ਮੁੱਖ ਖਬਰਾਂ
Home / ਮੁੱਖ ਖਬਰਾਂ

ਮੁੱਖ ਖਬਰਾਂ

ਪਠਾਨਕੋਟ ‘ਚ ਪੁਲਿਸ ਨੇ ਹਿਰਾਸਤ ‘ਚ ਲਏ ਪੰਜ ਕਸ਼ਮੀਰੀ

ਪਠਾਨਕੋਟ- ਪਠਾਨਕੋਟ ਦੇ ਮਮੂੰਨ ‘ਚ ਪੁਲਿਸ ਨੇ ਅੱਜ ਪੰਜ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਪੰਜੇ ਸ਼ੱਕੀ ਜੰਮੂ-ਕਸ਼ਮੀਰ ਪੁਲਵਾਮਾ ਅਤੇ ਅਨੰਤਨਾਗ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਹ ਪੰਜੇ ਸ਼ੱਕੀ ਇੱਕ ਕਾਰ ‘ਚ ਪਠਾਨਕੋਟ ਆਏ ਸਨ ਅਤੇ ਲੋਕਾਂ ਕੋਲੋਂ ਸ਼ਿਮਲਾ, ਚੰਡੀਗੜ੍ਹ, ਧਰਮਸ਼ਾਲਾ ਅਤੇ ਹੋਰ ਥਾਵਾਂ ਬਾਰੇ ਪੁੱਛ ਰਹੇ ਹਨ। ਇਸ ‘ਤੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ਮਮੂੰਨ ਪੁਲਿਸ ਸੂਚਿਤ ਕੀਤਾ। ਪੁਲਿਸ ਦੀ ਇੱਕ ਟੀਮ ਨੇ ਮੌਕੇ ਪਹੁੰਚ ਕੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ।

ਹਾਈਵੇਅ ‘ਤੇ ਸੈਲਾਨੀਆਂ ਨਾਲ ਭਰੀ ਬੱਸ ‘ਚ ਲੱਗੀ ਭਿਆਨਕ ਅੱਗ, ਜਿੰਦਾ ਝੁਲਸੇ 26 ਲੋਕ

ਬੀਜਿੰਗ-ਚੀਨ ਦੇ ਹੁਨਾਨ ਸੂਬੇ ‘ਚ ਸੈਲਾਨੀਆਂ ਨਾਲ ਭਰੀ ਇੱਕ ਬੱਸ ‘ਚ ਭਿਆਨਕ ਅੱਗ ਲੱਗ ਜਾਣ ਕਾਰਨ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ, ਜਦਕਿ 28 ਹੋਰ ਜ਼ਖ਼ਮੀ ਹੋ ਗਏ। ਸਥਾਨਕ ਮੀਡੀਆ ਵਲੋਂ ਅੱਜ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਚੈਂਗੜੇ ਸ਼ਹਿਰ ‘ਚ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਸ਼ਾਮੀਂ 7.15 ਵਜੇ ਹਾਈਵੇਅ ‘ਤੇ ਇਸ ਬੱਸ ‘ਚ ਅਚਾਨਕ ਅੱਗ ਲੱਗ ਗਈ। ਬੱਸ ‘ਚ ਦੋ ਚਾਲਕ, ਇੱਕ ਗਾਈਡ ਅਤੇ 53 ਯਾਤਰੀ ਸਵਾਰ ਸਨ। ਹਾਦਸੇ ਦੌਰਾਨ ਜ਼ਖ਼ਮੀ ਹੋਏ ਲੋਕਾਂ ਨੂੰ ਸਥਾਨਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ‘ਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਸ਼ਾਸਨ ਨੇ ਬੱਸ ਦੇ ਦੋਹਾਂ ਚਾਲਕਾਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਸੰਤੋਖ ਚੌਧਰੀ ਦੇ ਮੁੱਦੇ ‘ਤੇ ਕੈਪਟਨ, ਜਾਖੜ ਤੇ ਰਾਹੁਲ ਗਾਂਧੀ ਦੀ ਚੁੱਪੀ ‘ਤੇ ‘ਆਪ’ ਨੇ ਚੁੱਕੇ ਸਵਾਲ

ਚੰਡੀਗੜ੍ਹ- ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ ਆਪਣੇ ਰੁਤਬੇ ਦਾ ਗ਼ਲਤ ਇਸਤੇਮਾਲ ਕਰਨ ਤੇ ਕੰਮ ਕਰਵਾਉਣ ਬਦਲੇ ਪੈਸੇ ਮੰਗਣ ਨੂੰ ਭ੍ਰਿਸ਼ਟਾਚਾਰ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਸ ਢੀਠਤਾਈ ਨਾਲ ਚੁੱਪੀ ਧਾਰ ਰੱਖੀ ਹੈ, ਉਸ ਤੋਂ ਕਾਂਗਰਸ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੇ ਦਾਅਵੇ ਦਾ ਪਰਦਾਫਾਸ਼ ਹੋ ਚੁੱਕਾ ਹੈ।
ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਏ ਕਿ ਭ੍ਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਵਰਗੇ ਮੁੱਦਿਆਂ ‘ਤੇ ਰਾਹੁਲ ਗਾਂਧੀ, ਕੈਪਟਨ ਤੇ ਜਾਖੜ ਸਮੇਤ ਸਾਰੇ ਕਾਂਗਰਸੀ ਲੀਡਰ ਕਿਸ ਮੂੰਹ ਨਾਲ ਗੱਲ ਕਰਨਗੇ, ਜਦੋਂ ਉਹ ਆਪਣੇ ਭ੍ਰਿਸ਼ਟਾਚਾਰੀ ਸੰਸਦ ਮੈਂਬਰ ‘ਤੇ ਕਾਰਵਾਈ ਤਾਂ ਦੂਰ, ਉਸ ਬਾਰੇ ਮੂੰਹ ਖੋਲ੍ਹਣ ਤੋਂ ਵੀ ਬਚ ਰਹੇ ਹਨ ਜਿਹੜੇ ਇੱਕ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ‘ਚ ਕੰਮ ਕਰਵਾਉਣ ਬਦਲੇ ਪੈਸੇ ਮੰਗਣ ਨੂੰ ਜਾਇਜ਼ ਸਮਝ ਰਹੇ ਹਨ।
ਚੀਮਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਮੇਤ ਪੰਜਾਬ ਦਾ ਹਰ ਕਾਂਗਰਸੀ ਲੋਕਾਂ ਦੀ ਕਚਿਹਰੀ ਤੇ ਮੀਡੀਆ ‘ਚ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਸੰਤੋਖ ਦੇ ਇਰਾਦਿਆਂ ਦੇ ਨਾਲ ਹਨ ਜਾਂ ਉਨ੍ਹਾਂ ਦਾ ਵਿਰੋਧ ਕਰਦਾ ਹੈ। ਰਿਵਾਇਤੀ ਦਲਾਂ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਨੀਤੀ ਤੇ ਨੀਅਤ ਇੰਨੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਉਹ ਨਾਜਾਇਜ਼ ਤੇ ਗੈਰ ਕਾਨੂੰਨੀ ਧੰਦਿਆਂ ਨੂੰ ਵੀ ‘ਜਾਇਜ਼’ ਸਮਝ ਕੇ ਚਲਾ ਰਹੇ ਹਨ।
ਚੀਮਾ ਨੇ ਚੇਤਾਵਨੀ ਦਿੰਦਿਆਂ ਬਗੈਰ ਦੇਰੀ ਕੀਤੇ ਸੰਤੋਖ ਸਿੰਘ ਚੌਧਰੀ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰਨ ਤੇ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਪੂਰੇ ਸਟਿੰਗ ਮਾਮਲੇ ਦੀ ਸਮਾਂਬੱਧ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਸਮਝੌਤਾ ਮਾਮਲੇ ਬਾਰੇ ਫ਼ੈਸਲੇ ਦੇ ਬਦਲ ਤਲਾਸ਼ ਰਿਹਾ ਹੈ ਪਾਕਿ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਸਾਲ 2007 ਦੇ ਸਮਝੌਤਾ ਐਕਸਪ੍ਰੈੱਸ ਬੰਬ ਧਮਾਕਾ ਮਾਮਲੇ ਦੇ ਭਾਰਤੀ ਅਦਾਲਤ ਦੇ ਫ਼ੈਸਲੇ ਅਤੇ ਸਾਰੇ ਚਾਰ ਮੁਲਜ਼ਮਾਂ ਨੂੰ ਬਰੀ ਕੀਤੇ ਜਾਣ ਦੇ ਕੇਸ ਨੂੰ ਵਿਚਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿ ਮੌਜੂਦ ਬਦਲਾਂ ਉੱਤੇ ਵੀ ਵਿਚਾਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਹਫ਼ਤੇ ਵਿਚ ਦੋ ਵਾਰ ਦਿੱਲੀ-ਅਟਾਰੀ-ਲਾਹੌਰ ਵਿਚਾਲੇ ਚੱਲਣ ਵਾਲੀ ਸਮਝੌਤਾ ਰੇਲਗੱਡੀ ਵਿਚ 18 ਫਰਵਰੀ 2007 ਨੂੰ ਭਾਰਤੀ ਸੂਬੇ ਹਰਿਆਣਾ ਦੇ ਪਾਣੀਪਤ ਕੋਲ ਬੰਬ ਧਮਾਕੇ ਹੋਇਆ ਸੀ। ਇਸ ਧਮਾਕੇ ਵਿਚ 68 ਲੋਕਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ 44 ਨਾਗਰਿਕਾਂ ਦੀ ਮੌਤ ਹੋਈ ਸੀ। ਇਸ ਮਾਮਲੇ ਵਿਚ
ਹਰਿਆਣਾ ਦੇ ਪੰਚਕੂਲਾ ਦੀ ਵਿਸ਼ੇਸ਼ ਅਦਾਲਤ ਨੇ ਬੁੱਧਵਾਰ ਨੂੰ ਮੁੱਖ ਮੁਲਜ਼ਮ ਸਵਾਮੀ ਅਸੀਮਾਨੰਦ ਸਣੇ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਫ਼ੈਸਲਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਇਕ ਪਾਕਿ ਮਹਿਲਾ ਦੀ ਉਹ ਅਰਜ਼ੀ ਖ਼ਾਰਜ ਕਰ ਦਿੱਤੀ ਸੀ, ਜਿਸ ਵਿਚ ਉਸ ਨੇ ਆਪਣੇ ਦੇਸ਼ ਦੇ ਕੁਝ ਮੌਕੇ ਦੇ ਗਵਾਹਾਂ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ ਸੀ। ਕੁਰੈਸ਼ੀ ਨੇ ਕਿਹਾ ਕਿ ਭਾਰਤ ਦੀ ਕੌਮੀ ਜਾਂਚ ਏਜੰਸੀ ਦੀ ਅਦਾਲਤ ਦੇ ਫ਼ੈਸਲੇ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਵਾਮੀ ਅਸੀਮਾਨੰਦ ਸਣੇ ਚਾਰ ਮੁਲਜ਼ਮਾਂ ਨੂੰ 11 ਸਾਲ ਬਾਅਦ ਬਰੀ ਕਰ ਦਿੱਤਾ ਗਿਆ ਜਿਨ੍ਹਾਂ ਪਹਿਲਾਂ ਹੀ ਆਪਣਾ ਜੁਰਮ ਕਬੂਲ ਲਿਆ ਸੀ। ਚੀਨ ਦੇ ਦੌਰੇ ਤੋਂ ਪਰਤਣ ਮਗਰੋਂ ਕੁਰੈਸ਼ੀ ਨੇ ਇਸ ਫ਼ੈਸਲੇ ਦਾ ਤਕੜਾ ਵਿਰੋਧ ਕੀਤਾ। ਨਵੀਂ ਦਿੱਲੀ ਵਿਚਲੇ ਸੂਤਰਾਂ ਮੁਤਾਬਕ ਪਾਕਿ ਵਿਚ ਭਾਰਤੀ ਰਾਜਦੂਤ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਸਪੱਸ਼ਟ ਦੱਸਿਆ ਹੈ ਕਿ ਮੁਕੱਦਮਾ ‘ਨਿਰਪੱਖ’ ਤਰੀਕੇ ਨਾਲ ਚਲਾਇਆ ਗਿਆ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ। ਭਾਰਤੀ ਸਫ਼ੀਰ ਨੇ ਇਹ ਵੀ ਕਿਹਾ ਕਿ ਮਾਮਲੇ ਵਿਚ ਪਾਕਿ ਗਵਾਹਾਂ ਨੂੰ ਅਦਾਲਤੀ ਸੰਮਨ ਭੇਜਣ ਸਮੇਤ ਪਾਕਿ ਵੱਲੋਂ ਸਹਿਯੋਗ ਦੀ ਕਮੀ ਰਹੀ। ਪਾਕਿ ਵੱਲੋਂ ਸੰਮਨ ਮੋੜ ਦਿੱਤੇ ਗਏ ਸਨ।

ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਿਆ ਜਾ ਰਿਹੈ?

ਚੰਡੀਗੜ੍ਹ-ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰੀ ਮੁਲਾਜ਼ਮਾਂ ਦੀ ਸੇਵਾਮੁਕਤੀ ਮਗਰੋਂ ਉਨ੍ਹਾਂ ਨੂੰ ਅੱਗੇ ਕੰਮ ’ਤੇ ਰੱਖਣ ਦੀ ਨੀਤੀ ’ਤੇ ਸਵਾਲ ਉਠਾਏ ਹਨ। ਹਾਈ ਕੋਰਟ ਨੇ ਇਸ ਕਦਮ ਦੇ ਮੂਲ ਕਾਰਨਾਂ ’ਤੇ ਸਵਾਲ ਉਠਾਉਂਦਿਆਂ ਪੰਜਾਬ ਸਰਕਾਰ ਨੂੰ ਹਫ਼ਤੇ ਅੰਦਰ ਸਫਾਈ ਦੇਣ ਲਈ ਕਿਹਾ ਹੈ। ਬੈਂਚ ਨੇ ਸੂਬਾ ਸਰਕਾਰ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਪੰਜਾਬ ਸਿਵਲ ਸਰਵਿਸ ਨਿਯਮ, 2012 ’ਚ ਕੀਤੀ ਗਈ ਸੋਧ ਨਾਲ ਕੀ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਜਸਟਿਸ ਰਾਜਨ ਗੁਪਤਾ ਵੱਲੋਂ ਮੁਲਾਜ਼ਮ ਸ਼ਰਨਜੀਤ ਕੌਰ ਅਤੇ ਹੋਰਾਂ ਵੱਲੋਂ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਸਵਾਲ ਉਠਾਏ ਗਏ। ਸ਼ਰਨਜੀਤ ਕੌਰ ਨੇ 30 ਅਪਰੈਲ ਨੂੰ ਸੇਵਾਮੁਕਤ ਹੋਣਾ ਹੈ ਅਤੇ ਉਸ ਨੇ 8 ਅਕਤੂਬਰ 2018 ਦੀਆਂ ਹਦਾਇਤਾਂ ਦੇ ਆਧਾਰ ’ਤੇ ਸੇਵਾਵਾਂ ’ਚ ਵਾਧੇ ਦੀ ਮੰਗ ਕੀਤੀ ਹੈ। ਸੇਵਾਮੁਕਤੀ ’ਤੇ ਮੁਲਾਜ਼ਮ ਜਾਂ ਨੌਕਰਸ਼ਾਹ ਨੂੰ ਔਸਤਨ 30 ਲੱਖ ਰੁਪਏ ਗਰੈਚੁਟੀ ਅਤੇ ਹੋਰ ਲਾਭ ਮਿਲਦੇ ਹਨ। ਅੰਦਾਜ਼ਿਆਂ ਮੁਤਾਬਕ ਜੇਕਰ ਨੌਕਰੀ ’ਚ ਵਾਧੇ ਦੀ ਦੋ ਸਾਲ ਦੀ ਨੀਤੀ ਨੂੰ ਰੱਦ ਕੀਤਾ ਜਾਂਦਾ ਹੈ ਤਾਂ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੇ ਲਾਭ ਦੇਣ ਲਈ ਕਰੀਬ 4500 ਕਰੋੜ ਰੁਪਏ ਦੀ ਲੋੜ ਪੈ ਸਕਦੀ ਹੈ। ਸ਼ਰਨਜੀਤ ਕੌਰ ਦੇ ਵਕੀਲ ਨੇ ਜਸਟਿਸ ਗੁਪਤਾ ਦੇ ਬੈਂਚ ਨੂੰ ਕਿਹਾ ਕਿ ਉਨ੍ਹਾਂ ਦੀ ਸੇਵਾ ’ਚ ਵਾਧੇ ਲਈ ਅਰਜ਼ੀ ’ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਇਸ ’ਤੇ ਜਸਟਿਸ ਗੁਪਤਾ ਨੇ ਕਿਹਾ ਕਿ ਅਦਾਲਤ ਕੋਲ ਅਜਿਹੀਆਂ ਕਈ ਅਰਜ਼ੀਆਂ ਪਈਆਂ ਹਨ ਜਿਨ੍ਹਾਂ ’ਤੇ ਧਿਆਨ ਦੇਣ ਦੀ ਲੋੜ ਹੈ। ਬੈਂਚ ਨੇ ਸਰਕਾਰੀ ਵਕੀਲ ਨੂੰ ਪੰਜਾਬ ਸਿਵਲ ਸੇਵਾ ਨਿਯਮਾਂ, 2012 ’ਚ ਸੋਧ ਪਿਛਲੇ ਮਕਸਦ ਅਤੇ ਕੀ ਇਸ ਨਾਲ ਸਰਕਾਰੀ ਖੇਤਰ ’ਚ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਦੇ ਮੌਕੇ ਖੁਸਣਗੇ, ਬਾਰੇ ਸਪੱਸ਼ਟ ਕਰਨ ਲਈ ਕਿਹਾ। ਸਰਕਾਰ ਵੱਲੋਂ ਅਜਿਹਾ ‘ਅਲੋਕਾਰੀ ਫ਼ੈਸਲਾ’ ਲਏ ਜਾਣ ਦੇ ਕਾਰਨਾਂ ਨੂੰ ਵੀ ਸਪੱਸ਼ਟ ਕਰਨ ਲਈ ਕਿਹਾ ਗਿਆ ਹੈ। ਸਰਕਾਰੀ ਵਕੀਲ ਨੇ ਕਿਹਾ ਕਿ ਉਸ ਨੂੰ ਪੰਜਾਬ ਦੇ ਮੁੱਖ ਸਕੱਤਰ ਤੋਂ ਨਿਰਦੇਸ਼ ਹਾਸਲ ਕਰਕੇ ਜਵਾਬ ਦਾਖ਼ਲ ਕਰਨ ਲਈ ਹਫ਼ਤੇ ਦਾ ਸਮਾਂ ਚਾਹੀਦਾ ਹੈ। ਕੇਸ ਦੀ ਸੁਣਵਾਈ ਅਪਰੈਲ ਦੇ ਪਹਿਲੇ ਹਫ਼ਤੇ ’ਚ ਹੋਵੇਗੀ। ਹਾਈ ਕੋਰਟ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਸੇਵਾਮੁਕਤੀ ਮਗਰੋਂ ਸੇਵਾ ’ਚ ਵਿਸਥਾਰ ਦੇਣਾ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ। ਮੁਲਾਜ਼ਮ ਨੂੰ ਇਕ ਸਾਲ ਲਈ ਸੇਵਾ ’ਚ ਵਾਧਾ ਦਿੱਤਾ ਜਾ ਸਕਦਾ ਹੈ ਪਰ ਦੂਜੇ ਸਾਲ ’ਚ ਵਾਧਾ ਨਕਾਰਿਆ ਜਾ ਸਕਦਾ ਹੈ।

ਧਰਮ ਨਿਰਪੱਖ ਵਿਚਾਰਧਾਰਾ ਨੂੰ ਕਾਇਮ ਰੱਖਣਾ ਸਮੇਂ ਦੀ ਲੋੜ: ਫ਼ਾਰੂਕ

ਨੈਸ਼ਨਲ ਕਾਨਫ਼ਰੰਸ (ਐਨਸੀ) ਦੇ ਮੁਖੀ ਫਾਰੂਕ ਅਬਦੁੱਲਾ ਨੇ ਕਾਂਗਰਸ-ਐਨਸੀ ਦੇ ਸਾਂਝੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਅਗਵਾਈ ਕਰਦਿਆਂ ਕਿਹਾ ਕਿ ਇਸ ਗੱਠਜੋੜ ਦਾ ਮਕਸਦ ਭਾਰਤ ਨੂੰ ਧਰਮ ਨਿਰਪੱਖ ਬਣਾਏ ਰੱਖਣਾ ਤੇ ਵੰਡਪਾਊ ਸਿਆਸਤ ਤੋਂ ‘ਬਚਾਉਣਾ’ ਹੈ। ਕਾਂਗਰਸ ਦੇ ਸੀਨੀਅਰ ਆਗੂ ਕਰਨ ਸਿੰਘ ਦੇ ਪੋਤੇ ਵਿਕਰਮਾਦਿੱਤਿਆ ਸਿੰਘ ਤੇ ਸਾਬਕਾ ਮੰਤਰੀ ਰਮਨ ਭੱਲਾ ਕਾਂਗਰਸ ਤੇ ਉਸ ਦੇ ਗੱਠਜੋੜ ਸਹਿਯੋਗੀ ਐਨਸੀ ਦੇ ਊਧਮਪੁਰ ਤੇ ਜੰਮੂ ਲੋਕ ਸਭਾ ਸੀਟ ਤੋਂ ਸਾਂਝੇ ਉਮੀਦਵਾਰ ਹਨ। ਫਾਰੂਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਇਹ ਕੁਰਬਾਨੀ ਭਾਰਤ ਨੂੰ ਧਰਮ ਨਿਰਪੱਖ ਬਣਾਏ ਰੱਖਣ ਤੇ ਦੇਸ਼ ਨੂੰ ਮਜ਼ਬੂਤ ਬਣਾਏ ਰੱਖਣ ਦੇ ਇੱਕੋ-ਇਕ ਮਕਸਦ ਲਈ ਦਿੱਤੀ ਹੈ। ਇਸ ਤੋਂ ਇਲਾਵਾ ਹੋਰ ਕੋਈ ਮਕਸਦ (ਕਾਂਗਰਸ ਨਾਲ ਗੱਠਜੋੜ ਕਰਨ ਬਾਰੇ) ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੌਜੂਦਾ ਹਾਲਾਤ ’ਚੋਂ ਕੱਢਣ ਲਈ ਇਕ ਵਿਚਾਰਧਾਰਾ ਵਾਲੀਆਂ ਸਿਆਸੀ ਧਿਰਾਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਨੂੰ ਪੂਰਨ ਸਮਰਥਨ ਦਾ ਭਰੋਸਾ ਦਿੰਦੇ ਹਨ। ਅਬਦੁੱਲਾ ਨੇ ਕਿਹਾ ਕਿ ਐਨਸੀ ਦੇਸ਼ ਨੂੰ ਧਰਮ ਦੇ ਆਧਾਰ ’ਤੇ ਸਿਆਸਤ ਕਰਨ ਵਾਲੀਆਂ ਵੰਡਪਾਊ ਤਾਕਤਾਂ ਤੋਂ ਬਚਾਉਣਾ ਚਾਹੁੰਦੀ ਹੈ, ਨਾ ਕਿ ਸਿਰਫ਼ ਇਸ ਰਾਜ ਨੂੰ। ਅਬਦੁੱਲਾ ਨੇ ਕਿਹਾ ਕਿ ਸਾਰਿਆਂ ਨੇ ਇਸੇ ਮੁਲਕ ਵਿਚ ਹੀ ਰਹਿਣਾ ਹੈ ਤੇ ਇਸ ਲਈ ਦੇਸ਼ ਨੂੰ ਤੇ ਧਰਮ ਨਿਰਪੱਖ ਵਿਚਾਰਧਾਰਾ ਨੂੰ ਮਜ਼ਬੂਤ ਕਰਨ ਦੀ ਵੱਡੀ ਲੋੜ ਹੈ। ਵਿਕਰਮਾਦਿੱਤਿਆ ਸਿੰਘ ਨੇ ਇਸ ਮੌਕੇ ਕਿਹਾ ਕਿ ਉਹ ਆਪਣੀ ਜਿੱਤ ਪੱਕੀ ਕਰਨ ਲਈ ਜ਼ਮੀਨੀ ਪੱਧਰ ’ਤੇ ਇਕੱਠੇ ਹੋ ਕੇ ਲੜਨਗੇ।

ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਭਾਜਪਾ ‘ਚ ਸ਼ਾਮਲ

ਨਵੀਂ ਦਿੱਲੀ-ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਨੇ ਸਰਗਰਮ ਸਿਆਸਤ ਸ਼ੁਰੂ ਕਰ ਦਿੱਤੀ ਹੈ। ਗੰਭੀਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਕਿਆਸਅਰਾਈਆਂ ਹਨ ਕਿ ਗੌਤਮ 2019 ਲੋਕ ਸਭਾ ਚੋਣ ਲੜ ਸਕਦੇ ਹਨ। ਗੰਭੀਰ ਦਾ ਕਹਿਣਾ ਹੈ ਕਿ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਖਾਸੇ ਪ੍ਰਭਾਵਿਤ ਹਨ, ਜਿਸ ਕਾਰਨ ਭਾਜਪਾ ਵਿੱਚ ਸ਼ਾਮਲ ਹੋਏ ਹਨ।
ਸਲਾਮੀ ਬੱਲੇਬਾਜ਼ ਵਜੋਂ ਖੇਡਣ ਵਾਲੇ ਗੌਤਮ ਗੰਭੀਰ ਨੂੰ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਹਾਲਾਂਕਿ, ਉਨ੍ਹਾਂ ਦੇ ਲੋਕ ਸਭਾ ਚੋਣ ਲੜਣ ਬਾਰੇ ਹਾਲੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਗਈ। ਪਰ ਗੌਤਮ ਗੰਭੀਰ ਦਾ ਦਿੱਲੀ ਦੀ ਲੋਕ ਸਭਾ ਸੀਟ ਤੋਂ ਚੋਣ ਲੜਣਾ ਲਗਪਗ ਤੈਅ ਹੈ।
ਕ੍ਰਿਕੇਟਰਾਂ ਅਤੇ ਸਿਆਸਤ ਦਾ ਪੁਰਾਣਾ ਰਿਸ਼ਤਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੀ ਖੇਡਾਂ ਦੀ ਦੁਨੀਆ ਤੋਂ ਸਿਆਸਤ ਵਿੱਚ ਆਏ ਅਤੇ ਸਫਲ ਰਹੇ। ਗੰਭੀਰ ਨੇ 2011 ਦਾ ਕ੍ਰਿਕੇਟ ਵਿਸ਼ਵ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸੋਸ਼ਲ ਮੀਡੀਆ ‘ਤੇ ਗੌਤਮ ਗੰਭੀਰ ਸਿਆਸੀ ਤੇ ਦੇਸ਼ ਦੇ ਚਲੰਤ ਮਾਮਲਿਆਂ ‘ਚ ਕਾਫੇ ਲੰਮੇ ਸਮੇਂ ਤੋਂ ਸਰਗਰਮੀ ਦਿਖਾਉਂਦੇ ਆ ਰਹੇ ਸਨ।

ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦਿੱਲੀ ਤੋਂ ਗ੍ਰਿਫ਼ਤਾਰ

ਨਵੀਂ ਦਿੱਲੀ-ਪੁਲਵਾਮਾ ਹਮਲੇ ਤੋਂ ਬਾਅਦ ਦਿੱਲੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਦਿੱਲੀ ਤੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸੱਜਾਦ ਖਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੱਜਾਦ ਖਾਨ ਪੁਲਵਾਮਾ ਹਮਲੇ ਦੇ ਮਾਸਟਰਮਾਈਂਡ ਮੁਦੱਸਰ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਹੁੰਦੇ ਰਹਿੰਦੇ ਹਨ ਪੁਲਵਾਮਾ ਵਰਗੇ ਹਮਲੇ : ਸੈਮ ਪਿਤਰੋਦਾ

ਨਵੀਂ ਦਿੱਲੀ-ਰਾਹੁਲ ਗਾਂਧੀ ਦੇ ਕਰੀਬੀ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਮੁਖੀ ਸੈਮ ਪਿਤਰੋਦਾ ਨੇ ਏਅਰ ਸਟ੍ਰਾਈਕ ‘ਤੇ ਸਵਾਲ ਉਠਾਉਂਦੇ ਪੁਲਵਾਮਾ ਹਮਲੇ ਨੂੰ ਲੈ ਕੇ ਵਿਵਾਦਿਤ ਬਿਆਨ ਜਾਰੀ ਕੀਤਾ ਹੈ। ਪਿਤਰੋਦਾ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦੇ ਬਾਰੇ ‘ਚ ਉਨ੍ਹਾਂ ਨੂੰ ਕੁੱਝ ਜ਼ਿਆਦਾ ਪਤਾ ਨਹੀਂ ਹੈ ਪਰ ਪੁਲਵਾਮਾ ਵਰਗੇ ਹਮਲੇ ਹੁੰਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁੰਬਈ ‘ਚ ਵੀ ਅਜਿਹਾ ਹਮਲਾ ਹੋਇਆ ਸੀ ਉਸ ਸਮੇਂ ਵੀ ਹਮਲੇ ਦਾ ਬਦਲਾ ਲੈਣ ਲਈ ਜਹਾਜ ਭੇਜੇ ਜਾ ਸਕਦੇ ਸੀ ਪਰ ਇਹ ਤਰੀਕਾ ਸਹੀ ਨਹੀਂ ਹੈ। ਪਿਤਰੋਦਾ ਨੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ‘ਤੇ ਭਾਰਤੀ ਹਵਾਈ ਸੈਨਾ ਦੇ ਹਮਲੇ ‘ਚ 300 ਤੋਂ ਵੱਧ ਅੱਤਵਾਦੀਆਂ ਦੇ ਮਾਰੇ ਜਾਣ ਦਾ ਵੀ ਸਬੂਤ ਮੰਗਿਆਂ ਹੈ। ਉਨ੍ਹਾਂ ਕਿਹਾ ਕਿ ਪਾਕਿ ਤੋਂ ਆਏ ਕੁਝ ਲੋਕ ਜੇਕਰ ਅੱਤਵਾਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤਾਂ ਉਸਦੀ ਸਜ਼ਾ ਪੂਰੇ ਪਾਕਿਸਤਾਨ ਨੂੰ ਕਿਉਂ ਦਿੱਤੀ ਜਾਵੇ।

ਮਰਨ ਵਰਤ ’ਤੇ ਬੈਠੇ ਕਿਸਨਾਂ ਦੀ ਸਾਰ ਲੈਣ ਪੁੱਜੇ ਸੁਖਬੀਰ

ਸੰਗਰੂਰ- ਸ਼੍ਰੋਮਣੀ ਅਕਾਲੀ ਦਲ (ਬ) ਪ੍ਰਧਾਨ ਸੁਖਬੀਰ ਬਾਦਲ ਸੰਗਰੂਰ ਦੇ ਧੂਰੀ ਵਿੱਚ ਮਰਨ ਵਰਤ ’ਤੇ ਬੈਠੇ ਗੰਨਾ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਗੰਨਾ ਕਿਸਾਨ ਕੋਈ ਭੀਖ ਨਹੀਂ, ਬਲਕਿ ਸਰਕਾਰ ਕੋਲੋਂ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਉਹ ਵੀ ਨਹੀਂ ਦੇ ਰਹੀ। ਕਿਸਾਨ ਸ਼ੂਗਰ ਮਿੱਲ ਤੋਂ ਪੈਸੇ ਲੈਣ ਦੀ ਮੰਗ ਕਰ ਰਹੇ ਹਨ।
ਦੱਸ ਦੇਈਏ ਕਿ ਧੂਰੀ ਵਿੱਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਹ ਧਰਨੇ ਦੋ ਥਾਈਂ ਚੱਲ ਰਹੇ ਹਨ। ਇੱਕ ਥਾਂ ਕਿਸਾਨਾਂ ਨੇ ਹਾਈਵੇ ਜਾਮ ਕੀਤਾ ਹੋਇਆ ਹੈ ਤੇ ਦੂਜੀ ਥਾਂ ਕਿਸਾਨ ਮਰਨ ਵਰਤ ’ਤੇ ਬੈਠੇ ਹੋਏ ਹਨ। ਗੰਨਾ ਮਿੱਲ ਦੇ ਗੇਟ ਮੂਹਰੇ ਬੈਠੇ ਕਿਸਾਨਾਂ ਨਾਲ ਵੀਰਵਾਰ ਨੂੰ ਸੁਖਬੀਰ ਬਾਦਲ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਉਹ 18 ਮਾਰਚ ਤੋਂ ਧਰਨੇ ’ਤੇ ਬੈਠੇ ਹੋਏ ਹਨ। ਬੁੱਧਵਾਰ ਨੂੰ ਪੁਲਿਸ ਜ਼ਬਰਦਸਤੀ ਉਨ੍ਹਾਂ ਦੇ ਸਾਥੀ ਕਿਸਾਨ ਨੂੰ ਲੈ ਗਈ। ਉਨ੍ਹਾਂ ਕਿਹਾ ਕਿ ਮਰਨ ਵਰਤ ’ਤੇ ਬੈਠਣ ਵਾਲੇ ਕਿਸਾਨਾਂ ਦੀ ਲੰਮੀ ਲਿਸਟ ਹੈ। ਜੇ ਪੁਲਿਸ ਨੇ ਉਨ੍ਹਾਂ ਨਾਲ ਧੱਕਾਸ਼ਾਹੀ ਕੀਤੀ ਤਾਂ ਉਹ ਸਾਰੇ ਮਰਨ ਵਰਤ ’ਤੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਨਹੀਂ ਆਉਂਦੇ, ਉਹ ਧਰਨਾ ਨਹੀਂ ਚੁੱਕਣਗੇ।
ਉੱਧਰ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਨਾ ਤਾਂ ਕੈਪਟਨ ਸਰਕਾਰ ਕਿਸਾਨਾਂ ਦੀ ਪਿਛਲੀ ਫਸਲ ਦੇ ਪੈਸੇ ਨਹੀਂ ਦੇ ਰਹੀ ਹੈ ਤੇ ਨਾ ਹੀ ਪ੍ਰਾਈਵੇਟ ਮਿੱਲਾਂ ਵਾਲੇ ਕਿਸਾਨਾਂ ਨੂੰ ਪੈਸੇ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕੋਈ ਭੀਖ ਨਹੀਂ, ਬਲਕਿ ਆਪਣਾ ਹੱਕ ਮੰਗ ਰਹੇ ਹਨ।