Home / ਭਾਰਤ (page 5)

ਭਾਰਤ

ਧਾਰਾ 370 ਖ਼ਤਮ ਹੋਣ ਨਾਲ ‘ਆਜ਼ਾਦੀ’ ਦਾ ਰਾਹ ਪੱਧਰਾ ਹੋਵੇਗਾ : ਫਾਰੂਕ ਅਬਦੁੱਲਾ

ਸ੍ਰੀਨਗਰ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਧਾਰਾ 370 ਦੇ ਖ਼ਾਤਮੇ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਲਈ ‘ਆਜ਼ਾਦੀ’ ਦਾ ਰਾਹ ਪੱਧਰਾ ਹੋ ਜਾਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਨੂੰ ਲੋਕਾਂ ਦੇ ਦਿਲਾਂ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਦੀ। ਅਬਦੁੱਲਾ ਦਾ ਬਿਆਨ ਇਸੇ ਸਮੇਂ ਦੌਰਾਨ ਸਾਹਮਣੇ ਆਇਆ ਹੈ ਜਦੋਂ ਭਾਜਪਾ ਨੇ ਸੋਮਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਅਤੇ ਧਾਰਾ 370 ਸਮਾਪਤ ਕਰਨ ਦੀ ਆਪਣੀ ਪ੍ਰਤੀਬਧਤਾ ਦੁਹਰਾਈ। ਇਹ ਧਾਰਾ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਪ੍ਰਦਾਨ ਕਰਦੀ ਹੈ। ਸ੍ਰੀਨਗਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਅਬਦੁੱਲਾ ਨੇ ਇੱਥੇ ਇਕ ਚੋਣ ਰੈਲੀ ਵਿਚ ਕਿਹਾ ਕਿ ਉਹ (ਭਾਜਪਾ) ਧਾਰਾ 370 ਸਮਾਪਤ ਕਰਨ ਦੀ ਗੱਲ ਕਰਦੇ ਹਨ। ਜੇਕਰ ਉਹ ਇਸ ਤਰ੍ਹਾਂ ਕਰਦੇ ਹਨ ਤਾਂ ਇਹ ਰਲੇਵਾਂ ਵੀ ਨਹੀਂ ਰਹੇਗਾ ਅਤੇ ਸਾਨੂੰ ਉਨ੍ਹਾਂ ਤੋਂ ‘ਆਜ਼ਾਦੀ’ ਮਿਲ ਜਾਵੇਗੀ। ਅਬਦੁੱਲਾ ਨੇ ਕਿਹਾ ਕਿ ਜੇਕਰ ਧਾਰਾ 370 ਖ਼ਤਮ ਹੁੰਦੀ ਹੈ ਤਾਂ ਕਸ਼ਮੀਰ ਵਿਚ ਕੋਈ ਰਾਸ਼ਟਰੀ ਝੰਡਾ ਲਹਿਰਾਉਣ ਵਾਲਾ ਨਹੀਂ ਹੋਵੇਗਾ।

ਅਜੀਤ ਸਿੰਘ ਤੇ ਤਿੰਨ ਕੇਂਦਰੀ ਮੰਤਰੀਆਂ ਦਾ ਭਵਿੱਖ ਦਾਅ ’ਤੇ

ਨਵੀਂ ਦਿੱਲੀ-ਪੱਛਮੀ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਦਸ ਲੋਕ ਸਭਾ ਹਲਕਿਆਂ ਵਿਚ 11 ਅਪਰੈਲ ਨੂੰ ਹੋਣ ਵਾਲੀਆਂ ਪਹਿਲੇ ਗੇੜ ਦੀਆਂ ਚੋਣਾਂ ਵੱਡੇ ਸਿਆਸਤਦਾਨ ਅਜੀਤ ਸਿੰਘ, ਕੇਂਦਰੀ ਮੰਤਰੀ ਵੀ.ਕੇ. ਸਿੰਘ ਤੇ ਮਹੇਸ਼ ਸ਼ਰਮਾ ਦੀ ਕਿਸਮਤ ਦਾ ਫ਼ੈਸਲਾ ਕਰਨਗੀਆਂ। ਮੁਲਕ ਵਿਚ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਯੂਪੀ ਦੇ ਪੱਛਮੀ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦਾ ਧਰੁਵੀਕਰਨ ਭਾਰਤੀ ਜਨਤਾ ਪਾਰਟੀ ਲਈ ਮਦਦਗਾਰ ਸਾਬਿਤ ਹੋ ਸਕਦਾ ਹੈ। ਅਜਿਹਾ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਦੇਖਿਆ ਗਿਆ ਹੈ। ਮੁਜ਼ੱਫ਼ਰਨਗਰ ਤੋਂ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਅਜੀਤ ਸਿੰਘ ਐੱਸਪੀ-ਬਸਪਾ-ਰਾਸ਼ਟਰੀ ਲੋਕ ਦਲ ਦੇ ਸਾਂਝੇ ਉਮੀਦਵਾਰ ਹਨ ਤੇ ਉਹ ਸਾਬਕਾ ਕੇਂਦਰੀ ਮੰਤਰੀ ਸੰਜੀਵ ਬਾਲਿਅਨ ਖ਼ਿਲਾਫ਼ ਚੋਣ ਲੜਨਗੇ। ਇਸ ਹਲਕੇ ਦੇ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਮੁਸਲਿਮ ਵੋਟਰ ਅਹਿਮ ਭੂਮਿਕਾ ਨਿਭਾਉਂਦੇ ਹਨ। ਹਲਕੇ ਦੇ ਕਰੀਬ 17 ਲੱਖ ਵੋਟਰ ਹਨ, ਜਿਨ੍ਹਾਂ ਵਿਚ 26 ਫੀਸਦ ਮੁਸਲਿਮ, 15 ਫੀਸਦ ਜਾਟਵ ਤੇ ਅੱਠ ਫੀਸਦ ਜਾਟ ਹਨ। ਗੰਨੇ ਦਾ ਬਕਾਇਆ, ਕਾਨੂੰਨ-ਵਿਵਸਥਾ ਤੇ ਕਿਸਾਨ ਮੁੱਦੇ ਇਸ ਹਲਕੇ ਵਿਚ ਅਹਿਮ ਹਨ।
ਇਲਾਕੇ ਦੇ ਲੋਕਾਂ ਮੁਤਾਬਕ ਮੁਕਾਬਲਾ ਕਾਫ਼ੀ ਸਖ਼ਤ ਹੈ। ਕੇਂਦਰੀ ਮੰਤਰੀ ਵੀ.ਕੇ. ਸਿੰਘ ਗਾਜ਼ੀਆਬਾਦ ਤੋਂ ਮੁੜ ਚੁਣੇ ਜਾਣ ਦੇ ਆਸਵੰਦ ਹਨ। ਉਨ੍ਹਾਂ ਦਾ ਮੁਕਾਬਲਾ ਸਪਾ-ਬਸਪਾ-ਆਰਐੱਲਡੀ ਉਮੀਦਵਾਰ ਸੁਰੇਸ਼ ਬਾਂਸਲ ਤੇ ਕਾਂਗਰਸੀ ਉਮੀਦਵਾਰ ਡੌਲੀ ਸ਼ਰਮਾ ਨਾਲ ਹੈ। ਇਲਾਕੇ ਵਿਚ 27.26 ਲੱਖ ਵੋਟਰ ਹਨ। ਹਲਕੇ ਵਿਚ ਮੁਸਲਿਮ, ਗੁੱਜਰ, ਵੈਸ਼ਿਆ, ਬ੍ਰਾਹਮਣ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ।
ਗੌਤਮ ਬੁੱਧ ਨਗਰ (ਨੌਇਡਾ) ਤੋਂ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ।
ਹਲਕੇ ਤੋਂ ਅਰਵਿੰਦ ਕੁਮਾਰ ਸਿੰਘ ਕਾਂਗਰਸੀ ਉਮੀਦਵਾਰ ਤੇ ਬਸਪਾ ਦੇ ਸਤਵੀਰ ਸਿੰਘ ਸਪਾ-ਬਸਪਾ-ਆਰਐੱਲਡੀ ਦੇ ਉਮੀਦਵਾਰ ਹਨ। ਸ਼ਰਮਾ ਗੌਤਮ ਬੁੱਧ ਨਗਰ ਤੋਂ 2009 ਵਿਚ ਚੋਣ ਲੜੇ ਸਨ ਤੇ ਦੂਜੇ ਨੰਬਰ ’ਤੇ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੋਇਡਾ ਵਿਧਾਨ ਸਭਾ ਹਲਕੇ ਤੋਂ 2012 ਵਿਚ ਚੋਣ ਲੜੀ ਤੇ ਜੇਤੂ ਰਹੇ। 2014 ਦੀਆਂ ਲੋਕ ਸਭਾ ਚੋਣਾਂ ਵਿਚ ਉਹ 599,702 ਵੋਟਾਂ ਲੈ ਕੇ ਜੇਤੂ ਰਹੇ।

‘ਫ਼ਰਜ਼ੀ ਚੌਕੀਦਾਰ’ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਿਹੈ: ਮਮਤਾ

ਜਲਪਾਈਗੁੜੀ-ਤ੍ਰਿਣਮੂਲ ਕਾਂਗਰਸ ਮੁਖੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਰਕਾਰੀ ਮਸ਼ੀਨਰੀ ਤੇ ਸੰਸਥਾਵਾਂ ਦੀ ਵਰਤੋਂ ਕਰ ਕੇ ਵਿਰੋਧੀ ਧਿਰਾਂ ਨੂੰ ਡਰਾਉਣ-ਧਮਕਾਉਣ ਦਾ ਦੋਸ਼ ਲਾਇਆ ਹੈ। ਨਰਿੰਦਰ ਮੋਦੀ ਨੂੰ ‘ਫ਼ਰਜ਼ੀ ਚੌਕੀਦਾਰ’ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ ਨਹੀਂ ਬਲਕਿ ਮੋਦੀ ਉਨ੍ਹਾਂ ਤੋਂ ਖੌਫ਼ ਖਾ ਰਹੇ ਹਨ। ਮਮਤਾ ਨੇ ਕੇਂਦਰ ਸਰਕਾਰ ’ਤੇ ਸੂਬਾਈ ਮਾਮਲਿਆਂ ਵਿਚ ਦਖ਼ਲ ਦੇਣ ਦਾ ਦੋਸ਼ ਲਾਉਂਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਸਕੱਤਰ ਅਨਿਲ ਚੰਦਰ ਪੁਨੇਥਾ ਨੂੰ ਹਟਾਉਣ ’ਤੇ ਸਵਾਲ ਉਠਾਇਆ ਹੈ। ਮੁੱਖ ਸਕੱਤਰ ਨੂੰ ਚੋਣ ਕਮਿਸ਼ਨ ਨੇ ਹਟਾਇਆ ਹੈ। ਮਮਤਾ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਨੂੰ ‘ਆਖ਼ਰੀ ਪਲਾਂ ’ਚ ਤਬਦੀਲੀ ਦਾ ਐਨਾ ਹੀ ਸ਼ੌਕ ਹੈ’ ਤਾਂ ਉਹ ਆਪਣੇ ਕੈਬਨਿਟ ਸਕੱਤਰ ਜਾਂ ਕੇਂਦਰੀ ਗ੍ਰਹਿ ਸਕੱਤਰ ਨੂੰ ਕਿਉਂ ਨਹੀਂ ਹਟਾਉਂਦੇ। ਮਮਤਾ ਨੇ ਪੱਛਮੀ ਬੰਗਾਲ ਵਿਚ ਚਾਰ ਆਈਪੀਐੱਸ ਅਧਿਕਾਰੀਆਂ ਨੂੰ ਹਟਾਉਣ ਦੇ ਮਾਮਲੇ ’ਤੇ ਵੀ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਇਸ ਨੂੰ ਭਾਜਪਾ ਦੀ ਸ਼ਹਿ ’ਤੇ ਕੀਤੀ ‘ਪੱਖਪਾਤੀ’ ਕਾਰਵਾਈ ਦੱਸਿਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਆਪਣੇ ਫ਼ੈਸਲਿਆਂ ’ਤੇ ਮੁੜ ਗੌਰ ਕਰੇ। ਮਮਤਾ ਨੇ ਮੁਕੁਲ ਰੌਏ ਦਾ ਨਾਂ ਲਏ ਬਿਨਾਂ ਕਿਹਾ ਕਿ ਮੋਦੀ ਸ਼ਰਧਾ ਘੁਟਾਲੇ ਦੇ ਮੁਲਜ਼ਮਾਂ ਨਾਲ ਮੰਚ ਸਾਂਝਾ ਕਰ ਰਹੇ ਹਨ।

ਆਹਲੂਵਾਲੀਆ ਦੁਰਗਾਪੁਰ ਤੋਂ ਉਮੀਦਵਾਰ ਬਣੇ

ਨਵੀਂ ਦਿੱਲੀ-ਭਾਜਪਾ ਨੇ ਐਸ. ਐਸ. ਆਹਲੂਵਾਲੀਆ (67) ਨੂੰ ਪੱਛਮੀ ਬੰਗਾਲ ਦੀ ਦੁਰਗਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ, ਉਹ ਇਸ ਸਮੇਂ ਪੱਛਮੀ ਬੰਗਾਲ ਦੀ ਦਾਰਜੀਲਿੰਗ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ | ਦੁਰਗਪੁਰ ਤੋਂ ਉਮੀਦਵਾਰ ਐਲਾਨਣ ਬਾਅਦ ਆਹਲੂਵਾਲੀਆ ਨੇ ਪਾਰਟੀ ਵਲੋਂ ਉਨ੍ਹਾਂ ‘ਚ ਭਰੋਸਾ ਪ੍ਰਗਟਾਉਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਇਸ ਸਥਾਨ ਤੋਂ ਜਿੰਦਗੀ ਦੇ ਸਭ ਤੋਂ ਮਹਤੱਵਪੂਰਣ ਸਬਕ ਸਿੱਖੇ ਹਨ | ਆਹਲੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਆਪਣਾ ਵਿਦਿਆਰਥੀ ਜੀਵਨ ਇਥੋਂ ਦੀ ਵਰਧਮਾਨ ਯੂਨੀਵਰਸਿਟੀ ‘ਚ ਵਿਦਿਆਰਥੀ ਕਾਰਕੁੰਨ ਵਜੋਂ ਬਿਤਾਇਆ ਹੈ ਅਤੇ ਹੁਣ ਉਸ ਨੂੰ ਇਥੋਂ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ |

ਭਾਜਪਾ ਆਪਣੀਆਂ ਨਫ਼ਰਤੀ ਨੀਤੀਆਂ ਕਾਰਨ ਹਾਰੇਗੀ : ਮਾਇਆਵਤੀ

ਦਿਓਬੰਦ-ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਨਾਲ ਇੱਥੇ ਪਹਿਲੀ ਸਾਂਝੀ ਰੈਲੀ ਕਰਦਿਆਂ ਭਾਜਪਾ ਤੇ ਕਾਂਗਰਸ ਦੀ ਤਿੱਖੀ ਨਿਖੇਧੀ ਕੀਤੀ। ਬਸਪਾ ਸੁਪਰੀਮੋ ਨੇ ਇਹ ਰੈਲੀ ਲੋਕ ਸਭਾ ਦੀਆਂ ਪਹਿਲੇ ਗੇੜ ਦੀਆਂ ਚੋਣਾਂ ਤੋਂ ਹਫ਼ਤਾ ਪਹਿਲਾਂ ਕੀਤੀ ਹੈ।
ਮਾਇਆਵਤੀ ਨੇ ਕਿਹਾ ਕਿ ਭਾਜਪਾ ‘ਨਫ਼ਰਤ ਭਿੱਜੀਆਂ ਆਪਣੀਆਂ ਨੀਤੀਆਂ’ ਤੇ ਖ਼ਾਸ ਕਰ ਕੇ ‘ਚੌਕੀਦਾਰ’ ਮੁਹਿੰਮ ਕਾਰਨ ਹੀ ਚੋਣ ਹਾਰ ਜਾਵੇਗੀ। ਉਨ੍ਹਾਂ ਕਿਹਾ ਕਿ ਛੋਟੇ, ਵੱਡੇ ਜਿੰਨੇ ਮਰਜ਼ੀ ਚੌਕੀਦਾਰ ਕੋਸ਼ਿਸ਼ ਕਰੀ ਜਾਣ, ਭਾਜਪਾ ਜਿੱਤ ਨਹੀਂ ਸਕੇਗੀ। ਇਸ ਰੈਲੀ ’ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਤੇ ਰਾਸ਼ਟਰੀ ਲੋਕ ਦਲ ਦੇ ਮੁਖੀ ਅਜੀਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਕਾਂਗਰਸ ਕਈ ਵਰ੍ਹੇ ਰਾਜ ਕਰਨ ਤੋਂ ਬਾਅਦ ਨਾਕਾਮ ਸਾਬਿਤ ਹੋਈ ਹੈ। ਬਸਪਾ ਮੁਖੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਘੱਟੋ ਘੱਟ ਆਮਦਨ ਸਹਾਇਤਾ ਦੇਣ ਦੀ ਬਜਾਏ ਗਰੀਬਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਮਾਇਆਵਤੀ ਨੇ ਸਵਾਲ ਕੀਤਾ ਕਿ ਇੰਦਰਾ ਗਾਂਧੀ ਨੇ ਵੀ ਗਰੀਬੀ ਖ਼ਤਮ ਕਰਨ ਲਈ 20 ਨੁਕਤਿਆਂ ਵਾਲਾ ਇਕ ਪ੍ਰੋਗਰਾਮ ਤਿਆਰ ਕੀਤਾ ਸੀ ਪਰ ਕੀ ਉਹ ਸਫ਼ਲ ਰਿਹਾ? ਬਸਪਾ ਮੁਖੀ ਨੇ ਕਿਹਾ ਕਿ ਉਹ ਦੂਜੀਆਂ ਪਾਰਟੀਆਂ ਵਾਂਗ ਰੌਲਾ ਪਾਉਣ ਵਿਚ ਯਕੀਨ ਨਹੀਂ ਰੱਖਦੇ ਤੇ ਚੁੱਪਚਾਪ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵੱਡੇ-ਵੱਡੇ ਵਾਅਦੇ ਕਰ ਰਹੀ ਹੈ, ਕੀ ਉਨ੍ਹਾਂ ਨੂੰ ਦਹਾਕਿਆਂ ਬੱਧੀ ਮੌਕਾ ਨਹੀਂ ਮਿਲਿਆ? ਉਨ੍ਹਾਂ ਕਿਹਾ ਕਿ ਨਿਆਏ ਸਕੀਮ ਗਰੀਬੀ ਦਾ ਹੱਲ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਭਾਜਪਾ ਸਰਕਾਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਪੱਛੜੇ ਵਰਗ ਦੇ ਲੋਕ ਵੀ ਭਾਜਪਾ ਤੇ ਸਾਥੀ ਧਿਰਾਂ ਦੀ ਵੰਡਪਾਊ ਨੀਤੀ ਕਾਰਨ ਸੰਤਾਪ ਭੋਗ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ ’ਤੇ ਵੀ ਰਾਖ਼ਵਾਂਕਰਨ ਮੁੱਦੇ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਅਤੇ ਪੱਛੜੇ ਵਰਗ ਨੂੰ ਕੋਈ ਲਾਭ ਨਹੀਂ ਹੋਇਆ। ਮਾਇਆਵਤੀ ਨੇ ਕਿਹਾ ਕਿ ਘੱਟ ਗਿਣਤੀਆਂ ਦਾ ਵੀ ਸ਼ੋਸ਼ਣ ਹੋ ਰਿਹਾ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਕਾਂਗਰਸ ਬੋਫੋਰਜ਼ ਤੇ ਭਾਜਪਾ ਰਾਫਾਲ ਜਿਹੇ ਘੁਟਾਲਿਆਂ ਵਿਚ ਘਿਰੀ ਹੋਈ ਹੈ ਤੇ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਹੈ।

ਸ਼ਾਂਤਾ ਕੁਮਾਰ ਨੂੰ ਭਾਜਪਾ ਵੱਲੋਂ ਚੋਣਾਂ ਲਈ ਰੱਖੀ ਉਮਰ ਹੱਦ ’ਤੇ ਇਤਰਾਜ਼

ਧਰਮਸ਼ਾਲਾ-ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਪਾਰਟੀ ਵੱਲੋਂ ਚੋਣ ਲੜਨ ਲਈ ਅਣਅਧਿਕਾਰਤ ਰੂਪ ਵਿਚ ਰੱਖੀ ਉਮਰ ਹੱਦ (75 ਸਾਲ) ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਸੀਨੀਅਰ ਆਗੂ ਲੋਕ ਸਭਾ ਟਿਕਟ ਤੋਂ ਵਾਂਝੇ ਰਹਿ ਗਏ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਂਤਾ ਕੁਮਾਰ ਨੇ ਕਿਹਾ ਕਿ ਪਾਰਟੀ ਵਰਕਰ ਵਜੋਂ ਉਹ ਇਸ ਦੇ ਫ਼ੈਸਲਿਆਂ ਨੂੰ ਮੰਨਣ ਦੇ ਪਾਬੰਦ ਹਨ। ਜਦਕਿ ਲੇਖਕ ਵਜੋਂ ਲੱਗਦਾ ਹੈ ਕਿ ਉਮਰ ਨੂੰ ਜਵਾਨ ਹੋਣ ਦਾ ਪੈਮਾਨਾ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ 25 ਵਰ੍ਹਿਆਂ ਦੇ ਵਿਅਕਤੀ ਹਨ, ਜਿਨ੍ਹਾਂ ਵਿਚ ਹੌਸਲੇ ਦੀ ਘਾਟ ਹੈ ਤੇ ਅਜਿਹੇ ਲੋਕਾਂ ਨੂੰ ਜਵਾਨ ਨਹੀਂ ਮੰਨਿਆ ਜਾ ਸਕਦਾ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਇਸ ਦੇ ਉਲਟ ਕਈ ਅਜਿਹੇ ਨੱਬੇ ਨੂੰ ਅੱਪੜੇ ਵਿਅਕਤੀ ਵੀ ਹਨ ਜੋ ਦੇਸ਼ ਲਈ ਲੜੇ ਤੇ ਕੁਰਬਾਨੀ ਦਿੱਤੀ ਤੇ ਉਨ੍ਹਾਂ ਨੂੰ ‘ਬੁੱਢਾ’ ਨਹੀਂ ਕਿਹਾ ਜਾ ਸਕਦਾ। ਸ਼ਾਂਤਾ ਕੁਮਾਰ ਨੇ ਕਿਹਾ ਕਿ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਬਾਬਾ ਰਾਮਦੇਵ ਇਸ ਮਾਮਲੇ ’ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਉਹ ‘ਸੱਚਾ ਬਾਬਾ ਹੈ ਜਿਸ ਨੇ ਸਵਦੇਸ਼ੀ ਦਾ ਸੁਫ਼ਨਾ ਸਾਕਾਰ ਕੀਤਾ ਹੈ’। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਮਦੇਵ ਨੂੰ ਭਾਜਪਾ ਦੀ ਖੁੱਲ੍ਹ ਕੇ ਹਮਾਇਤ ਕਰਨ ਲਈ ਕਹਿਣਗੇ।

ਮਿਸ਼ੇਲ ਦੀ ਪਟੀਸ਼ਨ ‘ਤੇ ਅਦਾਲਤ ਵਲੋਂ ਈ. ਡੀ. ਨੂੰ ਨੋਟਿਸ

ਨਵੀਂ ਦਿੱਲੀ-ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਮਾਮਲੇ ‘ਚ ਗਿ੍ਫ਼ਤਾਰ ਕਥਿਤ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਕ੍ਰਿਸਚੀਅਨ ਮਿਸ਼ੇਲ ਦੀ ਪਟੀਸ਼ਨ ‘ਤੇ ਦਿੱਲੀ ਦੀ ਇਕ ਅਦਾਲਤ ਨੇ ਈ.ਡੀ. ਨੂੰ ਸਨਿਚਰਵਾਰ ਨੂੰ ਨੋਟਿਸ ਜਾਰੀ ਕੀਤਾ | ਮਿਸ਼ੇਲ ਨੇ ਕਿਹਾ ਕਿ ਉਸ ਨੇ ਕਿਸੇ ਵੀ ਵੱਡੇ ਰਾਜਨੇਤਾ ਦਾ ਨਾਂਅ ਨਹੀਂ ਲਿਆ, ਪਰ ਇਸ ਦੇ ਬਾਵਜੂਦ ਦੋਸ਼-ਪੱਤਰ ਦਾ ਹਵਾਲਾ ਦੇ ਕੇ ਇਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਕੀਤੀ ਗਈ | ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਜਾਂਚ ਏਜੰਸੀ ਨੂੰ ਨੋਟਿਸ ਜਾਰੀ ਕਰ ਮਿਸ਼ੇਲ ਦੀ ਪਟੀਸ਼ਨ ‘ਤੇ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਦੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ | ਪਟੀਸ਼ਨ ‘ਚ ਮਿਸ਼ੇਲ ਨੇ ਦੋਸ਼ ਲਗਾਇਆ ਕਿ ਉਸ ਦੇ ਕਿਸੇ ਵੱਡੇ ਨੇਤਾ ਦਾ ਨਾਂਅ ਲਏ ਬਿਨਾਂ ਹੀ ਇਹ ਦਸਤਾਵੇਜ਼ ਮੀਡੀਆ ਨੂੰ ਕਿਵੇਂ ਲੀਕ ਹੋਏ | ਅਦਾਲਤ ਨੇ ਮਿਸ਼ੇਲ ਦੇ ਕਾਰੋਬਾਰੀ ਸਾਂਝੀਦਾਰ ਅਤੇ ਵਿਚੋਲੇ ਡੇਮਿਡ ਨਿਗੇਲ ਜਾਨ ਸਿਮਸ ਨੂੰ ਮਾਮਲੇ ‘ਚ ਦੋਸ਼ੀ ਦੇ ਤੌਰ ‘ਤੇ ਸੰਮਨ ਜਾਰੀ ਕੀਤੇ ਹਨ | ਸਿਮਸ ਨੂੰ 9 ਅਪ੍ਰੈਲ ਨੂੰ ਅਦਾਲਤ ‘ਚ ਹਾਜ਼ਰ ਹੋਣਾ ਪਵੇਗਾ | ਇਸ ਸੁਣਵਾਈ ਤੋਂ ਪਹਿਲਾਂ ਵਿਚੋਲੇ ਸੁਸ਼ੇਨ ਮੋਹਨ ਗੁਪਤਾ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ | ਈ.ਡੀ.ਨੇ ਕਿਹਾ ਕਿ ਪੁਰੀ ਅਤੇ ਸੁਸ਼ੇਨ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨੀ ਹੈ, ਜਿਸ ਲਈ ਰਿਮਾਂਡ ਚਾਹੀਦਾ ਹੈ | ਜਿਸ ‘ਤੇ ਅਦਾਲਤ ਨੇ ਇਕ ਦਿਨ ਦਾ ਰਿਮਾਂਡ ਦੇ ਦਿੱਤਾ |

ਛੁੱਟੀ ਆਏ ਫ਼ੌਜੀ ਜਵਾਨ ਦੀ ਗੋਲੀ ਮਾਰ ਕੇ ਹੱਤਿਆ

ਸ੍ਰੀਨਗਰ-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਸੋਪੋਰ ਇਲਾਕੇ ‘ਚ ਸ਼ੱਕੀ ਅੱਤਵਾਦੀਆਂ ਨੇ ਛੁੱਟੀ ‘ਤੇ ਆਏ ਜਵਾਨ ਦੀ ਗੋਲੀ ਮਾਰ ਕੇ ‘ਤੇ ਹੱਤਿਆ ਕਰ ਦਿੱਤੀ | ਸਰਕਾਰੀ ਸੂਤਰਾਂ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਸ਼ਾਮ 5.25 ਮਿੰਟ ‘ਤੇ ਸੋਪੋਰ ਦੇ ਵਾਰਪੋਰਾ ਇਲਾਕੇ ‘ਚ ਖੇਤਰੀ ਆਰਮੀ (ਟੀ.ਏ.) ਨਾਲ ਸਬੰਧਿਤ ਜਵਾਨ ਮੁਹੰਮਦ ਰਫ਼ੀਕ ਯਤੂ ‘ਤੇ ਉਸ ਦੇ ਘਰ ਦੇ ਨਜ਼ਦੀਕ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਉਸ ਨੂੰ ਜ਼ਖ਼ਮੀ ਹਾਲਤ ‘ਚ ਨਜ਼ਦੀਕ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਹ ਦਮ ਤੋੜ ਗਿਆ | ਐਸ.ਐਸ.ਪੀ. ਬਾਰਾਮੁਲਾ ਜਾਵੇਦ ਇਕਬਾਲ ਨੇ ਇਸ ਘਟਨਾ ਦੀ ਤਸਦੀਕ ਕਰਦੇ ਦੱਸਿਆ ਕਿ ਉਕਤ ਜਵਾਨ ਘਰ ਛੁੱਟੀ ਆਇਆ ਹੋਇਆ ਸੀ | ਸੁਰੱਖਿਆ ਬਲਾਂ ਨੇ ਘਟਨਾਂ ਦੇ ਬਾਅਦ ਇਲਾਕੇ ‘ਚ ਤਲਾਸ਼ੀ ਮੁੁਹਿੰਮ ਛੇੜ ਦਿੱਤੀ ਹੈ |

ਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਮੁਲਾਜ਼ਮਾਂ ਤੇ ਕੈਦੀਆਂ ਵਿਚਾਲੇ ਟਕਰਾਅ

ਸ੍ਰੀਨਗਰ-ਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਬੈਰਕ ਬਦਲਣ ਤੋਂ ਨਾਰਾਜ਼ ਕੁਝ ਕੈਦੀ ਜੇਲ੍ਹ ਮੁਲਾਜ਼ਮਾਂ ਨਾਲ ਭਿੜ ਗਏ। ਜੇਲ੍ਹ ਅਧਿਕਾਰੀਆਂ ਮੁਤਾਬਕ ਹਾਲਾਤ ਕਾਬੂ ਹੇਠ ਹਨ ਤੇ ਉੱਚ ਅਧਿਕਾਰੀ ਹਾਲਾਤ ’ਤੇ ਨੇੜਿਓਂ ਹੋ ਕੇ ਨਜ਼ਰ ਰੱਖ ਰਹੇ ਹਨ। ਉਂਜ ਇਹਤਿਆਤ ਵਜੋਂ ਸ੍ਰੀਨਗਰ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਰੇੜਕਾ ਉਦੋਂ ਸ਼ੁਰੂ ਹੋਇਆ ਜਦੋਂ ਕੁਝ ਕੈਦੀਆਂ ਨੇ ਉਨ੍ਹਾਂ ਨੂੰ ਦੋ ਬੈਰਕਾਂ ’ਚੋਂ ਕੱਢ ਕੇ ਦੂਜੀ ਥਾਂ ਤਬਦੀਲ ਕੀਤੇ ਜਾਣ ਦੇ ਜੇਲ੍ਹ ਅਧਿਕਾਰੀਆਂ ਦੇ ਫੈਸਲੇ ਦਾ ਵਿਰੋਧ ਕੀਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਇਨ੍ਹਾਂ ਬੈਰਕਾਂ ਦੀ ਮੁਰੰਮਤ ਦੇ ਚਲਦਿਆਂ ਸਬੰਧਤ ਕੈਦੀਆਂ ਨੂੰ ਦੂਜੀ ਥਾਂ ਤਬਦੀਲ ਕੀਤਾ ਜਾਣਾ ਸੀ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਨੂੰ ਵਾਦੀ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹੈ। ਗੁੱਸੇ ਵਿੱਚ ਆਏ ਕੈਦੀਆਂ ਨੇ ਸਿਲੰਡਰਾਂ ਨੂੰ ਅੱਗ ਲਾ ਦਿੱਤੀ ਤੇ ਜੇਲ੍ਹ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਿਆਂ ਹੁੜਦੰਗ ਮਚਾਇਆ। ਕੈਦੀਆਂ ਨੇ ਘੱਟੋ-ਘੱਟ ਦੋ ਬੈਰਕਾਂ ਤੇ ਰਸੋਈ ਨੂੰ ਅੱਗ ਲਾ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਤੇ ਪੂਰੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਇਹਤਿਆਤ ਵਜੋਂ ਸ੍ਰੀਨਗਰ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਦੱਖਣੀ ਕਸ਼ਮੀਰ ’ਚ ਇੰਟਰਨੈੱਟ ਦੀ ਰਫ਼ਤਾਰ ਘਟਾ ਦਿੱਤੀ ਹੈ। ਪੁਰਾਣੇ ਸ਼ਹਿਰ ਦੇ ਇਲਾਕੇ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਨਫ਼ਰੀ ਵੀ ਵਧਾਈ ਗਈ ਹੈ।

ਰਨਬੈਕਸੀ ਦੇ ਪ੍ਰਮੋਟਰਾਂ ਨੂੰ ਜੇਲ੍ਹ ਭੇਜਣ ਦੀ ਚਿਤਾਵਨੀ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਦਾਇਚੀ ਸੈਂਕਯੋ ਨੂੰ ਚਾਰ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਸਬੰਧ ਵਿਚ ਠੋਸ ਯੋਜਨਾ ਪੇਸ਼ ਕਰਨ ਦੇ ਆਪਣੇ ਆਦੇਸ਼ ‘ਤੇ ਰਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਦੇ ਜਵਾਬ ‘ਤੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਜ਼ਾਹਰ ਕੀਤੀ ਹੈ | ਸਿੰਗਾਪੁਰ ਦੀ ਇਕ ਅਦਾਲਤ ਨੇ ਇਨ੍ਹਾਂ ਭਰਾਵਾਂ ਨੂੰ ਦਾਇਚੀ ਸੈਂਕਯੋ ਨੂੰ ਚਾਰ ਹਜ਼ਾਰ ਕਰੋੜ ਰੁਪਏ ਭੁਗਤਾਨ ਕਰਨ ਦਾ ਫ਼ੈਸਲਾ ਸੁਣਾਇਆ ਸੀ | ਇਸ ਸਬੰਧ ਵਿਚ ਸੁਪਰੀਮ ਕੋਰਟ ਨੇ 14 ਮਾਰਚ ਨੂੰ ਦੋਵਾਂ ਨੂੰ ਕਿਹਾ ਸੀ ਕਿ ਉਹ ਭੁਗਤਾਨ ਸਬੰਧੀ ਠੋਸ ਯੋਜਨਾ ਪੇਸ਼ ਕਰਨ | ਚੀਫ਼ ਜਸਟਿਸ ਰੰਜਨ ਗਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਹੁਣ ਦਾਈਚੀ ਸੈਂਕਯੋ ਨੂੰ ਭੁਗਤਾਨ ਕਰਨ ਨੂੰ ਲੈ ਕੇ ਸਿੰਘ ਭਰਾਵਾਂ ਿਖ਼ਲਾਫ਼ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ | ਬੈਂਚ ਨੇ ਕਿਹਾ ਕਿ ਜੇਕਰ ਕਿਸੇ ਆਦੇਸ਼ ਦੀ ਉਲੰਘਣਾ ਪਾਈ ਗਈ ਤਾਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ | ਉਲੰਘਣਾ ਦੇ ਇਸ ਮਾਮਲੇ ਦੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ |