ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 18)

ਦੇਸ਼ ਵਿਦੇਸ਼

ਟਰੰਪ ਦੇ ਬਜਟ ’ਚ ਇਵਾਂਕਾ ਦੇ ਪ੍ਰਾਜੈਕਟ ਲਈ 10 ਕਰੋੜ ਡਾਲਰ ਦੀ ਤਜਵੀਜ਼ ਸ਼ਾਮਲ

ਵਾਸ਼ਿੰਗਟਨ-ਰਾਸ਼ਟਰਪਤੀ ਡੋਨਲਡ ਟਰੰਪ ਦੀਆਂ 2020 ਬਜਟ ਤਜਵੀਜ਼ਾਂ ਵਿੱਚ ਇਵਾਂਕਾ ਟਰੰਪ ਦੀ ਅਗਵਾਈ ਵਾਲੇ ਆਲਮੀ ਮਹਿਲਾ ਫੰਡ ਲਈ 10 ਕਰੋੜ ਡਾਲਰ ਦੀ ਰਾਸ਼ੀ ਵੀ ਸ਼ਾਮਲ ਹੈ। ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਜਟ ਸੋਮਵਾਰ ਨੂੰ ਜਾਰੀ ਹੋਣ ਦੀ ਸੰਭਾਵਨਾ ਹੈ। ਇਸ ਵਿੱਚ ਆਲਮੀ ਪੱਧਰ ’ਤੇ ਔਰਤਾਂ ਦੇ ਵਿਕਾਸ ਅਤੇ ਸਫਲਤਾ ਦੀ ਪਹਿਲ ਲਈ ਫੰਡਿੰਗ ਸ਼ਾਮਲ ਹੋਵੇਗੀ। ਪ੍ਰਸ਼ਾਸਨ ਨੇ ਪਿਛਲੇ ਮਹੀਨੇ ਰਿਪਬਲਿਕਨ ਰਾਸ਼ਟਰਪਤੀ ਦੀ ਧੀ ਅਤੇ ਸੀਨੀਅਰ ਸਲਾਹਕਾਰ ਦੀ ਅਗਵਾਈ ਵਿੱਚ ਸਰਕਾਰ ਦੀ ਵਿਆਪਕ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਇਸ ਨਵੀਂ ਪਹਿਲ ਦਾ ਉਦੇਸ਼ ਆਗਾਮੀ ਛੇ ਵਰ੍ਹਿਆਂ ਵਿੱਚ ਵਿਕਾਸਸ਼ੀਲ ਮੁਲਕਾਂ ਦੀਆਂ ਪੰਜ ਕਰੋੜ ਮਹਿਲਾਵਾਂ ਦੀ ਆਰਥਿਕ ਤੌਰ ’ਤੇ ਮਦਦ ਕਰਨਾ ਸੀ। ਇਸ ਪ੍ਰਾਜੈਕਟ ਵਿੱਚ ਵਿਦੇਸ਼ ਵਿਭਾਗ, ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਅਤੇ ਹੋਰਨਾਂ ਏਜੰਸੀਆਂ ਸ਼ਾਮਲ ਹਨ, ਜਿਨ੍ਹਾਂ ਦਾ ਕੰਮ ਰੁਜ਼ਗਾਰ ਟਰੇਨਿੰਗ, ਵਿੱਤੀ ਮਦਦ ਅਤੇ ਕਾਨੂੰਨੀ ਸੁਧਾਰ ਦੇ ਖੇਤਰ ਵਿੱਚ ਔਰਤਾਂ ਦੀ ਮਦਦ ਲਈ ਇਨ੍ਹਾਂ ਵਿੱਚ ਸਹਿਯੋਗ ਅਤੇ ਵਿਕਾਸ ਕਰਨਾ ਸ਼ਾਮਲ ਹੈ।

ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਕੋਲ ਉੱਚ-ਅਹੁਦੇ ਨਾਂਮਾਤਰ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਦੁਨੀਆਂ ਭਰ ਵਿੱਚ ਉੱਚ-ਅਹੁਦਿਆਂ ’ਤੇ ਮਹਿਲਾਵਾਂ ਦੀ ਸੰਖਿਆ ਹਾਲੇ ਵੀ ਕਾਫੀ ਘੱਟ ਹੈ ਅਤੇ ਉਹ ਬੱਚਿਆਂ ਦੀ ਸੰਭਾਲ ਵਿੱਚ ਜੁਟੀਆਂ ਹੋਣ ਕਾਰਨ ਪੱਛੜ ਜਾਂਦੀਆਂ ਹਨ। ਇਸ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਕੇਵਲ 10 ਫੀਸਦੀ ਮਹਿਲਾ ਮੈਨੇਜਰ ਹਨ, ਜਿਨ੍ਹਾਂ ਦੇ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਹਨ ਜਦਕਿ ਉਨ੍ਹਾਂ ਦੇ ਹਮਰੁਤਬਾ ਪੁਰਸ਼ਾਂ ਦੀ ਗਿਣਤੀ ਕਰੀਬ 90 ਫ਼ੀਸਦੀ ਹੈ। ਕੌਮਾਂਤਰੀ ਲੇਬਰ ਸੰਸਥਾ ਵਲੋਂ ਮਹਿਲਾ ਦਿਵਸ ਮੌਕੇ ਜਾਰੀ ਕੀਤੀ ਗਈ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 1990 ਤੋਂ ਬਾਅਦ ਔਰਤਾਂ ਲਈ ਨੌਕਰੀਆਂ ਦੇ ਮੌਕਿਆਂ ਵਿਚ ਬਹੁਤਾ ਸੁਧਾਰ ਨਹੀਂ ਆਇਆ ਹੈ। ਹਾਲੇ ਵੀ ਉੱਚ ਅਹੁਦਿਆਂ ’ਤੇ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ ਅਤੇ 30 ਸਾਲਾਂ ਵਿੱਚ ਹਾਲਾਤ ਵਧੇਰੇ ਨਹੀਂ ਬਦਲੇ ਹਨ।

ਟੀਪੂ ਸੁਲਤਾਨ ਦੀ ਤਲਵਾਰ ਤੇ ਬੰਦੂਕ ਦੀ ਬਰਤਾਨੀਆ ‘ਚ ਹੋਵੇਗੀ ਨਿਲਾਮੀ

ਲੰਡਨ-ਭਾਰਤ ਦੀ ਮੈਸੂਰ ਰਿਆਸਤ ਦੇ ਸ਼ਾਸਕ ਰਹੇ ਟੀਪੂ ਸੁਲਤਾਨ ਦੀ Îਇੱਕ ਪਿਸਤੌਲ ਅਤੇ ਇੱਕ ਹੀਰੇ ਜੜ੍ਹੀ ਤਲਵਾਰ ਸਮੇਤ ਅੱਠ ਦੁਰਲਭ ਹਥਿਆਰਾਂ ਦੀ 26 ਮਾਰਚ ਨੂੰ ਇੰਗਲੈਂਡ ਵਿਚ ਨਿਲਾਮੀ ਹੋਵੇਗੀ। ਸੁਲਤਾਨ ਦੇ ਅਸਲਾ ਖਾਨਾ ਦਾ ਹਿੱਸਾ ਰਹੇ ਇਨ੍ਹਾਂ ਹਥਿਆਰਾਂ ਦੀ ਬਰਕਸ਼ਾਇਰ ਦੇ Îਇੰਗਲਿਸ਼ ਕਾਊਂਟੀ ਵਿਚ ਇੱਕ ਜੋੜੇ ਨੇ ਖੋਜਿਆ ਸੀ। ਇੱਕ ਨਿਲਾਮੀ ਕਰਤਾ ਕੰਪਨੀ ਇਨ੍ਹਾਂ ਹਥਿਆਰਾਂ ਨੂੰ ਅਲੱਗ-ਅਲੱਗ ਪੇਸ਼ ਕਰੇਗੀ। ਕਿਉਂਕਿ ਇਹ ਵਿਸ਼ੇਸ਼ ਹਥਿਆਰ ਹਨ, ਇਸ ਲਈ ਇਨ੍ਹਾਂ ਦੀ ਕੋਈ ਪ੍ਰਾਥਮਿਕ ਬੋਲੀ ਵੀ ਨਹੀਂ ਰੱਖੀ ਗਈ।
ਮੈਸੂਰ ਟਾਈਗਰ ਦੇ ਨਾਂ ਨਾਲ ਮਸ਼ਹੂਰ ਸੁਲਤਾਨ ਦੀ ਸਾਲ 1799 ਵਿਚ ਸੈਰਿੰਗਪਟਮ ਵਿਚ ਯੁੱਧ ਦੋਰਾਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਦੇ ਮੇਜਰ ਥੌਮਸ ਹਾਰਟ ਇਨ੍ਹਾਂ ਹਥਿਆਰਾਂ ਨੂੰ ਅਪਣੇ ਨਾਲ ਲੈ ਆਏ ਸੀ।
ਹਥਿਆਰਾਂ ਦੀ ਨਿਲਾਮੀ ਦੇ ਮਾਹਰ ਅਤੇ ਐਂਥਨੀ ਕ੍ਰਿਬ ਲਿਮਟਿਡ ਦੇ ਮਾਲਕ ਐਂਥਨੀ ਕ੍ਰਿਬ ਨੇ ਕਿਹਾ, ਇਹ ਬਹੁਤ ਰੋਮਾਂਚਕ ਖੋਜ ਹੈ। ਇਹ ਹਥਿਆਰ ਬਰਕਸ਼ਾਇਰ ਦੇ Îਇੱਕ ਆਮ ਪਰਿਵਾਰ 220 ਸਾਲ ਤੱਕ ਪਏ ਰਹੇ।
ਉਨ੍ਹਾਂ ਕਿਹਾ, ਉਹ ਪਰਿਵਾਰ ਪੈਸਿਆਂ ਦਾ ਭੁੱਖਾ ਨਹੀਂ ਹੈ। ਉਸ ਨੂੰ ਉਮੀਦ ਹੈ ਕਿ ਇਹ ਹਥਿਆਰ ਭਾਰਤ ਵਾਪਸ ਹੋ ਜਾਣਗੇ। ਸ਼ਾਇਦ ਕੋਈ ਅਜਾਇਬ ਘਰ ਇਸ ਨੂੰ ਖਰੀਦ ਲਵੇਗਾ ਅਤੇ ਆਉਣ ਵਾਲੀ ਪੀੜ੍ਹੀਆਂ ਇਸ ਤੋਂ ਪ੍ਰੇਰਣਾ ਲੈਣਗੀਆਂ।

ਜੈਸ਼ ਨੇ ਕਰਵਾਏ ਸਨ ਮੁੰਬਈ ਹਮਲੇ: ਮੁਸ਼ੱਰਫ

ਇਸਲਾਮਾਬਾਦ-ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਸੂਦ ਅਜ਼ਹਰ ਦੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹਮੰਦ ਨੇ ਖ਼ੁਫ਼ੀਆ ਏਜੰਸੀਆਂ ਦੀਆਂ ਹਦਾਇਤਾਂ ’ਤੇ ਭਾਰਤ ਵਿੱਚ ਮੁੰਬਈ ਹਮਲੇ ਕਰਵਾਏ ਸਨ। 75 ਸਾਲਾ ਮੁਸ਼ੱਰਫ, ਜੋ ਇਸ ਵੇਲੇ ਦੁਬਈ ਵਿੱਚ ਹੈ, ਦਾ ਕਹਿਣਾ ਹੈ ਕਿ ਜੈਸ਼ ਵਲੋਂ ਦੋ ਵਾਰ ਉਸ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।

ਹਾਫ਼ਿਜ਼ ਸਈਦ ਦੀ ਪਾਬੰਦੀਸ਼ੁਦਾ ਸੂਚੀ ‘ਚੋਂ ਕੱਢਣ ਦੀ ਅਪੀਲ ਰੱਦ

ਨਵੀਂ ਦਿੱਲੀ-ਇਕ ਅਹਿਮ ਘਟਨਾਕ੍ਰਮ ‘ਚ ਸੰਯੁਕਤ ਰਾਸ਼ਟਰ ਨੇ 2008 ਦੇ ਮੁੰਬਈ ਅਤਿਵਾਦੀ ਹਮਲਿਆਂ ਦੇ ਮਾਸਟਰਮਾਇੰਡ ਅਤੇ ਜਮਾ-ਉਦ-ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਦੀ ਉਹ ਅਪੀਲ ਖ਼ਾਰਜ ਕਰ ਦਿਤੀ ਹੈ ਜਿਸ ‘ਚ ਉਸ ਨੇ ਪਾਬੰਦੀਸ਼ੁਦਾ ਅਤਿਵਾਦੀਆਂ ਦੀ ਸੂਚੀ ‘ਚੋਂ ਅਪਣਾ ਨਾਂ ਹਟਾਉਣ ਦੀ ਅਪੀਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਸੰਯੁਕਤ ਰਾਸ਼ਟਰ ਦੀ 1267 ਪਾਬੰਦੀਸ਼ੁਦਾ ਕਮੇਟੀ ਨੂੰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ‘ਤੇ ਪਾਬੰਦੀ ਲਾਉਣ ਦੀ ਇਕ ਨਵੀਂ ਅਪੀਲ ਪ੍ਰਾਪਤ ਹੋਈ ਹੈ।
ਬੀਤੀ 14 ਫ਼ਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐਫ਼. ਦੇ ਕਾਫ਼ਲੇ ‘ਤੇ ਹੋਏ ਫ਼ਿਦਾਈਨ ਹਮਲੇ ‘ਚ ਬਲ ਦੇ 40 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਸੰਯੁਕਤ ਰਾਸ਼ਟਰ ਦੀ ਕਮੇਟੀ ਤੋਂ ਅਜ਼ਹਰ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੂਤਰਾਂ ਅਨੁਸਾਰ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਵੀ ਸਹਿ-ਸੰਸਥਾਪਕ ਸਈਦ ਦੀ ਅਪੀਲ ਸੰਯੁਕਤ ਰਾਸ਼ਟਰ ਨੇ ਉਦੋਂ ਖ਼ਾਰਜ ਕੀਤੀ ਜਦੀ ਭਾਰਤ ਨੇ ਉਸ ਦੀਆਂ ਗਤੀਵਿਧੀਆਂ ਬਾਰੇ ਵਿਸਤ੍ਰਿਤ ਸਬੂਤ ਮੁਹਈਆ ਕਰਵਾਏ। ਸਬੂਤਾਂ ‘ਚ ‘ਬਹੁਤ ਗੁਪਤ ਸੂਚਨਾਵਾਂ’ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੀ ਸ਼ੁਰੂਆਤ ‘ਚ ਸਈਦ ਦੇ ਵਕੀਲ ਹੈਦਰ ਰਸੂਲ ਮਿਰਜ਼ਾ ਨੂੰ ਕੌਮਾਂਤਰੀ ਸੰਸਥਾ ਦੇ ਇਸ ਫ਼ੈਸਲੇ ਤੋਂ ਜਾਣੂ ਕਰਵਾ ਦਿਤਾ ਗਿਆ।
ਸੰਯੁਕਤ ਰਾਸ਼ਟਰ ਨੇ ਜਮਾਤ-ਉਦ-ਦਾਅਵਾ ਦੇ ਮੁਖੀ ਸਈਦ ‘ਤੇ 10 ਦਸੰਬਰ, 2008 ਨੂੰ ਪਾਬੰਦੀ ਲਾਈ ਸੀ। ਮੁੰਬਈ ਹਮਲਿਆਂ ਮਗਰੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਉਸ ਨੂੰ ਪਾਬੰਦੀਸ਼ੁਦਾ ਕਰਾਰ ਦੇ ਦਿਤਾ ਸੀ। ਮੁੰਬਈ ਹਮਲਿਆਂ ‘ਚ 166 ਜਣੇ ਮਾਰੇ ਗਏ ਸਨ। ਸਈਦ ਨੇ 2017 ‘ਚ ਲਾਹੌਰ ਸਥਿਤ ਕਾਨੂੰਨੀ ਫ਼ਰਮ ‘ਮਿਰਜ਼ਾ ਐਂਡ ਮਿਰਜ਼ਾ’ ਜ਼ਰੀਏ ਸੰਯੁਕਤ ਰਾਸ਼ਟਰ ‘ਚ ਇਕ ਅਪੀਲ ਦਾਖ਼ਲ ਕੀਤੀ ਸੀ ਅਤੇ ਪਾਬੰਦੀ ਖ਼ਤਮ ਕਰਨ ਦੀ ਅਪੀਲ ਕੀਤੀ ਸੀ। ਅਪੀਲ ਦਾਖ਼ਲ ਕਰਨ ਵੇਲੇ ਉਹ ਪਾਕਿਸਤਾਨ ‘ਚ ਨਜ਼ਰਬੰਦ ਸੀ।

ਕਾਇਲੀ ਜੇਨਰ ਬਣੀ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ

ਲਾਸ ਏਂਜਲਸ-ਅਮਰੀਕੀ ਮਾਡਲ ਅਤੇ ਟੀਵੀ ਸਟਾਰ ਕਾਇਲੀ ਜੇਨਰ ਦੁਨੀਆ ਦੀ ਸਭ ਤੋਂ ਨੌਜਵਾਨ ਅਰਬਪਤੀ ਬਣ ਗਈ ਹੈ। ਫੋਰਬਸ ਰਸਾਲੇ ਦੁਆਰਾ ਜਾਰੀ ਦੁਨੀਆ ਭਰ ਦੇ ਅਰਬਪਤੀਆਂ ਦੀ ਸੂਚੀ ਵਿਚ 21 ਸਾਲ ਦੀ ਕਾਇਲੀ ਨੂੰ ਵੀ ਜਗ੍ਹਾ ਮਿਲੀ ਹੈ। ਕਾਇਲੀ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਤੋਂ ਸਭ ਤੋਂ ਘੱਟ ਉਮਰ ਦੇ ਅਰਬਪਤੀ ਦਾ ਖਿਤਾਬ ਖੋਹਿਆ ਹੈ। ਮਾਰਕ 23 ਸਾਲ ਦੀ ਉਮਰ ਵਿਚ ਅਰਬਪਤੀ ਬਣੇ ਸਨ।
ਕਾਇਲੀ ਦੀ ਤਿੰਨ ਸਾਲ ਪੁਰਾਣੀ ਕੰਪਨੀ ਕਾਇਲੀ ਕੌਸਮੈਟਿਕ ਨੇ ਪਿਛਲੇ ਸਾਲ 36 ਕਰੋੜ ਡਾਲਰ ਦਾ ਕਾਰੋਬਾਰ ਕੀਤਾ। 90 ਕਰੋੜ ਡਾਲਰ ਦੀ ਕੁਲ ਪੂੰਜੀ ਵਾਲੀ ਇਸ ਕੰਪਨੀ ਦੇ ਸਾਰੇ ਸ਼ੇਅਰ ਕਾਇਲੀ ਦੇ ਕੋਲ ਹਨ। ਫੋਰਬਸ ਸੂਚੀ ਵਿਚ ਅਪਣਾ ਨਾਂ ਸ਼ਾਮਲ ਹੋਣ ‘ਤੇ ਕਾਇਲੀ ਨੇ ਕਿਹਾ, ਮੈਂ ਅਜਿਹਾ ਕੁਝ ਸੋਚਿਆ ਨਹੀਂ ਸੀ। ਮੈਂ ਭਵਿੱਖ ਨਹੀਂ ਦੇਖ ਸਕਦੀ। ਸਭ ਤੋਂ ਘੱਟ ਉਮਰ ਦੀ ਅਰਬਪਤੀ ਬਣਨ ‘ਤੇ ਮੈਨੂੰ ਬੇਹੱਦ ਖੁਸ਼ੀ ਹੈ। ਇਸ ਨੂੰ ਮੈਂ ਅਪਣੀ ਸ਼ਾਬਾਸ਼ੀ ਮੰਨ ਰਹੀ ਹਾਂ।
ਫੋਰਬਸ ਸੂਚੀ ਦੇ ਅਨੁਸਾਰ ਆਨਲਾਈਨ ਸ਼ਾਪਿੰਗ ਕੰਪਨੀ ਅਮੇਜ਼ਨ ਦੇ ਮਾਲਕ ਜੇਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਨ੍ਹਾਂ ਕੋਲ 131 ਅਰਬ ਡਾਲਰ ਦੀ ਜਾਇਦਾਦ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਿਚ 19 ਅਰਬ ਡਾਲਰ ਦਾ ਵਾਧਾ ਹੋਇਆ ਹੈ। ਸੂਚੀ ਵਿਚ ਸ਼ਾਮਲ ਸਾਰੇ ਅਰਬਪਤੀਆਂ ਦੀ ਕੁਲ ਜਾਇਦਾਦ 91 ਲੱਖ ਕਰੋੜ ਡਾਲਰ ਤੋਂ ਘੱਟ ਕੇ 8.7 ਲੱਖ ਕਰੋੜ ਰਹਿ ਗਈ ਹੈ। ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ਕਰਬਰਗ ਦੀ ਜਾਇਦਾਦ ਵੀ ਘਟੀ ਹੈ।

ਮਨੁੱਖੀ ਅਧਿਕਾਰ ਕੌਂਸਲ ਵਲੋਂ ਭਾਰਤ ਨੂੰ ਚਿਤਾਵਨੀ

ਜਨੇਵਾ-ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਮੁਖੀ ਮਿਸ਼ੈਲ ਬੈਕਲੈੱਟ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਦੀਆਂ ‘ਵੰਡੀਆਂ ਪਾਉਣ ਵਾਲੀਆਂ ਨੀਤੀਆਂ’ ਨਾਲ ਆਰਥਿਕ ਵਿਕਾਸ ਹੇਠਾਂ ਡਿੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੌੜੇ ਸਿਆਸੀ ਏਜੰਡਿਆਂ ਕਾਰਨ ਪਹਿਲਾਂ ਹੀ ਨਾ-ਬਰਾਬਰੀ ਵਾਲੇ ਸਮਾਜ ਦੇ ਲੋਕਾਂ ਦਾ ਜੀਵਨ ਪੱਧਰ ਹੋਰ ਹੇਠਾਂ ਆ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕੌਂਸਲ ਦੀ ਸਾਲਾਨਾ ਰਿਪੋਰਟ ਵਿੱਚ ਬੈਕਲੈੱਟ ਨੇ ਕਿਹਾ, ‘‘ਸਾਨੂੰ ਘੱਟ ਗਿਣਤੀ ਵਰਗਾਂ ਦੇ ਵਧ ਰਹੇ ਸ਼ੋਸ਼ਣ ਦੀਆਂ ਰਿਪੋਰਟਾਂ ਮਿਲੀਆਂ ਹਨ। ਇਨ੍ਹਾਂ ਵਰਗਾਂ ਵਿੱਚ ਮੁਸਲਮਾਨ, ਦਲਿਤ ਆਦਿਵਾਸੀ ਅਤੇ ਹੋਰ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਸ਼ਾਮਲ ਹਨ। ਬੈਕਲੈੱਟ ਨੇ ਸਾਊਦੀ ਅਰਬ ਨੂੰ ਕਿਹਾ ਹੈ ਕਿ ਹਿਰਾਸਤ ਵਿੱਚ ਲਈਆਂ ਗਈਆਂ ਮਹਿਲਾ ਕਾਰਕੁਨਾਂ, ਜਿਨ੍ਹਾਂ ਨੂੰ ਤਸੀਹੇ ਦੇਣ ਦੇ ਦੋਸ਼ ਵੀ ਲੱਗੇ ਹਨ, ਨੂੰ ਰਿਹਾਅ ਕੀਤਾ ਜਾਵੇ। ਕਾਰਕੁਨਾਂ ਨੇ ਸਾਊਦੀ ਅਰਬ ਦੀਆਂ 10 ਮਹਿਲਾਵਾਂ ਦੇ ਨਾਂ ਲਏ ਹਨ, ਜਿਨ੍ਹਾਂ ਨੂੰ ਪ੍ਰਚਾਰ ਕਰਨ ਅਤੇ ਆਪਣੀ ਆਵਾਜ਼ ਉਠਾਉਣ ’ਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਊਦੀ ਅਰਬ ਦੇ ਸਰਕਾਰੀ ਵਕੀਲ ਵਲੋਂ ਹਿਰਾਸਤ ਵਿੱਚ ਲਈਆਂ ਮਹਿਲਾਵਾਂ ਬਾਰੇ ਕੀਤੀ ਗਈ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੈਕਲੈੱਟ ਨੇ ਕਿਹਾ ਕਿ ਇਨ੍ਹਾਂ ਕਾਰਕੁਨਾਂ ਨੂੰ ਸਜ਼ਾ ਸੁਣਾਏ ਜਾਣ ਨਾਲ ਦੇਸ਼ ਵਲੋਂ ਕੀਤੇ ਜਾ ਰਹੇ ਸੁਧਾਰਾਂ ਦੇ ਅਮਲ ਨੂੰ ਠੇਸ ਪਹੁੰਚੇਗੀ।

ਪਾਕਿ ਵੱਲੋਂ ਜਮਾਦ-ਉਦ-ਦਾਵਾ ਤੇ ਫ਼ਲਾਹ-ਏ-ਇਨਸਾਨੀਅਤ ਦੇ ਮਦਰੱਸੇ ਤੇ ਜਾਇਦਾਦ ਜ਼ਬਤ

ਪਾਕਿਸਤਾਨ-ਪਾਕਿਸਤਾਨ ਨੇ ਪਾਬੰਦੀਸ਼ੁਦਾ ਜਥੇਬੰਦੀਆਂ ’ਤੇ ਸਖ਼ਤੀ ਕਰਦਿਆਂ ਕਈ ਜਥੇਬੰਦੀਆਂ ਦੇ ਮਦਰੱਸਿਆਂ ਦਾ ਕੰਟਰੋਲ ਆਪਣੇ ਹੱਥ ਵਿਚ ਲੈ ਲਿਆ ਤੇ ਉਨ੍ਹਾਂ ਦੀ ਜਾਇਦਾਦ ਜ਼ਬਤ ਕਰ ਲਈ। ਇਨ੍ਹਾਂ ਵਿਚ ਮੁੰਬਈ ਅਤਿਵਾਦੀ ਹਮਲੇ ਦੇ ਮੁੱਖ ਸਾਜਿਸ਼ਘਾੜੇ ਹਾਫਿਜ਼ ਸਈਦ ਦੀ ਅਗਵਾਈ ਵਾਲੀ ਜਮਾਤ ਉਦ ਦਾਵਾ ਤੇ ਇਸਦੇ ਵਿੰਗ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਦੇ ਮਦਰੱਸੇ ਤੇ ਜਾਇਦਾਦ ਸ਼ਾਮਲ ਹਨ।
‘ਦਿ ਡਾਅਨ’ ਮੁਤਾਬਕ ਨੈਸ਼ਨਲ ਐਕਸ਼ਨ ਪਲੈਨ ਅਧੀਨ ਇਨ੍ਹਾਂ ਦੋਵਾਂ ਜਥੇਬੰਦੀਆਂ ਦੇ ਦੋ ਮਦਰੱਸਿਆਂ ਤੇ ਜਾਇਦਾਦ ਨੂੰ ਸਰਕਾਰ ਨੇ ਆਪਣੇ ਕੰਟਰੋਲ ਅਧੀਨ ਕਰ ਲਿਆ ਹੈ। ਜਾਣਕਾਰੀ ਮੁਤਾਬਕ ਚਕਵਾਲ ਵਿਚ ਜਮਾਤ ਉਦ ਦਾਵਾ ਦੇ ਮਦਰੱਸੇ- ਮਦਰੱਸਾ ਖਾਲਿਦ ਬਿਨ ਵਲੀਦ ਤੇ ਚਕਵਾਲ ਦੀ ਰੇਲਵੇ ਰੋਡ ਉੱਤੇ ਸਥਿਤ ਮਦਰੱਸਾ ਦਾਰੁਸ ਸਲਾਮ ਤੇ ਇਨ੍ਹਾਂ ਦੇ ਸਟਾਫ਼ ਨੂੰ ਔਕਾਫ਼ ਵਿਭਾਗ ਨੇ ਆਪਣੇ ਕੰਟਰੋਲ ਅਧੀਨ ਲੈ ਲਿਆ ਹੈ।

ਮੇਰੇ ਸਮੇਂ ਜੈਸ਼-ਏ-ਮੁਹੰਮਦ ਨੇ ਭਾਰਤ ‘ਚ ਕਈਂ ਅਤਿਵਾਦੀ ਹਮਲੇ ਕਰਵਾਏ : ਪਾਕਿ ਸਾਬਕਾ ਰਾਸ਼ਟਰਪਤੀ

ਨਵੀਂ ਦਿੱਲੀ- ਪੁਲਵਾਮਾ ਹਮਲੇ ਵਿਚ ਜਿੱਥੇ ਸੀਆਰਪੀਐਫ਼ ਦੇ 45 ਜਵਾਨ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਸਨ ਉੱਥੇ ਹੀ ਭਾਰਤੀ ਹਵਾਈ ਫ਼ੌਜ ਦੀ ਏਅਰ ਸਟ੍ਰਾਈਕ ਨੂੰ ਪਾਕਿ ਦੇ ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਅਤਿਵਾਦੀ ਦੇ ਵਿਰੁੱਧ ਸਹੀ ਕੰਮ ਕੀਤੈ। ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਨੇ ਇੱਕ ਇੰਟਰਵਿਊ ਦੌਰਾਨ ਸਪੱਸ਼ਟ ਆਖ ਦਿੱਤਾ ਹੈ ਕਿ ਜਦੋਂ ਉਹ ਆਪਣੇ ਦੇਸ਼ ਦੇ ਰਾਸ਼ਟਰਪਤੀ ਸਨ, ਤਦ ਮਸੂਦ ਅਜ਼ਹਰ ਦੀ ਅਗਵਾਈ ਹੇਠਲੀ ਅਤਿਵਾਦੀ ਜੱਥੇਬੰਦੀ ‘ਜੈਸ਼–ਏ–ਮੁਹੰਮਦ’ ਨੇ ਖ਼ੁਫ਼ੀਆ ਏਜੰਸੀਆਂ ਨਾਲ ਮਿਲ ਕੇ ਭਾਰਤ ’ਚ ਜਾ ਕੇ ਹਿੰਸਕ ਦਹਿਸ਼ਤਗਰਦ ਹਮਲੇ ਕਰਵਾਏ ਸਨ।
ਇਸ ਤੋਂ ਬਾਅਦ ਪਾਕਿਸਤਾਨ ਦੇ ਮੌਜੂਦਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਾਂ ਹੋਰ ਕੋਈ ਆਗੂ ਜੋ ਮਰਜ਼ੀ ਆਖੀ ਜਾਣ, ਉਹ ਭਾਰਤ ’ਚ ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਉਸ ਹਮਲੇ ਵਿੱਚ ਸੀਆਰਪੀਐੱਫ਼ ਦੇ 45 ਜਵਾਨ ਸ਼ਹੀਦ ਹੋ ਗਏ ਸਨ। ਜਨਰਲ ਪਰਵੇਜ਼ ਮੁਸ਼ੱਰਫ਼ ਨੇ ਉਪਰੋਕਤ ਇੰਕਸ਼ਾਫ਼ ਪਾਕਿਸਤਾਨ ਦੇ ਹੀ ਇੱਕ ਪੱਤਰਕਾਰ ਨਦੀਮ ਮਲਿਕ ਨਾਲ ਫ਼ੋਨ ਉੱਤੇ ਕੀਤੀ ਗੱਲਬਾਤ ਦੌਰਾਨ ਕੀਤਾ ਹੈ। ਹੋਰ ਤਾਂ ਹੋਰ ਉਨ੍ਹਾਂ ਪਾਕਿਸਤਾਨ ਸਰਕਾਰ ਵੱਲੋਂ ਜੈਸ਼–ਏ–ਮੁਹੰਮਦ ਖਿ਼ਲਾਫ਼ ਕੀਤੀ ਗਈ ਕਾਰਵਾਈ ਦਾ ਸੁਆਗਤ ਵੀ ਕੀਤਾ ਹੈ।
ਸ੍ਰੀ ਮੁਸ਼ੱਰਫ਼ ਦੇ ਸਟੈਂਡ ਵਿਚ ਅਚਾਨਕ ਇਹ ਵੀ ਬਹੁਤ ਵੱਡੀ ਤਬਦੀਲੀ ਮੰਨੀ ਜਾ ਸਕਦੀ ਹੈ ਕਿਉਂਕਿ ਹਾਲੇ ਕੁਝ ਦਿਨ ਪਹਿਲਾਂ ਹੀ ਉਹ ਇਕ ਭਾਰਤੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਪੁਲਵਾਮਾ ਹਮਲੇ ਦੇ ਮਾਮਲੇ ‘ਤੇ ਪਾਕਿਸਤਾਨ ਦਾ ਬਚਾਅ ਕਰਦੇ ਵਿਖਾਈ ਦੇ ਰਹੇ ਸਨ। ਨਦੀਮ ਮਲਿਕ ਨੇ ਦੋ ਮਿੰਟ ਦੀ ਇੱਕ ਕਲਿੱਪ ਟਵਿਟਰ ਉੱਤੇ ਸਾਂਝੀ ਕੀਤੀ ਹੈ। ਉਸ ਵਿੱਚ ਜਨਰਲ ਪਰਵੇਜ਼ ਮੁਸ਼ੱਰਫ਼ ਇਹ ਆਖਦੇ ਸੁਣਦੇ ਹਨ ਕਿ ਉਹ ਤਾਂ ਸਦਾ ਇਹੋ ਆਖਦੇ ਰਹੇ ਹਨ ਕਿ ਜੈਸ਼–ਏ–ਮੁਹੰਮਦ ਇੱਕ ਅਤਿਵਾਦੀ ਜੱਥੇਬੰਦੀ ਹੈ ਤੇ ਉਸੇ ਨੇ ਮੇਰੇ ਉੱਤੇ ਵੀ ਕਾਤਲਾਨਾ ਹਮਲਾ ਕਰਵਾਇਆ ਸੀ।
ਉਸ ਵਿਰੁੱਧ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਮੈਨੂੰ ਖ਼ੁਸ਼ੀ ਹੈ ਕਿ ਸਰਕਾਰ ਉਸ ਵਿਰੁੱਧ ਕਾਰਵਾਈ ਕਰ ਰਹੀ ਹੈ। ਚੇਤੇ ਰਹੇ ਕਿ ਜਨਰਲ ਪਰਵੇਜ਼ ਮੁਸ਼ੱਰਫ਼ ਜਦੋਂ ਰਾਸ਼ਟਰਪਤੀ ਸਨ, ਤਦ ਉਨ੍ਹਾਂ ਉੱਤੇ ਦੋ ਵਾਰ ਕਾਤਲਾਨਾ ਹਮਲੇ ਹੋਏ ਸਨ। ਜਨਰਲ ਮੁਸ਼ੱਰਫ਼ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀਆਂ ਤਦ ਭਾਰਤ ਤੋਂ ਬਦਲਾ ਲੈਣਾ ਚਾਹੁੰਦੀਆਂ ਸਨ ਤੇ ਉਹੀ ਭਾਰਤ ਵਿੱਚ ਬੰਬ ਧਮਾਕੇ ਕਰਵਾ ਰਹੀਆਂ ਸਨ ਕਿਉਂਕਿ ‘ਭਾਰਤ ਨੇ ਵੀ ਪਾਕਿਸਤਾਨ ਵਿੱਚ ਹਿੰਸਕ ਗੜਬੜੀਆਂ ਕਰਵਾਈਆਂ ਸਨ।
ਤਦ ਅਜਿਹਾ ਵੇਲਾ ਸੀ ਕਿ ਜੈਸ਼ ਵਿਰੁੱਧ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਮੈਂ ਵੀ ਕੋਈ ਬਹੁਤਾ ਜ਼ੋਰ ਨਹੀਂ ਪਾਇਆ ਸੀ।’ ਇੱਥੇ ਵਰਨਣਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਇਮਰਾਨ ਖ਼ਾਨ ਦੀ ਸਰਕਾਰ ਨੇ ਮਸੁਦ ਅਜ਼ਹਰ ਦੇ ਭਰਾ ਅਬਦੁਲ ਰਊਫ਼ ਅਸਗ਼ਰ ਤੇ 43 ਹੋਰਨਾਂ ਨੂੰ ਹਿਰਾਸਤ ਵਿੱਚ ਲਿਆ ਸੀ।

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਡਾਕਟਰ ਦੀ ਚਾਕੂ ਮਾਰ ਕੇ ਹੱਤਿਆ, ਸੂਟਕੇਸ ‘ਚੋਂ ਮਿਲੀ ਲਾਸ਼

ਸਿਡਨੀ-ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਇੱਕ 32 ਸਾਲਾ ਡੈਂਟਿਸਟ (ਦੰਦਾਂ ਦੀ ਡਾਕਟਰ) ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੀ ਲਾਸ਼ ਇੱਕ ਸੂਟਕੇਸ ‘ਚੋਂ ਮਿਲੀ ਹੈ। ਅਸਲ ‘ਚ ਪ੍ਰੀਤੀ ਰੈੱਡੀ ਨਾਮੀ ਉਕਤ ਡੈਂਟਿਸਟ ਕੁਝ ਦਿਨ ਪਹਿਲਾਂ ਸਿਡਨੀ ‘ਚੋਂ ਲਾਪਤਾ ਹੋ ਗਈ ਸੀ। ਪੁਲਿਸ ਮੁਤਾਬਕ ਪ੍ਰੀਤੀ ਦੀ ਲਾਸ਼ ਈਸਟਰਨ ਸਿਡਨੀ ਸਟਰੀਟ ‘ਚ ਪਾਰਕ ਕੀਤੀ ਉਸ ਦੀ ਕਾਰ ‘ਚ ਪਏ ਸੂਟਕੇਸ ‘ਚੋਂ ਬੀਤੀ ਰਾਤ ਨੂੰ ਮਿਲੀ। ਉਸ ਦੇ ਸਰੀਰ ‘ਤੇ ਚਾਕੂ ਨਾਲ ਕਈ ਵਾਰ ਕੀਤੇ ਹੋਏ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪ੍ਰੀਤੀ ਨੂੰ ਆਖ਼ਰੀ ਵਾਰ ਐਤਵਾਰ ਨੂੰ ਮੈਕਡੋਨਲਡ ਲਾਈਨ ‘ਚ ਇੰਤਜ਼ਾਰ ਕਰਦਿਆਂ ਦੇਖਿਆ ਗਿਆ ਸੀ ਅਤੇ ਉਹ ਆਪਣੇ ਸਾਬਕਾ ਪ੍ਰੇਮੀ ਨਾਲ ਸਿਡਨੀ ਦੀ ਮਾਰਕੀਟ ਸਟਰੀਟ ‘ਚ ਇੱਕ ਹੋਟਲ ‘ਚ ਰੁਕੀ ਸੀ।