ਮੁੱਖ ਖਬਰਾਂ
Home / ਭਾਰਤ (page 4)

ਭਾਰਤ

ਤ੍ਰਿਣਮੂਲ ਵਿਧਾਿੲਕ ਦੀ ਹੱਤਿਆ ਸਬੰਧੀ ਭਾਜਪਾ ਦੇ ਮੁਕੁਲ ਰਾਏ ਖ਼ਿਲਾਫ਼ ਐਫਆਈਆਰ

ਕੋਲਕਾਤਾ-ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਵਿਧਾਇਕ ਸੱਤਿਆਜੀਤ ਬਿਸਵਾਸ (41) ਦੀ ਹੱਤਿਆ ਮਗਰੋਂ ਭਾਜਪਾ ਆਗੂ ਮੁਕੁਲ ਰਾਏ ਅਤੇ ਤਿੰਨ ਹੋਰਾਂ ਖ਼ਿਲਾਫ਼ ਪੁਲੀਸ ਨੇ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਇਸ ਕੇਸ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਧਾਇਕ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਘਟਨਾ ਮਗਰੋਂ ਹੁਕਮਰਾਨ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਵਿਚਕਾਰ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ।
ਟੀਐਮਸੀ ਦੇ ਸਾਬਕਾ ਜਨਰਲ ਸਕੱਤਰ ਮੁਕੁਲ ਰਾਏ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦਾਅਵਾ ਕੀਤਾ ਕਿ ਬਿਸਵਾਸ ਟੀਐਮਸੀ ਦੀ ਅੰਦਰੂਨੀ ਪਾਟੋ-ਧਾੜ ਦਾ ਸ਼ਿਕਾਰ ਬਣਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮਤਭੇਦਾਂ ਮਗਰੋਂ ਸ੍ਰੀ ਰਾਏ ਪਿਛਲੇ ਸਾਲ ਹੀ ਭਾਜਪਾ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਐਫਆਈਆਰ ’ਚ ਨਾਮ ਬਿਲਕੁਲ ਸਿਆਸਤ ਤੋਂ ਪ੍ਰੇਰਿਤ ਚਾਲ ਹੈ। ਉਨ੍ਹਾਂ ਸੱਤਿਆਜੀਤ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਢੰਗ ਨਾਲ ਇਸ ਕਾਂਡ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਉਹ ਸਾਜ਼ਿਸ਼ ਤੋਂ ਘੱਟ ਕੁਝ ਵੀ ਨਹੀਂ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਦਿਲੀਪ ਘੋਸ਼ ਨੇ ਹੱਤਿਆ ਦੀ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਟੀਐਮਸੀ ਦੇ ਸਕੱਤਰ ਜਨਰਲ ਪਾਰਥਾ ਚੈਟਰਜੀ ਨੇ ਦੋਸ਼ ਲਾਇਆ ਕਿ ਭਗਵਾਂ ਪਾਰਟੀ ਦੇ ਗੁੰਡਿਆਂ ਨੇ ਬਿਸਵਾਸ ਨੂੰ ਮਾਰਿਆ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬਿਸਵਾਸ ਦੇ ਪਰਿਵਾਰ ਨਾਲ ਗੱਲ ਕਰਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਸੀਪਐਮ ਦੇ ਸੂਬਾ ਸਕੱਤਰ ਸੂਰਜਯਾਕਾਂਤਾ ਮਿਸ਼ਰਾ ਨੇ ਕਿਹਾ ਕਿ ਟੀਐਮਸੀ ਦੇ ਸ਼ਾਸਨ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਨ੍ਹਾਂ ਵੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
ਸਰਸਵਤੀ ਪੂਜਾ ਵਾਲੇ ਸਥਾਨ ’ਤੇ ਵਿਧਾਇਕ ਅਤੇ ਮੰਤਰੀ ਦੀ ਹਾਜ਼ਰੀ ਦੇ ਬਾਵਜੂਦ ਕੋਈ ਸੁਰੱਖਿਆ ਨਾ ਹੋਣ ਦੇ ਦੋਸ਼ ਹੇਠ ਹੰਸਖਲੀ ਪੁਲੀਸ ਥਾਣੇ ਦੇ ਇੰਚਾਰਜ ਅਤੇ ਬਿਸਵਾਸ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਅਤੇ ਪੀਐਸਓ ਖ਼ਿਲਾਫ਼ ਵਿਭਾਗੀ ਜਾਂਚ ਆਰੰਭ ਦਿੱਤੀ ਗਈ ਹੈ।
ਪੱਛਮੀ ਬੰਗਾਲ ਪੁਲੀਸ ਦੇ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਐਫਆਈਆਰ ਦੇ ਆਧਾਰ ’ਤੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਤਿੰਨ ਹੋਰ ਹਿਰਾਸਤ ’ਚ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਨੂੰ ਮਾਰਨ ਲਈ ਵਰਤਿਆ ਗਿਆ ਦੇਸੀ ਪਿਸਤੌਲ ਬਰਾਮਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਤਫ਼ਤੀਸ਼ ਤੋਂ ਜਾਪਦਾ ਹੈ ਕਿ ਵਿਧਾਇਕ ਨੂੰ ਪਿੱਛੋਂ ਗੋਲੀ ਮਾਰੀ ਗਈ ਅਤੇ ਇਹ ਸੋਚੀ-ਸਮਝੀ ਸਾਜ਼ਿਸ਼ ਸੀ। ਅਧਿਕਾਰੀ ਨੇ ਖ਼ਦਸ਼ਾ ਜਤਾਇਆ ਕਿ ਮੁਲਜ਼ਮ ਗੁਆਂਢੀ ਮੁਲਕ ਬੰਗਲਾਦੇਸ਼ ਭੱਜਣ ਦੀ ਕੋਸ਼ਿਸ਼ ਕਰ ਸਕਦੇ ਹਨ ਕਿਉਂਕਿ ਨਾਦੀਆ ਦੀ ਸਰਹੱਦ ਬੰਗਲਾਦੇਸ਼ ਨਾਲ ਲਗਦੀ ਹੈ। ਉਂਜ ਪੁਲੀਸ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਕੁੰਭ ਦੇ ਆਖਰੀ ਸ਼ਾਹੀ ਇਸ਼ਨਾਨ ਦੌਰਾਨ 1.25 ਕਰੋੜ ਸ਼ਰਧਾਲੂਆਂ ਨੇ ਲਾਈ ਡੁਬਕੀ

ਇਲਾਹਾਬਾਦ-ਕੁੰਭ ਮੇਲੇ ਦੇ ਆਖ਼ਰੀ ਸ਼ਾਹੀ ਇਸ਼ਨਾਨ ਦੌਰਾਨ ਜ਼ਬਰਦਸਤ ਠੰਢ ਦੇ ਬਾਵਜੂਦ ਕਰੀਬ 1.25 ਕਰੋੜ ਸ਼ਰਧਾਲੂਆਂ ਨੇ ਆਸਥਾ ਦੀ ਡੁਬਕੀ ਲਗਾਈ | ਸ਼ਰਧਾਲੂ ਇੱਥੇ ਗੰਗਾ, ਯਮੁਨਾ ਤੇ ਸਰਸਵਤੀ ਦੇ ਸੰਗਮ ‘ਤੇ ਆਯੋਜਿਤ ਤੀਜੇ ਸ਼ਾਹੀ ਇਸ਼ਨਾਨ ‘ਚ ਹਿੱਸਾ ਲੈਣ ਲਈ ਐਤਵਾਰ ਸਵੇਰ ਤੋਂ ਹੀ ਇਕੱਠੇ ਹੋਏ ਸਨ | ਦਿਨ ਚੜ੍ਹਨ ਤੋਂ ਪਹਿਲਾਂ ਸ਼ਰਧਾਲੂਆਂ ਨੇ ਪਰਿਵਾਰਾਂ ਸਮੇਤ ਇੱਥੇ ਡੁਬਕੀ ਲਗਾਈ | ਜਿਉਂ ਹੀ ਦਿਨ ਚੜਿ੍ਹਆ ਸ਼ਰਧਾਲੂਆਂ ਦੀ ਗਿਣਤੀ ਵਧਣ ਲੱਗੀ | ਕੁੰਭ ਮੇਲੇ ਦੇ ਅਧਿਕਾਰੀ ਵਿਜੇ ਕਿਰਨ ਅਨੰਦ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬਸੰਤ ਪੰਚਮੀ ਮੌਕੇ ਕਰੀਬ 1.25 ਕਰੋੜ ਲੋਕਾਂ ਨੇ ਸ਼ਾਹੀ ਇਸ਼ਨਾਨ ‘ਚ ਹਿੱਸਾ ਲਿਆ, ਜਿਨ੍ਹਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ | 50 ਲੱਖ ਦੇ ਕਰੀਬ ਲੋਕਾਂ ਨੇ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇਸ਼ਨਾਨ ਕਰ ਲਿਆ ਸੀ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਰੇ ਅਖਾੜਿਆਂ ਨੇ ਸ਼ਾਹੀ ਇਸ਼ਨਾਨ ਪੂਰਾ ਕਰ ਲਿਆ ਹੈ | ਮੇਲੇ ਦੌਰਾਨ ਚੱਲ ਰਹੀ ਠੰਢੀ ਹਵਾ ਵੀ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਮੱਠਾ ਨਹੀਂ ਕਰ ਸਕੀ | ਇਸ਼ਨਾਨ ਦੌਰਾਨ ਸ਼ਰਧਾਲੂ ‘ਹਰ ਹਰ ਗੰਗੇ’ ਅਤੇ ‘ਜੈ ਗੰਗਾ ਮਈਆ’ ਦੇ ਭਜਨ ਗਾ ਰਹੇ ਸਨ | ਕੁੰਭ ਮੇਲਾ ਪ੍ਰਸ਼ਾਸਨ ਅਨੁਸਾਰ 9 ਫਰਵਰੀ ਤੱਕ 14.94 ਕਰੋੜ ਸ਼ਰਧਾਲੂ ਕੁੰਭ ਮੇਲੇ ‘ਚ ਹਿੱਸਾ ਲੈ ਚੁੱਕੇ ਹਨ, ਹਾਲਾਂਕਿ ਉੱਤਰ ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਐਸ.ਬੀ.ਐਸ.ਪੀ. ਦੇ ਓਮ ਪ੍ਰਕਾਸ਼ ਰਾਜਭਰ ਨੇ ਕੁੰਭ ਮੇਲੇ ‘ਚ ਸ਼ਾਮਿਲ ਸ਼ਰਧਾਲੂਆਂ ਦੇ ਜਾਰੀ ਅੰਕੜਿਆਂ ‘ਤੇ ਸਵਾਲ ਚੁੱਕੇ ਹਨ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸ ਆਧਾਰ ‘ਤੇ ਸਰਕਾਰ ਕਹਿ ਰਹੀ ਹੈ ਕੁੰਭ ਮੇਲੇ ‘ਚ ਕਰੀਬ 15 ਕਰੋੜ ਸ਼ਰਧਾਲੂਆਂ ਨੇ ਹਿੱਸਾ ਲਿਆ ਹੈ | ਕੀ ਉਹ ਦੱਸ ਸਕਦੇ ਹਨ ਕਿ ਤੀਰਥ ਯਾਤਰੀ ਅਤੇ ਸ਼ਰਧਾਲੂ ਕਿਸ ਰੂਟ ਰਾਹੀਂ ਕੁੰਭ ਮੇਲੇ ‘ਚ ਪਹੁੰਚੇ ਤੇ ਇੱਥੋਂ ਰਵਾਨਾ ਹੋਏ | ਸੂਬੇ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਦੱਸਿਆ ਕਿ ਪੂਰੇ ਖੇਤਰ ਨੂੰ 9 ਜ਼ੋਨਾਂ ਅਤੇ 20 ਸੈਕਟਰਾਂ ‘ਚ ਵੰਡਿਆ ਗਿਆ ਹੈ | ਸ਼ਰਧਾਲੂਆਂ ਦੀ ਸੁਰੱਖਿਆ ਵਿਚ 20000 ਪੁਲਿਸ ਮੁਲਾਜ਼ਮ, 6000 ਹੋਮਗਾਰਡ ਤਾਇਨਾਤ ਕੀਤੇ ਗਏ ਹਨ | ਇਸ ਤੋਂ ਇਲਾਵਾ 40 ਪੁਲਿਸ ਥਾਣੇ, 59 ਚੌਕੀਆਂ, 40 ਅੱਗ ਬੁਝਾਊ ਕੇਂਦਰ ਬਣਾਏ ਗਏ ਹਨ | ਇਸ ਦੇ ਨਾਲ ਹੀ ਕੇਂਦਰੀ ਬਲਾਂ ਦੀਆਂ 80 ਕੰਪਨੀਆਂ ਅਤੇ ਪੀ.ਏ.ਸੀ. ਦੀਆਂ 20 ਕੰਪਨੀਆਂ ਤਾਇਨਾਤ ਹਨ |

ਉਤਰ ਪ੍ਰਦੇਸ਼ ਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤਾਂ ਦੀ ਗਿਣਤੀ 54 ਹੋਈ

ਨਵੀਂ ਦਿੱਲੀ-ਯੂਪੀ ਅਤੇ ਉਤਰਾਖੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 54 ਲੋਕਾਂ ਦੀ ਮੌਤ ਹੋ ਗਈ। ਯੂਪੀ ਵਿਚ ਸਹਾਰਨਪੁਰ ਜ਼ਿਲ੍ਹੇ ਦੇ ਨਾਗਲ, ਗਾਗਲਹੇੜੀ ਅਤੇ ਦੇਵਬੰਦ ਥਾਣਾ ਖੇਤਰ ਦੇ ਪਿੰਡਾਂ ਵਿਚ 33 ਦੀ ਜਾਨ ਚਲੀ ਗਈ, ਜਦ ਕਿ 50 ਹੋਰ ਬਿਮਾਰ ਹਨ। ਪਿੰਡ ਵਾਸੀ ਹੋਰ 9 ਮੌਤਾਂ ਦੀ ਪੁਸ਼ਟੀ ਕਰ ਰਹੇ ਹਨ। ਕੁਸ਼ੀਨਗਰ ਵਿਚ ਵੀ ਇੱਕ ਨੇ ਦਮ ਤੋੜ ਦਿੱਤਾ। ਉਤਰਾਖੰਡ ਵਿਚ ਹਰਿਦੁਆਰ ਜ਼ਿਲ੍ਹੇ ਦੀ ਭਗਵਾਨਪੁਰ ਤਹਿਸੀਲ ਦੇ ਪਿੰਡਾਂ ਵਿਚ 20 ਮੌਤਾਂ ਹੋਈਆਂ। ਇਨ੍ਹਾਂ ਵਿਚ 60 ਜਣੇ ਹਸਪਤਾਲ ਭਰਤੀ ਹਨ। ਹਾਲਾਂਕਿ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ 16 ਮੌਤਾਂ ਦੀ ਪੁਸ਼ਟੀ ਕੀਤੀ ਹੈ। ਯੂਪੀ ਸਰਕਾਰ ਨੇ ਕੁਸ਼ੀਨਗਰ ਅਤੇ ਸਹਾਰਨਪੁਰ ਦੇ ਜ਼ਿਲ੍ਹਾ ਆਬਕਾਰੀ ਅਧਿਕਾਰੀ, ਨਾਗਲ ਥਾਣਾ ਇੰਚਾਰਜ ਸਣੇ ਦਸ ਪੁਲਿਸ ਕਰਮੀਆਂ ਅਤੇ ਆਬਕਾਰੀ ਵਿਭਾਗ ਦੇ ਦੋ ਕਾਂਸਟੇਬਲਾਂ ਨੂੰ ਮੁਅੱਤਲ ਕਰ ਦਿੱਤਾ। ਉਤਰਾਖੰਡ ਵਿਚ ਕਈ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ‘ਤੇ ਨਾਜਾਇਜ਼ ਸ਼ਰਾਬ ਦੀ ਸ਼ਿਕਾਇਤਾਂ ‘ਤੇ ਕਾਰਵਾਈ ਨਾ ਕਰਨ ਦਾ ਦੋਸ਼ ਲੱਗਦਾ ਰਿਹਾ ਹੈ। ਸਹਾਰਨਪੁਰ ਵਿਚ ਨਾਗਲ ਥਾਣੇ ਦੇ ਉਮਾਹੀ, ਸਲੇਮਪੁਰ ਅਤੇ ਗਾਗਲਹੇੜੀ ਦੇ ਪਿੰਡ ਸ਼ਰਬਤਪੁਰ ਅਤੇ ਮਾਲੀ ਵਿਚ ਸ਼ਰਾਬ ਨਾਲ ਮੌਤ ਦੀ ਸੂਚਨਾ ‘ਤੇ ਪ੍ਰਸ਼ਾਸਨ ਵਿਚ ਭਾਜੜਾਂ ਪੈ ਗਈਆਂ। ਸੀਨੀਅਰ ਅਧਿਕਾਰੀ ਮੈਡੀਕਲ ਕਾਲਜ ਅਤੇ ਜ਼ਿਲ੍ਹਾ ਹਸਪਤਾਲ ਪਹੁੰਚੇ

ਅੱਗ ਲੱਗਣ ਕਾਰਨ ਜਿੰਦਾ ਝੁਲਸੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ

ਹਿਸਾਰ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਪੈਂਦੇ ਉਕਲਾਨਾ ਪਿੰਡ ਦੇ ਭੈਰੀ ਅਕਬਰਪੁਰ ‘ਚ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਘਰ ‘ਚ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਨਾਲ ਅੰਦਰ ਮੌਜੂਦ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਜਿੰਦਾ ਝੁਲਸਣ ਕਾਰਨ ਮੌਤ ਹੋ ਗਈ, ਜਦਕਿ ਚਾਰ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਕੇ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖ਼ਲ ਕਰਾਇਆ ਗਿਆ ਹੈ। ਇਹ ਅੱਗ ਕਿਸ ਤਰ੍ਹਾਂ ਲੱਗੀ, ਇਸ ਸੰਬੰਧੀ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

ਅੰਮ੍ਰਿਤਧਾਰੀ ਸਿੱਖਾਂ ਨੂੰ ਆਪਣੇ ਮੁਲਕ ’ਚ ਮੁਸ਼ਕਲਾਂ ਨਾ ਲਾਉਣ ਦਿੱਤੀਆਂ ਜਾਣ: ਸਿਰਸਾ

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਡਵੋਕੇਟ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਸੁਪਰੀਮ ਕੋਰਟ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਘੱਟ ਤੋਂ ਘੱਟ ਉਨ੍ਹਾਂ ਦੇ ਆਪਣੇ ਮੁਲਕ ਵਿਚ ਕੋਈ ਮੁਸ਼ਕਿਲ ਪੇਸ਼ ਨਾ ਹੋਵੇ।
ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਇਹ ਮੰਦਭਾਗੀ ਗੱਲ ਹੈ ਕਿ ਸੀਨੀਅਰ ਸਿੱਖ ਵਕੀਲ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸੁਪਰੀਮ ਕੋਰਟ ਕੰਪਲੈਕਸ ਵਿਚ ਇਹ ਕਹਿ ਕੇ ਜਾਣ ਤੋਂ ਰੋਕਿਆ ਗਿਆ ਕਿ ਉਨ੍ਹਾਂ ਦੀ ਕਿਰਪਾਨ, ਜੋ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਧਾਰਮਿਕ ਚਿੰਨ੍ਹ ਹੈ, ਦਾ ਸਾਈਜ਼ 6 ਇੰਚ ਤੋਂ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿਚ ਹਰ ਨਾਗਰਿਕ ਨੂੰ ਬਰਾਬਰ ਦੀ ਧਾਰਮਿਕ ਆਜ਼ਾਦੀ ਹੈ ਤੇ ਸਿੱਖਾਂ ਲਈ ਕਿਰਪਾਨ ਵਾਸਤੇ ਸਾਈਜ਼ ਦੀ ਹੱਦ ਤੈਅ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਸੇ ਵੀ ਥਾਂ ’ਤੇ ਦਾਖ਼ਲ ਹੋਣ ਤੋਂ ਕਿਰਪਾਨ ਦੇ ਸਾਈਜ਼ ਦੇ ਆਧਾਰ ‘ਤੇ ਰੋਕਿਆ ਜਾਣਾ ਗ਼ਲਤ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਜਦੋਂ ਵਿਸ਼ਵ ਦੇ ਵੱਖ ਵੱਖ ਮੁਲਕਾਂ ਵਿਚ ਰਹਿੰਦੇ ਸਿੱਖ ਅਜਿਹੇ ਮਾਮਲਿਆਂ ਨਾਲ ਨਜਿੱਠ ਰਹੇ ਹਨ ਤਾਂ ਉਦੋਂ ਉਨ੍ਹਾਂ ਦੇ ਆਪਣੇ ਮੁਲਕ ਵਿਚ ਹੀ ਅਜਿਹੇ ਕੇਸ ਸਾਹਮਣੇ ਆਉਣਾ ਮੰਦਭਾਗਾ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਇਸ ਮਾਮਲੇ ’ਚ ਤੁਰੰਤ ਦਰੁਸਤੀ ਵਾਲੇ ਕਦਮ ਚੁੱਕਣ ਦੀ ਅਪੀਲ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਵੇ ਕਿ ਸਿੱਖਾਂ ਨੂੰ ਉਨ੍ਹਾਂ ਦੇ ਆਪਣੇ ਮੁਲਕ ਵਿਚ ਧਾਰਮਿਕ ਚਿੰਨ੍ਹਾਂ ਦੇ ਆਧਾਰ ‘ਤੇ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਮਮਤਾ ਸਰਕਾਰ ਨੇ ਬੰਗਾਲ ਨੂੰ ਬਦਨਾਮ ਕੀਤਾ : ਮੋਦੀ

ਚੂੜਾਭੰਡਾਰ (ਪੱਛਮੀ ਬੰਗਾਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦਾਅਵਾ ਕੀਤਾ ਕਿ ਇਸ ਨੇ ਪੱਛਮੀ ਬੰਗਾਲ ਦੀ ਭੂਮੀ ਨੂੰ ਬਦਨਾਮ ਕਰ ਦਿੱਤਾ ਹੈ ਅਤੇ ਇਸ ਦੇ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ | ਇਥੇ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਵਿਚ ਇਕ ਭਰਵੀਂ ਭਾਜਪਾ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਸੂਬੇ ਨੂੰ ਲੁਟੇਰਿਆਂ ਦਾ ਸਿੰਡੀਕੇਟ ਚਲਾ ਰਿਹਾ ਹੈ ਨਾ ਕਿ ਦੀਦੀ | ਤਿ੍ਣਮੂਲ ਕਾਂਗਰਸ ਸਰਕਾਰ ‘ਤੇ ਹਮਲਾ ਕਰਦਿਆਂ ਮੋਦੀ ਨੇ ਕਿਹਾ ਕਿ ਖੱਬੇ ਪੱਖੀ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਪਿੱਛੋਂ ਜਿਹੜੇ ਬੰਗਾਲ ਵਿਚ ਮਾਂ, ਮਾਟੀ, ਮਨੁੱਖ ਦੇ ਨਾਂਅ ‘ਤੇ ਸੱਤਾ ਵਿਚ ਆਏ ਉਨ੍ਹਾਂ ਨੇ ਹਿੰਸਾ ਦਾ ਸੱਭਿਆਚਾਰ ਵੀ ਅਪਣਾ ਲਿਆ ਹੈ | ਉਨ੍ਹਾਂ ਨੇ ਬੰਗਾਲ ਦੀ ਮਿੱਟੀ ਨੂੰ ਬਦਨਾਮ ਕੀਤਾ ਹੈ ਅਤੇ ਸੂਬੇ ਦੇ ਲੋਕਾਂ ਨੂੰ ਬੇਸਹਾਰਾ ਛੱਡ ਦਿੱਤਾ ਹੈ | ਸ਼ਾਰਧਾ ਚਿੱਟ ਫੰਡ ਘੁਟਾਲਾ ਮਾਮਲੇ ਵਿਚ ਸੀ. ਬੀ. ਆਈ. ਵਲੋਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਪੁੱਛਗਿੱਛ ਕਰਨ ਦੇ ਯਤਨਾਂ ਿਖ਼ਲਾਫ਼ ਧਰਨੇ ‘ਤੇ ਬੈਠਣ ਲਈ ਮਮਤਾ ਬੈਨਰਜੀ ਦੀ ਆਲੋਚਨਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਨੇ ਲੁਟੇਰਿਆਂ, ਜਿਨ੍ਹਾਂ ਨੇ ਗਰੀਬ ਲੋਕਾਂ ਦੇ ਲੱਖਾਂ ਰੁਪਏ ਲੁੱਟੇ ਹਨ ਨੂੰ ਬਚਾਉਣ ਲਈ ਧਰਨਾ ਦਿੱਤਾ ਹੋਵੇ |

ਸੁਪਰੀਮ ਕੋਰਟ ਵੱਲੋਂ ਤੇਜਸਵੀ ਨੂੰ ਬੰਗਲਾ ਖਾਲੀ ਕਰਨ ਦੇ ਹੁਕਮ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਦੀ ਅਪੀਲ ਨੂੰ ਖਾਰਜ ਕਰਦਿਆਂ ਉਪ ਮੁੱਖ ਮੰਤਰੀ ਵਾਲਾ ਬੰਗਲਾ ਖਾਲੀ ਕਰ ਕੇ ਵਿਰੋਧੀ ਧਿਰ ਦੇ ਨੇਤਾ ਲਈ ਬਣੇ ਬੰਗਲੇ ਵਿੱਚ ਜਾਣ ਲਈ ਕਹਿ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸ੍ਰੀ ਯਾਦਵ ਨੇ ਉਪ ਮੁੱਖ ਮੰਤਰੀ ਲਈ ਬਣਿਆ ਬੰਗਲਾ ਖਾਲੀ ਕਰਨ ਦੇ ਪਟਨਾ ਹਾਈ ਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਰਾਸ਼ਟਰੀ ਜਨਤੀ ਦਲ ਦੇ ਆਗੂ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਵਾਲਾ ਬੰਗਲਾ ਖਾਲੀ ਕਰ ਕੇ ਵਿਰੋਧੀ ਧਿਰ ਦੇ ਬੰਗਲੇ ’ਚ ਜਾਣ ਲਈ ਕਿਹਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ।

ਅੰਮਿ੍ਤਧਾਰੀ ਵਕੀਲ ਨੂੰ ਕ੍ਰਿਪਾਨ ਲੈ ਕੇ ਅਦਾਲਤ ‘ਚ ਜਾਣ ਤੋਂ ਰੋਕਿਆ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਇਕ ਅੰਮਿ੍ਤਧਾਰੀ ਵਕੀਲ ਨੂੰ ਭਰੋਸਾ ਦਿੱਤਾ ਕਿ ਅਦਾਲਤ ਦੇ ਅੰਦਰ ਕ੍ਰਿਪਾਨ ਲੈ ਕੇ ਜਾਣ ਦੀ ਆਗਿਆ ਨਾ ਦੇਣ ਸਬੰਧੀ ਉਸ ਦੀ ਸ਼ਿਕਾਇਤ ‘ਤੇ ਸੁਣਵਾਈ ਕੀਤੀ ਜਾਵੇਗੀ | ਵਕੀਲ ਅੰਮਿ੍ਤਪਾਲ ਸਿੰਘ ਖਾਲਸਾ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਕ੍ਰਿਪਾਨ ਦੇ ਨਾਲ ਅਦਾਲਤ ਦੇ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ ਅਤੇ ਇਸ ਕਾਰਨ ਉਸ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਉਹ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰਦਾ ਹੈ | ਉਸ ਨੇ ਦੱਸਿਆ ਕਿ ਛੋਟੀ ਕ੍ਰਿਪਾਨ ਅੰਮਿ੍ਤਧਾਰੀ ਸਿੱਖਾਂ ਦੇ ਕਕਾਰਾਂ (ਧਾਰਮਿਕ ਚਿੰਨ੍ਹ) ‘ਚ ਸ਼ਾਮਿਲ ਹੈ | ਜਿਸ ਨੂੰ ਉਹ ਆਪਣੇ ਤੋਂ ਅਲੱਗ ਨਹੀਂ ਕਰ ਸਕਦੇ | ਇਸ ਦੇ ਬਾਅਦ ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਉਸ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ‘ਚ ਸੁਪਰੀਮ ਕੋਰਟ ਵਲੋਂ ਸੁਣਵਾਈ ਕੀਤੀ ਜਾਵੇਗੀ | ਅੰਮਿ੍ਤਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਸੰਵਿਧਾਨ ਦੀ ਧਾਰਾ 25 ਦੀ ਉਲੰਘਣਾ ਹੈ, ਜੋ ਧਰਮ ਦੀ ਆਜ਼ਾਦੀ ਤੇ ਪ੍ਰਚਾਰ ਅਤੇ ਆਸਥਾ ਨੂੰ ਸੁਤੰਤਰ ਰੂਪ ਨਾਲ ਪ੍ਰਗਟ ਕਰਨ ਦਾ ਅਧਿਕਾਰ ਪ੍ਰਦਾਨ ਕਰਦੀ ਹੈ | ਚੀਫ਼ ਜਸਟਿਸ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਦੇਖਾਂਗੇ |
ਭਾਈ ਲੌਾਗੋਵਾਲ ਵਲੋਂ ਨਿੰਦਾ
ਅੰਮਿ੍ਤਸਰ-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਅੰਮਿ੍ਤਧਾਰੀ ਵਕੀਲ ਨੂੰ ਕਿ੍ਪਾਨ ਸਮੇਤ ਅਦਾਲਤ ‘ਚ ਦਾਖ਼ਲ ਹੋਣ ਤੋਂ ਰੋਕਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਮਾਮਲਾ ਸ: ਅੰਮਿ੍ਤਪਾਲ ਸਿੰਘ ਨਾਂਅ ਦੇ ਗੁਰਸਿੱਖ ਵਕੀਲ ਨਾਲ ਸਬੰਧਿਤ ਹੈ, ਜਿਸ ਨੂੰ ਸੁਰੱਖਿਆ ਕਰਮੀਆਂ ਵਲੋਂ ਸੁਪਰੀਮ ਕੋਰਟ ਵਿਚ ਕਿ੍ਪਾਨ ਪਹਿਨ ਕੇ ਦਾਖ਼ਲ ਹੋਣ ਤੋਂ ਰੋਕਿਆ ਗਿਆ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ ਦੱਸਿਆ ਹੈ | ਉਨ੍ਹਾਂ ਚੀਫ਼ ਜਸਟਿਸ ਤੋਂ ਮੰਗ ਕੀਤੀ ਕਿ ਦੋਸ਼ੀ ਸੁਰੱਖਿਆ ਕਰਮੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਹਰਕਤ ਨਾ ਕਰੇ |

ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਫ਼ੈਸਲਾ ਫਰਵਰੀ ਦੇ ਅੰਤ ਤੱਕ

ਨਵੀਂ ਦਿੱਲੀ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪਾਰਟੀ ਦੀ ਸੀਨੀਅਰ ਅਹੁਦੇਦਾਰਾਂ ਨੂੰ ਫਰਵਰੀ ਦੇ ਅੰਤ ਤੱਕ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਹੈ ਅਤੇ ਉੱਤਰ ਪ੍ਰਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਇੰਚਾਰਜਾਂ ਪਿ੍ਅੰਕਾ ਗਾਂਧੀ ਵਾਡਰਾ ਤੇ ਜਿਓਤੀਰਾਦਿੱਤਿਆ ਸਿੰਧੀਆ ਨੂੰ ‘ਮਿਸ਼ਨ ਮੋਡ’ ‘ਚ ਸੂਬੇ ‘ਚ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਕਿਹਾ | ਪਾਰਟੀ ਹੈੱਡਕੁਆਟਰ ਵਿਖੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰਾਂ ਤੇ ਵੱਖ ਵੱਖ ਸੂਬਿਆਂ ਦੇ ਇੰਚਾਰਜਾਂ ਨਾਲ ਬੈਠਕ ਦੌਰਾਨ ਰਾਹੁਲ ਨੇ ਕਿਹਾ ਕਿ ਜਦੋਂ ਵੀ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ ਤਾਂ ਇਹ ਧਿਆਨ ਰੱਖਿਆ ਜਾਵੇ ਕਿ ਜਿੱਥੇ ਕੋਈ ਉਮੀਦਵਾਰ ਦੋ ਜਾਂ ਤਿੰਨ ਵਾਰ ਚੋਣ ਹਾਰ ਚੁੱਕਿਆ ਹੈ, ਉਥੇ ਨਵੇਂ ਚਿਹਰਿਆਂ ਨੂੰ ਪਹਿਲ ਦਿੱਤੀ ਜਾਵੇ | ਪਿ੍ਅੰਕਾ ਗਾਂਧੀ ਨੇ ਕਿਹਾ ਕਿ ਜਦੋਂ ਤੱਕ ਸੂਬੇ ‘ਚ ਕਾਂਗਰਸੀ ਵਿਚਾਰਧਾਰਾ ਦਾ ਝੰਡਾ ਉੱਚੇ ਪੱਧਰ ‘ਤੇ ਨਹੀਂ ਲਹਿਰਾਇਆ ਜਾਂਦਾ, ਉਹ ਚੈਨ ਨਾਲ ਨਹੀਂ ਬੈਠਣਗੇ | ਮੀਟਿੰਗ ਤੋਂ ਬਾਅਦ ਟਵਿੱਟਰ ‘ਤੇ ਪਿ੍ਅੰਕਾ ਨੇ ਕਿਹਾ ਕਿ ਪਾਰਟੀ ਹੈਡਕੁਆਟਰ ਵਿਖੇ ਮੀਟਿੰਗ ਦੌਰਾਨ ਮੈਂ ਪਾਰਟੀ ਦੇ ਜਨਰਲ ਸਕੱਤਰਾਂ ਤੇ ਸੂਬਾ ਇੰਚਾਰਜਾਂ ਨਾਲ ਮੁਲਾਕਾਤ ਕੀਤੀ ਤੇ ਸਾਡੀਆਂ ਚਰਚਾਵਾਂ ‘ਚ ਵਿਸ਼ਿਆਂ ਦੀ ਵੱਡੀ ਲੜੀ ਸ਼ਾਮਿਲ ਸੀ | ਉਨ੍ਹਾਂ ਕਿਹਾ ਕਿ ਟੀਮ ਮੈਚ ਲਈ ਤਿਆਰ ਹੈ ਤੇ ਅਸੀਂ ‘ਫਰੰਟ ਫੁੱਟ’ ਉਤੇ ਖੇਡਾਂਗੇ | ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਨੇ ਆਗੂਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਸਾਡੀ ਮੁਹਿੰਮ ਸੱਭਿਆ ਹੋਣੀ ਚਾਹੀਦੀ ਹੈ ਨਾਂ ਕਿ ਭਾਜਪਾ ਵਾਂਗ | ਸਿੰਧੀਆ ਨੇ ਦੱਸਿਆ ਕਿ ਕਰੀਬ 3 ਘੰਟੇ ਚੱਲੀ ਮੀਟਿੰਗ ਦੌਰਾਨ ਪਾਰਟੀ ਦੇ ਜਨਰਲ ਸਕੱਤਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |

ਘਰ, ਵਾਹਨ ਅਤੇ ਹੋਰ ਕਰਜ਼ੇ ਸਸਤੇ ਹੋਣ ਦੀ ਸੰਭਾਵਨਾ

ਮੁੰਬਈ-ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਰੈਪੋ ਦਰ ’ਚ 25 ਆਧਾਰੀ ਅੰਕਾਂ ਦੀ ਕਟੌਤੀ ਕੀਤੀ ਹੈ ਜਿਸ ਨਾਲ ਇਹ ਦਰ 6.25 ਫ਼ੀਸਦੀ ਹੋ ਗਈ ਹੈ। ਰੈਪੋ ਦਰ ’ਚ ਕਟੌਤੀ ਨਾਲ ਘਰ, ਵਾਹਨ ਸਮੇਤ ਹੋਰ ਕਰਜ਼ੇ ਸਸਤੇ ਹੋਣ ਦੀ ਸੰਭਾਵਨਾ ਬਣ ਗਈ ਹੈ। ਆਮ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਉਠਾਏ ਗਏ ਇਸ ਕਦਮ ਨਾਲ ਕਰਜ਼ੇ ਦੇਣ ਅਤੇ ਧੀਮੀ ਰਫ਼ਤਾਰ ਵਾਲੇ ਅਰਥਚਾਰੇ ਨੂੰ ਹੁਲਾਰਾ ਦੇਣ ’ਚ ਸਹਾਇਤਾ ਮਿਲੇਗੀ।
ਸਰਕਾਰ ਨੇ ਪਿਛਲੇ ਹਫ਼ਤੇ ਅੰਤਰਿਮ ਬਜਟ ਪੇਸ਼ ਕਰਦਿਆਂ ਛੋਟੇ ਕਿਸਾਨਾਂ ਲਈ 75 ਹਜ਼ਾਰ ਕਰੋੜ ਰੁਪਏ ਦੀ ਨਕਦ ਸਹਾਇਤਾ ਦੇ ਨਾਲ ਨਾਲ ਮੱਧ ਵਰਗ ਨੂੰ ਆਮਦਨ ਕਰ ’ਚ ਰਾਹਤ ਦੇਣ ਦੀਆਂ ਤਜਵੀਜ਼ਾਂ ਪੇਸ਼ ਕੀਤੀਆਂ ਹਨ। ਆਰਬੀਆਈ ਗਵਰਨਰ ਸ਼ਕਤੀਕਾਂਤਾ ਦਾਸ ਦੀ ਅਗਵਾਈ ਹੇਠ ਇਹ ਉਨ੍ਹਾਂ ਦੀ ਪਲੇਠੀ ਨੀਤੀਗਤ ਬੈਠਕ ਸੀ ਜਿਸ ’ਚ ਉਨ੍ਹਾਂ 18 ਮਹੀਨਿਆਂ ਬਾਅਦ ਵਿਆਜ ਦਰ ’ਚ ਕਟੌਤੀ ਦਾ ਫ਼ੈਸਲਾ ਲਿਆ। ਰਿਜ਼ਰਵ ਬੈਂਕ ਦੀ ਛੇ ਮੈਂਬਰੀ ਨੀਤੀ ਕਮੇਟੀ ਨੇ ਸਿੱਕੇ ਦੀ ਪਸਾਰ ਦਰ ਦੇ ਹਿੱਤਕਾਰੀ ਰਹਿਣ ਮਗਰੋਂ ਰੈਪੋ ਰੇਟ ’ਚ 25 ਆਧਾਰੀ ਅੰਕਾਂ ਦੀ ਕਟੌਤੀ ਕੀਤੀ। ਸ੍ਰੀ ਦਾਸ ਸਮੇਤ ਚਾਰ ਮੈਂਬਰਾਂ ਨੇ ਵਿਆਜ ਦਰ ’ਚ ਕਟੌਤੀ ਲਈ ਵੋਟ ਦਿੱਤਾ ਜਦਕਿ ਸਾਰੇ ਛੇ ਮੈਂਬਰਾਂ ਨੇ ਸਰਬਸੰਮਤੀ ਨਾਲ ਨੀਤੀਗਤ ਨਜ਼ਰੀਏ ਨੂੰ ‘ਨਿਰਪੱਖ’ ਕਰਾਰ ਦਿੱਤਾ। ਰੈਪੋ ਦਰ ਤੋਂ ਇਲਾਵਾ ਰਿਵਰਸ ਰੈਪੋ ਦਰ ’ਚ ਵੀ 25 ਆਧਾਰੀ ਅੰਕਾਂ ਦੀ ਕਟੌਤੀ ਕੀਤੀ ਗਈ ਹੈ ਜੋ ਹੁਣ 6 ਫ਼ੀਸਦੀ ਹੋ ਗਈ ਹੈ। ਰੈਪੋ ਉਹ ਦਰ ਹੈ ਜਿਸ ਤਹਿਤ ਕਮਰਸ਼ੀਅਲ ਬੈਂਕ ਆਰਬੀਆਈ ਤੋਂ ਪੈਸਾ ਉਧਾਰੀ ਲੈਂਦੇ ਹਨ ਜਦਕਿ ਰਿਵਰਸ ਰੈਪੋ ਰੇਟ ਉਹ ਦਰ ਹੈ ਜਿਸ ਤਹਿਤ ਆਰਬੀਆਈ ਬੈਂਕਾਂ ਤੋਂ ਰਕਮ ਇਕੱਤਰ ਕਰਦਾ ਹੈ। ਵਿੱਤ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕਰਕੇ ਆਰਬੀਆਈ ਦੇ ਫ਼ੈਸਲੇ ਨੂੰ ਅਰਥਚਾਰੇ ਲਈ ਹੁਲਾਰੇ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਨਾਲ ਛੋਟੇ ਕਾਰੋਬਾਰੀਆਂ ਅਤੇ ਘਰ ਖ਼ਰੀਦਣ ਵਾਲਿਆਂ ਨੂੰ ਸਸਤਾ ਕਰਜ਼ ਮਿਲੇਗਾ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਆਰਬੀਆਈ ਨੇ ਪਹਿਲੀ ਅਪਰੈਲ 2019 ਤੋਂ ਸ਼ੁਰੂ ਹੋਣ ਵਾਲੇ ਅਗਲੇ ਵਿੱਤੀ ਵਰ੍ਹੇ ਲਈ ਜੀਡੀਪੀ ਦੇ ਅੰਦਾਜ਼ੇ ’ਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਹ 7.4 ਫ਼ੀਸਦੀ ਹੀ ਰਹਿਣ ਦਾ ਅਨੁਮਾਨ ਹੈ।