Home / Author Archives: editor (page 36)

Author Archives: editor

ਜਾਂਚ ਕਮੇਟੀ ਨੇ ਰਿਪੋਰਟ ਭਾਈ ਲੌਂਗੋਵਾਲ ਨੂੰ ਸੌਂਪੀ

ਅੰਮ੍ਰਿਤਸਰ-ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਣਾਈ ਜਾਂਚ ਕਮੇਟੀ ਨੇ ਅਪਣੀ ਮੁਢਲੀ ਰਿਪੋਰਟ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸੌਂਪ ਦਿਤੀ ਹੈ। ਦਸਣਯੋਗ ਹੈ ਕਿ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਵਲੋਂ ਬੀਤੇ ਦਿਨੀਂ ਰਾਤ ਦੇ ਹਨੇਰੇ ਵਿਚ ਦਰਸ਼ਨੀ ਡਿਉਢੀ ਢਾਹੀ ਗਈ ਸੀ ਜਿਸ ਮਗਰੋਂ ਭਾਈ ਲੌਂਗੋਵਾਲ ਨੇ ਤੁਰਤ ਕਾਰਵਾਈ ਕਰਦਿਆਂ ਬਾਬਾ ਜਗਤਾਰ ਸਿੰਘ ਦੀਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ ਸਾਰੀਆਂ ਸੇਵਾਵਾਂ ਰੋਕ ਦਿਤੀਆਂ ਸਨ।
ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਗੁਰਮੀਤ ਸਿੰਘ ਬੂਹ ਅਤੇ ਮੀਤ ਸਕੱਤਰ ਹਰਜੀਤ ਸਿੰਘ ਲਾਲੂਘੁੰਮਣ (ਕੋਆਰਡੀਨੇਟਰ) ‘ਤੇ ਆਧਾਰਤ ਇਕ ਜਾਂਚ ਕਮੇਟੀ ਗਠਤ ਕੀਤੀ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਸਿਆ ਕਿ ਜਾਂਚ ਕਮੇਟੀ ਨੇ ਅਪਣੀ ਮੁੱਢਲੀ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਸੌਂਪ ਦਿਤੀ ਹੈ ਜਿਸ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਮੁਲਜ਼ਮਾਂ ਵਿਰੁਧ ਪੁਲਿਸ ਕੇਸ ਦਰਜ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦਰਸ਼ਨੀ ਡਿਉਢੀ ਢਾਹੇ ਜਾਣ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਧਾਰਮਕ ਅਤੇ ਮਰਿਆਦਾ ਸਬੰਧੀ ਹੋਈ ਅਵੱਗਿਆ ਦਾ ਮਾਮਲਾ ਹੈ ਜਿਸ ਨੂੰ ਅਕਾਲ ਤਖ਼ਤ ‘ਤੇ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਦਰਸ਼ਨੀ ਡਿਉਢੀ ਪਹਿਲਾਂ ਦੀ ਤਰ੍ਹਾਂ ਹੂਬਹੂ ਆਪ ਮੁਰੰਮਤ ਕਰਵਾਈ ਜਾਵੇਗੀ ਅਤੇ ਇਹ ਕਾਰਜ ਮਾਹਰਾਂ ਦੀ ਨਿਗਰਾਨੀ ਵਿਚ 6 ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਹੋਵੇਗਾ। ਭਾਈ ਲੌਂਗੋਵਾਲ ਅਨੁਸਾਰ ਜਾਂਚ ਕਮੇਟੀ ਨੇ ਬਾਬਾ ਜਗਤਾਰ ਸਿੰਘ ਨੂੰ ਅੱਗੇ ਤੋਂ ਕਿਸੇ ਵੀ ਹੋਰ ਗੁਰਦੁਆਰਾ ਸਾਹਿਬ ਦੀ ਕਾਰਸੇਵਾ ਨਾ ਦੇਣ ਦੀ ਵੀ ਸਿਫ਼ਾਰਸ਼ ਕੀਤੀ ਹੈ।

ਐਮਾਜ਼ੋਨ ਦੇ ਸੰਸਥਾਪਕ ਦਾ ਸਭ ਤੋਂ ਮਹਿੰਗਾ ਤਲਾਕ

ਨਿਊਯਾਰਕ-ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਤੇ ਸੀਈਓ ਜੈੱਫ ਬੇਜੋਸ ਅਤੇ ਉਨ੍ਹਾਂ ਦੀ ਪਤਨੀ ਮੈਕੇਂਜ਼ੀ ਵਿਚਾਲੇ ਇਤਿਹਾਸ ਦੇ ਸਭ ਤੋਂ ਮਹਿੰਗੇ ਤਲਾਕ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਤਹਿਤ ਬੇਜੋਸ ਕੰਪਨੀ ਵਿਚ ਆਪਣੀ 143 ਅਰਬ ਡਾਲਰ ਦੀ ਹਿੱਸੇਦਾਰੀ ਵਿਚੋਂ 25 ਫ਼ੀਸਦੀ ਯਾਨੀ 36 ਅਰਬ ਡਾਲਰ ਦੇ ਸ਼ੇਅਰ ਮੈਕੇਂਜ਼ੀ ਨੂੰ ਦੇਣਗੇ ਅਤੇ ਵੋਟਿੰਗ ਅਧਿਕਾਰ ਆਪਣੇ ਕੋਲ ਹੀ ਰੱਖਣਗੇ, ਜਦਕਿ ਮੈਕੇਂਜ਼ੀ ਵਾਸ਼ਿੰਗਟਨ ਪੋਸਟ ਅਖ਼ਬਾਰ ਅਤੇ ਸਪੇਸ ਕੰਪਨੀ ਬਲੂ ਓਰੀਜਿਨ ਵਿਚ ਆਪਣੀ ਹਿੱਸੇਦਾਰੀ ਛੱਡੇਗੀ। ਮੈਕੇਂਜ਼ੀ 36 ਅਰਬ ਡਾਲਰ (ਕਰੀਬ ਢਾਈ ਲੱਖ ਕਰੋੜ ਰੁਪਏ) ਦੇ ਸ਼ੇਅਰਾਂ ਨਾਲ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ। ਦੁਨੀਆ ਦੇ ਇਸ ਸਭ ਤੋਂ ਅਮੀਰ ਜੋੜੇ ‘ਚ ਤਲਾਕ ਨੂੰ ਲੈ ਕੇ ਸਮਝੌਤਾ ਹੋਣ ਨਾਲ ਐਮਾਜ਼ੋਨ ‘ਤੇ ਕੰਟਰੋਲ ਨੂੰ ਲੈ ਕੇ ਚੱਲ ਰਿਹਾ ਭੰਬਲਭੂਸਾ ਵੀ ਖ਼ਤਮ ਹੋ ਗਿਆ ਹੈ। ਕੰਪਨੀ ਦੀ ਅਗਵਾਈ ਬੇਜੋਸ ਹੀ ਕਰਨਗੇ।
ਜੈੱਫ ਬੇਜੋਸ (55) ਅਤੇ ਮੈਕੇਂਜ਼ੀ (48) ਨੇ ਵੀਰਵਾਰ ਨੂੰ ਵੱਖ-ਵੱਖ ਟਵੀਟ ਕਰ ਕੇ ਸਮਝੌਤੇ ਦਾ ਐਲਾਨ ਕੀਤਾ। ਮੈਕੇਂਜ਼ੀ ਨੇ ਟਵੀਟ ‘ਚ ਕਿਹਾ, ‘ਜੈੱਫ ਨਾਲ ਆਪਣੀ ਪਾਰੀ ਖ਼ਤਮ ਕਰਨ ਦੀ ਪ੍ਰਕਿਰਿਆ ਪੂਰੀ ਕਰਨ ‘ਤੇ ਖ਼ੁਸ਼ੀ ਹੋ ਰਹੀ ਹੈ।’ ਜਦਕਿ ਬੇਜੋਸ ਨੇ ਇਕ ਟਵੀਟ ‘ਚ ਲਿਖਿਆ, ‘ਮੈਂ ਤਲਾਕ ਦੀ ਪ੍ਰਕਿਰਿਆ ‘ਚ ਉਸ ਦੇ ਸਹਿਯੋਗ ਲਈ ਧੰਨਵਾਦ ਦਿੰਦਾ ਹਾਂ। ਉਹ ਬੇਹੱਦ ਸਮਝਦਾਰ, ਕੁਸ਼ਲ ਅਤੇ ਪਿਆਰ ਕਰਨ ਵਾਲੀ ਹੈ। ਮੈਂ ਇਹ ਜਾਣਦਾ ਹਾਂ ਕਿ ਮੈਂ ਹਮੇਸ਼ਾ ਉਸ ਤੋਂ ਸਿੱਖਦਾ ਰਹਾਂਗਾ।’ ਦੋਵਾਂ ਨੇ ਹਾਲਾਂਕਿ ਸਮਝੌਤੇ ਨਾਲ ਜੁੜੀ ਕਿਸੇ ਹੋਰ ਵਿੱਤੀ ਜਾਣਕਾਰੀ ਨੂੰ ਸਾਂਝਾ ਨਹੀਂ ਕੀਤਾ।
ਐਮਾਜ਼ੋਨ ਨੇ ਅਮਰੀਕਾ ਦੇ ਸਕਿਓਰਿਟੀ ਐਂਡ ਐਕਸਚੇਂਜ ਕਮਿਸ਼ਨ ਨੂੰ ਦੱਸਿਆ ਕਿ ਤਲਾਕ ‘ਤੇ ਕੋਰਟ ਦੀ ਮੋਹਰ ਲੱਗਣ ਤੋਂ ਬਾਅਦ ਕੰਪਨੀ ਵਿਚ ਮੈਕੇਂਜ਼ੀ ਬੇਜੋਸ ਦੇ ਨਾਂ ਚਾਰ ਫ਼ੀਸਦੀ ਸ਼ੇਅਰ ਰਜਿਸਟਰਡ ਹੋ ਜਾਣਗੇ। ਇਸ ਵਿਚ ਕਰੀਬ 90 ਦਿਨਾਂ ਦਾ ਸਮਾਂ ਲੱਗੇਗਾ। ਦੋਵਾਂ ਦੀ ਤਲਾਕ ਲੈਣ ਦੀ ਅਰਜ਼ੀ ਵਾਸ਼ਿੰਗਟਨ ਦੀ ਅਦਾਲਤ ‘ਚ ਦਾਖ਼ਲ ਹੈ।
ਜੈੱਫ ਬੇਜੋਸ ਅਤੇ ਮੈਕੇਂਜ਼ੀ ਨੇ ਬੀਤੀ ਜਨਵਰੀ ‘ਚ ਟਵਿੱਟਰ ‘ਤੇ ਇਕ ਸਾਂਝੇ ਬਿਆਨ ਵਿਚ ਤਲਾਕ ਲੈਣ ਦਾ ਐਲਾਨ ਕੀਤਾ ਸੀ। ਦੋਵਾਂ ਦਾ ਵਿਆਹ 1993 ਵਿਚ ਹੋਇਆ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਹਨ। ਉਨ੍ਹਾਂ ਦੇ ਤਲਾਕ ਦੇ ਐਲਾਨ ਤੋਂ ਬਾਅਦ ਇਹ ਖ਼ਦਸ਼ਾ ਪ੍ਰਗਟਾਇਆ ਗਿਆ ਸੀ ਕਿ ਐਮਾਜ਼ੋਨ ਵਿਚ ਬੇਜੋਸ ਦਾ ਵੋਟਿੰਗ ਅਧਿਕਾਰ ਘੱਟ ਸਕਦਾ ਹੈ।
ਗੈਰਾਜ ਤੋਂ ਸ਼ੁਰੂ ਹੋਈ ਸੀ ਐਮਾਜ਼ੋਨ
ਬੇਜੋਸ ਨੇ ਸਾਲ 1994 ‘ਚ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਸਥਿਤ ਆਪਣੇ ਇਕ ਗੈਰਾਜ ਤੋਂ ਐਮਾਜ਼ੋਨ ਦੀ ਸ਼ੁਰੂਆਤ ਕੀਤੀ ਸੀ। ਉਦੋਂ ਇਸ ਦੀ ਸ਼ੁਰੂਆਤ ਆਨਲਾਈਨ ਬੁੱਕ ਸੈਲਰ ਦੇ ਤੌਰ ‘ਤੇ ਕੀਤੀ ਗਈ ਸੀ। ਦੁਨੀਆ ਦੀ ਇਸ ਸਭ ਤੋਂ ਵੱਡੀ ਆਨਲਾਈਨ ਰਿਟੇਲਰ ਕੰਪਨੀ ਦਾ ਬਾਜ਼ਾਰ ਪੂੰਜੀਕਰਨ ਕਰੀਬ 890 ਅਰਬ ਡਾਲਰ ਹੈ। ਜੈੱਫ ਬੇਜੋਸ ਨੇ ਵਾਸ਼ਿੰਗਟਨ ਪੋਸਟ ਨੂੰ ਸਾਲ 2013 ਵਿਚ ਖ਼ਰੀਦਿਆ ਸੀ। ਬੇਜੋਸ ਨੇ ਸਾਲ 2000 ਵਿਚ ਸਪੇਸ ਕੰਪਨੀ ਬਲੂ ਓਰੀਜਿਨ ਦੀ ਸ਼ੁਰੂਆਤ ਕੀਤੀ ਸੀ।
ਫੋਰਬਸ ਮੈਗਜ਼ੀਨ ਮੁਤਾਬਕ, 36 ਅਰਬ ਡਾਲਰ ਦੇ ਸ਼ੇਅਰ ਮਿਲਣ ਤੋਂ ਬਾਅਦ ਮੈਕੇਜ਼ੀ ਦੁਨੀਆ ਦੀ ਤੀਜੀ ਸਭ ਤੋਂ ਅਮੀਰ ਅੌਰਤ ਬਣ ਜਾਵੇਗੀ। ਕਰੀਬ 50 ਅਰਬ ਡਾਲਰ ਦੀ ਜਾਇਦਾਦ ਨਾਲ ਲਾਰਿਅਲ ਦੇ ਸੰਸਥਾਪਕ ਦੀ ਪੋਤੀ ਫ੍ਰੈਂਕੋਈਸ ਬੀ ਮੇਅਰਸ ਦੁਨੀਆ ਦੀ ਸਭ ਤੋਂ ਅਮੀਰ ਅੌਰਤ ਹੈ। ਜਦਕਿ ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਬੇਟੀ ਐਸਿਲ ਵਾਲਟਨ 47 ਅਰਬ ਡਾਲਰ ਨਾਲ ਦੂਜੇ ਸਥਾਨ ‘ਤੇ ਹੈ।

ਕਰਤਾਰਪੁਰ ਲਾਂਘੇ ਲਈ ਸੜਕ ਦਾ ਨਿਰਮਾਣ ਸ਼ੁਰੂ

ਬਟਾਲਾ-ਡੇਰਾ ਬਾਬਾ ਨਾਨਕ ਲਾਗੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਭੂਮੀ ਪੂਜਨ ਤੋਂ ਬਾਅਦ ਖ਼ਾਲਸਈ ਜੈਕਾਰਿਆਂ ਨਾਲ ਸ਼ੁਰੂ ਹੋ ਗਿਆ। ਹਾਲਾਂਕਿ ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਅੱਧੇ ਤੋਂ ਜ਼ਿਆਦਾ ਮੁਕੰਮਲ ਕਰ ਲਿਆ ਹੈ ਪਰ ਭਾਰਤ ਵਾਲੇ ਪਾਸੇ ਜ਼ਮੀਨ ਐਕੁਆਇਰ ਕੀਤੇ ਜਾਣ ਤੋਂ ਬਾਅਦ ਕੰਮ ਵੀਰਵਾਰ ਸ਼ਾਮ ਨੂੰ ਹੀ ਕੁਝ ਰਸਮਾਂ ਤੋਂ ਬਾਅਦ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮਾਲਕਾਂ ਤੋਂ ਲਾਂਘੇ ਅਤੇ ਹੋਰ ਜ਼ਰੂਰੀ ਇਮਾਰਤਾਂ ਲਈ ਜ਼ਮੀਨ ਗ੍ਰਹਿਣ ਕਰਨ ਦੌਰਾਨ ਢੁੱਕਵੇਂ ਭਾਅ ਬਾਰੇ ਕਈ ਅੜਿੱਕੇ ਸਨ। ਡੇਰਾ ਬਾਬਾ ਨਾਨਕ ਤੋਂ ਜ਼ੀਰੋ ਲਾਈਨ ਤੱਕ 200 ਫੁੱਟ ਚੌੜੀ ਸੜਕ (ਚਾਰ ਕਿਲੋਮੀਟਰ) ਨੂੰ ਚਹੁੰਮਾਰਗੀ ਕੀਤਾ ਜਾਵੇਗਾ। ਜ਼ੀਰੋ ਲਾਈਨ ਕੋਲ ਕੰਡਿਆਲੀ ਤਾਰ ਨੇੜੇ ਓਵਰਬ੍ਰਿਜ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਸੜਕ ਦੇ ਨਿਰਮਾਣ ਵਿਚ ਜੁਟੀ ਕੰਪਨੀ ਦੇ ਅਧਿਕਾਰੀਆਂ ਨੇ ਭੂਮੀ ਪੂਜਨ ਦੀ ਰਸਮ ਧੁੱਸੀ ਬੰਨ੍ਹ ਲਾਗੇ ਮੁਕੰਮਲ ਕੀਤੀ। ਭਾਰਤ ਵਾਲੇ ਪਾਸੇ ਜ਼ਮੀਨ ਐਕੁਆਇਰ ਕਰਨ ਤੋਂ ਬਾਅਦ ਹੁਣ ਕਰਤਾਰਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਕੌਮੀ ਰਾਜ ਮਾਰਗ ਅਥਾਰਿਟੀ (ਐਨ.ਐਚ.ਏ.ਆਈ.) ਕੰਮ ਦੀ ਨਜ਼ਰਸਾਨੀ ਕਰ ਰਹੀ ਹੈ। ਕੰਪਨੀ ਅਧਿਕਾਰੀਆਂ ਨੇ ਸਥਾਨਕ ਕਿਸਾਨਾਂ ਦਾ ਵੀ ਸਹਿਯੋਗ ਲਈ ਧੰਨਵਾਦ ਕੀਤਾ ਹੈ। ਕੰਪਨੀ ਮੁਤਾਬਕ ਮੌਨਸੂਨ ਤੋਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ ਤੇ ਓਵਰਬ੍ਰਿਜ ਬਣਾਉਣ ਦੀ ਵੀ ਸ਼ੁਰੂਆਤ ਜਲਦੀ ਹੋਵੇਗੀ। ਮਾਰਗ ਨੂੰ ਸਤੰਬਰ ਤੱਕ ਮੁਕੰਮਲ ਕਰਨ ਦਾ ਨਿਸ਼ਾਨਾ ਮਿੱਥਿਆ ਗਿਆ ਹੈ। ਲੈਂਡ ਪੋਰਟ ਅਥਾਰਿਟੀ ਦੁਆਰਾ ਟਰਮੀਨਲ ਦੇ ਨਿਰਮਾਣ ਦੀ ਰਸਮੀ ਸ਼ੁਰੂਆਤ ਆਉਂਦੇ ਕੁਝ ਦਿਨਾਂ ਵਿੱਚ ਕੀਤੀ ਜਾ ਰਹੀ ਹੈ।

ਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਮੁਲਾਜ਼ਮਾਂ ਤੇ ਕੈਦੀਆਂ ਵਿਚਾਲੇ ਟਕਰਾਅ

ਸ੍ਰੀਨਗਰ-ਸ੍ਰੀਨਗਰ ਕੇਂਦਰੀ ਜੇਲ੍ਹ ਵਿੱਚ ਬੈਰਕ ਬਦਲਣ ਤੋਂ ਨਾਰਾਜ਼ ਕੁਝ ਕੈਦੀ ਜੇਲ੍ਹ ਮੁਲਾਜ਼ਮਾਂ ਨਾਲ ਭਿੜ ਗਏ। ਜੇਲ੍ਹ ਅਧਿਕਾਰੀਆਂ ਮੁਤਾਬਕ ਹਾਲਾਤ ਕਾਬੂ ਹੇਠ ਹਨ ਤੇ ਉੱਚ ਅਧਿਕਾਰੀ ਹਾਲਾਤ ’ਤੇ ਨੇੜਿਓਂ ਹੋ ਕੇ ਨਜ਼ਰ ਰੱਖ ਰਹੇ ਹਨ। ਉਂਜ ਇਹਤਿਆਤ ਵਜੋਂ ਸ੍ਰੀਨਗਰ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਰੇੜਕਾ ਉਦੋਂ ਸ਼ੁਰੂ ਹੋਇਆ ਜਦੋਂ ਕੁਝ ਕੈਦੀਆਂ ਨੇ ਉਨ੍ਹਾਂ ਨੂੰ ਦੋ ਬੈਰਕਾਂ ’ਚੋਂ ਕੱਢ ਕੇ ਦੂਜੀ ਥਾਂ ਤਬਦੀਲ ਕੀਤੇ ਜਾਣ ਦੇ ਜੇਲ੍ਹ ਅਧਿਕਾਰੀਆਂ ਦੇ ਫੈਸਲੇ ਦਾ ਵਿਰੋਧ ਕੀਤਾ। ਜੇਲ੍ਹ ਅਧਿਕਾਰੀਆਂ ਮੁਤਾਬਕ ਇਨ੍ਹਾਂ ਬੈਰਕਾਂ ਦੀ ਮੁਰੰਮਤ ਦੇ ਚਲਦਿਆਂ ਸਬੰਧਤ ਕੈਦੀਆਂ ਨੂੰ ਦੂਜੀ ਥਾਂ ਤਬਦੀਲ ਕੀਤਾ ਜਾਣਾ ਸੀ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੈਦੀਆਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਨੂੰ ਵਾਦੀ ਤੋਂ ਬਾਹਰਲੀਆਂ ਜੇਲ੍ਹਾਂ ਵਿੱਚ ਤਬਦੀਲ ਕੀਤਾ ਜਾ ਰਿਹੈ। ਗੁੱਸੇ ਵਿੱਚ ਆਏ ਕੈਦੀਆਂ ਨੇ ਸਿਲੰਡਰਾਂ ਨੂੰ ਅੱਗ ਲਾ ਦਿੱਤੀ ਤੇ ਜੇਲ੍ਹ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਿਆਂ ਹੁੜਦੰਗ ਮਚਾਇਆ। ਕੈਦੀਆਂ ਨੇ ਘੱਟੋ-ਘੱਟ ਦੋ ਬੈਰਕਾਂ ਤੇ ਰਸੋਈ ਨੂੰ ਅੱਗ ਲਾ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ ਤੇ ਪੂਰੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਇਹਤਿਆਤ ਵਜੋਂ ਸ੍ਰੀਨਗਰ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ ਦੱਖਣੀ ਕਸ਼ਮੀਰ ’ਚ ਇੰਟਰਨੈੱਟ ਦੀ ਰਫ਼ਤਾਰ ਘਟਾ ਦਿੱਤੀ ਹੈ। ਪੁਰਾਣੇ ਸ਼ਹਿਰ ਦੇ ਇਲਾਕੇ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਨਫ਼ਰੀ ਵੀ ਵਧਾਈ ਗਈ ਹੈ।

ਭਾਰਤੀ ਮੂਲ ਦਾ ਫਿਜ਼ੀਅਨ ਜੋੜਾ ਸੈਕਰਾਮੈਂਟੋ ਦਰਿਆ ‘ਚ ਰੁੜਿ੍ਹਆ

ਕੈਲੀਫੋਰਨੀਆ–ਭਾਰਤੀ ਮੂਲ ਦੇ ਫਿਜ਼ੀਅਨ ਪਤੀ-ਪਤਨੀ ਦੇ ਸੈਕਰਾਮੈਂਟੋ ਦਰਿਆ ਵਿਚ ਰੁੜ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਲਵਿਨੇਸ਼ ‘ਸ਼ਲਵਿਨ’ ਤੇ ਰੋਜਲਿਨ ਸ਼ਰਮਾ ਇਕ ਟੋਅ ਟਰੱਕ ਵਿਚ ਸਵਾਰ ਸਨ | ਪਾਇਨੀਅਰ ਪੁਲ ਉੱਪਰ ਉਨ੍ਹਾਂ ਦਾ ਟਰੱਕ ਇਕ ਹੋਰ ਵਾਹਨ ਨਾਲ ਟਕਰਾ ਕੇ ਸੈਕਰਾਮੈਂਟੋ ਦਰਿਆ ਵਿਚ ਜਾ ਡਿਗਾ | ਕੈਲੀਫੋਰਨੀਆ ਰਾਸ਼ਟਰੀ ਮਾਰਗ ਗਸ਼ਤੀ ਟੀਮ ਅਨੁਸਾਰ ਲਾਪਤਾ ਜੋੜੇ ਦੀ ਬਚਾਅ ਟੀਮਾਂ ਵਲੋਂ ਭਾਲ ਕੀਤੀ ਜਾ ਰਹੀ ਹੈ, ਪਰ ਦਰਿਆ ਵਿਚ ਪਾਣੀ ਜ਼ਿਆਦਾ ਤੇ ਤੇਜ਼ ਹੋਣ ਕਾਰਨ ਤਲਾਸ਼ੀ ਮੁਹਿੰਮ ਵਿਚ ਵਿਘਨ ਪੈ ਰਿਹਾ ਹੈ | ਇਹ ਜੋੜਾ ਸੈਕਰਾਮੈਂਟੋ ਵਿਚ ਰਹਿੰਦਾ ਹੈ ਤੇ ਉਨ੍ਹਾਂ ਦਾ ਇਕ ਬੇਟਾ ਤੇ 13 ਸਾਲ ਦੀ ਬੇਟੀ ਜੋਸਲਿਨ ਹੈ | ਉਨ੍ਹਾਂ ਦੇ ਕਈ ਰਿਸ਼ਤੇਦਾਰ ਵੀ ਇਸ ਖ਼ੇਤਰ ਵਿਚ ਰਹਿੰਦੇ ਹਨ, ਜੋ ਜੋੜੇ ਦੀ ਸਲਾਮਤੀ ਨੂੰ ਲੈ ਕੇ ਫ਼ਿਕਰਮੰਦ ਹਨ | ਸ਼ਰਮਾ ਜਸਟਿਨ ਟੋਇੰਗ ਕੰਪਨੀ ਦਾ ਮਾਲਕ ਹੈ, ਜੋ ਉਸ ਦੇ ਬੇਟੇ ਦੇ ਨਾਂਅ ‘ਤੇ ਹੈ |

ਪਰਮਜੀਤ ਕੌਰ ਖਾਲੜਾ ਤੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਹੱਕ ’ਚ ਨਿੱਤਰੇ ਪਰਵਾਸੀ ਪੰਜਾਬੀ

ਸਿਡਨੀ-ਲੋਕ ਸਭਾ ਚੋਣਾਂ ਨੂੰ ਲੈ ਕੇ ਇਥੇ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਇਕੱਤਰਤਾ ਹੋਈ, ਜਿਸ ’ਚ ਬੁਲਾਰਿਆਂ ਨੇ ਕਿਹਾ ਕਿ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੀ ਮਨੁੱਖੀ ਹੱਕਾਂ ਦੀ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾਂ ਤੋਂ ਬਾਅਦ ਪੰਜਾਬੀਆਂ ’ਚ ਵੱਡੇ ਪੱਧਰ ’ਤੇ ਹੋਏ ਕਤਲਾਂ ਅਤੇ ਝੂਠੇ ਪੁਲੀਸ ਮੁਕਾਬਲਿਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਆ ਰਿਹਾ ਖਾਲੜਾ ਪਰਿਵਾਰ ਨੂੰ ਵੋਟਾਂ ਦਾ ਅਸਲੀ ਹੱਕਦਾਰ ਕਰਾਰ ਦਿੱਤਾ। ਬੁਲਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਆਪਣੇ ਉਮੀਦਵਾਰ ਜੇਜੇ ਸਿੰਘ ਨੂੰ ਚੋਣ ਮੁਹਿੰਮ ਤੋਂ ਤੁਰੰਤ ਹਟਾਵੇ। ਇੰਜ ਕਰਨ ’ਤੇ ਪਰਵਾਸੀ ਭਾਈਚਾਰਾ ਰਣਜੀਤ ਸਿੰਘ ਬ੍ਰਹਮਪੁਰਾ ਦਾ ਰਿਣੀ ਰਹੇਗਾ। ਆਸਟਰੇਲੀਅਨ ਨੈਸ਼ਨਲ ਸਿੱਖ ਕੌਸਲ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਬਾਵਾ ਸਿੰਘ ਜਗਦੇਵ, ਆਸਟਰੇਲੀਅਨ ਇੰਡੀਅਨ ਹਿਸਟੋਰੀਕਲ ਸੁਸਾਇਟੀ ਦੇ ਪਰਜੀਤ ਸਿੰਘ, ਪੰਜਾਬੀ ਸਾਹਿਤਕ ਸਭਾ ਦੇ ਮਨਜਿੰਦਰ ਸਿੰਘ, ਮੇਜਰ ਕੁਲਦੀਪ ਸਿੰਘ ਦਿਓ ਤੇ ਹੋਰਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਦੇ ਅਸਲ ਮੁੱਦਿਆਂ ਲਈ ਗੰਭੀਰ ਨਹੀਂ ਹੈ। ਆਗੂਆਂ ਨੇ ਹੋਦ ਚਿੱਲੜ ’ਚ ਨਵੰਬਰ 1984 ’ਚ ਸਿੱਖਾਂ ਉੱਪਰ ਹੋਏ ਅੱਤਿਆਚਾਰ ਨੂੰ ਜਗ ਜ਼ਾਹਿਰ ਕਰਨ ਵਾਲੇ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਫਤਿਹਗੜ੍ਹ ਸਾਹਿਬ ਹਲਕੇ ਤੋਂ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਹੈ।

360 ਭਾਰਤੀ ਕੈਦੀਆਂ ਨੂੰ ਚਾਰ ਪੜਾਵਾਂ ‘ਚ ਰਿਹਾਅ ਕਰੇਗਾ ਪਾਕਿਸਤਾਨ

ਇਸਲਾਮਾਬਾਦ-ਪਾਕਿਸਤਾਨ ਨੇ ਮਨੁੱਖਤਾ ਦੇ ਆਧਾਰ ‘ਤੇ 360 ਭਾਰਤੀ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ | ਪਾਕਿਸਤਾਨ ਸਰਕਾਰ ਦੇ ਬੁਲਾਰੇ ਡਾ: ਮੁਹੰਮਦ ਫ਼ੈਜਲ ਦੇ ਬਿਆਨ ਦੇ ਹਵਾਲੇ ਨਾਲ ਰੇਡੀਉ ਪਾਕਿਸਤਾਨ ਨੇ ਉਕਤ ਜਾਣਕਾਰੀ ਦਿੱਤੀ ਹੈ | ਡਾ: ਫ਼ੈਜਲ ਨੇ ਇਸਲਾਮਾਬਾਦ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਅਗਲੇ ਮੰਗਲਵਾਰ ਨੂੰ ਪਹਿਲਾਂ 100 ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ | ਇਸ ਤੋਂ ਬਾਅਦ 15 ਅਪ੍ਰੈਲ ਨੂੰ ਭਾਰਤੀ ਕੈਦੀਆਂ ਨੂੰ ਦੂਸਰੇ ਬੈਚ ‘ਚ ਰਿਹਾਅ ਕੀਤਾ ਜਾਵੇਗਾ | 22 ਅਪ੍ਰੈਲ ਨੂੰ 100 ਹੋਰ ਭਾਰਤੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ | ਫ਼ੈਜਲ ਅਨੁਸਾਰ ਪਾਕਿਸਤਾਨ ਦੀਆਂ ਜੇਲ੍ਹਾਂ ‘ਚ 537 ਭਾਰਤੀ ਕੈਦੀ ਬੰਦ ਹਨ | ਇਨ੍ਹਾਂ ‘ਚੋਂ 483 ਮਛੇਰੇ ਹਨ | ਫ਼ੈਜਲ ਨੇ ਦੱਸਿਆ ਕਿ ਪੰਜ ਮਛੇਰਿਆਂ ਸਮੇਤ 60 ਭਾਰਤੀ ਕੈਦੀਆਂ ਦਾ ਆਖ਼ਰੀ ਬੈਚ 29 ਅਪ੍ਰੈਲ ਨੂੰ ਰਿਹਾਅ ਕੀਤਾ ਜਾਵੇਗਾ | ਪਾਕਿਸਤਾਨ ਸਰਕਾਰ ਨੇ ਮਾਨਵਤਾ ਦੇ ਆਧਾਰ ‘ਤੇ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ |

ਨਸੀਰੂਦੀਨ ਤੇ ਹੋਰਾਂ ਵੱਲੋਂ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਦੀ ਅਪੀਲ

ਮੁੰਬਈ-ਅਮੋਲ ਪਾਲੇਕਰ, ਨਸੀਰੂਦੀਨ ਸ਼ਾਹ, ਗਿਰੀਸ਼ ਕਰਨਾਡ ਅਤੇ ਊਸ਼ਾ ਗਾਂਗੁਲੀ ਸਮੇਤ 600 ਤੋਂ ਵੱਧ ਥੀਏਟਰ ਹਸਤੀਆਂ ਨੇ ਪੱਤਰ ਲਿਖ ਕੇ ਲੋਕਾਂ ਨੂੰ ਆਖਿਆ ਹੈ ਕਿ ਉਹ ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲਾਂ ਨੂੰ ਸੱਤਾ ਤੋਂ ਬਾਹਰ ਕਰਨ। ਉਨ੍ਹਾਂ ਦੇ ਦਸਤਖ਼ਤਾਂ ਹੇਠ ਵੀਰਵਾਰ ਨੂੰ ਜਾਰੀ ਪੱਤਰ ’ਚ ਦਲੀਲ ਦਿੱਤੀ ਗਈ ਹੈ ਕਿ ਭਾਜਪਾ ਦੀ ਅਗਵਾਈ ਹੇਠ ਭਾਰਤ ਅਤੇ ਉਸ ਦਾ ਸੰਵਿਧਾਨ ਖ਼ਤਰੇ ’ਚ ਹੈ। ਪਿਛਲੇ ਹਫ਼ਤੇ ਅਜਿਹੀ ਅਪੀਲ ਕਰਦਿਆਂ ਆਨੰਦ ਪਟਵਰਧਨ, ਸਨਲ ਕੁਮਾਰ ਸ਼ਸ਼ੀਧਰਨ ਅਤੇ ਦੇਵਾਸ਼ੀਸ਼ ਮਖੀਜਾ ਸਮੇਤ ਹੋਰ ਫਿਲਮਸਾਜ਼ਾਂ ਨੇ ਵੋਟਰਾਂ ਨੂੰ ਕਿਹਾ ਸੀ ਕਿ ‘ਫਾਸ਼ੀਵਾਦ’ ਨੂੰ ਮਾਤ ਦਿੱਤੀ ਜਾਵੇ।
ਇਹ ਪੱਤਰ ‘ਆਰਟਿਸਟ ਯੂਨਾਈਟ ਇੰਡੀਆ’ ਵੈੱਬਸਾਈਟ ’ਤੇ 12 ਭਾਸ਼ਾਵਾਂ ’ਚ ਜਾਰੀ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਮੁਲਕ ਦੇ ਇਤਿਹਾਸ ’ਚ ਸਭ ਤੋਂ ਨਾਜ਼ੁਕ ਦੌਰ ’ਚ ਹੋ ਰਹੀਆਂ ਹਨ। ਪੱਤਰ ’ਤੇ ਦਸਤਖ਼ਤ ਕਰਨ ਵਾਲਿਆਂ ’ਚ ਸ਼ਾਂਤਾ ਗੋਖਲੇ, ਮਹੇਸ਼ ਦੱਤਾਨੀ, ਅਰੁੰਧਤੀ ਨਾਗ, ਕੀਰਤੀ ਜੈਨ, ਅਭਿਸ਼ੇਕ ਮਜੂਮਦਾਰ, ਕੋਂਕਣਾ ਸੇਨ ਸ਼ਰਮਾ, ਰਤਨਾ ਪਾਠਕ ਸ਼ਾਹ, ਲਿਲੀਅਟ ਦੂਬੇ, ਮੀਤਾ ਵਸ਼ਿਸ਼ਟ, ਐਮ ਕੇ ਰੈਣਾ, ਮਕਰੰਦ ਦੇਸ਼ਪਾਂਡੇ ਅਤੇ ਅਨੁਰਾਗ ਕਸ਼ਯਪ ਵੀ ਸ਼ਾਮਲ ਹਨ।
ਇਨ੍ਹਾਂ ਹਸਤੀਆਂ ਨੇ ਕਿਹਾ,‘‘ਅੱਜ ਭਾਰਤ ਦੀ ਵਿਚਾਰਧਾਰਾ ਖ਼ਤਰੇ ’ਚ ਹੈ। ਗੀਤ, ਨਾਚ, ਹਾਸਾ-ਠੱਠਾ ਖ਼ਤਰੇ ’ਚ ਹੈ। ਸਾਡਾ ਪਿਆਰਾ ਸੰਵਿਧਾਨ ਵੀ ਖ਼ਤਰੇ ਹੇਠ ਹੈ।’’ ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਰਿਆਂ ਦਾ ਸਾਹ ਘੁੱਟ ਦਿੱਤਾ ਹੈ ਜਿਥੇ ਬਹਿਸ ਜਾਂ ਵਿਚਾਰ ਵਟਾਂਦਰਾ ਕਰਨ ’ਤੇ ਨਾਰਾਜ਼ਗੀ ਜਤਾਈ ਜਾਂਦੀ ਸੀ। ‘ਲੋਕਤੰਤਰ ਸਵਾਲ ਪੁੱਛਣ, ਬਹਿਸ, ਵਿਚਾਰ ਵਟਾਂਦਰੇ ਅਤੇ ਵਿਰੋਧ ਤੋਂ ਬਿਨਾਂ ਨਹੀਂ ਚਲ ਸਕਦਾ। ਮੌਜੂਦਾ ਸਰਕਾਰ ਨੇ ਇਨ੍ਹਾਂ ਸਾਰਿਆਂ ਦਾ ਘਾਣ ਕੀਤਾ ਹੈ। ਪੰਜ ਸਾਲ ਪਹਿਲਾਂ ਵਿਕਾਸ ਦੇ ਵਾਅਦੇ ਨਾਲ ਸੱਤਾ ’ਚ ਆਉਣ ਵਾਲੀ ਭਾਜਪਾ ਨੇ ਹਿੰਦੂਤਵ ਤਾਕਤਾਂ ਨੂੰ ਨਫ਼ਰਤ ਅਤੇ ਹਿੰਸਾ ਦੀ ਸਿਆਸਤ ’ਚ ਦਖ਼ਲ ਦੇਣ ਦੀ ਖੁਲ੍ਹ ਦੇ ਦਿੱਤੀ।’ ਪੱਤਰ ’ਚ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਦਾ ਨਾਮ ਨਹੀਂ ਲਿਆ ਗਿਆ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪਿਆਰ, ਰਹਿਮ, ਬਰਾਬਰੀ ਅਤੇ ਸਮਾਜਿਕ ਨਿਆਂ ਲਈ ਵੋਟ ਪਾਉਣ ਅਤੇ ਅੰਧਕਾਰ ਤੇ ਅਸੱਭਿਅਕ ਤਾਕਤਾਂ ਨੂੰ ਹਰਾਉਣ।

ਰਨਬੈਕਸੀ ਦੇ ਪ੍ਰਮੋਟਰਾਂ ਨੂੰ ਜੇਲ੍ਹ ਭੇਜਣ ਦੀ ਚਿਤਾਵਨੀ

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਦਾਇਚੀ ਸੈਂਕਯੋ ਨੂੰ ਚਾਰ ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਸਬੰਧ ਵਿਚ ਠੋਸ ਯੋਜਨਾ ਪੇਸ਼ ਕਰਨ ਦੇ ਆਪਣੇ ਆਦੇਸ਼ ‘ਤੇ ਰਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਦੇ ਜਵਾਬ ‘ਤੇ ਸ਼ੁੱਕਰਵਾਰ ਨੂੰ ਨਾਰਾਜ਼ਗੀ ਜ਼ਾਹਰ ਕੀਤੀ ਹੈ | ਸਿੰਗਾਪੁਰ ਦੀ ਇਕ ਅਦਾਲਤ ਨੇ ਇਨ੍ਹਾਂ ਭਰਾਵਾਂ ਨੂੰ ਦਾਇਚੀ ਸੈਂਕਯੋ ਨੂੰ ਚਾਰ ਹਜ਼ਾਰ ਕਰੋੜ ਰੁਪਏ ਭੁਗਤਾਨ ਕਰਨ ਦਾ ਫ਼ੈਸਲਾ ਸੁਣਾਇਆ ਸੀ | ਇਸ ਸਬੰਧ ਵਿਚ ਸੁਪਰੀਮ ਕੋਰਟ ਨੇ 14 ਮਾਰਚ ਨੂੰ ਦੋਵਾਂ ਨੂੰ ਕਿਹਾ ਸੀ ਕਿ ਉਹ ਭੁਗਤਾਨ ਸਬੰਧੀ ਠੋਸ ਯੋਜਨਾ ਪੇਸ਼ ਕਰਨ | ਚੀਫ਼ ਜਸਟਿਸ ਰੰਜਨ ਗਗੋਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਕਿਹਾ ਕਿ ਹੁਣ ਦਾਈਚੀ ਸੈਂਕਯੋ ਨੂੰ ਭੁਗਤਾਨ ਕਰਨ ਨੂੰ ਲੈ ਕੇ ਸਿੰਘ ਭਰਾਵਾਂ ਿਖ਼ਲਾਫ਼ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ | ਬੈਂਚ ਨੇ ਕਿਹਾ ਕਿ ਜੇਕਰ ਕਿਸੇ ਆਦੇਸ਼ ਦੀ ਉਲੰਘਣਾ ਪਾਈ ਗਈ ਤਾਂ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ | ਉਲੰਘਣਾ ਦੇ ਇਸ ਮਾਮਲੇ ਦੀ ਸੁਣਵਾਈ 11 ਅਪ੍ਰੈਲ ਨੂੰ ਹੋਵੇਗੀ |

ਆਪਣੇ ਬਲਬੂਤੇ ਚੋਣ ਲੜੇਗੀ ‘ਆਪ’: ਭਗਵੰਤ ਮਾਨ

ਖੰਨਾ-‘ਆਪਾ’ ਤੇ ਕਾਂਗਰਸ ਵਿਚ ਗੱਠਜੋੜ ਦੀ ਗੱਲ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ। ‘ਆਪ’ ਦਿੱਲੀ, ਹਰਿਆਣਾ, ਪੰਜਾਬ ਅਤੇ ਹੋਰ ਥਾਵਾਂ ਤੋਂ ਵੀ ਆਪਣੇ ਬਲਬੂਤੇ ਤੇ ਇਕੱਲਿਆਂ ਚੋਣ ਲੜੇਗੀ। ਇਹ ਗੱਲ ਅੱਜ ਉਨ੍ਹਾਂ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ‘ਆਪ’ ਵੱਲੋਂ ਚੋਣ ਲੜ ਰਹੇ ਉਮੀਦਵਾਰ ਬਲਜਿੰਦਰ ਸਿੰਘ ਚੌਂਦਾ ਦੇ ਅਮਲੋਹ ਰੋਡ ’ਤੇ ਸਥਿਤ ਦਫ਼ਤਰ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਹੀ।
ਸ੍ਰੀ ਮਾਨ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਨਰਿੰਦਰ ਮੋਦੀ ਨੇ ਝੂਠ ਦਾ ਜਾਲ ਸੁੱਟਿਆ ਤੇ ਜਨਤਾ ਨਾਲ ਕਈ ਵਾਅਦੇ ਕੀਤੇ, ਪਰ ਇਕ ਵੀ ਵਾਅਦਾ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਮੋਦੀ ਨੇ ਚਾਹ ਵਾਲੇ ਦੇ ਨਾਂ ’ਤੇ ਵੋਟਾਂ ਮੰਗੀਆਂ ਅਤੇ ਇਸ ਵਾਰ ਉਹ ‘ਚੌਕੀਦਾਰ’ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਰੁਜ਼ਗਾਰ ਨਾਲ ਮਿਲਣ ਤੇ ਨੋਟਬੰਦੀ ਕਾਰਨ ਲੋਕਾਂ ਦੇ ਘਰਾਂ ਵਿਚ ਕੁਝ ਵੀ ਨਹੀਂ ਬਚਿਆ ਤੇ ਹੁਣ ਮੋਦੀ ਲੋਕਾਂ ਦੇ ਖਾਲੀ ਘਰਾਂ ਦੀ ਚੌਕੀਦਾਰੀ ਕਰਨਗੇ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕਿਸਾਨਾਂ ਨੂੰ 72 ਹਜ਼ਾਰ ਰੁਪਏ ਦਿੱਤੇ ਜਾਣ ਬਾਰੇ ਉਨ੍ਹਾਂ ਕਿਹਾ ਅਜੇ ਤਕ ਨਰਿੰਦਰ ਮੋਦੀ ਵਾਲੇ 15 ਲੱਖ ਵੀ ਖਾਤੇ ਵਿਚ ਨਹੀਂ ਆਏ ਤੇ ਹੁਣ ਕਾਂਗਰਸ ਵੱਲੋਂ 72 ਹਜ਼ਾਰ ਦਾ ਵਾਅਦਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਕੈਪਟਨ ਸਰਕਾਰ ਦਾ ਜ਼ਿਕਰ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਕਾਂਗਰਸ ਨੇ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨਾਲ ਨਸ਼ੇ ਖ਼ਤਮ ਕਰਨ, ਰੁਜ਼ਗਾਰ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਜਿਹੇ ਵਾਅਦੇ ਕੀਤੇ ਸਨ, ਜੋ ਵਫ਼ਾ ਨਹੀਂ ਹੋਏ। ਇਸ ਕਰਕੇ ਹੁਣ ਕੈਪਟਨ ਨੂੰ ਡੇਰਿਆਂ ’ਤੇ ਜਾ ਕੇ ਵੋਟਾਂ ਮੰਗਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਪਾਦਰੀ ਐਂਥਨੀ ਮਾਮਲੇ ਬਾਰੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੱਚ ਦਾ ਸਾਥ ਦੇਣ।
ਸ੍ਰੀ ਮਾਨ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਨੂੰ ਲੈ ਕੇ ਜਿੱਥੇ ਪਹਿਲਾਂ ਹੀ ਪੰਜਾਬ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਦਾ ਸਫ਼ਾਇਆ ਕੀਤਾ ਹੈ, ਇਸੇ ਤਰ੍ਹਾਂ ਪੰਜਾਬ ਦੀ ਜਨਤਾ ਅਕਾਲੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਵੇਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵੱਲੋਂ ਗੁਰੂ ਘਰ ਦੀ ਕੀਤੀ ਬੇਅਦਬੀ ਦੀ ਸਜ਼ਾ ਅਕਾਲੀ ਉਮੀਦਵਾਰਾਂ ਨੂੰ ਮਿਲੇਗੀ।