Home / ਭਾਰਤ (page 8)

ਭਾਰਤ

ਕਾਂਗਰਸ ਸਹੀ ਅਰਥਾਂ ’ਚ ਕੌਮੀ ਪਾਰਟੀ : ਸ਼ਤਰੂ

ਨਵੀਂ ਦਿੱਲੀ-ਅਦਾਕਾਰ ਤੇ ਰਾਜਨੇਤਾ ਸ਼ਤਰੂਘਨ ਸਿਨਹਾ, ਜਿਨ੍ਹਾਂ ਨੇ ਹਾਲ ਹੀ ਵਿਚ ਭਾਜਪਾ ਨੂੰ ਛੱਡਣ ਦਾ ਐਲਾਨ ਕੀਤਾ ਸੀ, ਨੇ ਇੱਥੇ ਦੱਸਿਆ ਕਿ ਉਨ੍ਹਾਂ ਨੇ ਹੁਣ ਕਾਂਗਰਸ ਪਾਰਟੀ ਵਿਚ , ਜੋ ਕਿ ਸਹੀ ਮਾਇਨੇ ਵਿਚ ਕੌਮੀ ਪਾਰਟੀ ਹੈ, ਵਿਚ ਸ਼ਾਮਲ ਹੋਣ ਦਾ ਫ਼ੈਸਲਾ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਰਿਵਾਰਕ ਦੋਸਤ ਲਾਲੂ ਪ੍ਰਸਾਦ ਯਾਦਵ ਨੇ ਵੀ ਉਨ੍ਹਾਂ ਨੂੰ ਕਾਂਗਰਸ ਵਿਚ ਜਾਣ ਦੀ ਸਲਾਹ ਦਿੱਤੀ ਸੀ।
ਸ਼ਤਰੂਘਨ ਸਿਨਹਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਉਨ੍ਹਾਂ ਨੂੰ ਆਪੋ ਆਪਣੀ ਪਾਰਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਪਰ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸਥਿਤੀ ਭਾਵੇਂ ਕੋਈ ਵੀ ਹੋਵੇ, ਉਹ ਪਟਨਾ ਸਾਹਿਬ ਲੋਕ ਸਭਾ ਸੀਟ ਤੋਂ ਹੀ ਚੋਣ ਲੜਨਗੇ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਪਟਨਾ ਸਾਹਿਬ ਸੀਟ ਉਨ੍ਹਾਂ ਨੇ ਮੋਦੀ ਲਹਿਰ ਕਾਰਨ ਨਹੀਂ ਸਗੋਂ ਆਪਣੇ ਸਿਧਾਂਤਾਂ ਕਾਰਨ ਆਪਣੇ ਬਲ ’ਤੇ ਜਿੱਤੀ ਸੀ। ਇਸ ਲਈ ਉਨ੍ਹਾਂ ਆਪਣੀ ਬੇਟੀ ਸੋਨਾਕਸ਼ੀ ਨੂੰ ਵੀ ਪ੍ਰਚਾਰ ਲਈ ਨਹੀਂ ਸੱਦਿਆ ਸੀ।
ਮੋਦੀ ਸਰਕਾਰ ਦੀ ਲੰਮੇ ਸਮੇਂ ਤੋਂ ਨਿੰਦਾ ਕਰਦੇ ਆ ਰਹੇ ਸ੍ਰੀ ਸਿਨਹਾ ਨੇ ਕਿਹਾ ਕਿ ਭਾਜਪਾ ਨੂੰ ਛੱਡਣਾ ਉਨ੍ਹਾਂ ਲਈ ਦੁਖਦਾਇਕ ਹੈ ਪਰ ਪਾਰਟੀ ਵੱਲੋਂ ਆਪਣੇ ਵੱਡੇ ਆਗੂਆਂ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨਾਲ ਕੀਤੇ ਵਿਹਾਰ ਕਾਰਨ ਉਨ੍ਹਾਂ ਨੂੰ ਦੁੱਖ ਹੋਇਆ ਸੀ।
ਕਾਂਗਰਸ ’ਚ ਸ਼ਾਮਲ ਹੋਣ ਬਾਰੇ ਉਨ੍ਹਾਂ ਕਿਹਾ ਕਿ ਇਸ ਦੇ ਕਈ ਕਾਰਨ ਹਨ, ਜਿਵੇਂ ਇਹ ਪੁਰਾਣੀ ਵੱਡੀ ਪਾਰਟੀ ਹੈ ਤੇ ਦੇਸ਼ ਦੀ ਆਜ਼ਾਦੀ ਵਿਚ ਪਾਰਟੀ ਦਾ ਵੱਡਾ ਯੋਗਦਾਨ ਹੈ ਤੇ ਇਹ ਸਹੀ ਮਾਇਨੇ ’ਚ ਕੌਮੀ ਪਾਰਟੀ ਹੈ। ਉਨ੍ਹਾਂ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੀ ਵੀ ਤਾਰੀਫ਼ ਕੀਤੀ। ਸ੍ਰੀ ਸਿਨਹਾ ਛੇ ਅਪਰੈਲ ਨੂੰ ਕਾਂਗਰਸ ਵਿਚ ਸ਼ਾਮਲ ਹੋ ਜਾਣਗੇ।

ਜਨਤਾ ਨੂੰ ਰਾਜੇ-ਮਹਾਰਾਜਿਆਂ ਦੀ ਨਹੀਂ, ਚੌਕੀਦਾਰ ਦੀ ਜ਼ਰੂਰਤ : ਮੋਦੀ

ਨਵੀਂ ਦਿੱਲੀ-ਕਾਂਗਰਸ ਦੇ ਘੱਟੋ-ਘੱਟ ਆਮਦਨ ਵਾਲੇ ਚੋਣ ਵਾਅਦੇ ‘ਤੇ ਸਿੱਧੇ ਤੌਰ ‘ਤੇ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀਆਂ ਚਾਰ ਪੀੜ੍ਹੀਆਂ ਨੇ ਗਰੀਬੀ ‘ਤੇ ਇਕੋ ਜਿਹੇ ਵਾਅਦੇ ਕੀਤੇ ਪਰ ਕੁਝ ਨਹੀਂ ਹੋਇਆ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਗਰੀਬੀ ਨੂੰ ਖ਼ਤਮ ਕਰਨ ‘ਤੇ ਜ਼ੋਰ ਦੇਣ ਵਾਲਿਆਂ ਦੀ ਪੁਰਾਣੀ ਕਾਰਗੁਜ਼ਾਰੀ (ਟ੍ਰੈਕ ਰਿਕਾਰਡ) ਵੇਖਣੀ ਚਾਹੀਦੀ ਹੈ | ਮੋਦੀ ਨੇ ਗਰੀਬੀ ਲਈ ਨਹਿਰੂ-ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ 4 ਪੀੜ੍ਹੀਆਂ ਨੇ ਸ਼ਾਸਨ ਕੀਤਾ ਅਤੇ ਦੇਸ਼ ‘ਚ ਗਰੀਬੀ ਵਧਦੀ ਚਲੀ ਗਈ | ਮੋਦੀ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਗਰੀਬੀ ਨੂੰ ਦੂਰ ਕਰਨ ਦਾ ਵਾਅਦਾ ਕੀਤਾ ਅਤੇ ਗਰੀਬੀ ਵਧਾਉਂਦੇ ਗਏ | ਫਿਰ ਉਨ੍ਹਾਂ ਦੀ ਬੇਟੀ ਆਈ ਅਤੇ ਗਰੀਬੀ ਮਿਟਾਉਣ ਦਾ ਨਾਅਰਾ ਦੇ ਕੇ ਗਰੀਬੀ ਵਧਾਈ | ਫਿਰ ਬੇਟੀ ਦੇ ਪੁੱਤਰ ਨੇ ਅਜਿਹਾ ਕੀਤਾ ਅਤੇ ਫਿਰ ਉਸ ਬੇਟੇ ਦੀ ਪਤਨੀ ਨੇ 10 ਸਾਲ ਰਿਮੋਟ ਕੰਟਰੋਲ ਸਰਕਾਰ ਚਲਾ ਕੇ ਗਰੀਬੀ ਵਧਾਈ | ਮੋਦੀ ਨੇ ਕਿਹਾ ਕਿ ਹੁਣ ਸ਼ਹਿਜ਼ਾਦੇ ਦੀ ਵਾਰੀ ਹੈ ਅਤੇ ਹੁਣ ਉਹ ਗਰੀਬੀ ਮਿਟਾਉਣ ਦੀ ਗੱਲ ਕਰ ਰਿਹਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਨਾਲ ਨਜਿੱਠਣਾ ਹੋਵੇਗਾ | ਇੱਥੇ ‘ਮੈਂ ਵੀ ਚੌਕੀਦਾਰ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ‘ਮਿਸ਼ਨ ਸ਼ਕਤੀ’ ਨੇ ਭਾਰਤ ਦੀ ‘ਐਾਟੀ-ਸੈਟੇਲਾਈਟ’ ਮਿਜ਼ਾਈਲ ਸਮਰੱਥਾ ਨੂੰ ਵਿਖਾਇਆ ਹੈ | ਮੋਦੀ ਨੇ ਕਿਹਾ ਕਿ ਜੇਕਰ ਅਮਰੀਕਾ, ਰੂਸ ਤੇ ਚੀਨ ‘ਐਾਟੀ-ਸੈਟੇਲਾਈਟ’ ਪ੍ਰੀਖ਼ਣ ਨੂੰ ਖੁੱਲ੍ਹੇਆਮ ਕਰ ਸਕਦੇ ਹਨ ਤਾਂ ਅਸੀਂ ਕਿਉਂ ਇਸ ਨੂੰ ਲੁਕ ਕੇ ਕਰੀਏ | ਦੇਸ਼ ਦੇ 500 ਸਥਾਨਾਂ ‘ਤੇ ਬੈਠੇ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਮੋਦੀ ਨੇ ਲੋਕਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਜਿੱਥੇ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਇਆ, ਉੱਥੇ ਗੁਆਂਢੀ ਦੇਸ਼ ਪਾਕਿਸਤਾਨ ‘ਤੇ ਵੀ ਤਿੱਖੇ ਹਮਲੇ ਕੀਤੇ | ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੁਝ ਲੋਕਾਂ ਦਾ ਜ਼ਿਆਦਾ ਬੌਧਿਕ ਵਿਕਾਸ ਨਹੀਂ ਹੁੰਦਾ ਇਸ ਲਈ ਉਹ ਜ਼ਿਆਦਾ ਸੋਚ ਨਹੀਂ ਸਕਦੇ ਅਤੇ ਉਹ ਇਹ ਹੀ ਸੋਚਦੇ ਹਨ ਕਿ ਚੌਕੀਦਾਰ ਦਾ ਮਤਲਬ ਸੀਟੀ, ਟੋਪੀ ਤੇ ਡੰਡੇ ਨਾਲ ਹੁੰਦਾ ਹੈ ਪਰ ਅਸਲ ‘ਚ ਚੌਕੀਦਾਰ ਹੋਣਾ ਇਕ ਭਾਵਨਾ ਹੈ, ਜੋ ਦੇਸ਼ ਦੇ ਹਰ ਵਿਅਕਤੀ ‘ਚ ਹੈ | ਉਨ੍ਹਾਂ ਕਿਹਾ ਕਿ ਜਨਤਾ ਮੇਰੇ ਨਾਲ ਹੈ ਅਤੇ ਮੈਨੂੰ ਪਤਾ ਹੈ ਕਿ ਦੇਸ਼ ਦੀ ਜਨਤਾ ਨੂੰ ਰਾਜੇ-ਮਹਾਰਾਜਿਆਂ ਦੀ ਜ਼ਰੂਰਤ ਨਹੀਂ ਹੈ, ਉਹ ਚੌਕੀਦਾਰ ਪਸੰਦ ਕਰਦੀ ਹੈ | ਬਾਲਾਕੋਟ ਹਮਲੇ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ‘ਬਾਲਾਕੋਟ ‘ਚ ਹਮਲਾ ਮੈਂ ਨਹੀਂ, ਬਲਕਿ ਦੇਸ਼ ਦੇ ਜਵਾਨਾਂ ਨੇ ਕੀਤਾ ਹੈ | ਸਾਡੇ ਸਾਰਿਆਂ ਵਲੋਂ ਮੈਂ ਉਨ੍ਹਾਂ ਨੂੰ ਸਲਿਊਟ ਕਰਦਾ ਹਾਂ | ਬਾਲਾਕੋਟ ਹਮਲੇ ‘ਤੇ ਮੋਦੀ ਨੇ ਕਿਹਾ ਕਿ ਮੈਂ ਇਹ ਫ਼ੈਸਲਾ ਇਸ ਲਈ ਕਰ ਸਕਿਆ, ਕਿਉਂਕਿ ਮੈਨੂੰ ਆਪਣੀ ਸੈਨਾ ‘ਤੇ ਭਰੋਸਾ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਬਾਲਾਕੋਟ ‘ਚ ਹਵਾਈ ਹਮਲਾ ਕਰਨ ਦਾ ਫ਼ੈਸਲਾ ਇਸ ਕਰਕੇ ਕੀਤਾ ਕਿ ਅੱਤਵਾਦ ਜਿੱਥੋਂ ਕੰਟਰੋਲ ਹੁੰਦਾ ਹੈ, ‘ਖੇਡ’ ਉੱਥੋਂ ਖੇਡਣੀ ਚਾਹੀਦੀ ਹੈ ਅਤੇ ਮੈਦਾਨ ਉਨ੍ਹਾਂ (ਅੱਤਵਾਦੀਆਂ) ਦਾ ਹੋਵੇ | ਮੋਦੀ ਨੇ ਕਿਹਾ ਕਿ ਪਾਕਿਸਤਾਨ ਬੜੀ ਮੁਸੀਬਤ ‘ਚ ਹੈ, ਕਿਉਂਕਿ ਜੇ ਉਹ ਕਹਿੰਦਾ ਹੈ ਕਿ ਬਾਲਾਕੋਟ ‘ਚ ਕੁਝ ਹੋਇਆ ਸੀ ਤਾਂ ਉਸ ਨੂੰ ਸਵੀਕਾਰ ਕਰਨਾ ਪਵੇਗਾ ਕਿ ਉੱਥੇ ਅੱਤਵਾਦੀਆਂ ਦਾ ਕੈਂਪ ਚਲਦਾ ਸੀ | ਮੋਦੀ ਨੇ ਕਿਹਾ ਕਿ ਉਹ ਲੋਕ ਕਹਿ ਰਹੇ ਹਨ ਕਿ ਕੋਈ ਅੱਤਵਾਦੀ ਕੈਂਪ ਨਹੀਂ ਸੀ | ਹੁਣ ਉਨ੍ਹਾਂ ਨੂੰ ਇਸ ਨੂੰ ਲੁਕਾਉਣਾ ਪੈ ਰਿਹਾ ਹੈ | ਉਹ ਹੁਣ ਕਿਸੇ ਨੂੰ ਉੱਥੇ ਜਾਣ ਨਹੀਂ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਜੋ ਲੋਕ ਬਾਲਾਕੋਟ ਹਵਾਈ ਹਮਲੇ ‘ਤੇ ਮੋਦੀ ਨੂੰ ਗਾਲਾਂ ਕੱਢ ਰਹੇ ਹਨ ਉਹ ਆਪਣੇ ਬਿਆਨਾਂ ਨਾਲ ਪਾਕਿਸਤਾਨ ਦੀ ਮਦਦ ਕਰ ਰਹੇ ਹਨ |

ਭਾਜਪਾ ਨੇ ਵਾਰਾਨਸੀ ’ਚ ਦਲਿਤਾਂ ਨੂੰ ਵੰਡਣ ਲਈ ਸਾਜਿਸ਼ ਰਚੀ: ਮਾਇਆਵਤੀ

ਲਖਨਊ-ਭਾਜਪਾ ਉੱਤੇ ‘ਘਿਨਾਉਣੀ ਰਾਜਨੀਤੀ’ ਕਰਨ ਦਾ ਦੋਸ਼ ਲਾਉਂਦਿਆਂ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਨੇ ਦਲਿਤਾਂ ਦੀਆਂ ਵੋਟਾਂ ਵੰਡਣ ਲਈ ਵਾਰਾਨਸੀ ਲੋਕ ਸਭਾ ਸੀਟ ਤੋਂ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਖੜ੍ਹਾ ਕਰਨ ਦੀ ਸਾਜਿਸ਼ ਕੀਤੀ ਹੈ। ਦੱਸਣਯੋਗ ਹੈ ਕਿ ਆਜ਼ਾਦ ਨੇ ਇਸੇ ਮਹੀਨੇ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਤੋਂ ਲੋਕ ਸਭਾ ਚੋਣ ਲੜੇਗਾ। ਮਾਇਆਵਤੀ ਨੇ ਟਵੀਟ ਕਰਦਿਆਂ ਕਿਹਾ,‘ਦਲਿਤ ਵੋਟਾਂ ਨੂੰ ਵੰਡਣ ਦੇ ਗਲਤ ਇਰਾਦੇ ਅਤੇ ਫਾਇਦਾ ਚੁੱਕਣ ਲਈ ਭਾਜਪਾ ਨੇ ਵਾਰਾਨਸੀ ਲੋਕ ਸਭਾ ਸੀਟ ਤੋਂ ਭੀਮ ਆਰਮੀ ਚੀਫ਼ ਚੰਦਰਸ਼ੇਖਰ ਨੂੰ ਖੜ੍ਹਾ ਕਰਨ ਦੀ ਸਾਜਿਸ਼ ਕੀਤੀ ਹੈ। ਇਹ ਸੰਗਠਨ ਭਾਜਪਾ ਦੀ ਸਾਜਿਸ਼ ਤਹਿਤ ਬਣਾਇਆ ਗਿਆ ਸੀ ਅਤੇ ਆਪਣੇ ਦਲਿਤ ਵਿਰੋਧੀ ਨਜ਼ਰੀਏ ਤੋਂ ਹੁਣ ਇਸ ਵਲੋਂ ‘ਘਿਨਾਉਣੀ ਰਾਜਨੀਤੀ’ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੇ ਬਹੁਤ ਕੋਸ਼ਿਸ਼ ਕੀਤੀ ਕਿ ਭੀਮ ਆਰਮੀ ਚੀਫ ਚੰਦਰਸ਼ੇਖਰ ਆਜ਼ਾਦ ਬਸਪਾ ਵਿਚ ਸ਼ਾਮਲ ਹੋ ਸਕੇ ਪਰ ਉਹ ਨਾਕਾਮ ਰਹੀ। ਨਿਰਕੁੰਸ਼, ਦਲਿਤ, ਓਬੀਸੀ ਅਤੇ ਘੱਟ ਗਿਣਤੀਆਂ ਦੀ ਵਿਰੋਧੀ ਤਾਨਾਸ਼ਾਹ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੇਸ਼ ਦੇ ਹਿੱਤ ਵਿਚ ਹੈ।
ਇਸ ਮਗਰੋਂ ਬਸਪਾ ਮੁਖੀ ਨੇ ਕਿਹਾ,‘ਹੰਕਾਰੀ ਹੋਈ, ਨਿਰਕੁੰਸ਼, ਜਾਤੀਵਾਦ ਤੇ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਲੀ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਹਰ ਇੱਕ ਦਲਿਤ ਵੋਟ ਬਹੁਤ ਮਹੱਤਵਪੂਰਨ ਹੈ।’

ਮੇਜਰ ਗੋਗੋਈ ਦਾ ਕੋਰਟ ਮਾਰਸ਼ਲ ਮੁਕੰਮਲ

ਸ੍ਰੀਨਗਰ-ਮਨੁੱਖੀ ਢਾਲ ਵਾਲੇ ਸਾਲ 2017 ਦੇ ਵਿਵਾਦਮਈ ਮਾਮਲੇ ਵਿਚ ਮੇਜਰ ਲੀਤੁਲ ਗੋਗੋਈ ਖਿਲਾਫ਼ ਕੋਰਟ ਮਾਰਸ਼ਲ ਦੀ ਕਾਰਵਾਈ ਮੁਕੰਮਲ ਹੋ ਗਈ ਹੈ ਅਤੇ ਸਜ਼ਾ ਵਜੋਂ ਉਸ ਦੀ ਸੀਨੀਆਰਤਾ ਘੱਟ ਕੀਤੀ ਜਾ ਸਕਦੀ ਹੈ। ਮੇਜਰ ਦੇ ਡਰਾਈਵਰ ਸਮੀਰ ਮੱਲਾ ਖਿਲਾਫ਼ ਕੋਰਟ ਮਾਰਸ਼ਲ ਪ੍ਰਕਿਰਿਆ ਹਾਲ ਹੀ ਵਿਚ ਕਸ਼ਮੀਰ ਵਿਚ ਮੁਕੰਮਲ ਹੋਈ ਸੀ ਅਤੇ ਉਸ ਨੂੰ ਸਖਤ ਸਜ਼ਾ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਗੋਗੋਈ ਤੇ ਉਸਦੇ ਡਰਾਈਵਰ ਖਿਲਾਫ਼ ਫਰਵਰੀ ਵਿਚ ਸਬੂਤਾਂ ’ਤੇ ਚਰਚਾ ਤੋਂ ਬਾਅਦ ਕੋਰਟ ਮਾਰਸ਼ਲ ਪ੍ਰਕਿਰਿਆ ਸ਼ੁਰੂ ਹੋਈ ਸੀ, ਜਿਸ ਮੁਤਾਬਕ ਦੋਵਾਂ ਨੂੰ ਦੋ ਆਧਾਰਾਂ ਉੱਤੇ ਦੋਸ਼ੀ ਦੱਸਿਆ ਗਿਆ ਸੀ। ਅਦਾਲਤ ਵਲੋਂ ਮੁਲਜ਼ਮਾਂ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਤੇ ਸਜ਼ਾ ਜਿਸਦਾ ਆਰਮੀ ਹੈੱਡਕੁਆਰਟਰ ਵੱਲੋਂ ਪੁਨਰ-ਨਿਰੀਖਣ ਕੀਤਾ ਜਾਣਾ ਹੈ, ਦਿੱਤੀ ਜਾ ਚੁੱਕੀ ਹੈ। ਫ਼ੌਜੀ ਅਦਾਲਤ ਨੇ ਮੇਜਰ ਗੋਗੋਈ ਖਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਸੀ। ਅਦਾਲਤ ਨੇ ਉਸਨੂੰ ਪਿਛਲੇ ਸਾਲ 23 ਮਈ ਨੂੰ ਸ੍ਰੀਨਗਰ ਦੇ ਹੋਟਲ ਵਿਚ ਵਾਪਰੀ ਘਟਨਾ ਲਈ ਦੋਸ਼ੀ ਮੰਨਿਆ ਸੀ। ਮੇਜਰ ਗੋਗੋਈ ਨੂੰ ਹੋਟਲ ਸਟਾਫ ਨਾਲ ਬਹਿਸ ਮਗਰੋਂ ਪੁਲੀਸ ਨੇ ਉਸ ਸਮੇਂ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹ ਕਥਿਤ ਤੌਰ ਉੱਤੇ ਇੱਕ 18 ਸਾਲਾ ਲੜਕੀ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਲੜਕੀ ਨੇ ਅਦਾਲਤੀ ਕਾਰਵਾਈ ਦੌਰਾਨ ਪੇਸ਼ ਹੋਣ ਤੋਂ ਇਨਕਾਰ ਕਰਦਿਆਂ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੇ ਆਪਣਾ ਬਿਆਨ ਮੈਜਿਸਟਰੇਟ ਨੂੰ ਦੇ ਦਿੱਤਾ ਹੈ ਜਿਸਨੂੰ ਉਸਦਾ ਅੰਤਿਮ ਬਿਆਨ ਸਮਝਿਆ ਜਾਵੇ।

ਬੱਸ ਨਾਲ ਟਕਰਾਉਣ ਤੋਂ ਬਾਅਦ ਕਾਰ ‘ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ 5 ਲੋਕਾਂ ਦੀ ਮੌਤ

ਲਖਨਊ-ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ‘ਚ ਅੱਜ ਇੱਕ ਕਾਰ ਦੀ ਟੂਰਿਸਟ ਬੱਸ ਨਾਲ ਟੱਕਰ ਹੋ ਗਈ, ਜਿਸ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਪੁਲਿਸ ਅਧਿਕਾਰੀ ਨੇ ਘਟਨਾ ਸੰਬੰਧੀ ਦੱਸਿਆ ਕਿ ਪੀਲੀਭੀਤ-ਬਰੇਲੀ ਕੌਮੀ ਹਾਈਵੇਅ ‘ਤੇ ਖਮਰੀਆ ਪੁਲ ਦੇ ਕੋਲ ਗ਼ਲਤ ਦਿਸ਼ਾ ਤੋਂ ਆ ਰਹੀ ਕਾਰ ਇੱਕ ਟੂਰਿਸਟ ਬੱਸ ਨਾਲ ਟਕਰਾਅ ਗਈ, ਜਿਸ ਤੋਂ ਬਾਅਦ ਕਾਰ ਅਤੇ ਬੱਸ ਸੜਕ ‘ਤੇ ਪਲਟ ਗਈਆਂ। ਉਨ੍ਹਾਂ ਕਿਹਾ ਕਿ ਟੱਕਰ ਤੋਂ ਬਾਅਦ ਕਾਰ ‘ਚ ਅੱਗ ਲੱਗ ਗਈ। ਹਾਦਸੇ ‘ਚ ਕਾਰ ਸਵਾਰ ਪੰਜ ਲੋਕਾਂ ਦੀ ਜਿੰਦਾ ਝੁਲਸਣ ਕਾਰਨ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ ‘ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ‘ਚ ਕਰੀਬ 24 ਯਾਤਰੀ ਸਵਾਰ ਸਨ, ਜਿਨ੍ਹਾਂ ‘ਚੋਂ ਛੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।

ਨੋਟਬੰਦੀ ਦੌਰਾਨ ਤਿੰਨ ਲੱਖ ਕੰਪਨੀਆਂ ਜਾਂਚ ਦੇ ਘੇਰੇ ਵਿਚ

ਨਵੀਂ ਦਿੱਲੀ- ਨੋਟਬੰਦੀ ਦੌਰਾਨ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਕਰੀਬ ਤਿੰਨ ਲੱਖ ਕੰਪਨੀਆਂ ਦੇ ਵਿੱਤੀ ਲੈਣ–ਦੇਣ ਦੀ ਜਾਂਚ ਹੋਵੇਗੀ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀਬੀਡੀਟੀ) ਨੇ ਆਮਦਨ ਵਿਭਾਗ ਨੂੰ ਇਨ੍ਹਾਂ ਕੰਪਨੀਆਂ ਦੀ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਹੈ। ਨੋਟਬੰਦੀ ਦੌਰਾਨ ਕਈ ਕੰਪਨੀਆਂ ਸ਼ੱਕੀ ਲੈਣ–ਦੇਣ ਦੇ ਘੇਰੇ ਵਿਚ ਆਈਆਂ ਸਨ। ਇਸ ਤੋਂ ਬਾਅਦ ਸਰਕਾਰ ਨੇ ਕਾਰਵਾਈ ਕਰਦੇ ਹੋਏ ਕਰੀਬ ਤਿੰਨ ਲੱਖ ਕੰਪਨੀਆਂ ਦਾ ਰਜਿਸ਼ਟ੍ਰੇਸ਼ਨ ਰੱਦ ਕਰ ਦਿੱਤਾ ਸੀ।
ਸੀਬੀਡੀਟੀ ਨੇ ਪੱਤਰ ਵਿਚ ਕਿਹਾ ਕਿ ਬੋਰਡ ਚਾਹੁੰਦਾ ਹੈ ਕਿ ਧਨ ਸ਼ੋਧਨ ਗਤੀਵਿਧੀਆਂ ਵਿਚ ਇਨ੍ਹਾਂ ਕੰਪਨੀਆਂ ਦੇ ਸੰਭਾਵਿਤ ਦੁਰਵਰਤੋਂ ਦਾ ਪਤਾ ਲਗਾਉਣ ਲਈ ਆਮਦਨ ਕਰ ਦਫ਼ਤਰ ਕੰਪਨੀਆਂ ਦੇ ਬੈਂਕ ਖਾਤਿਆਂ ਦੀ ਪੜਤਾਲ ਕਰੇ। ਖਾਸਕਰ ਕੰਪਨੀਆਂ ਦੇ ਪੰਜੀਕਰਨ ਰੱਦ ਹੋਣ ਦੀ ਪ੍ਰਕਿਰਿਆ ਸਮੇਂ ਅਤੇ ਉਸ ਤੋਂ ਪਹਿਲਾਂ ਨੋਟਬੰਦੀ ਦੌਰਾਨ ਦੇ ਵਿੱਤੀ ਲੈਣ ਦੇਣ ਨੂੰ ਖੰਘਾਲਿਆ ਜਾਵੇ। ਆਮਦਨ ਕਰ ਵਿਭਾਗ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਨ੍ਹਾਂ ਕੰਪਨੀਆਂ ਵਿਚੋਂ ਜ਼ਿਆਦਾਤਰ ਆਪਣੇ ਕਾਰਪੋਰੇਟ ਢਾਂਚੇ ਦੀ ਵਰਤੋਂ ਕਰਦੇ ਹੋਏ ਨੋਟਬੰਦੀ ਦੌਰਾਨ ਨਗਦੀ ਨੂੰ ਜਮ੍ਹਾਂ ਕਰਾਉਣ ਦਾ ਕੰਮ ਕੀਤਾ।
ਸੀਬੀਡੀਟੀ ਨੇ ਕਰ ਅਧਿਕਾਰੀਆਂ ਤੋਂ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਵੈਬਸਾਈਟ ਉਤੇ ਮੌਜੂਦ ਇਨ੍ਹਾਂ ਕੰਪਨੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ ਅਤੇ ਉਸਦੇ ਬਾਅਦ ਇਸਦੀ ਆਮਦਨ ਕਰ ਰਿਟਰਨ ਦੀ ਜਾਂਚ ਪੜਤਾਲ ਕਰਨ ਅਤੇ ਬੈਂਕਾਂ ਤੋਂ ਉਨ੍ਹਾਂ ਦੇ ਵਿੱਤੀ ਲੈਣ–ਦੇਣ ਬਾਰੇ ਜਾਂਚ ਕਰਨ ਲਈ ਕਿਹਾ ਹੈ। ਸੀਬੀਡੀਟੀ ਨੇ ਕਿਹਾ ਕਿ ਜੇਕਰ ਕੰਪਨੀਆਂ ਜਾਂ ਵਿਅਕਤੀ ਦੇ ਸ਼ੱਕੀ ਲੈਣ ਦੇਣ ਦਾ ਪਤਾ ਚਲਦਾ ਹੈ ਤਾਂ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐਲਸੀਐਲਟੀ) ਦੇ ਸਾਹਮਣੇ ਅਪੀਲ ਕਰਕੇ ਕੰਪਨੀ ਦੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ ਤਾਂ ਕਿ ਆਮਦਨ ਅਧਿਨਿਯਮ ਦੇ ਪ੍ਰਾਵਧਨਾਂ ਦੇ ਤਹਿਤ ਉਚਿਤ ਕਾਰਵਾਈ ਕੀਤੀ ਜਾ ਸਕੇ।
ਸੀਬੀਡੀਟੀ ਨੇ ਦੇਸ਼ ਭਰ ਦੇ ਆਮਦਨ ਅਧਿਕਾਰੀਆਂ ਨੂੰ ਅਜਿਹੀਆਂ ਕੰਪਨੀਆਂ ਦੀ ਜਾਂਚ ਤੇ ਸਮਾਂ ਸੀਮਾਂ ਦੇ ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ, ਤਾਂ ਕਿ ਵਿਭਾਗ ਵੱਲੋਂ ਰਜਿਸਟਰਾਰ ਆਫ਼ ਕੰਪਨੀਜ਼ (ਆਰਓਸੀ) ਵਿਚ ਸਮੇਂ ਉਤੇ ਦਸਤਖ਼ਤ ਕੀਤੇ ਜਾ ਸਕਣ ਅਤੇ ਕੰਪਨੀ ਬੰਦ ਹੋਣ ਤੋਂ ਪਹਿਲਾਂ ਦੋਸ਼ੀ ਵਿਅਕਤੀ ਉਤੇ ਕਾਰਵਾਈ ਹੋ ਸਕੇ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੋਰਡ ਕੋਲ ਜਾਣਕਾਰੀ ਹੈ ਕਿ ਇਨ੍ਹਾਂ ਕੰਪਨੀਆਂ ’ਚੋਂ ਕਈ ਕੰਪਨੀਆਂ ਦੇ ਕਰ ਨਾਲ ਜੁੜੇ ਦੋਸ਼ਾਂ ਵਿਚ ਸ਼ਾਮਲ ਹੋਣ ਦਾ ਸ਼ੱਕ ਹੈ। ਇਹ ਸਾਬਤ ਹੋ ਜਾਣ ਉਤੇ ਆਮਦਨ ਵਿਭਾਗ ਕੰਪਨੀਆਂ ਖਿਲਾਫ਼ ਕਾਰਵਾਈ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਧਨਸ਼ੋਧਨ ਦੇ ਮਾਮਲਿਆਂ ਨੂੰ ਈਡੀ ਕੋਲ ਵੀ ਭੇਜਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਜ਼ਾਬਤੇ ਦੀ ਨਹੀਂ ਕੀਤੀ ਉਲੰਘਣਾ: ਚੋਣ ਕਮਿਸ਼ਨ

ਨਵੀਂ ਦਿੱਲੀ-ਏ-ਸੈਟੇਲਾਈਟ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼ ਦੇ ਮਾਮਲੇ ’ਚ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਹਤ ਦਿੰਦਿਆਂ ਕਿਹਾ ਕਿ ਉਨ੍ਹਾਂ ਆਦਰਸ਼ ਚੋਣ ਜ਼ਾਬਤੇ ਦੀ ਕੋਈ ਉਲੰਘਣਾ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕੌਮ ਨੂੰ ਸੰਬੋਧਨ ਕਰਕੇ ਕੋਈ ਉਲੰਘਣਾ ਨਹੀਂ ਕੀਤੀ ਹੈ।

ਹਾਰਦਿਕ ਦੀ ਚੋਣ ਮੁਹਿੰਮ ਨੂੰ ਕਰਾਰਾ ਝਟਕਾ

ਅਹਿਮਦਾਬਾਦ-ਪਾਟੀਦਾਰ ਅੰਦੋਲਨ ਦੇ ਆਗੂ ਹਾਰਦਿਕ ਪਟੇਲ ਦੇ ਚੋਣ ਲੜਨ ਦੀਆਂ ਸੰਭਾਵਨਾਵਾਂ ਨੂੰ ਕਰਾਰਾ ਝਟਕਾ ਲੱਗਾ ਹੈ। ਗੁਜਰਾਤ ਹਾਈ ਕੋਰਟ ਨੇ ਪਟੇਲ ਨੂੰ 2015 ਦੇ ਇਕ ਦੰਗਿਆਂ ਨਾਲ ਸਬੰਧਤ ਕੇਸ ਵਿਚ ਹੋਈ ਸਜ਼ਾ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਜਦਕਿ ਗੁਜਰਾਤ ਵਿਚ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਮਿਤੀ ਚਾਰ ਅਪਰੈਲ ਹੈ, ਹਾਰਦਿਕ ਕੋਲ ਸੁਪਰੀਮ ਕੋਰਟ ਪਹੁੰਚ ਕਰਨ ਲਈ ਬਹੁਤ ਘੱਟ ਸਮਾਂ ਬਚਿਆ ਹੈ। ਹਾਰਦਿਕ ਨੇ 12 ਮਾਰਚ ਨੂੰ ਕਾਂਗਰਸ ਵਿਚ ਸ਼ਮੂਲੀਅਤ ਕਰਨ ਤੋਂ ਬਾਅਦ ਜਾਮਨਗਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਖ਼ਾਹਿਸ਼ ਜ਼ਾਹਿਰ ਕੀਤੀ ਸੀ। ਇਸ ਮਾਮਲੇ ਵਿਚ ਪਹਿਲਾਂ ਹੋਈਆਂ ਸੁਣਵਾਈਆਂ ’ਚ ਗੁਜਰਾਤ ਸਰਕਾਰ ਨੇ ਹਾਰਦਿਕ ਦੀ ਅਰਜ਼ੀ ਦਾ ਤਕੜਾ ਵਿਰੋਧ ਕੀਤਾ ਸੀ। ਸੂਬਾ ਸਰਕਾਰ ਨੇ ਤਰਕ ਦਿੱਤਾ ਸੀ ਕਿ ਹਾਰਦਿਕ ਵਿਰੁੱਧ 17 ਐਫਆਈਆਰ ਹਨ ਤੇ ਦੋ ਮਾਮਲੇ ਦੇਸ਼ਧ੍ਰੋਹ ਦੇ ਵੀ ਹਨ। ਹਾਰਦਿਕ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਫ਼ੈਸਲੇ ਦਾ ਅਧਿਐਨ ਕਰ ਕੇ ਸੁਪਰੀਮ ਕੋਰਟ ਜਾਣ ਬਾਰੇ ਸੋਚਣਗੇ। ਜੱਜ ਨੇ ਕਿਹਾ ਕਿ ਸਜ਼ਾ ’ਤੇ ਰੋਕ ਕੁਝ ਵਿਸ਼ੇਸ਼ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਹੀ ਲਾਈ ਜਾ ਸਕਦੀ ਹੈ ਤੇ ਹਾਰਦਿਕ ਦਾ ਕੇਸ ਇਸ ਸ਼੍ਰੇਣੀ ਵਿਚ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਹਾਰਦਿਕ ਦੇ ਅਪਰਾਧਕ ਪਿਛੋਕੜ ਦੇ ਮੱਦੇਨਜ਼ਰ ਰੋਕ ਲਾਉਣਾ ਸੰਭਵ ਨਹੀਂ। ਜ਼ਿਕਰਯੋਗ ਹੈ ਕਿ ਪਟੇਲ ਨੂੰ ਪਿਛਲੇ ਸਾਲ ਜੁਲਾਈ ਵਿੱਚ ਮੇਹਸਾਨਾ ਜ਼ਿਲ੍ਹੇ ਦੀ ਅਦਾਲਤ ਵੱਲੋਂ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਈ ਕੋਰਟ ਨੇ ਪਿਛਲੇ ਵਰ੍ਹੇ ਅਗਸਤ ਵਿਚ ਸਜ਼ਾ ਮੁਅੱਤਲ ਕਰ ਦਿੱਤੀ ਸੀ, ਪਰ ਸਜ਼ਾ ’ਤੇ ਰੋਕ ਨਹੀਂ ਲਾਈ ਸੀ। –

ਯਾਤਰੀਆਂ ਨਾਲ ਭਰੀ ਬਸ ਦੀ ਟਰੱਕ ਨਾਲ ਟੱਕਰ, 8 ਲੋਕਾਂ ਦੀ ਮੌਤ, 35 ਜ਼ਖਮੀ

ਨੋਇਡਾ-ਯਮੁਨਾ ਐਕਸਪ੍ਰੈਸ ਵੇਅ ‘ਤੇ ਸਵੇਰੇ ਤਕਰੀਬਨ 5 ਵਜੇ ਵਾਪਰੇ ਸੜਕ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦ ਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਗਰੇਟਰ ਨੋਇਡਾ ਦੇ ਕਰੀਬ ਰਬੂਪੁਰਾ ਦੇ ਕੋਲ ਯਮੁਨਾ ਐਕਸਪ੍ਰੈਸ ਵੇਅ ‘ਤੇ ਯਾਤਰੀਆਂ ਨਾਲ ਭਰੀ ਬਸ ਪਿੱਛੇ ਤੋਂ ਟਰੱਕ ਨਾਲ ਜਾ ਟਕਰਾਈ। ਇਸ ਕਾਰਨ ਬਸ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਇਸ ਹਾਦਸੇ ਵਿਚ 8 ਲੋਕਾਂ ਦੀ ਮੌਤ ਹੋ ਗਈ ਜਦ ਕਿ 30 ਤੋਂ ਜ਼ਿਆਦਾ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਕਈ ਜਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ Âੈ। ਮਿਲੀ ਜਾਣਕਾਰੀ ਮੁਤਾਬਕ ਸੜਕ ਹਾਦਸੇ ਵਿਚ ਨੁਕਸਾਨੀ ਬਸ ਆਗਰਾ ਤੋਂ ਨੋਇਡਾ ਆ ਰਹੀ ਸੀ। ਰਬੂਪੁਰਾ ਦੇ ਕੋਲ ਬਸ ਚਾਲਕ ਹਨ੍ਹੇਰਾ ਹੋਣ ਕਾਰਨ ਟਰੱਕ ਨੂੰ ਨਹੀਂ ਦੇਖ ਸਕਿਆ ਅਤੇ ਇਹ ਬਸ ਪਿੱਛੇ ਤੋਂ ਟਰੱਕ ਵਿਚ ਜਾ ਵੜੀ। ਹਾਦਸਾ ਹੁੰਦੇ ਹੀ ਉਥੇ ਚੀਕ ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਨੇ ਹਾਦਸੇ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ, ਜ਼ਖਮੀਆਂ ਨੂੰ ਕੋਲ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਯਮੁਨਾ ਐਕਸਪ੍ਰੈਸ ਵੇਅ ‘ਤੇ ਹਾਦਸੇ ਹੁੰਦੇ ਹੀ ਜਾ ਰਹੇ ਹਨ। ਖੂਨੀ ਹੋ ਰਿਹਾ ਐਕਸਪ੍ਰੈਸ ਵੇਅ ਕੋਹਰੇ ਦੌਰਾਨ ਤਾਂ ਜ਼ਿਆਦਾ ਹੀ ਖਤਰਨਾਕ ਹੁੰਦਾ ਹੈ, ਨਾਲ ਹੀ ਆਮ ਦਿਨਾਂ ਵਿਚ ਵੀ Îਇੱਥੇ ਭਿਆਨਕ ਸੜਕ ਹਾਦਸੇ ਹੋ ਰਹੇ ਹਨ।

ਏਸ਼ੀਅਨ ਚੈਂਪੀਅਨਸ਼ਿਪ : ਭਾਰਤ ਨੇ ਤਿੰਨ ਤਗ਼ਮੇ ਫੁੰਡੇ

ਨਵੀਂ ਦਿੱਲੀ-ਭਾਰਤੀ ਨਿਸ਼ਾਨੇਬਾਜ਼ਾਂ ਨੇ ਤਾਇਪੈ ਦੇ ਤਾਓਯੁਆਨ ਵਿੱਚ ਚੱਲ ਰਹੀ 12ਵੀਂ ਏਸ਼ੀਅਨ ਏਅਰਗੰਨ ਚੈਂਪੀਅਨਸ਼ਿਪ ਦੇ ਦੂਜੇ ਦਿਨ ਇੱਕ ਸੋਨਾ ਅਤੇ ਦੋ ਚਾਂਦੀ ਦੇ ਤਗ਼ਮੇ ਜਿੱਤੇ। ਉਹ ਸੂਚੀ ਵਿੱਚ ਸ਼ਿਖਰਲੇ ਸਥਾਨ ’ਤੇ ਕਾਇਮ ਹੈ। ਰਵੀ ਕੁਮਾਰ ਅਤੇ ਇਲਾਵੈਨਿਲ ਵਲਾਰਿਵਨ ਨੇ ਸੀਨੀਅਰ ਵਰਗ ਵਿੱਚ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਜੂਨੀਅਰ ਵਰਗ ਵਿੱਚ ਭਾਰਤ ਨੇ ਸੋਨਾ ਅਤੇ ਚਾਂਦੀ ਆਪਣੇ ਨਾਮ ਕੀਤਾ।
ਰਵੀ ਅਤੇ ਇਲਾਵੈਨਿਲ ਕੁਆਲੀਫੀਕੇਸ਼ਨ ਗੇੜ ਵਿੱਚ 837.1 ਅੰਕ ਨਾਲ ਸ਼ਿਖਰ ’ਤੇ ਰਹੇ, ਪਰ ਪੰਜ ਟੀਮਾਂ ਦੇ ਫਾਈਨਲ ਵਿੱਚ ਉਨ੍ਹਾਂ ਨੂੰ ਕੋਰਿਆਈ ਜੋੜੀ ਪਾਰਕ ਸੁਨਮਿਨ ਅਤੇ ਸ਼ਿਨ ਮਿੰਕੀ ਤੋਂ ਹਾਰ ਝੱਲਣੀ ਪਈ। ਕੋਰਿਆਈ ਟੀਮ ਨੇ 499.6 ਅੰਕ ਬਣਾ ਕੇ ਸੋਨ ਤਗ਼ਮਾ ਜਿੱਤਿਆ, ਜਦਕਿ ਭਾਰਤੀ ਜੋੜੀ 498.4 ਅੰਕ ਹੀ ਬਣਾ ਸਕੀ। ਚੀਨੀ ਤਾਇਪੈ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਦੀਪਕ ਕੁਮਾਰ ਅਤੇ ਅਪੂਰਵੀ ਚੰਦੇਲਾ ਦੀ ਦੂਜਾ ਦਰਜਾ ਪ੍ਰਾਪਤ ਭਾਰਤੀ ਜੋੜੀ ਚੌਥੇ ਸਥਾਨ ’ਤੇ ਰਹੀ। ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਦੇ ਜੂਨੀਅਰ ਵਰਗ ਵਿੱਚ ਭਾਰਤ ਦੀਆਂ ਦੋ ਟੀਮਾਂ ਫਾਈਨਲ ਵਿੱਚ ਪਹੁੰਚੀਆਂ। ਮੇਹੁਲੀ ਘੋਸ਼ ਅਤੇ ਕੇਵਲ ਪ੍ਰਜਾਪਤੀ ਕੀ ਜੋੜੀ ਕੁਆਲੀਫੀਕੇਸ਼ਨ ਗੇੜ ਵਿੱਚ 838.5 ਅੰਕ ਨਾਲ ਚੋਟੀ ’ਤੇ ਰਹੀ, ਜਦਕਿ ਸ਼੍ਰੇਆ ਅਗਰਵਾਲ ਅਤੇ ਯਸ਼ ਵਰਧਨ ਨੇ 831.2 ਅੰਕ ਨਾਲ ਦੂਜੇ ਸਥਾਨ ’ਤੇ ਰਹਿ ਕੇ ਕੁਆਲੀਫਾਈ ਕੀਤਾ।
ਫਾਈਨਲ ਵਿੱਚ ਹਾਲਾਂਕਿ ਸ਼੍ਰੇਆ ਅਤੇ ਯਸ਼ ਨੇ ਪਾਸਾ ਪਲਟ ਦਿੱਤਾ ਅਤੇ ਆਪਣੀ ਹਮਵਤਨ ਟੀਮ ਨੂੰ 0.4 ਅੰਕਾਂ ਨਾਲ ਪਛਾੜ ਕੇ ਸੋਨ ਤਗ਼ਮਾ ਜਿੱਤਿਆ। ਇਨ੍ਹਾਂ ਦੋਵਾਂ ਨੇ 497.3 ਅੰਕ ਅਤੇ ਮੇਹੁਲੀ ਅਤੇ ਕੇਵਲ ਨੇ 496.9 ਅੰਕ ਬਣਾਏ। ਕੋਰੀਆ ਨੇ ਇਸ ਮੁਕਾਬਲੇ ਦਾ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਹੁਣ ਤੱਕ ਟੂਰਨਾਮੈਂਟ ਵਿੱਚ ਪੰਜ ਤਗ਼ਮੇ ਜਿੱਤ ਲਏ ਹਨ। –