ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 4)

ਦੇਸ਼ ਵਿਦੇਸ਼

ਸੈਕਰਾਮੈਂਟੋ ਦਰਿਆ ‘ਚ ਰੁੜੇ੍ਹ ਭਾਰਤੀ ਮੂਲ ਦੇ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ

ਕੈਲੀਫੋਰਨੀਆ-ਆਪਣੇ ਟੋਅ-ਟਰੱਕ ਸਮੇਤ ਸੈਕਰਾਮੈਂਟੋ ਦਰਿਆ ‘ਚ ਰੁੜੇ ਭਾਰਤੀ ਮੂਲ ਦੇ ਫਿਜ਼ੀਅਨ ਜੋੜੇ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ | ਸ਼ਲਵਿਨੇਸ਼ ਸ਼ਰਮਾ ਦੀ ਲਾਸ਼ ਹਾਦਸੇ ਵਾਲੇ ਸਥਾਨ ਤੋਂ ਤਕਰੀਬਨ 5 ਕਿਲੋਮੀਟਰ ਦੂਰ ਦਰਿਆ ‘ਚ ਤੈਰਦੀ ਹੋਈ ਮਿਲੀ | ਕੈਲੀਫੋਰਨੀਆ ਰਾਸ਼ਟਰੀ ਮਾਰਗ ਗਸ਼ਤੀ ਟੀਮ ਦੇ ਅਧਿਕਾਰੀ ਜਿਮ ਯੋਂਗ ਨੇ ਇਹ ਜਾਣਕਾਰੀ ਦਿੱਤੀ | ਸ਼ਰਮਾ ਦੀ ਪਤਨੀ ਰੋਜਲਿਨ ਸ਼ਰਮਾ ਦੀ ਲਾਸ਼ ਟਰੱਕ ‘ਚੋਂ ਬਰਾਮਦ ਹੋਈ | ਰੋਜਲਿਨ ਸ਼ਰਮਾ ਦੇ ਭਰਾ ਡੋਨਲਡ ਸਿੰਘ ਨੇ ਬਹੁਤ ਹੀ ਦੁੱਖੀ ਮਨ ਨਾਲ ਕਿਹਾ ਕਿ ਬਚਾਅ ਕਾਰਵਾਈ ਬਹੁਤ ਦੇਰੀ ਨਾਲ ਸ਼ੁਰੂ ਕੀਤੀ ਗਈ | ਜੇਕਰ ਟਰੱਕ ਨੂੰ ਪਾਣੀ ‘ਚੋਂ ਛੇਤੀ ਕੱਢ ਲਿਆ ਜਾਂਦਾ ਤਾਂ ਹੋ ਸਕਦਾ ਸੀ ਕਿ ਉਸ ਦੀ ਭੈਣ ਬਚ ਜਾਂਦੀ | ਦੂਸਰੇ ਪਾਸੇ ਜਿਮ ਯੋਂਗ ਦਾ ਕਹਿਣਾ ਹੈ ਕਿ ਦਰਿਆ ਦਾ ਪਾਣੀ ਬਹੁਤ ਤੇਜ਼ੀ ਨਾਲ ਵਹਿ ਰਿਹਾ ਸੀ | ਸਮੁੰਦਰੀ ਤੂਫ਼ਾਨ ਵਾਂਗ ਸ਼ੂਕਦੇ ਦਰਿਆ ਦੇ ਪਾਣੀ ਕਾਰਨ ਬਚਾਅ ਕਾਰਵਾਈ ਛੇਤੀ ਸ਼ੁਰੂ ਨਹੀਂ ਕੀਤੀ ਜਾ ਸਕੀ | ਇੱਥੇ ਵਰਣਨਯੋਗ ਹੈ ਕਿ ਪਿਛਲੇ ਮਹੀਨੇ ਦਾ ਆਿਖ਼ਰ ‘ਚ ਸ਼ਰਮਾ ਦਾ ਟਰੱਕ ਇਕ ਹੋਰ ਵਾਹਣ ਨਾਲ ਟਕਰਾ ਕੇ ਦਰਿਆ ‘ਚ ਡਿੱਗ ਪਿਆ ਸੀ | ਉਸ ਦਿਨ ਤੋਂ ਹੀ ਸ਼ਰਮਾ ਜੋੜੇ ਦੀ ਹੋਣੀ ਨੂੰ ਲੈ ਕੇ ਫਿਕਰਮੰਦੀ ਪ੍ਰਗਟਾਈ ਜਾ ਰਹੀ ਸੀ |

ਸਾਕੇ ਸਬੰਧੀ ਦਸਤਾਵੇਜ਼ ਲਾਹੌਰ ’ਚ ਪ੍ਰਦਰਸ਼ਿਤ

ਲਾਹੌਰ-ਜੱਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀ 100ਵੀਂ ਬਰਸੀ ਨੂੰ ਸਮਰਪਿਤ ਪਾਕਿਸਤਾਨ ਨੇ ਪਹਿਲੀ ਵਾਰ ਦੁਰਲੱਭ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ ਲਗਾਈ ਹੈ। ਲਾਹੌਰ ਹੈਰੀਟੇਜ ਮਿਊਜ਼ੀਅਮ ’ਚ ਛੇ ਦਿਨ ਚੱਲਣ ਵਾਲੀ ਇਹ ਪ੍ਰਦਰਸ਼ਨੀ ਬੀਤੇ ਦਿਨ ਸ਼ੁਰੂ ਹੋਈ ਹੈ ਜਿਸ ’ਚ 1919 ’ਚ ਵਾਪਰੇ ਇਸ ਖੂਨੀ ਸਾਕੇ ਅਤੇ ਪੰਜਾਬ ’ਚ ਮਾਰਸ਼ਲ ਲਾਅ ਨਾਲ ਜੁੜੇ ਘੱਟ ਤੋਂ ਘੱਟ 70 ਇਤਿਹਾਸਕ ਦਸਤਾਵੇਜ਼ ਜਨਤਕ ਕੀਤੇ ਗਏ ਹਨ। ਇਸ ਤੋਂ ਸਾਲ ਪਹਿਲਾਂ ਪਾਕਿਸਤਾਨ ਨੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ’ਤੇ ਚੱਲੇ ਮੁਕੱਦਮੇ ਨਾਲ ਜੁੜੇ ਕੁਝ ਅਹਿਮ ਦਸਤਾਵੇਜ਼ ਵੀ ਜਨਤਕ ਕੀਤੇ ਸੀ।
ਪਾਕਿਸਤਾਨੀ ਪੰਜਾਬ ਦੇ ਪੁਰਾਲੇਖ ਵਿਭਾਗ ਦੇ ਨਿਰਦੇਸ਼ਕ ਅੱਬਾਸ ਚੁਗਤਾਈ ਨੇ ਦੱਸਿਆ, ‘ਸਰਕਾਰ ਨੇ ਵੱਖ ਵੱਖ ਇਤਿਹਾਸਕ ਘਟਨਾਵਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨਾਲ ਜੁੜੇ ਦਸਤਾਵੇਜ਼ ਜਨਤਕ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਜਾਣ ਸਕਣ ਕਿ ਉਸ ਦੌਰ ’ਚ ਕੀ ਹੋਇਆ ਸੀ।’ ਉਨ੍ਹਾਂ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਜੱਲ੍ਹਿਆਂਵਾਲਾ ਬਾਗ ਦੇ ਸਾਕੇ ਦੀ 100ਵੀਂ ਬਰਸੀ ਮੌਕੇ ਜਾਰੀ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਅਜਿਹਾ ਕੀਤਾ ਜਾਂਦਾ ਰਹੇਗਾ।
ਉਨ੍ਹਾਂ ਕਿਹਾ ਕਿ ਉਹ ਰੁਡਿਆਰਡ ਕਿਪਲਿੰਗ ਦੇ ਕੰਮ ਨਾਲ ਸਬੰਧਤ ਦਸਤਾਵੇਜ਼ ਪ੍ਰਦਰਸ਼ਿਤ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਲਾਹੌਰ ਹੈਰੀਟੇਜ ਮਿਊਜ਼ੀਅਮ ਆ ਕੇ ਇਹ ਦਸਤਾਵੇਜ਼ ਦੇਖਣ ਦੀ ਅਪੀਲ ਕਰਦੇ ਹਨ ਤਾਂ ਜੋ ਆਪਣੇ ਇਤਿਹਾਸ ਬਾਰੇ ਜਾਣਿਆ ਜਾ ਸਕੇ। ਇਹ ਪ੍ਰਦਰਸ਼ਨੀ 26 ਅਪਰੈਲ ਤੱਕ ਜਾਰੀ ਰਹੇਗੀ। ਇਨ੍ਹਾਂ ਦਸਤਾਵੇਜ਼ਾਂ ’ਚ ਵੱਖ ਵੱਖ ਮਾਰਸ਼ਲ ਲਾਅ ਹੁਕਮਾਂ, ਕਮਿਸ਼ਨਾਂ ਵੱਲੋਂ ਚਲਾਏ ਗਏ ਮੁਕੱਦਿਆਂ ਤੇ ਅਦਾਲਤੀ ਕਾਰਵਾਈਆਂ ਦੀਆਂ ਨਕਲਾਂ, ਲਾਹੌਰ ਦੇ ਵੱਖ ਵੱਖ ਕਾਲਜਾਂ ’ਚੋਂ 47 ਵਿਦਿਆਰਥੀਆਂ ਨੂੰ ਕੱਢਣ ਸਬੰਧੀ ਹੁਕਮਾਂ ਦੀਆਂ ਕਾਪੀਆਂ, ਲੌਰਡ ਸਿਡਨਹਾਮਿਨ ਵੱਲੋਂ ਚੁੱਕੇ ਗਏ ਸਵਾਲਾਂ ਦੀ ਕਾਪੀ ਆਦਿ ਸ਼ਾਮਲ ਹਨ। ਮਰੀ ਦੇ ਸਹਾਇਕ ਕਮਿਸ਼ਨਰ ਵੱਲੋਂ ਯੂਰੋਪੀਅਨਾਂ ਤੇ ਐਂਗਲੋ-ਇੰਡੀਅਨਾਂ ਨੂੰ ਦੰਗਿਆਂ ਤੋਂ ਬਚਾਉਣ ਲਈ ਮਰੀ ਭੇਜਣ ਸਬੰਧੀ ਪੱਤਰ ਦੀ ਕਾਪੀ, ਲਾਹੌਰ, ਅੰਮ੍ਰਿਤਸਰ, ਕਸੂਰ, ਅਹਿਮਦਾਬਾਦ ਤੇ ਪਟਨਾ ’ਚ ਹਾਲਾਤ ਵਿਗੜਨ ਦੀ ਰਿਪੋਰਟ ਦੀ ਕਾਪੀ, ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਮਿਸਟਰ ਬਾਰਟਨ ਦੀ ਕਾਰ ’ਤੇ ਪੱਥਰ ਮਾਰੇ ਜਾਣ ਮਗਰੋਂ ਰਾਵਲਪਿੰਡੀ ਦੇ ਗਵਰਨਰ ਵੱਲੋਂ ਮੁੱਖ ਸਕੱਤਰ ਨੂੰ ਜੇਹਲਮ ’ਚ ਮਾਰਸ਼ਲ ਲਾਅ ਲਾਗੂ ਕਰਨ ਸਬੰਧੀ ਲਿਖਿਆ ਪੱਤਰ ਵੀ ਪ੍ਰਦਰਸ਼ਨੀ ’ਚ ਪੇਸ਼ ਕੀਤਾ ਗਿਆ ਹੈ। ਜੱਲ੍ਹਿਆਂਵਾਲਾ ਬਾਗ ਦੇ ਸਾਕੇ ’ਚ ਮਾਰੇ ਗਏ ਲੋਕਾਂ ਬਾਰੇ ਡਿਪਟੀ ਕਮਿਸ਼ਨਰ ਵੱਲੋਂ 3 ਸਤੰਬਰ ਨੂੰ ਪੇਸ਼ ਕੀਤੀ ਗਈ ਆਖਰੀ ਰਿਪੋਰਟ ਵੀ ਪ੍ਰਦਰਸ਼ਨੀ ’ਚ ਸ਼ਾਮਲ ਹੈ। ਰਿਪੋਰਟ ਮੁਤਾਬਕ ਇਸ ਖੂਨੀ ਸਾਕੇ ’ਚ ਦੋ ਔਰਤਾਂ ਤੇ ਪੰਜ ਬੱਚਿਆਂ ਸਮੇਤ 291 ਲੋਕ ਮਾਰੇ ਗਏ ਹਨ। –

ਅਮਰੀਕਾ ਵਿਚ ਭਾਰਤੀ ਨੂੰ ਕਾਲ ਸੈਂਟਰ ਨਾਲ ਜੁੜੇ ਧੋਖਾਧੜੀ ਮਾਮਲੇ ਵਿਚ ਜੇਲ੍ਹ

ਨਿਊਯਾਰਕ- ਫਲੋਰਿਡਾ ਵਿਚ ਇੱਕ ਫੈਡਰਲ ਜੱਜ ਨੇ ਕਾਲ ਸੈਟਰ ਧੋਖਾਧੜੀ ਨਾਲ ਜੁੜੇ ਇੱਕ ਮਾਮਲੇ ਵਿਚ ਇੱਕ ਭਾਰਤੀ ਨਾਗਰਿਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਮਰੀਕੀ ਵਿਭਾਗ ਅਨੁਸਾਰ ਭਾਰਤ ਨਾਲ ਸਬੰਧਤ ਕਾਲ ਸੈਂਟਰ ਧੋਖਾਧੜੀ ਵਿਚ ਦੋਸ਼ੀ ਦੇ ਜੁੜੇ ਹੋਣ ਕਾਰਨ ਉਸ ਨੂੰ 8 ਸਾਲ 6 ਮਹੀਨੇ ਦੀ ਕੈਦ ਹੋਈ ਹੈ। ਵੀਰਵਾਰ ਨੂੰ ਸਜ਼ਾ ਸੁਣਾਉਣ ਦੌਰਾਨ ਜੱਜ ਵਰਜੀਨੀਆ ਕੋਵਿੰਗਟਨ ਨ ਹੇਮਲ ਕੁਮਾਰ ਸ਼ਾਹ ਨੂੰ 80 ਹਜ਼ਾਰ ਡਾਲਰ ਜੁਰਮਾਨਾ ਦੇਣ ਦਾ ਵੀ ਆਦੇਸ਼ ਦਿੱਤਾ ਹੈ। ਉਸ ਨੂੰ ਅਪਣੇ ਨਾਲ ਜੁੜੇ ਸਬੂਤ ਮਿਟਾਉਣ ਦਾ ਦੋਸ਼ੀ ਵੀ ਪਾਇਆ ਗਿਆ ਹੈ। ਇਸ ਤੋਂ ਪਹਿਲਾਂ ਹੇਮਲ ਨੇ ਜਨਵਰੀ ਵਿਚ ਅਪਣੇ ਦੋਸ਼ ਕਬੂਲ ਕੀਤੇ ਸਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸ਼ਾਹ ਨੇ 2014-2016 ਵਿਚਾਲੇ ਅਮਰੀਕੀ ਕਰ ਅਧਿਕਾਰੀ ਬਣ ਕੇ ਕਈ ਅਮਰੀਕੀ Îਨਿਵਾਸੀਆਂ ਤੋਂ ਪੈਸਿਆਂ ਦੀ ਉਗਰਾਹੀ ਕੀਤੀ ਸੀ। ਦਸਤਾਵੇਜ਼ਾਂ ਅਨੁਸਾਰ ਉਸ ਨੇ ਭਾਰਤੀ ਕਾਲ ਸੈਂਟਰ ਜ਼ਰੀਏ ਅਮਰੀਕੀ ਨਿਵਾਸੀਆਂ ਨੂੰ ਯਕੀਨ ਦਿਵਾਇਆ ਸੀ ਕਿ ਉਨ੍ਹਾਂ ਦਾ ਕਰ ਬਕਾਇਆ ਹੈ ਤੇ ਜਲਦੀ ਪੈਸੇ ਨਾ ਦੇਣ ‘ਤੇ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਮਾਮਲੇ ਨਾਲ ਸਬੰਧਤ ਹੋਰ ਚਾਰ ਲੋਕਾਂ ਨੇ ਵੀ ਅਦਾਲਤ ਵਿਚ ਅਪਣਾ ਦੋਸ਼ ਕਬੂਲ ਕਰ ਲਿਆ। ਇਨ੍ਹਾਂ ਵਿਚੋਂ ਦੋ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਜਦ ਕਿ ਦੋ ‘ਤੇ ਫ਼ੈਸਲਾ ਆਉਣਾ ਬਾਕੀ ਹੈ।

ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੀ ਹੱਤਿਆ ਵਿਚ ਸ਼ਾਮਲ ਦੋ ਅੱਤਵਾਦੀ ਪਾਕਿਸਤਾਨ ਵਿਚ ਗ੍ਰਿਫਤਾਰ

ਪੇਸ਼ਾਵਰ-ਅਮਰੀਕੀ ਪੱਤਰਕਾਰ ਡੈਨੀਅਨ ਪਰਲ ਦੀ ਹੱਤਿਆ ਅਤੇ ਦੇਸ਼ ਵਿਚ ਕਈ ਦੂਜੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ 2 ਪਾਕਿਸਤਾਨੀ ਤਾਲਿਬਾਨੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਬੀਤੇ ਦਿਨ ਇਹ ਜਾਣਕਾਰੀ ਦਿੱਤੀ ਗਈ। ਖੈਬਰ ਪਖਤੂਨਖਵਾ ਦੇ ਮਨਸ਼ੇਰਾ ਜ਼ਿਲ੍ਹੇ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਹ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਦੇ ਸਭ ਤੋਂ ਖੂੰਖਾਰ ਅੱਤਵਾਦੀ ਹੈ।
ਅਧਿਕਾਰੀਆਂ ਨੇ ਕਿਹਾ ਕਿ ਅਜੀਮ ਜਾਨ ਅਤੇ ਮੁਹੰਮਦ ਅਨਵਰ ਨੂੰ ਖੁਫ਼ੀਆ ਸੂਚਨਾ ਤੋਂ ਬਾਅਦ ਚਲਾਈ ਗਈ ਮੁਹਿੰਮ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। 2002 ਵਿਚ ਅਮਰੀਕੀ ਪੱਤਰਕਾਰ ਪਰਲ ਨੂੰ ਅਗਵਾ ਕਰਨ ਅਤੇ ਹੱਤਿਆ ਵਿਚ ਸ਼ਾਮਲ ਸੀ। ਪਰਲ ‘ਦ ਵਾਲ ਸਟਰੀਟ ਜਰਨਲ’ ਦੱਖਣੀ ਏਸ਼ੀਆ ਮੁਖੀ ਸਨ ਅਤੇ ਪਾਕਿਸਤਾਨ ਵਿਚ ਅੱਤਵਾਦੀਆਂ ਨੇ ਉਨ੍ਹਾਂ ਅਗਵਾ ਕਰਕੇ ਸਿਰ ਕਲਮ ਕਰ ਦਿੱਤਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਅਜੀਮ ਟੀਟੀਪੀ ਨੂੰ ਆਤਮਘਾਤੀ ਹਮਲਾਵਰਾਂ ਦੀ ਸਪਲਾਈ ਕਰਦਾ ਹੈ। ਇਸ ਤੋਂ ਇਲਾਵਾ ਉਹ ਮੀਰਾਨਸ਼ਾਹ ਵਿਚ ਟੀਟੀਪੀ ਦੇ ਵਿੱਤੀ ਮਾਮਲਿਆਂ ਦਾ ਵੀ ਮੁਖੀ ਹੈ। ਉਹ ਫਰਾਂਸੀਸੀ ਦੂਤਘਰ ਦੇ ਕਰਮਚਾਰੀ ‘ਤੇ ਅੱਤਵਾਦੀ ਹਮਲੇ ਵਿਚ ਵੀ ਸ਼ਾਮਲ ਸੀ। ਅਨਵਰ ਨੇ ਖੈਬਰ ਵਿਚ ਟਰੇਨਿੰਗ ਲਈ ਸੀ ਅਤੇ ਉਹ ਪੇਸ਼ਾਵਰ ਦੇ ਦੇਵੂ ਬਸ ਅੱਡੇ ‘ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ ਜਿਸ ਵਿਚ ਦੋ ਪੁਲਿਸ ਕਰਮੀਆਂ ਦੀ ਮੌਤ ਹੋਈ ਸੀ।

ਮਦਰੱਸੇ ‘ਚ ਛੇੜਛਾੜ ਦਾ ਦੋਸ਼ ਲਗਾਉਣ ਵਾਲੀ ਲੜਕੀ ਨੂੰ ਜ਼ਿੰਦਾ ਸਾੜਿਆ

ਢਾਕਾ-ਬੰਗਲਾਦੇਸ਼ ‘ਚ 19 ਸਾਲ ਦੀ ਇਕ ਲੜਕੀ ਨੂੰ ਸਰੀਰਕ ਸੋਸ਼ਣ ਿਖ਼ਲਾਫ਼ ਸ਼ਿਕਾਇਤ ਕਰਨ ਦਾ ਖਮਿਆਜ਼ਾ ਆਪਣੀ ਮੌਤ ਨਾਲ ਚੁਕਾਉਣਾ ਪਿਆ | 19 ਸਾਲ ਦੀ ਨੁਸਰਤ ਜਹਾਨ ਰਫੀ ਨੂੰ ਉਸ ਦੇ ਹੀ ਸਕੂਲ ‘ਚ ਜ਼ਿੰਦਾ ਸਾੜ ਕੇ ਮਾਰ ਦਿੱਤਾ ਗਿਆ | ਨੁਸਰਤ ਨੇ ਦੋ ਹਫ਼ਤੇ ਪਹਿਲੇ ਹੀ ਆਪਣੇ ਹੈੱਡਮਾਸਟਰ ਿਖ਼ਲਾਫ਼ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ | ਨੁਸਰਤ ਢਾਕਾ ਤੋਂ ਕਰੀਬ 160 ਕਿਲੋਮੀਟਰ ਦੂਰ ਛੋਟੇ ਜਿਹੇ ਕਸਬੇ ਫੇਨੀ ‘ਚ ਰਹਿੰਦੀ ਸੀ | ਉਹ ਉੱਥੇ ਇਕ ਮਦਰਸੇ ‘ਚ ਪੜ੍ਹ ਰਹੀ ਸੀ | ਨੁਸਰਤ ਦੀ ਸ਼ਿਕਾਇਤ ਮੁਤਾਬਿਕ 27 ਮਾਰਚ ਨੂੰ ਉਸ ਦੇ ਹੈੱਡਮਾਸਟਰ ਨੇ ਉਸ ਨੂੰ ਆਪਣੇ ਕਮਰੇ ‘ਚ ਬੁਲਾਇਆ ਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਇਆ | ਨੁਸਰਤ ਨੇ ਆਪਣੇ ਪਰਿਵਾਰ ਨੂੰ ਲੈ ਕੇ ਇਸ ਸਬੰਧੀ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ | ਇਕ ਰਿਪੋਰਟ ਮੁਤਾਬਿਕ ਸਥਾਨਕ ਪੁਲਿਸ ਸਟੇਸ਼ਨ ‘ਚ ਨੁਸਰਤ ਨੇ ਬਿਆਨ ਦਿੱਤਾ ਹੈ, ਜੋ ਇਕ ਅਫ਼ਸਰ ਨੇ ਆਪਣੇ ਫ਼ੋਨ ‘ਚ ਰਿਕਾਰਡ ਕੀਤਾ | ਇਸ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨੁਸਰਤ ਬਿਆਨ ਦਿੰਦੇ ਸਮੇਂ ਘਬਰਾ ਰਹੀ ਹੈ ਤੇ ਹੱਥ ਨਾਲ ਆਪਣੇ ਮੂੰਹ ਨੂੰ ਢਕਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਦੌਰਾਨ ਪੁਲਿਸ ਅਧਿਕਾਰੀ ਨੁਸਰਤ ਨੂੰ ਹੱਥ ਹਟਾਉਣ ਨੂੰ ਕਹਿ ਰਿਹਾ ਹੈ | ਇਹ ਵੀਡੀਓ ਬਾਅਦ ‘ਚ ਸਥਾਨਕ ਮੀਡੀਆ ‘ਚ ਲੀਕ ਹੋ ਗਈ | ਨੁਸਰਤ ਦੀ ਸ਼ਿਕਾਇਤ ਦੇ ਬਾਅਦ ਪੁਲਿਸ ਨੇ ਹੈੱਡਮਾਸਟਰ ਨੂੰ ਗਿ੍ਫ਼ਤਾਰ ਕਰ ਲਿਆ | ਇਸ ਤੋਂ ਬਾਅਦ ਨੁਸਰਤ ਲਈ ਕਾਫ਼ੀ ਮੁਸ਼ਕਿਲਾਂ ਖੜੀਆਂ ਹੋ ਗਈਆਂ | ਇਸ ਦੇ ਬਾਅਦ 6 ਅਪ੍ਰੈਲ ਨੂੰ ਨੁਸਰਤ ਆਪਣੀ ਪ੍ਰੀਖਿਆ ਦੇਣ ਸਕੂਲ ਗਈ ਤਾਂ ਉਸ ਦੀ ਦੋਸਤ ਉਸ ਨੂੰ ਸਕੂਲ ਦੀ ਛੱਤ ‘ਤੇ ਲੈ ਗਈ ਜਿੱਥੇ 4-5 ਲੋਕ ਬੁਰਕਾ ਪਾ ਕੇ ਪਹਿਲਾਂ ਹੀ ਮੌਜੂਦ ਸਨ | ਉਨ੍ਹਾਂ ਨੇ ਨੁਸਰਤ ਨੂੰ ਹੈੱਡਮਾਸਟਰ ਿਖ਼ਲਾਫ਼ ਦਿੱਤੀ ਸ਼ਿਕਾਇਤ ਵਾਪਸ ਲੈਣ ਲਈ ਕਿਹਾ, ਜਦ ਨੁਸਰਤ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨੁਸਰਤ ਨੂੰ ਅੱਗ ਲਗਾ ਦਿੱਤੀ | ਪੁੁਲਿਸ ਨੇ ਦੱਸਿਆ ਕਿ ਜਦ ਅੱਗ ਲੱਗਣ ਤੋਂ ਬਾਅਦ ਨੁਸਰਤ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਮਰਨ ਤੋਂ ਪਹਿਲਾਂ ਨੁਸਰਤ ਨੇ ਹੱਤਿਆਰਿਆਂ ਿਖ਼ਲਾਫ਼ ਬਿਆਨ ਦੇ ਦਿੱਤਾ ਸੀ | 10 ਅਪ੍ਰੈਲ ਨੂੰ ਨੁਸਰਤ ਦੀ ਮੌਤ ਹੋ ਗਈ ਤੇ ਪੁਲਿਸ ਨੇ ਉਸ ਦੀ ਹੱਤਿਆ ਦੇ ਦੋਸ਼ ‘ਚ 15 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ |

ਦੱਖਣੀ ਅਫ਼ਰੀਕਾ ਵਿਚ ਗਿਰਜਾ ਘਰ ਦੀ ਛੱਤ ਡਿੱਗਣ ਨਾਲ 13 ਮੌਤਾਂ

ਜੌਹਾਨਸਬਰਗ- ਦੱਖਣੀ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਕੋਲ ਸਥਿਤ ਇੱਕ ਗਿਰਜਾ ਘਰ ਵਿਚ ਪ੍ਰਾਰਥਨਾ ਦੌਰਾਨ ਛੱਤ ਡਿੱਗਣ ਨਾਲ 13 ਲੋਕਾਂ ਦੀ ਮੌਤ ਹੋ ਗਈ ਤੇ 16 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਘਟਨਾ ਵੀਰਵਾਰ ਸ਼ਾਮ ਉਤਰ ਡਰਬਨ ਦੇ ਡਲਾਂਗੁਬੇ ਸ਼ਹਿਰ ਵਿਚ ਵਾਪਰੀ। ਭਾਰੀ ਬਾਰਸ਼ ਦੇ ਬਾਅਦ ਗਿਰਜਾਘਰ ਦੀ ਛੱਤ ਢਹਿ ਗਈ। Îਇੱਕ ਬੁਲਾਰੇ ਨੇ ਦੱਸਿਆ ਕਿ ਬੀਤੀ ਰਾਤ ਭਾਰੀ ਬਾਰਸ਼ ਦੇ ਕਾਰਨ ਇਮਾਰਤ ਦੀ ਛੱਤ ਢਹਿ ਗਈ। ਹੁਣ ਤੱਕ 13 ਲੋਕਾਂ ਦੀ ਮੌਤ ਹੋਈ ਹੈ ਤੇ 16 ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖ਼ਲ ਕਰਾਇਆ ਗਿਆ ਹੈ।

ਕਿਸੇ ਦੇ ਦਬਾਅ ਵਿਚ ਮਸੂਦ ‘ਤੇ ਕਾਰਵਾਈ ਨਹੀਂ ਕਰਾਂਗੇ : ਪਾਕਿਸਤਾਨ

ਇਸਲਾਮਾਬਾਦ-ਮਸੂਦ ਅਜ਼ਹਰ ‘ਤੇ ਪਾਬੰਦੀ ਲਗਾਉਣ ਦੇ ਮਾਮਲੇ ‘ਤੇ ਪਾਕਿਸਤਾਨ ਕਿਸੇ ਦੇ ਵੀ ਦਬਾਅ ਵਿਚ ਨਹੀਂ ਆਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਹ ਗੱਲ ਕਹੀ। ਫੈਸਲ ਦਾ ਇਹ ਬਿਆਨ ਚੀਨ ਦੀ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਨ ਤੋਂ ਬਾਅਦ ਆਇਆ। ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਚੀਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੁਆਰਾ ਜੈਸ਼ ਏ ਮੁਹੰਮਦ ਦੇ ਮੁਖੀ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦੇ ਮਸਲੇ ‘ਤੇ ਅਪਣੀ ਤਕਨੀਕੀ ਰੋਕ ਨੂੰ ਹਟਾ ਲਵੇ। ਫੈਸਲ ਨੇ ਕਿਹਾ ਕਿ ਅਜ਼ਹਰ ‘ਤੇ ਪਾਕਿਸਤਾਨ ਦਾ ਰੁਖ ਸਪਸ਼ਟ ਹੈ।
ਭਾਰਤ ਦਾ ਦੋਸ਼ ਹੈ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਪਾਕਿਸਤਾਨ ਸਥਿਤ ਅਜ਼ਹਰ ਦੇ ਜੈਸ਼ ਏ ਮੁਹੰਮਦ ਦਾ ਹੱਥ ਹੈ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ 50 ਜਵਾਨ ਸ਼ਹੀਦ ਹੋ ਗਏ ਸੀ। ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ‘ਤੇ ਚੀਨ ਦੁਆਰਾ ਤਕਨੀਕੀ ਰੋਕ ਲਗਾਏ ਜਾਣ ਦੇ ਮਸਲੇ ‘ਤੇ ਫੈਸਲ ਨੇ ਕਿਹਾ ਕਿ ਇਸ ਮਾਮਲੇ ਵਿਚ ਪਾਕਿਸਤਾਨ ਜੋ ਵੀ ਫ਼ੈਸਲਾ ਕਰੇਗਾ। ਉਹ ਉਸ ਦੇ ਰਾਸ਼ਟਰ ਹਿਤ ਵਿਚ ਹੋਵੇਗਾ। ਪਾਕਿਸਤਾਨ ਇਸ ਵਿਚ ਕਿਸੇ ਦੇ ਦਬਾਅ ਵਿਚ ਨਹੀਂ ਆਵੇਗਾ। ਚੀਨ ਨੇ ਬੁਧਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਇਸ ਮਾਮਲੇ ‘ਤੇ ਉਸ ਨੂੰ ਅਲਟੀਮੇਟਮ ਦਿੱਤਾ ਹੈ।

ਵਿਜੇ ਮਾਲਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਾਧਿਆ ਨਿਸ਼ਾਨਾ

ਲੰਡਨ- ਭਾਰਤ ਨੂੰ ਲੋੜੀਂਦੇ ਵਪਾਰੀ ਵਿਜੇ ਮਾਲਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਨਿਸ਼ਾਨਾ ਬਣਾਇਆ ਹੈ ¢ ਸ਼ਰਾਬ ਵਪਾਰੀ ਮਾਲਿਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਜੋ 9 ਹਜ਼ਾਰ ਕਰੋੜ ਰੁਪਏ ਉਧਾਰ ਲਏ ਹਨ, ਉਸ ਤੋਂ ਵੱਧ ਬਰਾਮਦ ਕਰ ਚੁੱਕੇ ਹਨ ¢ ਵਿਜੇ ਮਾਲਿਆ ਬੈਂਕਾਂ ਤੋਂ ਕਰੋੜਾਂ ਰੁਪਏ ਦਾ ਕਰਜ਼ਾ ਲੈ ਕੇ ਭਾਰਤ ਤੋਂ ਬਚ ਨਿਕਲੇ ਸਨ ¢ ਹਵਾਲਾ ਰਾਸ਼ੀ ਸਮੇਤ ਬਹੁਤ ਸਾਰੇ ਕੇਸ ਮਾਲਿਆ ਿਖ਼ਲਾਫ਼ ਚੱਲ ਰਹੇ ਹਨ ¢ ਇਹ ਟਵੀਟ ਮਾਲਿਆ ਨੇ ਜੈੱਟ ਏਅਰਵੇਜ਼ ਨੇ ਆਪਣੇ ਬੰਦ ਹੋਣ ਦੀ ਕਾਰਵਾਈ ਦੇ ਕੀਤੇ ਐਲਾਨ ਤੋਂ ਬਾਅਦ ਕੀਤਾ ¢ ਵਿਜੇ ਮਾਲਿਆ ਨੇ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਨਾਲ ਇਕਜੁੱਟਤਾ ਜਾਹਿਰ ਕਰਦਿਆਂ ਕਿਹਾ ਕਿ ਸਰਕਾਰ ਨੇ ਨਿੱਜੀ ਏਅਰਲਾਈਨਜ਼ ਦੇ ਨਾਲ ਵਿਤਕਰਾ ਕੀਤਾ ਹੈ ¢ ਵਿਜੇ ਮਾਲਿਆ ਨੇ ਟਵਿੱਟਰ ‘ਤੇ ਟਿੱਪਣੀ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਇੰਟਰਵਿਊ ‘ਚ ਕਿਹਾ ਹੈ ਕਿ ਮੈਂ ਜੋ ਪੈਸਾ ਸਰਕਾਰੀ ਅਤੇ ਨਿੱਜੀ ਬੈਂਕਾਂ ਤੋਂ ਉਧਾਰ ਲਿਆ ਹੈ, ਉਸ ਤੋਂ ਜ਼ਿਆਦਾ ਬਰਾਮਦ ਕਰ ਲਿਆ ਹੈ, ਪਰ ਅਦਾਲਤ ‘ਚ ਬੈਂਕਾਂ ਦੇ ਵੱਖੋ-ਵੱਖਰੇ ਦਾਅਵੇ ਹਨ ¢ ਹੁਣ ਕਿਸ ‘ਤੇ ਵਿਸ਼ਵਾਸ ਕੀਤਾ ਜਾਵੇ? ਕੋਈ ਇਕ ਤਾਂ ਝੂਠ ਬੋਲ ਰਿਹਾ ਹੈ ¢

ਅਲਬਰਟਾ ਸੂਬਾਈ ਚੋਣਾਂ ‘ਚ ਪੰਜਾਬੀਆਂ ਨੇ ਕਰਵਾਈ ਫਿਰ ਬੱਲੇ-ਬੱਲੇ

ਅਲਬਰਟਾ -ਕੈਨੇਡਾ ਦੇ ਅਲਬਰਟਾ ਸੂਬੇ ਦੀਆਂ ਅਸੈਂਬਲੀ ਚੋਣਾਂ ‘ਚ ਇਕ ਵਾਰ ਫਿਰ ਭਾਰਤੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਨ੍ਹਾਂ ਚੋਣਾਂ ਵਿਚ 7 ਭਾਰਤੀਆਂ ਦੇ ਸਿਰ ਜਿੱਤ ਦੇ ਸਿਹਰੇ ਸਜੇ ਹਨ। ਜਿਨ੍ਹਾਂ ਵਿਚੋਂ 4 ਪੰਜਾਬੀ ਹਨ ਇਹ ਪੰਜਾਬ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਵਿਦੇਸ਼ਾਂ ਵਿਚ ਜਾ ਕੇ ਕਮਾਈ ਹੀ ਨਹੀਂ ਕਰ ਰਹੇ, ਸਗੋਂ ਇੱਥੋਂ ਦੀ ਰਾਜਨੀਤੀ ਵਿਚ ਵੀ ਨਿੱਤਰ ਰਹੇ ਹਨ।
ਇਨ੍ਹਾਂ ਚੋਣਾਂ ਵਿਚ ਐਡਮਿੰਟਨ ‘ਚ ਰਹਿਣ ਵਾਲੇ ਹੁਸ਼ਿਆਰਪੁਰ ਦੇ ਜਸਬੀਰ ਸਿੰਘ ਦਿਓਲ, ਐਡਮਿੰਟਨ ਵਾਈਟ ਮਡ ਤੋਂ ਰਾਚੀ ਪੰਚੋਲੀ, ਕੈਲਗਰੀ ਈਸਟ ਤੋਂ ਪੀਟਰ ਸਿੰਘ, ਕੈਲਗਰੀ ਐਚ ਮਾਊਂਟ ਤੋਂ ਪ੍ਰਸਾਦ ਪਾਂਡਾ, ਕੈਲਗਰੀ ਨਾਰਥ ਤੋਂ ਰੰਜਨ ਸਾਹਨੀ, ਕੈਲਗਰੀ ਤੋਂ ਲੀਲਾ ਅਹੀਰ ਅਤੇ ਕੈਲਗਰੀ ਫੈਨਕਨ ਤੋਂ ਦਵਿੰਦਰ ਤੂਰ ਜੇਤੂ ਰਹੇ। ਇਸ ਤੋਂ ਇਲਾਵਾ ਪਾਕਿਸਤਾਨ ਦੇ ਵੀ ਦੋ ਪੰਜਾਬੀਆਂ ਨੇ ਇਨ੍ਹਾਂ ਚੋਣਾਂ ਵਿਚ ਜਿੱਤ ਦੇ ਝੰਡੇ ਗੱਡੇ ਹਨ।
ਜਿਨ੍ਹਾਂ ਵਿਚ ਇਰਫ਼ਾਨ ਸਾਬਰ ਅਤੇ ਮੁਹੰਮਦ ਯਾਸੀਨ ਦੇ ਨਾਂਅ ਸ਼ਾਮਲ ਹਨ, ਜੋ ਅਲਬਰਟਾ ਵਿਧਾਨ ਸਭਾ ਲਈ ਚੁਣੇ ਗਏ ਹਨ। ਇਸ ਵਾਰ ਭਾਰਤ ਅਤੇ ਪਾਕਿਸਤਾਨ ਮੂਲ ਦੇ ਕੁੱਲ 45 ਉਮੀਦਵਾਰ ਚੋਣ ਮੈਦਾਨ ਵਿਚ ਸਨ। ਜਿਨ੍ਹਾਂ ਵਿਚੋਂ ਸਿਰਫ਼ 9 ਨੂੰ ਹੀ ਜਿੱਤ ਹਾਸਲ ਹੋ ਸਕੀ ਹੈ। ਅਲਬਰਟਾ ਵਿਚ ਇਸ ਵਾਰ ਯੂਨਾਇਟਡ ਕੰਜ਼ਰਵੇਟਿਵ ਪਾਰਟੀ ਨੇ ਬਾਜ਼ੀ ਮਾਰੀ ਹੈ।
ਜਿਸ ਨੂੰ 63 ਸੀਟਾਂ ਹਾਸਲ ਹੋਈਆਂ ਜਦਕਿ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਮਹਿਜ਼ 24 ਸੀਟਾਂ ਹੀ ਮਿਲ ਸਕੀਆਂ। ਦੱਸ ਦਈਏ ਕਿ ਅਲਬਰਟਾ ਵਿਚ 87 ਵਿਧਾਨ ਸਭਾ ਸੀਟਾਂ ਲਈ 16 ਮਾਰਚ ਨੂੰ ਵੋਟਾਂ ਪਈਆਂ ਸਨ ਹੁਣ ਪਾਰਟੀ ਦੀ ਜਿੱਤ ਮਗਰੋਂ ਜੈਸਨ ਕੈਨੀ ਸੂਬੇ ਦੇ ਨਵੇਂ ਪ੍ਰੀਮੀਅਰ ਭਾਵ ਕਿ ਮੁੱਖ ਮੰਤਰੀ ਬਣੇ ਹਨ।

ਜਰਮਨੀ ਦੇ 29 ਸੈਲਾਨੀਆਂ ਦੀ ਬਸ ਹਾਦਸੇ ਦੌਰਾਨ ਪੁਰਤਗਾਲ ‘ਚ ਮੌਤ

ਲਿਸਬਨ- ਪੁਰਤਗਾਲ ਦੇ ਮਦੀਰ ਟਾਪੂ ‘ਤੇ ਇੱਕ ਬਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਜਰਮਨੀ ਦੇ 29 ਸੈਲਾਨੀਆਂ ਦੀ ਮੌਤ ਹੋ ਗਈ। ਟੈਲੀਵਿਜ਼ਨ ਦ੍ਰਿਸ਼ਾਂ ਵਿਚ ਨਜ਼ਰ ਆ ਰਿਹਾ ਹੈ ਕਿ ਬਸ ਸੜਕ ‘ਤੇ ਤਿਲਕ ਕੇ ਕਈ ਵਾਰ ਪਲਟ ਗਈ ਅਤੇ ਇੱਕ ਢਲਾਨ ਦੇ ਥੱਲੇ ਇੱਕ ਘਰ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਜਰਮਨੀ ਸਰਕਾਰ ਦੇ ਬੁਲਾਰੇ ਨੇ ਦੱਸਿਆ, ਮਦੀਰਾ ਤੋਂ ਸਾਡੇ ਲਈ ਭਿਆਨਕ ਖ਼ਬਰ ਆਈ ਹੈ।
ਉਨ੍ਹਾਂ ਕਿਹਾ, ਬਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਸਾਰੇ ਲੋਕਾਂ ਦੇ ਪ੍ਰਤੀ ਅਸੀਂ ਦੁੱਖ ਪ੍ਰਗਟ ਕਰਦੇ ਹਨ ਅਤੇ ਜ਼ਖ਼ਮੀਆਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ। ਇਹ ਹਾਦਸਾ ਸਾਂਤਾ ਕਰੂਜ ਵਿਚ ਹੋਇਆ। ਇੱਥੇ ਦੇ ਮੇਅਰ ਫਿਲਿਪ ਸੋਸਾ ਨੇ ਦੱਸਿਆ ਕਿ ਹਾਦਸੇ ਵਿਚ 17 ਮਹਿਲਾਵਾਂ ਅਤੇ 11 ਹੋਰ ਲੋਕਾਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖਮੀ ਹੋ ਗਏ। ਇੱਕ ਡਾਕਟਰ ਨੇ ਦੱਸਿਆ ਕਿ ਇੱਕ ਹੋਰ ਜ਼ਖਮੀ ਔਰਤ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਪੁਰਤਗਾਲ ਦੇ ਰਾਸ਼ਟਰਪਤੀ ਡਿਸੂਜ਼ਾ ਨੇ ਪੁਰਤਗਾਲੀ ਟੈਲੀਵਿਜ਼ਨ ਚੈਨਲ ਨੂੰ ਕਿਹਾ, ਮੈਂ ਦੁਖ ਦੀ ਇਸ ਘੜੀ ਵਿਚ ਸਾਰੇ ਪੁਰਤਗਾਲੀ ਲੋਕਾਂ ਵਲੋਂ ਦੁੱਖ ਪ੍ਰਗਟ ਕਰਦਾ ਹਾਂ ਅਤੇ ਪੀੜਤਾਂ ਦੇ ਪਰਿਵਾਰਾਂ ਦੇ ਪ੍ਰਤੀ ਇਕਜੁਟਤਾ ਪ੍ਰਗਟ ਕਰਦਾ ਹਾਂ । ਪੁਰਤਗਾਲ ਦੇ ਪ੍ਰਧਾਨ ਮੰਤਰੀ ਐਟੋÎਨਿਓ ਕੋਸਟਾ ਨੇ ਟਵਿਟਰ ‘ਤੇ ਲਿਖਿਆ ਕਿ ਉਨ੍ਹਾਂ ਨੇ ਜਰਮਨੀ ਦੀ ਚਾਂਸਲਰ ਮਰਕੇਲ ਨਾਲ ਸੰਪਰਕ ਕਰਕੇ ਘਟਨਾ ‘ਤੇ ਦੁੱਖ ਜਤਾਇਆ ਹੈ।