Home / ਦੇਸ਼ ਵਿਦੇਸ਼

ਦੇਸ਼ ਵਿਦੇਸ਼

ਸੋਨੀਆ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਦੀ ਅਪੀਲ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਕਿ ਉਹ ਲੋਕ ਸਭਾ ਵਿੱਚ ਭਾਜਪਾ ਦੇ ਬਹੁਮਤ ਦਾ ਲਾਹਾ ਲੈਂਦਿਆਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ।
ਉਨ੍ਹਾਂ 20 ਸਤੰਬਰ ਨੂੰ ਲਿਖੀ ਇਸ ਚਿੱਠੀ ਵਿੱਚ ਬਿੱਲ ਲਈ ਪਾਰਟੀ ਵੱਲੋਂ ਹਮਾਇਤ ਦਾ ਵੀ ਭਰੋਸਾ ਦਿੱਤਾ। ਰਾਜ ਸਭਾ ਇਸ ਬਿੱਲ ਨੂੰ 9 ਮਾਰਚ 2010 ਵਿੱਚ ਪਾਸ ਕਰ ਚੁੱਕੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਮਹਿਲਾ ਵਿੰਗ ਦੀ ਮੁਖੀ ਸੁਸ਼ਮਿਤਾ ਦੇਵ ਨੇ ਲੋਕ ਸਭਾ ਵਿੱਚ ਇਸ ਬਿੱਲ ਨੂੰ ਪਾਸ ਕਰਵਾਉਣ ਵਿੱਚ ਸਰਕਾਰ ਵੱਲੋਂ ਕੀਤੀ ਜਾ ਰਹੀ ਕਥਿਤ ਦੇਰੀ ਉਤੇ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਨੂੰ ਸਿਰਫ਼ ਸੰਕੇਤਕ ਹਮਾਇਤ ਦੀ ਥਾਂ ਇਸ ਬਿੱਲ ਲਈ ਆਪਣੀ ਵਚਨਬੱਧਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਇਹ ਯਕੀਨੀ ਬਣਾਉਣ ਕਿ ਅਗਲੀਆਂ ਆਮ ਚੋਣਾਂ 2019 ਤੋਂ ਪਹਿਲਾਂ ਦੇਸ਼ ਦੀਆਂ ਔਰਤਾਂ ਨੂੰ ਰਾਖਵਾਂਕਰਨ ਮਿਲੇ। ਆਪਣੀ ਚਿੱਠੀ ਵਿੱਚ ਸੋਨੀਆ ਗਾਂਧੀ ਨੇ ਚੇਤਾ ਕਰਵਾਇਆ ਕਿ ਕਾਂਗਰਸ ਅਤੇ ਇਸ ਦੇ ਮਰਹੂਮ ਆਗੂ ਰਾਜੀਵ ਗਾਂਧੀ ਨੇ ਸੰਵਿਧਾਨਕ ਸੋਧ ਬਿੱਲਾਂ ਰਾਹੀਂ ਪੰਚਾਇਤਾਂ ਤੇ ਮਿਊਂਸਿਪਲ ਸੰਸਥਾਵਾਂ ਵਿੱਚ ਔਰਤਾਂ ਲਈ ਰਾਖਵਾਂਕਰਨ ਦੀ ਤਜਵੀਜ਼ ਸਭ ਤੋਂ ਪਹਿਲਾਂ ਪੇਸ਼ ਕੀਤੀ ਸੀ। ਇਨ੍ਹਾਂ ਬਿੱਲਾਂ ਨੂੰ 1989 ਵਿੱਚ ਵਿਰੋਧੀ ਧਿਰ ਨੇ ਰੋਕਿਆ ਸੀ ਪਰ 1993 ਵਿੱਚ ਸੰਸਦ ਦੇ ਦੋਵਾਂ ਸਦਨ ਨੇ ਇਹ ਬਿੱਲ ਪਾਸ ਕਰ ਦਿੱਤੇ ਸਨ।

ਪਾਕਿਸਤਾਨ ਹੁਣ ‘ਅੱਤਵਾਦਸਤਾਨ’ – ਭਾਰਤ ਵਲੋਂ ਕਰਾਰਾ ਜਵਾਬ

ਨਿਊਯਾਰਕ-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਅਬਾਸੀ ਦੇ ਝੂਠ ‘ਤੇ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ੍ਹ ਹੈ ਤੇ ਦੁਨੀਆ ਨੂੰ ਮਨੁੱਖੀ ਹੱਕਾਂ ‘ਤੇ ਪਾਕਿਸਤਾਨ ਵਰਗੇ ਅਸਫਲ ਦੇਸ਼ ਦੇ ਗਿਆਨ ਦੀ ਲੋੜ ਨਹੀਂ ਹੈ। ਪਾਕਿਸਤਾਨ ਆਪਣੀ ਹੀ ਜਮੀਨ ‘ਤੇ ਮਨੁੱਖੀ ਹੱਕਾਂ ਦਾ ਉਲੰਘਣ ਕਰਦਾ ਰਿਹਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਯੂ.ਐਨ. ‘ਚ ਭਾਰਤ ਦੀ ਪ੍ਰਥਮ ਸਕੱਤਰ ਇਨਮ ਗੰਭੀਰ ਨੇ ਕਿਹਾ ਕਿ ਪਾਕਿਸਤਾਨ ਹੁਣ ਟੇਰਰਿਸਤਾਨ (ਅੱਤਵਾਦਸਤਾਨ) ਬਣ ਚੁੱਕਾ ਹੈ। ਉਹ ਲਗਾਤਾਰ ਅੱਤਵਾਦੀਆਂ ਨੂੰ ਪਨਾਹ ਦਿੰਦਾ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਚਿਤਰ ਹੈ ਕਿ ਇਕ ਦੇਸ਼ ਜੋ ਓਸਾਮਾ ਬਿਨ ਲਾਦੇਨ ਤੇ ਮੁੱਲਾ ਓਮਰ ਨੂੰ ਪਨਾਹ ਦਿੰਦਾ ਰਿਹਾ ਹੋਵੇ, ਉਹ ਦੇਸ਼ ਪੀੜਤ ਹੋਣ ਦਾ ਦਿਖਾਵਾ ਕਰ ਰਿਹਾ ਹੈ।

ਦੁਨੀਆ ਦੀ ਸਭ ਤੋਂ ਅਮੀਰ ਔਰਤ ਦਾ ਹੋਇਆ ਦੇਹਾਂਤ

ਪੈਰਿਸ-ਦੁਨੀਆ ਦੀ ਸਭ ਤੋਂ ਅਮੀਰ ਔਰਤ ਲਿਲੈਨੇ ਬੇਟਨਕੋਰਟ ਦਾ ਦੇਹਾਂਤ ਹੋ ਗਿਆ। 94 ਸਾਲਾ ਇਹ ਔਰਤ ਜ਼ਿਆਦਾ ਉਮਰ ਹੋਣ ਦੇ ਕਾਰਨ ਮਾਨਸਿਕ ਤੌਰ ‘ਤੇ ਬਿਮਾਰ ਚਲ ਰਹੀ ਸੀ।ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ ਹੈ। ਉਨ੍ਹਾਂ ਦੀ ਧੀ ਫਰਾਂਸਵਾ ਬੇਟਨਕੋਰਟ ਦਾ ਦੇਹਾਂਤ ਹੋ ਗਿਆ। ਬੇਟਨਕੋਰਟ ਕਾਸਮੈਟਿਕ ਦੀ ਮੁੱਖ ਸ਼ੇਅਰ ਹੋਲਡਰ ਸੀ। ਉਨ੍ਹਾਂ ਦੁਨੀਆ ਦੇ 14 ਧਨੀ ਲੋਕਾਂ ਵਿਚ ਗਿਣਿਆ ਜਾਂਦਾ ਸੀ। ਇੱਕ ਮਸ਼ਹੂਰ ਰਸਾਲੇ ਨੇ ਮਾਰਚ ਵਿਚ ਉਨ੍ਹਾਂ ਦੀ ਜਾਇਦਾਦ 39.5 ਅਰਬ ਡਾਲਰ ਹੋਣ ਦਾ ਅਨੁਮਾਨ ਜ਼ਾਹਰ ਕੀਤਾ ਸੀ। 2012 ਵਿਚ ਐਲ ਓਰੀਅਲ ਬੋਰਡ ਛੱਡਣ ਤੋ ਬਾਅਦ ਉਹ ਕਦੇ ਕਦਾਈਂ ਹੀ ਸਾਹਮਣੇ ਆਈ। ਉਨ੍ਹਾਂ ਦੀ ਮਾਨਸਿਕ ਸਿਹਤ ਵਿਚ ਗਿਰਾਵਟ ਦੇ ਕਾਰਨ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ‘ਤੇ ਸ਼ੋਸ਼ਣ ਦਾ ਦੋਸ਼ ਲਗਦਾ ਰਿਹਾ ਅਤੇ ਇਸ ਕਾਰਨ ਉਹ ਸੁਰਖੀਆਂ ਵਿਚ ਬਣੀ ਰਹੀ।

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟਰੇਨ ਚੀਨ ‘ਚ ਚੱਲੀ

ਬੀਜਿੰਗ-ਚੀਨ ਵਿਚ ਬੀਜਿੰਗ ਅਤੇ ਸ਼ੰਘਾਈ ਦੇ ਵਿਚ ਚਲਣ ਵਾਲੀ ਬੁਲੇਟ ਟਰੇਨ ਨੇ ਮੁੜ ਅਪਣੀ ਤੇਜ਼ ਰਫਤਾਰ ਪਾ ਲਈ ਹੈ। 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਣ ਵਾਲੀ ਇਹ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟਰੇਨ ਹੈ। ਜੁਲਾਈ, 2011 ਵਿਚ ਹੋਏ ਭਿਆਨਕ ਹਾਦਸੇ ਤੋਂ ਬਾਅਦ ਇਸ ਦੀ ਗਤੀ ਨੂੰ ਘੱਟ ਕਰਕੇ 300 ਕਿਲੋਮੀਟਰ ਪ੍ਰਤੀ ਘੰਟਾ ਕਰ ਦਿੱਤਾ ਗਿਆ ਸੀ। ਬੁਲੇਟ ਟਰੇਨ ਸਵੇਰੇ ਨੌਂ ਵਜੇ ਬੀਜਿੰਗ ਸਾਊਥ ਰੇਲਵੇ ਸਟੇਸ਼ਨ ਤੋਂ ਨਿਕਲੀ ਅਤੇ 1318 ਕਿਲੋਮੀਟਰ ਦੀ ਦੂਰੀ ਸਿਰਫ ਚਾਰ ਘੰਟੇ ਵਿਚ ਤੈਅ ਕਰਕੇ ਸੰਘਾਈ ਪਹੁੰਚੀ। ਚੀਨੀ ਰੇਲਵੇ ਕਾਰਪੋਰੇਸ਼ਨ ਨੇ ਕਿਹਾ ਕਿ ਇਹ ਵਪਾਰਕ ਮਕਸਦ ਦੇ ਲਈ ਚਲਾਈ ਜਾਣ ਵਾਲੀ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟਰੇਨ ਹੈ। ਜ਼ਿਕਰਯੋਗ ਹੈ ਕਿ ਚੀਨ ਨੇ ਅਗਸਤ, 2008 ਵਿਚ ਬੀਜਿੰਗ ਤੋਂ ਤਿਆਨਜਿਨ ਦੇ ਵਿਚ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਬੁਲੇਟ ਟਰੇਨ ਚਲਾਈ ਸੀ। ਲੇਕਿਨ 2011 ਵਿਚ ਹੋਏ ਹਾਦਸੇ ਤੋਂ ਬਾਅਦ ਇਸ ਦੀ ਰਫਤਾਰ ਹੌਲੀ ਕਰਕੇ 250 ਤੋਂ 300 ਕਿਲੋਮੀਟਰ ਪ੍ਰਤੀ ਘੰਟੇ ਕਰ ਦਿੱਤੀ ਗਈ। ਇਸ ਹਾਦਸੇ ਵਿਚ 40 ਲੋਕਾਂ ਦੀ ਜਾਨ ਚਲੀ ਗਈ ਸੀ ਜਦ ਕਿ 190 ਜ਼ਖਮੀ ਹੋਏ ਸੀ। ਇਸ ਸਾਲ 27 ਜੁਲਾਈ ਨੂੰ ਇਸ ਨਵੀਂ ਬੁਲੇਟ ਟਰੇਨ ਦੀ ਸੁਰੱਖਿਆ ਅਤੇ ਭਰੋਸੇਯੋਗਤਾ ਦਾ ਪੀ੍ਰਖਣ ਕੀਤਾ ਗਿਆ ਸੀ।

ਭਾਰਤ ਨਾਲ ਨਜਿੱਠਣ ਲਈ ਬਣਾਏ ਹਨ ਛੋਟੇ ਐਟਮੀ ਬੰਬ – ਪਾਕਿਸਤਾਨੀ ਪ੍ਰਧਾਨ ਮੰਤਰੀ

ਨਿਊਯਾਰਕ-ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਨੇ ਕਿਹਾ ਕਿ ਭਾਰਤ ਦੇ ‘ਕੋਲਡ ਸਟਾਰਟ ਡਾਕਟਰੀਨ’ ਨਾਲ ਨਜਿੱਠਣ ਲਈ ਪਾਕਿਸਤਾਨ ਨੇ ਛੋਟੇ ਐਟਮੀ ਹਥਿਆਰ ਵਿਕਸਿਤ ਕੀਤੇ ਹਨ। ਫਾਰੇਨ ਰਿਲੈਸ਼ੰਸ ਕੌਂਸਲ ‘ਚ ਅਮਰੀਕੀ ਥਿੰਕ ਟੈਂਕ ਦੇ ਪ੍ਰੋਗਰਾਮ ‘ਚ ਇਕ ਸਵਾਲ ਦੇ ਜਵਾਬ ‘ਚ ਅੱਬਾਸੀ ਨੇ ਕਿਹਾ ਕਿ ਪਾਕਿਸਤਾਨ ਦੇ ਐਟਮੀ ਹਥਿਆਰ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਤੇ ਉਨ੍ਹਾਂ ‘ਤੇ ਪੂਰਾ ਕੰਟਰੋਲ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੀ ਹੋਂਦ ਨੂੰ ਭਾਰਤ ਤੋਂ ਬਹੁਤ ਖਤਰਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ ਤਿੰਨ ਜੰਗਾਂ ਹੋਈਆਂ ਹਨ ਤੇ ਪਾਕਿਸਤਾਨ ਨੂੰ ਹਰ ਵਾਰ ਭਾਰਤ ਤੋਂ ਖੁਦ ਨੂੰ ਬਚਾਉਣਾ ਪਿਆ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਇਤਰਾਜ ਕਰਦੇ ਹੋਏ ਕਿਹਾ ਕਿ ਭਾਰਤ ਦਾ ਅਫਗਾਨਿਸਤਾਨ ‘ਚ ਕੋਈ ਰੋਲ ਨਹੀਂ ਹੈ। ਇਸ ਲਈ ਪਾਕਿਸਤਾਨ ਅਮਰੀਕਾ ਨੂੰ ਆਪਣਾ ਇਤਰਾਜ਼ ਦਰਜ ਕਰਾ ਚੁੱਕਾ ਹੈ।

ਸੋਹਣੀ ਕੁੜੀਆਂ ਨੂੰ ਸੈਕਸ ਗੁਲਾਮ ਬਣਾਉਂਦਾ ਸੀ ਕਿਮ ਜੋਂਗ, ਗਰਭਵਤੀ ਹੋਣ ‘ਤੇ ਕਰ ਦਿੰਦਾ ਸੀ ਗਾਇਬ

ਸਿਓਲ-ਉਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਜੁੜਿਆ ਇੱਕ ਹੋਰ ਖੌਫ਼ਨਾਕ ਸੱਚ ਸਾਹਮਣੇ ਆਇਆ ਹੈ। ਕੁਝ ਸਾਲ ਪਹਿਲਾਂ ਹੀ ਪਿਓਂਗਯਾਂਗ ਛੱਡ ਕੇ ਸਾਊਥ ਕੋਰੀਆ ਜਾ ਚੁੱਕੀ ਇਕ ਮਹਿਲਾ ਨੇ ਇਹ ਜਾਣਕਾਰੀ ਦਿੱਤੀ। ਇਸ ਮਹਿਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਕਿਮ ਜੋਂਗ ਦੀ ਸੱਤਾ ਵਿਚ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ ਅਤੇ ਸੋਹਣੀਆਂ ਕੁੜੀਆਂ ਨੂੰ ਸੈਕਸ ਗੁਲਾਮ ਬਣਾਇਆ ਜਾਂਦਾ ਹੈ। ਸਕੂਲ ਵਿਚ ਪੜ੍ਹ ਰਹੀ ਕੁੜੀਆਂ ਵਿਚੋਂ ਸਭ ਤੋਂ ਸੋਹਣੀ ਨੂੰ ਘਸੀਟ ਕੇ ਕਿਮ ਦੇ ਕੋਲ ਲਿਜਾਇਆ ਜਾਂਦਾ ਹੈ ਅਤੇ ਉਸ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਿਮ ਨੂੰ ਕਿਵੇਂ ਖੁਸ਼ ਰੱਖਣਾ ਹੈ। ਜੇਕਰ ਲੜਕੀ ਕੋਲੋਂ ਕੋਈ ਗਲਤੀ ਹੋਈ ਤਾਂ ਉਹ ਦਿਨ ਉਸ ਦਾ ਆਖਰੀ ਦਿਨ ਹੁੰਦਾ ਹੈ। ਆਰਮੀ ਕਰਨਲ ਦੀ ਬੇਟੀ ਯੋਨ ਲਿਮ ਨੇ ਗੱਲਬਾਤ ਵਿਚ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਸੀ ਕਿ ਕਿਮ ਜੋਂਗ ਉਨ ਦੇ ਕਿਸੇ ਵੀ ਫ਼ੈਸਲੇ ‘ਤੇ ਸਵਾਲ ਨਹੀਂ ਕਰਨਾ ਹੈ। ਸੁਰੱਖਿਆ ਕਾਰਨਾਂ ਕਰਕੇ ਲਿਮ ਨੇ ਅਪਣਾ ਨਾਂ ਬਦਲ ਕੇ ਕਿਹਾ ਕਿ ਉਹ 11 ਸੰਗੀਤਕਾਰਾਂ ਦੀ ਇਕੱਠੀ ਹੱÎਤਿਆ ਨੂੰ ਦੇਖ ਕੇ ਐਨਾ ਡਰ ਗਈ ਸੀ ਕਿ ਸਾਲ 2015 ਵਿਚ ਉਹ ਅਪਣੇ ਭਰਾ ਅਤੇ ਮਾਂ ਦੇ ਨਾਲ ਦੱਖਣੀ ਕੋਰੀਆ ਭੱਜ ਆਈ ਸੀ। ਲਿਮ ਨੇ ਦੱਸਿਅ ਕਿ ਇਨ੍ਹਾਂ ਸੰਗੀਤਕਾਰਾਂ ਦੀ ਹੱਤਿਆ ਨੂੰ ਦੇਖਣ ਦੇ ਲਈ ਜ਼ਬਰਦਸਤੀ ਦਸ ਹਜ਼ਾਰ ਲੋਕਾਂ ਨੂੰ ਇਕੱਠਾ ਕੀਤਾ ਗਿਆ ਸੀ। ਉਹ ਵੀ ਇਨ੍ਹਾਂ ਵਿਚੋਂ ਇਕ ਸੀ। ਸੰਗੀਤਕਾਰਾਂ ਨੂੰ ਪੋਰਨੋਗਰਾਫਿਕ ਫ਼ਿਲਮ ਬਣਾਉਣ ਦੇ ਦੋਸ਼ ਵਿਚ ਸਜ਼ਾ ਦਿੱਤੀ ਜਾ ਰਹੀ ਸੀ। ਪੀੜਤਾਂ ਤੋਂ ਸਿਰਫ 200 ਮੀਟਰ ਦੂਰ ਮੈਂ ਵੀ ਖੜ੍ਹੀ ਸੀ। ਬੰਦੂਕ ਦੀ ਗੋਲੀ ਨਾਲ ਸਭ ਤੋਂ ਉਡਾ ਦਿੱਤਾ ਗਿਆ। ਲਿਮ ਨੇ ਦੱਸਿਆ ਕਿ ਉਹ ਜਿਸ ਜਮਾਤ ਵਿਚ ਪੜ੍ਹਦੀ ਸੀ ਉਥੋਂ ਸੋਹਣੀਆਂ ਕੁੜੀਆਂ ਨੂੰ ਚੁਣਿਆ ਜਾਂਦਾ ਸੀ। ਇਨ੍ਹਾਂ ਕੁੜੀਆਂ ਨੂੰ ਘਸੀਟ ਕੇ ਅਜਿਹੀ ਜਗ੍ਹਾ ‘ਤੇ ਲਿਜਾਇਆ ਜਾਂਦਾ ਸੀ ਜਿੱਥੇ ਉਨ੍ਹਾਂ ਦਾ ਕੋਈ ਪਤਾ ਨਾ ਲਗਾ ਸਕੇ। ਇਹ ਕੁੜੀਆਂ ਕਿਮ ਨੂੰ ਵਧੀਆ ਭੋਜਨ ਪਰੋਸਦੀ ਸੀ ਅਤੇ ਜੇਕਰ ਅਜਿਹਾ ਕਰਨ ਵਿਚ ਕੋਈ ਵੀ ਗਲਤੀ ਹੋਈ ਤਾਂ ਕੁੜੀਆਂ ਨੂੰ ਗਾਇਬ ਕਰ ਦਿੱਤਾ ਜਾਂਦਾ ਸੀ। ਜੇਕਰ ਕੋਈ ਲੜਕੀ ਗਰਭਵਤੀ ਹੋਈ ਤਾਂ ਉਨ੍ਹਾਂ ਵੀ ਗਾਇਬ ਕਰ ਦਿੱਤਾ ਜਾਂਦਾ ਸੀ।

ਭਿਆਨਕ ਤੂਫ਼ਾਨ ‘ਮਾਰਿਆ’ ਪਿਊਰਟੋ ਰਿਕੋ ਨਾਲ ਟਕਰਾਇਆ, 9 ਮੌਤਾਂ

ਸੈਨ ਜੁਆਨ-ਭਿਆਨਕ ਤੂਫ਼ਾਨ ‘ਮਾਰਿਆ’ ਬੁਧਵਾਰ ਨੂੰ ਪਿਊਰਟੋ ਰਿਕੋ ਨਾਲ ਟਕਰਾਇਆ। ਅਮਰੀਕੀ ਮਹਾਦੀਪ ਵਿਚ ਪਿਛਲੇ 90 ਸਾਲਾਂ ਦਾ ਇਹ ਸਭ ਤੋਂ ਭਿਆਨਕ ਤੂਫਾਨ ਦੱਸਿਆ ਜਾ ਰਿਹਾ ਹੈ।ਇਸ ਕੈਰੇਬਿਆਈ ਟਾਪੂ ਵਿਚ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਤੂਫਾਨ ਦੇ ਕਾਰਨ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ ਚੌਥੀ ਸ਼੍ਰੇਣੀ ਦੇ ਇਸ ਤੂਫਾਨ ਦੇ ਕਾਰਨ ਹੋਈ ਭਿਆਨਕ ਬਾਰਸ਼ ਤੋਂ ਬਾਅਦ ਕਾਫੀ ਨੁਕਸਾਨ ਹੋਇਆ ਹੈ। ਸੜਕਾਂ ‘ਤੇ ਮਲਬੇ ਦੇ ਢੇਰ ਹਨ। ਕਈ ਹਸਪਤਾਲਾਂ ਸਮੇਤ ਘਰ ਅਤੇ ਇਮਾਰਤਾਂ ਨੁਕਸਾਨੀ ਗਈਆਂ ਹਨ। ਪੂਰੇ ਟਾਪੂ ਦੀ ਬਿਜਲੀ ਗੁੱਲ ਹੈ। ਤੇਜ਼ ਹਵਾਵਾਂ ਦੇ ਕਾਰਨ ਦਰੱਖਤ ਡਿੱਗ ਗਏ ਹਨ। ਹਜ਼ਾਰਾਂ ਲੋਕ ਸੁਰੱਖਿਆ ਟਿਕਾਣਿਆਂ ਦੀ ਭਾਲ ਵਿਚ ਹਨ। ਹਾਲਾਂਕਿ ਪਿਊਰਟੋ ਰਿਕੋ ਦੇ ਗਵਰਨਰ ਰੋਸੇਲੋ ਨੇ ਬੁਧਵਾਰ ਨੂੰ ਟਵੀਟ ਕਰਕੇ ਦੇਸ਼ ਦੀ ਜਨਤਾ ਨਾਲ ਹਮਦਰਦੀ ਜਤਾਈ। ਉਨ੍ਹਾਂ ਨੇ ਟਵੀਟ ਕੀਤਾ ਕਿ ਭਗਵਾਨ ਸਾਡੇ ਨਾਲ ਹੈ। ਅਸੀਂ ਕਿਸੇ ਵੀ ਤੂਫਾਨ ਤੋਂ ਜ਼ਿਆਦਾ ਤਾਕਤਵਰ ਹਾਂ। ਅਮਰੀਕਾ ਦੇ ਰਾਸ਼ਟਰੀ ਤੂਫਾਨ ਕੇਂਦਰ ਨੇ ਦੱਸਿਆ ਕਿ ਮਾਰਿਆ ਦੇ ਚਲਦਿਆਂ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ। ਮਾਰਿਆ ਸਥਾਨਕ ਸਮੇਂ ਅਨੁਸਾਰ ਸਵੇਰੇ ਕਰੀਬ ਸਵਾ ਛੇ ਵਜੇ ਪਿਊਰਟੋ ਰਿਕੋ ਦੇ ਯਾਬੂਕੋਆ ਨਾਲ ਟਕਰਾਇਆ।

ਸਾਊਦੀ ਅਰਬ ਨੇ ਫੌਜ ਸਹਿਯੋਗ ਸਮਝੌਤੇ ‘ਤੇ ਕੀਤੇ ਦਸਤਖ਼ਤ

ਰਿਆਦ-ਕਤਰ ਦੇ ਬਰਤਾਨੀਆ ਤੋਂ ਲੜਾਕੂ ਜਹਾਜ਼ ਖਰੀਦਣ ਦੇ ਸੌਦੇ ‘ਤੇ ਦਸਤਖ਼ਤਾ ਤੋਂ ਦੋ ਦਿਨਾਂ ਬਾਅਦ ਸਾਊਦੀ ਅਰਬ ਅਤੇ ਬਰਤਾਨੀਆ ਨੇ ਫੌਜ ਸਹਿਯੋਗ ਲਈ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ। ਸਾਊਦੀ ਪ੍ਰੈਸ ਏਜੰਸੀ ਨੇ ਸਮਝੌਤੇ ਦੀਆਂ ਜਾਣਕਾਰੀਆਂ ਦਾ ਖੁਲਾਸਾ ਕੀਤੇ ਬਿਨਾਂ ਦੱਸਿਆ ਕਿ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਜੇਦਾਹ ‘ਚ ਬਰਤਾਨੀਆ ਦੇ ਰੱਖਿਆ ਮੰਤਰੀ ਮਾਇਕਲ ਫੈਲੋਲ ਨਾਲ ਸੁਰੱਖਿਆ ਸਬੰਧਾਂ ‘ਤੇ ਚਰਚਾ ਕੀਤੀ। ਐਸਪੀਏ ਨੇ ਕਿਹਾ, ਮੁਲਾਕਾਤ ਦੌਰਾਨ ਉਨਾਂ ਨੇ ਦੁਵੱਲੇ ਸਬੰਧਾਂ ਖਾਸ ਤੌਰ ‘ਤੇ ਰੱਖਿਆ ਖੇਤਰ ‘ਚ ਸਾਂਝੇ ਸਹਿਯੋਗ ਦੀ ਸਮੀਖਿਆ ਕੀਤੀ। ਉਨਾਂ ਨੇ ਅੱਤਵਾਦ ਨਾਲ ਲੜਨ ਦੇ ਯਤਨਾਂ ‘ਤੇ ਵੀ ਚਰਚਾ ਕੀਤੀ। ਇਹ ਸਮਝੌਤਾ ਅਜਿਹੇ ਸਮੇਂ ‘ਚ ਹੋ ਰਿਹਾ ਹੈ, ਜਦੋਂ ਯੂਰਪੀ ਸੰਘ ਤੋਂ ਕੱਢੇ ਫੈਸਲੇ ਬਾਅਦ ਬਰਤਾਨੀਆ ਊਰਜਾ ਸਰੋਤਾਂ ਨਾਲ ਭਰਪੂਰ ਖਾੜੀ ਦੇਸ਼ਾਂ ਨਾਲ ਯੂਰਪ ਦੇ ਬਾਹਰ ਵਪਾਰ ਸੌਦੇ ਕਰਨ ਦੀਆਂ ਸੰਭਾਵਨਾਵਾਂ ਭਾਲ ਰਿਹਾ ਹੈ।

ਉਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗੇ : ਟਰੰਪ

ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਅਪਣੇ ਪਹਿਲੇ ਸੰਬੋਧਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਜਾਂ ਇਸ ਦੇ ਸਹਿਯੋਗੀਆਂ ਉਤੇ ਹਮਲਾ ਹੁੰਦਾ ਹੈ ਤਾਂ ‘ਸਾਡੇ ਕੋਲ ਉੱਤਰੀ ਕੋਰੀਆ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਸਿਵਾ ਹੋਰ ਕੋਈ ਬਦਲ ਨਹੀਂ ਬਚੇਗਾ।’
ਟਰੰਪ ਨੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਦੇਸ਼ ਅਪਣੇ ਪ੍ਰਮਾਣੂ ਪ੍ਰੋਗਰਾਮ ਕਰ ਕੇ ‘ਪੂਰੀ ਦੁਨੀਆਂ ਦਾ ਨਾ ਸੋਚੇ ਜਾ ਸਕਣ ਵਾਲਾ ਨੁਕਸਾਨ’ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਸਾਰੇ ਚੰਗੇ ਲੋਕ ਕੁੱਝ ਬੁਰੇ ਲੋਕਾਂ ਦਾ ਸਾਹਮਣਾ ਨਹੀਂ ਕਰਨਗੇ ਤਾਂ ਉਹ ਤਾਕਤਵਰ ਬਣਦੇ ਜਾਣਗੇ। ਟਰੰਪ ਨੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਜੇਕਰ ਉੱਤਰੀ ਕੋਰੀਆ ਨੂੰ ਮਿਜ਼ਾਈਲ ਅਤੇ ਪ੍ਰਮਾਣੂ ਹਥਿਆਰ ਮਿਲ ਜਾਣਗੇ ਤਾਂ ਇਹ ਪੂਰੀ ਦੁਨੀਆਂ ਲਈ ਬੁਰਾ ਸੰਕੇਤ ਹੋਵੇਗਾ। ਉਨ੍ਹਾਂ ਉੱਤਰੀ ਕੋਰੀਆ ਨੂੰ ‘ਅਪਰਾਧੀਆਂ ਦਾ ਟੋਲਾ’ ਦਸਿਆ ਅਤੇ ਕਿਹਾ ਕਿ ਇਹ ਦੇਸ਼ ਖ਼ੁਦਕੁਸ਼ੀ ਮਿਸ਼ਨ ਉਤੇ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਕਿਮ ਜੋਂਗ ਨੇ ਅਪਣੇ ਦੇਸ਼ ਦੇ ਲੋਕਾਂ ਨੂੰ ਭੁੱਖਮਰੀ ਦਾ ਸ਼ਿਕਾਰ ਬਣਾ ਦਿਤਾ ਹੈ, ਅਮਰੀਕੀ ਵਿਦਿਆਰਥੀ ਉਤੇ ਤਸ਼ੱਦਦ ਕੀਤੇ ਗਏ ਜੋ ਕਿ ਕੋਮਾ ਦਾ ਸ਼ਿਕਾਰ ਹੋ ਕੇ ਘਰ ਪਰਤਿਆ ਅਤੇ ਇਥੋਂ ਤਕ ਕਿ ਉਸ ਨੇ ਅਪਣੇ ਵੱਡੇ ਭਰਾ ਦਾ ਜ਼ਹਿਰੀਲੇ ਰਸਾਇਣਾਂ ਨਾਲ ਕਤਲ ਕਰਵਾ ਦਿਤਾ।
ਉਨ੍ਹਾਂ ਨੇ ਰੂਸ ਅਤੇ ਚੀਨ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਉੱਤਰੀ ਕੋਰੀਆ ਵਿਰੁਧ ਸੰਯੁਕਤ ਰਾਸ਼ਟਰ ਵਲੋਂ ਲਾਈਆਂ ਪਾਬੰਦੀਆਂ ਦੇ ਮੁੱਦੇ ‘ਤੇ ਅਪਣਾ ਸਮਰਥਨ ਦਿਤਾ। ਹਾਲਾਂਕਿ ਉਨ੍ਹਾਂ ਅਸਿੱਧੇ ਰੂਪ ‘ਚ ਦੋਹਾਂ ਦੇਸ਼ਾਂ ਵਲੋਂ ਕਿਮ ਨਾਲ ਕਾਰੋਬਾਰੀ ਜਾਰੀ ਰੱਖਣ ਉਤੇ ਤੰਜ ਵੀ ਕਸਿਆ। ਟਰੰਪ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਮਰੀਕਾ ਇਕੱਲਾ ਹੀ ਕਾਰਵਾਈ ਕਰ ਸਕਦਾ ਹੈ।

ਸਿਡਨੀ ਕਾਰ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਸਿਡਨੀ-ਇੱਥੇ ਉੱਤਰ-ਪੱਛਮੀ ਖੇਤਰ ਵਿੱਚ ਹੋਏ ਕਾਰ ਹਾਦਸੇ ਵਿੱਚ ਪੰਜਾਬੀ ਨੌਜਵਾਨ ਮਲਕੀਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਨਵਨੀਤ ਸਿੰਘ ਨਾਂ ਦਾ ਨੌਜਵਾਨ ਗੰਭੀਰ ਜ਼ਖ਼ਮੀ ਹੋਇਆ। ਜ਼ਖ਼ਮੀ ਨੂੰ ਵੈਸਟਮੀਡ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਾਰ ਡਰਾਈਵਰ ਕ੍ਰਾਂਤਿਕ ਸਿੰਘ (19) ਸਾਲਾ ਗੰਭੀਰ ਸੱਟ ਤੋਂ ਬਚ ਗਿਆ ਅਤੇ ਉਸ ਨੂੰ ਜ਼ਰੂਰੀ ਜਾਂਚ ਲਈ ਹਸਪਤਾਲ ਲਿਆਂਦਾ ਗਿਆ। ਇਹ ਤਿੰਨੇ ਔਡੀ ਕਾਰ ਵਿੱਚ ਸਵਾਰ ਸਨ। ਇਸ ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੰਡਨਡੇਰੀ ਸਬ-ਅਰਬ ਵਿੱਚ ਸੜਕ ਕੰਢੇ ਬਿਜਲੀ ਦੇ ਖੰਭੇ ਨਾਲ ਹੋਈ ਅਤੇ ਕਾਰ ਦੇ ਦੋ ਹਿੱਸੇ ਹੋ ਗਏ। ਮ੍ਰਿਤਕ ਮਲਕੀਤ ਸਿੰਘ ਕਾਰ ਦੀ ਸਾਹਮਣੇ ਵਾਲੀ ਸੀਟ ਉੱਤੇ ਬੈਠਾ ਸੀ। ਉਹ ਕੁਝ ਮਹੀਨੇ ਪਹਿਲਾਂ ਹੀ ਅਕਾਊਂਟੈਂਟ ਦੀ ਪੜ੍ਹਾਈ ਲਈ ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਆਇਆ ਸੀ। ਇਹ ਹਾਦਸਾ ਐਤਵਾਰ ਰਾਤੀਂ ਵਾਪਰਿਆ। ਪੁਲੀਸ ਪ੍ਰਸ਼ਾਸਨ ਨੇ ਘਟਨਾ ਬਾਰੇ ਦੱਸਿਆ ਕਿ ਕਾਰ ਡਰਾਈਵਰ ਕ੍ਰਾਂਤਿਕ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਸ ਨੂੰ ਗ੍ਰਿਫ਼ਤਾਰ ਕਰ ਕੇ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਹੈ। ਉਹ ਹੁਣ 12 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ।