ਮੁੱਖ ਖਬਰਾਂ
Home / ਭਾਰਤ (page 10)

ਭਾਰਤ

‘ਨਿਆਏ’ ਨੂੰ ‘ਚੋਰ’ ਉਦਯੋਗਪਤੀਆਂ ਦੇ ਪੈਸੇ ਨਾਲ ਲਾਗੂ ਕਰਾਂਗੇ: ਰਾਹੁਲ

ਬੋਕਾਖਾਟ (ਅਸਾਮ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਐਲਾਨੀ ‘ਨਿਆਏ’ ਯੋਜਨਾ ਲਈ ਸਾਰਾ ਪੈਸਾ ਉਨ੍ਹਾਂ ‘ਚੋਰ’ ਉਦਯੋਗਪਤੀਆਂ ਦੀ ਜੇਬ ਵਿਚੋਂ ਆਏਗਾ, ਜਿਨ੍ਹਾਂ ਦਾ ‘ਚੌਕੀਦਾਰ ਨਰਿੰਦਰ ਮੋਦੀ’ ਸਾਥ ਦਿੰਦੇ ਹਨ। ਅਸਾਮ ਦੇ ਬੋਕਾਖਾਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਉਹ ਨਿਆਏ ਯੋਜਨਾ ਤਹਿਤ ਭਾਰਤ ਦੇ 20 ਫੀਸਦ ਗਰੀਬ ਪਰਿਵਾਰਾਂ ਦੇ ਖਾਤੇ ਵਿਚ ਹਰ ਸਾਲ 72,000 ਰੁਪਏ ਜਮ੍ਹਾਂ ਕਰਵਾਏਗੀ। ਉਨ੍ਹਾਂ ਕਿਹਾ ਕਿ ਮੋਦੀ ਨੇ ਲੋਕਾਂ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਉਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਅਜਿਹਾ ਸਿਰਫ਼ ਅੰਬਾਨੀ ਜਿਹੇ ਕੁਝ ਅਮੀਰ ਸਨਅਤਕਾਰਾਂ ਦੇ ਮਾਮਲੇ ਵਿਚ ਹੀ ਕੀਤਾ ਹੈ।
ਗਾਂਧੀ ਨੇ ਕਿਹਾ ਕਿ ‘ਪੈਸੇ ਅੰਬਾਨੀ ਜਿਹੇ ਚੋਰ ਉਦਯੋਗਪਤੀਆਂ ਦੀ ਜੇਬਾਂ ਵਿਚੋਂ ਆਉਣਗੇ, ਜਿਨ੍ਹਾਂ ਨੂੰ ਚੌਕੀਦਾਰ ਨਰਿੰਦਰ ਮੋਦੀ ਨੇ ਲੰਘੇ ਚਾਰ ਵਰ੍ਹਿਆਂ ਵਿਚ ਪੈਸੇ ਦਿੱਤੇ ਹਨ।’ ਉਨ੍ਹਾਂ ਕਿਹਾ ਕਿ ਸਰਕਾਰ ਬਣਨ ਦੀ ਸੂਰਤ ਵਿਚ ਜਾਤ, ਧਰਮ ਤੇ ਸਮਾਜਿਕ ਪੱਧਰ ’ਤੇ ਸਾਰੇ ਗਰੀਬਾਂ ਖਾਸ ਕਰ ਕੇ ਮਹਿਲਾਵਾਂ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾਏ ਜਾਣਗੇ।
ਜ਼ਿਕਰਯੋਗ ਹੈ ਕਿ ਪਾਰਟੀ ਨੇ ਘੱਟੋ ਘੱਟ ਆਮਦਨ ਗਾਰੰਟੀ ਸਕੀਮ (ਨਿਆਏ) ਸ਼ੁਰੂ ਕਰਨ ਦਾ ਵਾਅਦਾ ਕੀਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੌਕੀਦਾਰਾਂ ਨੂੰ ਅਮੀਰ ਲੋਕ ਨੌਕਰੀ ਉੱਤੇ ਰੱਖਦੇ ਹਨ ਤੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਇਹੀ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਬੇਰੁਜ਼ਗਾਰੀ ਸਿਖ਼ਰਾਂ ’ਤੇ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਈ ਤਾਂ ਅਜਿਹੇ ਸੁਖਾਵੇਂ ਹਾਲਾਤ ਪੈਦਾ ਕਰੇਗੀ ਕਿ ਨੌਜਵਾਨ ਸਵੈ-ਰੁਜ਼ਗਾਰ ਸ਼ੁਰੂ ਕਰ ਸਕਣ। ਉਨ੍ਹਾਂ ਨਾਲ ਹੀ ਕਿਹਾ ਕਿ ਕਾਂਗਰਸ ਕਿਸੇ ਵੀ ਹਾਲਤ ਵਿਚ ਨਾਗਰਿਕਤਾ ਸੋਧ ਬਿੱਲ ਨੂੰ ਪਾਸ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸੱਤਾ ਵਿਚ ਆਉਣ ਦੀ ਸੂਰਤ ’ਚ ਉੱਤਰ ਪੂਰਬ ਲਈ ਵਿਸ਼ੇਸ਼ ਦਰਜਾ ਫਿਰ ਤੋਂ ਲਾਗੂ ਕੀਤਾ ਜਾਵੇਗਾ।

ਭਾਜਪਾ ਨੇ ਕਿਰਤ ਸੋਮੱਈਆ ਦੀ ਟਿਕਟ ਕੱਟੀ

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਛੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ’ਚ ਮੁੰਬਈ ਉੱਤਰ-ਪੂਰਬ ਤੋਂ ਮੌਜੂਦਾ ਸੰਸਦ ਮੈਂਬਰ ਕਿਰਤ ਸੋਮੱਈਆ ਨੂੰ ਟਿਕਟ ਨਹੀਂ ਦਿੱਤਾ ਗਿਆ ਅਤੇ ਪਾਰਟੀ ਨੇ ਇਸ ਸੀਟ ਤੋਂ ਮਨੋਜ ਕੋਟਕ ਨੂੰ ਉਮੀਦਵਾਰ ਐਲਾਨਿਆ ਹੈ।
ਪਾਰਟੀ ਨੇ ਮਹਾਰਾਸ਼ਟਰ ਲਈ ਇੱਕ ਅਤੇ ਉੱਤਰ ਪ੍ਰਦੇਸ਼ ਲਈ ਪੰਜ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਜਾਰੀ ਸੂਚੀ ਵਿੱਚ ਰਾਇਬਰੇਲੀ ਤੋਂ ਦਿਨੇਸ਼ ਪ੍ਰਤਾਪ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਇਸ ਸੀਟ ਤੋਂ ਕਾਂਗਰਸ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਚੋਣ ਲੜ ਰਹੀ ਹੈ। ਪਾਰਟੀ ਨੇ ਆਜ਼ਮਗੜ੍ਹ ਤੋਂ ਮਸ਼ਹੂਰ ਭੋਜਪੁਰੀ ਗਾਇਕ ਦਿਨੇਸ਼ ਲਾਲ ਯਾਦਵ ਉਰਫ ਨਿਰਹੂਆ ਨੂੰ ਟਿਕਟ ਦਿੱਤੀ ਹੈ। ਇਸ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਚੋਣ ਲੜ ਰਹੇ ਹਨ। ਭਾਰਤੀ ਜਨਤਾ ਪਾਰਟੀ ਨੇ ਮੈਨਪੁਰੀ ਤੋਂ ਮੁਲਾਇਮ ਸਿੰਘ ਯਾਦਵ ਖ਼ਿਲਾਫ਼ ਪ੍ਰੇਮ ਸਿੰਘ ਸ਼ਾਕਯ ਨੂੰ ਮੌਦਾਨ ’ਚ ਉਤਾਰਿਆ ਹੈ। ਪਾਰਟੀ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਚੰਦਰ ਸੇਨ ਜਾਂਦੂ ਨੂੰ ਟਿਕਟ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਕਿਰਤ ਸੋਮੱਈਆ ਦੇ ਵਿਰੋਧ ਵਿੱਚ ਸੀ। ਅਜਿਹੇ ’ਚ ਸਮਝਿਆ ਜਾ ਰਿਹਾ ਹੈ ਕਿ ਇਸੇ ਦੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਨੇ ਇਸ ਸੀਟ ਤੋਂ ਮਨੋਜ ਕੋਟਕ ਨੂੰ ਟਿਕਟ ਦਿੱਤੀ ਹੈ।

ਜੰਮੂ ਕਸ਼ਮੀਰ ਬਾਰੇ ਨਿਯਮ ਬਦਲੇ ਤਾਂ ਭਾਰਤ ਨਾਲ ਰਿਸ਼ਤਾ ਖਤਮ: ਮਹਿਬੂਬਾ

ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਅੱਜ ਕਿਹਾ ਕਿ ਜੇਕਰ ਜੰਮੂ ਕਸ਼ਮੀਰ ਨੂੰ ਭਾਰਤ ਨਾਲ ਰਲਾਉਣ ਸਬੰਧੀ ਨਿਯਮਾਂ ਤੇ ਸ਼ਰਤਾਂ ’ਚ ਤਬਦੀਲੀ ਕੀਤੀ ਗਈ ਤਾਂ ਸੂਬੇ ਦੇ ਇਸ ਦੇਸ਼ ਨਾਲ ਸਬੰਧ ਖਤਮ ਹੋ ਜਾਣਗੇ। ਅਨੰਤਨਾਗ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਮਹਿਬੂਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਜੰਮੂ ਕਸ਼ਮੀਰ ਵੱਲੋਂ ਦੇਸ਼ ਲਈ 2020 ਦੀ ਸਮਾਂ ਸੀਮਾ ਹੋਵੇਗੀ। ਜੇਕਰ ਜੰਮੂ ਕਸ਼ਮੀਰ ਦੇ ਭਾਰਤ ’ਚ ਰਲੇਵੇਂ ਸਮੇਂ ਤੈਅ ਕੀਤੇ ਗਏ ਨਿਯਮਾਂ ਤੇ ਸ਼ਰਤਾਂ ਨੂੰ ਹਟਾਇਆ ਗਿਆ ਤਾਂ ਸਾਡੇ ਸਬੰਧ ਦੇਸ਼ ਨਾਲ ਖਤਮ ਹੋ ਜਾਣਗੇ।’ ਸਾਬਕਾ ਮੁੱਖ ਮੰਤਰੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਉਸ ਦਾਅਵੇ ’ਤੇ ਪ੍ਰਤੀਕਿਰਿਆ ਜ਼ਾਹਿਰ ਕਰ ਰਹੀ ਸੀ ਜਿਸ ’ਚ ਉਨ੍ਹਾਂ ਕਿਹਾ ਕਿ ਧਾਰਾ 35ਏ ਨੂੰ 2020 ਤੱਕ ਖਤਮ ਕਰ ਦਿੱਤਾ ਜਾਵੇਗਾ। ਕਾਂਗਰਸ ਦੇ ਮੈਨੀਫੈਸਟੋ ’ਤੇ ਮਹਿਬੂਬਾ ਨੇ ਕਿਹਾ ਕਿ ਇਹ ਸ਼ਬਦ ਦਰ ਸ਼ਬਦ ਉਸ ਗੱਠਜੋੜ ਦੇ ਏਜੰਡੇ ਦੀ ਤਰ੍ਹਾਂ ਹੈ ਜਿਸ ’ਤੇ 2015 ’ਚ ਜੰਮੂ ਕਸ਼ਮੀਰ ’ਚ ਸਰਕਾਰ ਦੇ ਗਠਨ ਸਮੇਂ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਤੇ ਭਾਜਪਾ ਵਿਚਾਲੇ ਸਹਿਮਤੀ ਬਣੀ ਸੀ।

ਈਵੇਟ ਬੱਸ ’ਚੋਂ 55 ਲੱਖ ਦੀ ਨਕਦੀ ਬਰਾਮਦ ਜ਼ੀਰਕਪੁਰ-

ਜ਼ੀਰਕਪੁਰ-ਪੁਲੀਸ ਨੇ ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹਰਾਹ ’ਤੇ ਪੈਂਦੇ ਮੈਕਡੌਨਲਡ ਚੌਕ ’ਤੇ ਨਾਕਾਬੰਦੀ ਦੌਰਾਨ ਇਕ ਪ੍ਰਾਈਵੇਟ ਬੱਸ ਚੋਂ ਲਗਭਗ 55 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਹਵਾਲਾ ਰਾਸ਼ੀ ਦਿੱਲੀ ਤੋਂ ਹੁਸ਼ਿਆਰਪੁਰ ਲਿਜਾਈ ਜਾ ਰਹੀ ਸੀ। ਪੁਲੀਸ ਨੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਨਕਦੀ ਬਾਰੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ।
ਡੇਰਾਬੱਸੀ ਦੇ ਡੀਐੱਸਪੀ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਸੂਬੇ ਵਿਚ ਲੱਗੇ ਚੋਣ ਜ਼ਾਬਤੇ ਸਬੰਧੀ ਪੁਲੀਸ ਵੱਲੋਂ ਹਾਈਵੇਅ ’ਤੇ ਮੈਕਡੌਨਲਡ ਚੌਕ ਨਜ਼ਦੀਕ ਨਾਕਾ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਲੰਘੀ ਰਾਤ ਤਕਰੀਬਨ ਦੋ ਵਜੇ ਪੁਲੀਸ ਨੂੰ ਸੂਚਨਾ ਮਿਲੀ ਕਿ ਦਿੱਲੀ ਤੋਂ ਆ ਰਹੀ ਇਕ ਨਿੱਜੀ ਬੱਸ ਵਿਚ ਲੱਖਾਂ ਰੁਪਏ ਦੀ ਨਕਦੀ ਲਿਜਾਈ ਜਾ ਰਹੀ ਹੈ। ਥਾਣਾ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਵੱਲੋਂ ਦਿੱਲੀ ਤੋਂ ਆ ਰਹੀ ਬੱਸ ਦੀ ਜਦ ਤਲਾਸ਼ੀ ਲਈ ਗਈ ਤਾਂ ਬੱਸ ਦੀ ਪਿੱਛਲੀ ਡਿੱਗੀ ਦੇ ਟੂਲ ਬਾਕਸ ’ਚੋਂ ਇਕ ਥੈਲਾ ਮਿਲਿਆ। ਥੈਲੇ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ 54 ਲੱਖ 90 ਹਜ਼ਾਰ 530 ਰੁਪਏ ਦੀ ਨਕਦੀ ਪਈ ਹੋਈ ਸੀ। ਜਦੋਂ ਇਸ ਸਬੰਧੀ ਬੱਸ ਡਰਾਈਵਰ ਸਵਰਨ ਸਿੰਘ (46) ਵਾਸੀ ਬੜੀ ਬ੍ਰਾਹਮਣਾ, ਜ਼ਿਲ੍ਹਾ ਜੰਮੂ ਤੋਂ ਪੁੱਛ-ਪੜਤਾਲ ਕੀਤੀ ਗਈ ਤਾਂ ਉਹ ਨਕਦੀ ਬਾਰੇ ਕੋਈ ਦਸਤਾਵੇਜ ਪੇਸ਼ ਨਹੀਂ ਕਰ ਸਕਿਆ। ਮੁਲਜ਼ਮ ਨੇ ਦੱਸਿਆ ਕਿ ਉਸ ਨੇ ਇਹ ਨਕਦੀ ਹੁਸ਼ਿਆਰਪੁਰ ਜਾ ਕੇ ਨਰੇਸ਼ ਕੁਮਾਰ ਗਾਂਧੀ ਨੂੰ ਦੇਣੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਸ ਡਰਾਈਵਰ ਅਕਸਰ ਹੀ ਹਵਾਲਾ ਰਾਸ਼ੀ ਦਿੱਲੀ ਤੋਂ ਵੱਖ ਵੱਖ ਸੂਬਿਆਂ ਵਿੱਚ ਲਿਜਾਂਦਾ ਰਹਿੰਦਾ ਹੈ। ਉਸ ਨੂੰ ਪੈਸੇ ਸਪਲਾਈ ਕਰਨ ਲਈ ਕਮਿਸ਼ਨ ਮਿਲਦਾ ਹੈ। ਪੁਲੀਸ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਜਿਸ ਵਿਅਕਤੀ ਕੋਲ ਇਹ ਰਾਸ਼ੀ ਜਾਣੀ ਸੀ, ਉਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

ਬਦਮਾਸ਼ਾਂ ਨੇ ਦਿੱਲੀ ‘ਚ ਲੁੱਟੀ ਕੇਂਦਰੀ ਮੰਤਰੀ ਜੇਪੀ ਨੱਡਾ ਦੀ ਕਾਰ

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬਦਮਾਸ਼ਾਂ ਦੇ ਬੁਲੰਦ ਹੌਸਲੇ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਏ ਦਿਨ ਇਥੇ ਕਾਰ ਚੋਰੀ ਜਾਂ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ੀ ਘਟਨਾ ਮੰਗਲਵਾਰ ਦੀ ਰਾਤ ਨੂੰ ਲੱਗ-ਭੱਗ 10 ਵਜੇ ਦਿੱਲੀ ਵਿਚ ਬਦਮਾਸ਼ਾਂ ਨੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ( Officer on Special Duty ) ਦੀ ਕਾਰ ਲੁੱਟ ਲਈ। ਹਾਲਾਂਕਿ ਬਾਅਦ ਵਿਚ ਬਦਮਾਸ਼ਾਂ ਨੂੰ ਸ਼ਾਇਦ ਇਸ ਗੱਲ ਦੀ ਭਿਨਕ ਲੱਗ ਗਈ ਅਤੇ ਫੜੇ ਜਾਣ ਦੇ ਡਰ ਨਾਲ ਉਹ ਕਾਰ ਨੂੰ ਨੋਏਡਾ ਵਿਚ ਛੱਡ ਕੇ ਫਰਾਰ ਹੋ ਗਏ। ਰਿਪੋਰਟਸ ਦੇ ਮੁਤਾਬਕ ਕੇਂਦਰੀ ਮੰਤਰੀ ਜੇਪੀ ਨੱਡਾ ਦੇ OSD ਮੰਗਲਵਾਰ ਰਾਤ ਅਪਣੀ ਸਵਿਫਟ ਡਿਜਾਇਰ ਕਾਰ ਨਾਲ ਦਿੱਲੀ ਸਥਿਤ ਨਿਜਾਮੁੱਦੀਨ ਕੋਤਵਾਲੀ ਖੇਤਰ ਤੋਂ ਲੰਘ ਰਹੇ ਸਨ। ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਬਾਰਾਪੁਲਾ ਦੇ ਕੋਲ ਰੋਕਿਆ ਅਤੇ ਕਾਰ ਲੂਟ ਕੇ ਨੋਏਡਾ ਦੇ ਪਾਸੇ ਭੱਜ ਗਏ। ਇਸ ਵਾਰਦਾਤ ਤੋਂ ਬਾਅਦ ਮੰਤਰੀ ਨੇ ਦਿੱਲੀ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿਤੀ। ਲੁੱਟ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਨੇ ਨੋਏਡਾ ਪੁਲਿਸ ਨੂੰ ਅਲਰਟ ਕਰ ਦਿਤਾ। ਨੋਇਡਾ ਪੁਲਿਸ ਨੇ ਇਸ ਤੋਂ ਬਾਅਦ ਸਖਤ ਘੇਰਾਬੰਦੀ ਕਰ ਦਿਤੀ ਅਤੇ ਫੜੇ ਜਾਣ ਦੇ ਡਰ ਨਾਲ ਬਦਮਾਸ਼ ਸੈਕਟਰ – 2 ਵਿਚ ਕਾਰ ਛੱਡਕੇ ਭੱਜ ਗਏ। ਪੁਲਿਸ ਨੇ ਘੇਰਾਬੰਦੀ ਕਰਕੇ ਵਾਰਦਾਤ ਦੇ 15 – 20 ਮਿੰਟ ਦੇ ਅੰਦਰ ਹੀ ਕਾਰ ਬਰਾਮਦ ਕਰ ਲਈ।

ਮਾਇਆਵਤੀ ਨੇ ਭਾਜਪਾ ਤੇ ਕਾਂਗਰਸ ਨੂੰ ਰਗੜੇ ਲਾਏ

ਭੁਵਨੇਸ਼ਵਰ-ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਭਾਜਪਾ ਅਤੇ ਕਾਂਗਰਸ ’ਤੇ ਤਿੱਖੇ ਹਮਲੇ ਕਰਦਿਆਂ ਦੋਵਾਂ ਪਾਰਟੀਆਂ ’ਤੇ ਅਮੀਰਾਂ ਨੂੰ ਫਾਇਦਾ ਪਹੁੰਚਾਉਣ ਲਈ ਗਰੀਬਾਂ ਅਤੇ ਘੱਟ-ਗਿਣਤੀਆਂ ਨਾਲ ਧੋਖਾ ਕਰਨ ਦੇ ਦੋਸ਼ ਲਾਏ ਹਨ।
ਉੜੀਸਾ ਵਿਚ ਰੈਲੀ ਨਾਲ ਆਪਣੀ ਪਾਰਟੀ ਦੀ ਚੋਣ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਦਿਆਂ ਬਸਪਾ ਸੁਪਰੀਮੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਸਰਕਾਰ ’ਤੇ ਜਲਦਬਾਜ਼ੀ ਵਿਚ ਜੀਐੱਸਟੀ ਪੇਸ਼ ਕਰਨ ਅਤੇ ਉਸ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿਚ ਨਾਕਾਮ ਰਹਿਣ ਦੇ ਦੋਸ਼ ਲਾਏ। ਉਨ੍ਹਾਂ ਨੋਟਬੰਦੀ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਲਦਬਾਜ਼ੀ ਵਿੱਚ ਚੁੱਕੇ ਗਏ ਇਸ ਕਦਮ ਨਾਲ ਛੋਟੇ ਕਾਰੋਬਾਰੀਆਂ ਅਤੇ ਵਪਾਰੀਆਂ ਦਾ ਸ਼ੋਸ਼ਣ ਹੋਇਆ ਹੈ। ਮਾਇਆਵਤੀ ਨੇ ਕਿਹਾ, ‘‘ਕਾਂਗਰਸ ਅਤੇ ਭਾਜਪਾ ਦੋਵੇਂ ਹੀ ਭ੍ਰਿਸ਼ਟ ਹਨ। ਕਾਂਗਰਸ ਬੋਫੋਰਜ਼ ਘੁਟਾਲੇ ਵਿਚ ਸ਼ਮੂਲੀਅਤ ਕਾਰਨ ਸੁਰਖੀਆਂ ਵਿਚ ਰਹੀ ਸੀ ਤਾਂ ਭਾਜਪਾ ਰਾਫਾਲ ਸੌਦੇ ਵਿਚ ਫਸੀ ਹੋਈ ਹੈ।’’ ਦੋਵੇਂ ਪਾਰਟੀਆਂ ’ਤੇ ਵਰ੍ਹਦਿਆਂ ਬਸਪਾ ਸੁਪਰੀਮੋ ਨੇ ਉਨ੍ਹਾਂ ’ਤੇ ਦਲਿਤ, ਪੱਛੜੇ ਅਤੇ ਘੱਟ ਗਿਣਤੀ ਵਰਗਾਂ ਦੇ ਵਿਕਾਸ ਲਈ ਕਦੇ ਕੋਈ ਕੰਮ ਨਾ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ, ‘‘ਦਲਿਤਾਂ ਪ੍ਰਤੀ ਉਨ੍ਹਾਂ ਦੀ ਭੇਦਭਾਵ ਵਾਲੀ ਮਾਨਸਿਕਤਾ ਅਜੇ ਵੀ ਨਹੀਂ ਬਦਲੀ ਹੈ।’’ ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੌਰਾਨ ਬੇਰੁਜ਼ਗਾਰੀ ਕਾਫੀ ਵਧ ਗਈ ਹੈ।

BHU ਕੈਂਪਸ ‘’ਚ ਗੋਲੀ ਮਾਰਕੇ ਵਿਦਿਆਰਥੀ ਦਾ ਕਤਲ

ਵਾਰਾਣਸੀ- ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਸਥਿਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਬਿੜਲਾ–ਏ ਹੋਸਟਲ ਦੇ ਬਾਹਰ ਦੋ ਬਾਈਕ ਉਤੇ ਸਵਾਰ ਵਿਦਿਆਰਥੀਆਂ ਨੇ ਦਸ ਰਾਊਂਡ ਫਾਈਰਿੰਗ ਕਰਕੇ ਬਰਖਾਸਤ ਵਿਦਿਆਰਥੀ ਦਾ ਕਤਲ ਕਰ ਦਿੱਤਾ। ਉਸਦੇ ਪੇਟ ਵਿਚ ਤਿੰਨ ਗੋਲੀਆਂ ਲੱਗੀਆਂ, ਮੌਕੇ ਤੇ ਹੀ ਸਥਾਨਕ ਪੁਲਿਸ ਪਹੁੰਚੀ ਅਤੇ ਗੰਭੀਰ ਹਾਲਤ ਵਿਚ ਪੁਲਿਸ ਉਸ ਨੂੰ ਟ੍ਰਾਮਾ ਸੈਂਟਰ ਲੈ ਗਈ, ਜਿੱਥੇ ਇਲਾਜ ਦੌਰਾਨ ਦੇਰ ਰਾਤ ਉਸਦੀ ਮੌਤ ਹੋ ਗਈ। ਉਥੇ ਬੀਐਚਯੂ ਪ੍ਰਸ਼ਾਸਨ ਨੇ ਵਿਦਿਆਰਥੀ ਦੇ ਕਤਲ ਬਾਅਦ ਇਕ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਦੇ ਪਿਤਾ ਨੇ ਚੀਫ਼ ਪ੍ਰੋਕਟਰ ਅਤੇ ਚਾਰ ਵਿਦਿਆਰਥੀਆਂ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ। ਵਿਦਿਆਰਥੀ ਦੀ ਪਛਾਣ ਗੌਰਵ ਸਿੰਘ ਦੇ ਨਾਲ ਤੋਂ ਹੋਈ। ਗੌਰਵ ਸਿੰਘ ਦਾ ਹਰੀਸ਼ਚੰਦਰ ਘਾਟ ਉਤੇ ਅੰਤਿਮ ਸਸਕਾਰ ਕੀਤਾ ਗਿਆ। ਵਿਦਿਆਰਥੀ ਦੀ ਮੌਤ ਬਾਅਦ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਕੈਂਪਸ ਵਿਚ ਭਾਰੀ ਫੋਰਸ ਤੈਨਾਤ ਹੈ। ਗੌਰਵ ਸਿੰਘ ਨੂੰ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ਸੀ। ਐਮਸੀਏ ਦੀ ਪੜ੍ਹਾਈ ਦੌਰਾਨ ਅੱਗਜਨੀ ਦੀ ਇਕ ਘਟਨਾ ਦੇ ਕਾਰਨ ਯੂਨੀਵਰਸਿਟੀ ਤੋਂ ਬਰਖਾਸਤ ਕੀਤਾ ਗਿਆ ।
ਗੌਰਵ ਸਿੰਘ ਮੰਗਲਵਾਰ ਸ਼ਾਮ ਬਿੜਲਾ ਹੋਸਟਲ ਚੋਰਾਹੇ ਉਤੇ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ। ਕਰੀਬ 6:30 ਵਜੇ ਦੋ ਬਾਈਕ ਉਤੇ ਸਵਾਰ ਚਾਰ ਵਿਦਿਆਰਥੀ ਆਏ ਅਤੇ ਗੌਰਵ ਉਤੇ ਤਾਬੜਤੋੜ ਫਾਈਰਿੰਗ ਕਰ ਦਿੱਤੀ। ਹਮਲਾਵਰਾਂ ਨੇ ਘੱਟੋ-ਘੱਟ ਦਸ ਗੋਲੀਆਂ ਚਲਾਈਆਂ। ਗੌਰਵ ਨੂੰ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਡਿੱਗ ਗਿਆ। ਅਚਾਨਕ ਹੋਏ ਹਮਲੇ ਵਿਚ ਵਿਦਿਆਰਥੀਆਂ ਵਿਚ ਭਗਦੜ ਮਚ ਗਈ। ਸੂਚਨਾ ਮਿਲਦੇ ਹੀ ਪ੍ਰਾਕਟੋਰੀਅਲ ਬੋਰਡ ਅਤੇ ਪੁਲਿਸ ਦੀ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਜਖ਼ਮੀ ਹਾਲਤ ਵਿਚ ਵਿਦਿਆਰਥੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੇਰ ਰਾਤ ਕਰੀਬ 1:30 ਵਜੇ ਉਸਦੀ ਮੌਤ ਹੋ ਗਈ

ਭਾਰਤ ਨੇ ਪਾਕਿਸਤਾਨ ਨੂੰ 10 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦੀ ਕੀਤੀ ਮੰਗ

ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਸਜ਼ਾ ਪੂਰੀ ਕਰ ਚੁਕੇ ਭਾਰਤੀ ਕੈਦੀਆਂ ਦੀ ਰਿਹਾਈ ਅਤੇ ਉਹਨਾਂ ਨੂੰ ਤੁਰੰਤ ਵਾਪਿਸ ਭੇਜਣ ਲਈ ਮੰਗਲਵਾਰ ਨੂੰ ਪੱਤਰ ਭੇਜਿਆ ਸੀ। ਸੂਤਰਾਂ ਮੁਤਾਬਿਕ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਪੱਤਰ ਭੇਜ ਕੇ ਸਜ਼ਾ ਪੂਰੀ ਹੋਣ ਅਤੇ ਰਾਸ਼ਟਰ ਦੀ ਪੁਸ਼ਟੀ ਹੋਣ ਦੇ ਬਾਵਜੂਦ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਭਾਰਤੀ ਕੈਦੀਆਂ ਨੂੰ ਲੈ ਕੇ ਭਾਰਤ ਦੀ ਗਹਿਰੀ ਚਿੰਤਾ ਵਿਅਕਤ ਕਰਦੇ ਹੋਏ, ਉਹਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਵਾਪਿਸ ਭੇਜਣ ਦੀ ਮੰਗ ਕੀਤੀ ਹੈ।
ਮੰਤਰਾਲੇ ਦਾ ਕਹਿਣਾ ਹੈ ਕਿ ਪਾਕਿਸਤਾਨੀ ਜੇਲ੍ਹਾਂ ਵਿਚ ਪੰਜ ਭਾਰਤੀ ਨਾਗਰਿਕ ਅਤੇ 385 ਭਾਰਤੀ ਮਛੇਰੇ ਬੰਦ ਹਨ, ਜਿਨ੍ਹਾਂ ਦੇ ਭਾਰਤੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਭਾਰਤ ਨੇ ਪਾਕਿਸਤਾਨ ਨੂੰ ਉਹਨਾਂ ਦੀ ਜਲਦ ਰਿਹਾਈ ਅਤੇ ਵਾਪਸੀ ਲਈ ਜਰੂਰੀ ਇੰਤਜ਼ਾਮ ਕਰਨ ਦੀ ਬੇਨਤੀ ਕੀਤੀ ਹੈ।
ਵਿਦੇਸ਼ ਮੰਤਰਾਲੇ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ ਵਿਸ਼ੇਸ਼ ਮੈਡੀਕਲ ਟੀਮ ਦੇ ਮੈਂਬਰਾਂ ਨੂੰ ਵੀਜ਼ਾ ਦੇਣ ਵਿਚ ਤੇਜ਼ੀ ਲਿਆਉਣ ਲਈ ਕਿਹਾ ਹੈ। ਵਿਸ਼ੇਸ਼ ਮੈਡੀਕਲ ਟੀਮ ਨੂੰ ਪਾਕਿਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਕੈਦੀਆਂ ਦੀ ਜਾਂਚ ਲਈ ਪਾਕਿਸਤਾਨ ਭੇਜਿਆ ਜਾਵੇਗਾ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਪੱਖੋਂ ਬਿਮਾਰ ਹਨ।

ਜੀਡੀਪੀ ਦਾ 6 ਫੀਸਦ ਸਿੱਖਿਆ ’ਤੇ ਖਰਚਾਂਗੇ: ਰਾਹੁਲ

ਜ਼ਹੀਰਾਬਾਦ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਯੂਪੀਏ ਸਰਕਾਰ ਦੇ ਸੱਤਾ ਵਿੱਚ ਆਉਣ ’ਤੇ ਜੀਡੀਪੀ ਦਾ 6 ਫੀਸਦ ਸਿੱਖਿਆ ’ਤੇ ਖਰਚ ਕੀਤਾ ਜਾਵੇਗਾ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਕਾਂਗਰਸ ਹੀ ਭਾਜਪਾ ਨੂੰ ਟੱਕਰ ਦੇਣ ਦੇ ਸਮਰੱਥ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਟੀਆਰਐਸ ਸਰਕਾਰ ਅਮਿਤ ਸ਼ਾਹ ਦੀ ਅਗਵਾਈ ਵਾਲੀ ਭਾਜਪਾ ਨਾਲ ‘ਮਿਲੀ’ ਹੋਈ ਹੈ ਤੇ ਤਿਲੰਗਾਨਾ ਦਾ ਰਿਮੋਟ ਕੰਟਰੋਲ ਮੋਦੀ ਹੱਥ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਜ਼ਾਨਾ 27000 ਲੋਕਾਂ ਤੋਂ ਉਨ੍ਹਾਂ ਦਾ ਰੁਜ਼ਗਾਰ(ਨੌਕਰੀਆਂ) ਖੋਹ ਰਹੇ ਹਨ। ਰਾਹੁਲ ਨੇ ਕਿਹਾ ਕਿ ਗਰੀਬੀ ਦੇ ਖ਼ਾਤਮੇ ਲਈ ਤਜਵੀਜ਼ਤ ਘੱਟੋ-ਘੱਟ ਆਮਦਨ ਸਕੀਮ (ਨਿਆਏ) ਤਹਿਤ ਦਿੱਤਾ ਜਾਣ ਵਾਲਾ ਪੈਸਾ ਸਿੱਧਾ ਸਬੰਧਤ ਪਰਿਵਾਰ ਦੀ ਮਹਿਲਾ ਦੇ ਖਾਤੇ ’ਚ ਤਬਦੀਲ ਕੀਤਾ ਜਾਵੇਗਾ। ਸ੍ਰੀ ਗਾਂਧੀ ਇਥੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਲੋਕ ਸਭਾ ਚੋੋਣਾਂ ਦੇ ਐਲਾਨ ਮਗਰੋਂ ਤਿਲੰਗਾਨਾ ਦੀ ਆਪਣੀ ਪਲੇਠੀ ਫੇਰੀ ’ਤੇ ਆਏ ਰਾਹੁਲ ਗਾਂਧੀ ਨੇ ਕਿਹਾ, ‘ਚੀਨ ਜਿੱਥੇ ਹਰ 24 ਘੰਟੇ ਵਿੱਚ 50 ਹਜ਼ਾਰ ਲੋਕਾਂ ਨੂੰ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾ ਰਿਹਾ ਹੈ, ਉਥੇ ਸ੍ਰੀ ਮੋਦੀ ਰੋਜ਼ਾਨਾ 27 ਹਜ਼ਾਰ ਲੋਕਾਂ ਨੂੰ ਬੇਰੁਜ਼ਗਾਰ ਕਰ ਰਹੇ ਹਨ।’ ਉਨ੍ਹਾਂ ਕਿਹਾ, ‘ਮੋਦੀ ਨੇ ਸਾਲਾਨਾ ਦੋ ਕਰੋੜ ਨੌਕਰੀਆਂ ਪੈਦਾ ਕਰਨ ਦਾ ਵਾਅਦਾ ਕੀਤਾ ਸੀ, ਕੀ ਤੁਹਾਡੇ ’ਚੋਂ ਕਿਸੇ ਨੂੰ ਰੁਜ਼ਗਾਰ/ਨੌਕਰੀਆਂ ਮਿਲੀਆਂ।’ ਕਾਂਗਰਸ ਪ੍ਰਧਾਨ ਨੇ ਕਥਿਤ ਕਿਹਾ ਕਿ ਪਿਛਲੇ 45 ਸਾਲਾਂ ’ਚ ਮੋਦੀ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਬੇਰੁਜ਼ਗਾਰੀ ਦੀ ਦਰ ਸਿਖਰਲੇ ਪੱਧਰ ’ਤੇ ਸੀ। ਸ੍ਰੀ ਗਾਂਧੀ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਯੂਪੀਏ ਜੀਡੀਪੀ ਦਾ 6 ਫੀਸਦ ਸਿੱਖਿਆ, ਨਵੇਂ ਕਾਲਜਾਂ, ਯੂਨੀਵਰਸਿਟੀਆਂ ਤੇ ਸੰਸਥਾਵਾਂ ਦੇ ਨਿਰਮਾਣ ਤੇ ਵਜ਼ੀਫ਼ੇ ਮੁਹੱਈਆ ਕਰਵਾਉਣ ’ਤੇ ਖਰਚੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇ.ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੀ ਸੂਬੇ ਦੀ ਟੀਆਰਐਸ (ਤਿਲੰਗਾਨਾ ਰਾਸ਼ਟਰ ਸਮਿਤੀ) ਸਰਕਾਰ ਭਾਜਪਾ ਨਾਲ ਕਥਿਤ ‘ਮਿਲੀ’ ਹੋਈ ਹੈ। ਰਾਓ ਨੇ ਕਦੇ ਵੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੀ ਨੁਕਤਾਚੀਨੀ ਨਹੀਂ ਕੀਤੀ ਤੇ ਜੀਐਸਟੀ ਤੇ ਨੋਟਬੰਦੀ ਜਿਹੇ ਮੁੱਦਿਆਂ ’ਤੇ ਭਾਜਪਾ ਸਰਕਾਰ ਦੀ ਹਮਾਇਤ ਕੀਤੀ ਹੈ।

ਰਾਹੁਲ ਗਾਂਧੀ ਨੂੰ ਟੱਕਰ ਦੇਣ ਲਈ ਐਨਡੀਏ ਨੇ ਉਮੀਦਵਾਰ ਐਲਾਨਿਆ

ਚੰਡੀਗੜ੍ਹ- ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਐਨਡੀਏ ਵੱਲੋਂ ਭਾਰਤ ਧਰਮ ਜਨ ਸੇਵਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਉਮੀਦਵਾਰ ਹੋਣਗੇ। ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਾਇਨਾਡ ਸੀਟ ਤੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਐਨਡੀਏ ਨੇ ਵੀ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਸ਼ਾਹ ਨੇ ਤੁਸ਼ਾਰ ਵੇਲਾਪੱਲੀ ਦੇ ਨਾਂ ਦੇ ਐਲਾਨ ਬਾਰੇ ਟਵੀਟ ਕਰਦਿਆਂ ਲਿਖਿਆ ਕਿ ਤੁਸ਼ਾਰ ਵੇਲਾਪੱਲੀ ਬੇਹੱਦ ਡਾਇਨਾਮਿਕ ਨੌਜਵਾਨ ਲੀਡਰ ਹਨ। ਭਾਜਪਾ ਪ੍ਰਧਾਨ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਭਾਰਤ ਧਰਮ ਜਨ ਸੈਨਾ ਦੇ ਪ੍ਰਧਾਨ ਤੁਸ਼ਾਰ ਵੇਲਾਪੱਲੀ ਵਾਇਨਾਡ ਸੀਟ ਤੋਂ ਐਨਡੀਏ ਉਮੀਦਵਾਰ ਹੋਣਗੇ।
ਦੱਸ ਦੇਈਏ ਕਿ ਵਾਇਨਾਡ ਸੀਟ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਮੀਦਵਾਰ ਹਨ। ਵੇਲਾਪੱਲੀ ਨਾਤੇਸਨ ਨੇ ਸਾਲ 2015 ਵਿਚ ਕੇਰਲ ਵਿਚ ਭਾਰਤ ਧਰਮ ਜਨ ਸੈਨਾ ਦਾ ਗਠਨ ਕੀਤਾ ਸੀ ਜਿਸ ਦੇ ਪ੍ਰਧਾਨ ਹੁਣ ਉਨ੍ਹਾਂ ਦੇ ਪੁੱਤਰ ਤੁਸ਼ਾਰ ਵੇਲਾਪੱਲੀ ਹਨ। ਇਹ ਕੇਰਲ ਵਿਚ ਐਨਡੀਏ ਦੀ ਇਕ ਭਾਈਵਾਲ ਪਾਰਟੀ ਹੈ। ਭਾਜਪਾ ਦੀ ਰਣਨੀਤੀ ਰਾਹੁਲ ਖ਼ਿਲਾਫ਼ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰ ਕੇ ਬਾਜ਼ੀ ਪਲਟਣ ਦੀ ਹੈ।
ਐਤਵਾਰ ਨੂੰ ਕਾਂਗਰਸ ਨੇ ਐਲਾਨ ਕੀਤਾ ਸੀ ਕਿ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਦੀ ਅਮੇਠੀ ਸੀਟ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜਨਗੇ। ਦੱਸਣਯੋਗ ਹੈ ਕਿ ਕਾਂਗਰਸ ਵੱਲੋਂ ਰਾਹੁਲ ਗਾਂਧੀ ਦੇ ਨਾਂ ਦੇ ਐਲਾਨ ਮਗਰੋਂ ਖੱਬੇ ਪੱਖੀ ਪਾਰਟੀਆਂ ਵਿਚ ਸਰਗਰਮੀਆਂ ਵਧ ਗਈਆਂ ਹਨ। ਖੱਬੇ ਪੱਖੀ ਪਾਰਟੀਆਂ ਨੇ ਇਸ ਨੂੰ ਭਾਜਪਾ ਖਿਲਾ਼ਫ ਲੜਾਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੱਸਦਿਆਂ ਰਾਹੁਲ ਗਾਂਧੀ ਨੂੰ ਹਰਾਉਣ ਦਾ ਦਾਅਵਾ ਕੀਤਾ ਹੈ।