ਮੁੱਖ ਖਬਰਾਂ
Home / ਭਾਰਤ (page 3)

ਭਾਰਤ

ਯਾਸਿਨ ਮਲਿਕ 24 ਮਈ ਤੱਕ ਨਿਆਇਕ ਹਿਰਾਸਤ ‘ਚ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਵੱਖ-ਵਾਦੀ ਨੇਤਾ ਯਾਸਿਨ ਮਲਿਕ ਨੂੰ 24 ਮਈ ਤੱਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ | ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਵੀਡੀਓ ਕਾਨਫਰੰਸਿੰਗ ਜ਼ਰੀਏ ਮਲਿਕ ਨੂੰ ਪੇਸ਼ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਅਤੇ ਅਦਾਲਤ ਨੇ ਇਸ ‘ਤੇ ਬਚਾਅ ਪੱਖ ਦੇ ਵਕੀਲ ਤੋਂ ਜਵਾਬ ਮੰਗਿਆ ਹੈ |

ਭਾਜਪਾ ਦੇ ਨਾਰਾਜ਼ ਸੰਸਦ ਮੈਂਬਰ ਉਦਿਤ ਰਾਜ ਨੇ ਫੜਿਆ ਕਾਂਗਰਸ ਦਾ ‘ਹੱਥ’

ਨਵੀਂ ਦਿੱਲੀ-ਲੋਕ ਸਭਾ ਚੋਣਾਂ ਲਈ ਭਾਜਪਾ ਵਲੋਂ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਉਦਿਤ ਰਾਜ ਅੱਜ ਕਾਂਗਰਸ ‘ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ‘ਚ ਕਾਂਗਰਸ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਦੱਸਣਯੋਗ ਹੈ ਕਿ ਭਾਜਪਾ ਨੇ ਲੰਘੇ ਦਿਨ ਇਸ ਹਲਕੇ ਤੋਂ ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਿਆ ਸੀ।

2023 ਤੱਕ ਦੇਸ਼ ਨਕਸਲੀਆਂ ਤੋਂ ਮੁਕਤ ਹੋਵੇਗਾ: ਰਾਜਨਾਥ

ਹੁਸੈਨਾਬਾਦ (ਝਾਰਖੰਡ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 2023 ਤੱਕ ਦੇਸ਼ ’ਚ ਨਕਸਲੀਆਂ ਦਾ ਖਾਤਮਾ ਹੋ ਜਾਵੇਗਾ। ਉਹ ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਰਾਹ ’ਚ ਆ ਰਹੇ ਬਾਗੀਆਂ ਤੇ ਅਤਿਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ ਅਤੇ ਝਾਰਖੰਡ ’ਚੋਂ ਨਕਸਲੀਆਂ ਦਾ ਤਕਰੀਬਨ ਖਾਤਮਾ ਹੋ ਗਿਆ ਹੈ ਅਤੇ ਸੂਬੇ ’ਚ ਉਨ੍ਹਾਂ ਦੇ ਬਚੇ ਹੋਏ ਆਧਾਰ ਨੂੰ ਵੀ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ। ਪਾਲਮੂ (ਐੱਸਸੀ) ਸੰਸਦੀ ਖੇਤਰ ’ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਵੀਡੀ ਰਾਮ ਦੀ ਹਮਾਇਤ ਤੇ ਉਨ੍ਹਾਂ ਲਈ ਪ੍ਰਚਾਰ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਸੱਤਾ ਦੇ ਲਾਲਚ ’ਚ ਝਾਰਖੰਡ ਮੁਕਤੀ ਮੋਰਚਾ ਅਤੇ ਕਾਂਗਰਸ ਨੇ ਸੂਬੇ ’ਚ ਹੱਥ ਮਿਲਾ ਲਿਆ ਹੈ ਪਰ ਉਹ ਆਪਣੇ ਮਕਸਦ ’ਚ ਕਾਮਯਾਬ ਨਹੀਂ ਹੋਣਗੇ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਕੋਈ ਹੋਰ ਆਗੂ ਨਹੀਂ ਹੈ ਅਤੇ ਉਸ ਦੇ ਮੁਕਾਬਲੇ ਬਾਕੀ ਆਗੂ ਛੋਟੇ ਹਨ। ਉਜਵਲਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਅਤੇ ਜਨਧਨ ਯੋਜਨਾ ਵਰਗੀਆਂ ਵਿਕਾਸ ਯੋਜਨਾਵਾਂ ਦੇ ਵੇਰਵੇ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 2022 ਤੱਕ ਦੇਸ਼ ਦਾ ਵਿਕਾਸ ਕਰਨ ਨਹੀ ਵਚਨਬੱਧ ਹੈ ਅਤੇ ਪਾਰਟੀ ਦਾ ਮੈਨੀਫੈਸਟੋ ਇਸੇ ਨੂੰ ਸਮਰਪਿਤ ਹੈ।

ਰੋਹਿਤ ਸ਼ੇਖਰ ਹੱਤਿਆ ਮਾਮਲੇ ‘ਚ ਪਤਨੀ ਅਪੂਰਵਾ ਗ੍ਰਿਫ਼ਤਾਰ

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਮਰਹੂਮ ਐੱਨ. ਡੀ. ਤਿਵਾਰੀ ਦੇ ਬੇਟੇ ਰੋਹਿਤ ਸ਼ੇਖਰ ਦੀ ਹੱਤਿਆ ਦੇ ਮਾਮਲੇ ‘ਚ ਅੱਜ ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਉਸ (ਰੋਹਿਤ) ਦੀ ਪਤਨੀ ਅਪੂਰਵਾ ਤਿਵਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਦਿੱਲੀ ਸਮੇਤ ਯੂਪੀ ਦੇ ਰੇਲਵੇ ਸਟੇਸ਼ਨਾਂ ਨੂੰ ਵੀ ਉਡਾਉਣ ਦੀ ਮਿਲੀ ਧਮਕੀ

ਨਵੀਂ ਦਿੱਲੀ-ਰਾਜਧਾਨੀ ਦਿੱਲੀ ਦੇ ਸਾਰੇ ਰੇਲਵੇ ਸਟੇਸ਼ਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਦੀ ਵਜ੍ਹਾ ਹੈ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ। ਦਰਅਸਲ, ਧਮਕੀ ਭਰੇ ਪੱਤਰ ਵਿਚ 13 ਮਈ ਨੂੰ ਦਿੱਲੀ ਸਮੇਤ ਮੇਰਠ, ਸ਼ਾਮਲੀ, ਹਾਪੁੜ, ਗਾਜੀਆਬਾਦ ਅਤੇ ਗਜਰੌਲਾ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਇਸ ਧਮਕੀ ਤੋਂ ਬਾਅਦ ਸਾਰੇ ਰਾਜ ਵਿਚ ਅਤੇ ਹੋਰ ਕਈ ਸਥਾਨਾਂ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਖ਼ਤ ਵਿਚ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। ਐਸਪੀ ਸਿਟੀ ਮੇਰਠ ਅਖਿਲੇਸ਼ ਨਰਾਇਣ ਸਿੰਘ ਨੇ ਦੱਸਿਆ ਹੈ, ‘’ਕਈ ਸਟੇਸ਼ਨ ਸੁਪਰਡੈਂਟਾਂ ਨੂੰ ਕਈ ਧਮਕੀ ਤਰ੍ਹਾਂ ਦੇ ਪੱਤਰ ਆਏ ਸਨ। ਉਨ੍ਹਾਂ ਦੇ ਮੱਦੇਨਜ਼ਰ ਡਾਗ ਸਕਵਾਇਡ, ਜੀਆਰਪੀ, ਆਰਪੀਐਫ਼ , ਬੰਬ ਸਕਵਾਇਡ ਸਮੇਤ ਸਿਵਲ ਫੋਰਸ ਇਨ੍ਹਾਂ ਸਭ ਦੇ ਨਾਲ ਮਿਲਕੇ ਜਾਇੰਟਲੀ ਇਹ ਚੈਕਿੰਗ ਕਰਵਾਈ ਜਾ ਰਹੀ ਹੈ।
ਜਿਸ ਵਿਚ ਆਉਣ ਜਾਣ ਵਾਲੇ ਹਰ ਇਕ ਵਿਅਕਤੀ ਅਤੇ ਉਸਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਜਾਵੇਗੀ। ਦੱਸ ਦਈਏ ਕਿ ਧਮਕੀ ਤੋਂ ਬਾਅਦ ਟ੍ਰੇਨ ਦੇ ਅੰਦਰ ਵੀ ਰੇਲਵੇ ਸਟੇਸ਼ਨ ਉੱਤੇ ਪਲੇਟਫਾਰਮ ਉੱਤੇ ਅਤੇ ਜਿੱਥੇ ਸਾਮਾਨ ਰੱਖਿਆ ਜਾਂਦਾ ਹੈ ਉਨ੍ਹਾਂ ਸਭ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਯਾਤਰੀ ਜਿਹੜੇ ਕਮਰੇ ਵਿਚ ਬੈਠ ਕੇ ਗੱਡੀ ਦੀ ਉਡੀਕ ਕਰਦੇ ਹਨ। ਉਥੋਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਸੁਪਰੀਮ ਕੋਰਟ ਵਲੋਂ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ ਦੇਣ ਦੇ ਆਦੇਸ਼

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਗੁਜਰਾਤ ਦੰਗਿਆਂ ਦੌਰਾਨ 2002 ‘ਚ ਜਬਰ ਜਨਾਹ ਮਾਮਲੇ ਦੀ ਪੀੜਤ ਬਿਲਕਿਸ ਬਾਨੋ ਨੂੰ 50 ਲੱਖ ਰੁਪਏ ਮੁਆਵਜ਼ਾ, ਸਰਕਾਰੀ ਨੌਕਰੀ ਤੇ ਰਿਹਾਇਸ਼ ਦੇਣ ਦੇ ਨਿਰਦੇਸ਼ ਦਿੱਤੇ ਹਨ | ਸੁਪਰੀਮ ਕੋਰਟ ਨੇ ਸਬੂਤ ਮਿਟਾਉਣ ਲਈ ਆਈ. ਪੀ. ਐਸ. ਆਰ.ਐਸ. ਭਗੋਰਾ ਦਾ ਅਹੁਦਾ ਘਟਾਉਣ ਦੀ ਸੂਬਾ ਸਰਕਾਰ ਦੀ ਸਿਫ਼ਾਰਸ਼ ਨੂੰ ਮੰਨ ਲਿਆ ਹੈ | ਭਗੋਰਾ 31 ਮਈ ਨੂੰ ਸੇਵਾ ਮੁਕਤ ਹੋਣ ਵਾਲੇ ਹਨ | ਸੁਣਵਾਈ ਦੌਰਾਨ ਗੁਜਰਾਤ ਸਰਕਾਰ ਨੇ ਦੋਸ਼ੀ ਪੁਲਿਸ ਅਧਿਕਾਰੀਆਂ ਿਖ਼ਲਾਫ ਕੀਤੀ ਕਾਰਵਾਈ ਬਾਰੇ ਵੀ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ | ਦੱਸਣਯੋਗ ਹੈ ਕਿ ਅਦਾਲਤ ਨੇ ਪਿਛਲੇ ਦਿਨੀਂ ਗੁਜਰਾਤ ਸਰਕਾਰ ਤੋਂ 2002 ਦੇ ਬਿਲਕਿਸ ਬਾਨੋ ਮਾਮਲੇ ‘ਚ ਗੁਜਰਾਤ ਹਾਈ ਕੋਰਟ ਦੁਆਰਾ ਦੋਸ਼ੀ ਠਹਿਰਾਏ ਗਏ ਪੁਲਿਸ ਅਧਿਕਾਰੀਆਂ ਿਖ਼ਲਾਫ਼ ਅਨੁਸ਼ਾਸਨੀ ਕਾਰਵਾਈ ਪੂਰੀ ਕਰਨ ਲਈ ਆਖਿਆ ਸੀ | ਮਾਮਲੇ ਦੀ ਸੁਣਵਾਈ ਕਰਨ ਵਾਲੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ‘ਚ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਿਲ ਸਨ | ਬਿਲਕਿਸ ਬਾਨੋ ਨੇ ਬੈਂਚ ਮੂਹਰੇ ਗੁਜਰਾਤ ਸਰਕਾਰ ਦੀ 5 ਲੱਖ ਰੁਪਏ ਮੁਆਵਜ਼ਾ ਦੇਣ ਸਬੰਧੀ ਪੇਸ਼ਕਸ਼ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ | ਦੱਸਣਯੋਗ ਹੈ ਕਿ ਗੁਜਰਾਤ ਦੇ ਅਹਿਮਦਾਬਾਦ ਨੇੜੇ ਰਣਧੀਕਪੁਰ ਪਿੰਡ ‘ਚ ਭੀੜ ਨੇ 3 ਮਾਰਚ, 2002 ਨੂੰ ਬਿਲਕਿਸ ਬਾਨੋ ਦੇ ਪਰਿਵਾਰ ‘ਤੇ ਹਮਲਾ ਕੀਤਾ ਅਤੇ ਇਸ ਦੌਰਾਨ 5 ਮਹੀਨੇ ਦੀ ਗਰਭਵਤੀ ਬਾਨੋ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ |

ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜਨਗੇ ਗਾਇਕ ਹੰਸ ਰਾਜ ਹੰਸ

ਨਵੀਂ ਦਿੱਲੀ-ਪੰਜਾਬੀ ਗਾਇਕ ਹੰਸ ਰਾਜ ਹੰਸ ਨੂੰ ਭਾਜਪਾ ਨੇ ਅੱਜ ਉੱਤਰੀ-ਪੱਛਮੀ ਦਿੱਲੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਹੈ। ਹੁਣ ਉਹ ਉੱਤਰੀ-ਪੱਛਮੀ ਦਿੱਲੀ ਤੋਂ ਚੋਣ ਲੜਨਗੇ।

ਲੋਕਤੰਤਰ ਦੀ ਬਹਾਲੀ ਲਈ ਦਿੱਤਾ ਬੰਗਾਲ ਵੱਲ ‘ਵਿਸ਼ੇਸ਼ ਧਿਆਨ’: ਅਮਿਤ ਸ਼ਾਹ

ਕੋਲਕਾਤਾ-ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਲੋਂ ਬੰਗਾਲ ਵੱਲ ‘ਵਿਸ਼ੇਸ਼ ਧਿਆਨ’ ਦਿੱਤਾ ਜਾ ਰਿਹਾ ਹੈ ਤਾਂ ਜੋ ਸੂਬੇ ਵਿੱਚ ਲੋਕਤੰਤਰ ਦੀ ਬਹਾਲੀ ਕੀਤੀ ਜਾ ਸਕੇ, ਸ਼ਰਨਾਰਥੀਆਂ ਨੂੰ ਬਣਦੇ ਅਧਿਕਾਰ ਦਿੱਤੇ ਜਾ ਸਕਣ ਅਤੇ ਗੜਬੜੀ ਫੈਲਾਉਣ ਵਾਲੇ ਅਨਸਰਾਂ ਨੂੰ ਬਾਹਰ ਕੱਢਿਆ ਜਾ ਸਕੇ।
ਬੰਗਾਲ ਵਿਚ ਪਿਛਲੇ ਦੋ ਪੜਾਵਾਂ ਦੌਰਾਨ ਹੋਈਆਂ ਚੋਣਾਂ ਦਾ ਜ਼ਿਕਰ ਕਰਦਿਆਂ ਸ਼ਾਹ ਨੇ ਦਾਅਵਾ ਕੀਤਾ ਕਿ ਇੱਥੇ ਭਾਜਪਾ ਦੇ ਹੱਕ ਵਿੱਚ ਲਹਿਰ ਹੈ। ਉਨ੍ਹਾਂ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਭਾਜਪਾ ਵਲੋਂ ਬੰਗਾਲ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਇੱਥੋਂ ਦੇ ਲੋਕ ਤਬਦੀਲੀ ਚਾਹੁੰਦੇ ਹਨ। ਅਜਿਹਾ ਨਹੀਂ ਹੈ ਕਿ ਭਾਜਪਾ ਨੂੰ ਉੱਤਰ ਪ੍ਰਦੇਸ਼ ਜਾਂ ਹੋਰ ਸੂਬਿਆਂ ਵਿੱਚ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ਇਸ ਵਾਰ ਘੱਟ ਸੀਟਾਂ ਮਿਲਣਗੀਆਂ।’’
ਉਨ੍ਹਾ ਕਿਹਾ, ‘‘ਮਮਤਾ ਦੀਦੀ ਨੂੰ ਬੰਗਾਲ ਵਿੱਚ ਦੋ ਪੜਾਵਾਂ ਦੀਆਂ ਚੋਣਾਂ ਦੌਰਾਨ ਸਪੱਸ਼ਟ ਹਾਰ ਨਜ਼ਰ ਆਈ। ਇਸ ਲਈ ਉਨ੍ਹਾਂ ਨੇ ਆਪਣੇ ਪ੍ਰਚਾਰ ਅਤੇ ਸਰਗਰਮੀਆਂ ਰਾਹੀਂ ਲੋਕ ਵਿੱਚ ਸਹਿਮ ਦੀ ਭਾਵਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਉਣ ਚਾਹੁੰਦਾ ਹਾਂ ਕਿ ਚੋਣ ਕਮਿਸ਼ਨ ਦੀ ਅਗਵਾਈ ਹੇਠ ਚੋਣਾਂ ਹੋ ਰਹੀਆਂ ਹਨ, ਇਸ ਲਈ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀ।’’

ਚੋਣ ਕਮਿਸ਼ਨ ਨੇ ਮੋਦੀ ‘ਤੇ ਬਣੀ ਫ਼ਿਲਮ ਦੀ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪੀ

ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬਣੀ ਫ਼ਿਲਮ ਦੀ ਵਿਸਥਾਰ ‘ਚ ਰਿਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਮੋਦੀ ਦੀ ਫ਼ਿਲਮ ਸਬੰਧੀ ਚੋਣ ਕਮਿਸ਼ਨ ਦੀ ਰਿਪੋਰਟ ‘ਤੇ ਵਿਚਾਰ ਕੀਤਾ ਅਤੇ ਚੋਣ ਕਮਿਸ਼ਨ ਨੂੰ ਇਸ ਰਿਪੋਰਟ ਦੀ ਇਕ ਕਾਪੀ ਫ਼ਿਲਮ ਦੇ ਨਿਰਮਾਤਾ ਨੂੰ ਦੇਣ ਲਈ ਕਿਹਾ। ਬੈਂਚ ‘ਚ ਜਸਟਿਸ ਦੀਪਕ ਗੁਪਤਾ ਅਤੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਿਲ ਸਨ। ਫ਼ਿਲਮ ਦੀ ਰਿਲੀਜ਼ ‘ਤੇ ਚੋਣ ਕਮਿਸ਼ਨ ਵਲੋਂ ਲਗਾਈ ਰੋਕ ਨੂੰ ਚੁਣੌਤੀ ਦੇਣ ਵਾਲੀ ਨਿਰਮਾਤਾਵਾਂ ਦੀ ਪਟੀਸ਼ਨ ‘ਤੇ ਸੁਣਵਾਈ ਲਈ ਬੈਂਚ ਨੇ 26 ਅਪ੍ਰੈਲ ਦਾ ਦਿਨ ਨਿਸਚਿਤ ਕੀਤਾ ਹੈ।

ਭਾਜਪਾ ਵਲੋਂ ਗੌਤਮ ਗੰਭੀਰ ਪੂਰਬੀ ਦਿੱਲੀ ਤੇ ਮੀਨਾਕਸ਼ੀ ਲੇਖੀ ਨਵੀਂ ਦਿੱਲੀ ਤੋਂ ਉਮੀਦਵਾਰ

ਨਵੀਂ ਦਿੱਲੀ-ਭਾਜਪਾ ਨੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਨੂੰ ਪੂਰਬੀ ਦਿੱਲੀ ਤੋਂ ਅਤੇ ਮੀਨਾਕਸ਼ੀ ਲੇਖੀ ਨੂੰ ਨਵੀਂ ਦਿੱਲੀ ਲੋਕ ਸਭਾ ਸੀਟ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਨ੍ਹਾਂ ਦੋਵਾਂ ਦੇ ਨਾਂਵਾਂ ਦੇ ਐਲਾਨ ਨਾਲ ਭਾਜਪਾ ਹੁਣ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ‘ਚੋਂ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ। ਭਾਜਪਾ ਨੇ ਪੂਰਬੀ ਦਿੱਲੀ ਤੋਂ ਗੌਤਮ ਗੰਭੀਰ ਨੂੰ ਮਹੇਸ਼ ਗਿਰੀ ਦੀ ਜਗ੍ਹਾ ਆਪਣਾ ਉਮੀਦਵਾਰ ਐਲਾਨਿਆ ਹੈ ਜਿਸਦਾ ਮੁਕਾਬਲਾ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਅਤੇ ‘ਆਪ’ ਦੀ ਆਤਿਸ਼ੀ ਨਾਲ ਹੋਵੇਗਾ, ਜਦਕਿ ਨਵੀਂ ਦਿੱਲੀ ਲੋਕ ਸਭਾ ਸੀਟ ‘ਤੇ ਮੀਨਾਕਸ਼ੀ ਲੇਖੀ ਦਾ ਮੁਕਾਬਲਾ ਕਾਂਗਰਸ ਦੇ ਅਜੇ ਮਾਕਨ ਤੇ ‘ਆਪ’ ਦੇ ਬ੍ਰਜੇਸ਼ ਗੋਇਲ ਨਾਲ ਹੋਵੇਗਾ। ਦੱਸਣਯੋਗ ਹੈ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਦਿੱਲੀ ਦੀਆਂ ਸਭ 7 ਸੀਟਾਂ ਜਿੱਤੀਆਂ ਸਨ।