ਮੁੱਖ ਖਬਰਾਂ
Home / ਭਾਰਤ (page 2)

ਭਾਰਤ

ਸਾਵੰਤ ਵੱਲੋਂ ਗੋਆ ਅਸੈਂਬਲੀ ਵਿੱਚ ਬਹੁਮੱਤ ਸਾਬਤ

ਪਣਜੀ-ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੂਬਾਈ ਅਸੈਂਬਲੀ ਵਿੱਚ ਆਸਾਨੀ ਨਾਲ ਬਹੁਮੱਤ ਸਾਬਤ ਕਰ ਦਿੱਤਾ। ਭਾਜਪਾ ਦੀ ਅਗਵਾਈ ਵਾਲੀ ਦੋ ਦਿਨ ਪੁਰਾਣੀ ਸਾਵੰਤ ਸਰਕਾਰ ਦੀ ਹਮਾਇਤ ਵਿੱਚ 20 ਜਦੋਂਕਿ ਵਿਰੋਧ ਵਿੱਚ 15 ਵੋਟਾਂ ਪਈਆਂ। 40 ਮੈਂਬਰੀ ਗੋਆ ਵਿਧਾਨ ਸਭਾ ਵਿੱਚ ਦੋ ਵਿਧਾਇਕਾਂ ਦੇ ਅਕਾਲ ਚਲਾਣੇ ਤੇ ਦੋ ਵਿਧਾਇਕਾਂ ਦੇ ਅਸਤੀਫ਼ਿਆਂ ਕਰਕੇ ਅਸੈਂਬਲੀ ਦੀ ਮੌਜੂਦਾ ਸਮਰੱਥਾ 36 ਹੈ। ਸ੍ਰੀ ਸਾਵੰਤ ਨੇ ਬਹੁਮੱਤ ਸਾਬਤ ਕਰਨ ਤੋਂ ਫੌਰੀ ਮਗਰੋਂ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਪਰੀਕਰ ਵੱਲੋਂ ਦਿੱਤੇ ਸੁਨੇਹੇ ਮੁਤਾਬਕ ‘ਸਾਕਾਰਾਤਮਕ’ ਰਹਿਣ। ਸ੍ਰੀ ਪਰੀਕਰ ਦਾ ਐਤਵਾਰ ਨੂੰ ਉਨ੍ਹਾਂ ਦੀ ਨਿੱਜੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। ਉਹ ਪਾਚਕ ਗ੍ਰੰਥੀਆਂ ਦੇ ਕੈਂਸਰ ਤੋਂ ਪੀੜਤ ਸਨ। ਰਾਜਪਾਲ ਮ੍ਰਿਦੁਲਾ ਸਿਨਹਾ ਵੱਲੋਂ ਸੱਦੇ ਵਿਸ਼ੇਸ਼ ਸੈਸ਼ਨ ਦੌਰਾਨ ਪੇਸ਼ ਵਿਸ਼ਵਾਸ ਮਤੇ ਮੌਕੇ ਭਾਜਪਾ ਦੇ 11, ਗੋਆ ਫਾਰਵਰਡ ਪਾਰਟੀ ਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ ਦੇ ਤਿੰਨ ਤਿੰਨ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਸਾਵੰਤ ਦੀ ਹਮਾਇਤ ਕੀਤੀ। ਕਾਂਗਰਸ ਦੇ 14 ਤੇ ਐਨਸੀਪੀ ਦੇ ਇਕ ਵਿਧਾਇਕ ਨੇ ਮਤੇ ਦੇ ਵਿਰੋਧ ’ਚ ਵੋਟ ਪਾਈ। ਇਸ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਭਾਜਪਾ ਵਿਧਾਇਕ ਰਾਜੇਸ਼ ਪਟਨੇਕਰ ਵੱਲੋਂ ਪੇਸ਼ ਸੋਗ ਮਤੇ ’ਤੇ ਚਰਚਾ ਨਾਲ ਹੋਈ। ਅਸੈਂਬਲੀ ਵਿੱਚ ਮੌਜੂਦ ਮੈਂਬਰਾਂ ਨੇ ਮਨੋਹਰ ਪਰੀਕਰ, ਸਾਬਕਾ ਉੱਪ ਮੁੱਖ ਮੰਤਰੀ ਫਰਾਂਸਿਸ ਡਿਸੂਜ਼ਾ ਤੇ ਸਾਬਕਾ ਡਿਪਟੀ ਸਪੀਕਰ ਵਿਸ਼ਨੂ ਵਾਗ਼ ਦੇ ਅਕਾਲ ਚਲਾਣੇ ’ਤੇ ਸ਼ੋਕ ਜਤਾਇਆ।
ਵਿਸ਼ਵਾਸ ਮਤੇ ’ਤੇ ਮਿਲੀ ਜਿੱਤ ਮਗਰੋਂ ਮੁੱਖ ਮੰਤਰੀ ਸਾਵੰਤ ਨੇ ਸਾਰੇ ਮੈਂਬਰਾਂ ਨੂੰ ਅਪੀਲੀ ਕੀਤੀ ਕਿ ਉਹ ਸੂਬੇ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਕਿਹਾ, ‘ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਪਰੀਕਰ ਵੱਲੋਂ ਹਮੇਸ਼ਾਂ ਸਾਕਾਰਾਤਮਕ ਰਹਿਣ ਦੇ ਦਿੱਤੇ ਸੁਨੇਹੇ ਨੂੰ ਆਪਣੇ ਦਿਮਾਗ ਵਿੱਚ ਰੱਖਣ।

ਮੋਦੀ ਦੇ ਰਾਜ ’ਚ ਕੋਈ ਵਰਗ ਵੀ ਖੁਸ਼ ਨਹੀਂ: ਪ੍ਰਿਯੰਕਾ

ਭਦੋਹੀ (ਉੱਤਰ ਪ੍ਰਦੇਸ਼)-ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਹੱਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿੱਚ ਕੋਈ ਵੀ ਖੁਸ਼ ਨਹੀਂ। ਪ੍ਰਿਯੰਕਾ ਨੇ ਮੋਦੀ ਨੂੰ ਆਪਣੀਆਂ ਪੰਜ ਸਾਲ ਦੀਆਂ ਪ੍ਰਾਪਤੀਆਂ ਗਿਣਾਉਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ’ਚ ਕਿਸਾਨ, ਨੌਜਵਾਨ ਜਾਂ ਕੋਈ ਵੀ ਵਰਗ ਖੁਸ਼ ਨਹੀਂ ਹੈ। ਇਸ ਵਾਰ ਉਹ ਸਾਰੇ ਮਿਲ ਕੇ ਸਰਕਾਰ ਬਦਲ ਦੇਣਗੇ। ਪ੍ਰਿਯੰਕਾ ਗਾਂਧੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸ਼ਤੀ ਰਾਹੀਂ ਗੰਗਾ ਕਿਨਾਰੇ ਦੇ ਇਲਾਕਿਆਂ ਦੇ ਤਿੰਨ ਰੋਜ਼ਾ ਦੌਰੇ ’ਤੇ ਹੈ ਜੋ 20 ਮਾਰਚ ਨੂੰ ਵਾਰਾਣਸੀ ’ਚ ਸਮਾਪਤ ਹੋਵੇਗੀ। ਉਨ੍ਹਾਂ ਇੱਥੇ ਸੀਤਾਮੜ੍ਹੀ ਸਥਿਤ ਸੀਤਾ ਸਮਹਿਤ ਸਥਲ ਮੰਦਰ ’ਚ ਮੱਥਾ ਵੀ ਟੇਕਿਆ। ਉਨ੍ਹਾਂ ਯੂਪੀ ਦੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਯੂਪੀ ਸਰਕਾਰ ਸੂਬੇ ਦੀ ਜੋ ਤਸਵੀਰ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਅਸਲੀਅਤ ਉਸ ਤੋਂ ਬਿਲਕੁਲ ਵੱਖਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਪ੍ਰਚਾਰ ਕਰ ਰਹੀ ਹੈ ਕਿ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ 70 ਸਾਲਾਂ ਦੇ ਰਾਜ ’ਚ ਦੇਸ਼ ਦਾ ਵਿਕਾਸ ਨਹੀਂ ਹੋਇਆ ਪਰ ਇਸ ਗੱਲ ਦੀ ਮਿਆਦ ਵੀ ਮੁੱਕਣ ਵਾਲੀ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਦੇ ਦੋ ਸਾਲ ਪੂਰੇ ਹੋ ਗਏ ਹਨ, ਪਰ ਉਨ੍ਹਾਂ ਲੋਕਾਂ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕੀਤਾ।

ਉੱਤਰ-ਪੂਰਬ ਰਾਜਾਂ ਦਾ ‘ਵਿਸ਼ੇਸ਼ ਰੁਤਬਾ’ ਬਹਾਲ ਕਰਾਂਗੇ: ਰਾਹੁਲ

ਈਟਾਨਗਰ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਉਹ ਉੱਤਰ-ਪੂਰਬ ਦੇ ਸਾਰੇ ਰਾਜਾਂ ਨੂੰ ਮਿਲੇ ਵਿਸ਼ੇਸ਼ ਰੁਤਬੇ ਨੂੰ ਬਹਾਲ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨਾਗਰਿਕਤਾ (ਸੋਧ) ਬਿਲ ਨੂੰ ਸੰਸਦ ਵਿੱਚ ਪਾਸ ਨਹੀਂ ਹੋਣ ਦੇਵੇਗੀ ਕਿਉਂਕਿ ਇਸ ਨਾਲ ਖਿੱਤੇ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ। ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਭਾਜਪਾ ਉੱਤਰ-ਪੂਰਬ ਦੇ ਲੋਕਾਂ ’ਤੇ ‘ਆਰਐਸਐਸ ਦੀ ਵਿਚਾਰਧਾਰਾ’ ਥੋਪ ਕੇ ਸਥਾਨਕ ਲੋਕਾਂ ਦੀ ਸਮਾਜਿਕ ਤੇ ਸਭਿਆਚਾਰਕ ਸੁਭਾਅ ਨੂੰ ਤਬਾਹ ਕਰਨ ਦੇ ਰਾਹ ਪਈ ਹੋਈ ਹੈ। ਸ੍ਰੀ ਗਾਂਧੀ ਅਰੁਣਾਚਲ ਪ੍ਰਦੇਸ਼ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਪਹਿਲੇ ਪੜਾਅ ਤਹਿਤ 11 ਅਪਰੈਲ ਨੂੰ ਲੋਕ ਸਭਾ ਦੀਆਂ ਦੋ ਸੀਟਾਂ ਦੇ ਨਾਲ ਹੀ 60 ਮੈਂਬਰੀ ਅਰੁਣਾਚਲ ਅਸੈਂਬਲੀ ਲਈ ਵੋਟਿੰਗ ਹੋਣੀ ਹੈ। ਸਥਾਨਕ ਇੰਦਰਾ ਪਾਰਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ, ‘ਇਸ ਖਿੱਤੇ ਦੇ ਲੋਕ ਕਾਂਗਰਸ ਪਾਰਟੀ ਦੇ ਦਿਲ ਦੇ ਕਰੀਬ ਹਨ। ਕਾਂਗਰਸ ਨੇ ਹਮੇਸ਼ਾ ਖਿੱਤੇ ਦੇ ਵਿਕਾਸ ਲਈ ਕੰਮ ਕੀਤਾ ਹੈ। ਜੇਕਰ ਮੇਰੀ ਪਾਰਟੀ, ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਅਰੁਣਾਚਲ ਪ੍ਰਦੇਸ਼ ਤੇ ਉੱਤਰ-ਪੂਰਬ ਦੇ ਹੋਰਨਾਂ ਰਾਜਾਂ ਨੂੰ ਮਿਲੇ ਵਿਸ਼ੇਸ਼ ਸ਼੍ਰੇਣੀ ਦੇ ਰੁਤਬੇ ਨੂੰ ਬਹਾਲ ਕਰਾਵਾਂਗੇ।’ ਉਨ੍ਹਾਂ ਕਿਹਾ ਕਿ ਕੁਝ ਰਾਜ ਹਨ, ਜਿਨ੍ਹਾਂ ਦੀਆਂ ‘ਨਿਵੇਕਲੀਆਂ ਮੁਸ਼ਕਲਾਂ ਤੇ ਸਮੱਸਿਆਵਾਂ’ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਰੁਤਬੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਕਾਂਗਰਸ ਮੁਕਤ ਭਾਰਤ’ ਦੇ ਨਾਅਰੇ ਤੋਂ ਮੁੱਖ ਵਿਰੋਧੀ ਪਾਰਟੀ ਖ਼ਿਲਾਫ਼ ‘ਨਫ਼ਰਤ’ ਦੀ ਝਲਕ ਮਿਲਦੀ ਹੈ।

ਜਸਟਿਸ ਪਿਨਾਕੀ ਚੰਦਰ ਘੋਸ਼ ਦੇਸ਼ ਦੇ ਪਹਿਲੇ ਲੋਕਪਾਲ

ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਪਿਨਾਕੀ ਚੰਦਰ ਘੋਸ਼ ਨੂੰ ਦੇਸ਼ ਦਾ ਪਹਿਲਾ ਲੋਕਪਾਲ ਨਿਯੁਕਤ ਕੀਤਾ ਗਿਆ ਹੈ। ਜਦਕਿ ਸਸ਼ਸਤਰ ਸੀਮਾ ਬਲ ਦੀ ਸਾਬਕਾ ਮੁਖੀ ਅਰਚਨਾ ਰਾਮਾਸੁੰਦਰਮ, ਮਹਾਰਾਸ਼ਟਰ ਦੇ ਸਾਬਕਾ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ, ਮਹੇਂਦਰ ਸਿੰਘ ਤੇ ਇੰਦਰਜੀਤ ਪ੍ਰਸਾਦ ਗੌਤਮ ਨੂੰ ਗ਼ੈਰ ਨਿਆਂਇਕ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਜਸਟਿਸ ਦਿਲੀਪ ਬੀ ਭੋਸਲੇ, ਪਰਦੀਪ ਕੁਮਾਰ ਮੋਹੰਤੀ, ਅਭਿਲਾਸ਼ਾ ਕੁਮਾਰੀ ਤੇ ਅਜੈ ਕੁਮਾਰ ਤ੍ਰਿਪਾਠੀ ਲੋਕਪਾਲ ਦੇ ਨਿਆਂਇਕ ਮੈਂਬਰ ਹੋਣਗੇ।

ਵਾਦੀ ਵਿਚ ਸਕੂਲ ਅਧਿਆਪਕ ਦੀ ਪੁਲੀਸ ਹਿਰਾਸਤ ’ਚ ਮੌਤ

ਸ੍ਰੀਨਗਰ-ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਨਾਲ ਸਬੰਧਤ 28 ਸਾਲਾ ਸਕੂਲ ਅਧਿਆਪਕ, ਜਿਸ ਨੂੰ ਦਹਿਸ਼ਤਗਰਦੀ ਨਾਲ ਜੁੜੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਦੀ ਸ੍ਰੀਨਗਰ ਵਿਚ ਪੁਲੀਸ ਹਿਰਾਸਤ ’ਚ ਮੌਤ ਹੋ ਗਈ ਹੈ। ਅਧਿਆਪਕ ਦੀ ਮੌਤ ਤੋਂ ਬਾਅਦ ਉਸ ਦੇ ਕਸਬੇ ਅਵੰਤੀਪੋਰਾ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਅਧਿਆਪਕ ਰਿਜ਼ਵਾਨ ਪੰਡਿਤ ਦੀ ਮੌਤ ਪਿਛਲੇ ਕਾਰਨਾਂ ਦੀ ਜਾਂਚ ਲਈ ਰਾਜ ਸਰਕਾਰ ਨੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਸੀਨੀਅਰ ਪੁਲੀਸ ਅਧਿਕਾਰੀ ਮੁਤਾਬਕ ਰਿਜ਼ਵਾਨ ਦੀ ਮੌਤ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹੋਈ ਹੈ। ਉਹ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਸੀ ਤੇ ਉਸ ਨੂੰ ਸੁਰੱਖਿਆ ਏਜੰਸੀਆਂ ਨੇ ਤਿੰਨ ਦਿਨ ਪਹਿਲਾਂ ਹਿਰਾਸਤ ਵਿਚ ਲਿਆ ਸੀ। ਪੁਲੀਸ ਦੇ ਤਰਜਮਾਨ ਨੇ ਕਿਹਾ ਕਿ ਘਟਨਾ ਦੀ ਜਾਂਚ
ਲਈ ਇਕ ਵੱਖਰੀ ਜਾਂਚ ਵੀ ਆਰੰਭੀ ਗਈ ਹੈ। ਰਿਜ਼ਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਸ ਦੇ ਕਸਬੇ ਅਵੰਤੀਪੋਰਾ ਵਿਚ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ ’ਤੇ ਪੱਥਰਬਾਜ਼ੀ ਆਰੰਭ ਦਿੱਤੀ। ਸਥਿਤੀ ਕਾਬੂ ਹੇਠ ਕਰਨ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕਰਨਾ ਪਿਆ। ਅਧਿਆਪਕ ਦੀ ਪੁਲੀਸ ਹਿਰਾਸਤ ਵਿਚ ਮੌਤ ਦੀ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ, ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ, ਪੀਪਲਜ਼ ਕਾਨਫ਼ਰੰਸ ਦੇ ਸੱਜਾਦ ਗ਼ਨੀ ਲੋਨ, ਸੀਪੀਐਮ ਦੇ ਆਗੂਆਂ ਸਣੇ ਹੋਰਾਂ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਜਾਂਚ ਜਲਦੀ ਮੁਕੰਮਲ ਕਰ ਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ।

ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ, ਵਾਪਸ ਕੀਤੇ ਤਾਂ ਮਿਲਿਆ 2 ਲੱਖ ਦਾ ਇਨਾਮ

ਅਹਿਮਦਾਬਾਦ – ਗੁਜਰਾਤ ਦੇ ਸੂਰਤ ‘ਚ ਇਕ ਸੈਲਸਮੈਨ ਨੇ ਇਮਾਨਦਾਰੀ ਦਾ ਉਦਾਹਰਨ ਪੇਸ਼ ਕਰਦੇ ਹੋਏ ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ ਉਸ ਦੇ ਮਾਲਕ ਤੱਕ ਪਹੁੰਚਾਏ ਤੇ ਵਾਪਸ ਕਰ ਦਿੱਤੇ। ਇਸ ਤੋਂ ਖ਼ੁਸ਼ ਹੋ ਕੇ ਪੈਸਿਆਂ ਦੇ ਮਾਲਕ ਨੇ ਇਨਾਮ ਦੇ ਰੂਪ ਵਿਚ ਦੋ ਲੱਖ ਰੁਪਏ ਸੈਲਸਮੈਨ ਨੂੰ ਦਿੱਤੇ। ਸੂਰਤ ਦੇ ਉਮਰਾ ਇਲਾਕੇ ਵਿਚ ਦਲੀਪ ਪੋਦਾਰ ਇਕ ਸਾੜੀ ਦੇ ਸ਼ੋਰੂਮ ਵਿਚ ਸੈਲਸਮੈਨ ਦੇ ਰੂਪ ਵਿਚ ਕੰਮ ਕਰਦੇ ਹਨ। ਪੁਲਿਸ ਨੇ ਦੱਸਿਆ ਕਿ ਪੈਸੇ ਵਾਪਸ ਕਰਨ ‘ਤੇ ਉਸ ਨੂੰ ਪੈਸੇਆਂ ਦੇ ਮਾਲਕ ਤੇ ਇਕ ਜੌਹਰੀ ਨੇ ਦੋ ਲੱਖ ਰੁਪਏ ਇਨਾਮ ਵਜੋਂ ਦਿੱਤੇ।

ਯੂਪੀ ਦੀ ਸਿਆਸੀ ਨਬਜ਼ ਟੋਹਣ ਲਈ ਪ੍ਰਿਯੰਕਾ ਨੇ ‘ਗੰਗਾ ਯਾਤਰਾ’ ਆਰੰਭੀ

ਅਲਾਹਾਬਾਦ-ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਚੋਣਾਂ ਦੇ ਲਿਹਾਜ਼ ਤੋਂ ਮਹੱਤਵਪੂਰਨ ਸੂਬੇ ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੇ ਖੁੱਸੇ ਸਿਆਸੀ ਵੱਕਾਰ ਨੂੰ ਬਹਾਲ ਕਰਨ ਦੇ ਮੰਤਵ ਨਾਲ ‘ਗੰਗਾ ਯਾਤਰਾ’ ਆਰੰਭ ਦਿੱਤੀ। ਕਿਸ਼ਤੀ ਵਿਚ ਸਵਾਰ ਹੋ ਕੇ ਨਿਕਲੀ ਪ੍ਰਿਯੰਕਾ ਨੇ ਵੋਟਰਾਂ ਨੂੰ ਅਜਿਹੀ ਸਰਕਾਰ ਚੁਣਨ ਦੀ ਅਪੀਲ ਕੀਤੀ ਜੋ ਉਨ੍ਹਾਂ ਦੇ ਹਿੱਤ ਲਈ ਕੰਮ ਕਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਪ੍ਰਿਯੰਕਾ ਨੇ ਕਿਹਾ ਕਿ ‘ਚੌਕੀਦਾਰ ਅਮੀਰਾਂ ਲਈ ਹੁੰਦੇ ਹਨ, ਕਿਸਾਨਾਂ ਲਈ ਨਹੀਂ’। ਉਨ੍ਹਾਂ ਕਿਹਾ ਕਿ ਵਿਕਾਸ ਦੀ ਬਜਾਏ ਧਰਮ ਤੇ ਜਾਤ ਦੇ ਮੁੱਦੇ ਜ਼ਿਆਦਾ ਉਭਾਰੇ ਗਏ ਹਨ। ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਭਾਜਪਾ ਵੱਡੇ ਵਾਅਦੇ ਕਰ ਕੇ ਵਫ਼ਾ ਨਹੀਂ ਕਰ ਸਕੀ। ਰੁਜ਼ਗਾਰ ਫ਼ਰੰਟ ’ਤੇ ਭਾਜਪਾ ਨਾਕਾਮ ਰਹੀ ਹੈ ਤੇ ਸੰਵਿਧਾਨਕ ਸੰਸਥਾਵਾਂ ਵਿਚ ਦਖ਼ਲਅੰਦਾਜ਼ੀ ਵੱਧ ਗਈ ਹੈ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਭਰਾ ਰਾਹੁਲ ਗਾਂਧੀ ਜੋ ਵੀ ਕਹਿੰਦਾ ਹੈ ਕਰ ਕੇ ਦਿਖਾਉਂਦਾ ਹੈ। ਕਾਂਗਰਸ ਦੀ 47 ਸਾਲਾ ਜਨਰਲ ਸਕੱਤਰ ਨੇ ਵਿਦਿਆਰਥੀਆਂ ਸਣੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਵਿਚੋਂ ਕੁਝ ਨੂੰ ਪ੍ਰਿਯੰਕਾ ਨੇ ਮੋਟਰਬੋਟ ਵਿਚ ਬਹਿਣ ਦਾ ਸੱਦਾ ਵੀ ਦਿੱਤਾ। ਦਮਦਮ ਘਾਟ ’ਤੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਆਈ ਹੈ, ਭਾਸ਼ਨ ਦੇਣ ਨਹੀਂ। ਪ੍ਰਿਯੰਕਾ ਨੇ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਵੋਟ ਹੱਕ ਦੀ ਵਰਤੋਂ ਸਮਝਦਾਰੀ ਨਾਲ ਕਰਨ ਤੇ ਕਾਂਗਰਸ ਨੂੰ ਚੁਣਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੋ ਸੂਬਿਆਂ ਵਿਚ ਸਰਕਾਰ ਬਣਾਉਣ ਦੇ 10 ਦਿਨਾਂ ਦੇ ਅੰਦਰ ਕਿਸਾਨ ਕਰਜ਼ ਮੁਆਫ਼ ਕੀਤਾ ਹੈ। ਪ੍ਰਿਯੰਕਾ ਨੇ ਕਿਸ਼ਤੀ ਚਾਲਨ ਨਾਲ ਜੁੜੇ ਵਿਅਕਤੀਆਂ ਨੂੰ ਰੇਤ ਖ਼ਣਨ ਦਾ ਹੱਕ ਦੇਣ ਬਾਰੇ ਵੀ ਗੱਲ ਕੀਤੀ। ਸਿਰਸਾ ਘਾਟ ’ਤੇ ਠਹਿਰਾਅ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਮਨਰੇਗਾ ਜਿਹੀਆਂ ਸਕੀਮਾਂ ਆਰੰਭੀਆਂ ਪਰ ਅਫ਼ਸੋਸ ਮੌਜੂਦਾ ਸਮੇਂ ਬੇਰੁਜ਼ਗਾਰੀ ਸਿਖ਼ਰਾਂ ਉੱਤੇ ਹੈ। ਉਨ੍ਹਾਂ ਇਹ ਬੇਹੱਦ ਅਹਿਮ ਯਾਤਰਾ ਪ੍ਰਯਾਗਰਾਜ ਜ਼ਿਲ੍ਹੇ ਦੀ ਕਚਨਾਰ ਤਹਿਸੀਲ ਦੇ ਮਨੱਈਆ ਘਾਟ ਤੋਂ ਆਰੰਭੀ। ਕਾਂਗਰਸ ਜਨਰਲ ਸਕੱਤਰ ਪੂਰਬੀ ਉੱਤਰ ਪ੍ਰਦੇਸ਼ ਦੇ ਇਸ ਤਿੰਨ ਦਿਨਾ ਦੌਰੇ ਦੌਰਾਨ ਕਿਸ਼ਤੀ ਰਾਹੀਂ ਗੰਗਾ ਵਿਚ ਅਲਾਹਾਬਾਦ ਤੋਂ ਵਾਰਾਨਸੀ ਤੱਕ 100 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਇਸ ਦੌਰਾਨ ਉਹ ਕਈ ਮੰਦਰਾਂ ਵਿਚ ਵੀ ਨਤਮਸਤਕ ਹੋਵੇਗੀ ਤੇ ਯੂਪੀ ਦੀ ਸਿਆਸੀ ਹਵਾ ਦਾ ਰੁਖ਼ ਵੀ ਤਲਾਸ਼ੇਗੀ। ਕਾਂਗਰਸ ਕਰੀਬ ਤਿੰਨ ਦਹਾਕੇ ਤੋਂ ਉੱਤਰ ਪ੍ਰਦੇਸ਼ ਵਿਚ ਮਜ਼ਬੂਤੀ ਨਾਲ ਨਹੀਂ ਉੱਭਰ ਸਕੀ ਹੈ। ਸੀਤਾਮੜ੍ਹੀ ਵਿਚ ਰਾਤ ਰੁਕਣ ਤੋਂ ਬਾਅਦ ਭਲਕੇ ਪ੍ਰਿਯੰਕਾ ਮੁੜ ਯਾਤਰਾ ਸ਼ੁਰੂ ਕਰੇਗੀ।

ਓਲੰਪਿਕ ਕੁਆਲੀਫਾਈ ਲਈ ਏਸ਼ਿਆਈ ਚੈਂਪੀਅਨਸ਼ਿਪ ਨਹੀਂ ਖੇਡੇਗੀ ਮੇਰੀਕੌਮ

ਨਵੀਂ ਦਿੱਲੀ-ਵਿਸ਼ਵ ਦੀ ਧੁਨੰਤਰ ਮੁੱਕੇਬਾਜ਼ ਐੱਮਸੀ ਮੇਰੀਕੌਮ ਨੇ ਇੱਥੇ ਕਿਹਾ ਕਿ ਏਸ਼ਿਆਈ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਉਸ ਦੀ ਓਲੰਪਿਕ ਕੁਆਲੀਫਿਕੇਸ਼ਨ ਦੇ ਲਈ ਵਿਆਪਕ ਯੋਜਨਾਬੰਦੀ ਦਾ ਹਿੱਸਾ ਹੈ, ਜਿੱਥੇ ਉਸ ਦੇ ਵਜ਼ਨ ਵਰਗ ਵਿੱਚ ਸਖ਼ ਮੁਕਾਬਲਾ ਹੋਵੇਗਾ। ਮੇਰੀਕਾਮ ਨੇ ਪਿਛਲੇ ਸਾਲ ਦਿੱਲੀ ਵਿੱਚ ਛੇਵਾਂ ਖਿਤਾਬ ਜਿੱਤਿਆ ਸੀ। ਉਸ ਦਾ ਟੀਚਾ ਰੂਸ ਦੇ ਸ਼ਹਿਰ ਯੋਕਾਤਰਿਨਵਰਗ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨ ਰਾਹੀਂ 2020 ਟੋਕੀਓ ਓਲੰਪਿਕ ਦੇ ਲਈ ਟਿਕਟ ਕਟਾਉਣਾ ਹੈ। ਏਸ਼ਿਆਈ ਚੈਂਪੀਅਨਸ਼ਿਪ ਅਗਲੇ ਮਹੀਨੇ ਥਾਈਲੈਂਡ ਵਿੱਚ ਹੋ ਰਹੀ ਹੈ।
ਮੇਰੀਕੌਮ ਨੇ ਕਿਹਾ ਕਿ ਇਹ ਉਸ ਦੇ ਲਈ ਕਾਫੀ ਅਹਿਮ ਸਾਲ ਹੈ। ਉਸਦਾ ਮੁੱਖ ਟੀਚਾ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨਾ ਹੈ। ਉਹ ਮੁਕਾਬਲੇ ਵਿੱਚ ਭਾਗ ਲਏ ਬਿਨਾਂ ਕੁਆਲੀਫਾਈ ਨਹੀਂ ਕਰ ਸਕਦੀ। ਉਸ ਨੇ ਕਿਹਾ,‘ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰੀਆਂ ਵਿਰੋਧੀ ਖਿਡਾਰਨਾਂ ਮੇਰੇ ਮੁਕਾਬਲੇ ਕਿੰਨੀਆਂ ਮਜ਼ਬੂਤ ਹਨ।’
ਮੇਰੀਕੌਮ ਨੇ ਕਿਹਾ,‘ ਮੈਂ ਪਹਿਲਾ ਇੰਡੀਅਨ ਓਪਨ ਦੇ ਵਿੱਚ ਹਿੱਸਾ ਲੈਣਾ ਹੈ ਅਤੇ ਫਿਰ 51 ਕਿਲੋਗ੍ਰਾਮ ਦੇ ਭਾਰ ਵਰਗ ਵਿੱਚ ਟੂਰਨਾਮੈਂਟ ਦੀ ਚੋਣ ਕਰਨੀ ਹੈ। ਮੇਰਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ਉੱਤੇ ਹੈ। ਇਹ ਹੀ ਕਾਰਨ ਹੈ ਕਿ ਮੈਂ ਏਸ਼ਿਆਈ ਚੈਂਪੀਅਨਸ਼ਿਪ ਨੂੰ ਛੱਡ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਖਾਤਰ ਵਿਸ਼ਵ ਚੈਂਪੀਅਨ ਦੀ ਤਿਆਰੀ ਵੱਲ ਧਿਆਨ ਦੇਣ ਦਾ ਫੈਸਲਾ ਕੀਤਾ ਹੈ।’

ਮਾਇਆਵਤੀ ਵੱਲੋਂ ਕਾਂਗਰਸ ਨੂੰ ਸਾਰੀਆਂ ਸੀਟਾਂ ਤੋਂ ਚੋਣ ਲੜਨ ਦੀ ਚੁਣੌਤੀ

ਲਖਨਊ-ਕਾਂਗਰਸ ਵੱਲੋਂ ਸੱਤ ਲੋਕ ਸਭਾ ਸੀਟਾਂ ਸਮਾਜਵਾਦੀ ਪਾਰਟੀ-ਬਹੁਜਨ ਸਮਾਜ ਪਾਰਟੀ-ਰਾਸ਼ਟਰੀ ਲੋਕ ਦਲ ਗੱਠਜੋੜ ਲਈ ਛੱਡੇ ਜਾਣ ਦੇ ਐਲਾਨ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਕੌਮੀ ਪਾਰਟੀ ‘ਉਲਝਣ ਨਾ ਪੈਦਾ ਕਰੇ’। ਉਨ੍ਹਾਂ ਕਿਹਾ ਕਿ ਗੱਠਜੋੜ ਆਪਣੇ ਦਮ ’ਤੇ ਭਾਜਪਾ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੈ। ਇਸ ਦੇ ਨਾਲ ਹੀ ਮਾਇਆਵਤੀ ਨੇ ਕਾਂਗਰਸ ਨੂੰ ਚੁਣੌਤੀ ਦਿੱਤੀ ਕਿ ਪਾਰਟੀ ਸਾਰੀਆਂ 80 ਸੀਟਾਂ ਤੋਂ ਉਮੀਦਵਾਰ ਉਤਾਰੇ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਵਿਚ ਲੋਕ ਸਭਾ ਚੋਣਾਂ ਸੱਤ ਗੇੜਾਂ ਵਿਚ ਹੋਣਗੀਆਂ। ਬਸਪਾ ਦੀ ਟਿੱਪਣੀ ਤੋਂ ਕੁਝ ਘੰਟਿਆਂ ਬਾਅਦ ਹੀ ਸਪਾ ਨੇ ਵੀ ਕਾਂਗਰਸ ਨੂੰ ਅਜਿਹੀ ਹੀ ਚਿਤਾਵਨੀ ਦਿੱਤੀ। ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਦਿਆਂ ਲਿਖਿਆ ਕਿ ਪਾਰਟੀ ਇਕ ਵਾਰ ਫੇਰ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਕਾਂਗਰਸ ਨਾਲ ਉੱਤਰ ਪ੍ਰਦੇਸ਼ ਜਾਂ ਪੂਰੇ ਮੁਲਕ ਵਿਚ ਕੋਈ ਗੱਠਜੋੜ ਜਾਂ ਸਮਝੌਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਕਾਂਗਰਸ ਵੱਲੋਂ ਨਿੱਤ ਦਿਨ ਦਿੱਤੇ ਜਾ ਰਹੇ ਬਿਆਨਾਂ ਉੱਤੇ ਧਿਆਨ ਨਾ ਦੇਣ। ਕਾਂਗਰਸ ਨੇ ਐਤਵਾਰ ਨੂੰ ਕਿਹਾ ਸੀ ਕਿ ਇਹ ਯੂਪੀ ਵਿਚ ਕਰੀਬ 12 ਲੋਕ ਸਭਾ ਸੀਟਾਂ ਹੋਰਨਾਂ ਪਾਰਟੀਆਂ ਲਈ ਛੱਡੇਗੀ। ਇਨ੍ਹਾਂ ਵਿਚ ਸੱਤ ਸੀਟਾਂ ਬਸਪਾ-ਸਪਾ ਤੇ ਆਰਐਲਡੀ ਗੱਠਜੋੜ ਲਈ ਹੋਣਗੀਆਂ। ਇਸ ਤੋਂ ਇਲਾਵਾ ਕਾਂਗਰਸ ਨੇ ਦੋ ਸੀਟਾਂ ਅਪਨਾ ਦਲ ਲਈ ਵੀ ਛੱਡਣ ਦਾ ਐਲਾਨ ਕੀਤਾ ਸੀ ਤੇ ਇਕ ਹੋਰ ਧਿਰ ਜਨ ਅਧਿਕਾਰ ਪਾਰਟੀ ਨਾਲ ਚੋਣ ਸਮਝੌਤੇ ਦਾ ਵੀ ਫ਼ੈਸਲਾ ਕੀਤਾ ਸੀ। ਜ਼ਿਕਰਯੋਗ ਹੈ ਕਿ ਯੂਪੀ ਦੇ ਖੇਤਰੀ ਗੱਠਜੋੜ ਨੇ ਵੀ ਸੋਨੀਆ ਗਾਂਧੀ (ਰਾਇ ਬਰੇਲੀ) ਤੇ ਰਾਹੁਲ ਗਾਂਧੀ (ਅਮੇਠੀ) ਲਈ ਸੀਟਾਂ ਛੱਡੀਆਂ ਹਨ। ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜ ਬੱਬਰ ਨੇ ਕਿਹਾ ਸੀ ਕਿ ਪਾਰਟੀ ਗੱਠਜੋੜ ਵੱਲੋਂ ਦਿੱਤੇ ਮਾਣ ਦਾ ਹੀ ਮੁੱਲ ਮੋੜ ਰਹੀ ਹੈ।

ਯੂਪੀ ’ਚ ਕਾਂਗਰਸ ਨੂੰ ਹਮਾਇਤ ਨਹੀਂ ਦੇਵੇਗੀ ਭੀਮ ਆਰਮੀ

ਨਵੀਂ ਦਿੱਲੀ-ਭੀਮ ਆਰਮੀ ਦਾ ਕਹਿਣਾ ਹੈ ਕਿ ਕਾਂਗਰਸ ਨੇ ਆਪਣੇ 60 ਸਾਲਾਂ ਦੇ ਸ਼ਾਸਨ ਦੌਰਾਨ ਦਲਿਤਾਂ ਲਈ ਕੁਝ ਵੀ ਜ਼ਿਕਰਯੋਗ ਨਹੀਂ ਕੀਤਾ ਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਸਮਰਥਨ ਦੇਣ ਦਾ ਇਕ ਵੀ ਕਾਰਨ ਨਹੀਂ ਬਚਦਾ। ਭੀਮ ਆਰਮੀ ਦੇ ਕੌਮੀ ਪ੍ਰਧਾਨ ਵਿਨੈ ਰਤਨ ਸਿੰਘ ਦੀ ਇਹ ਟਿੱਪਣੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵੱਲੋਂ ਜਥੇਬੰਦੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨਾਲ ਹਸਪਤਾਲ ਵਿਚ ਕੀਤੀ ਮੁਲਾਕਾਤ ਤੋਂ ਕੁਝ ਦਿਨ ਬਾਅਦ ਆਈ ਹੈ। ਪ੍ਰਿਯੰਕਾ ਦੀ ਮੁਲਾਕਾਤ ਨੂੰ ਕਾਂਗਰਸ ਵੱਲੋਂ ਦਲਿਤ ਭਾਈਚਾਰੇ ਦਾ ਸਮਰਥਨ ਹਾਸਲ ਕਰਨ ਦੀ ਕਵਾਇਦ ਵਜੋਂ ਦੇਖਿਆ ਜਾ ਰਿਹਾ ਸੀ। ਵਿਨੈ ਨੇ ਕਿਹਾ ਕਿ ਕਾਂਗਰਸ ਰਾਜ ਵਿਚ ਦਲਿਤਾਂ ’ਤੇ ਅਤਿਆਚਾਰ ਹੀ ਹੋਇਆ। ਇਸ ਨੇ ਆਰਐੱਸਐੱਸ ਤੇ ਭਾਜਪਾ ਦੇ ਉਭਾਰ ਵਿਚ ਵੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਪ੍ਰਿਯੰਕਾ ਚੰਦਰਸ਼ੇਖਰ ਨੂੰ ਮਿਲਣਾ ਚਾਹੁੰਦੀ ਸੀ, ਪਰ ਉਨ੍ਹਾਂ ਨਾਂਹ ਕਰ ਦਿੱਤੀ। ਇਸ ਮਗਰੋਂ ਵਿਸ਼ੇਸ਼ ਬੇਨਤੀ ਉੱਤੇ ਹੀ ਚੰਦਰਸ਼ੇਖਰ ਕਾਂਗਰਸ ਜਨਰਲ ਸਕੱਤਰ ਨੂੰ ਮਿਲੇ। ਵਿਨੈ ਨੇ ਕਿਹਾ ਕਿ ਦਲਿਤਾਂ ਦੀ ਵੱਡੀ ਆਬਾਦੀ ਵਾਲੇ ਸੂਬੇ ਪੰਜਾਬ ਤੋਂ ਵੀ ਉਹ ਕੁਝ ਉਮੀਦਵਾਰਾਂ ਨੂੰ ਉਤਾਰਨਗੇ। ਦੱਸਣਯੋਗ ਹੈ ਕਿ ਦਲਿਤ ਸੰਗਠਨ ਭੀਮ ਆਰਮੀ ਦੇ ਸੰਸਥਾਪਕ ਆਜ਼ਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਾਰਾਨਸੀ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਾਂਗਰਸ ਸਣੇ ਕਿਸੇ ਵੀ ਪਾਰਟੀ ਵੱਲੋਂ ਸਮਰਥਨ ਦਿੱਤੇ ਜਾਣ ਦਾ ਵੀ ਸਵਾਗਤ ਕੀਤਾ ਹੈ। ਚੰਦਰਸ਼ੇਖਰ ਨੇ ਸਮਾਜਵਾਦੀ ਪਾਰਟੀ ਤੇ ਬਸਪਾ ਦਾ ਸਮਰਥਨ ਵੀ ਮੰਗਿਆ ਹੈ ਤੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਗੱਠਜੋੜ ਦੀ ਬਾਕੀ ਸੀਟਾਂ ਲਈ ਹਮਾਇਤ ਕਰੇਗੀ। ਵਿਨੈ ਨੇ ਕਿਹਾ ਕਿ ਜੇ ਮਾਇਆਵਤੀ ਦਲਿਤ ਅੰਦੋਲਨ ਦਾ ਚਿਹਰਾ ਨਾ ਹੁੰਦੀ ਤੇ ਉਸ ਨੇ ਅਖਿਲੇਸ਼ ਯਾਦਵ ਨੂੰ ਉਸ ਦੀ ਪਾਰਟੀ ਵੱਲੋਂ ਕੀਤੀਆਂ ਗਲਤੀਆਂ ਨਾ ਦੁਹਰਾਉਣ ਲਈ ਮਨਾਇਆ ਨਾ ਹੁੰਦਾ ਤਾਂ ਭੀਮ ਆਰਮੀ ਕਦੇ ਹਮਾਇਤ ਨਾ ਦਿੰਦੀ।