Home / Author Archives: editor (page 4)

Author Archives: editor

ਪੰਥ ’ਚੋਂ ਛੇਕਿਆਂ ਨਾਲ ਮਿਲਵਰਤਣ ਰੱਖਣਾ ਅਕਾਲ ਤਖ਼ਤ ਦੀ ਉਲੰਘਣਾ

ਅੰਮ੍ਰਿਤਸਰ-ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਹਦਾਇਤ ਕੀਤੀ ਹੈ ਕਿ ਪੰਥ ਵਿਚੋਂ ਛੇਕੇ ਵਿਅਕਤੀਆਂ ਸੁੱਚਾ ਸਿੰਘ ਲੰਗਾਹ, ਹਰਨੇਕ ਸਿੰਘ ਨਿਊਜ਼ੀਲੈਂਡ ਤੇ ਅਜਿਹੇ ਹੋਰਨਾਂ ਵਿਅਕਤੀਆਂ ਨਾਲ ਮਿਲਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਅਜਿਹਾ ਨਾ ਕਰਨਾ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਹੈ। ਉਨ੍ਹਾਂ ਇਸ ਮਾਮਲੇ ਵਿਚ ਇਕ ਢਾਡੀ ਜਥੇ ਨੂੰ ਦਸ ਦਿਨਾਂ ਵਿਚ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ। ਅੱਜ ਇੱਥੇ ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਮੰਗ ਪੱਤਰ ਦਿੱਤਾ। ਮੰਗ ਪੱਤਰ ’ਤੇ ਤੁਰੰਤ ਕਾਰਵਾਈ ਕਰਦਿਆਂ ਜਥੇਦਾਰ ਨੇ ਇਹ ਹਦਾਇਤ ਜਾਰੀ ਕੀਤੀ। ਢਾਡੀ ਜਥੇ ਖੜਕ ਸਿੰਘ ਪਠਾਨਕੋਟ ਨੂੰ ਦਸ ਦਿਨਾਂ ਵਿਚ ਸਪੱਸ਼ਟੀਕਰਨ ਦੇਣ ਦੀ ਵੀ ਹਦਾਇਤ ਕੀਤੀ ਗਈ ਹੈ। ਜਥੇ ’ਤੇ ਦੋਸ਼ ਹੈ ਕਿ ਕਿ ਉਸ ਨੇ ਛੇਕੇ ਹੋਏ ਵਿਅਕਤੀ ਨੂੰ ਪੰਥ ਦੀ ਮਹਾਨ ਸ਼ਖ਼ਸੀਅਤ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਜਥੇਦਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਹਰਿਆਣਾ ਦੇ ਸਾਬਕਾ ਵਿਧਾਇਕ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਖ਼ਿਲਾਫ਼ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਕਰਵਾਏ। ਨਿਸ਼ਾਨ ਸਿੰਘ ’ਤੇ ਡੇਰਾ ਸਿਰਸਾ ਪੈਰੋਕਾਰਾਂ ਦੇ ਇਕ ਸਮਾਗਮ ਜੋ ਕਿ ਟੋਹਾਣਾ (ਫਤਿਹਾਬਾਦ) ’ਚ ਹੋਇਆ ਸੀ, ਵਿਚ ਸੰਬੋਧਨ ਦੌਰਾਨ ਗੁਰੂ ਗੋਬਿੰਦ ਸਿੰਘ ਦੀ ਤੁਲਨਾ ਡੇਰਾ ਮੁਖੀ ਨਾਲ ਕਰ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਲੋਕਾਂ ਨੇ ਕੁਝ ਸਮਾਗਮਾਂ ਵਿਚ ਲੰਗਾਹ ਵਲੋਂ ਸ਼ਿਰਕਤ ਕੀਤੇ ਜਾਣ ਦੇ ਹਵਾਲੇ ਵੀ ਮੰਗ ਪੱਤਰ ਵਿਚ ਦਰਜ ਕੀਤੇ ਹਨ ਤੇ ਖਬਰਾਂ ਨੱਥੀ ਕੀਤੀਆਂ ਹਨ।

ਚੋਣਾਂ ‘ਚ ਖੜ੍ਹੇ ਇਸ ਕਾਂਗਰਸੀ ਉਮੀਦਵਾਰ ਕੋਲ 16 ਲੱਖ ਦੀਆਂ ਘੜੀਆਂ

ਚੰਡੀਗੜ੍ਹ- ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਢਿੱਲੋਂ ਨੇ ਹਲਫ਼ਨਾਮੇ ‘ਚ ਆਪਣੀ ਪੂਰੀ ਜਾਇਦਾਦ ਦਾ ਬਿਓਰਾ ਦਿੱਤਾ ਹੈ। ਬਿਓਰੇ ਮੁਤਾਬਕ ਕਾਂਗਰਸੀ ਆਗੂ ਕੋਲ ਕੁੱਲ 16 ਲੱਖ ਦੀਆਂ ਘੜੀਆਂ ਹਨ। ਇਸ ਤੋਂ ਇਲਾਵਾ ਕੇਵਲ ਢਿੱਲੋਂ 23 ਲੱਖ ਰੁਪਏ ਦੀ ਲੈਕਸਸ ਗੱਡੀ ਦੇ ਮਾਲਕ ਹਨ। ਉਨ੍ਹਾਂ ਕੋਲ 3.82 ਲੱਖ ਰੁਪਏ ਦੇ ਹੀਰੇ ਤੇ 62 ਲੱਖ ਰੁਪਏ ਦਾ ਸੋਨਾ ਹੈ। ਕੇਵਲ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਕੋਲ 4352 ਗਰਾਮ ਯਾਨੀ 1.40 ਕਰੋੜ ਰੁਪਏ ਦਾ ਸੋਨਾ ਹੈ ਤੇ 68.96 ਲੱਖ ਰੁਪਏ ਦੇ ਹੀਰੇ ਹਨ।
ਕੇਵਲ ਸਿੰਘ ਢਿੱਲੋਂ ਕੋਲ ਕਿਸੇ ਤਰ੍ਹਾਂ ਦੀ ਖੇਤੀਬਾੜੀ ਜ਼ਮੀਨ ਨਹੀਂ ਹੈ, ਪਰ ਉਹ 30 ਕਰੋੜ ਦੀ ਜਾਇਦਾਦ ਦੇ ਮਾਲਕ ਵੀ ਹਨ। ਹਾਲਾਂਕਿ ਜਾਇਦਾਦ ਦੇ ਮਾਮਲੇ ‘ਚ ਕੇਵਲ ਸਿੰਘ ਢਿੱਲੋਂ ਦੀ ਪਤਨੀ ਉਨ੍ਹਾਂ ਤੋਂ ਕਿਤੇ ਵੱਧ ਹਨ। ਚੰਡੀਗੜ੍ਹ, ਗੁੜਗਾਓਂ, ਦਿੱਲੀ ਤੇ ਸਪੇਨ ‘ਚ ਉਨ੍ਹਾਂ ਦੀ ਪਤਨੀ ਦੇ ਨਾਂ ‘ਤੇ ਫਲੈਟ ਮੌਜੂਦ ਹਨ ਤੇ ਇਨ੍ਹਾਂ ਦੀ ਕੀਮਤ 50.46 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਢਿੱਲੋਂ ਦੀ ਪਤਨੀ ਮਨਜੀਤ ਢਿੱਲੋਂ ਚਾਰ ਏਕੜ ਜ਼ਮੀਨ ਦੀ ਮਾਲਕਣ ਹੈ। ਇਸ ਜ਼ਮੀਨ ਦੀ ਕੁੱਲ ਕੀਮਤ 50 ਲੱਖ ਰੁਪਏ ਹੈ। ਇਸ ਤੋਂ ਇਲਾਵਾ 10 ਲੱਖ ਰੁਪਏ ਦਾ ਗਮਾਡਾ ਦਾ ਇੱਕ ਪਲਾਟ ਵੀ ਹੈ। ਜੇਕਰ ਖਾਤਿਆਂ ਦੀ ਗੱਲ ਕੀਤੀ ਜਾਵੇ ਤਾਂ ਬਿਓਰੇ ਮੁਤਾਬਕ ਢਿੱਲੋਂ ਦੇ 6 ਬੈਂਕ ਖਾਤੇ ਨੇ ਤੇ ਜਿਨ੍ਹਾਂ ‘ਚੋਂ ਪੰਜ ‘ਚ 2.82 ਹਜਾਰ ਤੇ ਇੱਕ ਖਾਤੇ ‘ਚ 20.27 ਲੱਖ ਰੁਪਏ ਹਨ। ਜੇ ਉਨ੍ਹਾਂ ਦੀ ਪਤਨੀ ਮਨਜੀਤ ਢਿੱਲੋਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਵੀ ਪੰਜ ਬੈਂਕਾਂ ‘ਚ ਵੱਖ-ਵੱਖ ਖ਼ਾਤੇ ਹਨ, ਜਿਨ੍ਹਾਂ ਚੋਂ 4 ‘ਚ 93 ਲੱਖ 16 ਹਜ਼ਾਰ ‘ਤੇ ਇੱਕ ‘ਚ 10 ਕਰੋੜ 31 ਲੱਖ ਰੁਪਏ ਹਨ।

ਪੰਜਾਬੀ ਕਬੱਡੀ ਖਿਡਾਰੀ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕੀਤੀ ਖੁਦਕੁਸ਼ੀ

ਸ੍ਰੀ ਮੁਕਤਸਰ ਸਾਹਿਬ-ਪਿੰਡ ਲੰਡੇ ਰੋਡੇ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਰਾਤ ਵੇਲੇ ਇੱਕ ਕਬੱਡੀ ਖਿਡਾਰੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਵਲੋਂ ਇਸ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਗਿਆ। ਮ੍ਰਿਤਕ ਦੀ ਪਛਾਣ ਪਿੰਡ ਲੰਡੇ ਰੋਡੇ ਵਾਸੀ 35 ਸਾਲਾ ਹਰਦੀਪ ਸਿੰਘ ਪੁੱਤਰ ਚੰਦ ਸਿੰਘ ਵਜੋਂ ਹੋਈ, ਜੋ ਕਿ ਨਾਮਵਰ ਕਬੱਡੀ ਖਿਡਾਰੀ ਸੀ। ਉਸ ਦੇ ਮਾਪਿਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ, ਜਿਸ ਦੇ ਦੋ ਬੱਚੇ ਹਨ। ਉਕਤ ਨੌਜਵਾਨ ਛੋਟਾ ਕਿਸਾਨ ਸੀ ਅਤੇ ਘਰ ਦਾ ਗੁਜ਼ਾਰਾ ਖੇਤੀ ਕਰ ਕੇ ਹੀ ਚਲਾਉਂਦਾ ਸੀ ਪਿਛਲੇ ਕੁਝ ਸਮੇਂ ਤੋਂ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਚਲ ਰਿਹਾ ਸੀ ਤੇ ਇਸੇ ਪ੍ਰੇਸ਼ਾਨੀ ਕਾਰਨ ਉਸ ਨੇ ਮੰਗਲਵਾਰ ਰਾਤ ਅਪਣੇ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਬਾਰੇ ਪਰਵਾਰ ਨੂੰ ਸਵੇਰੇ ਪਤਾ ਲੱਗਾ। ਪਰਵਾਰ ਵਾਲਿਆਂ ਵਲੋਂ ਪੁਲਿਸ ਕਾਰਵਾਈ ਕਰਾਉਣ ਤੋਂ ਇਨਕਾਰ ਕਰਦਿਆਂ ਉਸ ਦਾ ਸਸਕਾਰ ਕਰ ਦਿੱਤਾ ਗਿਆ।

ਸੰਨੀ ਦਿਓਲ 29 ਨੂੰ ਭਰਨਗੇ ਪਰਚਾ

ਚੰਡੀਗੜ੍ਹ-ਬਾਲੀਵੁੱਡ ਸਟਾਰ ਸੰਨੀ ਦਿਓਲ 29 ਅਪਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਸੰਨੀ ਬੀਤੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਸੀ ਤੇ ਸ਼ਾਮ ਨੂੰ ਪਾਰਟੀ ਨੇ ਉਨ੍ਹਾਂ ਨੂੰ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਸੀ।
29 ਅਪਰੈਲ ਪੰਜਾਬ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਆਖਰੀ ਦਿਨ ਹੈ ਅਤੇ ਅਗਲੇ ਦਿਨ ਉਮੀਦਵਾਰਾਂ ਦੇ ਕਾਗ਼ਜ਼ਾਂ ਦੀ ਜਾਂਚ ਕੀਤੀ ਜਾਵੇਗੀ। ਸੰਨੀ ਦਿਓਲ ਦੀ ਇਹ ਪਹਿਲੀ ਚੋਣ ਹੈ, ਹਾਲਾਂਕਿ ਇਸ ਤੋਂ ਪਹਿਲਾਂ ਉਹ ਅਕਾਲੀ ਦਲ ਲਈ ਚੋਣ ਪ੍ਰਚਾਰ ਆਦਿ ਵਿੱਚ ਹਿੱਸਾ ਲੈ ਚੁੱਕੇ ਹਨ। ਦੇਖਣਾ ਹੋਵੇਗਾ ਕਿ ਕੀ ਉਨ੍ਹਾਂ ਦੀ ਫ਼ਿਲਮੀ ਪ੍ਰਸਿੱਧੀ ਕਾਂਗਰਸ ਦੇ ਸੁਨੀਲ ਜਾਖੜ ‘ਤੇ ਕਿੰਨੀ ਕੁ ਭਾਰੀ ਪੈਂਦੀ ਹੈ।

ਹਾਰ ਵੇਖ ਈਵੀਐਮ ਸਿਰ ਠੀਕਰਾ ਭੰਨਣ ਲੱਗੇ ਵਿਰੋਧੀ: ਮੋਦੀ

ਲੋਹਾਰਡੱਗਾ (ਝਾਰਖੰਡ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਲੋਕ ਜਦੋਂ ਚੌਕੀਦਾਰ ਨੂੰ ਇੰਨਾ ਪਿਆਰ ਦੇਣਗੇ ਤਾਂ ਵਿਚਾਰੀ ਈਵੀਐਮ ਨੂੰ ਖਮਿਆਜ਼ਾ ਤਾਂ ਭੁਗਤਣਾ ਹੀ ਪਏਗਾ। ਉਨ੍ਹਾਂ ਕਿਹਾ ਕਿ ਤੀਜੇ ਗੇੜ ਦੀ ਵੋਟਿੰਗ ਮਗਰੋਂ ਵਿਰੋਧੀ ਖੇਮਾ ਆਪਣੀ ਹਾਰ ਨੂੰ ਯਕੀਨੀ ਵੇਖ ਕੇ ਈਵੀਐਮ ਸਿਰ ਠੀਕਰਾ ਭੰਨਣ ਦੀ ਤਿਆਰੀ ਕਰੀ ਬੈਠਾ ਹੈ। ਉਨ੍ਹਾਂ ਜਨਤਾ ਨੂੰ ਕਿਹਾ ਕਿ ਉਹ ਹਰ ਗਲੀ-ਮੁਹੱਲੇ ਵਿੱਚ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਸੰਜੋਈ ਬੈਠੇ ਲੋਕਾਂ ਤੋਂ ਚੌਕਸ ਰਹਿਣ। ਪ੍ਰਧਾਨ ਮੰਤਰੀ ਇਥੇ ਲੋਹਾਰਡੱਗਾ ਸੰਸਦੀ ਹਲਕੇ ਵਿੱਚ ਕੇਂਦਰੀ ਆਦਿਵਾਸੀ ਭਲਾਈ ਰਾਜ ਮੰਤਰੀ ਸੁਦਰਸ਼ਨ ਭਗਤ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੱਖੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਜੇ ਦੌਰ ਦੀ ਪੋਲਿੰਗ ਮਗਰੋਂ ਜਦੋਂ ਵਿਰੋਧੀ ਪਾਰਟੀਆਂ ਨੂੰ ਆਪਣੀ ਹਾਰ ਯਕੀਨੀ ਲੱਗਣ ਲੱਗੀ ਹੈ ਤਾਂ ਉਹ ਬਹਾਨੇ ਲੱਭਣ ਲੱਗੇ ਹਨ। ਵਿਰੋਧੀ ਖੇਮੇ ਨੇ ਈਵੀਐਮ ਸਿਰ ਭਾਂਡਾ ਭੰਨਣ ਦੀ ਤਿਆਰੀ ਕੱਸ ਲਈ ਹੈ। ਉਨ੍ਹਾਂ ਕਿਹਾ, ‘ਜਨਤਾ ਜਦੋਂ ਚੌਕੀਦਾਰ ਨੂੰ ਇੰਨਾ ਪਿਆਰ ਦੇਵੇਗੀ ਤਾਂ ਵਿਚਾਰੀ ਈਵੀਐਮ ਨੂੰ ਖਮਿਆਜ਼ਾ ਭੁਗਤਣਾ ਹੀ ਪਏਗੀ। ਗਾਲ੍ਹਾਂ ਵਿਚਾਰੀ ਈਵੀਐਮ ਨੂੰ ਸੁਣਨੀਆਂ ਪੈ ਰਹੀਆਂ ਹਨ।’ ਉਨ੍ਹਾਂ ਕਿਹਾ, ‘ਜਿਹੜੇ ਲੋਕ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੇਖਦੇ ਸਨ, ਉਹ ਅੱਜ ਆਪਣੇ ਲੋਕ ਸਭਾ ਖੇਤਰ ਦੀ ਵਿਧਾਨ ਸਭਾਵਾਂ ਵਿੱਚ ਵੀ ਜਿੱਤਣ ’ਚ ਨਾਕਾਮ ਹਨ।’ ਸ੍ਰੀ ਮੋਦੀ ਨੇ ਇਕ ਵਾਰ ਮੁੜ ਬਹੁਮਤ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਹੁਮਤ ਵਾਲੀ ਸਰਕਾਰ ਦੇ ਸਿਰ ’ਤੇ ਹੀ ਪਿਛਲੇ ਪੰਜ ਸਾਲਾਂ ਵਿੱਚ ਦੇਸ਼ ’ਚ ਨਕਸਲਵਾਦ ਤੇ ਅਤਿਵਾਦ ਨੂੰ ਠੱਲ੍ਹ ਪਾਈ ਜਾ ਸਕੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਪਾਕਿਸਤਾਨ ਨੂੰ ਉਹਦੀ ਭਾਸ਼ਾ ਵਿੱਚ ਜਵਾਬ ਤੁਹਾਡਾ ਇਹ ਚੌਕੀਦਾਰ ਹੀ ਦੇ ਸਕਦਾ ਹੈ।’ ਸ੍ਰੀ ਮੋਦੀ ਨੇ ਕਰਨਾਟਕ ਸਰਕਾਰ ਤੇ ਹੋਰਨਾਂ ਪਾਰਟੀਆਂ ਨੂੰ ਵੀ ਟਕੋਰਾਂ ਲਾਈਆਂ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੁਨਬਾਪ੍ਰਸਤੀ ਭਾਰੂ ਹੈ।

ਵੱਡੀ ਸਾਜ਼ਿਸ਼ ਦਾ ਪਤਾ ਲਾਉਣ ਲਈ ਜੜ੍ਹ ਤਕ ਜਾਵਾਂਗੇ: ਸੁਪਰੀਮ ਕੋਰਟ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਕਿਹਾ ਕਿ ਉਹ ਭਾਰਤ ਦੇ ਚੀਫ ਜਸਟਿਸ (ਸੀਜੇਆਈ) ਰੰਜਨ ਗੋਗੋਈ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਬਤ ਇਕ ਵਕੀਲ ਵੱਲੋਂ ਕੀਤੇ ਸਨਸਨੀਖੇਜ਼ ਦਾਅਵਿਆਂ ਦੀ ਜੜ੍ਹ ਤਕ ਜਾ ਕੇ ਰਹੇਗੀ। ਵਕੀਲ ਉਤਸਵ ਸਿੰਘ ਬੈਂਸ ਨੇ ਦਾਅਵਾ ਕੀਤਾ ਸੀ ਕਿ ਜਿਨਸੀ ਸ਼ੋਸ਼ਣ ਦੇ ਦੋਸ਼ ਸੀਜੇਆਈ ਨੂੰ ਫਸਾਉਣ ਦੀ ਵਡੇਰੀ ਸਾਜ਼ਿਸ਼ ਹੈ ਦਾ ਹਿੱਸਾ ਹਨ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਦਾਅਵਿਆਂ ਮੁਤਾਬਕ ਜੇਕਰ ਗੰਢ-ਤੁਪ ਕਰਨ ਵਾਲਿਆਂ ਨੇ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖਿਆ ਤੇ ਉਹ ਨਿਆਂਪਾਲਿਕਾ ਨੂੰ ਆਪਣੇ ਹਿੱਤਾਂ ਲਈ ਵਰਤਦੇ ਰਹੇ ਤਾਂ ਨਾ ਇਹ ਸੰਸਥਾ ਰਹੇਗੀ ਤੇ ਨਾ ਹੀ ‘ਅਸੀਂ’ ਬਚਾਂਗੇ। ਬੈਂਚ ਨੇ ਅਟਾਰਨੀ ਜਨਰਲ ਤੇ ਸੌਲਿਸਟਰ ਜਨਰਲ ਦੀ ਅਦਾਲਤੀ ਨਿਗਰਾਨੀ ’ਚ ਸਿਟ ਕੋਲੋਂ ਜਾਂਚ ਕਰਵਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਤਿੰਨ ਮੈਂਬਰੀ ਬੈਂਚ ਨੇ ਸੀਬੀਆਈ, ਆਈਬੀ ਤੇ ਦਿੱਲੀ ਪੁਲੀਸ ਦੇ ਮੁਖੀਆਂ ਨੂੰ ਤਲਬ ਕਰਕੇ ਚੈਂਬਰਾਂ ਵਿੱਚ ਨਿੱਜੀ ਮੁਲਾਕਾਤ ਵੀ ਕੀਤੀ।
ਬੈਂਚ ਵਿੱਚ ਸ਼ਾਮਲ ਜਸਟਿਸ ਆਰ.ਐਫ਼.ਨਰੀਮਨ ਤੇ ਦੀਪਕ ਗੁਪਤਾ ਨੇ ਬੈਂਸ ਨੂੰ ਭਲਕੇ ਵੀਰਵਾਰ ਸਵੇਰ ਤਕ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ ਹੈ। ਬੈਂਸ ਨੇ ਦਾਅਵਾ ਕੀਤਾ ਸੀ ਕਿ ਉਸ ਕੋਲ ‘ਕੁਝ ਹੋਰ ਸਬੂਤ ਹਨ, ਜੋ ਇਸ ਪੂਰੀ ਸ਼ਾਜ਼ਿਸ਼ ਤੋਂ ਪਰਦਾ ਚੁੱਕਣਗੇ।’ ਬੈਂਚ ਵੱਲੋਂ ਵੀਰਵਾਰ ਨੂੰ ਵੀ ਕੇਸ ਦੀ ਸੁਣਵਾਈ ਕੀਤੀ ਜਾਵੇਗੀ। ਬੈਂਚ ਨੇ ਕਿਹਾ, ‘ਅਸੀਂ ਗੰਢ-ਤੁਪ ਕਰਨ ਵਾਲਿਆਂ ਤੇ ਨਿਆਂਪਾਲਿਕਾ ਨੂੰ ਆਪਣੇ ਹਿਤਾਂ ਲਈ ਵਰਤਣ ਵਾਲਿਆਂ (ਜਿਵੇਂ ਕਿ ਦਾਅਵਾ ਕੀਤਾ ਗਿਆ ਹੈ) ਦੀ ਜਾਂਚ ਕਰਾਂਗੇ ਤੇ ਇਸ ਦੀ ਜੜ੍ਹ ਤਕ ਜਾਵਾਂਗੇ। ਜੇਕਰ ਉਹ ਬੇਰੋਕ ਆਪਣਾ ਕੰਮ ਕਰਦੇ ਰਹੇ ਤਾਂ ਸਾਡੇ ’ਚੋਂ ਕੋਈ ਨਹੀਂ ਬਚੇਗਾ….ਇਸ ਪ੍ਰਬੰਧ ਵਿੱਚ ਗੰਢ-ਤੁੱਪ ਕਰਨ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਅਸੀਂ ਇਹਦੀ ਜਾਂਚ ਕਰਾਂਗੇ ਤੇ ਇਸ ਨੂੰ ਤਰਕ ਪੂਰਨ ਖ਼ਾਤਮੇ ਤਕ ਲੈ ਕੇ ਜਾਵਾਂਗੇ।’ ਉਂਜ ਬੈਂਚ ਨੇ ਸਾਫ਼ ਕਰ ਦਿੱਤਾ ਕਿ ਬੈਂਸ ਵੱਲੋਂ ਵਡੇਰੀ ਸਾਜ਼ਿਸ਼ ਦੇ ਦਾਅਵਿਆਂ ’ਤੇ ਕੀਤੀ ਜਾ ਰਹੀ ਸੁਣਵਾਈ ਦਾ ਸੀਜੇਆਈ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਅੰਦਰੂਨੀ ਜਾਂਚ ਨਾਲ ਕੋਈ ਲਾਗਾ-ਦੇਗਾ ਨਹੀਂ ਹੈ।
ਇਸ ਤੋਂ ਪਹਿਲਾਂ ਅੱਜ ਸਿਖਰਲੀ ਅਦਾਲਤ ਨੇ ਸੀਬੀਆਈ, ਆਈਬੀ ਤੇ ਦਿੱਲੀ ਪੁਲੀਸ ਦੇ ਮੁਖੀਆਂ ਨੂੰ ਤਿੰਨ ਮੈਂਬਰੀ ਬੈਂਚ ਅੱਗੇ ਪੇਸ਼ ਹੋਣ ਲਈ ਕਿਹਾ। ਤਿੰਨੇ ਮੁਖੀ ਸੀਜੇਆਈ ਖਿਲਾਫ਼ ਵਡੇਰੀ ਸਾਜ਼ਿਸ਼ ਦੇ ਦਾਅਵੇ ’ਤੇ ਸੁਣਵਾਈ ਕਰ ਰਹੇ ਤਿੰਨ ਜੱਜਾਂ ਨੂੰ ਉਨ੍ਹਾਂ ਦੇ ਚੈਂਬਰਾਂ ਵਿੱਚ ਮਿਲੇ। ਬੈਂਚ ਨੇ ਕਿਹਾ ਕਿ ਇਹ ਪੂਰਾ ਮਾਮਲਾ ‘ਬਹੁਤ ਬੇਚੈਨ’ ਕਰਨ ਵਾਲਾ ਹੈ ਕਿਉਂਕਿ ਇਹ ਮੁਲਕ ਦੀ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਬੈਂਚ ਨੇ ਅਟਾਰਨੀ ਜਨਰਲ ਕੇ.ਕੇ.ਵੇਣੂਗੋਪਾਲ ਤੇ ਸੌਲਿਸਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਇਸ ਪੂਰੇ ਮਾਮਲੇ ਦੀ ਅਦਾਲਤੀ ਨਿਗਰਾਨੀ ’ਚ ਸਿੱਟ ਕੋਲੋਂ ਜਾਂਚ ਕਰਵਾਉਣ ਦੀ ਅਪੀਲ ਨੂੰ ਰੱਦ ਕਰ ਦਿੱਤਾ। ਬੈਂਚ ਨੇ ਕਿਹਾ, ‘ਇਹ ਕੋਈ ਜਾਂਚ ਨਹੀਂ ਹੈ। ਅਸੀਂ ਇਨ੍ਹਾਂ ਅਧਿਕਾਰੀਆਂ ਨੂੰ ਨਿੱਜੀ ਤੌਰ ’ਤੇ ਮਿਲ ਰਹੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ ਵੀ ਸਬੂਤ ਜੱਗ ਜ਼ਾਹਰ ਹੋਵੇ।’ ਤਿੰਨੇ ਅਧਿਕਾਰੀਆਂ ਨੂੰ ਮਿਲਣ ਮਗਰੋਂ ਬੈਂਚ ਸ਼ਾਮ ਤਿੰਨ ਵਜੇ ਮੁੜ ਜੁੜਿਆ ਤੇ ਕੇਸ ਦੀ ਸੁਣਵਾਈ ਕੀਤੀ।
ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੁਲਕ ਦੇ ਚੀਫ਼ ਜਸਟਿਸ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ’ਤੇ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਨਿਆਂਪਾਲਿਕਾ ‘ਸੰਕਟ’ ਵਿੱਚ ਹੈ, ਪਰ ਨਰਿੰਦਰ ਮੋਦੀ ਪੂਰੀ ਤਰ੍ਹਾਂ ਬੇਫ਼ਿਕਰ ਹਨ।

ਯਾਸਿਨ ਮਲਿਕ 24 ਮਈ ਤੱਕ ਨਿਆਇਕ ਹਿਰਾਸਤ ‘ਚ

ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਵੱਖ-ਵਾਦੀ ਨੇਤਾ ਯਾਸਿਨ ਮਲਿਕ ਨੂੰ 24 ਮਈ ਤੱਕ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਹੈ | ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਸੁਰੱਖਿਆ ਚਿੰਤਾਵਾਂ ਕਾਰਨ ਵੀਡੀਓ ਕਾਨਫਰੰਸਿੰਗ ਜ਼ਰੀਏ ਮਲਿਕ ਨੂੰ ਪੇਸ਼ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ ਅਤੇ ਅਦਾਲਤ ਨੇ ਇਸ ‘ਤੇ ਬਚਾਅ ਪੱਖ ਦੇ ਵਕੀਲ ਤੋਂ ਜਵਾਬ ਮੰਗਿਆ ਹੈ |

ਲੋਕ ਫ਼ਿਲਮੀ ਸਿਤਾਰਿਆਂ ਦੇ ਚਿਹਰੇ ਵੇਖ ਕੇ ਵੋਟ ਨਹੀਂ ਪਾਉਂਦੇ : ਜਾਖੜ

ਜਲੰਧਰ – ਭਾਜਪਾ ਵਲੋਂ ਫ਼ਿਲਮ ਅਦਾਕਾਰ ਸੰਨੀ ਦਿਓਲ ਨੂੰ ਪਾਰਟੀ ਵਿਚ ਸ਼ਾਮਲ ਕਰਨ ਤੇ ਗੁਰਦਾਸਪੁਰ ਤੋਂ ਚੋਣ ਮੈਦਾਨ ਵਿਚ ਉਤਾਰਨ ’ਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਕਹਿ ਰਹੇ ਹਨ ਕਿ ਉਨ੍ਹਾਂ ਨਰਿੰਦਰ ਮੋਦੀ ਨੂੰ ਕੇਂਦਰ ਵਿਚ 5 ਸਾਲ ਹੋਰ ਦੇਣ ਦੇ ਇਰਾਦੇ ਨਾਲ ਭਾਜਪਾ ਜੁਆਇਨ ਕੀਤੀ ਹੈ ਪਰ ਕੀ ਸੰਨੀ ਦਿਓਲ ’ਚ ਇੰਨੀ ਹਿੰਮਤ ਹੈ ਕਿ ਉਹ ਮੋਦੀ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਨੋਟਬੰਦੀ ਤੇ ਜੀਐਸਟੀ ਕਾਰਨ ਕਿਸਾਨਾਂ, ਵਪਾਰੀਆਂ, ਉਦਮੀਆਂ ਨੂੰ ਪਹੁੰਚੇ ਨੁਕਸਾਨ ਬਾਰੇ ਹਿਸਾਬ ਮੰਗ ਸਕਣ।
ਉਨ੍ਹਾਂ ਕਿਹਾ ਕਿ ਹੁਣ ਲੋਕਾਂ ਵਿਚ ਜਾਗਰੂਕਤਾ ਆ ਚੁੱਕੀ ਹੈ। ਲੋਕ ਫ਼ਿਲਮੀ ਸਿਤਾਰਿਆਂ ਦੇ ਚਿਹਰੇ ਵੇਖ ਕੇ ਵੋਟ ਨਹੀਂ ਪਾਉਂਦੇ। ਫ਼ਿਲਮੀ ਸਿਤਾਰਿਆਂ ਦਾ ਕੰਮ ਫ਼ਿਲਮਾਂ ਵਿਚ ਅਦਾਕਾਰੀ ਕਰਨਾ ਹੈ ਤੇ ਲੋਕਾਂ ਦਾ ਮੰਨੋਰੰਜਨ ਕਰਨਾ ਹੈ ਤੇ ਇਸ ਮਨੋਰੰਜਨ ਲਈ ਲੋਕਾਂ ਕੋਲੋਂ ਟਿਕਟ ਦੇ ਪੈਸੇ ਵਸੂਲੇ ਜਾਂਦੇ ਹਨ। ਅਜਿਹੇ ਫ਼ਿਲਮੀ ਸਿਤਾਰਿਆਂ ਤੋਂ ਲੋਕ ਕੀ ਉਮੀਦ ਕਰ ਸਕਦੇ ਹਨ? ਇਸ ਦੌਰਾਨ ਜਾਖੜ ਨੇ ਕਿਹਾ ਕਿ ਗੁਰਦਾਸਪੁਰ ਵਿਚ ਸਥਾਨਕ ਪੱਧਰ ’ਤੇ ਕੋਈ ਵੀ ਨੇਤਾ ਨਹੀਂ ਮਿਲ ਰਿਹਾ ਸੀ। ਅਜਿਹੀ ਹੀ ਹਾਲਤ ਅੰਮ੍ਰਿਤਸਰ ਵਿਚ ਵੀ ਬਣੀ ਹੋਈ ਸੀ।
ਦੋਵਾਂ ਥਾਵਾਂ ਤੋਂ ਪੰਜਾਬ ਤੋਂ ਬਾਹਰ ਦੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਗੁਰਦਾਸਪੁਰ ਦੇ ਲੋਕ ਫ਼ਿਲਮੀ ਅਦਾਕਾਰ ਤੋਂ ਇਹ ਸਵਾਲ ਪੁੱਛਣਗੇ ਕਿ ਪਿਛਲੇ 5 ਸਾਲਾਂ ਦੇ ਕਾਰਜਕਾਲ ਦੌਰਾਨ ਮੋਦੀ ਨੇ ਅਪਣੇ ਚੋਣ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਸਵਾਲ ਸੰਨੀ ਦਿਓਲ ਦੇ ਸਕਣਗੇ। ਜਾਖੜ ਨੇ ਕਿਹਾ ਕਿ ਗੁਰਦਾਸਪੁਰ ਨੂੰ ਕੋਈ ਵੀ ਯੋਗ ਤੇ ਸਥਾਨਕ ਨੇਤਾ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁਰਦਾਸਪੁਰ ਦੇ ਲੋਕਾਂ ਨੂੰ ਅਪਣੇ ਕੰਮ ਕਰਵਾਉਣੇ ਹੋਣਗੇ ਤਾਂ ਕੀ ਉਹ ਮੁੰਬਈ ਜਾਇਆ ਕਰਨਗੇ? ਕੀ ਸੰਨੀ ਦਿਓਲ ਦੱਸਣਗੇ ਕਿ ਆਮ ਲੋਕ ਉਨ੍ਹਾਂ ਨਾਲ ਕਿਸ ਸਥਾਨ ’ਤੇ ਮੁਲਾਕਾਤ ਕਰਕੇ ਅਪਣੇ ਮਸਲਿਆਂ ਜਾਂ ਵਿਕਾਸ ਬਾਰੇ ਗੱਲਬਾਤ ਕਰ ਸਕਣਗੇ?

ਪਟਿਆਲਾ ਵਿਚ ਨਾਬਾਲਗਾ ਨੂੰ ਅਗਵਾ ਕਰਕੇ ਜ਼ਿੰਦਾ ਸਾੜਿਆ, ਬਲਾਤਕਾਰ ਦਾ ਸ਼ੱਕ

ਪਾਤੜਾਂ-ਪਟਿਆਲਾ ਦੇ ਇੱਕ ਪਿੰਡ ਵਿਚ ਨਾਬਾਲਗ ਲੜਕੀ ਨੂੰ ਦੋ ਨੌਜਵਾਨਾਂ ਨੇ ਅਗਵਾ ਕਰਕੇ ਜ਼ਿੰਦਾ ਸਾੜ ਦਿੱਤਾ। ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਹੱਤਿਆ ਦਾ ਕੇਸ ਦਰਜ ਕੀਤਾ ਹੈ। ਘਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਬਲਾਤਕਾਰ ਕਰਕੇ ਉਸ ਨੂੰ ਜ਼ਿੰਦਾ ਸਾੜਿਆ ਗਿਆ। ਪੁਲਿਸ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ 15 ਸਾਲਾ ਧੀ ਬੁਟੀਕ ਦਾ ਕੰਮ ਕਰਦੀ ਸੀ। ਦੀਪੂ ਅਤੇ ਰਸ਼ਪਾਲ ਉਸ ਨੂੰ ਆਉਂਦੇ ਜਾਂਦੇ ਤੰਗ ਕਰਦੇ ਸੀ। ਲੜਕੀ ਨੇ ਇਸ ਹਰਕਤ ਬਾਰੇ ਘਰ ਦੱਸਿਆ। ਇਸ ‘ਤੇ ਉਨ੍ਹਾਂ ਕਈ ਵਾਰ ਚਿਤਾਵਨੀ ਦਿੱਤੀ। ਇਸ ਦਾ ਬਦਲਾ ਲੈਣ ਦੇ ਲਈ ਉਨ੍ਹਾਂ ਨੇ ਲੜਕੀ ਨੂੰ ਅਗਵਾ ਕਰ ਲਿਆ। ਦੇਰ ਸ਼ਾਮ ਤੱਕ ਜਦ ਉਹ ਘਰ ਨਹੀਂ ਪੁੱਜੀ ਤਾਂ ਘਰ ਵਾਲੇ ਥਾਣੇ ਵਿਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਾਉਣ ਪੁੱਜੇ। ਬੁਧਵਾਰ ਨੂੰ ਸ਼ਾਮ ਵੇਲੇ ਲੜਕੀ ਦੀ ਬੁਰੀ ਤਰ੍ਹਾਂ ਸੜੀ ਲਾਸ਼ ਮਿਲੀ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜਿਆ। ਵਾਰਦਾਤ ਤੋਂ ਬਾਅਦ ਪਿੰਡ ਵਿਚ ਕਾਫੀ ਤਣਾਅ ਬਣਿਆ ਹੋਇਆ। ਲੋਕਾਂ ਨੇ ਮੁਲਜ਼ਮਾਂ ਦਾ ਪੁਤਲਾ ਫੂਕ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਿੰਡ ਵਿਚ ਤਣਾਅ ਵਾਲੇ ਹਾਲਾਤ ਹੋਣ ਕਾਰਨ ਪਾਤੜਾਂ ਅਤੇ ਸ਼ੁਤਰਾਣਾ ਥਾਣੇ ਦੀ ਪੁਲਿਸ ਤੈਨਾਤ ਕੀਤੀ ਗਈ ਹੈ।

ਕੇਵਲ ਢਿੱਲੋਂ ਤੇ ਸਦੀਕ ਸਣੇ 32 ਉਮੀਦਵਾਰਾਂ ਵੱਲੋਂ ਕਾਗਜ਼ ਦਾਖ਼ਲ

ਚੰਡੀਗੜ੍ਹ-ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਤੀਜੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਨੇ ਸੰਗਰੂਰ ਅਤੇ ਗਾਇਕ ਮੁਹੰਮਦ ਸਦੀਕ ਨੇ ਫਰੀਦਕੋਟ (ਰਾਖ਼ਵੇਂ) ਹਲਕੇ ਤੋਂ ਕਾਗਜ਼ ਦਾਖ਼ਲ ਕੀਤੇ। ਇਨ੍ਹਾਂ ਸਮੇਤ ਸੂਬੇ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਕੁੱਲ 32 ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਗਏ।
ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ, ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਸ਼ਾਮ ਲਾਲ ਗੰਡੀਵਿੰਡ, ਸੰਜੀਵ ਕੁਮਾਰ ਅਤੇ ਮਹਿੰਦਰ ਸਿੰਘ ਨੇ ਨਾਮਜ਼ਦਗੀ ਦਾਖ਼ਲ ਕੀਤੀ। ਹਲਕਾ ਖਡੂਰ ਸਾਹਿਬ ਲਈ ਹਿੰਦੁਸਤਾਨ ਸ਼ਕਤੀ ਸੈਨਾ ਦੇ ਸੰਤੋਖ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ, ਉਂਕਾਰ ਸਿੰਘ, ਹਰਜੀਤ ਕੌਰ ਅਤੇ ਸ਼ਿਵ ਸੈਨਾ ਦੇ ਸਟੀਫ਼ਨ ਭੱਟੀ, ਜਲੰਧਰ ਲਈ ਅੰਬੇਡਕਰ ਨੈਸ਼ਨਲ ਕਾਂਗਰਸ ਦੀ ਉਰਮਿਲਾ ਅਤੇ ਭਾਰਤ ਪ੍ਰਭਾਤ ਪਾਰਟੀ ਦੇ ਗੁਰਪਾਲ ਸਿੰਘ, ਹੁਸ਼ਿਆਰਪੁਰ (ਰਾਖ਼ਵਾਂ) ਹਲਕੇ ਲਈ ਬਹੁਜਨ ਸਮਾਜ ਪਾਰਟੀ ਦੇ ਖੁਸ਼ੀ ਰਾਮ ਅਤੇ ਰਣਜੀਤ ਕੁਮਾਰ, ਅਨੰਦਪੁਰ ਸਾਹਿਬ ਤੋਂ ਜਨਰਲ ਸਮਾਜ ਪਾਰਟੀ ਦੇ ਹਰਨੇਕ ਸਿੰਘ ਵੱਲੋਂ, ਹਲਕਾ ਲੁਧਿਆਣਾ ਲਈ ਆਜ਼ਾਦ ਉਮੀਦਵਾਰ ਰਵਿੰਦਰ ਪਾਲ ਸਿੰਘ, ਜਸਦੀਪ ਸਿੰਘ ਅਤੇ ਪੀਪਲਜ਼ ਪਾਰਟੀ ਆਫ਼ ਇੰਡੀਆ (ਸੈਕੂਲਰ) ਦੇ ਦਲਜੀਤ ਸਿੰਘ, ਫਤਿਹਗੜ੍ਹ ਸਾਹਿਬ (ਰਾਖ਼ਵਾਂ) ਹਲਕੇ ਲਈ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਅਤੇ ਵਿਜੈ ਰਾਣੀ ਨੇ, ਹਲਕਾ ਫ਼ਿਰੋਜ਼ਪੁਰ ਲਈ ਆਜ਼ਾਦ ਉਮੀਦਵਾਰ ਮਨੋਜ ਕੁਮਾਰ, ਬਠਿੰਡਾ ਲਈ ਸੋਸ਼ਲਿਸਟ ਪਾਰਟੀ (ਇੰਡੀਆ) ਦੇ ਬਲਜਿੰਦਰ ਕੁਮਾਰ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਭੁਪਿੰਦਰ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਜਗਸੀਰ ਸਿੰਘ ਅਤੇ ਸੋਸ਼ਲਿਸਟ ਯੂਨਿਟੀ ਸੈਂਟਰ ਆਫ਼ ਇੰਡੀਆ (ਕਮਿਊਨਿਸਟ) ਦੇ ਸਵਰਨ ਸਿੰਘ , ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਸ਼ਕਤੀ ਚੇਤਨਾ ਪਾਰਟੀ ਦੇ ਵਿਜੈ ਅਗਰਵਾਲ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਿਸਟ-ਲੈਨਿਨਿਸਟ) ਦੇ ਗੁਰਦਿਆਲ ਸਿੰਘ ਨੇ, ਹਲਕਾ ਪਟਿਆਲਾ ਲਈ ਆਜ਼ਾਦ ਉਮੀਦਵਾਰ ਰਾਜੇਸ਼ ਕੁਮਾਰ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼ਮਾਕਾਂਤ ਪਾਂਡੇ, ਆਜ਼ਾਦ ਉਮੀਦਵਾਰ ਹਰਭਜਨ ਸਿੰਘ ਵਿਰਕ ਅਤੇ ਪਰਮਿੰਦਰ ਕੁਮਾਰ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ।