ਮੁੱਖ ਖਬਰਾਂ
Home / ਭਾਰਤ

ਭਾਰਤ

ਸਮਰਪਣ ਨਾ ਕਰਨ ਵਾਲੇ ਅਤਿਵਾਦੀਆਂ ਨਾਲ ਨਜਿੱਠਣਾ ‘ਧੱਕੇਸ਼ਾਹੀ’ ਨਹੀਂ : ਜੇਤਲੀ

ਨਵੀਂ ਦਿੱਲੀ-ਕਾਂਗਰਸ ਤੇ ਮਨੁੱਖੀ ਅਧਿਕਾਰ ਸਮੂਹਾਂ ਨੂੰ ਲੰਬੇ ਹੱਥੀਂ ਲੈਂਦਿਆਂ ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਨੇ ਕਿਹਾ ਕਿ ਆਤਮ ਸਮਰਪਣ ਨਾ ਕਰਨ ਵਾਲੇ ਅਤਿਵਾਦੀਆਂ ਨਾਲ ਨਜਿੱਠਣਾ ਕੋਈ ‘ਧੱਕੇਸ਼ਾਹੀ’ ਨਹੀਂ ਹੈ। ਇਹ ਅਮਨ ਤੇ ਕਾਨੂੰਨ ਦਾ ਮੁੱਦਾ ਹੈ ਜਿਸਦੇ ਰਾਜਨੀਤਕ ਹੱਲ ਦੀ ਉਡੀਕ ਨਹੀਂ ਕੀਤੀ ਜਾ ਸਕਦੀ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਵਿੱਚ ਗਵਰਨਰੀ ਰਾਜ ਲਾਗੂ ਹੋਣ ’ਤੇ ਕਾਂਗਰਸੀ ਆਗੂਆਂ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਕਸ਼ਮੀਰ ਸਮੱਸਿਆ ਦੇ ਹੱਲ ਲਈ ਫਿਰ ‘ਧੱਕੇਸ਼ਾਹੀ’ ਵਾਲੀ ਨੀਤੀ ਅਖਤਿਆਰ ਕੀਤੀ ਜਾ ਸਕਦੀ ਹੈ।
ਸ੍ਰੀ ਜੇਤਲੀ ਨੇ ਆਪਣੇ ਫੇਸਬੁੱਕ ਪੇਜ ’ਤੇ ਲਿਖਿਆ ਕਿ ਇਕ ਕਾਤਲ ਨਾਲ ਨਜਿੱਠਣਾ ਅਮਨ ਤੇ ਕਾਨੂੰਨ ਦਾ ਮੁੱਦਾ ਹੈ। ਇਹ ਰਾਜਨੀਤਕ ਹੱਲ ਦੀ ਉਡੀਕ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘‘ਇਕ ਫਿਦਾਈਨ ਮਰਨ ਤੇ ਮਾਰਨ ’ਤੇ ਉਤਾਰੂ ਹੁੰਦਾ ਹੈ।ਕੀ ਉਸ ਨਾਲ ਸੱਤਿਆਗ੍ਰਹਿ ਦੀ ਪੇਸ਼ਕਸ਼ ਕਰਕੇ ਨਜਿੱਠਿਆ ਜਾਵੇ? ਉਹ ਲੋਕਾਂ ਨੂੰ ਮਾਰਨ ਲਈ ਆਉਂਦਾ ਹੈ। ਕੀ ਉਸ ਵੇਲੇ ਉਸ ਦਾ ਮੁਕਾਬਲਾ ਕਰ ਰਹੇ ਸੁਰੱਖਿਆ ਬਲਾਂ ਵੱਲੋਂ ਉਸ ਨੂੰ ਮੇਜ ’ਤੇ ਬੈਠ ਕੇ ਗੱਲਬਾਤ ਕਰਨ ਦਾ ਸੱਦਾ ਦੇਣਾ ਚਾਹੀਦਾ ਹੈ।’’
ਸ੍ਰੀ ਜੇਤਲੀ ਨੇ ਕਿਹਾ ਕਿ ਸਾਡੀ ਨੀਤੀ ਵਾਦੀ ਵਿੱਚ ਆਮ ਲੋਕਾਂ ਨੂੰ ਸੁਰੱਖਿਆ ਦੇਣ, ਦਹਿਸ਼ਤ ਤੋਂ ਆਜ਼ਾਦੀ ਦਿਵਾਉਣ ਅਤੇ ਉਨ੍ਹਾਂ ਨੂੰ ਇਕ ਬਿਹਤਰ ਜ਼ਿੰਦਗੀ ਤੇ ਵਧੀਆ ਮਾਹੌਲ ਦੇਣ ਲਈ ਹੋਣੀ ਚਾਹੀਦੀ ਹੈ।ਇਹ ਆਮ ਲੋਕਾਂ ਦੀ ਆਜ਼ਾਦੀ ਤੇ ਜਿਉਣ ਦੇ ਹੱਕ ਦੀ ਰਾਖੀ ਲਈ ਸਭ ਤੋਂ ਕਾਰਗਰ ਨੀਤੀ ਹੈ।

ਸਵੇਰੇ 5 ਵਜੇ ਹੀ ਸਰਕਾਰੀ ਬੰਗਲਾ ਖਾਲੀ ਕਰ ਗਏ ਜਸਟਿਸ ਚੇਲਮੇਸ਼ਵਰ

ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਜੱਜ ਜਸਟਿਸ ਜੇ. ਚੇਲਮੇਸ਼ਵਰ ਦੇ ਕਾਰਜਕਾਲ ਦਾ ਅੱਜ ਆਖ਼ਰੀ ਦਿਨ ਸੀ ਪਰ ਉਹ ਆਪਣੀ ਸੇਵਾ ਮੁਕਤੀ ਦੇ ਦਿਨ ਸਵੇਰੇ 5 ਵਜੇ
ਸਰਕਾਰੀ ਬੰਗਲਾ ਖ਼ਾਲੀ ਕਰ ਗਏ | ਉਹ 6 ਸਾਲ ਪਹਿਲਾਂ 4 ਤੁਗਲੁਕ ਰੋਡ ਸਥਿਤ ਇਸ ਬੰਗਲੇ ‘ਚ ਆਏ ਸਨ ਅਤੇ ਸੇਵਾ ਮੁਕਤੀ ਦੇ ਦਿਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਪੈਕਿੰਗ ਸ਼ੁਰੂ ਹੋ ਚੁੱਕੀ ਸੀ | ਸੂਤਰਾਂ ਮੁਤਾਬਿਕ ਉਨ੍ਹਾਂ ਸੇਵਾ ਮੁਕਤ ਹੋਣ ‘ਤੇ ਆਪਣੇ ਗ੍ਰਹਿ ਸੂਬੇ ‘ਚ ਚਲੇ ਜਾਣ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ ਅਤੇ ਉਨ੍ਹਾਂ ਦਾ ਸਾਮਾਨ ਪਹਿਲਾਂ ਹੀ ਦਿੱਲੀ ਤੋਂ ਭੇਜਿਆ ਜਾ ਚੁੱਕਾ ਸੀ | ਚੀਫ਼ ਜਸਟਿਸ ਦੀਪਕ ਮਿਸ਼ਰਾ ਿਖ਼ਲਾਫ਼ ਆਪਣੇ 3 ਸੀਨੀਅਰ ਜੱਜ ਸਾਥੀਆਂ ਨਾਲ ਮਿਲ ਕੇ ਪ੍ਰੈਸ ਕਾਨਫ਼ਰੰਸ ਕਰਕੇ ਚਰਚਾ ‘ਚ ਆਉਣ ਵਾਲੇ ਜਸਟਿਸ ਚੇਲਮੇਸ਼ਵਰ ਨੇ 18 ਮਈ ਨੂੰ ਚੀਫ਼ ਜਸਟਿਸ ਨਾਲ ਡਾਇਸ ਸਾਂਝੀ ਕੀਤੀ ਸੀ | ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਣਾ ਜ਼ਿਲ੍ਹੇ ਦੇ ਮੋਵਆ ਮੰਡਲ ਦੇ ਪੇਡਾ ਮੁਤਤੇਵੀ ‘ਚ 23 ਜੂਨ, 1953 ਨੂੰ ਜਨਮੇ ਚੇਲਮੇਸ਼ਵਰ ਨੇ ਆਪਣੀ ਮੁੱਢਲੀ ਪੜ੍ਹਾਈ ਮੱਛਲੀਪਟਨਮ ਦੇ ਹਿੰਦੂ ਹਾਈ ਸਕੂਲ ਤੋਂ ਕੀਤੀ ਸੀ | ਉਨ੍ਹਾਂ ਚੇਨਈ ਦੇ ਲੋਯਲਾ ਕਾਲਜ ਤੋਂ ਭੌਤਿਕ ਵਿਗਿਆਨ ‘ਚ ਗਰੈਜੂਏਸ਼ਨ ਕੀਤੀ ਸੀ ਅਤੇ 1976 ‘ਚ ਵਿਸ਼ਾਖਾਪਟਨਮ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਸੀ | ਉਹ 2007 ‘ਚ ਗੁਹਾਟੀ ਹਾਈਕੋਰਟ ਦੇ ਚੀਫ਼ ਜਸਟਿਸ ਬਣੇ ਸਨ ਤੇ ਬਾਅਦ ‘ਚ ਉਨ੍ਹਾਂ ਦੀ ਬਦਲੀ ਕੇਰਲ ਹਾਈਕੋਰਟ ‘ਚ ਹੋ ਗਈ ਸੀ | ਜਸਟਿਸ ਚੇਲਮੇਸਵਰ 10 ਅਕਤੂਬਰ 2011 ਨੂੰ ਸੁਪਰੀਮ ਕੋਰਟ ਦੇ ਜੱਜ ਬਣੇ ਸਨ |

ਵਾਟਸਐਪ ‘ਤੇ ਅਸ਼ਲੀਲ ਚੈਟਿੰਗ ਵੀ ਕਰਦਾ ਸੀ ਦਾਤੀ, ਕ੍ਰਾਈਮ ਬ੍ਰਾਂਚ ਨੇ ਕੀਤੀ 9 ਘੰਟਿਆਂ ਤੱਕ ਪੁੱਛਗਿੱਛ

ਨਵੀਂ ਦਿੱਲੀ-ਕ੍ਰਾਈਮ ਬ੍ਰਾਂਚ ਨੇ ਲਗਭਗ 9 ਘੰਟੇ ਦੀ ਪੁੱਛਗਿੱਛ ਵਿਚ ਦਾਤੀ ਮਦਨ ਤੋਂ ਬੇਸ਼ੱਕ ਪੂਰੀ ਤਿਆਰੀ ਨਾਲ ਸਵਾਲ ਕੀਤੇ ਹੋਣ ਪਰ ਉਸਨੇ ਵੀ ਡਟ ਕੇ ਸਾਹਮਣਾ ਕੀਤਾ। ਹਾਲਾਂਕਿ ਪੁਲਸ ਟੀਮ ਬਾਬੇ ਦੀ ਕਾਲ ਡਿਟੇਲ ਤੋਂ ਇਲਾਵਾ ਵਾਟਸਐਪ ਚੈਟ ਖੰਗਾਲ ਰਹੀ ਹੈ।
ਸ਼ੱਕ ਹੈ ਕਿ ਬਾਬਾ ਕਿਸੇ ਨਾਲ ਗੱਲ ਕਰਨ ਲਈ ਵਾਟਸਐਪ ਕਾਲਿੰਗ ਦੀ ਵਰਤੋਂ ਕਰਦਾ ਸੀ। ਸੂਤਰਾਂ ਦੀ ਮੰਨੀਏ ਤਾਂ ਦਾਤੀ ਦੇ ਮੋਬਾਇਲ ਫੋਨ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਕੁਝ ਅਸ਼ਲੀਲ ਵਾਟਸਐਪ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਸ ਸੋਮਵਾਰ ਸਵੇਰੇ ਉਸਦੀ ਗ੍ਰਿਫਤਾਰੀ ਕਰ ਕੇ ਕੋਰਟ ਦੇ ਸਾਹਮਣੇ ਪੇਸ਼ ਕਰੇਗੀ। ਅਜੇ ਤੱਕ ਪੁਲਸ ਨੂੰ ਪੁੱਛਗਿੱਛ ਵਿਚ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨਾਲ ਕਿ ਪੀੜਤਾ ਨਾਲ ਦੁਸ਼ਕਰਮ ਦੀ ਗੱਲ ਸਪੱਸ਼ਟ ਹੋ ਸਕੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਾਤੀ ਮਦਨ ਦੇ ਮੋਬਾਇਲ ਵਿਚ 32 ਅਸ਼ਲੀਲ ਵਾਟਸਐਪ ਚੈਟਸ ਮਿਲੀਆਂ ਹਨ ਪਰ ਇਨ੍ਹਾਂ ਚੈਟਸ ਦਾ ਪੀੜਤਾ ਨਾਲ ਕੋਈ ਸਬੰਧ ਨਹੀਂ ਹੈ। ਇਸ ਕਾਰਨ ਪੁਲਸ ਦੇ ਸਾਹਮਣੇ ਮਹੱਤਵਪੂਰਨ ਸਬੂਤਾਂ ਨੂੰ ਤਲਾਸ਼ਣ ਵਿਚ ਦਿੱਕਤ ਆ ਰਹੀ ਹੈ। ਸ਼ੁੱਕਰਵਾਰ ਲੰਮੀ ਪੁੱਛਗਿੱਛ ਦੌਰਾਨ ਦਾਤੀ ਮਦਨ ਨੇ ਖਾਣਾ ਖਾਣ ਤੋਂ ਵੀ ਇਨਕਾਰ ਕਰ ਦਿੱਤਾ ਪਰ ਜੁਆਇੰਟ ਸੀ. ਪੀ. ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਖਾਣਾ ਖੁਆ ਕੇ ਦੁਬਾਰਾ ਪੁੱਛਗਿੱਛ ਜਾਰੀ ਕੀਤੀ ਜੋ ਕਿ ਦੇਰ ਰਾਤ ਤੱਕ ਚਲੀ।

ਕਮਲ ਹਾਸਨ ਵੱਲੋਂ ਸੋਨੀਆ ਗਾਂਧੀ ਨਾਲ ਮੁਲਾਕਾਤ

ਨਵੀਂ ਦਿੱਲੀ-ਮੱਕੜ ਨੀਧੀ ਮਾਇਆਮ ਐਮਐਨਐਮ ਦੇ ਪ੍ਰਧਾਨ ਕਮਲ ਹਾਸਨ ਨੇ ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਤਾਮਿਲ ਨਾਡੂ ਦੇ ਸਿਆਸੀ ਹਾਲਾਤ ’ਤੇ ਵਿਚਾਰ ਚਰਚਾ ਕੀਤੀ।
ਕਮਲ ਹਾਸਨ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਮੁਲਾਕਾਤ ਕੀਤੀ ਸੀ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ‘‘ ਮੈਂ ਸੋਨੀਆ ਗਾਂਧੀ ਨੂੰ ਮਿਲਿਆ ਹਾਂ ਤੇ ਅਸੀਂ ਤਾਮਿਲ ਨਾਡੂ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ।’’ ਜਦੋਂ ਕਮਲ ਹਾਸਨ ਤੋਂ ਪੁੱਛਿਆ ਗਿਆ ਕਿ ਕੀ ਉਹ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ ਵੱਖ ਵੱਖ ਵਿਰੋਧੀ ਪਾਰਟੀਆਂ ਨੂੰ ਇਕ ਮੰਚ ’ਤੇ ਲਿਆਉਣ ਲਈ ਕਾਂਗਰਸ ਦਾ ਸਾਥ ਦੇਣਗੇ ਤਾਂ ਉਨ੍ਹਾਂ ਕਿਹਾ ‘‘ ਇਹ ਫ਼ੈਸਲਾ ਕਰਨ ਅਜੇ ਜਲਦਬਾਜ਼ੀ ਵਾਲੀ ਗੱਲ ਹੋਵੇਗੀ।’’
ਐਮਐਨਐਮ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਬੰਗਲੌਰ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਮੌਕੇ ਰਾਹੁਲ ਗਾਂਧੀ ਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ, ਅੰਨਾਡੀਐਮਕੇ ਤੇ ਭਾਜਪਾ ਦੇ ਆਗੂਆਂ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ’ਤੇ ਕਮਲ ਹਾਸਨ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਕੁਝ ਨਹੀਂ ਬਣ ਸਕਦਾ ਉਹ ਭਾਵੇਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲ ਆਉਣ।

ਕਾਲਾਂਵਾਲੀ ਕਾਟਨ ਫੈਕਟਰੀ ’ਚ ਦੋ ਮਜ਼ਦੂਰਾਂ ਦੀ ਮੌਤ; ਇਕ ਜ਼ਖ਼ਮੀ

ਕਾਲਾਂਵਾਲੀ-ਇੱਥੋਂ ਦੇ ਤਾਰੂਆਣਾ ਮਾਰਗ ਉੱਤੇ ਸਥਿਤ ਇੱਕ ਕਾਟਨ ਫੈਕਟਰੀ ਵਿੱਚ ਪ੍ਰੈਸ ਮਸ਼ੀਨ ਲਈ ਖੂਹ ਪੁੱਟਦੇ ਸਮੇਂ ਮਿੱਟੀ ਧਸਣ ਕਾਰਨ ਤਿੰਨ ਮਜ਼ਦੂਰ ਮਿੱਟੀ ਦੇ ਹੇਠ ਦਬ ਗਏ ਜਿਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਇੱਕ ਮਜ਼ਦੂਰ ਜ਼ਖ਼ਮੀ ਹੋ ਗਿਆ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਪਿੰਡ ਕੁਰੰਗਾਂਵਾਲੀ ਦੇ ਬਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਦਕਿ ਜ਼ਖ਼ਮੀ ਮਜ਼ਦੂਰ ਭਗਵਾਨ ਸਿੰਘ ਪੱਕਾ ਸ਼ਹੀਦਾਂ ਦਾ ਰਹਿਣ ਵਾਲਾ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਲਾਂਵਾਲੀ ਦੀ ਤਾਰੂਆਣਾ ਰੋਡ ’ਤੇ ਸਥਿਤ ਬਾਂਸਲ ਕਾਟਨ ਫੈਕਟਰੀ ਵਿੱਚ ਰੂੰ ਦੀਆਂ ਗੰਢਾਂ ਲਈ ਪ੍ਰੈਸ ਮਸ਼ੀਨ ਲਈ ਅੰਡਰ ਗਰਾਊਂਡ ਖੂਹ ਪੁੱਟਿਆ ਜਾ ਰਿਹਾ ਸੀ। ਖੂਹ ਪੁੱਟਣ ਲਈ ਖੂਹ ਦੇ ਅੰਦਰ ਤਿੰਨ ਮਜ਼ਦੂਰ ਕੰਮ ਕਰ ਰਹੇ ਸਨ ਜਦਕਿ ਚਾਰ-ਪੰਜ ਮਜ਼ਦੂਰ ਬਾਹਰਲੇ ਪਾਸੇ ਕੰਮ ਕਰ ਰਹੇ ਸਨ ਕਿ ਅਚਾਨਕ ਪੁੱਟੇ ਜਾ ਰਹੇ ਖੂਹ ਦੀ ਮਿੱਟੀ ਧਸ ਗਈ ਜਿਸ ਨਾਲ ਖੂਹ ਦੇ ਅੰਦਰ ਕੰਮ ਕਰ ਰਹੇ ਤਿੰਨੇ ਮਜ਼ਦੂਰ ਮਿੱਟੀ ਦੇ ਹੇਠਾਂ ਦੱਬੇ ਗਏ। ਮਜ਼ਦੂਰਾਂ ਦੇ ਮਿੱਟੀ ਦੇ ਹੇਠਾਂ ਦੱਬਣ ਉੱਤੇ ਬਾਹਰ ਕੰਮ ਕਰੇ ਮਜ਼ਦੂਰਾਂ ਨੇ ਰੌਲਾ ਪਾਇਆ ਅਤੇ ਉਨ੍ਹਾਂ ਨੂੰ ਮਿੱਟੀ ਹੇਠੋਂ ਬਾਹਰ ਕੱਢਣ ਲਈ ਜੁੱਟ ਗਏ। ਜਦੋਂ ਤੱਕ ਉਨ੍ਹਾਂ ਨੂੰ ਮਿੱਟੀ ‘ਚੋਂ ਬਾਹਰ ਕੱਢਿਆ ਤਾਂ ਬਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ ਜਦੋਂ ਕਿ ਪੱਕਾ ਸ਼ਹੀਦਾਂ ਵਾਸੀ ਦੀ ਸਾਹ ਚੱਲ ਰਹੇ ਸਨ। ਤਿੰਨਾਂ ਨੂੰ ਕਾਲਾਂਵਾਲੀ ਦੇ ਨਿਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਬਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਭਗਵਾਨ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ। ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਕਾਲਾਂਵਾਲੀ ਦੇ ਨਾਇਬ ਤਹਿਸੀਲਦਾਰ ਰਾਮ ਨਿਵਾਸ ਹਸਪਤਾਲ ਵਿੱਚ ਪੁੱਜੇ ਅਤੇ ਘਟਨਾ ਦੀ ਜਾਣਕਾਰੀ ਲਈ। ਇਸ ਤੋਂ ਇਲਾਵਾ ਥਾਣਾ ਕਾਲਾਂਵਾਲੀ ਦੇ ਪੁਲੀਸ ਕਰਮਚਾਰੀ ਵੀ ਮੌਕੇ ਉੱਤੇ ਪੁੱਜੇ ਅਤੇ ਜ਼ਖ਼ਮੀ ਮਜ਼ਦੂਰ ਅਤੇ ਮ੍ਰਿਤਕ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਗਏ।

ਮੋਦੀ ਸਰਕਾਰ ਨੇ ਲਗਾਈ ਅਲਕਾਇਦਾ ਤੇ ਆਈ. ਐੱਸ. ਦੇ ਨਵੇਂ ਸੰਗਠਨਾਂ ‘ਤੇ ਪਾਬੰਦੀ

ਨਵੀਂ ਦਿੱਲੀ—ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ-ਗੈਰ ਕਾਨੂੰਨੀ ਗਤੀਵਿਧੀ ਐਕਟ ਤਹਿਤ ਅੱਤਵਾਦੀ ਸੰਗਠਨ-ਅਲਕਾਇਦਾ ਅਤੇ ਆਈ. ਐੱਸ. ਆਈ. ਐੱਸ. ਦੇ ਨਵੇਂ ਸੰਗਠਨਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰਿਕ ਹੁਕਮਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਅਲਕਾਇਦਾ ਇੰਨ ਇੰਡੀਅਨ ਸਬਕਾਂਟਿਨੈਂਟ (ਏ. ਕਿਊ ਆਈ ਐੱਸ.) ਦੇ ਅਫਗਾਨਿਸਤਾਨ ਆਧਾਰਿਤ ਸੰਗਠਨ ਇਸਲਾਮਿਕ ਸਟੇਟ ਆਫ ਇਰਾਕ ਐਂਡ ਸ਼ਾਮ ਖੁਰਾਸਨ (ਆਈ. ਐੱਸ. ਆਈ. ਐੱਸ.-ਕੇ) ਨੂੰ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਹੈ । ਇਨ੍ਹਾਂ ਸੰਗਠਨਾਂ ਨੂੰ ‘ਗਲੋਬਲ ਜਿਹਾਦ’ ਲਈ ਭਾਰਤੀ ਨੌਜਵਾਨਾਂ ਨੂੰ ਕੱਟੜਵਾਦੀ ਬਣਾਉਣ ਅਤੇ ਉਨ੍ਹਾਂ ਨੂੰ ਭਾਰਤੀ ਹਿੱਤਾਂ ਖਿਲਾਫ ਅੱਤਵਾਦੀ ਗਤੀਵਿਧੀਆਂ ਲਈ ਉਕਸਾਉਣ ਦਾ ਦੋਸ਼ੀ ਪਾਇਆ ਗਿਆ।
ਹੁਕਮ ‘ਚ ਦੱਸਿਆ ਗਿਆ ਹੈ ਕਿ ਇਨ੍ਹਾਂ ਸੰਗਠਨਾਂ ਨੂੰ ਆਈ. ਐੱਸ. ਆਈ. ਐੱਸ-ਕੇ ਇਸਲਾਮਿਕ ਸਟੇਟ ਇੰਨ ਖੁਰਾਸਨ ਪ੍ਰੋਵਿੰਸ (ਆਈ. ਐੱਸ. ਕੇ. ਪੀ.)/ ਆਈ. ਐੱਸ. ਆਈ. ਐੱਸ. ਵਿਲਾਇਤ ਖੁਰਾਸਨ ਦੇ ਰੂਪ ‘ਚ ਵੀ ਜਾਣਿਆ ਜਾਂਦਾ ਹੈ।
ਇਸ ‘ਚ ਕਿਹਾ ਗਿਆ ਹੈ ਕਿ ਅਲਕਾਇਦਾ ਨਾਲ ਜੁੜਿਆ ਸੰਗਠਨ ਏ ਕਿਊ ਆਈ. ਐੱਸ. ਇਕ ਅੱਤਵਾਦੀ ਸੰਗਠਨ ਹੈ। ਜਿਸ ਨੇ ਗੁਆਂਢੀ ਦੇਸ਼ਾਂ ‘ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਹੈ ਅਤੇ ਭਾਰਤੀ ਉੱਪ ਮਹਾਦੀਪਾਂ ‘ਚ ਭਾਰਤੀ ਹਿੱਤਾਂ ਖਿਲਾਫ ਅੱਤਵਾਦੀ ਗਤੀਵਿਧੀਆਂ ਨੂੰ ਉਤਸਾਹਿਤ ਅਤੇ ਪ੍ਰਚਾਰਿਤ ਕੀਤਾ ਹੈ।
ਹੁਕਮ ‘ਚ ਗਿਆ ਹੈ ਕਿ ਇਹ ਕੱਟੜਪੰਥ ਫੈਲਾਉਣ ਅਤੇ ਭਾਰਤ ਤੋਂ ਨੌਜਵਾਨਾਂ ਦੀ ਭਰਤੀ ਦੀ ਕੋਸ਼ਿਸ਼ ਕਰਦਾ ਹੈ। ਸੰਗਠਨ ਨੂੰ ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ ਤਹਿਤ ਪਾਬੰਦੀਸ਼ੁਦਾ ਸੰਸਥਾ ਐਲਾਨ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਐੱਸ. ਕੇ. ਪੀ. / ਆਈ. ਐੱਸ. ਆਈ. ਐੱਸ. ਵਿਲਾਇਤ ਖੁਰਾਸਨ ਵੀ ਭਾਰਤੀ ਉੱਪ ਮਹਾਦੀਪਾਂ ‘ਚ ਅੱਤਵਾਦ ਨੂੰ ਉਤਸਾਹਿਤ ਅਤੇ ਪ੍ਰਚਾਰਿਤ ਕਰ ਰਿਹਾ ਹੈ।
ਹੁਕਮ ‘ਚ ਕਿਹਾ ਗਿਆ ਹੈ ਕਿ ਇਹ ਸੰਗਠਨ ਗਲੋਬਲ ਜਿਹਾਦ ਲਈ ਨੌਜਵਾਨਾਂ ਦੀ ਭਰਤੀ ਕਰ ਕੇ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਲੋਕਤੰਤਰਿਕ ਰੂਪ ਨਾਲ ਚੁਣੀਆਂ ਸਰਕਾਰਾਂ ਨੂੰ ਤਬਾਹ ਕਰ ਕੇ ਆਪਣਾ ਖੁਦ ਦਾ ਖਲੀਫਾ ਸਥਾਪਿਤ ਕਰਨ ਦਾ ਉਦੇਸ਼ ਹਾਸਲ ਕਰਨ ਲਈ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਰਿਹਾ ਹੈ।

ਕੇਂਦਰੀ ਮੰਤਰੀ ਸਮਰਿਤੀ ਇਰਾਨੀ-ਖੱਟੜ ਨੇ ਚਾਰ ਹਜ਼ਾਰ ਲੋਕਾਂ ‘ਚ ਬੈਠ ਕੇ ਕੀਤਾ ਯੋਗਾ

ਚੰਡੀਗੜ੍ਹ/ ਹਰਿਆਣਾ—ਪੰਜਾਬ ਅਤੇ ਹਰਿਆਣਾ ‘ਚ ਅੰਤਰਰਾਸ਼ਟਰੀ ‘ਯੋਗ ਦਿਵਸ’ ਮਨਾਇਆ ਗਿਆ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਚੰਡੀਗੜ੍ਹ ਅਤੇ ਝੱਜਰ ‘ਚ ਹੋਏ ਆਯੋਜਿਤ ਪ੍ਰੋਗਰਾਮ ‘ਚ ਹਿੱਸਾ ਲਿਆ। ਦੋਵਾਂ ਰਾਜਾਂ ਦੀ ਸੰਯੁਕਤ ਰਾਜਧਾਨੀ ਚੰਡੀਗੜ੍ਹ ਦੇ ਸੈਕਟਰ-17 ‘ਚ ਆਯੋਜਿਤ ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਸ਼ਾਸ਼ਕ ਵੀ.ਪੀ. ਸਿੰਘ ਬਦਨੌਰ ਸਨ। ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਚਾਰ ਹਜ਼ਾਰ ਲੋਕਾਂ ‘ਚ ਬੈਠ ਕੇ ਯੋਗਾ ਕੀਤਾ। ਇਸ ‘ਚ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਅਤੇ ਚੰਡੀਗੜ੍ਹ ਭਾਜਪਾ ਇਕਾਈ ਦੇ ਮੁਖੀ ਸੰਜੇ ਟੰਡਨ ਵੀ ਮੌਜ਼ੂਦ ਸਨ। ਹਰਿਆਣਾ ਦੇ ਝੱਜਰ ‘ਚ ਰਾਜ ਪੱਧਰ ਦੇ ਪ੍ਰੋਗਰਾਮ ‘ਚ ਮੁੱਖ ਮੰਤਰੀ ਖੱਟੜ ਅਤੇ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਨੇ ਕਈ ਲੋਕਾਂ ਨਾਲ ਯੋਗ ਕੀਤਾ। ਇਸ ‘ਚ ਬੱਚੇ ਵੀ ਸ਼ਾਮਲ ਸਨ।
ੱਅਧਿਕਾਰੀਆਂ ਨੇ ਦੱਸਿਆ ਕਿ ਇਸ ਮੌਕੇ ‘ਤੇ ਅਧਾਰਿਤ ਸੇਮੀਨਾਰ ਦਾ ਆਯੋਜਨ ਬਹਾਦੁਰਗੜ੍ਹ ਰੋਡ ‘ਤੇ ਨਹਿਰੂ ਸਰਕਾਰੀ ਪੋਸਟ ਗ੍ਰੇਜੂਏਟ ਕਾਲਜ ‘ਚ ਕੀਤਾ ਗਿਆ। ਪੰਜਾਬ ‘ਚ ਰਾਜ ਪੱਧਰੀ ਪ੍ਰੋਗਰਾਮ ਦਾ ਆਯੋਜਨ ਮੋਹਾਲੀ ਦੇ ਸਪੋਰਟਸ ਕੰਪਲੈਕਸ ‘ਚ ਕੀਤਾ ਦਿਆ।

ਫ਼ੌਜ ਦੀ ਕਾਰਵਾਈ ਪਹਿਲਾਂ ਵਾਂਗ ਜਾਰੀ ਰਹੇਗੀ : ਸੈਨਾ ਮੁਖੀ

ਨਵੀਂ ਦਿੱਲੀ-ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਜੰਮੂ-ਕਸ਼ਮੀਰ ‘ਚ ਆਏ ਸਿਆਸੀ ਬਦਲਾਅ ਨੂੰ ਫ਼ੌਜ ਦੇ ਕੰਮ ‘ਤੇ ਪ੍ਰਭਾਵ ਨਾ ਪਾਉਣ ਵਾਲਾ ਕਾਰਨ ਦੱਸਦਿਆਂ ਕਿਹਾ ਕਿ ਅੱਤਵਾਦ ਦੇ ਿਖ਼ਲਾਫ਼ ਫ਼ੌਜ ਦੀ ਕਾਰਵਾਈ ਜਾਰੀ ਰਹੇਗੀ | ਫ਼ੌਜ ਮੁਖੀ ਨੇ ਕਿਹਾ ਕਿ ਰਾਜਪਾਲ ਸ਼ਾਸਨ ਨਾਲ ਫ਼ੌਜ ਦੀਆਂ ਕਾਰਵਾਈਆਂ ‘ਤੇ ਕੋਈ ਪ੍ਰਭਾਵ ਨਹੀਂ ਪਏਗਾ ਅਤੇ ਉਨ੍ਹਾਂ ਦੀ ਕਾਰਵਾਈ ਪਹਿਲਾਂ ਦੀ ਤਰ੍ਹਾਂ ਹੀ ਚੱਲਦੀ ਰਹੇਗੀ | ਜਨਰਲ ਬਿਪਿਨ ਰਾਵਤ ਨੇ ਕਿਹਾ ਕਿ ਫ਼ੌਜ ਨੇ ਸਿਰਫ਼ ਰਮਜ਼ਾਨ ਦੇ ਦੌਰਾਨ ਕਾਰਵਾਈ ਰੋਕੀ ਸੀ, ਪਰ ਅਸੀਂ ਵੇਖਿਆ ਕਿ ਉਥੇ ਕੀ ਹੋਇਆ? ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਕਿਸੇ ਵੀ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਦਾ ਸਾਹਮਣਾ ਨਹੀਂ ਕਰਦੀ | ਹਾਲ ਹੀ ‘ਚ ਈਦ ਤੋਂ ਬਾਅਦ ਸਰਕਾਰ ਵਲੋਂ ਇਕਪਾਸੜ ਗੋਲੀਬੰਦੀ ਦੀ ਮਿਆਦ ਨਾ ਵਧਾਉਣ ਤੋਂ ਬਾਅਦ ਜੰਮੂ-ਕਸ਼ਮੀਰ ‘ਚ ਫ਼ੌਜ ਮੁੜ ਹਰਕਤ ‘ਚ ਆ ਗਈ ਹੈ | ਘਾਟੀ ‘ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਤੋਂ ਬਾਅਦ ਫ਼ੌਜ ਨੇ ਤਕਰੀਬਨ 800 ਜਵਾਨਾਂ ਦੇ ਨਾਲ ਵੱਖ-ਵੱਖ ਇਲਾਕਿਆਂ ‘ਚ ਤਲਾਸ਼ੀ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ | ਮੰਗਲਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ 3 ਅੱਤਵਾਦੀ ਮਾਰੇ ਗਏ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੀ. ਡੀ. ਪੀ. ਨਾਲ ਗਠਜੋੜ ਤੋੜਨ ਤੋਂ ਬਾਅਦ ਹੁਣ ਰਾਜ ‘ਚ ਫ਼ੌਜ ਹੋਰ ਸਰਗਰਮ ਹੋ ਜਾਵੇਗੀ ਅਤੇ ਉਨ੍ਹਾਂ ਨੂੰ ਅੱਤਵਾਦੀਆਂ ਿਖ਼ਲਾਫ਼ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਹੋਵੇਗੀ |

35 ਹਜ਼ਾਰ ਫੁੱਟ ‘ਤੇ ਜਹਾਜ਼ ਵਿਚ ਹੋਵੇਗਾ ਯੋਗ

ਨਵੀਂ ਦਿੱਲੀ-ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ ਕੌਮਾਂਤਰੀ ਯੋਗ ਦਿਵਸ ‘ਤੇ ਵੀਰਵਾਰ ਨੂੰ ਉਸ ਦੀਆਂ ਚੋਣਵੀਆਂ ਉਡਾਣਾਂ ‘ਚ ਯੋਗ ਕਰਵਾਉਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਹ ਦੱਸਿਆ ਕਿ ਦਿੱਲੀ-ਕੋਚੀਨ-ਦਿੱਲੀ, ਦਿੱਲੀ-ਬਾਗਡੋਗਰਾ-ਦਿੱਲੀ, ਦਿੱਲੀ-ਗੋਆ-ਦਿੱਲੀ, ਦਿੱਲੀ-ਪੁਣੇ-ਦਿੱਲੀ ਉਡਾਣਾਂ ‘ਚ ਕੈਬਿਨਕਰੂ ਵਿਚ ਵਿਸ਼ੇਸ਼ ਤੌਰ ‘ਤੇ ਟ੍ਰੇਂਡ ਇਕ -ਇਕ ਮੈਂਬਰ ਦੀ ਤਾਇਨਾਤੀ ਕੀਤੀ ਜਾਵੇਗੀ। ਇਹ 35 ਹਜ਼ਾਰ ਫੁੱਟ ਦੀ ਉਚਾਈ ‘ਤੇ 10 ਮਿੰਟ ਲਈ ਯੋਗ ਕਰਨਗੇ।
ਇਹ ਸਾਰੇ ਆਸਣ ਅਜਿਹੇ ਹੋਣਗੇ ਕਿ ਯਾਤਰੀ ਵੀ ਆਪਣੀਆਂ ਥਾਵਾਂ ‘ਤੇ ਹੀ ਨਾਲ-ਨਾਲ ਆਸਣ ਕਰ ਸਕਣਗੇ। ਸਪਾਈਸਜੈੱਟ ਦੇ ਮੁਖੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਸਿੰਘ ਨੇ ਕਿਹਾ ਕਿ ਯੋਗ ਕੰਪਨੀ ਦੇ ਦਿਲ ਦੇ ਨੇੜੇ ਹੈ ਕਿਉਂਕਿ ਇਸ ਨਾਲ ਦੇਸ਼ ਦੀ ਮਜ਼ਬੂਤ ਵਿਰਾਸਤ ਦੇ ਵਿਸ਼ਵ ਪੱਧਰ ‘ਤੇ ਪ੍ਰਦਰਸ਼ਨ ਦਾ ਮੌਕਾ ਮਿਲਦਾ ਹੈ। ਜਹਾਜ਼ ‘ਚ ਯੋਗ ਦੌਰਾਨ ਮੁੱਖ ਤੌਰ ‘ਤੇ ਗਲੇ, ਮੋਢੇ ਅਤੇ ਨਾੜੀ ਸ਼ੁੱਧੀ ‘ਤੇ ਫੋਕਸ ਕੀਤਾ ਜਾਵੇਗਾ।

ਹਵਾਲਾ ਮਾਮਲੇ ‘ਚ ਮਾਲਿਆ ਦੀ ਗਿ੍ਫ਼ਤਾਰੀ ਦੇ ਹੁਕਮ

ਮੁੰਬਈ-ਇੱਥੇ ਇਕ ਵਿਸ਼ੇਸ਼ ਅਦਾਲਤ ਨੇ ਭਗੋੜੇ ਵਿਜੇ ਮਾਲਿਆ ਿਖ਼ਲਾਫ਼ ਦਾਇਰ ਨਵੇਂ ਦੋਸ਼-ਪੱਤਰ ‘ਚ ਉਸ ਦੀ ਗਿ੍ਫ਼ਤਾਰੀ ਦੇ ਹੁਕਮ ਜਾਰੀ ਕੀਤੇ ਹਨ, ਇਸ ਮਾਮਲੇ ‘ਚ ਮਾਲਿਆ ‘ਤੇ ਬੈਕਾਂ ਦੇ ਇਕ ਸੰਘ ਨਾਲ 6,000 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ | ਮਾਮਲੇ ‘ਚ ਹਵਾਲਾ ਵਿਰੋਧੀ ਅਦਾਲਤ ਦੇ ਵਿਸ਼ੇਸ਼ ਜੱਜ ਐਮ.ਐਸ. ਆਜ਼ਮੀ ਨੇ ਮਾਲਿਆ ਦੀ ਗਿ੍ਫ਼ਤਾਰੀ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ | ਇਸ ਦੇ ਨਾਲ ਹੀ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 30 ਜੁਲਾਈ ‘ਤੇ ਪਾਉਂਦਿਆਂ ਮਾਲਿਆ ਦੀ ਫਰਮ, ਕਿੰਗਫਿਸ਼ਰ ਏਅਰਲਾਈਨਜ਼ ਤੇ ਯੂ.ਬੀ.ਐਚ.ਐਲ. ਨੂੰ ਵੀ ਸੰਮਨ ਜਾਰੀ ਕੀਤੇ ਹਨ |