ਮੁੱਖ ਖਬਰਾਂ
Home / ਦੇਸ਼ ਵਿਦੇਸ਼ (page 17)

ਦੇਸ਼ ਵਿਦੇਸ਼

ਪੂੰਜੀਵਾਦ ਨੂੰ ਗੰਭੀਰ ਖ਼ਤਰਾ: ਰਾਜਨ

ਲੰਡਨ-ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਚਿਤਾਵਨੀ ਦਿੱਤੀ ਹੈ ਪੂੰਜੀਵਾਦ ਨੂੰ ‘ਵਿਦਰੋਹ/ਬਗ਼ਾਵਤ’ ਜਿਹੀਆਂ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਰਾਜਨ ਨੇ ਕਿਹਾ ਕਿ 2008 ਵਿੱਚ ਖਾਸ ਕਰਕੇ ਆਲਮੀ ਪੱਧਰ ’ਤੇ ਆਏ ਵਿੱਤੀ ਨਿਘਾਰ ਮਗਰੋਂ ਦੇਸ਼ ਦੇ ਆਰਥਿਕ ਤੇ ਸਿਆਸੀ ਪ੍ਰਬੰਧ ਨੇ ਲੋਕਾਂ ਨੂੰ ਉੱਕਾ ਹੀ ਵਿਸਾਰ ਦਿੱਤਾ ਸੀ। ਉਨ੍ਹਾਂ (ਲੋਕਾਂ) ਨੂੰ ਜੋ ਸੇਵਾਵਾਂ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲੀਆਂ। ਰਾਜਨ ਸ਼ਿਕਾਗੋ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਬੀਬੀਸੀ ਰੇਡੀਓ 4 ਦੇ ‘ਅੱਜ ਦੇ ਪ੍ਰੋਗਰਾਮ’ ਦੌਰਾਨ ਦੱਸਿਆ ਕਿ ਵਿਸ਼ਵ ਭਰ ਦੀਆਂ ਸਰਕਾਰਾਂ ਅਰਥਚਾਰੇ ਦੇ ਸਬੰਧ ਵਿੱਚ ਸਮਾਜਿਕ ਨਾਬਰਾਬਰੀ ਨੂੰ ਨਜ਼ਰਅੰਦਾਜ਼ ਕਰਨ ਜਿਹਾ ਜੋਖ਼ਮ ਨਹੀਂ ਲੈ ਸਕਦੀਆਂ। ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਵਿੱਚ ਮੁੱਖ ਅਰਥਸ਼ਾਸਤਰੀ ਵਜੋਂ ਸੇਵਾਵਾਂ ਦੇ ਚੁੱਕੇ ਰਾਜਨ ਨੇ ਕਿਹਾ, ‘ਮੈਨੂੰ ਲਗਦਾ ਹੈ ਪੂੰਜੀਵਾਦ ਨੂੰ ਗੰਭੀਰ ਖ਼ਤਰੇ ਦਰਪੇਸ਼ ਹਨ ਕਿਉਂਕਿ ਲੋਕਾਂ ਨੂੰ ਜੋ ਸੇਵਾਵਾਂ ਮਿਲਣੀਆਂ ਚਾਹੀਦੀਆਂ ਸਨ, ਉਹ ਨਹੀਂ ਮਿਲੀਆਂ ਅਤੇ ਜਦੋਂ ਅਜਿਹਾ ਕੁਝ ਹੁੰਦਾ ਹੈ ਤੇ ਵੱਡੀ ਗਿਣਤੀ ਪੂੰਜੀਵਾਦ ਖ਼ਿਲਾਫ਼ ਖੜ੍ਹੇ ਹੋ ਜਾਂਦੇ ਹਨ।’ ਰਾਜਨ ਨੇ ਕਿਹਾ ਕਿ ਉਹ ਇਹ ਮੰਨਦੇ ਹਨ ਕਿ ਪੂੰਜੀਵਾਦ ਦੀ ਤੋੜ-ਭੰਨ ਹੋਣ ਲੱਗੀ ਹੈ ਕਿਉਂਕਿ ਇਸ ਵੱਲੋਂ ਬਰਾਬਰ ਦੇ ਮੌਕੇ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ, ‘ਇਥੇ ਗੱਲ ਸਿਰਫ਼ ਬਰਾਬਰੀ ਦੇ ਮੌਕੇ ਦੇਣ ਦੀ ਨਹੀਂ, ਬਲਕਿ ਜਿਨ੍ਹਾਂ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਹਨ, ਉਨ੍ਹਾਂ ਦੇ ਹਾਲਾਤ ਬਹੁਤ ਬਦਤਰ ਹਨ।’ ਰਾਜਨ ਨੇ ਕਿਹਾ ਕਿ ਜਦੋਂ ਉਤਪਾਦਨ ਦੇ ਸਾਰੀ ਪ੍ਰਕਿਰਿਆ ਦਾ ਸਮਾਜੀਕਰਨ ਕਰ ਦਿੱਤਾ ਜਾਂਦਾ ਹੈ ਤਾਂ ਸੱਤਾਵਾਦੀ ਪ੍ਰਬੰਧ ਦਾ ਉਭਾਰ ਹੁੰਦਾ ਹੈ। ਰਾਜਨ, ਜਿਨ੍ਹਾਂ ਨੂੰ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਮਾਰਕ ਕਾਰਨੇ ਦਾ ਸੰਭਾਵੀ ਜਾਨਸ਼ੀਨ ਦੱਸਿਆ ਜਾ ਰਿਹਾ ਹੈ, ਨੇ ਕਿਹਾ ਕਿ ‘ਘੱਟੋ-ਘੱਟ ਸਿੱਖਿਆ’ ਹਾਸਲ ਕਰਕੇ ਮੱਧਵਰਗੀ ਨੌਕਰੀ ਹਾਸਲ ਕਰਨਾ ਹੁਣ ਬੀਤੇ ਦੀ ਗੱਲ ਹੈ।
ਰਾਜਨ ਦਾ ਮੰਨਣਾ ਹੈ ਕਿ ਜੇਕਰ ਯੂਕੇ ਸਰਕਾਰ ਬ੍ਰੈਗਜ਼ਿਟ ਪਾਲਿਸੀ ਨਾਲ ਸਬੰਧਤ ਢਾਂਚੇ ਨੂੰ ਸਹੀ ਕਰ ਲੈਂਦੀ ਹੈ ਤਾਂ ਮੁਲਕ ਨੂੰ ਯੂਰੋਪੀਅਨ ਯੂਨੀਅਨ (ਈਯੂ) ਤੋਂ ਲਾਂਭੇ ਹੋਣ ਦਾ ਲਾਹਾ ਮਿਲੇਗਾ।

ਬ੍ਰੈਗਜ਼ਿਟ ਸਮਝੌਤੇ ਨੂੰ ਲੈ ਕੇ ਮੁੜ ਹਾਰੀ ਥੈਰੀਸਾ ਮੇਅ

ਲੰਡਨ-ਬੈ੍ਰਗਜ਼ਿਟ ਸਮਝੌਤੇ ਨੂੰ ਲੈ ਕੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਦੀ ਦੂਜੀ ਹਾਰ ਹੋਈ ਹੈ | ਅੱਜ ਸੰਸਦ ਵਿਚ ਪਹਿਲਾਂ ਰੱਦ ਹੋਏ ਸਮਝੌਤੇ ‘ਚ ਸੋਧ ਤੋਂ ਬਾਅਦ ਇਸ ਨੂੰ ਮੁੜ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਸੰਸਦ ਮੈਂਬਰਾਂ ਨੇ 391/242 ਦੇ ਫ਼ਰਕ ਨਾਲ ਠੁਕਰਾ ਦਿੱਤਾ | ਪ੍ਰਧਾਨ ਮੰਤਰੀ ਦੇ ਕੀਤੇ ਸਮਝੌਤੇ ਦੇ ਹੱਕ ‘ਚ 242 ਵੋਟਾਂ ਪਈਆਂ ਜਦ ਕਿ ਵਿਰੋਧ ‘ਚ 391 ਵੋਟਾਂ ਪਈਆਂ | ਪ੍ਰਧਾਨ ਮੰਤਰੀ ਮੇਅ ਦੇ ਸਮਝੌਤੇ ਦੇ ਵਿਰੋਧ ‘ਚ ਜਿੱਥੇ ਮੁੱਖ ਵਿਰੋਧੀ ਲੇਬਰ ਪਾਰਟੀ, ਸਕਾਟਿਸ਼ ਪਾਰਟੀ ਸੀ, ਉੱਥੇ ਹੀ ਉਨ੍ਹਾਂ ਦੀ ਸਰਕਾਰ ਦੀ ਭਾਈਵਾਲ ਪਾਰਟੀ ਡੀ.ਯੂ.ਪੀ. ਨੇ ਵੀ ਵਿਰੋਧ ਕੀਤਾ | ਇੱਥੇ ਹੀ ਬੱਸ ਨਹੀਂ ਮੌਜੂਦਾ ਸਰਕਾਰ ਦੀ ਕੰਜਰਵੇਟਿਵ ਪਾਰਟੀ ਦੇ ਖੁਦ ਦੇ ਸੰਸਦ ਮੈਂਬਰਾਂ ਨੇ ਵੀ ਸਮਝੌਤੇ ਦਾ ਵਿਰੋਧ ਕਰਦਿਆਂ ਇਸ ਦੇ ਿਖ਼ਲਾਫ਼ ਵੋਟ ਪਾਈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਵਲੋਂ ਕੀਤੇ ਸਮਝੌਤੇ ਦੇ ਰੱਦ ਹੋਣ ਨਾਲ ਬ੍ਰੈਗਜ਼ਿਟ ਪ੍ਰਕਿਰਿਆ ਇਕ ਵਾਰ ਫਿਰ ਭੰਬਲਭੂਸੇ ‘ਚ ਪੈ ਗਈ ਹੈ ਜਿਸ ਕਾਰਨ ਬਰਤਾਨੀਆ ਦੀ ਸਿਆਸਤ ਪੂਰੀ ਤਰ੍ਹਾਂ ਡਗਮਗਾ ਗਈ ਹੈ, ਕਿਉਂਕਿ ਯੂਰਪੀ ਸੰਘ ਤੋਂ ਵੱਖ ਹੋਣ ਲਈ ਸਿਰਫ਼ 16 ਦਿਨ ਬਾਕੀ ਹਨ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂਰਪੀ ਸੰਘ ਨੇ ਕਿਹਾ ਸੀ ਜੇ ਇਸ ਵਾਰ ਸਮਝੌਤਾ ਰੱਦ ਹੁੰਦਾ ਹੈ ਤਾਂ ਬਰਤਾਨੀਆਂ ਨੂੰ ਤੀਸਰਾ ਮੌਕਾ ਨਹੀਂ ਦਿੱਤਾ ਜਾਵੇਗਾ ¢

ਅਫ਼ਗ਼ਾਨਿਸਤਾਨ ‘ਚ ਤਾਲਿਬਾਨ ਵਲੋਂ ਕੀਤੇ ਹਮਲੇ ‘ਚ 11 ਪੁਲਿਸ ਕਰਮਚਾਰੀਆਂ ਦੀ ਮੌਤ

ਕਾਬੁਲ-ਅਫ਼ਗ਼ਾਨਿਸਤਾਨ ਦੇ ਪੱਛਮੀ ਸੂਬੇ ਬਦਘੀਸ ‘ਚ ਬੀਤੀ ਰਾਤ ਤਾਲਿਬਾਨ ਦੇ ਅੱਤਵਾਦੀਆਂ ਵਲੋਂ ਸੁਰੱਖਿਆ ਚੌਕੀ ‘ਤੇ ਕੀਤੇ ਗਏ ਹਮਲੇ ‘ਚ ਘੱਟੋ-ਘੱਟ 11 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਸਰਕਾਰੀ ਸਲਾਹਕਾਰ ਅਤੇ ਬਦਘੀਸ ਦੇ ਨਿਵਾਸੀ ਜਿਆਉਲ ਹੱਕ ਫ਼ਿਰੋਜ਼ ਕੋਆਹੀ ਦੇ ਹਵਾਲੇ ਨਾਲ ਅੱਜ ਦੱਸਿਆ ਕਿ ਬੰਦੂਕਾਂ ਅਤੇ ਭਾਰੀ ਹਥਿਆਰਾਂ ਨਾਲ ਤਾਲਿਬਾਨ ਦੇ ਅੱਤਵਾਦੀਆਂ ਨੇ ਮੁਕੁਰ ਜ਼ਿਲ੍ਹੇ ਦੀ ਸੁਰੱਖਿਆ ਚੌਕੀ ‘ਤੇ ਦੇਰ ਰਾਤ ਹਮਲਾ ਕਰ ਦਿੱਤਾ। ਇਸ ਹਮਲੇ ‘ਚ 11 ਪੁਲਿਸ ਕਰਮਚਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘੰਟਿਆਂ ਤੱਕ ਚੱਲੀ ਮੁਠਭੇੜ ਦੌਰਾਨ ਕਈ ਅੱਤਵਾਦੀ ਵੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

ਭਾਰਤ ਨਾਲ ਘਟੇਗਾ ਤਣਾਅ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਅਮਰੀਕਾ ਨੂੰ ਦਿੱਤਾ ਭਰੋਸਾ

ਵਾਸ਼ਿੰਗਟਨ- ਅੱਤਵਾਦ ਦੇ ਮਸਲੇ ‘ਤੇ ਵਿਸ਼ਵੀ ਦਬਾਅ ਵਿਚਾਲੇ ਪਾਕਿਸਤਾਨ ਨੇ ਅਮਰੀਕਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਾਰੇ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗਾ ਅਤੇ ਭਾਰਤ ਨਾਲ ਤਣਾਅ ਦੂਰ ਕਰਨ ਦੀ ਦਿਸ਼ਾ ‘ਚ ਕਦਮ ਚੁੱਕੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਨਾਲ ਸੋਮਵਾਰ ਨੂੰ ਫੋਨ ‘ਤੇ ਗੱਲਬਾਤ ਦੌਰਾਨ ਇਸ ਗੱਲ ਦਾ ਭਰੋਸਾ ਦਿੱਤਾ। ਗੱਲਬਾਤ ਤੋਂ ਬਾਅਦ ਬੋਲਟਨ ਨੇ ਟਵੀਟ ਕਰਕੇ ਦੱਸਿਆ, ”ਪਾਕਿਸਤਾਨ ਤੋਂ ਸੰਚਾਲਿਤ ਜੈਸ਼-ਏ-ਮੁਹੰਮਦ ਅਤੇ ਹੋਰ ਅੱਤਵਾਦੀ ਸੰਗਠਨਾਂ ਵਿਰੁੱਧ ਸਾਰਥਕ ਕਦਮਾਂ ਨੂੰ ਚੁੱਕਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨਾਲ ਗੱਲਬਾਤ ਕੀਤੀ। ਐੱਫ. ਐੱਮ. (ਕੁਰੈਸ਼ੀ) ਨੇ ਮੈਨੂੰ ਭਰੋਸਾ ਦਿੱਤਾ ਕਿ ਪਾਕਿਸਤਾਨ ਸਾਰੇ ਅੱਤਵਾਦੀਆਂ ਨਾਲ ਸਖ਼ਤੀ ਨਾਲ ਨਜਿੱਠੇਗਾ ਅਤੇ ਭਾਰਤ ਨਾਲ ਤਣਾਅ ਨੂੰ ਘੱਟ ਕਰਨ ਲਈ ਕਦਮ ਚੁੱਕੇਗਾ।” ਖ਼ਾਸ ਗੱਲ ਇਹ ਹੈ ਕਿ ਬੋਲਟਨ ਅਤੇ ਕੁਰੈਸ਼ੀ ਵਿਚਾਲੇ ਗੱਲਬਾਤ ਅਜਿਹੇ ਸਮੇਂ ‘ਚ ਹੋਈ ਹੈ, ਜਦੋਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵਿਸ਼ਵੀ ਅੱਤਵਾਦੀ ਐਲਾਨਣ ਨੂੰ ਲੈ ਕੇ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਲੋਂ ਪ੍ਰਸਤਾਵ ਪੇਸ਼ ਕੀਤਾ ਜਾਣਾ ਹੈ।

ਮਿਸ਼ੇਲ ਤੋਂ ਜੇਲ੍ਹ ’ਚ ਪੁੱਛਗਿੱਛ ਕਰਨ ਬਾਰੇ ਜਵਾਬ ਤਲਬ

ਨਵੀਂ ਦਿੱਲੀ-ਅਗਸਤਾਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਮਾਮਲੇ ’ਚ ਗ੍ਰਿਫ਼ਤਾਰ ਤੇ ਤਿਹਾੜ ਜੇਲ੍ਹ ਵਿਚ ਬੰਦ ਕ੍ਰਿਸਟੀਅਨ ਮਿਸ਼ੇਲ ਤੋਂ ਜੇਲ੍ਹ ’ਚ ਹੀ ਪੁੱਛਗਿੱਛ ਕਰਨ ਸਬੰਧੀ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਅਰਜ਼ੀ ’ਤੇ ਅਦਾਲਤ ਨੇ ਸਬੰਧਤ ਅਥਾਰਿਟੀ ਕੋਲੋਂ ਜਵਾਬ ਮੰਗਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਮੰਗਲਵਾਰ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਮਿਸ਼ੇਲ ਦੇ ਵਕੀਲ ਵੱਲੋਂ ਜੇਲ੍ਹ ਵਿਚ ਮਾਨਸਿਕ ਤਸ਼ੱਦਦ ਦਾ ਦੋਸ਼ ਲਾਏ ਜਾਣ ਤੋਂ ਬਾਅਦ ਵਿਸ਼ੇਸ਼ ਜੱਜ ਨੇ ਉਸ ਦਾ ਭਲਕ ਦਾ ਪ੍ਰੋਡਕਸ਼ਨ ਵਾਰੰਟ ਵੀ ਕੱਢਿਆ ਹੈ। ਮਿਸ਼ੇਲ ਨੂੰ ਵੱਖਰੇ ਤੇ ਉੱਚ ਸੁਰੱਖਿਆ ਵਾਲੇ ਸੈੱਲ ਵਿਚ ਤਬਦੀਲ ਨਾ ਕਰਨ ’ਤੇ ਵੀ ਅਦਾਲਤ ਨੇ ਜੇਲ੍ਹ ਪ੍ਰਸ਼ਾਸਨ ਦੀ ਖਿਚਾਈ ਕੀਤੀ ਸੀ। ਈਡੀ ਨੇ ਮਿਸ਼ੇਲ ਦੀ ਸਾਬਕਾ ਪਤਨੀ ਦੀ ਪੈਰਿਸ ਸਥਿਤ 5.83 ਕਰੋੜ ਰੁਪਏ ਮੁੱਲ ਦੀ ਸੰਪਤੀ ਵੀ ਜ਼ਬਤ ਕਰ ਲਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਗਈ ਹੈ। ਵੈਲਰੀ ਮਿਸ਼ੇਲ ਦੇ ਨਾਂ ਇਹ ਜਾਇਦਾਦ ਪੈਰਿਸ ਦੇ 45 ਐਵੇਨਿਊ, ਵਿਕਟਰ ਹਿਊਗੋ ’ਚ ਸਥਿਤ ਹੈ। ਈਡੀ ਦਾ ਕਹਿਣਾ ਹੈ ਕਿ ਵੈਲਰੀ ਦੇ ਨਾਂ ਇਹ ਜਾਇਦਾਦ ਕਥਿਤ ਘੁਟਾਲੇ ਵਿਚੋਂ ਹਾਸਲ ਪੈਸੇ ਨਾਲ ਬਣਾਈ ਗਈ ਹੈ। ਵਿਵਾਦਾਂ ਵਿਚ ਘਿਰੇ ਸੌਦੇ ’ਚ ਵਿਚੋਲਗੀ ਦੌਰਾਨ ਮਿਲਿਆ ਰਾਸ਼ੀ ਦਾ ਹਿੱਸਾ ਮਿਸ਼ੇਲ ਨੇ ਸਾਬਕਾ ਪਤਨੀ ਦੇ ਨਾਂ ਤਬਦੀਲ ਕੀਤਾ ਸੀ ਤੇ ਇਸ ਦੇ ਸਬੂਤ ਏਜੰਸੀ ਕੋਲ ਹਨ। ਮਿਸ਼ੇਲ ਨੂੰ ਲੰਘੇ ਵਰ੍ਹੇ ਦਸੰਬਰ ਵਿਚ ਯੂਏਈ ਤੋਂ ਭਾਰਤ ਲਿਆਂਦਾ ਗਿਆ ਸੀ ਤੇ ਆਉਂਦਿਆਂ ਹੀ ਉਸ ਨੂੰ ਈਡੀ ਨੇ ਗ੍ਰਿਫ਼ਤਾਰ ਕਰ ਲਿਆ ਸੀ।

3 ਸਾਲਾਂ ’ਚ 3 ਕਰੋੜ ਰੁਪਏ ਘਟੀ ਪਾਕਿ ਪੀਐਮ ਇਮਰਾਨ ਖ਼ਾਨ ਦੀ ਆਮਦਨ

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸ਼ੁੱਧ ਆਮਦਨ ਪਿਛਲੇ ਤਿਨ ਸਾਲਾਂ ਵਿੱਚ 3.09 ਕਰੋੜ ਰੁਪਏ ਘਟ ਗਈ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀ ਆਮਦਨ ਵਿੱਚ ਵਾਧਾ ਜਾਰੀ ਹੈ। ਡਾਅਨ ਅਖ਼ਬਾਰ ਦੀ ਰਿਪੋਰਟ ਮੁਤਾਬਕ 2015 ’ਚ ਖ਼ਾਨ ਦੀ ਆਮਦਨ 5.56 ਕਰੋੜ ਰੁਪਏ (ਪਾਕਿਸਤਾਨੀ ਰੁਪਏ) ਸੀ। ਸਾਲ 2016 ਵਿੱਚ ਇਹ ਘਟ ਕੇ 1.29 ਕਰੋੜ ਰੁਪਏ ਰਹਿ ਗਈ ਜਦਕਿ 2017 ਵਿੱਚ ਇਹ ਮਹਿਜ਼ 47 ਲੱਖ ਰੁਪਏ ’ਤੇ ਆ ਗਈ ਹੈ।
ਰਿਪੋਰਟ ਵਿੱਚ ਅਧਿਕਾਰਿਕ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 2015 ਵਿੱਚ ਇਸਲਾਮਾਬਾਦ ’ਚ ਇੱਕ ਅਪਾਰਟਮੈਂਟ ਦੀ ਵਿਕਰੀ ਨਾਲ ਖ਼ਾਨ ਦੀ ਆਮਦਨ ’ਚ 10 ਲੱਖ ਰੁਪਏ ਤੋਂ ਥੋੜਾ ਵੱਧ ਇਜ਼ਾਫਾ ਹੋਇਆ ਸੀ। ਇਸ ਦੇ ਇਲਾਵਾ ਉਨ੍ਹਾਂ ਨੂੰ ਵਿਦੇਸ਼ਾਂ ਤੋਂ 98 ਲੱਖ ਰੁਪਏ ਦੇ ਟੈਕ ਮਿਲੇ।
ਇਸ ਪਿੱਛੋਂ 2016 ਵਿੱਚ ਉਨ੍ਹਾਂ ਦੀ ਸ਼ੁੱਧ ਆਮਦਨ ਘਟ ਕੇ 1,29 ਕਰੋੜ ਰੁਪਏ ਰਹਿ ਗਈ ਸੀ। ਇਸ ਵਿੱਚੋਂ ਵੀ 74 ਲੱਖ ਰੁਪਏ ਉਨ੍ਹਾਂ ਨੂੰ ਵਿਦੇਸ਼ਾਂ ਤੋਂ ਆਏ ਸੀ। ਰਿਪੋਰਟ ਮੁਤਾਬਕ ਪਾਕਿਸਤਾਨੀ ਸੰਸਦ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਦੀ ਕੁੱਲ ਆਮਦਨ ਵਿਚ ਲਗਾਤਾਰ ਵਾਧਾ ਹੋਇਆ ਹੈ। 2015 ਵਿੱਚ ਉਨ੍ਹਾਂ ਦੀ ਆਮਦਨ 76 ਲੱਖ ਰੁਪਏ ਸੀ ਜੋ 2017 ਵਿੱਚ ਵਧ ਕੇ ਇੱਕ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।

ਮੈਕਸਿਕੋ ਦੇ ਨਾਈਟ ਕਲੱਬ ਵਿਚ ਗੋਲੀਬਾਰੀ, 15 ਲੋਕਾਂ ਦੀ ਮੌਤ

ਮੈਕਸਿਕੋ-ਮੱਧ ਮੈਕਸਿਕੋ ਦੇ ਲਾ ਪਲਾਇਆ ਨਾਈਟ ਕਲੱਬ ਵਿਚ ਬੀਤੇ ਦਿਨ ਕਈ ਲੋਕਾਂ ‘ਤੇ ਬੰਦੂਕਾਂ ਦੇ ਨਾਲ ਹਮਲਾ ਬੋਲ ਦਿੱਤਾ। ਇਸ ਦੌਰਾਨ ਹੋਈ ਫਾਇਰਿੰਗ ਦੌਰਾਨ ਘੱਟ ਤੋਂ ਘੱਟ 15 ਲੋਕ ਮਾਰੇ ਗਏ। ਪਬਲਿਕ ਪੌਸੀਕਿਊਟਰ ਦਫ਼ਤਰ ਦੇ ਬੁਲਾਰੇ ਜੁਆਨ ਜੋਸੇ ਮਾਰਟੀਨੇਜ ਨੇ ਦੱਸਿਆ ਕਿ ਇਸ ਹਮਲੇ ਵਿਚ ਚਾਰ ਹੋਰ ਲੋਕ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ 3 ਆਦਮੀ ਅਤੇ ਇੱਕ ਔਰਤ ਸ਼ਾਮਲ ਹੈ। ਇਨ੍ਹਾਂ ਚਾਰਾਂ ਨੂੰ ਨਜ਼ਦੀਕ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਕਿਸੇ ਵੀ ਪੀੜਤ ਦੀ ਪਛਾਣ ਨਹੀਂ ਹੋ ਸਕੀ ਹੈ। ਸਾਲਾਮਾਨਕਾ ਸ਼ਹਿਰ ਦਾ ਇਹ ਨਾਈਟ ਕਲੱਬ ਗੁਆਨਾਜੁਆਟੋ ਰਾਜ ਵਿਚ ਹੈ, ਜਿੱਥੇ ਸਰਕਾਰ ਨੇ ਤੇਲ ਚੋਰੀ ਨਾਲ ਜੁੜੇ ਅਪਰਾਧਕ ਗਿਰੋਹਾਂ ਦੇ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ। ਸਾਲਾਮਾਨਕਾ ਸ਼ਹਿਰ ਸਰਕਾਰੀ ਤੇਲ ਕੰਪਨੀ ਪੈਟ੍ਰੋਲਿਓਸ ਮੈਕਸੀਕਾਨੋਸ ਦੀ ਮੁੱਖ ਪਾਈਪਲਾਈਨ ਸਾਈਟ ਹੈ, ਜਿੱਥੇ ਤੇਲ ਚੋਰ ਗਿਰੋਹ ਪਿਛਲੇ ਕੁਝ ਸਾਲ ਵਿਚ ਕੰਪਨੀ ਨੂੰ 3 ਅਰਬ ਡਾਲਰ ਦਾ ਚੂਨਾ ਲਗਾ ਚੁੱਕੇ ਹਨ।

ਗੱਲਾਂ ਛੱਡ ਕੇ ਅੱਤਵਾਦ ‘ਤੇ ਨਵਾਂ ਐਕਸ਼ਨ ਲਵੇ ਪਾਕਿਸਤਾਨ : ਭਾਰਤ

ਨਵੀਂ ਦਿੱਲੀ-ਬਾਲਾਕੋਟ ਸਥਿਤ ਜੈਸ਼-ਏ-ਮੁਹੰਮਦ ਦੇ ਅੱਡੇ ‘ਤੇ ਹਮਲੇ ਦੇ 12 ਦਿਨ ਲੰਘ ਜਾਣ ਦੇ ਬਾਅਦ ਭਾਰਤ ਵੱਲੋਂ ਗੁਆਂਢੀ ਮੁਲਕ ਪਾਕਿਸਤਾਨ ਨੂੰ ਅੱਤਵਾਦ ‘ਤੇ ਬਹੁਤ ਸਖ਼ਤ ਸੰਦੇਸ਼ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨਵਾਂ ਪਾਕਿਸਤਾਨ ਬਣਾਉਣ ਦਾ ਦਾਅਵਾ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਅੱਤਵਾਦ ਖ਼ਿਲਾਫ਼ ਨਵਾਂ ਐਕਸ਼ਨ ਲੈ ਕੇ ਵੀ ਦਿਖਾਉਣਾ ਪਵੇਗਾ। ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਅੱਤਵਾਦੀ ਸੰਗਠਨਾਂ ‘ਤੇ ਰੋਕ ਲਗਾਉਣ ਲਈ ਹਾਲੀਆ ਦਿਨਾਂ ਵਿਚ ਜਿਹੜੀ ਕਾਰਵਾਈ ਪਾਕਿਸਤਾਨ ਸਰਕਾਰ ਵੱਲੋਂ ਕੀਤੀ ਗਈ ਹੈ ਉਸ ਤੋਂ ਭਾਰਤ ਜਾਂ ਦੁਨੀਆ ਦੇ ਦੂਜੇ ਦੇਸ਼ ਸੰਤੁਸ਼ਟ ਨਹੀਂ ਹਨ। ਪਾਕਿਸਤਾਨ ਨੇ ਇਸ ਬਾਰੇ ਜੋ ਵੀ ਵਾਅਦੇ ਕੀਤੇ ਹਨ ਉਹ ਸਿਰਫ਼ ਕਾਗਜ਼ਾਂ ‘ਤੇ ਹਨ। ਉਸ ਵੱਲੋਂ ਜਿਹੜੇ ਕਦਮ ਚੁੱਕੇ ਗਏ ਹਨ ਉਹ ਗੰਭੀਰ ਨਹੀਂ ਹਨ। ਹਾਲੇ ਵੀ ਉੱਥੇ ਅੱਤਵਾਦੀ ਖੁੱਲ੍ਹੇਆਮ ਘੁੰਮ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਆਪਣੀ ਹਫ਼ਤਾਵਾਰੀ ਪ੍ਰਰੈੱਸ ਕਾਨਫਰੰਸ ‘ਚ ਪੁਲਵਾਮਾ ‘ਚ ਭਾਰਤੀ ਫ਼ੌਜੀਆਂ ‘ਤੇ ਹੋਏ ਹਮਲੇ ਦੇ ਬਾਅਦ ਦੀ ਸਥਿਤੀ ਅਤੇ ਕੂਟਨੀਤਕ ਪੱਧਰ ‘ਤੇ ਚੱਲ ਰਹੀਆਂ ਕੋਸ਼ਿਸ਼ਾਂ ਦਾ ਵਿਸਥਾਰ ਨਾਲ ਵੇਰਵਾ ਦਿੱਤਾ। ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੇ ਸਾਰੇ 15 ਮੈਂਬਰਾਂ ਨੇ ਸਰਬ ਸੰਮਤੀ ਨਾਲ ਬਿਆਨ ਜਾਰੀ ਕਰ ਕੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਸੀ। ਸੁਰੱਖਿਆ ਪ੍ਰਰੀਸ਼ਦ ਦੇ ਸਾਰੇ ਮੈਂਬਰ ਜਾਣਦੇ ਹਨ ਕਿ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੇਂਦਰ ਪਾਕਿਸਤਾਨ ਵਿਚ ਹਨ ਅਤੇ ਉਹ ਇਸ ਗੱਲ ਤੋਂ ਵੀ ਜਾਣੂ ਹਨ ਕਿ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੈ। ਉਨ੍ਹਾਂ ਕਿਹਾ, ਅਸੀਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੇ ਸਾਰੇ ਮੈਂਬਰਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਪਾਬੰਦੀ ਕਮੇਟੀ ਦੇ ਮਦ 1267 ਦੇ ਤਹਿਤ ਮਸੂਦ ਅਜ਼ਹਰ ਨੂੰ ਅੱਤਵਾਦੀ ਦੇ ਰੂਪ ਵਿਚ ਸੂਚੀਬੱਧ ਕਰਨ।
ਬਾਲਾਕੋਟ ‘ਚ ਹਵਾਈ ਫ਼ੌਜ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਰਵੀਸ਼ ਕੁਮਾਰ ਨੇ ਦੋਹਰਾਇਆ ਕਿ ਇਸ ਦੇ ਪਿੱਛੇ ਜਿਹੜਾ ਮਕਸਦ ਸੀ ਉਹ ਪੂਰੀ ਤਰ੍ਹਾਂ ਨਾਲ ਹਾਸਲ ਕਰ ਲਿਆ ਗਿਆ ਹੈ। ਭਾਰਤ ਇਹ ਦਿਖਾਉਣਾ ਚਾਹੁੰਦਾ ਹੈ ਕਿ ਸਰਹੱਦ ਪਾਰ ਅੱਤਵਾਦ ਖ਼ਿਲਾਫ਼ ਹੁਣ ਉਹ ਠੋਸ ਕਾਰਵਾਈ ਕਰਨ ਦਾ ਜਿਗਰਾ ਰੱਖਦਾ ਹੈ। ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਇਹ ਵੀ ਸਵੀਕਾਰ ਨਹੀਂ ਕਰ ਰਿਹਾ ਕਿ ਉਸ ਦੀ ਹਵਾਈ ਫ਼ੌਜ ਦੇ ਐੱਫ-16 ਜਹਾਜ਼ ਨੂੰ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੇ ਡੇਗਿਆ ਸੀ। ਪਾਕਿਸਤਾਨੀ ਜਹਾਜ਼ ਨੂੰ ਆਸਮਾਨ ਤੋਂ ਡਿੱਗਦੇ ਹੋਏ ਦੇਖਿਆ ਗਿਆ ਅਤੇ ਭਾਰਤ ਕੋਲ ਉਸ ਦੇ ਇਲੈਕਟ੍ਰਾਨਿਕ ਸਬੂਤ ਵੀ ਹਨ। ਪਾਕਿਸਤਾਨੀ ਫ਼ੌਜ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਜਿਹੜਾ ਜੰਗੀ ਜਹਾਜ਼ ਨੁਕਸਾਨਿਆ ਗਿਆ ਉਸ ਦਾ ਕੀ ਹੋਇਆ ਅਤੇ ਉਸ ਦੇ ਪਾਇਲਟ ਦਾ ਕੀ ਹੋਇਆ? ਭਾਰਤੀ ਫ਼ੌਜ ਦੇ ਦੋ ਜੰਗੀ ਜਹਾਜ਼ ਡੇਗਣ ਦੇ ਪਾਕਿਸਤਾਨ ਦੇ ਦਾਅਵੇ ਨੂੰ ਖ਼ਾਰਜ ਕਰਦੇ ਹੋਏ ਰਵੀਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਪਿਛਲੇ 10 ਦਿਨਾਂ ਤੋਂ ਇਹ ਦਾਅਵਾ ਕਰ ਰਹੀ ਹੈ ਪਰ ਹਾਲੇ ਤਕ ਇਸ ਬਾਰੇ ਕੋਈ ਸਬੂਤ ਨਹੀਂ ਪੇਸ਼ ਕਰ ਸਕੀ।
ਰਵੀਸ਼ ਕੁਮਾਰ ਨੇ ਅੱਗੇ ਕਿਹਾ ਕਿ ਪਾਕਿਸਤਾਨ ਆਪਣੇ ਮੀਡੀਆ ਅਤੇ ਦੁਨੀਆ ਤੋਂ ਕੁਝ ਨਾ ਕੁਝ ਲੁਕਾਉਣਾ ਚਾਹੁੰਦਾ ਹੈ ਤਦ ਉਹ ਲਗਾਤਾਰ ਵਾਅਦਾ ਕਰਨ ਦੇ ਬਾਵਜੂਦ ਹਾਲੇ ਤਕ ਆਪਣੇ ਮੀਡੀਆ ਨੂੰ ਉਸ ਥਾਂ ਕੋਲ ਲੈ ਕੇ ਨਹੀਂ ਗਿਆ ਜਿੱਥੇ ਭਾਰਤੀ ਹਵਾਈ ਫ਼ੌਜ ਨੇ ਕਾਰਵਾਈ ਕੀਤੀ ਸੀ। ਅਗਲੇ ਹਫ਼ਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਨੋਂ ਦੇਸ਼ਾਂ ਦਰਮਿਆਨ ਸ਼ੁਰੂ ਹੋਣ ਵਾਲੀ ਗੱਲਬਾਤ ‘ਤੇ ਭਾਰ ਦਾ ਰੁਖ਼ ਸਪੱਸ਼ਟ ਕਰਦੇ ਹੋਏ ਰਵੀਸ਼ ਕੁਮਾਰ ਨੇ ਕਿਹਾ ਕਿ ਇਸ ਨੂੰ ਦੋ-ਪੱਖੀ ਗੱਲਬਾਤ ਦੀ ਸ਼ੁਰੂਆਤ ਦੇ ਤੌਰ ‘ਤੇ ਨਹੀਂ ਦੇਖਿਆ ਜਾਣਾ ਚਾਹੀਦਾ। 14 ਮਾਰਚ ਨੂੰ ਪਾਕਿਸਤਾਨ ਦੀ ਇਕ ਟੀਮ ਨਵੀਂ ਦਿੱਲੀ ਪਹੁੰਚ ਰਹੀ ਹੈ। ਇਸ ਦੇ ਬਾਅਦ ਭਾਰਤੀ ਟੀਮ ਇਸਲਾਮਾਬਾਦ ਦੀ ਯਾਤਰਾ ‘ਤੇ ਜਾਣ ਵਾਲੀ ਹੈ ਪਰ ਭਾਰਤ ਨੇ ਆਪਣੇ ਵੱਲੋਂ ਪਾਕਿਸਤਾਨ ਜਾਣ ਵਾਲੀ ਟੀਮ ਦਾ ਐਲਾਨ ਨਹੀਂ ਕੀਤਾ।

ਵੈਨਜ਼ੁਏਲਾ ਵਿਚ ਬਿਜਲੀ ਬੰਦ ਹੋਣ ਕਾਰਨ 15 ਡਾਇਲਸਿਸ ਮਰੀਜ਼ਾਂ ਦੀ ਮੌਤ

ਕਰਾਕਸ-ਆਰਥਿਕ ਸੰਕਟ ਅਤੇ ਭੁੱਖਮਰੀ ਨਾਲ ਜੂਝ ਰਹੇ ਵੈਨੇਜ਼ੁਏਲਾ ਦੇ ਕਈ ਰਾਜਾਂ ਵਿਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਹੈ। ਬਿਜਲੀ ਗੁੱਲ ਹੋਣ ਕਾਰਨ ਸਮੇਂ ‘ਤੇ ਡਾਇਲਸਿਸ ਨਾ ਹੋਣ ਕਾਰਨ ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜਤ 15 ਮਰੀਜ਼ਾਂ ਦੀ ਮੌਤ ਹੋ ਗਈ। ਰਾਸ਼ਟਰਪਤੀ ਨਿਕੋਲਸ ਮਾਦੁਰੇ ਨੇ ਦੇਸ਼ ਦੇ ਇਤਿਹਾਸ ਦੇ ਇਸ ਸਭ ਤੋਂ ਬੁਰੇ ਬਲੈਕ ਆਊਟ ਲਈ ਵਿਰੋਧੀ ਧਿਰ ਅਤੇ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਦੁਰੇ ‘ਤੇ ਸੱਤਾ ਛੱਡਣ ਦਾ ਦਬਾਅ ਹੈ। ਵਿਰੋਧੀ ਧਿਰ ਦੇ ਆਗੂ ਜੁਆਨ ਗੁਈਦੋ ਨੂੰ ਅਮਰੀਕਾ ਸਮੇਤ 50 ਦੇਸ਼ਾਂ ਨੇ ਅੰਤ੍ਰਿਮ ਰਾਸ਼ਟਰਪਤੀ ਮੰਨ ਲਿਆ ਹੈ। ਪ੍ਰੰਤੂ ਚੀਨ ਅਤੇ ਰੂਸ ਮਾਦੁਰੋ ਦਾ ਸਮਰਥਨ ਕਰ ਰਹੇ ਹਨ। ਸਿਹਤ ਖੇਤਰ ਨਾਲ ਜੁੜੀ ਇੱਕ ਕੰਪਨੀ ਦੇ ਡਾÎਇਰੈਕਟਰ ਫਰਾਂਸਿਸਕੋ ਵੈਲੇਂਸੀਆ ਨੇ ਕਿਹਾ ਕਿ ਦੇਸ਼ ਦੇ 95 ਫ਼ੀਸਦੀ ਡਾÎਇਲਸਿਸ ਯੂਨਿਟ ਕੰਮ ਨਹੀਂ ਕਰ ਰਹੇ ਹਨ। ਸਥਿਤੀ ਇਹੀ ਰਹੀ ਤਾਂ ਬਚੇ ਹੋਏ ਡਾਇਲਸਿਸ ਯੂਨਿਟ ਵੀ ਠੱਪ ਹੋ ਜਾਣਗੇ। ਬਿਜਲੀ ਨਾ ਹੋਣ ਕਾਰਨ ਡਾÎÎਇਲਸਿਸ ‘ਤੇ ਨਿਰਭਰ ਦਸ ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੀ ਜਾਨ ਖ਼ਤਰੇ ਵਿਚ ਹੈ। ਵੈਨੇਜ਼ੁਏਲਾ ਵਿਚ ਪਿਛਲੇ ਵੀਰਵਾਰ ਤੋਂ ਬਿਜਲੀ ਸਪਲਾਈ ਠੱਪ ਹੈ। ਰਾਜਧਾਨੀ ਕਰਾਕਸ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਥੋੜ੍ਹੀ ਬਹੁਤ ਬਿਜਲੀ ਸਪਲਾਈ ਹੋ ਰਹੀ ਹੈ। ਪ੍ਰੰਤੂ ਦੇਸ਼ ਦਾ ਪੱਛਮੀ ਹਿੱਸਾ ਹਨ੍ਹੇਰੇ ਵਿਚ ਪੂਰੀ ਤਰ੍ਹਾਂ ਡੁੱਬਿਆ ਹੈ

ਲੰਡਨ ਵਿਚ ਭਾਰਤ ਤੋਂ ਅਜ਼ਾਦੀ ਦੀ ਮੰਗ ਕਰ ਰਹੇ ਕਸ਼ਮੀਰੀਆਂ ਤੇ ਸਿੱਖਾਂ ਦੀ ਭਾਰਤੀਆਂ ਨਾਲ ਹੱਥੋਪਾਈ

ਲੰਡਨ-ਲੰਡਨ ਸਥਿਤ ਭਾਰਤ ਦੇ ਦੂਤਾਵਾਸ ਬਾਹਰ ਪ੍ਰਦਰਸ਼ਨ ਕਰ ਰਹੇ ਸਿੱਖਾਂ ਅਤੇ ਕਸ਼ਮੀਰੀਆਂ ਦੀ ਭਾਰਤੀਆਂ ਨਾਲ ਹੱਥੋਪਾਈ ਹੋ ਗਈ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਹ ਘਟਨਾ ਬੀਤੇ ਕਲ੍ਹ ਵਾਪਰੀ। ਸਕੋਟਲੈਂਡ ਯਾਰਡ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿਚ ਇਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਉਸਨੂੰ ਰਿਹਾਅ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਿਕ ਸਿੱਖ ਅਤੇ ਕਸ਼ਮੀਰੀ ਪੰਜਾਬ ਅਤੇ ਕਸ਼ਮੀਰ ਵਿਚ ਭਾਰਤੀ ਕਬਜ਼ੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਅਤੇ ਭਾਰਤੀ ਸਮਰਥਕ ਇਸ ਦੇ ਵਿਰੋਧ ਵਿਚ ਮੋਦੀ ਜਿੰਦਾਬਾਦ ਵਰਗੇ ਨਾਅਰੇ ਲਾ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਸਿੱਖਸ ਫਾਰ ਜਸਟਿਸ, ਓਵਰਸੀਸ ਪਾਕਿਸਤਾਨੀਸ ਵੈਲਫੇਅਰ ਕਾਉਂਸਿਲ ਵਲੋਂ ਭਾਰਤ ਵਿਚ ਘੱਟਗਿਣਤੀਆਂ ‘ਤੇ ਹੁੰਦੇ ਜੁਲਮਾਂ ਖਿਲਾਫ ਭਾਰਤੀ ਦੂਤਾਵਾਸ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਉੱਥੇ ਉੱਥੇ ਫਰੈਂਡਸ ਆਫ ਇੰਡੀਆ ਸੋਸਾਇਟੀ ਯੂਕੇ ਤੇ ਹੋਰ ਭਾਰਤੀ ਜਥੇਬੰਦੀਆਂ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਲਈ ਪਹੁੰਚ ਗਈਆਂ।
ਇਸ ਦੌਰਾਨ ਇਕ ਦੂਜੇ ਵਿਰੁੱਧ ਨਾਅਰੇਬਾਜ਼ੀ ਦੇ ਚਲਦਿਆਂ ਤਲਖੀ ਵੱਧ ਗਈ ਤੇ ਗੱਲ ਹੱਥੋਪਾਈ ਤੱਕ ਜਾ ਪਹੁੰਚੀ। ਇਸ ਘਟਨਾ ਵਿਚ ਸਿਰਫ ਥੱਪੜ ਹੀ ਮਾਰੇ ਗਏ ਤੇ ਕਿਸੇ ਦੇ ਜ਼ਿਆਦਾ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ। ਦੋਵੇਂ ਧਿਰਾਂ ਵਲੋਂ ਇਕ ਦੂਜੇ ਉੱਤੇ ਪਹਿਲ ਕਰਨ ਦਾ ਦੋਸ਼ ਲਾਇਆ ਜਾ ਰਿਹਾ ਹੈ।