Home / ਦੇਸ਼ ਵਿਦੇਸ਼ (page 7)

ਦੇਸ਼ ਵਿਦੇਸ਼

ਪੰਜਾਬ ‘ਚ ਰਵਨੀਤ ਕੌਰ ਦੇ ਕਤਲ ਮਾਮਲੇ ਬਾਰੇ ਕਿਰਨਜੀਤ ਕੋਲੋਂ ਆਸਟ੍ਰੇਲੀਆ ਪੁਲਿਸ ਨੇ ਕੀਤੀ ਪੁੱਛਗਿੱਛ

ਬ੍ਰਿਸਬੇਨ-ਆਸਟ੍ਰੇਲੀਆ ਤੋਂ ਪੰਜਾਬ ਵਿਚ ਪਰਿਵਾਰ ਨੂੰ ਮਿਲਣ ਗਈ ਰਵਨੀਤ ਕੌਰ ਜੋ ਕਿ ਪੰਜਾਬ ਦੇ ਫਿਰੋਜ਼ਪੁਰ ਤੋਂ ਅਪਣੇ ਮਾਂ-ਬਾਪ ਦੇ ਪਿੱਛੇ ਲਾਪਤਾ ਹੋਣ ਉਪਰੰਤ ਮ੍ਰਿਤਕ ਦੇਹ ਭਾਖੜਾ ਨਹਿਰ ਵਿਚੋਂ ਬਰਾਮਦ ਹੋਣ ਉਪਰੋਂ ਸਾਰੇ ਆਸਟ੍ਰੇਲੀਆ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਸੀ। ਪੰਜਾਬ ਪੁਲਿਸ ਨੇ ਇਸ ਕਤਲ ਦੀਆਂ ਤਾਰਾਂ ਕਥਿਤ ਤੌਰ ‘ਤੇ ਮ੍ਰਿਤਕ ਰਵਨੀਤ ਕੌਰ ਦੇ ਪਤੀ ਨਾਲ ਜੋੜ ਦੇਣ ਉਪਰੰਤ ਇਹ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਸੀ। ਬ੍ਰਿਸਬੇਨ ਤੋਂ 70 ਕਿਲੋਮੀਟਰ ਦੂਰੀ ‘ਤੇ ਸਥਿਤ ਗੋਲਡ ਕੋਸਟ ਜਿੱਥੇ ਰਵਨੀਤ ਕੌਰ ਅਪਣੇ ਪਤੀ ਅਤੇ ਬੇਟੀ ਨਾਲ ਰਹਿੰਦੀ ਸੀ, ਉਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਮ੍ਰਿਤਕ ਰਵਨੀਤ ਕੌਰ ਦੀ ਸਹੇਲੀ ਕਿਰਨਜੀਤ ਕੌਰ ਨਾਲ ਇਸ ਕੇਸ ਸਬੰਧੀ ਪੁਛਗਿੱਛ ਕੀਤੀ। ਸਰਫਰ ਪੈਰਾਡਾਇਸ ਪੁਲਿਸ ਸਟੇਸ਼ਨ ਵਿਖੇ ਛੇ ਘੰਟੇ ਪੁਛਗਿੱਛ ਚੱਲੀ। ਇਸ ਮੌਕੇ ਕਿਰਨਜੀਤ ਕੌਰ ਵਕੀਲ ਕ੍ਰਿਸ ਰੌਸਰ ਨੇ ਦੱਸਿਆ ਕਿ ਕਿਰਨਜੀਤ ਕੌਰ ਨੇ ਇਸ ਘਟਨਾ ਵਿਚ ਸ਼ਾਮਲ ਹੋਣ ਸਬੰਧੀ ਇਨਕਾਰ ਕੀਤਾ ਹੈ ਅਤੇ ਉਹ ਜਾਂਚ ਵਿਚ ਪੁਲਿਸ ਦੀ ਮਦਦ ਕਰ ਰਹੀ ਹੈ। ਪੰਜਾਬ ਪੁਲਿਸ ਵਲੋਂ ਇਸ ਕਤਲ ਵਿਚ ਕਥਿਤ ਤੌਰ ‘ਤੇ ਪਤੀ ਜਸਪ੍ਰੀਤ ਸਿੰਘ ਅਤੇ ਸਹੇਲੀ ਕਿਰਨਜੀਤ ਕੌਰ ਨੂੰ ਜੋੜਨ ਉਪਰੰਤ ਉਨ੍ਹਾਂ ਪੁਛਗਿੱਛ ਲਈ ਪੰਜਾਬ ਮੰਗਾਉਣਾ ਚਾਹੁੰਦੀ ਹੈ। ਪੰਜਾਬੀ ਭਾਈਚਾਰੇ ਵਲੋਂ ਮ੍ਰਿਤਕ ਰਵਨੀਤ ਕੌਰ ਦੀ ਯਾਦ ਵਿਚ ਜਿੱਥੇ ਵੀਕੈਂਡ ਵਿਚ ਇਕੱਠ ਕਰਕੇ ਯਾਦ ਕੀਤਾ ਜਾ ਰਿਹਾ ਹੈ, ਉਥੇ ਹੀ ਆਸਟ੍ਰੇਲੀਅਨ ਪੁਲਿਸ ਅਤੇ ਸਰਕਾਰ ਉਪਰ ਜਾਂਚ ਲਈ ਦਬਾਅ ਪਾਇਆ ਜਾ ਰਿਹਾ ਹੈ।

ਟਰਬਨ ਪ੍ਰਾਈਡ ਡੇਅ: 600 ਵਿਦੇਸ਼ੀਆਂ ਦੇ ਸਿਰ ਸਜਾਈਆਂ ਦਸਤਾਰਾਂ

ਵਿਨੀਪੈੱਗ-ਇੱਥੇ ਵਿਨੀਪੈੱਗ ਦੇ ਰੈੱਡ ਰਿਵਰ ਕਾਲਜ ਵਿਚ ਬੀਤੇ ਦਿਨ ਇੰਡੀਅਨ ਕਲਚਰ ਕਲੱਬ ਦੇ ਸਹਿਯੋਗ ਨਾਲ ਰੈੱਡ ਰਿਵਰ ਕਾਲਜ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਪੱਗ ਦੇ ਸਨਮਾਨ ਵਜੋਂ ਸਾਲਾਨਾ ‘ਟਰਬਨ ਪ੍ਰਾਈਡ ਡੇਅ’ ਮਨਾਇਆ ਗਿਆ। ਇਸ ਦਾ ਟੀਚਾ ਲੋਕਾਂ ਨੂੰ ਪੱਗ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖ ਧਰਮ ਵਿਚ ਪੱਗ ਦਾ ਸਥਾਨ ਅਤੇ ਸਿੱਖਾਂ ਲਈ ਇਸ ਦੀ ਅਹਿਮੀਅਤ ਬਾਰੇ ਦੱਸਣਾ ਸੀ। ਜ਼ਿਕਰਯੋਗ ਹੈ ਕਿ ਵਿਦੇਸ਼ੀ ਲੋਕ ਸਿੱਖਾਂ ਦੇ ਪੱਗ ਬੰਨ੍ਹਣ ਬਾਰੇ ਅਣਜਾਣ ਹਨ। ਪੱਗ ਸਬੰਧੀ ਘੱਟ ਜਾਣਕਾਰੀ ਹੀ ਸਿੱਖਾਂ ਲਈ ਟਕਰਾਅ ਪੈਦਾ ਕਰ ਰਹੀ ਹੈ। ਇਸ ਦਿਨ ਕਾਲਜ ਦੀ ਲਾਇਬ੍ਰੇਰੀ ਦੇ ਸਾਹਮਣੇ ਕਲੱਬ ਦੇ ਮੈਂਬਰਾਂ ਨੇ ਗ਼ੈਰ-ਸਿੱਖ ਲੋਕਾਂ ਨੂੰ ਪੱਗ ਬੰਨ੍ਹਣੀਆਂ ਸਿਖਾਈਆਂ। ਇਸ ਦਿਨ ਭਾਰਤੀ ਵਿਦਿਆਰਥੀਆਂ ਤੇ ਸਟਾਫ ਨੇ 600 ਔਰਤਾਂ, ਮਰਦਾਂ ਅਤੇ ਬਜ਼ੁਰਗਾਂ ਦੇ ਪੱਗਾਂ ਬੰਨ੍ਹੀਆਂ ਤੇ ਹਰ ਕਿਸੇ ਨੂੰ ਪੱਗ ਮੁਫ਼ਤ ਦਿੱਤੀ ਗਈ। ਇਸ ਤੋਂ ਬਿਨਾਂ ਲੜਕੀਆਂ ਨੂੰ ਮਹਿੰਦੀ ਵੀ ਲਗਾਈ ਗਈ ’ਤੇ ਟੈਟੂ ਵੀ ਬਣਾਏ ਗਏ। ਵਾਲੰਟੀਅਰਜ਼ ਨੇ ਦੱਸਿਆ ਇਹ ਈਵੈਂਟ ਉਨ੍ਹਾਂ ਨੇ 2014 ਵਿਚ ਕੁੱਝ ਪੰਜਾਬੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੀ। ਇਸ ਵਿਚ ਕਾਲਜ ਦੇ ਪ੍ਰਧਾਨ ਪੋਲ ਵੋਗਟ ਤੇ ਕ੍ਰਿਸਟੀਨ ਵਾਟਸਨ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਸਬੰਧੀ ਸੁਖਜੋਤ ਸਿੰਘ ਨੇ ਦੱਸਿਆ ਕਿ ਬਹੁਤੇ ਲੋਕ ਸਿੱਖਾਂ ਸਬੰਧੀ ਜਾਣਕਾਰੀ ਤੋਂ ਅਣਜਾਣ ਹਨ। ਇਸ ਕਾਰਨ ਕਈ ਵਾਰ ਟਕਰਾਅ ਵਾਲੀ ਸਥਿਤੀ ਪੈਦਾ ਹੋ ਜਾਂਦੀ ਹੈ। ਇਸ ਕੋਸ਼ਿਸ਼ ਨਾਲ ਲੋਕਾਂ ਨੂੰ ਦਸਤਾਰ ਦੀ ਅਹਿਮੀਅਤ ਸਬੰਧੀ ਜਾਗਰੂਕ ਕੀਤਾ ਗਿਆ ਹੈ। ਇਸ ਦੌਰਾਨ ਪਿੰਗਲਵਾੜੇ ਤੇ ਖ਼ਾਲਸਾ ਏਡ ਵਾਸਤੇ ਫੰਡ ਵੀ ਇਕੱਤਰ ਕੀਤਾ ਗਿਆ।

ਸਿੰਗਾਪੁਰ ਵਿਚ ਫੇਕ ਨਿਊਜ਼ ‘ਤੇ ਪੰਜ ਕਰੋੜ ਜੁਰਮਾਨਾ

ਸਿੰਗਾਪੁਰ-ਫੇਕ ਨਿਊਜ਼ ਨਾਲ ਨਿਪਟਣ ਲਈ ਸਿੰਗਾਪੁਰ ਦੀ ਸਰਕਾਰ ਨੇ ਸਖ਼ਤ ਕਾਨੂੰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਤਹਿਤ ਫੇਕ ਨਿਊਜ਼ ਪੋਸਟ ਕਰਨ ਵਾਲੇ ਲਈ ਦਸ ਸਾਲ ਤੱਕ ਦੀ ਜੇਲ੍ਹ ਅਤੇ ਸਬੰਧਤ ਸੋਸ਼ਲ ਮੀਡੀਆ ਕੰਪਨੀ ‘ਤੇ 7,40,000 ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਤਕਨਾਲੌਜੀ ਕੰਪਨੀਆਂ ਇਸ ਕਾਨੂੰਨ ਨੂੰ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਮਲਾ ਮੰਨ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਟੈਂਟ ਦੀ ਪ੍ਰਮਾਣਿਕਤਾ ਜਾਂਚਣ ਦਾ ਅਧਿਕਾਰ ਮੰਤਰੀਆਂ ਅਤੇ ਪ੍ਰਸ਼ਾਸਕਾਂ ਨੂੰ ਦਿੱਤਾ ਜਾ ਰਿਹਾ ਹੈ। ਉਹ ਇਸ ਦੀ ਗਲਤ ਵਰਤੋਂ ਵੀ ਕਰ ਸਕਦੇ ਹਨ। ਇਸ ਦੋਸ਼ ‘ਤੇ ਅਪਣਾ ਪੱਖ ਰੱਖਦੇ ਹੋਏ ਸਿੰਗਾਪੁਰ ਦੇ ਕਾਨੂੰਨ ਅਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਗਲਤ ਖ਼ਬਰਾਂ ਨੂੰ ਕੰਟਰੋਲ ਕਰਨ ਲਈ ਪ੍ਰਸਤਾਵਤ ਕੀਤਾ ਗਿਆ ਹੈ। ਇਸ ਨਾਲ ਕਿਸੇ ਦੇ ਵਿਚਾਰ ਜਾਂ ਆਲੋਚਨਾ ਨੂੰ ਸੈਂਸਰ ਨਹੀਂ ਕੀਤਾ ਜਾਵੇਗਾ। ਸਰਕਾਰ ਅਨੁਸਾਰ ਕੰਟੈਂਟ ਹਟਾਉਣ ਜਾਂ ਜੁਰਮਾਨਾ ਲਗਾਏ ਜਾਣ ਦੇ ਫ਼ੈਸਲੇ ਖ਼ਿਲਾਫ਼ ਅਦਾਲਤ ਵਿਚ ਅਪੀਲ ਕੀਤੀ ਜਾ ਸਕਦੀ ਹੈ। ਇਸ ‘ਤੇ ਇੱਕ ਸਥਾਨਕ ਅਖ਼ਬਾਰ ਦੇ ਸੰਪਾਦਕ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਕੋਲ ਸਰਕਾਰ ਨਾਲ ਲੜਨ ਲਈ ਜ਼ਰੂਰੀ ਸਾਧਨ ਵੀ ਨਹੀਂ ਹਨ।

ਟੈਕਸ ਮਾਮਲੇ ‘ਚ ਟਰੰਪ ਨੇ ਭਾਰਤ ਨੂੰ ਖਰੀਆਂ-ਖਰੀਆਂ ਸੁਣਾਈਆਂ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਰਾਮਦ ਟੈਕਸ ਦੇ ਮਾਮਲੇ ਵਿਚ ਇਕ ਹਫ਼ਤੇ ‘ਚ ਦੂਜੀ ਵਾਰ ਭਾਰਤ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਨ੍ਹਾਂ ਦੁਹਰਾਇਆ ਹੈ ਕਿ ਇਕ ਪਾਸੇ ਅਮਰੀਕਾ ਹੈ ਜਿਹੜਾ ਭਾਰਤ ਦੇ ਕਾਫੀ ਸਾਮਾਨ ‘ਤੇ ਕੁਝ ਵੀ ਟੈਕਸ ਨਹੀਂ ਲਗਾਉਂਦਾ ਹੈ। ਦੂਜੇ ਪਾਸੇ ਭਾਰਤ ਹੈ ਜਿਹੜਾ ਅਮਰੀਕਾ ਦੇ ਕਈ ਸਾਮਾਨਾਂ ‘ਤੇ 100 ਫ਼ੀਸਦੀ ਤੋਂ ਵੀ ਜ਼ਿਆਦਾ ਟੈਕਸ ਲਗਾਉਂਦਾ ਹੈ ਕਿਸੇ ਵੀ ਦੇਸ਼ ਨਾਲ ਅਮਰੀਕਾ ਦੇ ਇਸ ਤਰ੍ਹਾਂ ਦੇ ਕਾਰੋਬਾਰ ਨੂੰ ‘ਮੂਰਖਤਾ ਕਾਰੋਬਾਰ’ ਕਰਾਰ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਥਿਤੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ। ਟਰੰਪ ਨੇ ਕਿਹਾ ਕਿ ਭਾਰਤ ਇਕ ਬਿਹਤਰੀਨ ਦੇਸ਼ ਹੈ ਅਤੇ ਉਥੋਂ ਦੇ ਪ੍ਰਧਾਨ ਮੰਤਰੀ ਇਕ ਬਿਹਤਰੀਨ ਦੋਸਤ ਹਨ। ਇਸ ਦੇ ਬਾਵਜੂਦ ਸਾਡੇ ਸਾਮਾਨ ‘ਤੇ ਭਾਰਤ 100 ਫ਼ੀਸਦੀ ਤੋਂ ਜ਼ਿਆਦਾ ਟੈਕਸ ਲਗ ਰਿਹਾ ਹੈ। ਦਿਲਚਸਪ ਪਹਿਲੂ ਇਹ ਹੈ ਕਿ ਕਾਰੋਬਾਰ ਨੂੰ ਲੈ ਕੇ ਇਕ ਪਾਸੇ ਅਮਰੀਕਾ ਅਤੇ ਚੀਨ ਦੇ ਰਿਸ਼ਤੇ ਸੁਧਰ ਰਹੇ ਹਨ, ਉਥੇ ਦੂਜੇ ਪਾਸੇ ਅਮਰੀਕਾ ਅਤੇ ਭਾਰਤ ਵਿਚਾਲੇ ਤਲਖੀ ਹੋਰ ਵਧਦੀ ਜਾ ਰਹੀ ਹੈ। ਪਿਛਲੇ ਕੁਝ ਸਮੇਂ ਦੌਰਾਨ ਟਰੰਪ ਨੇ ਦਰਾਮਦ ਟੈਕਸ ਦੇ ਮਾਮਲੇ ਵਿਚ ਭਾਰਤ ‘ਤੇ ਲਗਾਤਾਰ ਨਿਸ਼ਾਨਾ ਲਾਇਆ ਹੈ। ਟਰੰਪ ਨੇ ਖੁਦ ਪਿਛਲੇ ਹਫ਼ਤੇ ਕਿਹਾ ਸੀ ਕਿ ਚੀਨ ਨਾਲ ਵਪਾਰ ਨੂੰ ਲੈ ਕੇ ਉਨ੍ਹਾਂ ਦੇ ਰਿਸ਼ਤੇ ਬਿਹਤਰ ਹੋ ਰਹੇ ਹਨ। ਇਸ ਨਾਲ ਇਕ ਦਿਨ ਪਹਿਲਾਂ ਟਰੰਪ ਨੇ ਭਾਰਤ ਦੀ ਆਲੋਚਨਾ ਕਰਦੇ ਹੋਏ ਉਸ ਨੂੰ ਦੁਨੀਆ ਦਾ ਸਭ ਤੋਂ ਜ਼ਿਆਦਾ ਟੈਕਸ ਵਾਲਾ ਦੇਸ਼ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਕ ਪ੍ਰਰੋਗਰਾਮ ਵਿਚ ਟਰੰਪ ਨੇ ਇਕ ਵਾਰ ਫਿਰ ਹਾਰਲੇ-ਡੇਵਿਡਸਨ ਬਾਈਕ ਦਾ ਉਦਾਹਰਣ ਦਿੰਦੇ ਹੋਏ ਕਿਹਾ ਸੀ ਕਿ ਭਾਰਤ ਇਸ ਬਾਈਕ ਸਮੇਤ ਕਈ ਹੋਰ ਅਮਰੀਕੀ ਉਤਪਾਦਾਂ ‘ਤੇ 100 ਫ਼ੀਸਦੀ ਟੈਕਸ ਲਗਾ ਰਿਹਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਗਲੋਬਲ ਕਾਰੋਬਾਰੀ ਸਹਿਯੋਗੀ ਹੈ ਵਿੱਤੀ ਸਾਲ 2016-17 ਵਿਚ ਭਾਰਤ ਤੋਂ ਅਮਰੀਕਾ ਨੂੰ42.21ਅਰਬ ਡਾਲਰ ਦੀ ਬਰਾਮਦ ਹੋਈ ਸੀ, ਜਿਹੜੀ ਵਿੱਤੀ ਸਾਲ 2017-18 ਵਿਚ ਵਧ ਕੇ 47.87 ਅਰਬ ਡਾਲਰ ਹੋ ਗਈ। ਇਸ ਦੀ ਵਜ੍ਹਾ ਨਾਲ ਵਪਾਰ ਘਾਟੇ ਨੂੰ ਲੈ ਕੇ ਅਮਰੀਕਾ ਦੀ ਚਿੰਤਾ ਵਧੀ ਹੈ।

100 ਭਾਰਤੀ ਮਛੇਰੇ ਪਕਿਸਤਾਨੀ ਜੇਲ੍ਹਾਂ ਤੋਂ ਰਿਹਾਅ

ਕਰਾਚੀ-ਪੁਲਵਾਮਾ ‘ਚ ਅੱਤਵਾਦੀ ਹਮਲੇ ਤੋਂ ਬਾਅਦ ਬਣੇ ਤਣਾਅਪੂਰਨ ਹਾਲਾਤ ਦਰਮਿਆਨ ਪਾਕਿਸਤਾਨ ਨੇ ਐਤਵਾਰ ਨੂੰ 100 ਭਾਰਤੀ ਮਛੇਰਿਆਂ ਨੂੰ ਆਪਣੀਆਂ ਜੇਲ੍ਹਾਂ ਤੋਂ ਰਿਹਾਅ ਕੀਤਾ। ਪਾਕਿਸਤਾਨ ਨੇ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਦਭਾਵਨਾ ਵਧਾਉਣ ਲਈ ਚੁੱਕਿਆ ਹੈ। ਪਾਕਿਸਤਾਨ ਨੇ ਇਸ ਮਹੀਨੇ ਚਾਰ ਪੜਾਵਾਂ ‘ਚ ਭਾਰਤ ਦੇ 360 ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਹੈ।
ਰਿਹਾਈ ਤੋਂ ਬਾਅਦ ਸਖ਼ਤ ਸੁਰੱਖਿਆ ਦਰਮਿਆਨ 100 ਭਾਰਤੀ ਮਛੇੇਰਿਆਂ ਦਾ ਜਥਾ ਕਰਾਚੀ ਕੰਟੋਨਮੈਂਟ ਰੇਲਵੇ ਸਟੇਸ਼ਨ ਪੁੱਜਾ ਜਿੱਥੋਂ ਅਲਾਮਾ ਇਕਬਾਲ ਐਕਸਪ੍ਰੈੱਸ ਰਾਹੀਂ ਇਨ੍ਹਾਂ ਰਿਹਾਅ ਮਛੇਰਿਆਂ ਨੂੰ ਲਾਹੌਰ ਲਿਆਂਦਾ ਗਿਆ। ਨਜ਼ਦੀਕ ਸਥਿਤ ਵਾਹਗਾ ਸਰਹੱਦ ‘ਤੇ ਇਨ੍ਹਾਂ ਮਛੇਰਿਆਂ ਨੂੰ ਭਾਰਤੀ ਅਧਿਕਾਰੀਆਂ ਹਵਾਲੇ ਕੀਤਾ ਗਿਆ। ਇਹ ਮਛੇਰੇ ਸਮੁੰਦਰ ‘ਚ ਮੱਛੀਆਂ ਫੜਦਿਆਂ ਪਾਕਿਸਤਾਨੀ ਜਲ ਸੀਮਾ ‘ਚ ਪੁੱਜ ਗਏ ਸਨ ਤੇ ਉੱਥੇ ਇਨ੍ਹਾਂ ਨੂੰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗ੍ਰਿਫਤਾਰ ਕਰ ਲਿਆ ਸੀ।
ਪਾਕਿਸਤਾਨ ਦੇ ਸਮਾਜਿਕ ਸੰਗਠਨ ਈਦੀ ਫਾਊਂਡੇਸ਼ਨ ਨੇ ਰਿਹਾਅ ਹੋਏ ਮਛੇਰਿਆਂ ਨੂੰ ਯਾਤਰਾ ਖ਼ਰਚ ਤੇ ਤੋਹਫੇ ਆਦਿ ਦਿੱਤੇ। ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਆਸ ਕੀਤੀ ਗਈ ਸੀ ਕਿ ਭਾਰਤ ਵੀ ਜਵਾਬ ਵਿਚ ਅਜਿਹਾ ਹੀ ਸਦਭਾਵਨਾ ਵਾਲਾ ਕਦਮ ਉਠਾਏਗਾ।

ਭਾਰਤ ਇਸ ਮਹੀਨੇ ਮੁੜ ਪਾਕਿਸਤਾਨ ‘ਤੇ ਹਮਲੇ ਦੀ ਯੋਜਨਾ ਬਣਾ ਰਿਹੈ : ਕੁਰੈਸ਼ੀ

ਇਸਲਾਮਾਬਾਦ-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਦੱਸਿਆ ਕਿ ‘ਭਰੋਸੇਯੋਗ ਖੁਫੀਆ ਸੂਚਨਾ’ ਤੋਂ ਪਤਾ ਲੱਗਾ ਹੈ ਕਿ ਭਾਰਤ 16 ਤੋਂ 20 ਅਪ੍ਰੈਲ ਦਰਮਿਆਨ ਮੁੜ ਪਾਕਿਸਤਾਨ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਦਕਿ 14 ਫਰਵਰੀ ਨੂੰ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਕਾਰਨ ਦੋਵੇਂ ਪ੍ਰਮਾਣੂ ਸਮਰੱਥਾ ਰੱਖਣ ਵਾਲੇ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਤਣਾਅ ਬਣਿਆ ਹੋਇਆ ਹੈ | ਆਪਣੇ ਜੱਦੀ ਸ਼ਹਿਰ ਮੁਲਤਾਨ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੁਰੈਸੀ ਨੇ ਦੱਸਿਆ ਕਿ ਸਰਕਾਰ ਨੂੰ ਖੁਫੀਆ ਸੂਚਨਾ ਮਿਲੀ ਹੈ ਕਿ ਭਾਰਤ ਮੁੜ ਹਮਲੇ ਦੀ ਤਾਕ ‘ਚ ਹੈ, ਉਨ੍ਹਾਂ ਭਾਰਤ ‘ਤੇ ਇਲਜ਼ਾਮ ਲਗਾਉਂਦਿਆ ਕਿਹਾ ਇਸਲਾਮਾਬਾਦ ‘ਤੇ ਕੂਟਨੀਤਕ ਦਬਾਅ ਵਧਾਉਣ ਲਈ ਭਾਰਤ ਆਪਣੇ ਇਸ ਹਮਲੇ ਨੂੰ ਵਾਜਿਬ ਠਹਿਰਾਅ ਸਕਦਾ ਹੈ, ਜੇਕਰ ਇਹ ਹਮਲਾ ਹੁੰਦਾ ਹੈ ਤਾਂ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਯਕੀਨੀ ਤੌਰ ‘ਤੇ ਪ੍ਰਭਾਵਿਤ ਹੋਵੇਗੀ | ਉਨ੍ਹਾਂ ਦੱਸਿਆ ਕਿ ਭਾਰਤ ਵਲੋਂ 16 ਤੋਂ 20 ਅਪ੍ਰੈਲ ਦਰਮਿਆਨ ਕੀਤੇ ਜਾਣ ਵਾਲੇ ਇਸ ਸੰਭਾਵਿਤ ਹਮਲੇ ਦੇ ਟਾਕਰੇ ਲਈ ਪਾਕਿਸਤਾਨ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ | ਕੁਰੈਸੀ ਨੇ ਦੱਸਿਆ ਕਿ ਪਾਕਿਸਤਾਨ ਨੇ ਇਸ ਮੁੱਦੇ ਸਬੰਧੀ ਆਪਣੀ ਚਿੰਤਾ ਪਹਿਲਾਂ ਹੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰਾਂ ਤੱਕ ਪਹੁੰਚਾ ਦਿੱਤੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਅੰਤਰਰਾਸ਼ਟਰੀ ਭਾਈਚਾਰਾ ਭਾਰਤ ਦੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਦਾ ਨੋਟਿਸ ਲਵੇ |

ਦੱਖਣੀ ਕੋਰੀਆ ਵਿਚ ਅੱਗ ਲੱਗਣ ਕਾਰਨ 200 ਤੋਂ ਜ਼ਿਆਦਾ ਘਰ ਸੜੇ

ਸਿਓਲ- ਦੱਖਣੀ ਕੋਰੀਆ ਦੇ ਉਤਰ ਪੂਰਵੀ ਤਟ ਦੇ ਪੰਜ ਕਾਊਂਟੀ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਸ਼ਹਿਰਾਂ ਤੱਕ ਪਹੁੰਚ ਗਈ ਹੈ। ਅੱਗ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦ ਕਿ 20 ਤੋਂ ਜ਼ਿਆਦਾ ਜ਼ਖ਼ਮੀ ਹਨ। ਫਾਇਰ ਅਫ਼ਸਰ ਕੈਪਟਨ ਚੋਈ ਜੀਨ ਹੋ ਨੇ ਦੱਸਿਆ ਕਿ ਗੋਸਿਯੋਂਗ ਸ਼ਹਿਰ ਦੇ ਕੋਲ ਇੱਕ ਰਿਜ਼ੌਰਟ ਦੇ ਟਰਾਂਸਫਾਰਮਰ ਵਿਚ ਰਾਤ ਵੇਲੇ ਅੱਗ ਲੱਗੀ ਸੀ। ਇਹ ਅੱਗ ਗੰਗਵੋਨ ਸੂਬੇ ਦੇ ਸੋਕਚੋ, ਦੋਂਘਾਈ ਅਤੇ ਗੈਂਗਨੁਏਂਗ ਅਤੇ ਇੰਜੇ ਕਾਊਂਟੀ ਸਣੇ ਹੋਰ ਇਲਾਕਿਆਂ ਤੱਕ ਪਹੁੰਚ ਗਈ। ਰਾਹਤ ਬਚਾਅ ਵਿਚ ਸੈਨਾ, ਅੱਗ ਬੁਝਾਊ ਦਸਤੇ ਦੇ 30 ਹਜ਼ਾਰ ਜਵਾਨ ਲੱਗੇ ਹੋਏ ਹਨ। ਅੱਗ ਨਾਲ ਕਰੀਬ 530 ਹੈਕਟੇਅਰ ਇਲਾਕਾ, 200 ਤੋਂ ਜ਼ਿਆਦਾ ਘਰ ਸੜ ਗਏ। ਇਸ ਅੱਗ ਕਾਰਨ 2 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਅੱਗ ਬੁਝਾਉਣ ਲਈ ਸੈਨਿਕਾਂ ਦੇ ਨਾਲ 900 ਫਾਇਰ ਟਰੱਕ, 60 ਹੈਲੀਕਾਪਟਰ ਵੀ ਲੱਗੇ ਹੋਏ ਹਨ। ਗੋਸਿਯੋਂਗ ਸਣੇ 4 ਕਾਊਂਟੀ ਵਿਚ ਬਿਜਲੀ ਗੁਲ ਹੈ। ਇਨ੍ਹਾਂ ਕਾਊਂਟੀ ਵਿਚ ਫੋਨ ਅਤੇ ਇੰਟਰਨੈਟ ਸੇਵਾਵਾਂ ਠੱਪ ਪੈ ਗਈਆਂ। Îਇੱਥੇ ਉਤਰ ਕੋਰੀਆ ਦੀ ਸਰਹੱਦ ਵੀ ਲੱਗੀ ਹੋਈ ਹੈ। ਇਸ ਲਈ ਕਿਮ ਜੋਂਗ ਉਨ ਸਰਕਾਰ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ।

ਐਮਾਜ਼ੋਨ ਦੇ ਸੰਸਥਾਪਕ ਦਾ ਸਭ ਤੋਂ ਮਹਿੰਗਾ ਤਲਾਕ

ਨਿਊਯਾਰਕ-ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈੱਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜ਼ੀ ਵਿਚਾਲੇ ਇਤਿਹਾਸ ਦੇ ਸਭ ਤੋਂ ਮਹਿੰਗੇ ਤਲਾਕ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਬੇਜੋਸ ਕੰਪਨੀ ਵਿਚ ਆਪਣੀ 143 ਅਰਬ ਡਾਲਰ ਦੀ ਹਿੱਸੇਦਾਰੀ ਵਿਚੋਂ 25 ਫ਼ੀਸਦੀ ਯਾਨੀ 36 ਅਰਬ ਡਾਲਰ ਦੇ ਸ਼ੇਅਰ ਮੈਕੇਂਜ਼ੀ ਨੂੰ ਦੇਣਗੇ ਅਤੇ ਵੋਟਿੰਗ ਅਧਿਕਾਰ ਆਪਣੇ ਕੋਲ ਹੀ ਰੱਖਣਗੇ, ਜਦਕਿ ਮੈਕੇਂਜ਼ੀ ਵਾਸ਼ਿੰਗਟਨ ਪੋਸਟ ਅਖ਼ਬਾਰ ਅਤੇ ਸਪੇਸ ਕੰਪਨੀ ਬਲੂ ਓਰੀਜਿਨ ਵਿਚ ਆਪਣੀ ਹਿੱਸੇਦਾਰੀ ਛੱਡੇਗੀ। ਮੈਕੇਂਜ਼ੀ 36 ਅਰਬ ਡਾਲਰ (ਕਰੀਬ ਢਾਈ ਲੱਖ ਕਰੋੜ ਰੁਪਏ) ਦੇ ਸ਼ੇਅਰਾਂ ਨਾਲ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ। ਦੁਨੀਆ ਦੇ ਇਸ ਸਭ ਤੋਂ ਅਮੀਰ ਜੋੜੇ ‘ਚ ਤਲਾਕ ਨੂੰ ਲੈ ਕੇ ਸਮਝੌਤਾ ਹੋਣ ਨਾਲ ਐਮਾਜ਼ੋਨ ‘ਤੇ ਕੰਟਰੋਲ ਨੂੰ ਲੈ ਕੇ ਚੱਲ ਰਿਹਾ ਭੰਬਲਭੂਸਾ ਵੀ ਖ਼ਤਮ ਹੋ ਗਿਆ ਹੈ। ਕੰਪਨੀ ਦੀ ਅਗਵਾਈ ਬੇਜੋਸ ਹੀ ਕਰਨਗੇ।
ਜੈੱਫ ਬੇਜੋਸ (55) ਅਤੇ ਮੈਕੇਂਜ਼ੀ (48) ਨੇ ਵੀਰਵਾਰ ਨੂੰ ਵੱਖ-ਵੱਖ ਟਵੀਟ ਕਰ ਕੇ ਸਮਝੌਤੇ ਦਾ ਐਲਾਨ ਕੀਤਾ। ਮੈਕੇਂਜ਼ੀ ਨੇ ਟਵੀਟ ‘ਚ ਕਿਹਾ, ‘ਜੈੱਫ ਨਾਲ ਆਪਣੀ ਪਾਰੀ ਖ਼ਤਮ ਕਰਨ ਦੀ ਪ੍ਰਕਿਰਿਆ ਪੂਰੀ ਕਰਨ ‘ਤੇ ਖ਼ੁਸ਼ੀ ਹੋ ਰਹੀ ਹੈ।’ ਜਦਕਿ ਬੇਜੋਸ ਨੇ ਇਕ ਟਵੀਟ ‘ਚ ਲਿਖਿਆ, ‘ਮੈਂ ਤਲਾਕ ਦੀ ਪ੍ਰਕਿਰਿਆ ‘ਚ ਉਸ ਦੇ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ। ਉਹ ਬੇਹੱਦ ਸਮਝਦਾਰ, ਕੁਸ਼ਲ ਅਤੇ ਪਿਆਰ ਕਰਨ ਵਾਲੀ ਹੈ। ਮੈਂ ਇਹ ਜਾਣਦਾ ਹਾਂ ਕਿ ਮੈਂ ਹਮੇਸ਼ਾ ਉਸ ਤੋਂ ਸਿੱਖਦਾ ਰਹਾਂਗਾ।’ ਦੋਵਾਂ ਨੇ ਹਾਲਾਂਕਿ ਸਮਝੌਤੇ ਨਾਲ ਜੁੜੀ ਕਿਸੇ ਹੋਰ ਵਿੱਤੀ ਜਾਣਕਾਰੀ ਨੂੰ ਸਾਂਝਾ ਨਹੀਂ ਕੀਤਾ।
ਐਮਾਜ਼ੋਨ ਨੇ ਅਮਰੀਕਾ ਦੇ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਕਿ ਤਲਾਕ ‘ਤੇ ਕੋਰਟ ਦੀ ਮੋਹਰ ਲੱਗਣ ਤੋਂ ਬਾਅਦ ਕੰਪਨੀ ਵਿਚ ਮੈਕੇਂਜ਼ੀ ਬੇਜੋਸ ਦੇ ਨਾਂ ਚਾਰ ਫ਼ੀਸਦੀ ਸ਼ੇਅਰ ਰਜਿਸਟਰਡ ਹੋ ਜਾਣਗੇ। ਇਸ ਵਿਚ ਕਰੀਬ 90 ਦਿਨਾਂ ਦਾ ਸਮਾਂ ਲੱਗੇਗਾ। ਦੋਵਾਂ ਦੀ ਤਲਾਕ ਲੈਣ ਦੀ ਅਰਜ਼ੀ ਵਾਸ਼ਿੰਗਟਨ ਦੀ ਅਦਾਲਤ ‘ਚ ਦਾਖ਼ਲ ਹੈ।
ਜੈੱਫ ਬੇਜੋਸ ਅਤੇ ਮੈਕੇਂਜ਼ੀ ਨੇ ਬੀਤੀ ਜਨਵਰੀ ‘ਚ ਟਵਿੱਟਰ ‘ਤੇ ਇਕ ਸਾਂਝੇ ਬਿਆਨ ਵਿਚ ਤਲਾਕ ਲੈਣ ਦਾ ਐਲਾਨ ਕੀਤਾ ਸੀ। ਦੋਵਾਂ ਦਾ ਵਿਆਹ 1993 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਦੇ ਤਲਾਕ ਦੇ ਐਲਾਨ ਤੋਂ ਬਾਅਦ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਐਮਾਜ਼ੋਨ ਵਿਚ ਬੇਜੋਸ ਦਾ ਵੋਟਿੰਗ ਅਧਿਕਾਰ ਘੱਟ ਸਕਦਾ ਹੈ।
ਗੈਰਾਜ ਤੋਂ ਸ਼ੁਰੂ ਹੋਈ ਸੀ ਐਮਾਜ਼ੋਨ
ਬੇਜੋਸ ਨੇ ਸਾਲ 1994 ‘ਚ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਸਥਿਤ ਆਪਣੇ ਇਕ ਗੈਰਾਜ ਤੋਂ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਸੀ। ਉਦੋਂ ਇਸ ਦੀ ਸ਼ੁਰੂਆਤ ਆਨਲਾਈਨ ਬੁੱਕ ਸੈਲਰ ਦੇ ਤੌਰ ‘ਤੇ ਕੀਤੀ ਗਈ ਸੀ। ਦੁਨੀਆ ਦੀ ਇਸ ਸਭ ਤੋਂ ਵੱਡੀ ਆਨਲਾਈਨ ਰਿਟੇਲਰ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਕਰੀਬ 890 ਅਰਬ ਡਾਲਰ ਹੈ। ਜੈੱਫ ਬੇਜੋਸ ਨੇ ਵਾਸ਼ਿੰਗਟਨ ਪੋਸਟ ਨੂੰ ਸਾਲ 2013 ਵਿਚ ਖ਼ਰੀਦਿਆ ਸੀ। ਬੇਜੋਸ ਨੇ ਸਾਲ 2000 ਵਿਚ ਸਪੇਸ ਕੰਪਨੀ ਬਲੂ ਓਰੀਜਿਨ ਦੀ ਸ਼ੁਰੂਆਤ ਕੀਤੀ ਸੀ।
ਫੋਰਬਸ ਮੈਗਜ਼ੀਨ ਮੁਤਾਬਕ, 36 ਅਰਬ ਡਾਲਰ ਦੇ ਸ਼ੇਅਰ ਮਿਲਣ ਤੋਂ ਬਾਅਦ ਮੈਕੇਜ਼ੀ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ। ਕਰੀਬ 50 ਅਰਬ ਡਾਲਰ ਦੀ ਜਾਇਦਾਦ ਨਾਲ ਲਾਰਿਅਲ ਦੇ ਸੰਸਥਾਪਕ ਦੀ ਪੋਤੀ ਫ੍ਰੈਂਕੋਈਸ ਬੀ ਮੇਅਰਸ ਦੁਨੀਆ ਦੀ ਸਭ ਤੋਂ ਅਮੀਰ ਅੌਰਤ ਹੈ। ਜਦਕਿ ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਬੇਟੀ ਐਸਿਲ ਵਾਲਟਨ 47 ਅਰਬ ਡਾਲਰ ਨਾਲ ਦੂਜੇ ਸਥਾਨ ‘ਤੇ ਹੈ।

ਭਾਰਤੀ ਮੂਲ ਦਾ ਫਿਜ਼ੀਅਨ ਜੋੜਾ ਸੈਕਰਾਮੈਂਟੋ ਦਰਿਆ ‘ਚ ਰੁੜਿ੍ਹਆ

ਕੈਲੀਫੋਰਨੀਆ–ਭਾਰਤੀ ਮੂਲ ਦੇ ਫਿਜ਼ੀਅਨ ਪਤੀ-ਪਤਨੀ ਦੇ ਸੈਕਰਾਮੈਂਟੋ ਦਰਿਆ ਵਿਚ ਰੁੜ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਲਵਿਨੇਸ਼ ‘ਸ਼ਲਵਿਨ’ ਤੇ ਰੋਜਲਿਨ ਸ਼ਰਮਾ ਇਕ ਟੋਅ ਟਰੱਕ ਵਿਚ ਸਵਾਰ ਸਨ | ਪਾਇਨੀਅਰ ਪੁਲ ਉੱਪਰ ਉਨ੍ਹਾਂ ਦਾ ਟਰੱਕ ਇਕ ਹੋਰ ਵਾਹਨ ਨਾਲ ਟਕਰਾ ਕੇ ਸੈਕਰਾਮੈਂਟੋ ਦਰਿਆ ਵਿਚ ਜਾ ਡਿਗਾ | ਕੈਲੀਫੋਰਨੀਆ ਰਾਸ਼ਟਰੀ ਮਾਰਗ ਗਸ਼ਤੀ ਟੀਮ ਅਨੁਸਾਰ ਲਾਪਤਾ ਜੋੜੇ ਦੀ ਬਚਾਅ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ, ਪਰ ਦਰਿਆ ਵਿਚ ਪਾਣੀ ਜ਼ਿਆਦਾ ਤੇ ਤੇਜ਼ ਹੋਣ ਕਾਰਨ ਤਲਾਸ਼ੀ ਮੁਹਿੰਮ ਵਿਚ ਵਿਘਨ ਪੈ ਰਿਹਾ ਹੈ | ਇਹ ਜੋੜਾ ਸੈਕਰਾਮੈਂਟੋ ਵਿਚ ਰਹਿੰਦਾ ਹੈ ਤੇ ਉਨ੍ਹਾਂ ਦਾ ਇਕ ਬੇਟਾ ਤੇ 13 ਸਾਲ ਦੀ ਬੇਟੀ ਜੋਸਲਿਨ ਹੈ | ਉਨ੍ਹਾਂ ਦੇ ਕਈ ਰਿਸ਼ਤੇਦਾਰ ਵੀ ਇਸ ਖ਼ੇਤਰ ਵਿਚ ਰਹਿੰਦੇ ਹਨ, ਜੋ ਜੋੜੇ ਦੀ ਸਲਾਮਤੀ ਨੂੰ ਲੈ ਕੇ ਫ਼ਿਕਰਮੰਦ ਹਨ | ਸ਼ਰਮਾ ਜਸਟਿਨ ਟੋਇੰਗ ਕੰਪਨੀ ਦਾ ਮਾਲਕ ਹੈ, ਜੋ ਉਸ ਦੇ ਬੇਟੇ ਦੇ ਨਾਂਅ ‘ਤੇ ਹੈ |

ਪਰਮਜੀਤ ਕੌਰ ਖਾਲੜਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ’ਚ ਨਿੱਤਰੇ ਪਰਵਾਸੀ ਪੰਜਾਬੀ

ਸਿਡਨੀ-ਲੋਕ ਸਭਾ ਚੋਣਾਂ ਨੂੰ ਲੈ ਕੇ ਇਥੇ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਇਕੱਤਰਤਾ ਹੋਈ, ਜਿਸ ’ਚ ਬੁਲਾਰਿਆਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਮਨੁੱਖੀ ਹੱਕਾਂ ਦੀ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾਂ ਤੋਂ ਬਾਅਦ ਪੰਜਾਬੀਆਂ ’ਚ ਵੱਡੇ ਪੱਧਰ ’ਤੇ ਹੋਏ ਕਤਲਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਆ ਰਿਹਾ ਖਾਲੜਾ ਪਰਿਵਾਰ ਨੂੰ ਵੋਟਾਂ ਦਾ ਅਸਲੀ ਹੱਕਦਾਰ ਕਰਾਰ ਦਿੱਤਾ। ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਉਮੀਦਵਾਰ ਜੇਜੇ ਸਿੰਘ ਨੂੰ ਚੋਣ ਮੁਹਿੰਮ ਤੋਂ ਤੁਰੰਤ ਹਟਾਵੇ। ਇੰਜ ਕਰਨ ’ਤੇ ਪਰਵਾਸੀ ਭਾਈਚਾਰਾ ਰਣਜੀਤ ਸਿੰਘ ਬ੍ਰਹਮਪੁਰਾ ਦਾ ਰਿਣੀ ਰਹੇਗਾ। ਆਸਟਰੇਲੀਅਨ ਨੈਸ਼ਨਲ ਸਿੱਖ ਕੌਸਲ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਬਾਵਾ ਸਿੰਘ ਜਗਦੇਵ, ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ ਦੇ ਪਰਜੀਤ ਸਿੰਘ, ਪੰਜਾਬੀ ਸਾਹਿਤਕ ਸਭਾ ਦੇ ਮਨਜਿੰਦਰ ਸਿੰਘ, ਮੇਜਰ ਕੁਲਦੀਪ ਸਿੰਘ ਦਿਓ ਤੇ ਹੋਰਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੇ ਅਸਲ ਮੁੱਦਿਆਂ ਲਈ ਗੰਭੀਰ ਨਹੀਂ ਹੈ। ਆਗੂਆਂ ਨੇ ਹੋਦ ਚਿੱਲੜ ’ਚ ਨਵੰਬਰ 1984 ’ਚ ਸਿੱਖਾਂ ਉੱਪਰ ਹੋਏ ਅੱਤਿਆਚਾਰ ਨੂੰ ਜਗ ਜ਼ਾਹਿਰ ਕਰਨ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫਤਿਹਗੜ੍ਹ ਸਾਹਿਬ ਹਲਕੇ ਤੋਂ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਹੈ।