ਮੁੱਖ ਖਬਰਾਂ
Home / ਭਾਰਤ (page 21)

ਭਾਰਤ

ਅਭਿਨੰਦਨ ’ਤੇ ਹਰੇਕ ਭਾਰਤੀ ਨੂੰ ਮਾਣ: ਮੋਦੀ

ਕੰਨਿਆਕੁਮਾਰੀ (ਤਾਮਿਲਨਾਡੂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਹਰੇਕ ਭਾਰਤੀ ਨੂੰ ਉਸ ’ਤੇ ਮਾਣ ਹੈ। ਹਥਿਆਰਬੰਦ ਬਲਾਂ ’ਤੇ ਸ਼ੱਕ ਕਰਨ ਲਈ ਸਿਆਸੀ ਵਿਰੋਧੀਆਂ ਉਪਰ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਪਾਕਿਸਤਾਨ ਨੂੰ ਸਹਾਇਤਾ ਮਿਲੀ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਅਗਵਾਈ ਹੇਠਲੀ ਪਿਛਲੀ ਯੂਪੀਏ ਸਰਕਾਰ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਸ ਨੇ 2008 ’ਚ 26/11 ਦੇ ਮੁੰਬਈ ਹਮਲਿਆਂ ਮਗਰੋਂ ਸਰਜੀਕਲ ਸਟਰਾਈਕ ਨਹੀਂ ਹੋਣ ਦਿੱਤੀ। ਇਥੇ ਕਈ ਸਰਕਾਰੀ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮੁਲਕ ਦੀ ਪਹਿਲੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਵੀ ਮਾਣ ਹੈ ਜੋ ਤਾਮਿਲਨਾਡੂ ਤੋਂ ਹਨ। ‘ਹਰੇਕ ਭਾਰਤੀ ਨੂੰ ਵੀ ਮਾਣ ਹੈ ਕਿ ਬਹਾਦਰ ਵਿੰਗ ਕਮਾਂਡਰ ਅਭਿਨੰਦਨ ਤਾਮਿਲਨਾਡੂ ਦਾ ਵਸਨੀਕ ਹੈ।’
ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਦੀਆਂ ਘਟਨਾਵਾਂ ਤੋਂ ਸਾਬਿਤ ਹੋ ਗਿਆ ਹੈ ਕਿ ਮੁਲਕ ਦੇ ਹਥਿਆਰਬੰਦ ਬਲ ਮਜ਼ਬੂਤ ਹਨ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ, ‘‘ਮੋਦੀ ਆਏਗਾ ਅਤੇ ਜਾਏਗਾ ਪਰ ਭਾਰਤ ਹਮੇਸ਼ਾ ਰਹੇਗਾ। ਕਿਰਪਾ ਕਰਕੇ ਆਪਣੀ ਸਿਆਸਤ ਚਮਕਾਉਣ ਲਈ ਭਾਰਤ ਨੂੰ ਕਮਜ਼ੋਰ ਕਰਨਾ ਬੰਦ ਕਰੋ।’’ ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਖ਼ਿਲਾਫ਼ ਭਾਰਤ ਦੀ ਜੰਗ ਦੀ ਪੂਰੀ ਦੁਨੀਆਂ ਹਮਾਇਤ ਕਰ ਰਹੀ ਹੈ।

ਚੰਦਾ ਕੋਛੜ ਤੇ ਧੂਤ ਦੇ ਟਿਕਾਣਿਆਂ ’ਤੇ ਛਾਪੇ

ਨਵੀਂ ਦਿੱਲੀ/ਮੁੰਬਈ-ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਛੜ ਤੇ ਵੀਡੀਓਕੌਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨਾਲ ਸਬੰਧਤ ਮੁੰਬਈ ਅਤੇ ਹੋਰ ਥਾਵਾਂ ’ਤੇ ਸਥਿਤ ਕਰੀਬ ਪੰਜ ਦਫ਼ਤਰਾਂ ਤੇ ਰਿਹਾਇਸ਼ੀ ਜਾਇਦਾਦਾਂ ਉੱਤੇ ਛਾਪੇ ਮਾਰੇ ਹਨ। ਇਹ ਮਾਮਲਾ ਬੈਂਕ ਕਰਜ਼ ਧੋਖਾਧੜੀ ਨਾਲ ਸਬੰਧਤ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ ਚੰਦਾ ਤੇ ਵੇਣੂਗੋਪਾਲ ਨਾਲ ਸਬੰਧਤ ਜਾਇਦਾਦਾਂ ਦੀ ਮੁੰਬਈ ਤੇ ਔਰੰਗਾਬਾਦ ਵਿਚ ਤਲਾਸ਼ੀ ਲਈ ਗਈ ਹੈ। ਏਜੰਸੀ ਨੇ ਚੰਦਾ ਕੋਛੜ, ਦੀਪਕ ਕੋਛੜ, ਧੂਤ ਤੇ ਹੋਰਾਂ ਖ਼ਿਲਾਫ਼ ਬੈਂਕ ਵੱਲੋਂ 1,875 ਕਰੋੜ ਰੁਪਏ ਦਾ ਕਰਜ਼ ਦੇਣ ਦੇ ਮਾਮਲੇ ਵਿਚ ਧੋਖਾਧੜੀ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ। ਆਈਸੀਆਈਸੀਆਈ ਬੈਂਕ ਨੇ ਇਹ ਕਰਜ਼ਾ ਵੀਡੀਓਕੌਨ ਗਰੁੱਪ ਨੂੰ ਦਿੱਤਾ ਸੀ। ਈਡੀ ਇਸ ਮਾਮਲੇ ਵਿਚ ਹੋਰ ਸਬੂਤਾਂ ਦੀ ਭਾਲ ਕਰ ਰਹੀ ਹੈ। ਏਜੰਸੀ ਨੇ ਪੁਲੀਸ ਦੀ ਸਹਾਇਤਾ ਨਾਲ ਇਹ ਛਾਪੇ ਸ਼ੁੱਕਰਵਾਰ ਸਵੇਰ ਮਾਰੇ। ਈਡੀ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇਹ ਕੇਸ ਪਿਛਲੇ ਮਹੀਨੇ ਸੀਬੀਆਈ ਨੂੰ ਮਿਲੀ ਇਕ ਸ਼ਿਕਾਇਤ ਮਗਰੋਂ ਦਰਜ ਕੀਤਾ ਗਿਆ ਸੀ। ਕੇਸ ਵਿਚ ਧੂਤ ਵੱਲੋਂ ਸਥਾਪਤ ਇਕ ਕੰਪਨੀ ਸੁਪਰੀਮ ਐਨਰਜੀ, ਦੀਪਕ ਕੋਛੜ ਦੀ ਕੰਪਨੀ ਨੂਪਾਵਰ ਰਿਨਿਊਐਬਲਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕੋਛੜ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ਦੀ ਵੀ ਤਲਾਸ਼ੀ ਲਈ ਗਈ ਹੈ। ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਦਾ ਕੋਛੜ ਤੇ ਉਨ੍ਹਾਂ ਦੇ ਪਤੀ ਦੀਪਕ ਕੋਛੜ ਦੇ ਨੇੜਲੇ ਰਿਸ਼ਤੇਦਾਰ ਮਹੇਸ਼ ਪੁਗਾਲੀਆ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਧੂਤ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਛਾਪਿਆਂ ਦੌਰਾਨ ਕੋਈ ਇਤਰਾਜ਼ਯੋਗ ਦਸਤਾਵੇਜ਼ ਜਾਂ ਹੋਰ ਵਸਤ ਕਬਜ਼ੇ ਵਿਚ ਲੈਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਕੇਸ ਦੀ ਪੜਤਾਲ ਆਮਦਨ ਕਰ ਵਿਭਾਗ ਵੀ ਕਰ ਰਿਹਾ ਹੈ।

ਤੈਅ ਸਮੇਂ ‘ਤੇ ਹੀ ਹੋਣਗੀਆਂ ਲੋਕ ਸਭਾ ਚੋਣਾ: ਮੁੱਖ ਚੋਣ ਕਮਿਸ਼ਨਰ

ਲਖਨਊ-ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤਿਆਂ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲਾਏੋ ਜਾ ਰਹੇ ਕਿਆਸਿਆਂ ਦਰਮਿਆਨ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਸ਼ੁਕਰਵਾਰ ਨੂੰ ਕਿਹਾ ਕਿ ਲੋਕ ਸਭਾ ਦੀਆਂ ਅਗਾਂਮੀ ਚੋਣਾਂ ਨਿਰਧਾਰਤ ਸਮੇਂ ‘ਤੇ ਹੀ ਹੋਣਗੀਆਂ। ਅਰੋੜਾ ਨੇ ਪ੍ਰੈਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਚੋਣਾਂ ਸਮੇਂ ‘ਤੇ ਹੀ ਹੋਣਗੀਆਂ। ਉਨ੍ਹਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਸੁਤੰਤਰ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਚੋਣਾਂ ਦੌਰਾਨ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ ਅਤੇ ਹਰ ਸ਼ਿਕਾਇਤ ‘ਤੇ ਜਲਦ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਮਿਸ਼ਨ ਨਾਲ ਬੈਠਕ ਵਿਚ ਰਾਜਨੀਤਿਕ ਪਾਰਟੀਆਂ ਨੇ ਜਾਤੀਵਾਦ ਭਾਈਚਾਰਕ ਭਾਸ਼ਣਾ ‘ਤੇ ਰੋਕ ਲਗਾਉਣ ਦੌਰਾਨ ਕੇਂਦਰੀ ਬਲਾਂ ਦੀ ਤੈਨਾਤੀ ਕਰਨ, ਵੋਟਰ ਸੂਚੀ ਵਿਚ ਗੜਬੜੀਆਂ ਸੁਧਾਰਨ, ਵੋਟਰ ਸੂਚੀ ਨੂੰ ਆਧਾਰ ਨਾਲ ਜੋੜਣ ਅਤੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨ ਨਾਲ ਵੋਟਾਂ ਦੀ ਗੁਪਤਤਾ ਨਿਸ਼ਚਤ ਕਰਨ ਸਣੇ ਕਈ ਹੋਰ ਮੁੱਦੇ ਚੁੱਕੇ। ਉਨ੍ਹਾਂ ਦਸਿਆ ਕਿ ਆਗਾਂਮੀ ਲੋਕ ਸਭਾ ਚੋਣਾਂ ਦੌਰਾਨ ਪੂਰੇ ਦੇਸ਼ ਵਿਚ ‘ਸੀਵੀਜ਼ਿਲ’ ਮੋਬਾਈਲ ਐਪਲੀਕੇਸ਼ਨ ਜਾਰੀ ਕੀਤਾ ਜਾਏਗਾ ਜਿਸ ਰਾਹੀਂ ਕੋਈ ਵੀ ਨਾਗਰਿਕ ਚੋਣਾਂ ਸਬੰਧੀ ਸ਼ਿਕਾਇਤ ਦਰਜ ਕਰਾ ਸਕਦਾ ਹੈ। ਸ਼ਿਕਾਇਤਕਰਤਾ ਦਾ ਨਾਂ ਗੁਪਤ ਰੱਖਣ ਦੀ ਆਪਸ਼ਨ ਵੀ ਹੋਏਗੀ। ਕਮਿਸ਼ਨ ਉਨ੍ਹਾਂ ਸ਼ਿਕਾਇਤਾਂ ‘ਤੇ ਹੋਈ ਕਾਰਵਾਈ ਨੂੰ ਅਪਣੇ ਖ਼ਰਚ ‘ਤੇ ਅਖ਼ਬਾਰਾਂ ਵਿਚ ਛਪਵਾਏਗਾ।
ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਕਮਿਸ਼ਨ ਦੀਆਂ ਕਮੇਟੀਆਂ ਵਿਚ ਇਕ ਇਕ ਸੋਸ਼ਲ ਮੀਡੀਆ ਮਾਹਰ ਦੀ ਤੈਨਾਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਸਾਰੇ 1 ਲੱਖ 63 ਹਜ਼ਾਰ 331 ਵੋਟਰ ਕੇਂਦਰਾਂ ‘ਤੇ ਈਵੀਐਮ ਦੇ ਨਾਲ ਨਾਲ ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਵੀਵੀਪੈਟ ਮਸ਼ੀਨ ਦੇ ਉਪਯੋਗ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਬੂਧ ਪੱਧਰ ਤਕ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਨਵੀਂ ਅਧੀਸੂਚਨਾਂ ਅਨੁਸਾਰ ਸਾਰੇ ਵੋਟਰਾਂ ਨੂੰ ਦੇਸ਼ ਵਿਚ ਸਥਿਤ ਜਾਇਦਾਦ ਦੇ ਨਾਲ ਨਾਲ ਵਿਦੇਸ਼ ਵਿਚ ਮੌਜੂਦ ਜਾਇਦਾਦ ਸਬੰਧੀ ਵੀ ਵੇਰਵਾ ਜ਼ਰੂਰੀ ਰੂਪ ਵਿਚ ਦੇਣਾ ਪਏਗਾ ਅਤੇ ਗ਼ਲਤ ਜਾਣਕਾਰੀ ਦੇਣ ਵਾਲੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕਮਿਸ਼ਨ ਨੇ ਅਧਿਕਾਰੀਆਂ ਤੋਂ ਆਪੰਗ ਵੋਟਰਾਂ ਦੀ ਗਿਣਤੀ ਸਬੰਧੀ ਜਾਣਕਾਰੀ ਮੰਗੀ ਹੈ। ਅਜਿਹੇ ਵੋਟਰਾਂ ਨੂੰ ਆਸਾਨੀ ਮੁਹੱਈਆ ਕਰਵਾਉਣ ਲਈ ਜ਼ਰੂਰੀ ਸੁਵੀਧਾਵਾਂ ਦੀ ਸਮੀਖਿਆ ਲਈ ਅਫ਼ਸਰਾਂ ਨੂੰ ਮੌਕੇ ‘ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ। ਵੋਟਾਂ ਦੇ ਮੱਦੇਨਜ਼ਰ ਰਾਸਟਰੀ ਅਤੇ ਅੰਤਰ ਰਾਸ਼ਟਰੀ ਸਰਹੱਦਾਂ ‘ਤੇ ਖ਼ਾਸ ਚੌਕਸੀ ਵਰਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਸ਼ਨ ਦੇ ਸਾਰੇ ਹੁਕਮਾਂ ਦਾ ਪਾਲਣ ਨਿਸ਼ਚਤ ਕਰਵਾਇਆ ਜਾਵੇਗਾ ਅਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅਭਿਨੰਦਨ ਦੀ ਵਾਪਸੀ ਲਈ ਅਟਾਰੀ ਸਰਹੱਦ ‘ਤੇ ਪੁੱਜੇ ਅਣਗਿਣਤ ਲੋਕ, ਢੋਲ-ਵਾਜਿਆਂ ਨਾਲ ਹੋਵੇਗਾ ਸਵਾਗਤ

ਅਟਾਰੀ-ਅਟਾਰੀ-ਵਾਹਗਾ ਸਰਹੱਦ ਉੱਤੇ ਅੱਜ ਭਾਰੀ ਗਿਣਤੀ ਵਿਚ ਲੋਕ ਮੌਜੂਦ ਹੋਏ ਹਨ। ਅਭਿਨੰਦਨ ਨੂੰ ਅੱਜ (ਸ਼ੁੱਕਰਵਾਰ ਨੂੰ) ਪਾਕਿਸਤਾਨੀ ਅਧਿਕਾਰੀਆਂ ਵੱਲੋਂ ਰਿਹਾਅ ਕੀਤਾ ਜਾਣਾ ਹੈ। ਅਟਾਰੀ ਵਿਚ ਲੋਕਾਂ ਦਾ ਸਵੇਰੇ ਛੇ ਵਜੇ ਤੋਂ ਹੀ ਪੁੱਜਣਾ ਸ਼ੁਰੂ ਹੋ ਗਿਆ ਅਤੇ ਸਵੇਰੇ ਨੌਂ ਵਜੇ ਤੱਕ ਲੋਕਾਂ ਦੀ ਭੀੜ ਬੇਹੱਦ ਹੋ ਗਈ। ਆਪਣੇ ਦੋਸਤਾਂ ਦੇ ਨਾਲ ਇੱਥੇ ਪੁੱਜੇ ਅੰਮ੍ਰਿਤਸਰ ਦੇ ਰਹਿਣ ਵਾਲੇ ਜਤੇਂਦਰ ਨੇ ਕਿਹਾ, ‘‘ਅਸੀ ਇੱਥੇ ਆਪਣੇ ਦੇਸ਼ ਦੇ ਜਾਬਾਂਜ਼ ਪਾਇਲਟ ਦੀ ਘਰ ਵਾਪਸੀ ‘ਤੇ ਉਸਦਾ ਸਵਾਗਤ ਕਰਨ ਲਈ ਆਏ ਹਾਂ। ਅਸੀਂ ਉਸਦਾ ਸ਼ਾਨਦਾਰ ਸਵਾਗਤ ਕਰਾਂਗੇ। ਉਸਨੇ ਹਵਾਈ ਹਮਲੇ ਵਿਚ ਵੱਡੀ ਬਹਾਦਰੀ ਵਿਖਾਈ ਅਤੇ ਪਾਕਿਸਤਾਨੀਆਂ ਦੇ ਕਬਜੇ ਵਿਚ ਹੋਣ ਤੋਂ ਬਾਅਦ ਵੀ ਦਿਲੇਰੀ ਵਿਖਾਈ। ਅਭਿਨੰਦਨ ਦੇ ਮਾਤੇ-ਪਿਤਾ, ਏਅਰ ਮਾਰਸ਼ਲ ਐਸ. ਵਰਥਮਾਨ (ਸੇਵਾਮੁਕਤ) ਅਤੇ ਮਾਂ ਸ਼ੋਭਾ ਵਰਥਮਾਨ ਜੋ ਇਕ ਡਾਕਟਰ ਹਨ ਉਨ੍ਹਾਂ ਦਾ ਵੀਰਵਾਰ ਸ਼ਾਮ ਚੇਂਨਈ ਤੋਂ ਨਵੀਂ ਦਿੱਲੀ ਜਾਣ ਵਾਲੀ ਇਕ ਫਲਾਇਟ ਵਿਚ ਮੁਸਾਫਰਾਂ ਵੱਲੋਂ ਉਤਸਾਹ ਵਧਾਇਆ ਗਿਆ।
35 ਸਾਲ ਦਾ ਵਿੰਗ ਕਮਾਂਡਰ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ (ਐਲਓਸੀ) ਦੇ ਕੋਲ ਪਾਕਿਸਤਾਨੀ ਹਵਾਈ ਫੌਜ ਦੇ ਜੈਟ ਜਹਾਜ਼ਾਂ ਵੱਲੋਂ ਉਨ੍ਹਾਂ ਦੇ ਮਿਗ-21 ਬਾਇਸਨ ਫਾਇਟਰ ਜੈਟ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪਾਕਿਸਤਾਨੀ ਬਲਾਂ ਦੀ ਫੜ ਵਿਚ ਆ ਗਏ ਸਨ। ਸੂਤਰਾਂ ਨੇ ਕਿਹਾ ਕਿ ਪਾਇਲਟ ਨੂੰ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਰਾਵਲਪਿੰਡੀ ਤੋਂ ਲਾਹੌਰ ਲਿਆਉਣ ਦੀ ਸੰਭਾਵਨਾ ਹੈ ਅਤੇ ਸ਼ੁੱਕਰਵਾਰ ਦੁਪਹਿਰ ਜੇਸੀਪੀ ਲਿਆਉਣ ਤੋਂ ਪਹਿਲਾਂ ਜਿਨੇਵਾ ਕੰਵੇਂਸ਼ਨ ਦੇ ਨਿਯਮਾਂ ਦੇ ਅਧੀਨ ਰੈਡ ਕਰਾਸ (ਆਈਸੀਆਰਸੀ) ਦੀ ਅੰਤਰਰਾਸ਼ਟਰੀ ਕਮੇਟੀ ਨੂੰ ਸੌਂਪੇ ਜਾਣ ਦੀ ਸੰਭਾਵਨਾ ਹੈ।
ਸੀਮਾ ਸੁਰੱਖਿਆ ਬਲ (ਬੀਐਸਐਫ) ਹਾਈ ਅਲਰਟ ‘ਤੇ ਹੈ, ਪੰਜਾਬ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸ਼ੁੱਕਰਵਾਰ ਸਵੇਰ ਤੋਂ ਹੀ ਕਰਮਚਾਰੀਆਂ ਨੂੰ ਤੈਨਾਤ ਕੀਤਾ ਹੈ। ਢੋਲ ਲੈ ਕੇ ਪੁੱਜੇ ਮਨਜੀਤ ਸਿੰਘ ਨੇ ਕਿਹਾ, ‘‘ਵੱਖਰਾ ਮੌਕਿਆਂ ‘ਤੇ ਕਈ ਹਸਤੀਆਂ ਅਤੇ ਲੋਕ ਅਟਾਰੀ ਸਰਹੱਦ ‘ਤੇ ਆਉਂਦੇ ਰਹਿੰਦੇ ਹਨ ਪਰ ਅੱਜ ਇਕ ਸੱਚਾ ਨਾਇਕ ਆ ਰਿਹਾ ਹੈ। ਅਸੀਂ ਉਸਦਾ ਢੋਲ ਅਤੇ ਭੰਗੜਾ ਦੇ ਨਾਲ ਗਰਮਜੋਸ਼ੀ ਨਾਲ ਸਵਾਗਤ ਕਰਾਂਗੇ।’’