਸਲੇ ਤੋਂ ਖੁਸ਼ ਨਹੀਂ ਸੀ ਅਤੇ ਉਸ ਨੇ ਸਟੇਟ ਕਮਿਸ਼ਨ ‘ਚ ਮਾਮਲੇ ਦੀ ਅਪੀਲ ਕੀਤੀ।
ਹੁਣ ਸਟੇਟ ਕਮਿਸ਼ਨ ਨੇ ਏਅਰ ਇੰਡੀਆ ਨੂੰ ਇੱਕ ਲੱਖ ਰੁਪਏ 10 ਫ਼ੀਸਦ ਵਿਆਜ ਦੇ ਨਾਲ ਹਰਜ਼ਾਨਾ ਅਤੇ ਪੰਜ ਹਜ਼ਾਰ ਕੇਸ ਖ਼ਰਚ ਦੇਣ ਦੇ ਆਦੇਸ਼ ਕੰਪਨੀ ਨੂੰ ਜਾਰੀ ਕੀਤੇ ਹਨ। ਸ਼ਿਕਾਇਤ ਕਰਤਾ ਨੂੰ ਨਵੀਂ ਦਿੱਲੀ ਤੋਂ ਚੰਡੀਗੜ੍ਹ ਲਈ ਟੈਕਸੀ ਕਿਰਾਇਆ 5500 ਰੁਪਏ ਵੀ ਦੇਣ ਦੇ ਆਦੇਸ਼ ਦਿੱਤੇ ਗਏ ਹਨ।

ਸੁਪਰੀਮ ਕੋਰਟ ‘ਚ 15 ਅਪ੍ਰੈਲ ਨੂੰ ਹੋਵੇਗੀ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ

ਨਵੀਂ ਦਿੱਲੀ-1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਨੂੰ ਸੁਪਰੀਮ ਕੋਰਟ ਨੇ 15 ਅਪ੍ਰੈਲ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਦੱਸ ਦਈਏ ਕਿ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ‘ਚ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

‘ਸਪੀਡਬ੍ਰੇਕਰ’ ਦੀਦੀ ਨੂੰ ਹਾਰ ਨਜ਼ਰ ਆਉਣ ਲੱਗੀ: ਮੋਦੀ

ਕੂਚ ਬਿਹਾਰ/ਉਦੈਪੁਰ (ਤ੍ਰਿਪੁਰਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਖ਼ਿਲਾਫ਼, ਚੋਣ ਕਮਿਸ਼ਨ ਤੇ ਉਨ੍ਹਾਂ ਦੇ ਨਾਲ ਕੰਮ ਕਰਦੇ ਅਧਿਕਾਰੀਆਂ ਵਿਰੁੱਧ ਭੜਾਸ ਕੱਢ ਰਹੀ ਹੈ, ਤੋਂ ਜ਼ਾਹਿਰ ਹੁੰਦਾ ਹੈ ਕਿ ‘ਦੀਦੀ’ ਨੂੰ ਹਾਰ ਨਜ਼ਰ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਡਰੀ ਹੋਈ ਹੈ। ਮੋਦੀ ਨੇ ਮਮਤਾ ਨੂੰ ‘ਬੰਗਾਲ ਦੀ ਸਪੀਡਬ੍ਰੇਕਰ ਦੀਦੀ’ ਕਰਾਰ ਦਿੰਦਿਆਂ ਕਿਹਾ ਕਿ ਰੈਲੀ ਵਿਚ ਲੋਕਾਂ ਦਾ ਉਤਸ਼ਾਹ ਭਾਜਪਾ ਦੇ ਹੱਕ ਵਿਚ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਲੋਕ ਰੈਲੀਆਂ ਵਿਚ ‘ਮੋਦੀ ਮੋਦੀ’ ਦੇ ਨਾਅਰੇ ਲਾਉਂਦੇ ਹਨ, ਮਮਤਾ ਬੈਨਰਜੀ ਦੀ ਨੀਂਦ ਉੱਡ ਜਾਂਦੀ ਹੈ। ਜ਼ਿਕਰਯੋਗ ਹੈ ਕਿ ਮੋਦੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਸੂਬੇ ਦੇ00 ਵਿਕਾਸ ਵਿਚ ਅੜਿੱਕਾ ਦੱਸਦਿਆਂ ‘ਸਪੀਡਬ੍ਰੇਕਰ’ ਕਿਹਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਰੈਲੀ ਵਿਚ ਅੜਿੱਕਾ ਪਾਉਣ ਦੇ ਯਤਨ ਕੀਤੇ ਗਏ ਹਨ। ਦੱਸਣਯੋਗ ਹੈ ਕਿ ਮੋਦੀ ਦੀ ਰੈਲੀ ਵਾਲੀ ਜਗ੍ਹਾ ਸੋਮਵਾਰ ਨੂੰ ਮਮਤਾ ਬੈਨਰਜੀ ਦੀ ਰੈਲੀ ਵੀ ਹੋਣੀ ਸੀ ਤੇ ਸ਼ਨਿਚਰਵਾਰ ਨੂੰ ਟੀਐਮਸੀ ਵਰਕਰਾਂ ਵੱਲੋਂ ਮੰਚ ਦੀ ਉਸਾਰੀ ਰੋਕਣ ਤੋਂ ਮਨ੍ਹਾਂ ਕਰਨ ’ਤੇ ਪ੍ਰਧਾਨ ਮੰਤਰੀ ਦੀ ਰੈਲੀ ਬਾਰੇ ਮਾਹੌਲ ਟਕਰਾਅ ਵਾਲਾ ਬਣ ਗਿਆ ਸੀ। ਤ੍ਰਿਪੁਰਾ ਦੇ ਉਦੈਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਖੱਬੇ ਪੱਖੀ ਧਿਰਾਂ ਦੀ ਆਲੋਚਨਾ ਵੀ ਕੀਤੀ। ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ਦਾ ਪੂਰਾ ਜ਼ੋਰ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਲੱਗਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ਨੇ 25 ਵਰ੍ਹਿਆਂ ਬਾਅਦ ਖੱਬੀਆਂ ਧਿਰਾਂ ਦੀ ਸਰਕਾਰ ਨੂੰ ਲਾਂਭੇ ਕਰ ਕੇ ਦੇਸ਼ ਲਈ ਮਿਸਾਲ ਪੈਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਨੇ ਤ੍ਰਿਪੁਰਾ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਨਕਾਰ ਦਿੱਤਾ

ਸਟਿੰਗ ਅਪਰੇਸ਼ਨ ਵੀ ਨਹੀਂ ਫਸਾ ਸਕਿਆ ਇਮਾਨਦਾਰ ਧਰਮਵੀਰ ਗਾਂਧੀ ਨੂੰ

ਚੰਡੀਗੜ੍ਹ- ਬੀਤੇ ਦਿਨੀਂ ਟੀਵੀ-9 ਭਾਰਤਵਰਸ਼ ਨੇ ਅਪਣੇ ‘ਅਪਰੇਸ਼ਨ ਭਾਰਤਵਰਸ਼’ ਤਹਿਤ ਦੇਸ਼ ਦੇ ਕਈ ਸਾਂਸਦਾਂ ਦਾ ਸਟਿੰਗ ਅਪਰੇਸ਼ਨ ਦਿਖਾਇਆ, ਜਿਸ ਵਿਚ ਬਹੁਤ ਸਾਰੇ ਸਾਂਸਦ ਚੋਣ ਖ਼ਰਚ ਲਈ ਕਰੋੜਾਂ ਰੁਪਏ ਦੀ ਮੰਗ ਕਰਦੇ ਨਜ਼ਰ ਆਏ। ਭਾਵ ਕਿ ਲੋਕਤੰਤਰ ਦੀ ਮਰਿਆਦਾ ਨੂੰ ਤਾਰ-ਤਾਰ ਕਰਨ ਵਿਚ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਪਰ ਇਸ ਸਟਿੰਗ ਦੌਰਾਨ ਕੁੱਝ ਅਜਿਹੇ ਨੇਤਾ ਵੀ ਸਾਹਮਣੇ ਆਏ ਜੋ ”ਸਿਆਸੀ ਹਮਾਮ ਵਿਚ ਸਾਰੇ ਨੰਗੇ ਹਨ” ਵਾਲੀ ਕਹਾਵਤ ਨੂੰ ਪੂਰੀ ਤਰ੍ਹਾਂ ਗ਼ਲਤ ਸਾਬਤ ਕਰਦੇ ਹਨ।
ਜੀ ਹਾਂ, ਪੰਜਾਬ ਦੀ ਪਟਿਆਲਾ ਸੀਟ ਤੋਂ ਸਾਂਸਦ ਧਰਮਵੀਰ ਗਾਂਧੀ ਅਜਿਹੇ ਹੀ ਨੇਤਾਵਾਂ ਵਿਚੋਂ ਇਕ ਹਨ। ਜਿਨ੍ਹਾਂ ਨੇ ਇਸ ਆਮ ਧਾਰਨਾ ਨੂੰ ਚੁਣੌਤੀ ਦਿਤੀ ਹੈ।
ਟੀਵੀ-9 ਭਾਰਤਵਰਸ਼ ਦੇ ਅੰਡਰਕਰਵ ਰਿਪੋਰਟਰ ਨੇ ਜਦੋਂ ਚੋਣ ਖ਼ਰਚ ਦੇ ਨਾਂਅ ‘ਤੇ ਸਾਂਸਦ ਨੂੰ ਮਦਦ ਦੀ ਪੇਸ਼ ਕੀਤੀ ਤਾਂ ਧਰਮਵੀਰ ਗਾਂਧੀ ਨੇ ਸਾਫ਼ ਸ਼ਬਦਾਂ ਵਿਚ ਆਖ ਦਿਤਾ ਕਿ ਅਸੀਂ ਨਿਵੇਸ਼ ਲਈ ਇਮਾਨਦਾਰ ਕੋਸ਼ਿਸ਼ਾਂ ਕਰਾਂਗੇ। ਸਿਰਫ਼ ਚੋਣ ਜਿੱਤਣਾ ਹੀ ਸਾਡਾ ਮਕਸਦ ਨਹੀਂ ਹੈ।
ਦੱਸ ਦਈਏ ਕਿ ਧਰਮਵੀਰ ਗਾਂਧੀ ਪਟਿਆਲਾ ਸੀਟ ਤੋਂ ਸਾਂਸਦ ਹਨ ਜੋ ਪਹਿਲਾਂ ਆਮ ਆਦਮੀ ਪਾਰਟੀ ਦੇ ਮੈਂਬਰ ਸਨ ਪਰ ਅੱਜਕੱਲ੍ਹ ਉਨ੍ਹਾਂ ਨੇ ”ਪੰਜਾਬ ਮੰਚ” ਨਾਂ ਦੀ ਅਪਣੀ ਖ਼ੁਦ ਦੀ ਪਾਰਟੀ ਬਣਾ ਲਈ ਹੈ। ਧਰਮਵੀਰ ਗਾਂਧੀ ਅਪਣੇ ਕਾਲਜ ਦੇ ਦਿਨਾਂ ਵਿਚ ਗਾਂਧੀ ਐਮਰਜੈਂਸੀ ਦਾ ਵਿਰੋਧ ਕਰਦੇ ਹੋਏ ਅੰਮ੍ਰਿਤਸਰ ਵਿਚ ਇਕ ਮਹੀਨੇ ਲਈ ਹਿਰਾਸਤ ਵਿਚ ਵੀ ਰਹੇ ਸਨ।
ਗਾਂਧੀ 2011 ਦੇ ਭਾਰਤੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਪ੍ਰੇਰਿਤ ਹੋ ਕੇ ਰਾਜਨੀਤੀ ਵਿਚ ਸ਼ਾਮਲ ਹੋਏ ਸਨ। 2014 ਵਿਚ ਉਨ੍ਹਾਂ ਨੇ ‘ਆਪ’ ਦੀ ਟਿਕਟ ‘ਤੇ ਪਟਿਆਲਾ ਤੋਂ ਲੋਕ ਸਭਾ ਚੋਣ ਲੜ ਕੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਫਿਰ ਉਹ ਇਸੇ ਸੀਟ ਤੋਂ ਚੋਣ ਮੈਦਾਨ ਵਿਚ ਹਨ।

ਸਕੂਲ ਸਿੱਖਿਆ ਮੁਫਤ ਦੇਵਾਂਗੇ : ਰਾਹੁਲ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸੱਤਾ ਵਿੱਚ ਆਉਣ ’ਤੇ ਉਨ੍ਹਾਂ ਦੀ ਪਾਰਟੀ ਸਿੱਖਿਆ ਕਰਜ਼ਿਆਂ ਲਈ ਸਿੰਗਲ-ਵਿੰਡੋ ਪ੍ਰਬੰਧ ਲਿਆਉਣ ਦੇ ਨਾਲ ਅਜਿਹਾ ਕਾਨੂੰਨ ਬਣਾਏਗੀ ਜਿਸ ਵਿੱਚ ‘ਵਿਦਿਆਰਥੀ ਹੱਕਾਂ ਤੇ ਜ਼ਿੰਮੇਵਾਰੀਆਂ ਨੂੰ ਸੂਚੀਬੰਦ’ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ 31 ਮਾਰਚ 2019 ਤੋਂ ਪਹਿਲਾਂ ਲਏ ਪੁਰਾਣੇ ਸਿੱਖਿਆ ਕਰਜ਼ਿਆਂ ਦੇ ਬਕਾਇਆਂ ਨੂੰ ਖ਼ਤਮ ਕਰੇਗੀ।
ਇਕ ਫੇਸਬੁੱਕ ਪੋਸਟ ਵਿੱਚ ਸ੍ਰੀ ਗਾਂਧੀ ਨੇ ਦਾਅਵਾ ਕੀਤਾ ਕਿ ਕਾਂਗਰਸ ਸਰਕਾਰ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਨੂੰ ਯਕੀਨੀ ਬਣਾਏਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਕਾਲਜ ਤੇ ਯੂਨੀਵਰਸਿਟੀਆਂ ਦੀ ਆਜ਼ਾਦੀ ਤੇ ਖੁ਼ਦਮੁਖਤਾਰੀ ਨੂੰ ਬਹਾਲ ਕਰਨ ਦੇ ਨਾਲ ਸਿੱਖਿਆ ਖੇਤਰ ਦੇ ਪਾਸਾਰ ਲਈ ਦੇਸ਼ ਦੇ ਪੱਛੜੇ ਇਲਾਕਿਆਂ ਵਿੱਚ ਨਵੀਆਂ ਸਰਕਾਰੀ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ। ਰਾਹੁਲ ਨੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸਿੱਖਿਆ ਬੱਚੇ ਨੂੰ ਸਮਰੱਥ ਬਣਾਉਂਦੀ ਹੈ ਤੇ ਇਹ ਹਰ ਬੱਚੇ ਨੂੰ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।’ ਇਕ ਹੋਰ ਪੋਸਟ ’ਚ ਕਾਂਗਰਸ ਪ੍ਰਧਾਨ ਨੇ ਕਿਹਾ, ‘ਅਸੀਂ ਸਿੱਖਿਆ ਬਜਟ ਨੂੰ ਵਧਾ ਕੇ ਜੀਡੀਪੀ ਦਾ 6 ਫੀਸਦ ਕਰਾਂਗੇ।’ ਇਸ ਦੌਰਾਨ ਕਾਂਗਰਸ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਵਿਚਾਰ-ਚਰਚਾ ਲਈ ਮੁੜ ਚੁਣੌਤੀ ਦਿੱਤੀ ਹੈ। ਸ੍ਰੀ ਮੋਦੀ ਵੱਲੋਂ ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੀ ਕਲਿਪ ਸਾਂਝੀ ਕਰਦਿਆਂ ਰਾਹੁਲ ਨੇ ਟਵੀਟ ਕੀਤਾ, ‘ਸ੍ਰੀ ਮੋਦੀ ਤੁਸੀਂ ਭੱਜ ਸਕਦੇ ਹੋ, ਪਰ ਲੁਕ ਨਹੀਂ। ਤੁਹਾਡੇ ਕਰਮ ਨਾਲ ਨਾਲ ਚੱਲਣਗੇ। ਦੇਸ਼ ਤੁਹਾਡੀ ਆਵਾਜ਼ ’ਚੋਂ ਇਸ ਨੂੰ ਸੁਣ ਸਕਦਾ ਹੈ।’

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਦਰਜ ਹੋਇਆ ਮਾਮਲਾ

ਆਗਰਾ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜ਼ਿਆਦਾ ਆਪਣੇ ਬਿਆਨਾਂ ਨਾਲ ਚਰਚਾ ‘ਚ ਰਹਿੰਦੇ ਹਨ ਪਰ ਇਸ ਬਾਰ ਉਹ ਪਾਰਟੀ ਦੁਆਰਾ ਜਾਰੀ ਕੀਤੇ ਗਏ ਮੈਨੀਫੈਸਟੋ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹਨ। ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਖ਼ਿਲਾਫ਼ ਆਗਰਾ ਦੀ ਸੀ.ਜੇ.ਐਮ. ਕੋਰਟ ‘ਚ ਇਕ ਵਕੀਲ ਨਰਿੰਦਰ ਸ਼ਰਮਾ ਨੇ ਦੇਸ਼-ਧ੍ਰੋਹ ਦੀ ਧਾਰਾ ਖ਼ਤਮ ਕਰਨ ਦੇ ਮਾਮਲਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਕਾਂਗਰਸ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਉਸ ਚੋਣ ਮਨੋਰਥ ਪੱਤਰ ‘ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਦੇਸ਼-ਧ੍ਰੋਹ ਦੀ ਧਾਰਾ 124ਏ ਦੀ ਸਮੀਖਿਆ ਕੀਤੀ ਜਾਵੇਗੀ।

ਕਾਂਗਰਸ ਨੇ ਖਡੂਰ ਸਾਹਿਬ ਤੋਂ ਡਿੰਪਾ, ਫਰੀਦਕੋਟ ਤੋਂ ਮੁਹੰਮਦ ਸਦੀਕ ਤੇ ਫ਼ਤਹਿਗੜ੍ਹ ਸਾਹਿਬ ਤੋਂ ਅਮਰ ਸਿੰਘ ਨੂੰ ਉਮੀਦਵਾਰ ਐਲਾਨਿਆ

ਨਵੀਂ ਦਿੱਲੀ-ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਤੋਂ 3 ਹੋਰ ਉਮੀਦਵਾਰਾਂ ਦੇ ਨਾਂਅ ਐਲਾਨ ਦਿੱਤੇ ਹਨ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ | ਅੱਜ ਜਾਰੀ ਸੂਚੀ ਮੁਤਾਬਿਕ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ, ਫਤਹਿਗੜ੍ਹ ਸਾਹਿਬ ਤੋਂ ਡਾ: ਅਮਰ ਸਿੰਘ ਅਤੇ ਫ਼ਰੀਦਕੋਟ ਤੋਂ ਸਾਬਕਾ ਵਿਧਾਇਕ ਮੁਹੰਮਦ ਸਦੀਕ ਨੂੰ ਉਮੀਦਵਾਰ ਐਲਾਨਿਆ ਗਿਆ | ਇਨ੍ਹਾਂ ਤਿੰਨ ਨਾਵਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ‘ਚੋਂ 9 ਲਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ 4 ਹੋਰ ਸੀਟਾਂ ਬਠਿੰਡਾ, ਫ਼ਿਰੋਜ਼ਪੁਰ, ਅਨੰਦਪੁਰ ਅਤੇ ਸੰਗਰੂਰ ਤੋਂ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕਰਨਾ ਅਜੇ ਰਹਿੰਦਾ ਹੈ | ਇਨ੍ਹਾਂ ਸਾਰੀਆਂ ਸੀਟਾਂ ‘ਤੇ ਉਮੀਦਵਾਰ ਨਿਸ਼ਚਤ ਕਰਨਾ ਕਾਂਗਰਸ ਲਈ ਇਕ ਚੁਣੌਤੀ ਮੰਨਿਆ ਜਾ ਰਿਹਾ ਹੈ | ਬਾਦਲਾਂ ਦਾ ਗੜ੍ਹ ਮੰਨੀ ਜਾਂਦੀ ਬਠਿੰਡਾ ਸੀਟ ਤੋਂ ਕਾਂਗਰਸ ਹਾਈਕਮਾਨ ਕਿਸੇ ਹੈਵੀਵੇਟ ਉਮੀਦਵਾਰ ਨੂੰ ਉਤਾਰਨਾ ਚਾਹੁੰਦੀ ਹੈ, ਜਿਸ ‘ਚ ਰਾਹੁਲ ਗਾਂਧੀ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਮੈਦਾਨ ‘ਚ ਉਤਾਰਨਾ ਚਾਹੁੰਦੇ ਹਨ | ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਿਛਲੀਆਂ ਲੋਕ ਸਭਾ ਚੋਣਾਂ ‘ਚ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ | ਮਨਪ੍ਰੀਤ ਸਿੰਘ ਨੇ ਸੰਭਾਵਿਤ ਉਮੀਦਵਾਰ ਵਜੋਂ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਕਿ ਉਹ ਫਿਲਹਾਲ ਪੰਜਾਬ ਦੇ ਖਜ਼ਾਨੇ ਦੀ ਵਿਵਸਥਾ ਨੂੰ ਹੋਰ ਸੁਧਾਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ | ਕਾਂਗਰਸ ਹਾਈਕਮਾਨ ਵਲੋਂ ਸਥਾਨਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਵੀ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਗਈ ਪਰ ਚੰਡੀਗੜ੍ਹ ਦਾ ਟਿਕਟ ਨਾ ਮਿਲਣ ਤੋਂ ਖ਼ਫ਼ਾ ਨਵਜੋਤ ਕੌਰ ਨੇ ਬਠਿੰਡਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ | ਮਨਪ੍ਰੀਤ ਅਤੇ ਨਵਜੋਤ ਵਲੋਂ ਇਨਕਾਰ ਤੋਂ ਬਾਅਦ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਦੇ ਨਾਂਅ ਵੀ ਚਰਚਾ ‘ਚ ਹਨ | ਹਾਲੇ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਵੀ ਹਰਸਿਮਰਤ ਕੌਰ ਦੇ ਨਾਂਅ ਦਾ ਰਸਮੀ ਐਲਾਨ ਨਹੀਂ ਕੀਤਾ ਪਰ ਉਨ੍ਹਾਂ ਦੀ ਉਮੀਦਵਾਰੀ ਤਕਰੀਬਨ ਤੈਅ ਮੰਨੀ ਜਾ ਰਹੀ ਹੈ | ਫ਼ਿਰੋਜ਼ਪੁਰ ਤੋਂ ਹਾਲ ‘ਚ ਕਾਂਗਰਸ ‘ਚ ਸ਼ਾਮਿਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ ਪਰ ਕੈਪਟਨ ਦੀ ਪਹਿਲੀ ਪਸੰਦ ਰਾਣਾ ਗੁਰਮੀਤ ਸਿੰਘ ਸੋਢੀ ਹੈ, ਜਿਸ ਨੂੰ ਕਈ ਵਿਧਾਇਕਾਂ ਦਾ ਸਮਰਥਨ ਵੀ ਹਾਸਲ ਹੈ | ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਪਾਰਟੀ ਦੇ ਬੁਲਾਰੇ ਜੈਵੀਰ ਸਿੰਘ ਸ਼ੇਰਗਿੱਲ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ | ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੌਜੁਦਾ ਸੰਸਦ ਮੈਂਬਰ ਭਗਵੰਤ ਮਾਨ ਦੇ ਮੁਕਾਬਲੇ ਲਈ ਕਾਂਗਰਸ ‘ਚ ਵਿਧਾਇਕ ਕੇਵਲ ਸਿੰਘ ਢਿੱਲੋਂ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਂਅ ਵਿਚਾਰੇ ਜਾ ਰਹੇ ਹਨ | ਹਾਲਾਂਕਿ ਇਸ ਬਾਰੇ ਅੰਤਿਮ ਫ਼ੈਸਲਾ ਰਾਹੁਲ ਗਾਂਧੀ ਹੀ ਲੈਣਗੇ |

ਮੱਧ ਪ੍ਰਦੇਸ਼ ਦੇ CM ਕਮਲਨਾਥ ਦੇ ਕਰੀਬੀਆਂ ‘ਤੇ ਆਮਦਨ ਕਰ ਵਿਭਾਗ ਦੀ ਰੇਡ, 50 ਟਿਕਾਣਿਆਂ ‘ਤੇ ਜਾਂਚ ਜਾਰੀ

ਇੰਦੌਰ-ਆਮਦਨ ਦਰ ਵਿਭਾਗ ਦੇ ਅਧਿਕਾਰੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਓਐੱਸਡੀ (ਨਿੱਜੀ ਸਕੱਤਰ) ਪ੍ਰਵੀਨ ਕੱਕੜ ਸਮੇਤ ਉਨ੍ਹਾਂ ਦੇ ਕਈ ਕਰੀਬੀਆਂ ਦੇ ਘਰ ਛਾਪੇਮਾਰੀ ਕਰ ਰਹੇ ਹਨ। ਆਮਦਨ ਕਰ ਵਿਭਾਗ ਨੇ ਦੇਰ ਰਾਤ ਵਿਜੈਨਗਰ ਸਥਿਤ ਪ੍ਰਵੀਨ ਦੇ ਘਰ ਤਿੰਨ ਵਜੇ ਇਹ ਛਾਪਾ ਮਾਰਿਆ। ਫਿਲਹਾਲ ਅਧਿਕਾਰੀ ਮੁੱਖ ਮੰਤਰੀ ਦੇ ਕਰੀਬੀ ਆਰਕੇ ਮਿਗਲਾਨੀ ਦੇ ਦਿੱਲੀ ਸਥਿਤ ਗ੍ਰੀਨ ਪਾਰਕ ਰਿਹਾਇਸ਼ ਦੀ ਜਾਂਚ ਕਰ ਰਹੇ ਹਨ।
ਆਮਦਨ ਕਰ ਵਿਭਾਗ ਦੇ ਸੂਤਰਾਂ ਅਨੁਸਾਰ ਇਹ ਛਾਪੇਮਾਰੀ 50 ਥਾਵਾਂ ‘ਤੇ ਕੀਤੀ ਜਾ ਰਹੀ ਹੈ। ਓਐੱਸਡੀ ਕੱਕੜ ਤੋਂ ਇਲਾਵਾ ਕਮਲਨਾਥ ਦੇ ਭਤੀਜੇ ਰਤੁਲ ਪੁਰੀ, ਅਮੀਰਾ ਗਰੁੱਪ ਅਤੇ ਮੋਸਰ ਬੇਅਰ ਦੇ ਇੱਥੇ ਵੀ ਛਾਪਮਾਰੀ ਜਾਰੀ ਹੈ। ਆਮਦਨ ਕਰ ਵਿਭਾਗ ਨੇ ਜਾਂਚ ਦੌਰਾਨ ਪ੍ਰਤੀਕ ਜੋਸ਼ੀ ਦੇ ਘਰੋਂ ਵੱਡੀ ਮਾਤਰਾ ‘ਚ ਕੈਸ਼ ਬਰਾਮਦ ਕੀਤਾ ਹੈ।