Home / ਮੁੱਖ ਖਬਰਾਂ (page 11)

ਮੁੱਖ ਖਬਰਾਂ

ਐੱਮ. ਜੇ. ਅਕਬਰ ਮਾਣਹਾਨੀ ਮਾਮਲਾ : ਪੱਤਰਕਾਰ ਪ੍ਰਿਆ ਰਮਾਨੀ ਵਿਰੁੱਧ ਦੋਸ਼ ਤੈਅ

ਨਵੀਂ ਦਿੱਲੀ-ਸਾਬਕਾ ਕੇਂਦਰੀ ਮੰਤਰੀ ਐੱਮ. ਜੇ. ਅਕਬਰ ਵਲੋਂ ਦਾਇਰ ਕੀਤੇ ਅਪਰਾਧਿਕ ਮਾਣਹਾਨੀ ਦੇ ਮਾਮਲੇ ‘ਚ ਦਿੱਲੀ ਦੀ ਅਦਾਲਤ ਨੇ ਪੱਤਰਕਾਰ ਪ੍ਰਿਆ ਰਮਾਨੀ ਵਿਰੁੱਧ ਮਾਣਹਾਨੀ ਦੇ ਦੋਸ਼ ਤੈਅ ਕਰ ਦਿੱਤੇ ਹਨ। ਪ੍ਰਿਆ ਰਮਾਨੀ ਨੇ ਇਸ ਮੁਕੱਦਮੇ ‘ਚ ਅਦਾਲਤ ‘ਚ ਖ਼ੁਦ ਨੂੰ ਨਿਰਦੋਸ਼ ਦੱਸਿਆ ਅਤੇ ਕਿਹਾ ਕਿ ਉਹ ਸੁਣਵਾਈ ਦਾ ਸਾਹਮਣਾ ਕਰੇਗੀ। ਜ਼ਿਕਰਯੋਗ ਹੈ ਕਿ ਰਮਾਨੀ ਨੇ ‘ਮੀ ਟੂ’ ਮੁਹਿੰਮ ਦੌਰਾਨ ਤਤਕਾਲੀ ਕੇਂਦਰੀ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਮਾਨੀ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

ਨਨਕਾਣਾ ਸਾਹਿਬ ਲਈ ਰੇਲਵੇ ਸਟੇਸ਼ਨ ਮਨਜ਼ੂਰ

ਇਸਲਾਮਾਬਾਦ-ਪਾਕਿਸਤਾਨ ਕੈਬਨਿਟ ਨੇ ਮੰਗਲਵਾਰ ਨੂੰ ਪੰਜਾਬ ਵਿੱਚ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿੱਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਹੀ ਕੈਬਨਿਟ ਨੇ ਸਟੇਸ਼ਨ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੈ। ਇਸ ਸ਼ਹਿਰ ਦੀ ਬਹੁਤ ਇਤਿਹਾਸਕ ਅਤੇ ਧਾਰਮਿਕ ਅਹਿਮੀਅਤ ਹੈ ਅਤੇ ਪੂਰੀ ਦੁਨੀਆਂ ਦੇ ਸਿੱਖ ਸ਼ਰਧਾਲੂਆਂ ਵਿੱਚ ਇਹ ਪ੍ਰਸਿੱਧ ਧਾਰਮਿਕ ਸਥਲ ਹੈ। ਸੂਚਨਾ ਮੰਤਰੀ ਫੱਵਾਦ ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ, ‘‘ ਕੈਬਨਿਟ ਨੇ ਪੰਜਾਬ ਵਿੱਚ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ ਵਿਖੇ ਰੇਲਵੇ ਸਟੇਸ਼ਨ ਦੀ ਉਸਾਰੀ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਇਸ ਦਾ ਨਾਂ ਬਾਬਾ ਗੁਰੂ ਨਾਨਕ ਦੇ ਨਾਂ ’ਤੇ ਰੱਖਿਆ ਜਾਵੇਗਾ।’’ ਪਿਛਲੇ ਵਰ੍ਹੇ ਨਵੰਬਰ ਵਿੱਚ ਭਾਰਤ ਅਤੇ ਪਾਕਿਸਤਾਨ, ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿਚਾਲੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਧਾਰਮਿਕ ਸਥਲ ਨਾਲ ਸੜਕ ਮਾਰਗ ਰਾਹੀਂ ਜੋੜਨ ਲਈ ਸਹਿਮਤ ਹੋਏ ਸਨ। ਕਰਤਾਰਪੁਰ ਸਾਹਿਬ ਰਾਵੀ ਨਦੀ ਕੰਢੇ ਪਾਕਿਸਤਾਨ ਦੇ ਨਰੋਵਾਲ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਡੇਰਾ ਬਾਬਾ ਨਾਨਕ ਤੋਂ ਚਾਰ ਕਿਲੋਮੀਟਰ ਦੂਰ ਹੈ। ਪਾਕਿਸਤਾਨ ਨੇ ਕਿਹਾ ਕਿ ਉਹ ਰੇਲਵੇ ਸਟੇਸ਼ਨ ਦੇ ਨਿਰਮਾਣ ਲਈ ਜ਼ਮੀਨ ਵੀ ਮੁਹੱਈਆ ਕਰਵਾਏਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਚੋਣਾਂ ਦੌਰਾਨ ਕੀਤੇ ਮੁੱਖ ਵਾਅਦੇ ਤਹਿਤ ਪਾਕਿਸਤਾਨ ਕੈਬਨਿਟ ਨੇ ਬੇਘਰ ਅਤੇ ਸਰਕਾਰੀ ਮੁਲਾਜ਼ਮਾਂ ਲਈ 135000 ਅਪਰਾਟਮੈਂਟਾਂ ਦੇ ਨਿਰਮਾਣ ਨੂੰ ਵੀ ਹਰੀ ਝੰਡੀ ਦਿੱਤੀ ਹੈ। ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਾਰਨ ਖਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਨਵਾਂ ਪਾਕਿਸਤਾਨ ਹਾਊਸਿੰਗ ਅਥਾਰਟੀ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ 135000 ਅਪਾਰਟਮੈਂਟ ਬਣਾਏ ਜਾਣਗੇ ਅਤੇ ਪ੍ਰਧਾਨ ਮੰਤਰੀ 17 ਅਪਰੈਲ ਨੂੰ ਇਸਲਾਮਾਬਾਦ ਵਿੱਚ ਇਸ ਪ੍ਰਾਜੈਕਟ ਦਾ ਉਦਘਾਟਨ ਕਰਨਗੇ ਜਿਥੇ 25000 ਅਪਾਰਟਮੈਂਟਾਂ ਦੀ ਉਸਾਰੀ ਕੀਤੀ ਜਾਵੇਗੀ। 110000 ਅਪਾਰਟਮੈਂਟ ਤਟਵਰਤੀ ਸ਼ਹਿਰਾਂ ਬਲੋਚਿਸਤਾਨ ਵਿੱਚ ਗਵਾਦਰ ਵਿੱਚ ਬਣਾਏ ਜਾਣਗੇ।

ਨਕਸਲੀ ਹਮਲੇ ’ਚ ਭਾਜਪਾ ਵਿਧਾਇਕ ਤੇ 4 ਸੁਰੱਖਿਆ ਕਰਮੀ ਹਲਾਕ

ਰਾਏਪੁਰ (ਛੱਤੀਸਗੜ੍ਹ)-ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਪਹਿਲਾਂ ਛੱਤੀਸਗੜ੍ਹ ਦੇ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਜ਼ਿਲ੍ਹਾ ਦਾਂਤੇਵਾੜਾ ਵਿੱਚ ਭਾਜਪਾ ਵਿਧਾਇਕ ਦੇ ਕਾਫਲੇ ਉਤੇ ਹੋਏ ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਕਰਮੀ ਮਾਰੇ ਗਏ ਹਨ। ਇਹ ਹਮਲਾ ਸੂਬੇ ਦੀ ਰਾਜਧਾਨੀ ਰਾਏਪੁਰ ਤੋੋਂ 450 ਕਿਲੋਮੀਟਰ ਦੂਰ ਸ਼ਿਆਮਗਿਰੀ ਪਹਾੜੀਆਂ ਵਿੱਚ ਉਦੋਂ ਹੋਇਆ ਜਦੋਂ ਕਾਫਲਾ ਕੁਵਾਕੋਂਡਾ ਤੋਂ ਬਛੇਲੀ ਦੀ ਵੱਲ ਜਾ ਰਿਹਾ ਸੀ। ਨਕਸਲੀਆਂ ਨੇ ਕਾਫਲੇ ਨੂੰ ਨਿਸ਼ਾਨਾ ਬਣਾਉਂਦਿਆਂ (ਆਈਈਡੀ ਵਿਸਫੋਟ) ਬੰਬ ਧਮਾਕਾ ਕਰਕੇ ਇੱਕ ਵਾਹਨ ਨੂੰ ਉਡਾ ਦਿੱਤਾ ਅਤੇ ਗੋਲੀਬਾਰੀ ਸ਼ਰੂ ਕਰ ਦਿੱਤੀ। ਹਮਲੇ ਵਿੱਚ ਵਿਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮ ਮਾਰੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਮਲਾਵਰ ਬਖ਼ਸ਼ੇ ਨਹੀਂ ਜਾਣਗੇ ਜਦੋਂਕਿ ਕਾਂਗਰਸ ਨੇ ਹਮਲੇ ਦੀ ਨਿਖੇਧੀ ਕੀਤੀ ਹੈ।
ਪੁਲੀਸ ਅਧਿਕਾਰੀਆਂ ਅਨੁਸਾਰ ਇਲਾਕੇ ਦੀ ਘੇਰਾਬੰਦੀ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਹ ਖੇਤਰ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਸੁਰੱਖਿਆ ਏਜੰਸੀਆਂ ਨੇ ਨਕਸਲੀਆਂ ਵਿਰੁੱਧ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਕਾਰਵਾਈ ਆਰੰਭੀ ਹੋਈ ਹੈ। ਸਰਕਾਰੀ ਸੂਤਰਾਂ ਅਨੁਸਾਰ ਇਹ ਹਮਲਾ ਮਈ 2013 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਨਕਸਲੀ ਹਿੰਸਾ ਤੋਂ ਪ੍ਰਭਾਵਿਤ ਬਸਤਰ ਜ਼ਿਲ੍ਹੇ ਵਿੱਚ ਹੋਏ ਹਮਲੇ ਦੇ ਨਾਲ ਮਿਲਦਾ ਜੁਲਦਾ ਹੀ ਹੈ। ਇਸ ਹਮਲੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਕਰਮਾ ਅਤੇ ਸਾਬਕਾ ਕੇਂਦਰੀ ਮੰਤਰੀ ਵੀਸੀ ਸ਼ੁਕਲਾ ਸਮੇਤ 27 ਲੋਕ ਮਾਰੇ ਗਏ ਸਨ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਵੀ ਦਾਂਤੇਵਾੜਾ ਵਿੱਚ ਨਕਸਲੀਆਂ ਵੱਲੋਂ ਕੀਤੇ ਬੰਬ ਧਮਾਕੇ ਵਿੱਚ ਸੀਆਈਐੱਸਐੱਫ ਦੇ ਇੱਕ ਮੁਲਾਜ਼ਮ ਸਮੇਤ ਚਾਰ ਨਾਗਰਿਕ ਮਾਰੇ ਗਏ ਸਨ। ਦਾਂਤੇਵਾੜਾ ਬਸਤਰ ਲੋਕ ਸਭਾ ਹਲਕੇ ਵਿੱਚ ਆਉਂਦਾ ਹੈ, ਇੱਥੇ ਲੋਕ ਸਭਾ ਲਈ 11 ਅਪਰੈਲ ਨੂੰ ਵੋਟਾਂ ਪੈਣੀਆਂ ਹਨ। ਇਸ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭੁਪੇਸ਼ ਬਾਘੇਲ ਨੇ ਨਕਸਲ ਵਿਰੋਧੀ ਓਪਰੇਸ਼ਨ ਦੇ ਇੰਚਾਰਜ ਡੀਆਈਜੀ ਪੀ ਸੰਦਰ ਰਾਜ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਲ ਕੀਤੀ ਹੈ। ਸ੍ਰੀ ਬਘੇਲ ਨੇ ਭਾਜਪਾ ਵਧਾਇਕ ਭੀਮਾ ਮੰਡਵੀ ਅਤੇ ਚਾਰ ਸੁਰੱਖਿਆ ਮੁਲਾਜ਼ਮਾਂ ਦੇ ਨਕਸਲੀ ਹਮਲੇ ਵਿੱਚ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮ੍ਰਿਤਕ ਸੁਰੱਖਿਆ ਜਵਾਨਾਂ ਦੀ ਪਛਾਣ ਡਰਾਈਵਰ ਦੰਤੇਸ਼ਵਰ ਮੌਰੀਆ, ਜ਼ਿਲ੍ਹਾ ਪੁਲੀਸ ਦੇ ਜਵਾਨਾਂ ਛਗਨ ਕੁਲਦੀਪ, ਸੋਮਦੂ ਕਵਾਸੀ ਅਤੇ ਰਾਮਲਾਲ ਓਯਾਮੀ ਵਜੋਂ ਹੋਈ ਹੈ। ਇਸ ਦੌਰਾਨ ਭਾਜਪਾ ਨੇ ਨਕਸਲੀ ਹਮਲੇ ਤੋਂ ਬਾਅਦ ਮੰਗ ਕੀਤੀ ਕਿ ਚੋਣ ਕਮਿਸ਼ਨ ਛੱਤੀਸਗੜ੍ਹ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਲਏ। ਸੂਬਾਈ ਭਾਜਪਾ ਮੁਖੀ ਵਿਕਰਮ ਓਸੇਂਡੀ ਅਤੇ ਸਾਬਕਾ ਮੰਤਰੀ ਬ੍ਰਿਜਮੋਹਨ ਅਗਰਵਾਲ ਦੀ ਅਗਵਾਈ ਹੇਠ ਪਾਰਟੀ ਆਗੂਆਂ ਨੇ ਦੇਰ ਸ਼ਾਮ ਛੱਤੀਸਗੜ੍ਹ ਦੇ ਮੁੱਖ ਚੋਣ ਅਧਕਾਰੀ ਨੂੰ ਇਸ ਸਬੰਧੀ ਪੱਤਰ ਸੌਂਪਿਆ। –

ਰਾਸ਼ਟਰਪਤੀ ਵੱਲੋਂ ਸੀਆਰਪੀਐਫ ਜਵਾਨਾਂ ਦੇ ਬਲੀਦਾਨ ਦੀ ਸ਼ਲਾਘਾ

ਨਵੀਂ ਦਿੱਲੀ-ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਅਤੇ ਨਾਗਰਿਕਾਂ ਦੀ ਰੱਖਿਆ ਲਈ ਸੁਰੱਖਿਆ ਬਲਾਂ ਵੱਲੋਂ ਦਿਖਾਈ ਬਹਾਦਰੀ ਅਤੇ ਬਲੀਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੀਆਰਪੀਐਫ ਨੇ ਜੰਮੂ ਕਸ਼ਮੀਰ ਵਿੱਚ ਅਤਿਵਾਦ ਅਤੇ ਵੱਖਵਾਦ ’ਤੇ ਰੋਕ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ 2001 ਵਿੱਚ ਸੰਸਦ ਵਿੱਚ ਹਮਲਾ ਕਰਨ ਵਾਲੇ ਅਤਿਵਾਦੀਆਂ ਦਾ ਸੀਆਰਪੀਐਫ ਦੇ ਜਵਾਨਾਂ ਨੇ ਜਿਸ ਹਿੰਮਤ ਅਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਹ ਦੇਸ਼ ਦੇ ਸੁਰੱਖਿਆ ਬਲਾਂ ਲਈ ਵਿਲੱਖਣ ਹੈ। ਉਹ ਇਥੇ ਕੌਮੀ ਪੁਲੀਸ ਯਾਦਗਾਰ ’ਤੇ ‘ਸੀਆਰਪੀਐਫ ਬਹਾਦਰੀ ਦਿਵਸ’ ਮੌਕੇ ਬੋਲ ਰਹੇ ਸਨ। ਇਹ ਦਿਨ ਗੁਜਰਾਤ ਦੇ ਕੱਛ ਰਣ ਵਿੱਚ 1965 ਦੀ ਪਾਕਿ ਖ਼ਿਲਾਫ਼ ਜੰਗ ਦੌਰਾਨ ਸੀਆਰਪੀਐਫ ਜਵਾਨਾਂ ਵੱਲੋਂ ਦਿਖਾਈ ਬਹਾਦਰੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਰਾਸ਼ਟਰਪਤੀ ਨੇ ਇਸ ਮੌਕੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲੀਸ ਅਤੇ ਨੀਮ ਫੌਜੀ ਬਲਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਕਿਹਾ, ‘‘ਪੁਲਵਾਮਾ ਹਮਲੇ ਬਾਅਦ ਦੇਸ਼ ਵਿੱਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਸੀ। ਲੋਕ ਆਪਣੇ ਜਵਾਨਾਂ ਦੇ ਬਲੀਦਾਨ ਪ੍ਰਤੀ ਸਤਿਕਾਰ ਦਿਖਾਉਣ ਲਈ ਲਾਈਨਾਂ ਵਿੱਚ ਖੜ੍ਹੇ ਰਹੇ। ਮੈਂ ਪੂਰੇ ਮੁਲਕ ਵੱਲੋਂ ਇਨ੍ਹਾਂ ਬਹਾਦਰਾਂ ਦੀ ਯਾਦ ਵਿੱਚ ਆਪਣੀ ਡੂੰਘੀ ਸੰਵੇਦਨਾ ਪ੍ਰਗਟਾਉਂਦਾ ਹਾਂ।’’
ਇਸ ਮੌਕੇ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਗਾਬਾ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਰਾਜੀਵ ਜੈਨ, ਸੀਆਰਪੀਐਫ ਡਾਇਰੈਕਟਰ ਰਾਜੀਵ ਰਾਇ ਭਟਨਾਗਰ ਤੇ ਨੀਮ ਫੌਜੀ ਬਲਾਂ, ਪੁਲੀਸ ਅਤੇ ਗ੍ਰਹਿ ਮੰਤਰਾਲੇ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਚੌਕੀਦਾਰ ਸਿਰਫ ਚੋਰ ਹੀ ਨਹੀਂ ਸਗੋਂ ਕਾਇਰ ਵੀ: ਰਾਹੁਲ

ਹੇਲਾਕਾਂਡੀ(ਅਸਾਮ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣੀ ਮੁਹਿੰਮ ਜਾਰੀ ਰੱਖਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ‘ਚੌਕੀਦਾਰ’ ਨਾ ਸਿਰਫ ਚੋਰ ਹੈ ਸਗੋਂ ‘ਕਾਇਰ’ ਵੀ ਹੈ ਕਿਉਂਕਿ ਉਹ ਵਿਰੋਧੀ ਪਾਰਟੀ ਦੇ ਪ੍ਰਮੁੱਖ ਨਾਲ ਸਿੱਧੀ ਚਰਚਾ ਤੋਂ ਬਚਦੇ ਰਹੇ ਹਨ। ਗਾਂਧੀ ਨੇ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਯੋਜਨਾਵਾਂ ਤੋਂ ਪਿਛਲੇ ਪੰਜ ਵਰ੍ਹਿਆਂ ਵਿੱਚ ਸਿਰਫ ਅਨਿਲ ਅੰਬਾਨੀ, ਮੇਹੁਲ ਚੋਕਸੀ ਅਤੇ ਨੀਰਵ ਮੋਦੀ ਵਰਗੇ ਧਨਾਢ ਵਪਾਰੀਆਂ ਨੂੰ ਲਾਭ ਪੁੱਜਿਆ ਹੈ। ਕਾਂਗਰਸ ਪ੍ਰਧਾਨ ਨੇ ਇਥੇ ਇਕ ਰੈਲੀ ਵਿੱਚ ਕਿਹਾ, ‘‘ਚੌਕੀਦਾਰ ਨਾ ਸਿਰਫ ਚੋਰ ਹੈ ਸਗੋਂ ਕਾਇਰ ਵੀ ਹੈ। ਮੈਂ ਚੌਕੀਦਾਰ ਨੂੰ ਕਿਹਾ ਕਿ ਉਹ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਮੇਰੇ ਨਾਲ ਬਹਿਸ ਕਰਨ। ਉਨ੍ਹਾਂ ਵਿੱਚ ਤਾਕਤ ਨਹੀਂ ਹੈ। ਅਤੇ ਉਹ ਭੱਜ ਗਏ। ’’ 2019 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਬਾਅਦ ਸੁਰਖੀਆਂ ਬਦਲ ਜਾਣਗੀਆਂ ਕਿ ਗਰੀਬਾਂ ਨੂੰ ਪੈਸਾ ਦਿੱਤਾ ਗਿਆ। ਉਨ੍ਹਾ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਬਣਦੇ ਹੀ ਪਾਰਟੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾਵਾਂ ਵਿੱਚ 33 ਫੀਸਦੀ ਔਰਤਾਂ ਦੇ ਰਾਖਵੇਂਕਰਨ ਲਈ ਕੰਮ ਕਰੇਗੀ। ਕਾਂਗਰਸ ਮੁਲਕ ਦੇ 20 ਫੀਸਦੀ ਗਰੀਬਾਂ ਦੇ ਖਾਤਿਆਂ ਵਿੱਚ ਪ੍ਰਤੀ ਵਰ੍ਹੇ 72 ਹਜ਼ਾਰ ਰੁਪਏ ਧਰਮ, ਖੇਤਰ ਜਾਂ ਜਾਤੀ ਦੇ ਪੱਖਪਾਤ ਦੇ ਜਮ੍ਹਾਂ ਕਰਾਏਗੀ।

ਜਲਿ੍ਹਆਂਵਾਲਾ ਬਾਗ਼ ਦੇ ਸ਼ਤਾਬਦੀ ਸਮਾਗਮਾਂ ‘ਚ ਉਪ-ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ ਕਰਨਗੇ ਸ਼ਿਰਕਤ

ਅੰਮਿ੍ਤਸਰ-ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੀ 100 ਸਾਲਾ ਵਰੇ੍ਹਗੰਢ ਸਬੰਧੀ ਹੋ ਰਹੇ ਸਮਾਗਮਾਂ ਤਹਿਤ 12 ਅਪ੍ਰੈਲ ਨੂੰ ਮੋਮਬੱਤੀ ਮਾਰਚ ਤੇ 13 ਅਪ੍ਰੈਲ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ | ਇਨ੍ਹਾਂ ਸਮਾਗਮਾਂ ‘ਚ ਉਪ ਰਾਸ਼ਟਰਪਤੀ, ਰਾਜਪਾਲ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਦਿ ਹਸਤੀਆਂ ਸ਼ਿਰਕਤ ਕਰਨਗੀਆਂ | ਇਹ ਖ਼ੁਲਾਸਾ ਕਰਦਿਆਂ ਡੀ.ਸੀ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਸ਼ਾਮ ਸਾਢੇ ਛੇ ਵਜੇ ਟਾਊਨ ਹਾਲ ਤੋਂ ਬਾਗ਼ ਤੱਕ ਮੋਮਬੱਤੀ ਮਾਰਚ ਕੱਢਿਆ ਜਾਵੇਗਾ, ਜਿਸ ‘ਚ ਮੁੱਖ ਮੰਤਰੀ ਵੀ ਆਜ਼ਾਦੀ ਘੁਲਾਟੀਆਂ ਅਤੇ ਹੋਰ ਦੇਸ਼ ਪ੍ਰੇਮੀਆਂ ਦੇ ਨਾਲ ਮੋਮਬੱਤੀ ਮਾਰਚ ‘ਚ ਹਿੱਸਾ ਲੈਣਗੇ | ਉਨ੍ਹਾਂ ਦੱਸਿਆ ਕਿ ਇਸ ਤੋਂ ਅਗਲੇ ਦਿਨ ਮੁੱਖ ਮੰਤਰੀ ਸਵੇਰੇ ਜਲਿ੍ਹਆਂਵਾਲਾ ਬਾਗ਼ ਵਿਖੇ ਸ਼ਹੀਦਾਂ ਦੀ ਯਾਦ ‘ਚ ਬਣੇ ਸਮਾਰਕ ‘ਤੇ ਫੁੱਲ ਮਲਾਵਾਂ ਭੇਟ ਕਰਨਗੇ | ਸ: ਢਿਲੋਂ ਨੇ ਦੱਸਿਆ ਕਿ 13 ਅਪ੍ਰੈਲ ਨੂੰ ਸ਼ਹੀਦਾਂ ਦੀ ਯਾਦ ‘ਚ ਬਾਗ਼ ਅੰਦਰ ਬਾਅਦ ਦੁਪਿਹਰ ਸਰਬ ਧਰਮ ਪ੍ਰਥਨਾ ਸਭਾ ਕਰਵਾਈ ਜਾਵੇਗੀ | ਇਸ ਸਮਾਗਮ ‘ਚ ਉਪ ਰਾਸ਼ਟਰਪਤੀ, ਰਾਜਪਾਲ ਅਤੇ ਹੋਰ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ | ਉਨ੍ਹਾਂ ਦੱਸਿਆ ਕਿ ਇਸ ਮੌਕੇ ਜਲਿ੍ਹਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਦੇ ਸ਼ਹੀਦਾਂ ਦੇ ਯਾਦ ਵਿਚ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਵੀ ਜਾਰੀ ਕੀਤੀ ਜਾਵੇਗੀ | ਇਸ ਮੌਕੇ ਪੰਜਾਬ ਪੁਲਿਸ, ਪੀ.ਏ.ਪੀ. ਤੇ ਬੀ.ਐੱਸ.ਐੱਫ. ਦੇ ਜਵਾਨ ਵੀ ਸ਼ਹੀਦਾਂ ਨੂੰ ਸਲਾਮੀ ਦੇਣਗੇ | ਸ: ਢਿਲੋਂ ਨੇ ਅੱਜ ਇਨਾਂ ਸਮਾਗਮਾਂ ਦੀਆਂ ਤਿਆਰੀਆਂ ਦੀ ਮੀਟਿੰਗ ਕੀਤੀ ਤੇ ਪ੍ਰਬੰਧਾ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨਰ ਨਿਗਮ ਹਰਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਡੀ.ਸੀ.ਪੀ. ਸਰਤਾਜ ਸਿੰਘ ਚਾਹਲ, ਏ.ਸੀ.ਪੀ. ਜੀ.ਐੱਸ. ਸਿੱਧੂ, ਵਿਕਾਸ ਹੀਰਾ, ਸ਼ਿਵਰਾਜ ਸਿੰਘ ਬੱਲ, ਰਜਤ ਉਬਰਾਏ, ਸਹਾਇਕ ਕਮਿਸ਼ਨਰ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਨਿਤੀਸ਼ ਸਿੰਗਲਾ, ਜ਼ਲਿ੍ਹਆਂਵਾਲਾ ਬਾਗ਼ ਦੇ ਸੈਕਟਰੀ ਮੁਖਰਜੀ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |

ਨਾਮਜ਼ਦਗੀ ਪੱਤਰ ਭਰਨ ਵੇਲੇ 100 ਗੱਡੀਆਂ ਲਿਜਾ ਕੇ ਬੁਰੇ ਫਸੇ ਸਾਕਸ਼ੀ ਮਹਾਰਾਜ, ਮਾਮਲਾ ਦਰਜ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਨ੍ਹਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸਾਕਸ਼ੀ ਮਹਾਰਾਜ ਉੱਤਰ ਪ੍ਰਦੇਸ਼ ਦੇ ਉੱਨਾਵ ਤੋਂ ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਨੇ ਲੰਘੇ ਦਿਨ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਚ 100 ਤੋਂ ਵਧੇਰੇ ਗੱਡੀਆਂ ਸਨ। ਜਦੋਂ ਉਨ੍ਹਾਂ ਕੋਲੋਂ ਗੱਡੀਆਂ ਦੇ ਪਾਸ ਮੰਗੇ ਗਏ ਤਾਂ ਉਹ ਸਿਰਫ਼ 13 ਗੱਡੀਆਂ ਦੇ ਪਾਸ ਹੀ ਦਿਖਾ ਸਕੇ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਵਿਰੁੱਧ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਪ੍ਰਨੀਤ ਕੌਰ ਗੈਂਗਸਟਰ ਨੂੰ ਪਾਰਟੀ ‘ਚ ਸ਼ਾਮਲ ਕਰਕੇ ਵਿਵਾਦਾਂ ‘ਚ ਘਿਰੇ

ਪਟਿਆਲਾ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮਦੀਵਾਰ ਪ੍ਰਨੀਤ ਕੌਰ ਇਕ ਨਾਮੀਂ ਗੈਂਗਸਟਰ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਵਿਵਾਦਾਂ ਵਿਚ ਘਿਰ ਗਏ ਹਨ। ਜਿੱਥੇ ਵਿਰੋਧੀ ਧਿਰਾਂ ਵੱਲੋਂ ਪ੍ਰਨੀਤ ਕੌਰ ‘ਤੇ ਨਿਸ਼ਾਨੇ ਲਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਉੱਥੇ ਹੀ ਪ੍ਰਨੀਤ ਦਾ ਕਹਿਣਾ ਹੈ ਕਿ ਗੈਂਗਸਟਰ ਵਜੋਂ ਜਾਣੇ ਜਾਂਦੇ ਕਿਸੇ ਵੀ ਸਖ਼ਸ਼ ਨੂੰ ਕਿਸੇ ਵੀ ਸੂਰਤ ਵਿਚ ਪਾਰਟੀ ਦਾ ਮੈਂਬਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗ਼ਲਤ ਤਰੀਕਿਆਂ ਰਾਹੀਂ ਰਾਜਨੀਤੀ ਵਿਚ ਆਉਣ ਵਾਲੇ ਅਪਰਾਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਚੋਣਾਂ ਦੌਰਾਨ ਪਾਰਟੀ ਦਾ ਵਿਸਥਾਰ ਕਰਨ ਅਤੇ ਵੱਧ ਤੋਂ ਵੱਧ ਵੋਟਰ ਜੋੜਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ਬੀਤੇ ਦਿਨ ਪ੍ਰਨੀਤ ਕੌਰ ਨੇ ਵਿਦਿਆਰਥੀ ਜਥੇਬੰਦੀ ਦੇ ਮੈਂਬਰਾਂ ਨੂੰ ਕਾਂਗਰਸ ਵਿਚ ਸ਼ਾਮਲ ਕੀਤਾ। ਸ਼ਨਿਚਰਵਾਰ ਅਮਰ ਆਸ਼ਰਮ ਵਿਖੇ ਕਾਂਗਰਸ ਵੱਲੋਂ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਪੰਜਾਬ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਆਗੂ ਰਣਦੀਪ ਸਿੰਘ ਖਰੌੜ ਨੂੰ ਵੀ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਖਰੋੜ ਕਈ ਅਪਰਾਧਕ ਮਾਮਲਿਆਂ ਵਿਚ ਨਾਮਜ਼ਦ ਰਿਹਾ ਹੈ।
ਪਿੰਡ ਬਾਰਨ ਦੇ ਰਹਿਣ ਵਾਲੇ ਰਣਦੀਪ ਸਿੰਘ ਖਰੌੜ ਖ਼ਿਲਾਫ਼ ਲੁੱਟ, ਖੋਹ, ਡਕੈਤੀ ਤੇ ਇਰਾਦਾ ਕਤਲ ਦੇ ਕਈ ਮਾਮਲੇ ਦਰਜ ਹਨ। ਪੁਲਿਸ ਸੂਤਰਾਂ ਅਨੁਸਾਰ ਉਸ ਨੂੰ 2016 ਵਿਚ ਪਟਿਆਲਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਇਸ ‘ਤੇ 50 ਹਜ਼ਾਰ ਦਾ ਇਨਾਮ ਵੀ ਐਲਾਨਿਆ ਗਿਆ ਸੀ ਤੇ ਇਸ ਨੂੰ 6 ਜਣਿਆਂ ਸਮੇਤ ਕਾਬੂ ਕੀਤਾ ਗਿਆ ਸੀ। ਪੰਜਾਬ ਯੂਨੀਵਰਸਿਟੀ ਵਿਚ ਐੱਸਓਆਈ ਦੇ ਮੈਂਬਰਾਂ ‘ਤੇ ਗੋਲ਼ੀਆਂ ਚਲਾਉਣ, ਲੁੱਟਾਂ, ਖੋਹਾਂ ਦੇ ਮਾਮਲਿਆਂ ਵਿਚ ਵੀ ਖਰੌੜ ਦਾ ਨਾਂ ਬੋਲਦਾ ਰਿਹਾ ਹੈ। ਉਹ ਅਪਰਾਧਕ ਮਾਮਲਿਆਂ ਵਿਚ ਜੇਲ੍ਹ ਵੀ ਜਾ ਚੁੱਕਾ ਹੈ ਤੇ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਹੈ । ਇਸ ਤੋਂ ਇਲਾਵਾ ਖਰੌੜ ਦਾ ਨਾਂ ਗੈਂਗਸਟਰ ਦਿਲਪ੍ਰੀਤ ਬਾਬਾ ਦੇ ਗੈਂਗ ਵਿਚ ਵੀ ਬੋਲਦਾ ਰਿਹਾ ਹੈ।
ਕਾਂਗਰਸ ਉਮੀਦਵਾਰ ਪ੍ਰਨੀਤ ਕੌਰ ਨੇ ਸੋਮਵਾਰ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਗੈਂਗਸਟਰ ਰਣਦੀਪ ਸਿੰਘ ਖਰੌੜ ਵਜੋਂ ਜਾਣੇ ਜਾਣ ਵਾਲੇ ਇਸ ਵਿਅਕਤੀ ਨੂੰ ਕਿਸੇ ਵੀ ਕੀਮਤ ‘ਤੇ ਕਾਂਗਰਸ ਦਾ ਮੈਂਬਰ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿਦਿਆਰਥੀਆਂ ਦਾ ਇਕੱਠ ਕਾਂਗਰਸ ਵਿਚ ਸ਼ਾਮਲ ਹੋਇਆ ਸੀ ਤੇ ਕਿਸੇ ਦੇ ਅਪਰਾਧਕ ਪਿਛੋਕੜ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ।
ਪ੍ਰਨੀਤ ਕੌਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਰਣਦੀਪ ਪਹਿਲਾਂ ਆਮ ਆਦਮੀ ਪਾਰਟੀ ਦਾ ਸਮਰਥਕ ਸੀ ਤੇ ਉਸ ਨੇ ਸਪੱਸ਼ਟ ਤੌਰ ‘ਤੇ ਖ਼ੁਦ ਨੂੰ ਇਕ ਵਿਦਿਆਰਥੀ ਅਤੇ ਇਕ ਸਿਆਸੀ ਕਾਰਕੁੰਨ ਦੇ ਰੂਪ ‘ਚ ਪੇਸ਼ ਕਰਕੇ ਰਾਜਨੀਤੀ ‘ਚ ਆਉਣ ਦਾ ਆਸਾਨ ਰਸਤਾ ਲੱਭ ਲਿਆ। ਹੁਣ ਰਣਦੀਪ ਬਾਰੇ ਉਨ੍ਹਾਂ ਦੇ ਨੋਟਿਸ ‘ਚ ਲਿਆਂਦਾ ਗਿਆ ਹੈ ਤੇ ਇਸ ਨੂੰ ਪਾਰਟੀ ‘ਚੋਂ ਬਾਹਰ ਕਰਨਾ ਵੀ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ।

ਏਅਰ ਫੋਰਸ ਵੱਲੋਂ ਪਾਕਿ ਐਫ-16 ਜਹਾਜ਼ ਡੇਗਣ ਦੇ ਸਬੂਤ ਜਾਰੀ

ਨਵੀਂ ਦਿੱਲੀ-ਭਾਰਤੀ ਏਅਰ ਫੋਰਸ ਨੇ 27 ਫਰਵਰੀ ਦੀ ਹਵਾਈ ਕਾਰਵਾਈ ਦੌਰਾਨ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਵਿੱਚ ਪਾਕਿਸਤਾਨ ਦਾ ਐਫ-16 ਲੜਾਕੂ ਜਹਾਜ਼ ਡੇਗਣ ਦੇ ਪੁਖ਼ਤਾ ਸਬੂਤ ਵਜੋਂ ਸੋਮਵਾਰ ਨੂੰ ਰਾਡਾਰ ਗ੍ਰਾਫਿਕਸ ਜਾਰੀ ਕੀਤੇ। ਭਾਰਤ ਦੀ ਇਹ ਟਿੱਪਣੀ ਅਮਰੀਕਾ ਦੀ ਉੱਘੀ ਮੈਗਜ਼ੀਨ ‘ਫੌਰਨ ਪਾਲਿਸੀ’ ਦੀ ਉਸ ਰਿਪੋਰਟ ਤੋਂ ਬਾਅਦ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪਾਕਿਸਤਾਨ ਕੋਲ ਮੌਜੂਦ ਐਫ-16 ਲੜਾਕੂ ਜਹਾਜ਼ਾਂ ਦੀ ਗਿਣਤੀ ਪੂਰੀ ਹੈ ਤੇ ਉਨ੍ਹਾਂ ਦਾ ਕੋਈ ਜਹਾਜ਼ ਗਾਇਬ ਨਹੀਂ ਹੈ। ਸਰਕਾਰ ਦਾਅਵਾ ਕਰਦੀ ਰਹੀ ਹੈ ਕਿ ਭਾਰਤੀ ਪਾਇਲਟ ਅਭਿਨੰਦਨ ਵਰਤਮਾਨ ਨੇ ਪਾਕਿਸਤਾਨ ਦੇ ਐਫ-16 ਜਹਾਜ਼ ਨੂੰ ਖਦੇੜਿਆ ਅਤੇ ਆਪਣੇ ਮਿੱਗ 21 ਬੇਸਨ ਜਹਾਜ਼ ਨਾਲ ਉਸ ਨੂੰ ਡੇਗ ਦਿੱਤਾ, ਜਦੋਂ ਕਿ ਪਾਕਿਸਤਾਨ ਇਸ ਦਾਅਵੇ ਦਾ ਖੰਡਨ ਕਰਦਾ ਰਿਹਾ ਹੈ ਕਿ ਉਸ ਦਾ ਕੋਈ ਜਹਾਜ਼ ਹਵਾਈ ਹਮਲੇ ਵਿੱਚ ਡਿੱਗਿਆ ਹੈ। ਏਅਰ ਵਾਈਸ ਮਾਰਸ਼ਲ ਆਰ ਜੀ ਕੇ ਕਪੂਰ ਨੇ ਕਿਹਾ,‘‘ ਏਅਰ ਫੋਰਸ ਕੋਲ ਨਾ ਸਿਰਫ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਪਾਕਿਸਤਾਨ ਏਅਰ ਫੋਰਸ ਨੇ 27 ਫਰਵਰੀ ਨੂੰ ਐਫ-16 ਲੜਾਕੂ ਜਹਾਜ਼ ਦੀ ਵਰਤੋਂ ਕੀਤੀ, ਸਗੋਂ ਏਅਰ ਫੋਰਸ ਕੋਲ ਮਿੱਗ 21 ਜਹਾਜ਼ ਰਾਹੀਂ ਐਫ-16 ਲੜਾਕੂ ਜਹਾਜ਼ ਡੇਗਣ ਦੇ ਵੀ ਸਬੂਤ ਹਨ।’’

ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ

ਚੰਡੀਗੜ੍ਹ-ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਬਰਗਾੜੀ (ਫ਼ਰੀਦਕੋਟ) ’ਚ ਹੋਈ ਬੇਅਦਬੀ ਦੀ ਘਟਨਾ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਅਹਿਮ ਮੈਂਬਰ ਅਤੇ ਆਈਪੀਐਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਕਮਿਸ਼ਨ ਦੀਆਂ ਹਦਾਇਤਾਂ ’ਤੇ ਅੱਜ ਰਾਜ ਸਰਕਾਰ ਨੇ ਇਸ ਪੁਲੀਸ ਅਧਿਕਾਰੀ ਨੂੰ ਆਈਜੀ (ਕਾਊਂਟਰ ਇੰਟੈਲੀਜੈਂਸ) ਅੰਮ੍ਰਿਤਸਰ ਥਾਪ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਮੁੱਖ ਸਕੱਤਰ ਨੂੰ ਜੋ ਪੱਤਰ ਲਿਖਿਆ ਗਿਆ ਹੈ ਉਸ ਵਿੱਚ ਕੁੰਵਰਵਿਜੈ ਪ੍ਰਤਾਪ ਸਿੰਘ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਲਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਹੀ ਆਈਪੀਐਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਹਦਾਇਤ ਕੀਤੀ ਹੈ। ਸਰਕਾਰ ਵੱਲੋਂ ਆਈਜੀ ਰੈਂਕ ਦੇ ਇਸ ਅਧਿਕਾਰੀ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਉਹ ਸਿਟ ਦੇ ਮੈਂਬਰ ਹੋਣ ਦੇ ਨਾਲ ਨਾਲ ਬਿਊਰੋ ਆਫ਼ ਇਨਵੈਸਟੀਗੇਸ਼ਨ ’ਚ ਆਈ.ਜੀ. ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਮੁਖੀ ਵਜੋਂ ਵੀ ਸੇਵਾ ਨਿਭਾਅ ਰਹੇ ਸਨ।
ਪੁਲੀਸ ਅਧਿਕਾਰੀ ਦੇ ਤਬਾਦਲੇ ਨਾਲ ਕੈਪਟਨ ਸਰਕਾਰ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਵਿੱਚ ਇਸ ਪੁਲੀਸ ਅਫ਼ਸਰ ਵੱਲੋਂ ਹੀ ਮੋਹਰੀ ਭੂਮਿਕਾ ਨਿਭਾਏ ਜਾਣ ਦੇ ਤੱਥ ਸਾਹਮਣੇ ਆ ਰਹੇ ਸਨ। ਚੋਣ ਕਮਿਸ਼ਨ ਨੇ ਸੰਸਦੀ ਚੋਣਾਂ ਦੇ ਅਮਲ ਦੌਰਾਨ ਚੋਣ ਜ਼ਾਬਤਾ ਲਾਗੂ ਰਹਿਣ ਦੇ ਸਮੇਂ ਤੱਕ ਸਿਟ ਦੇ ਮੈਂਬਰ ਨੂੰ ਸਿਟ ਦੀਆਂ ਗਤੀਵਿਧੀਆਂ ਬਾਰੇ ਜ਼ੁਬਾਨ ਬੰਦ ਰੱਖਣ ਦੀਆਂ ਹਦਾਇਤਾਂ ਵੀ ਕੀਤੀਆਂ ਹਨ। ਸਿਟ ਦੀਆਂ ਪ੍ਰਾਪਤੀਆਂ ਨੂੰ ਹਾਕਮ ਧਿਰ ਵੱਲੋਂ ਆਗਾਮੀ ਸੰਸਦੀ ਚੋਣਾਂ ਦੌਰਾਨ ਵੱਡੇ ਹਥਿਆਰ ਵਜੋਂ ਵਰਤਣ ਦੇ ਆਸਾਰ ਸਨ। ਕਮਿਸ਼ਨ ਨੇ ਕਾਂਗਰਸ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਆਈਜੀ ਰੈਂਕ ਦੇ ਪੁਲੀਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਵਿੱਚ ਵੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਹੀ ਅਹਿਮ ਭੂਮਿਕਾ ਮੰਨੀ ਜਾਂਦੀ ਸੀ। ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਆਈਪੀਐਸ ਅਧਿਕਾਰੀ ਦੇ ਤਬਾਦਲੇ ਮਗਰੋਂ ਬੇਅਦਬੀ ਤੇ ਗੋਲੀ ਕਾਂਡ ਦੀ ਤਫ਼ਤੀਸ਼ ਲੀਹੋਂ ਲਹਿ ਜਾਣ ਦਾ ਖ਼ਦਸ਼ਾ ਹੈ ਕਿਉਂਕਿ ਸਿਟ ਦੇ ਹੋਰਨਾਂ ਮੈਂਬਰਾਂ ਵੱਲੋਂ ਸਰਗਰਮ ਭੂਮਿਕਾ ਨਿਭਾਏ ਜਾਣ ਸਬੰਧੀ ਕੋਈ ਅਹਿਮ ਗਤੀਵਿਧੀ ਨਹੀਂ ਕੀਤੀ ਗਈ।
ਸ਼੍ਰੋਮਣੀ ਅਕਾਲੀ ਦਲ ਨੇ ਸੰਸਦੀ ਚੋਣਾਂ ਦੇ ਐਲਾਨ ਤੋਂ ਕੁਝ ਦਿਨਾਂ ਬਾਅਦ ਹੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਸੂਬੇ ਤੋਂ ਬਾਹਰ ਕਰਾਉਣ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਤੇ ਕਮਿਸ਼ਨ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ। ਅਕਾਲੀ ਦਲ ਨੇ ਸ਼ਿਕਾਇਤ ਨਾਲ ਇਸ ਪੁਲੀਸ ਅਧਿਕਾਰੀ ਵੱਲੋਂ ਮੀਡੀਆ ਨਾਲ ਕੀਤੀ ਗੱਲਬਾਤ ਦੀ ਇੱਕ ਵੀਡੀਓ ਵੀ ਨੱਥੀ ਕੀਤੀ ਸੀ। ਇਹ ਸ਼ਿਕਾਇਤ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਦਸਤਖ਼ਤਾਂ ਹੇਠ ਕੀਤੀ ਗਈ ਸੀ। ਚੋਣ ਕਮਿਸ਼ਨ ਵੱਲੋਂ 5 ਅਪਰੈਲ ਨੂੰ ਲਿਖੇ ਪੱਤਰ ਰਾਹੀਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਆਈਜੀ ਰੈਂਕ ਦੇ ਇਸ ਅਧਿਕਾਰੀ ਦੇ ਮਾਮਲੇ ਵਿੱਚ ਕਾਰਵਾਈ ਅਮਲ ’ਚ ਲਿਆ ਕੇ 8 ਅਪਰੈਲ ਸ਼ਾਮੀਂ 5 ਵਜੇ ਤੱਕ ਸੂਚਿਤ ਕਰਨ ਲਈ ਕਿਹਾ ਗਿਆ ਸੀ।
ਪੰਜਾਬ ਸਰਕਾਰ ਵੱਲੋਂ ਜਦੋਂ ਵਧੀਕ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਲਈ ਸਿਟ ਦਾ ਗਠਨ ਕੀਤਾ ਗਿਆ ਸੀ ਤਾਂ ਅਕਾਲੀ ਦਲ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਵਿਰੋਧ ਕੀਤਾ ਸੀ। ਅਕਾਲੀ ਦਲ ਨੇ ਇਸ ਪੁਲੀਸ ਅਧਿਕਾਰੀ ਨੂੰ ਪਹਿਲਾਂ ਵੀ ਸਿਟ ਤੋਂ ਵੱਖ ਕਰਨ ਦੀ ਮੰਗ ਕੀਤੀ ਸੀ। ਅਕਾਲੀ ਦਲ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਮਗਰੋਂ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਉਧਰ ਕਾਂਗਰਸ ਨੇ ਪੁਲੀਸ ਅਧਿਕਾਰੀ ਦੇ ਤਬਾਦਲੇ ਨੂੰ ਮੁੱਦਾ ਬਣਾ ਕੇ ਅਕਾਲੀ ਦਲ ’ਤੇ ਸਿਆਸੀ ਹਮਲੇ ਕਰਨ ਦੀ ਤਿਆਰੀ ਖਿੱਚ ਲਈ ਹੈ।