ਮੁੱਖ ਖਬਰਾਂ
Home / ਪੰਜਾਬ / ਲਾਲ ਸਿੰਘ ਨੇ ਸ਼ਮਸ਼ੇਰ ਦੂਲੋ ਤੋਂ ਅਸਤੀਫ਼ਾ ਮੰਗਿਆ

ਲਾਲ ਸਿੰਘ ਨੇ ਸ਼ਮਸ਼ੇਰ ਦੂਲੋ ਤੋਂ ਅਸਤੀਫ਼ਾ ਮੰਗਿਆ

Spread the love

ਚੰਡੀਗੜ੍ਹ-ਸੂਬਾਈ ਕਾਂਗਰਸ ਦੀ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ ਨੇ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਅਤੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਦੀ ਪਤਨੀ ਹਰਬੰਸ ਕੌਰ ਦੂਲੋ ਤੇ ਉਨ੍ਹਾਂ ਦਾ ਬੇਟਾ ਬਨਦੀਪ ਸਿੰਘ ਦੂਲੋ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ ਤੇ ਬੇਟਾ ਫਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ।
ਲਾਲ ਸਿੰਘ ਨੇ ਕਿਹਾ ਕਿ ਦੂਲੋ ਅਜਿਹੇ ਆਗੂ ਹਨ ਜਿਨ੍ਹਾਂ ਨੂੰ ਪਾਰਟੀ ਨੇ ਕੈਬਨਿਟ ਮੰਤਰੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਦਿੱਤਾ। ਉਨ੍ਹਾਂ ਦੀ ਪਤਨੀ ਪਾਰਟੀ ਟਿਕਟ ’ਤੇ ਵਿਧਾਇਕਾ ਬਣੀ ਤੇ ਬਾਅਦ ਵਿਚ ਦੂਲੋ ਖ਼ੁਦ ਰਾਜ ਸਭਾ ਮੈਂਬਰ ਬਣੇ। ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ। ਲਾਲ ਸਿੰਘ ਨੇ ਕਿਹਾ ਕਿ ਦੂਲੋ ਪੁੱਤਰ ਲਈ ਟਿਕਟ ਮੰਗ ਰਹੇ ਸਨ ਤੇ ਨਾ ਮਿਲਣ ਕਾਰਨ ਉਨ੍ਹਾਂ ਪਾਰਟੀ ਨੂੰ ਸਹਿਯੋਗ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੂਲੋ ਦੇ ਪਾਰਟੀ ਤੋਂ ਬਾਹਰ ਹੋਣ ਨਾਲ ਪਾਰਟੀ ਨੂੰ ਨੁਕਸਾਨ ਨਹੀਂ, ਫ਼ਾਇਦਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ’ਚ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਚੇਅਰਮੈਨਾਂ ਦੀ ਕਾਰਗੁਜ਼ਾਰੀ ਦੀ ਸਮੀਖ਼ਿਆ ਕਰੇਗੀ ਤੇ ਮਾੜੀ ਕਾਰਗੁਜ਼ਾਰੀ ਵਾਲਿਆਂ ਖ਼ਿਲਾਫ਼ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਤਹਿਤ ਪਾਰਟੀ ਦੇ ਸੀਨੀਅਰ ਆਗੂ, ਜਿਨ੍ਹਾਂ ਦੀ ਪਤਨੀ ਤੇ ਲੜਕਾ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ, ਖ਼ਿਲਾਫ਼ ਵੀ ਕਾਰਵਾਈ ਕਰਨੀ ਬਣਦੀ ਹੈ। ਇਹ ਪੁੱਛੇ ਜਾਣ ’ਤੇ ਕਿ ਜੇ ਦੂਲੋ ਅਸਤੀਫ਼ਾ ਨਹੀਂ ਦਿੰਦੇ ਤਾਂ ਕੀ ਕਾਰਵਾਈ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਦੂਲੋ ਆਲ ਇੰਡੀਆ ਕਾਂਗਰਸ ਕਮੇਟੀ ਅਤੇ ਰਾਜ ਸਭਾ ਦੇ ਮੈਂਬਰ ਹਨ। ਉਨ੍ਹਾਂ ਖ਼ਿਲਾਫ਼ ਕਾਰਵਾਈ ਦਾ ਹੱਕ ਕਾਂਗਰਸ ਹਾਈ ਕਮਾਨ ਨੂੰ ਹੈ। ਲਾਲ ਸਿੰਘ ਨੇ ਕਿਹਾ ਕਿ ਦੂਲੋ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ। ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨਾਲ ਜਦ ਲਾਲ ਸਿੰਘ ਦੇ ਬਿਆਨ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਅੱਜ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਭਲਕੇ ਬਕਾਇਦਾ ਇਸ ਦਾ ਜਵਾਬ ਦੇਣਗੇ।

Leave a Reply

Your email address will not be published.