ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 2)

ਦੇਸ਼ ਵਿਦੇਸ਼

ਸ੍ਰੀਲੰਕਾ ਵਿਚ ਸੁਰੱਖਿਆ ਬਲਾਂ ਨੇ 15 ਅਤਿਵਾਦੀਆਂ ਨੂੰ ਕੀਤਾ ਢੇਰ

ਕੋਲੰਬੋ-ਈਸਟਰ ਦੇ ਮੌਕੇ ‘ਤੇ ਹੋਏ ਬੰਬ ਧਮਾਕਿਆਂ ਤੋਂ ਬਾਅਦ ਸ੍ਰੀਲੰਕਾ ਦੀ ਸਰਕਾਰ ਹੁਣ ਐਕਸ਼ਨ ਵਿਚ ਆ ਗਈ ਹੈ। ਸ੍ਰੀਲੰਕਾ ਦੇ ਸੁਰੱਖਿਆ ਬਲਾਂ ਨੇ ਦੇਸ਼ ਦੇ ਪੁਰਬੀ ਹਿੱਸਿਆਂ ਵਿਚ ਇਸਲਾਮਿਕ ਸਟੇਟ ਨਾਲ ਜੁੜੇ ਅਤਿਵਾਦੀਆਂ ਦੇ ਟਿਕਾਣੇ ‘ਤੇ ਛਾਪਾ ਮਾਰਿਆ ਅਤੇ ਕਰੀਬ 15 ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਸ੍ਰੀਲੰਕਾ ਪੁਲਿਸ ਨੇ ਦੱਸਿਆ ਕਿ ਇਸਲਾਮਿਕ ਸਟੇਟ ਦੇ 15 ਸ਼ੱਕੀ ਅਤਿਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ। ਸੈਨਾ ਦੇ ਬੁਲਾਰੇ ਸੁਮਿਤ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਦੋਂ ਹਥਿਆਰਬੰਦਾਂ ਦੇ ਟਿਕਾਣਿਆਂ ਵਿਚ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤਿਆਂ।
ਉਹਨਾਂ ਕਿਹਾ ਕਿ ਜਵਾਬੀ ਕਾਰਵਾਈ ਵਿਚ ਦੋ ਹਥਿਆਰਬੰਦ ਮਾਰੇ ਗਏ। ਦੱਸਿਆ ਗਿਆ ਹੈ ਕਿ ਮੁੱਠਭੇੜ ਵਿਚ ਇਕ ਸਥਾਨਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਉਥੇ ਹੀ ਅਮਰੀਕਾ ਦੇ ਵਿਦੇਸ਼ ਮੰਤਰਾਲੇ ਨੇ ਸ੍ਰੀਲੰਕਾ ਵਿਚ ਹੋਏ ਅਤਿਵਾਦੀ ਹਮਲਿਆਂ ਤੋਂ ਬਾਅਦ ਸ੍ਰੀਲੰਕਾ ਲਈ ਯਾਤਰਾ ਲਈ ਚੇਤਾਵਨੀ ਦੇ ਪੱਧਰ ਨੂੰ ਵਧਾ ਦਿੱਤਾ ਹੈ। ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਅਤਿਵਾਦੀ ਬਿਨਾਂ ਕਿਸੇ ਚੇਤਾਵਨੀ ਤੋਂ ਹਮਲਾ ਕਰ ਸਕਦੇ ਹਨ ਅਤੇ ਆਵਾਜਾਈ ਦੇ ਟਿਕਾਣਿਆਂ, ਬਜ਼ਾਰਾਂ, ਸਰਕਾਰੀ ਦਫਤਰਾਂ, ਹੋਟਲਾਂ, ਹਸਪਤਾਲਾਂ, ਹਵਾਈ ਅੱਡਿਆਂ, ਪਾਰਕਾਂ ਆਦਿ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਦੱਸ ਦਈਏ ਕਿ ਲੰਕਾ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਸਨ। ਸ੍ਰੀਲੰਕਾ ਵਿਚ ਈਸਟਰ ਮੌਕੇ ‘ਤੇ ਗਿਰਜਾਘਰਾਂ ਅਤੇ ਹੋਟਲਾਂ ਵਿਚ ਹੋਏ ਹਮਲਿਆਂ ਵਿਚ 10 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਸੀ। ਇਹਨਾਂ ਬੰਬ ਧਮਾਕਿਆਂ ਵਿਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਲੰਡਨ ਅਦਾਲਤ ਵਲੋਂ ਨੀਰਵ ਮੋਦੀ ਦੀ ਜ਼ਮਾਨਤ ਅਰਜ਼ੀ ਰੱਦ

ਲੰਡਨ-ਪੀ. ਐੱਨ. ਬੀ. ਘੁਟਾਲੇ ਦੇ ਮਾਮਲੇ ‘ਚ ਭਾਰਤ ਹਵਾਲਗੀ ਕੇਸ ਦਾ ਸਾਹਮਣਾ ਕਰ ਰਹੇ ਹੀਰਾ ਵਪਾਰੀ ਨੀਰਵ ਮੋਦੀ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਅੱਜ ਲੰਡਨ ਦੀ ਵੈਸਟਮਿਨਿਸਟਰ ਅਦਾਲਤ ਨੇ ਰੱਦ ਕਰ ਦਿੱਤੀ | ਲੰਡਨ ਅਦਾਲਤ ਨੇ ਨੀਰਵ ਮੋਦੀ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰਦਿਆਾ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 24 ਮਈ ਤੱਕ ਅੱਗੇ ਪਾ ਦਿੱਤੀ | ਨੀਰਵ ਮੋਦੀ ਤਦ ਤੱਕ ਵਾਂਡਸਵਰਥ ਜੇਲ੍ਹ ‘ਚ ਹੀ ਰਹੇਗਾ | ਅੱਜ ਸੁਣਵਾਈ ਦੌਰਾਨ ਨੀਰਵ ਮੋਦੀ ਨਿੱਜੀ ਤੌਰ ‘ਤੇ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਉਸ ਨੇ ਵੀਡੀਓ ਕਾਨਫ਼ਰੰਸ ਰਾਹੀਂ ਅਦਾਲਤੀ ਕਾਰਵਾਈ ਵਿਚ ਸ਼ਾਮਿਲ ਹੋਇਆ | ਪੰਜਾਬ ਨੈਸ਼ਨਲ ਬੈਂਕ ਨਾਲ ਲੈਣ-ਦੇਣ ਦੇ ਕਰੋੜਾਾ ਦੇ ਘਪਲੇ ‘ਚ ਨੀਰਵ ਮੋਦੀ ਦੀ ਭਾਰਤ ਨੂੰ ਲੋੜ ਹੈ, ਉਸ ਦੀ ਹਵਾਲਗੀ ਲਈ ਈ.ਡੀ. ਅਤੇ ਸੀ.ਬੀ.ਆਈ. ਕੋਸ਼ਿਸ਼ ਕਰ ਰਹੀਆਂ ਹਨ | ਨੀਰਵ ਮੋਦੀ ਦੀ ਜ਼ਮਾਨਤ ਨਾ ਹੋਣ ਦਾ ਮੁੱਖ ਕਾਰਨ ਉਸ ਪਾਸੋਂ ਮਿਲੇ ਵੱਖ-ਵੱਖ ਦੇਸ਼ਾਾ ਦੇ ਪਾਸਪੋਰਟ ਅਤੇ ਸ਼ਨਾਖ਼ਤੀ ਕਾਰਡ ਮੰਨੇ ਜਾ ਰਹੇ ਹਨ, ਭਾਰਤ ਪੱਖੀ ਸਰਕਾਰੀ ਵਕੀਲ ਨੇ ਅਦਾਲਤ ਵਿਚ ਖ਼ਦਸ਼ਾ ਪ੍ਰਗਟਾਇਆ ਸੀ ਕਿ ਉਹ ਬਰਤਾਨੀਆ ਤੋਂ ਕਿਸੇ ਹੋਰ ਦੇਸ਼ ਭੱਜ ਸਕਦਾ ਹੈ¢
12 ਲਗਜ਼ਰੀ ਕਾਰਾਂ ਨਿਲਾਮ
ਪੀ. ਐਨ. ਬੀ. ਘੁਟਾਲੇ ਦੇ ਦੋਸ਼ੀ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀਆਂ 12 ਲਗਜ਼ਰੀ ਕਾਰਾਂ ਦੀ ਨਿਲਾਮੀ ਪੂਰੀ ਹੋ ਗਈ | ਇਨ੍ਹਾਂ ਵਾਹਨਾਂ ਨੂੰ ਏਜੰਸੀ ਨੇ ਹਵਾਲਾ ਰੋਕੂ ਕਾਨੂੰਨ ਤਹਿਤ ਜ਼ਬਤ ਕੀਤਾ
ਸੀ | ਸਾਰੀਆਂ ਕਾਰਾਂ ਦੀ ਨਿਲਾਮੀ ਵੀਰਵਾਰ ਨੂੰ ਸਰਕਾਰੀ ਕੰਪਨੀ ਐਮ. ਐਸ. ਟੀ. ਸੀ. ਦੀ ਵੈੱਬਸਾਈਟ ਜ਼ਰੀਏ ਕੀਤੀ ਗਈ | ਨਿਲਾਮੀ ਹੋਈਆਂ ਕਾਰਾਂ ‘ਚ 10 ਨੀਰਵ ਮੋਦੀ ਗਰੁੱਪ ਦੀਆਂ ਅਤੇ 2 ਮੇਹੁਲ ਚੌਕਸੀ ਗਰੁੱਪ ਦੀਆਂ ਹਨ | ਇਨ੍ਹਾਂ ‘ਚ ਇਕ ਰੋਲਸ ਰਾਇਲ ਅਤੇ ਇਕ ਪੋਰਸ਼ ਕਾਰ ਵੀ ਸ਼ਾਮਿਲ ਹਨ | ਇਨ੍ਹਾਂ ਕਾਰਾਂ ਨੂੰ ਵੇਚਣ ਨਾਲ ਈ. ਡੀ. ਨੂੰ 3.29 ਕਰੋੜ ਰੁਪਏ ਮਿਲੇ ਹਨ | ਇਹ ਈ-ਨਿਲਾਮੀ ਐਮ. ਐਸ. ਟੀ. ਸੀ. ਨੇ ਈ. ਡੀ. ਵਲੋਂ ਕੀਤੀ | ਨੀਰਵ ਦੀ ਇਕ ਟੋਇਟਾ ਕਾਰ ਦਾ ਕੋਈ ਖਰੀਦਦਾਰ ਨਹੀਂ ਮਿਲਿਆ | ਸਰਕਾਰੀ ਕੰਪਨੀ ਐਮ. ਐਸ. ਟੀ. ਸੀ. ਦੀ ਵੈਬਸਾਈਟ ‘ਤੇ ਬੋਲੀ ਲਈ ਦਿੱਤੀਆਂ ਗਈਆਂ ਸ਼ਰਤਾਂ ਅਨੁਸਾਰ ਬੋਲੀਕਾਰ ਨੂੰ ਨਿਲਾਮੀ ‘ਚ ਹਿੱਸਾ ਲੈਣ ਲਈ ਲਿਮਟਡ ਸ਼ੁਰੂਆਤੀ ਕੀਮਤ ਦਾ 5 ਫ਼ੀਸਦੀ ਰਕਮ ਐਸਕ੍ਰੋ ਖਾਤੇ ‘ਚ ਜਮ੍ਹਾਂ ਕਰਵਾਉਣੀ ਸੀ | ਜਿਨ੍ਹਾਂ ਕਾਰਾਂ ਨੂੰ ਨਿਲਾਮੀ ਲਈ ਚੁਣਿਆ ਗਿਆ ਉਨ੍ਹਾਂ ਸਾਰੀਆਂ ਦੀ ਸ਼ੁਰੂਆਤੀ ਕੀਮਤ ਕਰੀਬ 3 ਕਰੋੜ ਰੁਪਏ ਰੱਖੀ ਗਈ ਸੀ | ਰੋਲਸ ਰਾਇਸ ਦੀ ਸ਼ੁਰੂਆਤੀ ਕੀਮਤ 1.33 ਕਰੋੜ ਅਤੇ ਹੋਂਡਾ ਬਿ੍ਓ ਦੀ 2.38 ਲੱਖ ਰੁਪਏ ਸੀ |

ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ’ਚ ਭਾਰਤ ਨੇ ਦੋ ਸੋਨ ਤਗ਼ਮੇ ਜਿੱਤੇ

ਬੀਜਿੰਗ-ਭਾਰਤ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਅਤੇ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਕੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਤੀਜੇ ਦਿਨ ਇੱਥੇ ਆਪਣਾ ਖਾਤਾ ਖੋਲ੍ਹਿਆ।
ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਤੇ ਸੌਰਭ ਚੌਧਰੀ ਦੀ ਜੋੜੀ ਨੇ ਦਸ ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿੱਚ ਸਿਖ਼ਰਲਾ ਸਥਾਨ ਹਾਸਲ ਕੀਤਾ ਜਦੋਂਕਿ ਅੰਜੁਮ ਮੋਦਗਿੱਲ ਤੇ ਦਿਵਿਆਂਸ਼ ਸਿੰਘ ਪੰਵਾਰ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਸਿਖ਼ਰ ’ਤੇ ਰਹੇ। ਭਾਕਰ ਤੇ ਚੌਧਰੀ ਨੇ ਫਾਈਨਲ ’ਚ ਚੀਨੇ ਦੇ ਜਿਆਂਗ ਰੈਕਸਿਨ ਅਤੇ ਪੌਂਗ ਵੇਈ ਨੂੰ 16-6 ਨਾਲ ਹਰਾਇਆ। ਇਸ ਵਾਰ ਇਹ ਮੁਕਾਬਲਾ ਨਵੇਂ ਰੂਪ ’ਚ ਖੇਡਿਆ ਜਿਸ ਵਿੱਚ ਸਿਖ਼ਰਲੀਆਂ ਦੋ ਟੀਮਾਂ ਸੋਨ ਤਗ਼ਮੇ ਲਈ ਖੇਡਦੀਆਂ ਹਨ।
ਭਾਰਤੀ ਜੋੜੀ ਨੇ 482 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹਿ ਕੇ ਫਾਈਨਲਜ਼ ਲਈ ਕੁਆਲੀਫਾਈ ਕੀਤਾ ਸੀ। ਉਨ੍ਹਾਂ ਨੇ ਪਹਿਲੀ ਛੇ ਸੀਰੀਜ਼ ’ਚ ਜਿੱਤ ਦਰਜ ਕੀਤੀ ਅਤੇ ਫਿਰ ਸੋਨ ਤਗ਼ਮੇ ਦੇ ਮੁਕਾਬਲੇ ਵਿੱਚ ਆਪਣਾ ਦਬਾਅ ਬਣਾਈ ਰੱਖਿਆ। ਭਾਕਰ ਤੇ ਚੌਧਰੀ ਦਾ ਇਹ ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ’ਚ ਦੂਜਾ ਸੋਨ ਤਗ਼ਮਾ ਹੈ। ਇਨ੍ਹਾਂ ਦੋਹਾਂ ਨੇ ਨਵੀਂ ਦਿੱਲੀ ਵਿੱਚ ਫਰਵਰੀ ’ਚ ਆਈਐੱਸਐੱਸਐੱਫ ਵਿਸ਼ਵ ਕੱਪ ’ਚ ਵੀ ਸੋਨੇ ਦਾ ਤਗ਼ਮਾ ਜਿੱਤਿਆ ਸੀ। ਭਾਕਰ ਬੁੱਧਵਾਰ ਨੂੰ ਮਹਿਲਾਵਾਂ ਦੇ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਲਈ ਕੁਆਲੀਫਾਈ ਕਰਨ ’ਚ ਅਸਫ਼ਲ ਰਹੀ ਸੀ।
ਦਸ ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿੱਚ ਹਿਨਾ ਸਿੱਧੂ ਤੇ ਰਿਜਵੀ ਸ਼ਹਿਜ਼ਾਰ ਦੀ ਦੂਜੀ ਭਾਰਤੀ ਜੋੜੀ ਕੁਆਲੀਫਿਕੇਸ਼ਨ ’ਚ 479 ਅੰਕ ਬਣਾ ਕੇ 12ਵੇਂ ਸਥਾਨ ’ਤੇ ਰਹੀ ਅਤੇ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ। ਇਸ ਤੋਂ ਪਹਿਲਾਂ ਮੋਦਗਿੱਲ ਤੇ ਪੰਵਾਰ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ’ਚ ਲਿਊ ਰੁਕਸੂਆਨ ਤੇ ਯਾਂਗ ਹਾਓਰਨ ਦੀ ਚੀਨੀ ਜੋੜੀ ਨੂੰ ਸਖ਼ਤ ਮੁਕਾਬਲੇ ’ਚ 17-15 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮੋਦਗਿੱਲ ਤੇ ਪੰਵਾਰ ਨੇ 522.7 ਅੰਕਾਂ ਨਾਲ ਛੇਵੇਂ ਸਥਾਨ ’ਤੇ ਰਹਿ ਕੇ ਫਾਈਨਲਜ਼ ’ਚ ਜਗ੍ਹਾ ਬਣਾਈ ਸੀ। ਸੋਨ ਤਗ਼ਮੇ ਦੇ ਮੁਕਾਬਲੇ ’ਚ ਇਕ ਸਮੇਂ ਉਹ 11-13 ਨਾਲ ਪਿੱਛੇ ਚੱਲ ਰਹੇ ਸਨ ਪਰ ਉਨ੍ਹਾਂ ਨੇ ਵਾਪਸੀ ਕਰ ਕੇ ਸੋਨੇ ਦਾ ਤਗ਼ਮਾ ਜਿੱਤਿਆ। ਅਪੂਰਵੀ ਚੰਦੇਲਾ ਤੇ ਦੀਪਕ ਕੁਮਾਰ ਦੀ ਇਕ ਹੋਰ ਭਾਰਤੀ ਜੋੜੀ ਕੁਆਲੀਫਾਇੰਗ ’ਚ 522.8 ਅੰਕਾਂ ਨਾਲ ਪੰਜਵੇਂ ਸਥਾਨ ’ਤੇ ਰਹੀ ਸੀ ਪਰ ਫਾਈਨਲਜ਼ ’ਚ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। –

ਮਿਸ਼ੇਲ ਮਾਮਲੇ ’ਚ ਯੂਐੱਨ ਕੋਲ ਪਹੁੰਚ

ਲੰਡਨ-ਅਗਸਤਾਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਕੇਸ ਦੇ ਵਿਚੋਲੇ ਮੁਲਜ਼ਮ ਕ੍ਰਿਸਟੀਅਨ ਮਿਸ਼ੇਲ ਦਾ ਮਾਮਲਾ ਸੰਯੁਕਤ ਰਾਸ਼ਟਰ ਕੋਲ ਪਹੁੰਚ ਗਿਆ ਹੈ। ਲੰਡਨ ਆਧਾਰਿਤ ਵਕੀਲਾਂ ਦੀ ਟੀਮ ‘ਗੁਏਰਨਿਕਾ 37 ਇੰਟਰਨੈਸ਼ਨਲ ਜਸਟਿਸ ਚੈਂਬਰਜ਼’ ਨੇ ਦੋਸ਼ ਲਾਇਆ ਹੈ ਕਿ ਮਿਸ਼ੇਲ ਨੂੰ ‘ਗ਼ੈਰਕਾਨੂੰਨੀ’ ਢੰਗ ਨਾਲ ਭਾਰਤ ਹਵਾਲੇ ਕੀਤਾ ਗਿਆ ਜਿਥੇ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਉਸ ਨੂੰ ਮਾੜੇ ਹਾਲਾਤ ’ਚ ਰੱਖਿਆ ਜਾ ਰਿਹਾ ਹੈ ਜੋ ‘ਤਸੀਹਿਆਂ’ ਵਾਂਗ ਹੈ। ਮਿਸ਼ੇਲ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਉਸ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਮਗਰੋਂ ਸੀਬੀਆਈ ਨੇ 3600 ਕਰੋੜ ਰੁਪਏ ਦੇ ਅਗਸਤਾਵੈਸਟਲੈਂਡ ਸੌਦੇ ਨਾਲ ਸਬੰਧਤ ਰਿਸ਼ਵਤਖੋਰੀ ਦੇ ਕੇਸ ’ਚ ਗ੍ਰਿਫ਼ਤਾਰ ਕੀਤਾ ਸੀ। ‘ਗੁਏਰਨਿਕਾ 37’ ਨੇ ਬਿਆਨ ’ਚ ਕਿਹਾ ਕਿ ਮਿਸ਼ੇਲ ਨੂੰ ਸੰਯੁਕਤ ਅਰਬ ਅਮੀਰਾਤ ਕੋਲ ਹਵਾਲਗੀ ਦੀ ਬੇਨਤੀ ਮਗਰੋਂ ਭਾਰਤ ਦੇ ਹਵਾਲੇ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਿਸ਼ੇਲ ਨੂੰ ਗ਼ੈਰਕਾਨੂੰਨੀ ਢੰਗ ਨਾਲ ਭਾਰਤ ਸਰਕਾਰ ਦੇ ਹਵਾਲੇ ਕੀਤਾ ਗਿਆ ਹੈ ਅਤੇ ਹਵਾਲਗੀ ਦੇ ਨੇਮਾਂ ਦੀ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਹਾਈ ਕਮਿਸ਼ਨਰ ਅਤੇ ਹੋਰ ਜਥੇਬੰਦੀਆਂ ਕੋਲ ਅਪੀਲ ਦਾਖ਼ਲ ਕਰਦਿਆਂ ਦਾਅਵਾ ਕੀਤਾ ਕਿ ਮਿਸ਼ੇਲ ਖ਼ਿਲਾਫ਼ ਨਿਰਪੱਖ ਢੰਗ ਨਾਲ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਉਨ੍ਹਾਂ ਇਸ ਕੇਸ ’ਚ ਸਿਆਸੀ ਦਖ਼ਲਅੰਦਾਜ਼ੀ ਦਾ ਹਵਾਲਾ ਵੀ ਦਿੱਤਾ ਹੈ।

ਕਿਮ ਅਤੇ ਪੂਤਿਨ ਵੱਲੋਂ ਨਜ਼ਦੀਕੀ ਸਬੰਧ ਬਣਾਉਣ ਦਾ ਅਹਿਦ

ਵਲਾਦੀਵੋਸਤੋਕ (ਰੂਸ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਉੱਤਰ ਕੋਰੀਆ ਦੇ ਆਗੂ ਕਿਮ ਜੌਂਗ ਨੇ ਆਪਣੀ ਪਹਿਲੀ ਬੈਠਕ ਤੋਂ ਪਹਿਲਾਂ ਦੋਵੇਂ ਮੁਲਕਾਂ ਵਿਚਕਾਰ ਨੇੜਲੇ ਸਬੰਧ ਸਥਾਪਤ ਕਰਨ ਦਾ ਅਹਿਦ ਲਿਆ। ਰੂਸ ਦੇ ਵਲਾਦੀਵੋਸਤੋਕ ਸ਼ਹਿਰ ’ਚ ਇਹ ਬੈਠਕ ਉਸ ਸਮੇਂ ਹੋ ਰਹੀ ਹੈ ਜਦੋਂ ਕਿਮ ਅਮਰੀਕਾ ਨਾਲ ਆਪਣੇ ਪਰਮਾਣੂ ਅੜਿੱਕੇ ਦੇ ਸਬੰਧ ’ਚ ਹਮਾਇਤ ਹਾਸਲ ਕਰਨਾ ਚਾਹੁੰਦਾ ਹੈ ਅਤੇ ਪੂਤਿਨ ਇਸ ਮਾਮਲੇ ’ਚ ਰੂਸ ਨੂੰ ਵੀ ਇਕ ਧਿਰ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਬੈਠਕ ਲਈ ਜਾਣ ਤੋਂ ਪਹਿਲਾਂ ਦਿੱਤੇ ਸੰਖੇਪ ਬਿਆਨਾਂ ’ਚ ਦੋਵੇਂ ਆਗੂਆਂ ਨੇ ਰੂਸ ਅਤੇ ਉੱਤਰ ਕੋਰੀਆ ਦੇ ਇਤਿਹਾਸਕ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੀ ਉਮੀਦ ਜ਼ਾਹਰ ਕੀਤੀ। ਕਿਮ ਨੇ ਕਿਹਾ,‘‘ਮੈਨੂੰ ਜਾਪਦਾ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਰਿਸ਼ਤਿਆਂ ਨੂੰ ਵਧੇਰੇ ਮਜ਼ਬੂਤ ਅਤੇ ਸਥਿਰ ਬਣਾਉਣ ਦੀ ਦਿਸ਼ਾ ’ਚ ਇਹ ਬੈਠਕ ਲਾਹੇਵੰਦ ਹੋਵੇਗੀ, ਦੋਵੇਂ ਮੁਲਕਾਂ ਦੀ ਦੋਸਤੀ ਬਹੁਤ ਪੁਰਾਣੀ ਹੈ।’’ ਪੂਤਿਨ ਨੇ ਕਿਮ ਨੂੰ ਕਿਹਾ,‘‘ਦੁਨੀਆ ਦਾ ਧਿਆਨ ਕੋਰੀਆ ਖ਼ਿੱਤੇ ’ਤੇ ਕੇਂਦਰਤ ਹੈ। ਅਜਿਹੇ ’ਚ ਮੈਨੂੰ ਲਗਦਾ ਹੈ ਕਿ ਸਾਡੇ ਵਿਚਕਾਰ ਅਰਥ ਭਰਪੂਰ ਵਾਰਤਾ ਹੋਵੇਗੀ।’’ ਉਨ੍ਹਾਂ ਕਿਹਾ ਕਿ ਉਹ ਕੋਰੀਆ ਖ਼ਿੱਤੇ ’ਚ ਤਣਾਅ ਘਟਾਉਣ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦੇ ਹਨ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ।
ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਆਰਥਿਕ ਖੇਤਰ ’ਚ ਪਹਿਲ ਲਈ ਦੋਵੇਂ ਮੁਲਕਾਂ ਨੂੰ ਕਈ ਨਵੇਂ ਕਦਮ ਉਠਾਉਣੇ ਪੈਣਗੇ। ਇਸ ਤੋਂ ਪਹਿਲਾਂ ਕਿਮ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪਹਿਲਾਂ ਸਿੰਗਾਪੁਰ ਤੇ ਮਗਰੋਂ ਵੀਅਤਨਾਮ ਦੇ ਸ਼ਹਿਰ ਹੈਨੋਈ ’ਚ ਸਿਖਰ ਵਾਰਤਾ ਕਰ ਚੁੱਕੇ ਹਨ, ਪਰ ਪਹਿਲੀ ਮੀਟਿੰਗ ਸਫ਼ਲ ਰਹਿਣ ਮਗਰੋਂ ਦੂਜੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਹੀ ਸਮਾਪਤ ਹੋ ਗਈ ਸੀ।

ਦਖਣੀ ਅਫ਼ਰੀਕਾ ‘ਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 70

ਡਰਬਨ- ਦਖਣੀ ਅਫ਼ਰੀਕਾ ‘ਚ ਮੀਂਹ ਅਤੇ ਹੜ੍ਹ ਕਾਰਨ ਘੱਟ ਤੋਂ ਘੱਟ 70 ਲੋਕਾਂ ਦੀ ਮੌਤ ਹੋ ਗਈ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਸਰਕਾਰੀ ਬੁਲਾਰੇ ਲੋਨੋਕਸ ਮਬਾਸੋ ਨੇ ਦਸਿਆ ਕਿ ਕਵਾਜੁਲੂ-ਨਟਾਲ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਡਰਬਨ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ।
ਸਭ ਤੋਂ ਵਧ ਪ੍ਰਭਾਵਿਤ ਇਲਾਕਿਆਂ ‘ਚ ਅਮਨਜਿਮਟੋਟੀ, ਚੈਟਸਵਰਥ ਅਤੇ ਮਰਿਆਨਹਿੱਲੀ ਸ਼ਾਮਲ ਹਨ। ਪ੍ਰਭਾਵਿਤ ਇਲਾਕਿਆਂ ‘ਚ ਕਈ ਇਮਾਰਤਾਂ ਡਿੱਗ ਗਈਆਂ ਅਤੇ ਕਈ ਘਰਾਂ ਦੀਆਂ ਕੰਧਾਂ ਢਹਿ ਗਈਆਂ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਦਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਲਈ ਮਿਸਰ ‘ਚ ਅਫ਼ਰੀਕੀ ਏਕਤਾ ਸਿਖਰ ਸੰਮੇਲਨ ਨੂੰ ਵਿਚੋਂ ਹੀ ਛੱਡ ਕੇ ਜਾਣਾ ਪਿਆ। ਰਾਮਫੋਸਾ ਨੇ ਟਵੀਟ ਕਰਕੇ ਦਸਿਆ, ”ਵਾਪਸ ਆ ਗਿਆ ਹਾਂ।”
ਰਾਸ਼ਟਰਪਤੀ ਨੇ ਹੜ੍ਹ ਨਾਲ ਹੋਏ ਨੁਕਸਾਨ ਅਤੇ ਰਾਹਤ ਕਾਰਜਾਂ ਨੂੰ ਦੇਖਣ ਲਈ ਕਵਾਜੁਲੂ-ਨਟਾਲ ਲਈ ਉਡਾਣ ਭਰੀ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਲਈ ਅਸਥਾਈ ਸ਼ੈਲਟਰ ਬਣਾਏ ਗਏ ਹਨ, ਜਿੱਥੇ ਉਨ੍ਹਾਂ ਨੂੰ ਭੋਜਨ ਦਿਤਾ ਜਾ ਰਿਹਾ ਹੈ। ਸਰਕਾਰੀ ਪ੍ਰਬੰਧਕਾਂ ਨੇ ਦਸਿਆ ਕਿ ਇਕ ਹਜ਼ਾਰ ਲੋਕਾਂ ਨੂੰ ਹੋਰ ਥਾਵਾਂ ‘ਤੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ।

ਐਪਲ ਦੀ ਗਲਤੀ ਨਾਲ ਵਿਦਿਆਰਥੀ ਪਹੁੰਚਿਆ ਜੇਲ੍ਹ, 7,000 ਕਰੋੜ ਦਾ ਠੋਕਿਆ ਮੁਕੱਦਮਾ

ਨਿਊਯਾਰਕ-ਅਮਰੀਕਾ ਦੇ ਇੱਕ ਵਿਦਿਆਰਥੀ ਨੇ ਐਪਲ ਖਿਲਾਫ ਇੱਕ ਅਰਬ ਡਾਲਰ (7000 ਕਰੋੜ ਰੁਪਏ) ਦਾ ਮੁਕੱਦਮਾ ਠੋਕਿਆ ਹੈ। 18 ਸਾਲਾ ਓਸਮਾਨ ਬਾਹ ਨੇ ਸੋਮਵਾਰ ਨੂੰ ਕੋਰਟ ‘ਚ ਮੁਕੱਦਮਾ ਦਾਇਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਐਪਲ ਦੇ ਫੇਸ਼ੀਅਲ-ਰਿਕੋਗਨਿਸ਼ਨ ਸਾਫਟਵੇਅਰ ਨੇ ਉਸ ਦਾ ਨਾਂ ਐਪਲ ਸਟੋਰ ‘ਚ ਹੋਈ ਚੋਰੀ ਦੀਆਂ ਘਟਨਾਵਾਂ ਨਾਲ ਲਿੰਕ ਕੀਤਾ। ਇਸ ਕਰਕੇ ਨਵੰਬਰ 2018 ‘ਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਵਿਦਿਆਰਥੀ ਮੁਤਾਬਕ ਗ੍ਰਿਫ਼ਤਾਰੀ ਵਾਰੰਟ ‘ਚ ਜਿਸ ਮੁਲਜ਼ਮ ਦੀ ਫੋਟੋ ਸੀ, ਉਹ ਮੇਰੇ ਨਾਲ ਮਿਲਦਾ-ਜੁਲਦਾ ਨਹੀਂ ਸੀ। ਐਪਲ ਸਟੋਰ ਤੋਂ ਚੋਰੀ ਦੀਆਂ ਜਿੰਨੀਆਂ ਘਟਨਾਵਾਂ ‘ਚ ਮੈਨੂੰ ਮੁਲਜ਼ਮ ਬਣਾਇਆ ਗਿਆ, ਉਨ੍ਹਾਂ ‘ਚ ਇੱਕ ਮਾਮਲਾ ਬੋਸਟਨ ਦਾ ਵੀ ਹੈ ਤੇ ਜਿਸ ਦਿਨ ਘਟਨਾ ਹੋਈ ਮੈਂ ਮੈਨਹੱਟਨ ‘ਚ ਸੀ।
ਉਸ ਦਾ ਕਹਿਣਾ ਹੈ ਕਿ ਉਸ ਦਾ ਬਿਨਾ ਫੋਟੋ ਵਾਲਾ ਲਰਨਰ ਪਰਮਿਟ ਗਵਾਚ ਗਿਆ ਸੀ ਤੇ ਹੋ ਸਕਦਾ ਹੈ ਕਿ ਅਸਲ ਚੋਰ ਨੇ ਉਸ ਦਾ ਇਸਤੇਮਾਲ ਐਪਲ ਸਟੋਰ ‘ਚ ਕੀਤਾ ਹੋਵੇ। ਇਸ ਕਾਰਨ ਐਪਲ ਸੌਫਟਵੇਅਰ ਨੇ ਉਸ ਦਾ ਨਾਂ ਚਿਹਰੇ ਨਾਲ ਜੋੜ ਦਿੱਤਾ ਹੋਵੇਗਾ।
ਚੋਰੀ ਦੀਆਂ ਘਟਨਾਵਾਂ ‘ਚ ਸ਼ੱਕੀ ਲੋਕਾਂ ਨੂੰ ਟ੍ਰੈਕ ਕਰਨ ਲਈ ਐਪਲ ਆਪਣੇ ਸਟੋਰਸ ‘ਚ ਫੇਸ਼ੀਅਲ-ਰਿਕਾਗਨਿਸ਼ਨ ਸਿਸਟਮ ਦਾ ਇਸਤੇਮਾਲ ਕਰਦੀ ਹੈ। ਇਸ ਤੋਂ ਬਾਅਦ ਪੀਤੜ ਵਿਦਿਆਰਥੀ ਦਾ ਕਹਿਣਾ ਹੈ ਕਿ ਝੂਠੇ ਇਲਜ਼ਾਮਾਂ ਕਰਕੇ ਉਸ ਨੂੰ ਮਾਨਸਿਕ ਤਣਾਅ ਤੇ ਮੁਸ਼ਕਲਾਂ ਝੱਲਣੀਆਂ ਪਈਆਂ। ਨਿਊਜਰਸੀ ‘ਚ ਐਪਲ ‘ਚ ਚੋਰੀ ਦੀ ਘਟਨਾ ਦਾ ਮਾਮਲਾ ਅਜੇ ਵੀ ਬਾਹ ‘ਤੇ ਚੱਲ ਰਿਹਾ ਹੈ ਜਦਕਿ ਬਾਕੀ ਮਾਮਲਿਆਂ ‘ਚ ਉਹ ਬਰੀ ਹੋ ਗਿਆ ਹੈ।

ਆਲੂ ਦੀ ਖਾਸ ਕਿਸਮ ਉਗਾਉਣ ‘ਤੇ ਅਮਰੀਕੀ ਕੰਪਨੀ ਵੱਲੋਂ ਕਿਸਾਨਾਂ ਵਿਰੁੱਧ ਮਾਮਲਾ ਦਰਜ

ਨਵੀਂ ਦਿੱਲੀ-ਆਲੂ ਦੀ ਇਕ ਖਾਸ ਕਿਸਮ ਦੀ ਖੇਤੀ ਕਰਨ ਦੇ ਇਲਜ਼ਾਮ ਵਿਚ ਪੈਪਸਿਕੋ ਇੰਡੀਆ ਕੰਪਨੀ ਨੇ ਗੁਜਰਾਤ ਦੇ ਕੁਝ ਕਿਸਾਨਾਂ ‘ਤੇ ਮੁਕੱਦਮਾ ਦਰਜ ਕਰਾ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪੈਪਸਿਕੋ ਨੇ ਇਨ੍ਹਾਂ ਕਿਸਾਨਾਂ ‘ਤੇ ਆਲੂ ਦੀ ਇਕ ਕਿਸਮ ਐਫਸੀ-5 ਦੀ ਖੇਤੀ ਅਤੇ ਉਸਦੀ ਵਿਕਰੀ ਕਰਨ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰਾਇਆ ਹੈ। ਪੈਪਸਿਕੋ ਇੰਡੀਆ ਕੰਪਨੀ ਦਾ ਦਾਅਵਾ ਹੈ ਕਿ 2016 ਵਿਚ ਉਸ ਨੇ ਆਲੂਆਂ ਦੀ ਇਸ ਕਿਸਮ ‘ਤੇ ਦੇਸ਼ ਵਿਚ ਵਿਸ਼ੇਸ਼ ਅਧਿਕਾਰ ਪ੍ਰਾਪਤ ਕੀਤਾ ਸੀ।
ਦੂਜੇ ਪਾਸੇ ਪੈਪਸਿਕੋ ਵੱਲੋਂ ਮਾਮਲਾ ਦਰਜ ਕਰਾਉਣ ਤੋਂ ਬਾਅਦ 190 ਤੋਂ ਜ਼ਿਆਦਾ ਕਰਮਚਾਰੀਆਂ ਨੇ ਕੇਂਦਰ ਸਰਕਾਰ ਨੂੰ ਬੇਨਤੀ ਪੱਤਰ ਭੇਜ ਕੇ ਕੰਪਨੀ ਨੂੰ ਕਿਸਾਨਾਂ ਵਿਰੁੱਧ ਦਰਜ ਗਲਤ ਮਾਮਲਿਆਂ ਨੂੰ ਵਾਪਿਸ ਲੈਣ ਦਾ ਨਿਰਦੇਸ਼ ਦੇਣ ਲਈ ਕਿਹਾ। ਖੇਤੀਬਾੜੀ ਮੰਤਰਾਲੇ ਨੂੰ ਭੇਜੇ ਪੱਤਰ ਵਿਚ 194 ਕਰਮਚਾਰੀਆਂ ਦੇ ਦਸਤਖਤ ਹਨ। ਇਸ ਵਿਚ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਵਿੱਤੀ ਮਦਦ ਦੀ ਮੰਗ ਕੀਤੀ ਗਈ ਹੈ।ਦੱਸ ਦਈਏ ਕਿ ਇਹਨਾਂ ਕਿਸਾਨਾਂ ਨੇ ਗੁਜਰਾਤ ਵਿਚ ਖਾਸ ਕਿਸਮ ਦੇ ਆਲੂਆਂ ਦੀ ਖੇਤੀ ਕੀਤੀ ਸੀ। ਜਿਸ ਤੋਂ ਬਾਅਦ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਪੈਪਸਿਕੋ ਇੰਡੀਆ ਨੇ ਇਹਨਾਂ ਕਿਸਾਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕੰਪਨੀ ਨੇ ਪੌਦਾ ਕਿਸਮਾਂ ਅਤੇ ਕਿਸਾਨ ਅਧਿਕਾਰਾਂ ਦੀ ਸੁਰੱਖਿਆ ਕਾਨੂੰਨ 2001 (PPV&FR Act) ਦੇ ਤਹਿਤ ਕਿਸਾਨਾਂ ਖਿਲਾਫ ਇਹ ਮਾਮਲਾ ਦਰਜ ਕਰਵਾਇਆ ਹੈ।

ਬਚਪਨ ’ਚ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਟੋਰਾਂਟੋ-ਕੈਨੇਡਾ ਵਿਚ ਭਾਰਤੀ ਮੂਲ ਦੇ ਵਿਰੋਧੀ ਧਿਰ ਦੇ ਆਗੂ ਜਗਮੀਤ ਸਿੰਘ ਨੇ ਖ਼ੁਲਾਸਾ ਕੀਤਾ ਹੈ ਕਿ ਜਦ ਉਹ 10 ਸਾਲ ਦਾ ਸੀ ਤਾਂ ਤਾਇਕਵਾਂਡੋ ਅਧਿਆਪਕ ਨੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਆਗੂ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹ ਇਸ ਬਾਰੇ ਚੁੱਪ ਰਹੇ।
ਨਿਊ ਡੈਮੋਕ੍ਰੈਟਿਕ ਪਾਰਟੀ (ਐਨਡੀਪੀ) ਦੇ 40 ਸਾਲਾ ਸਿੱਖ ਆਗੂ ਨੇ ਆਪਣੀ ਕਿਤਾਬ ‘ਲਵ ਐਂਡ ਕਰੇਜ: ਮਾਈ ਸਟੋਰੀ ਆਫ਼ ਫੈਮਿਲੀ, ਰੈਜ਼ੀਲਿਐਂਸ ਐਂਡ ਓਵਰਕਮਿੰਗ ਦੀ ਅਨਐਕਸਪੈਕਟੇਡ’ ਵਿਚ ਲਿਖਿਆ ਹੈ ਕਿ ਇਹ ਘਟਨਾ ਉਸ ਨਾਲ 1980 ਵਿਚ ਵਾਪਰੀ ਜਦ ਉਹ ਵਿੰਡਸਰ (ਓਂਟਾਰੀਓ) ਵਿਚ ਰਹਿ ਰਹੇ ਸਨ। ਜ਼ਿਕਰਯੋਗ ਹੈ ਕਿ ਜਗਮੀਤ ਨੇ ਲੰਘੇ ਮਹੀਨੇ ਹਾਊਸ ਆਫ਼ ਕਾਮਨਜ਼ ਦਾ ਮੈਂਬਰ ਬਣ ਕੇ ਇਤਿਹਾਸ ਸਿਰਜਿਆ ਸੀ। ਉਹ ਸੰਸਦ ਦੇ ਹੇਠਲੇ ਸਦਨ ਦਾ ਮੈਂਬਰ ਬਣਨ ਵਾਲਾ ਪਹਿਲਾ ਗ਼ੈਰ-ਗੋਰਾ ਵਿਅਕਤੀ ਹੈ।
ਉਨ੍ਹਾਂ ਇਕ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਸਟਰੱਕਟਰ (ਮਿਸਟਰ ਐਨ) ਘਰ ਵਿਚ ਹੀ ਨਿੱਜੀ ਤੌਰ ’ਤੇ ਤਾਇਕਵਾਂਡੋ ਸਿਖਾਉਂਦਾ ਸੀ। ਹਾਲਾਂਕਿ ਉਸ ਦੀ ਹੁਣ ਮੌਤ ਹੋ ਚੁੱਕੀ ਹੈ। ਆਗੂ ਨੇ ਕਿਹਾ ਕਿ ਬਚਪਨ ਵਿਚ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਨਿਰਾਸ਼ ਰਿਹਾ ਤੇ ਸ਼ਰਮ ਮਹਿਸੂਸ ਕਰਦਾ ਸੀ। ਇਸ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ। ਜਗਮੀਤ ਨੇ ਦੱਸਿਆ ਕਿ ਕਰੀਬ ਦਹਾਕਾ ਗੁਜ਼ਰਨ ਤੋਂ ਬਾਅਦ ਉਸ ਨੇ ਕਿਸੇ ਨਾਲ ਗੱਲ ਕੀਤੀ। ਜਗਮੀਤ ਨੇ ਕਿਹਾ ਕਿ ਅਫ਼ਸੋਸ ਇਸ ਗੱਲ ਦਾ ਹੈ ਕਿ ਕੋਚ ਦੇ ਜਿਊਂਦਿਆਂ ਹੀ ਇਸ ਬਾਰੇ ਖ਼ੁਲਾਸਾ ਕਰਨਾ ਚਾਹੀਦਾ ਸੀ। ਸ਼ਾਇਦ ਇਸ ਨਾਲ ਹੋਰਾਂ ਨੂੰ ਵੀ ਸਬਕ ਮਿਲਦਾ। ਸਿੰਘ ਨੇ ਕਿਹਾ ਕਿ ਆਸ ਹੈ ਕਿ ਕਿਤਾਬ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਲੋਕਾਂ ਨੂੰ ਤਾਕਤ ਦੇਵੇਗੀ ਤੇ ਅਹਿਸਾਸ ਕਰਵਾਏਗੀ ਕਿ ਇਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਜਗਮੀਤ ਸੱਤ ਤੋਂ 23 ਸਾਲ ਦੀ ਉਮਰ ਤੱਕ ਵਿੰਡਸਰ ਇਲਾਕੇ ਵਿਚ ਰਹੇ ਹਨ। ਆਗੂ ਨੇ ਦੱਸਿਆ ਕਿ ਸਕੂਲ ਵਿਚ ਕੁਝ ਬੱਚਿਆਂ ਨੇ ਉਸ ਨੂੰ ‘ਬਰਾਊਨ’ ਤੇ ‘ਗੰਦਾ’ ਕਹਿ ਕੇ ਕੁੱਟਿਆ ਵੀ। ਉਨ੍ਹਾਂ ਪਿਤਾ ਦੀ ਸ਼ਰਾਬ ਦੀ ਆਦਤ ਤੇ ਮਗਰੋਂ ਇਸ ਨੂੰ ਛੱਡਣ ਬਾਰੇ ਵੀ ਲਿਖਿਆ ਹੈ।

ਸ੍ਰੀਲੰਕਾ ‘ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਸਿਲਸਿਲਾ, ਹੁਣ ਪੁਗੋਡਾ ਟਾਊਨ ਦੇ ਨੇੜੇ ਹੋਇਆ ਧਮਾਕਾ

ਕੋਲੰਬੋ-ਸ੍ਰੀਲੰਕਾ ‘ਚ ਧਮਾਕਿਆਂ ਦਾ ਸਿਲਸਿਲਾ ਜਾਰੀ ਹੈ। ਇਕ ਨਿਊਜ਼ ਏਜੰਸੀ ਦੇ ਮੁਤਾਬਿਕ, ਵੀਰਵਾਰ ਨੂੰ ਕੋਲੰਬੋ ਤੋਂ ਕਰੀਬ 40 ਕਿੱਲੋਮੀਟਰ ਦੂਰ ਪੁਗੋਡਾ ਟਾਊਨ ‘ਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਅਜੇ ਤੱਕ ਇਸ ਧਮਾਕੇ ‘ਚ ਕਿਸੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਰਚ ਅਤੇ ਹੋਟਲਾਂ ‘ਚ ਹੋਏ ਲੜੀਵਾਰ ਧਮਾਕਿਆਂ ‘ਚ 359 ਲੋਕ ਮਾਰੇ ਗਏ ਸਨ। ਇਸ ਮਾਮਲੇ ‘ਚ ਪੁਲਿਸ ਵੱਲੋਂ 60 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦੇਈਏ ਕਿ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ।