ਮੁੱਖ ਖਬਰਾਂ
Home / ਮੁੱਖ ਖਬਰਾਂ (page 10)

ਮੁੱਖ ਖਬਰਾਂ

ਐਚ.ਐਸ. ਫੂਲਕਾ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ-ਐੱਚ.ਐਸ. ਫੂਲਕਾ ਤੋਂ ਬਾਅਦ ‘ਆਪ’ ਦੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਅਸਤੀਫ਼ਾ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਕੌਮੀ ਕਨਵੀਨਰ ਨੂੰ ਦਿੱਤਾ ਹੈ ਅਤੇ ਜਿਸ ਦਾ ਕਾਰਨ ਉਨ੍ਹਾਂ ਨੇ ਪਾਰਟੀ ਨੂੰ ਆਪਣੇ ਸਾਰੇ ਆਦਰਸ਼ਾਂ ਤੋਂ ਭਟਕ ਗਈ ਦੱਸਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਉਸ ਵਿਚਾਰਧਾਰਾ ਤੋਂ ਵੀ ਭਟਕ ਗਈ ਹੈ ਜੋ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਇਸ ਪਾਰਟੀ ਨੂੰ ਬਣਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਉਹ ਬਦਕਿਸਮਤੀ ਨਾਲ ਉਸ ਪਾਰਟੀ ‘ਚ ਸ਼ਾਮਲ ਹੋਏ ਜੋ ਦੂਜੀ ਪਾਰਟੀਆਂ ਨਾਲੋਂ ਕਿਸੇ ਪੱਖ ਤੋਂ ਵੀ ਵੱਖ ਨਹੀਂ ਹੈ। ਖਹਿਰਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵੀ ਕੇਜਰੀਵਾਲ ਦੇ ਦੋਗਲੇ ਬਿਆਨਾਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਇੱਕ ਚਤਰ ਲੀਡਰਾਂ ਦੀ ਜਮਾਤ ‘ਚ ਖੜ੍ਹੇ ਹੋ ਗਏ ਹਨ। ਇਸ ਦੇ ਨਾਲ ਹੀ ਖਹਿਰਾ ਨੇ ਇਹ ਲਗਾਉਂਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਤਾਨਾਸ਼ਾਹੀ ਵਤੀਰੇ ਨਾਲ ਜੋ ਭਾਰਤੀਆਂ ਅਤੇ ਪੰਜਾਬੀਆਂ ਨੇ ਸੁਪਨੇ ਸਮੋਏ ਸਨ ਉਹ ਵੀ ਚਕਨਾ ਚੂਰ ਹੋ ਗਏ ਹਨ।

ਸੇਵਾ ਕੇਂਦਰਾਂ ਦੀਆਂ ਫੀਸਾਂ ‘ਚ ਕੀਤਾ ਗਿਆ ਵਾਧਾ ਵਾਪਸ ਲਵੇ ਸਰਕਾਰ : ਮਜੀਠੀਆ

ਜੇਤੂ ਪੰਚਾਂ ਸਰਪੰਚਾਂ ਨੂੰ ਕੀਤਾ ਸਨਮਾਨ, ਕਿਹਾ ਨਿਰਪਖ ਚੋਣਾਂ ਹੁੰਦੀਆਂ ਤਾਂ ਨਤੀਜਾ
100 ਫੀਸਦੀ ਅਕਾਲੀ ਦਲ ਦੇ ਹੱਕ ‘ਚ ਆਉਣਾ ਸੀ।

ਮਜੀਠਾ-ਸਾਬਕਾ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕਤਰ
ਬਿਕਰਮ ਸਿੰਘ ਮਜੀਠੀਆ ਨੇ ਰਾਜ ਦੀ ਕਾਂਗਰਸ ਸਰਕਾਰ ਵਲੋਂ ਸੇਵਾ ਕੇਂਦਰਾਂ ਦੀਆਂ ਫੀਸਾਂ
‘ਚ ਬੇਤਹਾਸ਼ਾ -ਮਣਾਂ ਮੂੰਹੀ ਕੀਤੇ ਗਏ ਵਾਧੇ ਦੀ ਸਖਤ ਅਲੋਚਨਾ ਕੀਤੀ ਹੈ। ਸ: ਮਜੀਠੀਆ
ਅਜ ਪੰਚਾਇਤੀ ਚੋਣਾਂ ਦੌਰਾਨ ਅਕਾਲੀ ਦਲ ਦੇ ਜੇਤੂ ਪੰਚ ਸਰਪੰਚਾਂ ਨੂੰ ਸੰਬੋਧਨ ਕਰ ਰਹੇ
ਸਨ ਨੇ, ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਰੋਜਾਨਾ
ਨਵੇ ਟੈਕਸ ਲਾ ਕੇ ਲੋਕਾਂ ‘ਤੇ ਵਾਧੂ ਆਰਥਿਕ ਬੋਝ ਪਾਉਦਿਆਂ ਕਚੂਬਰ ਕੱਢ ਰਹੀ ਹੈ।
ਉਹਨਾਂ ਦਸਿਆ ਕਿ ਸੇਵਾ ਕੇਦਰਾਂ ਦੀ ਸਥਾਪਤੀ ਦਾ ਮਕਸਦ ਮੁਨਾਫਾ ਕਮਾਉਣਾ ਨਹੀਂ ਰਿਹਾ।
ਅਕਾਲੀ ਭਾਜਪਾ ਸਰਕਾਰ ਸਮੇਂ ਨਾਗਰਿਕਾਂ ਨੂੰ ਵਖ ਵਖ ਸੇਵਾਵਾਂ ਇਕੋਂ ਛੱਤ ਹੇਠਾਂ ਦੇਣ
ਦੇ ਮਕਸਦ ਨਾਲ 2 ਹਜਾਰ ਕਰੋੜ ਦੀ ਲਾਗਤ ਨਾਲ 2000 ਤੋਂ ਵੱਧ ਸੇਵਾ ਕੇਂਦਰਾਂ ਦੀ
ਸਥਾਪਨਾ ਕੀਤੀ ਗਈ। ਜਿਸ ਤੋਂ ਹੁਣ ਤਕ ਲੋਕ ਲਾਭ ਲੈ ਰਹੇ ਹਨ। ਉਹਨਾਂ ਸੇਵਾ ਕੇਦਰਾਂ ‘ਚ
ਫੀਸਾਂ ਸੰਬੰਧੀ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਮੌਕੇ ਉਹਨਾਂ ਜੇਤੂ ਪੰਚਾਂ
ਸਰਪੰਚਾਂ ਨੁੰ ਵਧਾਈ ਦਿਤੀ ਤੇ ਕਿਹਾ ਕਿ ਕਾਂਗਰਸ ਦੀਆਂ ਧਕੇਸ਼ਾਹੀਆਂ ਦੇ ਬਾਵਜੂਦ ਉਹਨਾਂ
ਅਕਾਲੀ ਦਲ ਦੀ ਜਿਤ ਦਾ ਝੰਡਾ ਬੁਲੰਦ ਕਰ ਕੇ ਪਾਰਟੀ ਨੂੰ ਬੱਲ ਦਿਤਾ ਹੈ। ਉਹਨਾਂ ਦਸਿਆ
ਕਿ ਕਾਂਗਰਸ ਨੇ ਧਕੇਸ਼ਾਹੀਆਂ ਨਾ ਕੀਤੀਆਂ ਹੁੰਦੀਆਂ ਤਾਂ ਬਹੁਤਾ ਨਤੀਜਾ ਅਕਾਲੀ ਦਲ ਦੇ
ਹੱਕ ‘ਚ ਆਉਣਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ
ਤੋਂ ਮੁਕਰ ਚੁਕੀ ਹੈ। ਕਿਸਾਨਾਂ ਦਾ ਕਰਜਾ ਮੁਆਫ ਕਰਨ ਦੀ ਥਾਂ ਉਹਨਾਂ ਨਾਲ ਮਜਾਕ ਕੀਤਾ
ਗਿਆ। ਨੌਕਰੀਆਂ ਦੇਣ ਦੀ ਥਾਂ ਸਰਕਾਰ ਨੇ ਆਪਣੇ ਚਹੇਤਿਆਂ ਦਾ ਹੀ ਘਰ ਭਰਿਆ। ਸ਼ਗਨ ਸਕੀਮ
ਅਤੇ ਪੈਨਸ਼ਨਾਂ ਨੂੰ ਅਜ ਲੋੜਵੰਦ ਲੋਕ ਬੇਸਬਰੀ ਨਾਲ ਉਡੀਕ ਰਹੇ ਹਨ। ਉਹਨਾਂ ਕਿਹਾ ਕਿ
ਅਕਾਲੀ ਦਲ ਲੋਕਾਂ ਦੇ ਹੱਕ ਲਈ ਕਾਂਗਰਸ ਸਰਕਾਰ ਖਿਲਾਫ ਲੜਾਈ ਜਾਰੀ ਰਖੇਗਾ।

ਮਾਕਪਾ ਅਤੇ ਭਾਜਪਾ ਨੇਤਾਵਾਂ ਦੇ ਘਰਾਂ ‘ਤੇ ਬੰਬਾਂ ਨਾਲ ਹਮਲੇ, 1700 ਪ੍ਰਦਰਸ਼ਨਕਾਰੀ ਗ੍ਰਿਫਤਾਰ

ਤਿਰੁਵੰਨਤਪੁਰਮ-ਸਬਰੀਮਾਲਾ ਮੰਦਰ ਵਿਖੇ ਔਰਤਾਂ ਦੇ ਦਾਖਲੇ ਵਿਰੁਧ ਕੇਰਲ ਵਿਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਵਿਚ ਵਾਧਾ ਹੋ ਰਿਹਾ ਹੈ। ਮਾਕਪਾ ਦੇ ਥਾਲਾਸੇਰੀ ਵਿਧਾਇਕ ਏਐਨ ਸ਼ਮਸੀਰ ਦੇ ਘਰ ਦੇਰ ਰਾਤ ਬੰਬ ਨਾਲ ਹਮਲਾ ਕੀਤਾ ਗਿਆ। ਇਸ ਤੋਂ ਪਹਿਲਾਂ ਭਾਜਪਾ ਸੰਸਦ ਮੰਤਰੀ ਵੀ ਮੁਰਲੀਧਰਨ, ਮਾਕਪਾ ਦੇ ਕਨੂਰ ਜ਼ਿਲ੍ਹਾ ਸਕੱਤਰ ਪੀ ਸ਼ਸ਼ੀ ਅਤੇ ਪਾਰਟੀ ਕਰਮਚਾਰੀ ਵਿਸ਼ਕ ਦੇ ਘਰਾਂ ‘ਤੇ ਵੀ ਬੰਬ ਸੁੱਟੇ ਗਏ। ਹਮਲੇ ਦੌਰਾਨ ਵਿਸ਼ੇਕ ਜਖ਼ਮੀ ਹੋ ਗਏ।
ਸੁਪਰੀਮ ਕੋਰਟ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਮੰਦਰ ਵਿਚ ਹਰ ਉਮਰ ਦੀਆਂ ਔਰਤਾਂ ਨੂੰ ਦਾਖਲੇ ਦੀ ਇਜਾਜ਼ਤ ਦਿਤੀ ਸੀ। ਭਾਜਪਾ ਅਤੇ ਹਿੰਦੂ ਸੰਗਠਨ ਇਸ ਫ਼ੈਸਲੇ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਰਾਜ ਦੀ ਮਾਕਪਾ ਸਰਕਾਰ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨ ਦੇ ਪੱਖ ਵਿਚ ਹੈ। ਮਾਕਪਾ ਨੇ ਅਪਣੇ ਨੇਤਾਵਾਂ ਦੇ ਘਰਾਂ ‘ਤੇ ਹੋਏ ਹਮਲਿਆਂ ਦੇ ਲਈ ਆਰਐਸਐਸ ਦੇ ਸਵੈ-ਸੇਵੀਆਂ ਨੂੰ, ਜਦਕਿ ਭਾਜਪਾ ਨੇ ਮਾਕਪਾ ਕਰਮਚਾਰੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਰਾਜ ਵਿਚ 1738 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 1108 ਮਾਮਲੇ ਦਰਜ ਕੀਤੇ ਗਏ ਹਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਜ ਵਿਚ ਐਤਵਾਰ ਨੂੰ ਹੋਣ ਵਾਲਾ ਦੌਰਾ ਰੱਦ ਕਰ ਦਿਤਾ ਗਿਆ ਹੈ। ਖ਼ਬਰਾਂ ਮੁਤਾਬਕ ਭਾਜਪਾ ਦੇ ਇਕ ਸੀਨੀਅਰ ਨੇਤਾ ਦੇ ਹਵਾਲੇ ਤੋਂ ਇਹ ਜਾਣਕਾਰੀ ਦਿਤੀ ਗਈ ਹੈ। ਭਾਜਪਾ ਨੇਤਾ ਨੇ ਕਿਹਾ ਕਿ ਪੀਐਮ ਦੀ ਪਠਾਨਮਥਿੱਟਾ ਵਿਖੇ 6 ਜਨਵਰੀ ਨੂੰ ਹੋਣ ਵਾਲੀ ਯਾਤਰਾ ਟਾਲ ਦਿਤੀ ਗਈ ਹੈ। ਇਸ ਦਾ ਮੌਜੂਦਾ ਹਾਲਾਤਾਂ ਨਾਲ ਕੋਈ ਸਬੰਧ ਨਹੀਂ ਹੈ, ਪਰ ਅਸੀਂ ਇਸ ਹਾਲਤ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੇ।
ਸਬਰੀਮਾਲਾ ਮੰਦਰ ਵਿਚ ਸ਼੍ਰੀਲੰਕਾ ਦੀ 46 ਸਾਲ ਦੀ ਇਕ ਔਰਤ ਨੇ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਪੌੜੀਆਂ ‘ਤੇ ਹੀ ਰੋਕ ਦਿਤਾ ਗਿਆ। ਔਰਤ ਦਾ ਕਹਿਣਾ ਹੈ ਕਿ ਉਸ ਨੇ ਅਪਣੇ ਮੀਨੋਪੋਜ਼ਲ ਹੋਣ ਦਾ ਮੈਡੀਕਲ ਸਰਟੀਫਿਕੇਟ ਵੀ ਦਿਤਾ ਸੀ ਪਰ ਫਿਰ ਵੀ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿਤੀ ਗਈ। ਸਬਰੀਮਾਲਾ ਮੰਦਰ ਵਿਚ 2 ਜਨਵਰੀ ਨੂੰ 50 ਸਾਲ ਤੋਂ ਘੱਟ ਉਮਰ ਦੀਆਂ ਦੋ ਔਰਤਾਂ ਬਿੰਦੂ ਅਤੇ ਕਨਕਦੁਰਗਾ ਅੰਦਰ ਗਈਆਂ ਸਨ। ਇਸ ਤੋਂ ਬਾਅਦ ਮੰਦਰ ਦਾ ਸ਼ੁੱਧੀਕਰਨ ਕੀਤਾ ਗਿਆ।

ਸੱਜਣ ਕੁਮਾਰ ਤੋਂ ਬਾਅਦ ਕਮਲਨਾਥ ਤੇ ਹੋਰ ਵੀ ਜਾਣਗੇ ਜੇਲ : ਬੀਬੀ ਜਗਦੀਸ਼ ਕੌਰ

ਪੱਟੀ-1984 ਨਸਲਕੁਸ਼ੀ ਜਿਸ ਨੂੰ ਦਿੱਲੀ ਦੰਗਿਆ ਦਾ ਨਾਂਅ ਦਿਤਾ ਗਿਆ ਹੈ। ਉਸ ਦੇ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਅਤੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਵੀ ਅੱਜ ਵਿਸ਼ੇਸ਼ ਤੌਰ ਤੇ ਪੱਟੀ ਪੁੱਜੇ ਜਿਥੇ ਉਨ੍ਹਾਂ ਨੂੰ ਭਾਈ ਲਾਲੋ ਸਮਾਜ ਸੇਵਾ ਸੰਸਥਾਂ ਪੱਟੀ ਵਲੋਂ ਵਿਸ਼ੇਸ਼ ਸਨਮਾਨ ਦਿਤਾ ਗਿਆ। ਇਸ ਮੌਕੇ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ 1984 ‘ਚ ਸਿੱਖ ਨਸਲਕੁਸ਼ੀ ਹੋਣ ‘ਤੇ ਮੈਂ 3 ਨਵੰਬਰ 1984 ਨੂੰ ਐਫ. ਆਈ. ਆਰ ਦਰਜ਼ ਕਰਾਈ ਸੀ ਅਤੇ 26 ਨਵੰਬਰ ਨੂੰ ਮੈਨੂੰ ਧੋਖ਼ਾ ਕਰ ਕੇ ਕਾਗਜ ਦੇ ਦਿਤਾ ਗਿਆ ਅਤੇ ਅੱਜ 34 ਸਾਲ ਬਾਅਦ ਇਸੇ ਕਾਗਜ਼ ਦੇ ਟੁੱਕੜੇ ਤੇ ਸੱਜਣ ਕੁਮਾਰ ਨੂੰ ਸਜ੍ਹਾਂ ਹੋਈ ਹੈ।
ਬੀਬੀ ਜਗਦੀਸ਼ ਕੌਰ ਨੇ ਭਰੇ ਮਨ ਨਾਲ ਕਿਹਾ ਕਿ ਮੈਂ 1985 ਨੂੰ ਰੰਗਾ ਨਾਥ ਮਿਸ਼ਰਾਂ ਨੂੰ ਹਲਫ਼ੀਆ ਬਿਆਨ ਦਿਤਾ ਸੀ ਜਿਸ ‘ਤੇ ਉਸ ਵੇਲੇ ਦੇ ਜੱਜ ਨੇ ਟਿਪਣੀ ਕਰਦਿਆਂ ਕਿਹਾ ਸੀ ਕਿ ਮੈਂ ਇਸ ਬਹਾਦਰ ਮਾਤਾ ਨੂੰ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਇੰਨਸਾਫ਼ ਲਈ 34 ਸਾਲ ਜੰਗ ਜਾਰੀ ਰੱਖੀ। ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਸੱਜਣ ਕੁਮਾਰ ਦੇ ਜੇਲ੍ਹ ਜਾਣ ਨਾਲ ਸਾਡਾ ਕੰਮ ਪੂਰਾ ਨਹੀ ਹੋਇਆ ਅਜੇ ਤਾਂ ਕਮਲਨਾਥ ਅਤੇ ਐਚ.ਕੇ.ਐਲ ਭਗਤ, ਟਾਈਟਲਰ ਵਰਗਿਆਂ ਨੂੰ ਵੀ ਸਜ਼ਾ ਮਿਲਣੀ ਬਾਕੀ ਹੈ ਅਤੇ ਉਹ ਵੀ ਬੇਸ਼ੱਕ ਉੱਚ ਅਹੁਦੇ ਤੇ ਬੈਠ ਗਿਆ ਹੈ ਪਰ 4 ਦਿਨ ਦਾ ਮਹਿਮਾਨ ਹੈ।
ਕਿਉਂ ਕਿ ਕਾਂਗਰਸ ਨੇ ਸੱਜਣ ਕੁਮਾਰ ਨੂੰ ਵੀ ਅਹੁਦੇ ਦਿਤੇ ਸਨ ਪਰ ਉਹ ਵੀ ਕੁਰਸੀ ਤੋਂ ਥੱਲੇ ਆ ਗਿਆ ਹੈ। ਉਹ ਦਿਨ ਵੀ ਦੂਰ ਨਹੀ ਜਿਸ ਦਿਨ ਕਮਲਨਾਥ ਵੀ ਕੁਰਸੀ ਤੋਂ ਥੱਲੇ ਹੋਵੇਗਾ। ਇਸ ਮੌਕੇ ਅੱਖਾਂ ‘ਚ ਅੱਥਰੂ ਭਰਦਿਆਂ ਬੀਬੀ ਜਗਦੀਸ਼ ਕੌਰ ਨੇ ਕਿਹਾ ਕਿ ਮੈਂ ਸਿੱਖ ਕੌਮ ਮਰਦੀ ਅੱਖੀਂ ਵੇਖੀ ਹੈ ਜਿਸ ਵਿਚ ਆਰਮੀ, ਫਰੀਡਮ ਫਾਈਟਰਾਂ ਦੇ ਪਰਿਵਾਰ ਵੀ ਮਰਦੇ ਵੇਖੇ ਹਨ ਅਤੇ ਇਹ ਲੜਾਈ ਅਜੇ ਲੰਬੀ ਹੈ, ਬੇਸ਼ੱਕ ਮੇਰੇ ਵਿਚ ਖ਼ੂਨ ਦਾ ਇਕ ਹੀ ਕਤਰਾ ਕਿਉ ਨਾ ਰਹਿ ਜਾਵੇ ਮੈਂ ਆਖਰੀ ਦਮ ਤਕ ਲੜਾਈ ਜਾਰੀ ਰੱਖਾਂਗੀ।
ਇਸ ਮੌਕੇ ਫੈਡੇਰਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅਸੀ 5 ਨਵੰਬਰ 2007 ਨੂੰ ਗੁਰਦਆਰਾ ਰਕਾਬ ਗੰਜ ਸਾਹਿਬ ਵਿਖੇ ਅਰਦਾਸ ਕੀਤੀ ਸੀ ਕਿ 1984 ਕਤਲੇਆਮ ਵਿਚ ਬੱਚੇ, ਬਜ਼ੁਰਗਾਂ ਆਦਿ ਨੂੰ ਵੀ ਬਖਸ਼ਿਆਂ ਨਹੀਂ ਗਿਆ। ਅਸਲ ਕਾਤਲਾਂ ਨੂੰ ਸਜ਼ਾਂ ਜ਼ਰੂਰ ਮਿਲੇ। ਪੀਰ ਮੁਹੰਮਦ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ ਕਿÀੁਂ ਕਿ ਇਸ ਧਰਤੀ ‘ਤੇ ਸਿੱਖ ਜਵਾਨੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪੁੱਛਣਾਂ ਚਾਹੁੰਦੇ ਹਾਂ ਕਿ ਤੁਹਾਡੇ ਰਾਜ ਵਿਚ ਵੀ ਸਿੱਖ ਨੌਜਵਾਨ ਪੀੜੀ ਦਾ ਘਾਣ ਹੋਇਆ ਜਿਸ ਵਿਚ ਪੱਟੀ ਅਤੇ ਤਰਨਤਾਰਨ ‘ਚ ਪੱਚੀ ਹਜ਼ਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਹੈ ਅਤੇ ਉਨ੍ਹ੍ਹਾਂ ਅਫ਼ਸਰਾਂ ਨੇ ਤੁਹਾਡੀ ਸਰਕਾਰ ਦਾ ਆਨੰਦ ਮਾਣਿਆਂ ਹੈ। ਅਸੀਂ ਸੱਜਣ ਕੁਮਾਰ ਤੋਂ ਬਾਅਦ ਕਮਲਨਾਥ, ਟਾਈਟਲਰ, ਬਾਕੀ ਰਹਿੰਦੇਆਂ ਨੂੰ ਸਜ਼ਾ ਦਵਾਉਣ ਲਈ ਲੜ੍ਹ ਰਹੇ ਹਾਂ। ਉਨ੍ਹਾਂ ਿਕਹਾ ਕਿ ਇਨਸਾਫ਼ ਲਈ ਜੰਗ ਜਾਰੀ ਰਹੇਗੀ। ਇਸ ਮੌਕੇ ਡਾ, ਹਰਜਿੰਦਰ ਸਿੰਘ ਢਿੱਲੋਂ, ਡਾ, ਅਰਵਿੰਦਰਜੀਤ ਸਿੰਘ, ਜਗਦੀਪ ਸਿੰਘ ਪ੍ਰਿੰਸ. ਡਾਂ. ਸਰਬਪ੍ਰੀਤ ਸਿੰਘ, ਡਾ, ਅੰਗਰੇਜ ਸਿੰਘ, ਮਾ. ਗੇਜਾ ਸਿੰਘ,ਵਿਨੋਦ ਕੁਮਾਰ, ਲਾਭ ਸਿੰਘ, ਗੁਰਨਾਮ ਸਿੰਘ ਮਿਨਹਾਲਾ,ਸਤਨਾਮ ਸਿੰਘ, ਆਦਿ ਹਾਜ਼ਰ ਸਨ।

‘ਆਪ’ ਨੂੰ ਛੱਡ ਕੇ ਫੂਲਕਾ ਲੜਨਗੇ ਦੋ ਫਰੰਟਾਂ ‘ਤੇ ਲੜਾਈ

ਨਵੀਂ ਦਿੱਲੀ- 1984 ਸਿੱਖ ਕਤਲੇਆਮ ਦੇ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦੋ ਵੱਖ-ਵੱਖ ਫਰੰਟਾਂ ‘ਤੇ ਆਪਣੀ ਲੜਾਈ ਸ਼ੁਰੂ ਕਰਨ ਦਾ ਅਹਿਦ ਲਿਆ ਹੈ। ਫੂਲਕਾ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚੋਂ ਨਸ਼ੇ ਖ਼ਤਮ ਕਰਨ ਅਤੇ ਪੰਥਕ ਸੁਧਾਰਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਦੀਆਂ ਨੀਤੀਆਂ ਨਾ ਪਸੰਦ ਹੋਣ ਕਰਕੇ ਹੀ ਪਾਰਟੀ ਨੂੰ ਛੱਡਿਆ ਹੈ। ਸੀਨੀਅਰ ਵਕੀਲ ਨੇ ਕਿਹਾ ਕਿ ਹਾਲੇ ਤਕ ਪਾਰਟੀ ਨੇ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ।
ਫੂਲਕਾ ਨੇ ਦਿੱਲੀ ਵਿੱਚ ਪ੍ਰੈਸ ਕਾਨਫ਼ਰੰਸ ਕਰਕੇ ਆਪਣੇ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਫੂਲਕਾ ਨੇ ਲੋਕ ਸਭਾ ਚੋਣਾਂ ਨਾ ਲੜਨ ਦਾ ਵੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਾਲ ਤੋਂ ਹੀ ਸਰਗਰਮ ਸਿਆਸਤ ਤੋਂ ਪਰ੍ਹੇ ਸਨ ਅਤੇ ਹੁਣ ਰਾਜਨੀਤੀ ਤੋਂ ਬਿਲਕੁਲ ਹੀ ਦੂਰ ਹੋ ਗਏ ਹਨ। ਫੂਲਕਾ ਕਿਹਾ ਕਿ ਹੁਣ ਉਹ ਦੋ ਸੰਗਠਨ ਬਣਾਉਣਗੇ ਜਿਨ੍ਹਾਂ ਦਾ ਕੰਮ ਪੰਜਾਬ ਵਿੱਚੋਂ ਨਸ਼ਿਆਂ ਦਾ ਖ਼ਾਤਮਾ ਕਰਨਾ ਹੋਵੇਗਾ ਅਤੇ ਦੂਜੇ ਦੀ ਮਦਦ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਸਿਆਸਤ ਨੂੰ ਖ਼ਤਮ ਕਰਨਗੇ।
ਉਨ੍ਹਾਂ ਸਿੱਖ ਕਤਲੇਆਮ ਬਾਰੇ ਕਿਹਾ ਕਿ ਨਿਆਂ ਲਈ ਲੰਬੀ ਲੜਾਈ ਲੜੀ ਤੇ ਅੱਜ ਇਹ ਲੜਾਈ ਜਿੱਤ ਲਈ ਹੈ। ਫੂਲਕਾ ਨੇ ਕਿਹਾ ਕਿ 34 ਸਾਲਾ ਵਿੱਚ ਉਨ੍ਹਾਂ ਨੂੰ ਸਿਆਸਤ ਵਿੱਚ ਆਉਣ ਲਈ ਬੜੀਆਂ ਪੇਸ਼ਕਸ਼ਾਂ ਹੋਈਆਂ ਪਰ ਉਹ ਨਾ ਆਏ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਵਾਲੀ ਮੁਹਿੰਮ ਕਾਫੀ ਅਸਰਦਾਰ ਸੀ ਤੇ ਅੱਜ ਵੀ ਇਸ ਦੀ ਲੋੜ ਹੈ।

ਮੋਦੀ ਨੇ ਪੰਜਾਬ ਦੇ ਕਿਸਾਨਾਂ ਨੂੰ ਮੂਰਖ ਬਣਾਇਆ : ਬ੍ਰਹਮਪੁਰਾ

ਅੰਮ੍ਰਿਤਸਰ-ਸ੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਗੁਰਦਾਸਪੁਰ ਵਿਖੇ ਦਿਤੇ ਭਾਸ਼ਣ ਉਤੇ ਅੱਜ ਟਿਪਣੀ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹਿੱਤ ਵਿਚ ਪ੍ਰਧਾਨ ਮੰਤਰੀ ਵਲੋਂ ਕੋਈ ਵਿਸ਼ੇਸ਼ ਐਲਾਨ ਨਹੀਂ ਕੀਤਾ ਗਿਆ।
ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਪੱਲੇ ਸਿਰਫ਼ ਨਿਰਾਸ਼ਾ ਹੀ ਪਈ ਹੈ ਕਿਉਂ ਜੋ ਸਵਾਮੀਨਾਥਨ ਕਮਿਸ਼ਨ ਦੀ ਰੀਪੋਰਟ ਨੂੰ ਲਾਗੂ ਕਰਨ ਦੇ ਮਸਲੇ ਉਤੇ ਕਿਸਾਨਾਂ ਨੂੰ ਮੂਰਖ ਬਣਾਇਆ ਗਿਆ ਹੈ ਅਤੇ ਬਹੁਤੀਆਂ ਫ਼ਸਲਾਂ ਜਿਵੇਂ ਕਿ ਦਾਲਾਂ, ਤੇਲ, ਬੀਜ ਆਦਿ ਦੀ (ਐਮ.ਐਸ.ਪੀ) ਘੱਟੋ-ਘੱਟ ਮਿਥੇ ਮੁੱਲ ਦੇ ਬਾਵਜੂਦ ਮੰਡੀਆਂ ਵਿਚ ਖਰੀਦੀਆਂ ਨਹੀਂ ਜਾ ਰਹੀਆਂ ਅਤੇ ਕਿਸਾਨ ਮਜਬੂਰਨ ਸਸਤੇ ਭਾਅ ਅਪਣੀਆਂ ਫ਼ਸਲਾਂ ਨੂੰ ਵੇਚ ਰਹੇ ਹਨ, ਪਹਿਲਾਂ ਹੀ ਕਰਜ਼ੇ ਹੇਠ ਦੱਬੇ ਕੁਚਲੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਅਨਾਜ ਅਤੇ ਸਬਜ਼ੀਆਂ ਦਾ ਮੰਡੀਕਰਨ ਕਰਕੇ ਕਿਸਾਨਾਂ ਦੀਆਂ ਸਬਜ਼ੀਆਂ ਮਟਰ, ਪਿਆਜ਼, ਆਲੂ, ਲਸਣ ਅਤੇ ਆਦਿ ਫ਼ਸਲਾਂ ਸੜਕਾਂ ਉਤੇ ਰੁਲ ਰਹੀਆਂ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸਾਨਾਂ ਨਾਲ ਧੋਖਾਧੜੀ ਕੀਤੀ ਗਈ ਹੈ। ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਉਤੇ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਹਨਾਂ ਕਿਹਾ ਕਿ ਸੁਖਬੀਰ ਨੇ ਪੰਜਾਬ ਦੇ ਚਿਰਾਂ ਤੋਂ ਲਟਕਦੇ ਆ ਰਹੇ ਬਹੁਤ ਹੀ ਮਹੱਤਵਪੂਰਨ ਮੁੱਦਿਆਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਆਧਾਰਿਤ ਸੂਬਿਆਂ ਤੋਂ ਵੱਧ ਅਧਿਕਾਰ ਲੈਣਾ, ਚੰਡੀਗੜ੍ਹ ਸਮੇਤ ਪੰਜਾਬੀ ਬੋਲਦੇ ਇਲਾਕੇ, ਰਿਪੇਰੀਅਨ ਕਾਨੂੰਨ ਰਾਹੀਂ ਪੰਜਾਬ ਦੇ ਪਾਣੀਆਂ ਦਾ ਮਸਲਾ ਅਤੇ ਪੰਜਾਬ ਦੇ ਹੈਡ ਵਰਕਸ ਪੰਜਾਬ ਨੂੰ ਦੇਣ ਵਰਗੇ ਮੁਦਿਆਂ ਦਾ ਜ਼ਿਕਰ ਤਕ ਨਹੀਂ ਕੀਤਾ। ਉਹਨਾਂ ਕਿਹਾ ਕਿ ਜਿਹਨਾਂ ਸੰਵੇਦਨਸ਼ੀਲ ਮੁਦਿਆਂ ਦੀ ਪ੍ਰਾਪਤੀ ਲਈ ਅਕਾਲੀ ਦਲ ਵਲੋਂ ਕਪੂਰੀ, ਧਰਮਯੁੱਧ ਮੋਰਚਾ ਅਤੇ ਕਈ ਹੋਰ ਮੋਰਚੇ ਲਗਾਏ ਗਏ ਅਤੇ ਸਿੰਘਾਂ ਨੇ ਜੇਲਾਂ ਕੱਟੀਆ ਅਤੇ ਕਸ਼ਟ ਵੀ ਸਹੇ ਪਰ ਅਫਸੋਸ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਪਣੇ ਭਾਸ਼ਣ ਦੌਰਾਨ ਇਹਨਾਂ ਸੰਵੇਦਨਸ਼ੀਲ ਅਤੇ ਗੰਭੀਰ ਮੁੱਦਿਆਂ ਨੂੰ ਅੱਖੋਂ-ਪਰੋਖੇ ਕਰਕੇ ਪੰਜਾਬ ਨਾਲ ਧੋਖਾ ਅਤੇ ਧੱਕਾ ਕੀਤਾ ਹੈ।

ਭਾਜਪਾ ਨੂੰ ਤਾਰੇਗਾ ਰਾਫਾਲ: ਸੀਤਾਰਾਮਨ

ਨਵੀਂ ਦਿੱਲੀ-ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੰਸਦ ਵਿਚ ਕਾਂਗਰਸ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ ਕਿ ਵਿਰੋਧੀ ਪਾਰਟੀ ਰਾਫਾਲ ਸੌਦੇ ਬਾਰੇ ‘ਝੂਠੇ ਦਾਅਵਿਆਂ’ ਰਾਹੀਂ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੋਫੋਰਜ਼ ਘੁਟਾਲੇ ਨੇ ਕਾਂਗਰਸ ਦੀ ਸਿਆਸੀ ਬੇੜੀ ਡੋਬ ਦਿੱਤੀ ਸੀ, ਪਰ ਰਾਫਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੇਰ ਤੋਂ ਸੱਤਾ ’ਚ ਲਿਆਏਗਾ। ਸੰਸਦ ਵਿਚ ਰਾਫਾਲ ਸੌਦੇ ’ਤੇ ਕਰੀਬ ਦੋ ਘੰਟੇ ਲੰਮੇ ਜਵਾਬ ’ਚ ਸੀਤਾਰਾਮਨ ਨੇ ਵਿਰੋਧੀਆਂ ਦੇ ਦੋਸ਼ਾਂ ਦਾ ਇੱਕ-ਇੱਕ ਕਰਕੇ ਜਵਾਬ ਦਿੱਤਾ। ਰੱਖਿਆ ਮੰਤਰੀ ਨੇ ਲੜਾਕੂ ਜਹਾਜ਼ ਦੀ ਕੀਮਤ ਅਤੇ ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਹਲ) ਨੂੰ ਆਫ਼ਸੈੱਟ ਠੇਕਾ ਨਾ ਦਿੱਤੇ ਜਾਣ ਬਾਰੇ ਸਵਾਲਾਂ ਦੇ ਜਵਾਬ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸ ਨੇ ਇਹ ਸੌਦਾ ਆਪਣੇ ਕਾਰਜਕਾਲ ਦੌਰਾਨ ਸਿਰੇ ਨਹੀਂ ਸੀ ਚੜ੍ਹਨ ਦਿੱਤਾ ਕਿਉਂਕਿ ਪਾਰਟੀ ਨੂੰ ‘ਕੋਈ ਲਾਭ ਹਾਸਲ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ’। ਉਨ੍ਹਾਂ ਕਿਹਾ ਕਿ ਲਾਲਚ ਖ਼ਾਤਰ ਕੌਮੀ ਸੁਰੱਖਿਆ ਨੂੰ ਦਰਕਿਨਾਰ ਕੀਤਾ ਗਿਆ। ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਬੋਫੋਰਜ਼ ਵੱਡਾ ਘੁਟਾਲਾ ਸੀ ਜਦਕਿ ਰਾਫਾਲ ਸੌਦੇ ’ਚ ਕੁਝ ਸ਼ੱਕੀ ਨਹੀਂ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੇ ਸਰਕਾਰ ਨੂੰ ਰਾਫਾਲ ਜੈੱਟ ਦੀਆਂ ਦੋ ਸਕੁਐਡਰਨਾਂ (36 ਜਹਾਜ਼) ਲੈਣ ਦੀ ਸਲਾਹ ਦਿੱਤੀ ਸੀ ਤੇ ਇਸ ਸਬੰਧੀ ਯੋਜਨਾਬੰਦੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੇਲੇ ਤੋਂ ਹੀ ਕੀਤੀ ਜਾ ਰਹੀ ਸੀ। ਮੰਤਰੀ ਨੇ ਸਦਨ ਵਿਚ ਜਾਣਕਾਰੀ ਦਿੱਤੀ ਕਿ ਸੌਦੇ ਮੁਤਾਬਕ ਪਹਿਲਾ ਰਾਫਾਲ 2019 ਵਿਚ ਭਾਰਤ ਪੁੱਜੇਗਾ ਤੇ ਆਖ਼ਰੀ ਜੈੱਟ 2022 ਤੱਕ ਆ ਜਾਵੇਗਾ। ਕੀਮਤਾਂ ਵਿਚ ਫ਼ਰਕ ਬਾਰੇ ਰੱਖਿਆ ਮੰਤਰੀ ਨੇ ਕਿਹਾ ਕਾਂਗਰਸ ਰਾਜ ਦੌਰਾਨ ਅਧਿਕਾਰਤ ਤੌਰ ’ਤੇ ਕੀਮਤਾਂ ਨੋਟ ਨਹੀਂ ਕੀਤੀਆਂ ਗਈਆਂ ਸਨ ਤੇ ਇਹ ਕਰੀਬ 526 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਐੱਨਡੀਏ ਕਾਂਗਰਸ ਦੇ ਮੁਕਾਬਲੇ ਸੌਦੇ ਦੀਆਂ ਕੀਮਤਾਂ ਨੌਂ ਫੀਸਦ ਤੱਕ ਘਟਾਉਣ ਵਿਚ ਕਾਮਯਾਬ ਹੋਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ‘ਐਚਏਐੱਲ’ ਬਾਰੇ ਸਿਰਫ਼ ਮਗਰਮੱਛ ਦੇ ਹੰਝੂ ਵਹਾ ਰਹੀ ਹੈ ਜਦਕਿ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਇਸ ਸਰਕਾਰੀ ਅਦਾਰੇ ਦੇ ਵਿਕਾਸ ਲਈ ਕੋਈ ਕਦਮ ਨਹੀਂ ਚੁੱਕਿਆ। ਸੀਤਾਰਾਮਨ ਨੇ ਕਿਹਾ ਕਿ ਐੱਨਡੀਏ ਕਾਰਜਕਾਲ ਦੌਰਾਨ ‘ਐਚਏਐੱਲ’ ਨੂੰ ਇਕ ਲੱਖ ਕਰੋੜ ਰੁਪਏ ਦੇ ਠੇਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਗਿਣਤੀ 126 ਤੋਂ ਘਟਾ ਕੇ 36 ਕਰਨ ਬਾਰੇ ਗੁੰਮਰਾਹ ਕੀਤਾ ਜਾ ਰਿਹਾ ਜਦਕਿ ਕਾਂਗਰਸ ਉਡਣ ਯੋਗ ਸਥਿਤੀ ’ਚ ਸਿਰਫ਼ 18 ਜਹਾਜ਼ ਖ਼ਰੀਦਣਾ ਚਾਹੁੰਦੀ ਸੀ ਤੇ ਐੇੱਨਡੀਏ ਨੇ 36 ਖ਼ਰੀਦੇ ਹਨ। ਏਡੀਏਜੀ ਗਰੁੱਪ ਨੂੰ ਆਫ਼ਸੈੱਟ ਠੇਕਾ ਦੇਣ ਬਾਰੇ ਉਨ੍ਹਾਂ ਕਿਹਾ ਕਿ ਇਸੇ ਕੰਪਨੀ ਨੂੰ ਕਾਂਗਰਸ ਰਾਜ ਦੌਰਾਨ 53 ਛੋਟਾਂ ਤੇ ਹੋਰ ਰਿਆਇਤਾਂ ਮਿਲੀਆਂ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਉਸ ਦਾਅਵੇ ਨੂੰ ਸਦਨ ਵਿਚ ਸਾਬਿਤ ਕਰਕੇ ਦਿਖਾਉਣ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ ਫਰਾਂਸੀਸੀ ਆਗੂ ਨੇ ਉਨ੍ਹਾਂ ਨੂੰ ਸੌਦੇ ਵਿਚ ਜਾਣਕਾਰੀ ਗੁਪਤ ਰੱਖਣ ਸਬੰਧੀ ਕੋਈ ਨੇਮ ਨਾ ਹੋਣ ਬਾਰੇ ਕਿਹਾ ਸੀ।

ਜੁਮਲੇਬਾਜ਼ੀ ’ਚ ਮੋਦੀ ਦਾ ਕੋਈ ਮੁਕਾਬਲਾ ਨਹੀਂ: ਕੈਪਟਨ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੁਮਲੇਬਾਜ਼ ਤੇ ਝੂਠੇ ਬਿਆਨ ਦਾਗਣ ’ਚ ਮਾਹਿਰ ਗਰਦਾਨਦੇ ਹੋਏ ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਇੱਕ ਵੀ ਵਾਅਦਾ ਪੂਰਾ ਕਰਨ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਫੁੱਟਪਾਊ ਨੀਤੀਆਂ ਕਾਰਨ ਦੇਸ਼ ਤਬਾਹੀ ਵਿਚ ਫਸ ਗਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਆਜ਼ਾਦ ਭਾਰਤ ਦੇ ਸਭ ਤੋਂ ਮਾੜੇ ਆਗੂ ਹਨ।
ਇਕ ਦਿਨ ਪਹਿਲਾਂ ਗੁਰਦਾਸਪੁਰ ਰੈਲੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ‘ਜੁਮਲੇਬਾਜ਼’ ਪ੍ਰਧਾਨ ਮੰਤਰੀ ਨੇ ਧੋਖੇ ਤੇ ਪਾਖੰਡ ਨਾਲ ਦੇਸ਼ ਨੂੰ ਨਿਵਾਣਾਂ ’ਤੇ ਲੈ ਆਂਦਾ ਹੈ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪੱਕੀ ਹਾਰ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਬੁਰੀ ਤਰ੍ਹਾਂ ਨਿਰਾਸ਼ ਹਨ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਨੇ ਇੱਕ ਵਾਰ ਫਿਰ 1984 ਦੇ ਦੰਗਿਆਂ ਅਤੇ ਕਰਤਾਰਪੁਰ ਲਾਂਘੇ ਤੋਂ ਲੈ ਕੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਹਰ ਮੁੱਦੇ ’ਤੇ ਝੂਠ ਬੋਲਿਆ ਹੈ ਅਤੇ ਉਹ ਆਪਣੀਆਂ ਪੰਜ ਸਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ।
ਕੈਪਟਨ ਨੇ 1984 ਦੇ ਦੰਗਿਆਂ ਸਬੰਧੀ ਤਿਲਕ ਮਾਰਗ ਥਾਣੇ ਵਿੱਚ ਦਰਜ ਐੱਫਆਈਆਰ ’ਚ ਭਾਜਪਾ ਤੇ ਆਰਐੱਸਐੱਸ ਵਰਕਰਾਂ ਦੇ ਮਾਮਲੇ ਬਾਰੇ ਸਾਜ਼ਿਸ਼ੀ ਚੁੱਪ ਧਾਰਨ ਲਈ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਵਿਰੁੱਧ ਕਿਸੇ ਨੇ ਵੀ ਕੋਈ ਦੋਸ਼ ਨਹੀਂ ਲਾਇਆ ਪਰ ਫਿਰ ਵੀ ਸ੍ਰੀ ਮੋਦੀ ਇਸ ਮਾਮਲੇ ਵਿਚ ਗਾਂਧੀ ਪਰਿਵਾਰ ਦਾ ਨਾਂ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ। ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ, ‘2002 ਦੇ ਗੁਜਰਾਤ ਦੰਗਿਆਂ ਬਾਰੇ ਤੁਹਾਡਾ ਕੀ ਖਿਆਲ ਹੈ ਜੋ ਐਨ ਤੁਹਾਡੇ ਨੱਕ ਹੇਠ ਵਾਪਰੇ ਸਨ ਅਤੇ ਜਿਨ੍ਹਾਂ ਵਿੱਚ ਤੁਹਾਡੀ ਆਪਣੀ ਪਾਰਟੀ ਦੇ ਮੈਂਬਰਾਂ ਦਾ ਨਾਂ ਆਇਆ ਹੈ ਅਤੇ ਦੋਸ਼ ਲੱਗੇ ਸਨ’।
ਕਰਤਾਰਪੁਰ ਲਾਂਘੇ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀਆਂ ਕੋਸ਼ਿਸ਼ਾਂ ਕਰਨ ਲਈ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਸ ਵਾਸਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਕਾਂਗਰਸ ਸਰਗਰਮੀ ਨਾਲ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਬਾਅਦ ’ਚ ਡਾ. ਮਨਮੋਹਨ ਸਿੰਘ ਨੇ ਵੀ ਇਹ ਕੋਸ਼ਿਸ਼ਾਂ ਕੀਤੀਆਂ। ਉਹ ਖੁਦ ਕਈ ਸਾਲਾਂ ਤੋਂ ਪਾਕਿਸਤਾਨ ਦੇ ਨਾਲ ਇਹ ਮੁੱਦਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ, ‘ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਲਈ ਸਾਡੇ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਬੇਨਤੀਆਂ ਦੇ ਬਾਵਜੂਦ ਤੁਸੀਂ ਇੱਕ ਵੀ ਪੈਸਾ ਨਹੀਂ ਦਿੱਤਾ ਅਤੇ ਤੁਸੀਂ ਅਜੇ ਵੀ ਆਪਣੇ ਆਪ ਨੂੰ ਸਿੱਖਾਂ ਤੇ ਉਨ੍ਹਾਂ ਦੇ ਧਰਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹੋ।’
ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਆਪਣੇ 21 ਮਹੀਨਿਆਂ ਦੇ ਕਾਰਜਕਾਲ ’ਚ ਕੇਂਦਰ ਦੀ ਮੋਦੀ ਸਰਕਾਰ ਦੇ ਪੰਜ ਸਾਲਾਂ ਦੇ ਸਮੇਂ ਤੋਂ ਕਿਤੇ ਜ਼ਿਆਦਾ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਨੂੰ ਵਿੱਤੀ ਸੰਕਟ ਵਿਚ ਧੱਕ ਦਿੱਤਾ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਭ੍ਰਿਸ਼ਟਾਚਾਰ ਸਿਖਰਾਂ ’ਤੇ ਪਹੁੰਚ ਗਿਆ ਹੈ। ਰਾਫਾਲ ਸਮਝੌਤੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਮੁੱਠੀ ਭਰ ਵਪਾਰਕ ਘਰਾਣਿਆਂ ਦੀ ਕਿਸ ਤਰ੍ਹਾਂ ਮਦਦ ਕਰ ਰਹੀ ਹੈ।

ਮੋਦੀ ਦੀ ਪੰਜਾਬ ਫੇਰੀ ਸੂਬੇ ਦੇ ਵਸਨੀਕਾਂ ਲਈ ‘ਅੱਛੇ ਦਿਨ’ ਲਿਆਉਣ ਵਿਚ ਨਾਕਾਮਯਾਬ ਸਾਬਤ: ਭਗਵੰਤ ਮਾਨ

ਚੰਡੀਗੜ੍ਹ -ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਕਿ ਪਹਿਲਾਂ ਤੋਂ ਹੀ ਉਮੀਦ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋਈ ਰੈਲੀ ਮਹਿਜ਼ ਇਕ ਸਿਆਸੀ ਡਰਾਮਾ ਹੀ ਬਣ ਕੇ ਰਹਿ ਗਈ ਅਤੇ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਰੈਲੀ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਉਮੀਦ ਸੀ ਕਿ ਮੋਦੀ ਸੂਬੇ ਦੀ ਮਰ ਰਹੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਕੋਈ ਖ਼ਾਸ ਤਰ੍ਹਾਂ ਦਾ ਪੈਕੇਜ ਐਲਾਨਣਗੇ ਪਰੰਤੂ ਮੋਦੀ ਸਿਰਫ਼ ਆਪਣੀ ਵਡਿਆਈ ਕਰ ਕੇ ਹੀ ਵਾਪਸ ਦਿੱਲੀ ਮੁੜ ਗਏ।
ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਮੋਦੀ ਵੀ ਧਰਮ ਦੀ ਰਾਜਨੀਤੀ ਦਾ ਸਹਾਰਾ ਲੈਂਦੇ ਹੋਏ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਹੋਈ ਸਜਾ ਦਾ ਸਿਹਰਾ ਅਪਣੇ ਸਿਰ ਬੰਨ੍ਹਣ ਉਤੇ ਹੀ ਜ਼ੋਰ ਲਗਾਉਂਦੇ ਰਹੇ। ਉਨ੍ਹਾਂ ਕਿਹਾ ਕਿ ਮੋਦੀ 1984 ਦੇ ਕਤਲੇਆਮ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਗੱਲ ਕਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਸਨ ਪਰੰਤੂ ਪੰਜਾਬ ਦੇ ਕਰੋੜਾਂ ਲੋਕਾਂ ਬਾਰੇ ਇਕ ਵੀ ਗੱਲ ਕਰਨ ਤੋਂ ਗੁਰੇਜ਼ ਕਰਦੇ ਰਹੇ।
ਮਾਨ ਨੇ ਕਿਹਾ ਕਿ ਮੋਦੀ ਨੌਜਵਾਨਾਂ ਨੂੰ ਰੋਜ਼ਗਾਰ ਦੇ ਮਾਮਲੇ ‘ਤੇ ਚੁੱਪੀ ਵੱਟ ਗਏ ਅਤੇ ਉਨ੍ਹਾਂ ਦੁਆਰਾ ਹਰ ਸਾਲ ਕਰੋੜਾਂ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਵੀ ਇਕ ਵਾਰ ਫੇਰ ਜੁਮਲਾ ਹੀ ਸਾਬਤ ਹੋਇਆ। ਉਨ੍ਹਾਂ ਕਿਹਾ ਕਿ ਮੋਦੀ ਦੁਆਰਾ ਸਟੇਜ ਤੋਂ ਕੀਤੀ ਗਈ ਸਿਆਸੀ ਦੂਸ਼ਣਬਾਜ਼ੀ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਹੋਵੇਗਾ ਬਲਕਿ ਚੰਗਾ ਹੁੰਦਾ ਜੇ ਉਹ ਸੂਬੇ ਲਈ ਕੋਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਦੇ।
ਮੋਦੀ ਦੁਆਰਾ ਸੱਜਣ ਕੁਮਾਰ, ਟਾਈਟਲਰ ਅਤੇ ਕਮਲ ਨਾਥ ਨੂੰ ਬਚਾਉਣ ਲਈ ਕਾਂਗਰਸ ਦੀ ਕੀਤੀ ਆਲੋਚਨਾ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਇਸ ਸਮੇਂ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਹ ਕਿਉਂ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਮੋਦੀ ਹਮੇਸ਼ਾ ਦੋਗਲੀ ਗੱਲ ਕਰਨ ਵਿਚ ਹੀ ਵਿਸ਼ਵਾਸ ਰੱਖਦੇ ਹਨ। ਕਿਸਾਨ ਕਰਜ਼ੇ ਮੁਆਫ਼ੀ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਕਾਂਗਰਸ ਅਤੇ ਬੀਜੇਪੀ ਇੱਕੋ ਥਾਲ਼ੀ ਦੇ ਚੱਟੇ-ਬਟੇ ਹਨ ਅਤੇ ਦੋਵਾਂ ਨੇ ਹੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਗਏ।
ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੁਆਰਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਮੁੱਦੇ ਉਤੇ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ। ਮਾਨ ਨੇ ਕਿਹਾ ਕਿ ਪੰਜਾਬੀਆਂ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਉਦਯੋਗਿਕ ਵਿਸ਼ੇਸ਼ ਪੈਕੇਜ ਦੀ ਮੰਗ ਵੀ ਮੋਦੀ ਨੇ ਨਜ਼ਰਅੰਦਾਜ਼ ਕਰ ਦਿਤੀ। ਉਨ੍ਹਾਂ ਕਿਹਾ ਕਿ ਗੁਆਂਢੀ ਪਹਾੜੀ ਸੂਬਿਆਂ ਨੂੰ ਦਿਤੇ ਗਏ ਇਸ ਵਿਸ਼ੇਸ਼ ਪੈਕੇਜ ਨਾਲ ਪੰਜਾਬ ਦਾ ਸਾਰਾ ਉਦਯੋਗ ਉਨ੍ਹਾਂ ਸੂਬਿਆਂ ਵੱਲ ਪਲਾਇਨ ਕਰ ਚੁੱਕਾ ਹੈ ਅਤੇ ਸੂਬੇ ਵਿਚ ਉਦਯੋਗ ਆਖ਼ਰੀ ਸਾਹ ‘ਤੇ ਹਨ।
ਮਾਨ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸਮੇਂ ਦਿਤੇ ਗਏ ਇਸ ਪੈਕੇਜ ਨੂੰ ਅੱਗੇ ਵਧਾ ਕੇ ਮੋਦੀ ਸਰਕਾਰ ਨੇ ਇਕ ਵਾਰ ਫੇਰ ਪੰਜਾਬ ਨਾਲ ਪੱਖਪਾਤੀ ਰਵੱਈਆ ਅਖ਼ਤਿਆਰ ਕੀਤਾ ਹੈ। ਕੰਡਿਆਲੀ ਤਾਰ ਦੇ ਪਾਰਲੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਮੁਸ਼ਕਲਾਂ ਵੱਲ ਧਿਆਨ ਦਿੰਦਿਆਂ ਉਨ੍ਹਾਂ ਕਿਸਾਨਾਂ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿਚ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਸਿਰਫ਼ ਇਕ ਚੋਣ ਸਟੰਟ ਬਣ ਕੇ ਹੀ ਰਹਿ ਗਿਆ ਅਤੇ ਬਾਦਲਾਂ ਅਤੇ ਮੋਦੀ ਦਾ ਪੰਜਾਬ ਵਿਰੋਧੀ ਚਿਹਰਾ ਇਕ ਵਾਰ ਫੇਰ ਨੰਗਾ ਹੋ ਗਿਆ।

ਸਿਰਫ 10 ਸੈਕਿੰਡ ਹੋਈ ਰਾਮ ਮੰਦਰ ਮਸਲੇ ’ਤੇ ਸੁਣਵਾਈ, ਅਗਲੀ ਤਾਰੀਖ਼ 10 ਜਨਵਰੀ

ਚੰਡੀਗੜ੍ਹ-ਅਯੋਧਿਆ ਦੇ ਰਾਮ ਮੰਦਰ-ਬਾਬਰੀ ਮਸਜਿਦ ਮਸਲੇ ’ਤੇ ਹੁਣ 10 ਜਨਵਰੀ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਏਗੀ। ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਤਿੰਨ ਜੱਜਾਂ ਦੀ ਬੈਂਚ ਅਯੋਧਿਆ ਵਿਵਾਦ ’ਤੇ ਸੁਣਵਾਈ ਦੀ ਤਾਰੀਖ਼ ਤੈਅ ਕਰੇਗੀ। ਇਸ ਫੈਸਲੇ ਮਗਰੋਂ ਸੰਤ ਸਮਾਜ ਨੇ ਫਿਰ ਸੁਪਰੀਮ ਕੋਰਟ ’ਤੇ ਮਾਮਲੇ ਦੀ ਸੁਣਵਾਈ ਲਟਕਾਉਣ ਦੇ ਇਲਜ਼ਾਮ ਲਾਏ ਹਨ। ਹੁਣ ਸਰਕਾਰ ਜਲਦ ਸੁਣਵਾਈ ਕਰਨ ਦੇ ਪੱਖ ਵਿੱਚ ਹੈ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਸੁਣਵਾਈ ਅਹਿਮ ਮੰਨੀ ਜਾ ਰਹੀ ਹੈ।
ਅੱਜ ਦੀ ਸੁਣਵਾਈ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸਕੇ ਕੌਲ ਦੀ ਬੈਂਚ ਨੇ ਕਿਹਾ ਕਿ 10 ਜਨਵਰੀ ਨੂੰ ਤਿੰਨ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਤਾਰੀਖ਼ ਤੈਅ ਕਰਨ ਦੇ ਨਾਲ-ਨਾਲ ਸੁਣਵਾਈ ਦੀ ਰੂਪ-ਰੇਖਾ ਉਲੀਕੇਗੀ। ਮਾਮਲੇ ਦੀ ਸੁਣਵਾਈ 10 ਸੈਕਿੰਡ ਤੋਂ ਵੀ ਘੱਟ ਸਮੇਂ ਅੰਦਰ ਚੱਲੀ। ਇਸ ਤੋਂ ਪਹਿਲਾਂ ਅਕਤੂਬਰ ਵਿੱਚ ਅਦਾਲਤ ਨੇ ਜਨਵਰੀ ਤਕ ਸੁਣਵਾਈ ਟਾਲ ਦਿੱਤੀ ਸੀ। ਅੱਜ ਫਿਰ ਦੋ ਜੱਜਾਂ ਦੀ ਬੈਂਚ ਸੁਣਵਾਈ ਲਈ ਬੈਠੀ ਪਰ ਹੁਣ ਫਿਰ ਕਿਹਾ ਗਿਆ ਕਿ 10 ਜਨਵਰੀ ਨੂੰ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਸੁਣਵਾਈ ਕਰੇਗੀ।
ਜ਼ਿਕਰਯੋਗ ਹੈ ਕਿ ਅਯੋਧਿਆ ਦਾ ਮਸਲਾ ਪਿਛਲੇ 8 ਸਾਲਾਂ ਤੋਂ ਲੰਬਿਤ ਪਿਆ ਹੈ। 30 ਸਤੰਬਰ 2010 ਨੂੰ ਇਲਾਹਾਬਾਦ ਹਾਈ ਕੋਰਟ ਨੇ ਇਸ ਮਸਲੇ ’ਤੇ ਫੈਸਲਾ ਸੁਣਾਇਆ ਸੀ। ਹਾਈਕੋਰਟ ਨੇ ਵਿਵਾਦਤ ਜ਼ਮੀਨ ’ਤੇ ਮਸਜਿਦ ਤੋਂ ਪਹਿਲਾਂ ਹਿੰਦੂ ਮੰਦਰ ਹੋਣ ਦੀ ਗੱਲ ਮੰਨੀ ਸੀ ਪਰ ਜ਼ਮੀਨ ਨੂੰ ਰਾਮਲੱਲਾ ਵਿਰਾਜਮਾਨ, ਨਿਰਮੋਹੀ ਅਖਾੜਾ ਤੇ ਸੁੰਨੀ ਵਕਫ ਬੋਰਡ ਵਿਚਾਲੇ ਵੰਡਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਪੱਖਾਂ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ।