ਮੁੱਖ ਖਬਰਾਂ
Home / ਭਾਰਤ / ਚੋਣ ਕਮਿਸ਼ਨ ਨੇ ਦੇਸ਼ ਦੇ ਲੋਕਾਂ ਨੂੰ ‘ਨਿਰਾਸ਼’ ਕੀਤਾ: ਚਿਦੰਬਰਮ

ਚੋਣ ਕਮਿਸ਼ਨ ਨੇ ਦੇਸ਼ ਦੇ ਲੋਕਾਂ ਨੂੰ ‘ਨਿਰਾਸ਼’ ਕੀਤਾ: ਚਿਦੰਬਰਮ

Spread the love

ਨਵੀਂ ਦਿੱਲੀ-ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੀਆਂ ਵਧੀਕੀਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੁਬੋਲਾਂ ਨੂੰ ‘ਮੂਕ ਦਰਸ਼ਕ’ ਬਣ ਕੇ ਵੇਖ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲ ਨਾਲ ਜੁੜੀ ਸੰਸਥਾ ਨੇ ਭਾਰਤ ਦੇ ਲੋਕਾਂ ਨੂੰ ‘ਪੂਰੀ ਤਰ੍ਹਾਂ ਨਿਰਾਸ਼’ ਕੀਤਾ ਹੈ। ਮੁਲਕ ਦੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਰਾਸ਼ਟਰਵਾਦ ਦੀ ਤਖ਼ਤੀ ਹੇਠ ਐਨਡੀਏ ਸਰਕਾਰ ਦੀਆਂ ਨਾਕਾਮੀਆਂ ਨੂੰ ਲੁਕਾਉਣ ਦਾ ਯਤਨ ਕਰ ਰਹੀ ਹੈ। ਸ੍ਰੀ ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਭਾਜਪਾ ਐਤਕੀਂ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੇਗੀ। ਉਨ੍ਹਾਂ ਕਿਹਾ ਕਿ ਸਥਿਰ ਸਰਕਾਰ ਦੀ ਕਾਇਮੀ ਲਈ ਸਪਾ, ਬਸਪਾ ਤੇ ਤ੍ਰਿਣਮੂਲ ਕਾਂਗਰਸ ਜਿਹੀਆਂ ਗੈਰ-ਭਾਜਪਾ ਪਾਰਟੀਆਂ ਕਾਂਗਰਸ ਨਾਲ ਹੱਥ ਮਿਲਾਉਣਗੀਆਂ। ਸ੍ਰੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਜਾਤ ਦੀ ਸਿਆਸਤ ਵਿੱਚ ਨਾ ਪੈਣ’ ਦੀ ਟਿੱਪਣੀ ਤੇ ਖੁ਼ਦ ਨੂੰ ਚਾਹ ਵਾਲਾ ਦੱਸਣ ’ਤੇ ਤਿੱਖੀ ਨੁਕਤਾਚੀਨੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਉਹ ਲੋਕਾਂ ਨੂੰ ‘ਮੂਰਖ’ ਸਮਝਦੇ ਹਨ ਕਿ ਉਨ੍ਹਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ।
ਸ੍ਰੀ ਚਿਦੰਬਰਮ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ, ‘ਮੇਰੀ ਮੰਨੋ ਤਾਂ ਚੋਣ ਕਮਿਸ਼ਨ ਨੇ ਭਾਰਤ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਭਾਜਪਾ ਦੀਆਂ ਵਧੀਕੀਆਂ, ਸ੍ਰੀ ਮੋਦੀ ਦੇ ਕੁਬੋਲਾਂ ਤੇ ਭਾਜਪਾ ਵੱਲੋਂ ਚੋਣਾਂ ’ਤੇ ਖਰਚ ਕੀਤੇ ਜਾ ਰਹੇ ਅੰਨ੍ਹੇ ਪੈਸੇ ਨੂੰ ‘ਮੂਕ ਦਰਸ਼ਕ’ ਬਣ ਕੇ ਵੇਖ ਰਿਹਾ ਹੈ।’ ਵਿਰੋਧੀ ਪਾਰਟੀਆਂ ਨੇ ਅਜੇ ਪਿੱਛੇ ਜਿਹੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਵਿੱਚ ਪ੍ਰਧਾਨ ਮੰਤਰੀ ਵੱਲੋਂ ਆਪਣੀ ਚੋਣ ਤਕਰੀਰਾਂ ’ਚ ਹਥਿਆਰਬੰਦ ਫੌਜਾਂ ਦਾ ਜ਼ਿਕਰ ਕਰਕੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ ਵੱਲ ਧਿਆਨ ਦਿਵਾਇਆ ਸੀ। ਕਾਂਗਰਸ ਨੇ ਕਿਹਾ ਸੀ ਕਿ ਉਹ ਚੋਣ ਕਮਿਸ਼ਨ ਨਾਲ 37 ਵਾਰ ਰਾਬਤਾ ਕਰ ਚੁੱਕੀ ਹੈ ਤੇ ਇਨ੍ਹਾਂ ਵਿੱਚੋਂ 10 ਸ਼ਿਕਾਇਤਾਂ ਅਜਿਹੀਆਂ ਹਨ ਜੋ ਸ੍ਰੀ ਮੋਦੀ ਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਕੀਤੀਆਂ ਤਕਰੀਰਾਂ ਨਾਲ ਸਬੰਧਤ ਹਨ, ਜਿਨ੍ਹਾਂ ਨੂੰ ‘ਨਫਰਤੀ ਤਕਰੀਰਾਂ, ਧਰੁਵੀਕਰਨ, ਵੰਡੀਆਂ ਆਦਿ ਸ਼੍ਰੇਣੀਆਂ ਵਿੱਚ ਰੱਖਿਆ ਜਾ ਸਕਦਾ ਹੈ।
ਸ੍ਰੀ ਚਿਦੰਬਰਮ ਨੇ ਇੰਟਰਵਿਊ ਦੌਰਾਨ ਲੋਕ ਸਭਾ ਚੋਣਾਂ ਮਗਰੋਂ ਯੂਪੀਏ-3 ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ, ਆਮਦਨ ਕਰ ਵਿਭਾਗ, ਸੀਬੀਆਈ ਤੇ ਈਡੀ ਵੱਲੋਂ ਵਿਰੋਧੀ ਆਗੂਆਂ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਆਦਿ ਸਮੇਤ ਹੋਰ ਕਈ ਮੁੱਦਿਆਂ ਬਾਬਤ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਚੋਣਾਂ ਮੌਕੇ ਆਮਦਨ ਕਰ ਵਿਭਾਗ, ਸੀਬਆਈ ਤੇ ਈਡੀ ਦੀ ਖੁੱਲ੍ਹ ਕੇ ਦੁਰਵਰਤੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਹਰੇਕ ਰੈਲੀ ਦਸ ਕਰੋੜ ਰੁਪਏ ਵਿੱਚ ਪੈ ਰਹੀ ਹੈ। ਇਹ ਪੈਸਾ ਕਿੱਥੋਂ ਆ ਰਿਹਾ ਹੈ? ਇਨ੍ਹਾਂ ਰੈਲੀਆਂ ਲਈ ਅਦਾਇਗੀ ਕੌਣ ਕਰ ਰਿਹਾ ਹੈ?।

Leave a Reply

Your email address will not be published.