ਮੁੱਖ ਖਬਰਾਂ
Home / ਮੁੱਖ ਖਬਰਾਂ / ਖਹਿਰਾ ਵਲੋਂ ਵਿਧਾਇਕੀ ਤੋਂ ਅਚਾਨਕ ‘ਅਸਤੀਫ਼ਾ’

ਖਹਿਰਾ ਵਲੋਂ ਵਿਧਾਇਕੀ ਤੋਂ ਅਚਾਨਕ ‘ਅਸਤੀਫ਼ਾ’

Spread the love

ਚੰਡੀਗੜ੍ਹ-ਸ. ਸੁਖਪਾਲ ਸਿੰਘ ਖਹਿਰਾ, ਜਿਨ੍ਹਾਂ ਨੂੰ 4 ਮਹੀਨਿਆਂ ਤੋਂ ਦਲ ਬਦਲੂ ਵਿਰੋਧੀ ਕਾਨੂੰਨ ਅਧੀਨ ਪੰਜਾਬ ਵਿਧਾਨ ਸਭਾ ਦੀ ਮੈਂਬਰੀ ਤੋਂ ਅਯੋਗ ਠਹਿਰਾਉਣ ਦੇ ਸਬੰਧ ਵਿਚ ‘ਕਾਰਨ ਦੱਸੋ ਨੋਟਿਸ’ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਨੇ ਵਿਧਾਇਕੀ ਤੋਂ ਅਚਾਨਕ ਅਸਤੀਫ਼ਾ ਦੇ ਦਿੱਤਾ ਤੇ ਦਲੀਲ ਦਿੱਤੀ ਕਿ ਉਹ ਬਠਿੰਡਾ ਤੋਂ ਲੋਕ ਸਭਾ ਦੀ ਚੋਣ ਲੜਨੀ ਚਾਹੁੰਦੇ ਹਨ ਤੇ ਇਖ਼ਲਾਕੀ ਆਧਾਰ ‘ਤੇ ਅਸਤੀਫ਼ਾ ਦੇ ਕੇ ਨਵੇਂ ਮਿਆਰ ਕਾਇਮ ਕਰਨਾ ਚਾਹੁੰਦੇ ਹਨ | ਉਨ੍ਹਾਂ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਤਿੰਨ ਪੰਨਿਆਂ ਦਾ ਅਸਤੀਫ਼ਾ ਅੰਗਰੇਜ਼ੀ ‘ਚ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਮੇਰਾ ਇਹ ਅਸਤੀਫ਼ਾ ਤੁਰੰਤ ਪ੍ਰਵਾਨ ਕਰ ਲਿਆ ਜਾਏ | ਮੈਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਵਜੋਂ 26 ਅਪੈ੍ਰਲ ਨੂੰ ਆਪਣੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਨ ਵਾਲਾ ਹਾਂ | ਇਸ ਅਸਤੀਫ਼ਾ ਨੁਮਾ ਚਿੱਠੀ ਵਿਚ ਸ. ਖਹਿਰਾ ਨੇ ਅਕਾਲੀ – ਭਾਜਪਾ ਗਠਜੋੜ ਦੀ ਸਾਬਕਾ ਤੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ‘ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ | ਖਹਿਰਾ ਨੇ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਬਹਿਬਲ ਕਲਾਂ ਕਾਂਡ ਨੂੰ ੂ ਲੈ ਕੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ | ਅਜੇ ਕੁਝ ਦਿਨ ਪਹਿਲਾਂ ਹੀ ਖਹਿਰਾ ਨੇ ਸਪੀਕਰ ਸ੍ਰੀ ਰਾਣਾ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਸੀ ਕਿ ਮੇਰੇ ਵਿਰੁੱਧ ਜੋ 2 ਪਟੀਸ਼ਨਾਂ ਤੁਹਾਡੇ ਵਿਚਾਰ ਅਧੀਨ ਹਨ ਉਨ੍ਹਾਂ ਦਾ ਉੱਤਰ ਦੇਣ ਲਈ ਮੈਨੂੰ ਹੋਰ ਸਮਾਂ ਦਿੱਤਾ ਜਾਏ ਤਾਂ ਕਿ ਲੋਕ ਸਭਾ ਦੀਆਂ ਚੋਣਾਂ ਬਾਰੇ ਚੱਲ ਰਹੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਪਿੱਛੋਂ ਮੈਂ ਵਿਸਥਾਰਪੂਰਵਕ ਉੱਤਰ ਦੇ ਸਕਾਂ | ਸਪੀਕਰ ਨੇ ਉਨ੍ਹਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਸੀ ਪਰ ਇਨ੍ਹਾਂ ਸਾਰੀਆਂ ਗੱਲਾਂ ‘ਤੇ ਸਪੀਕਰ ਵਲੋਂ ਦਿਖਾਈ ਗਈ ਖੁੱਲ੍ਹਦਿਲੀ ਦੀ ਅੱਜ ਉਨ੍ਹਾਂ ਲੰਬੇ ਚੌੜੇ ਅਫ਼ਸਾਨੇ ਦੀ ਸ਼ਕਲ ਵਿਚ ਅਚਾਨਕ ‘ਅਸਤੀਫ਼ਾ’ ਦੇਣਾ ਹੀ ਉੱਚਿਤ ਸਮਝਿਆ | ਦਰਿਆਫ਼ਤ ਕਰਨ ‘ਤੇ ਵਿਧਾਨ ਸਭਾ ਸਕੱਤਰੇਤ ਵਲੋਂ ‘ਅਜੀਤ’ ਨੂੰ ਦੱਸਿਆ ਗਿਆ ਕਿ ਸਪੀਕਰ ਇਸ ‘ਅਸਤੀਫ਼ੇ’ ਬਾਰੇ ਅਗਲੇ ਕਦਮ ਦਾ ਫ਼ੈਸਲਾ ਸੋਚ ਸਮਝ ਕੇ ਕਾਨੂੰਨ ਤੇ ਨਿਯਮਾਂ ਅਨੁਸਾਰ ਕਰਨਗੇ |
ਬਹਾਨੇ ਨਾ ਬਣਾਓ -ਸੰਧਵਾਂ
ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿਚ ‘ਆਪ’ ਗਰੁੱਪ ਦੇ ਚੀਫ਼ ਵਿ੍ਹਪ ਸ. ਕੁਲਤਾਰ ਸਿੰਘ ਸੰਧਵਾਂ ਨੇ ਸ. ਖਹਿਰਾ ਦੇ ਅੱਜ ਦੇ ਕਦਮ ਨੂੰ ਬਹਾਨੇਬਾਜ਼ੀ ਤੇ ਡਰਾਮੇਬਾਜ਼ੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਸ. ਖਹਿਰਾ ਨੂੰ ਇੱਧਰ-ਉੱਧਰ ਦੀਆਂ ਗੱਲਾਂ ਕਰਨ ਦੀ ਬਜਾਏ ਘੱਟੋ-ਘੱਟ ਹੁਣ ਤਾਂ ਸਿੱਧੇ ਤੌਰ ‘ਤੇ ਸਪੀਕਰ ਨੂੰ ਤੁਰੰਤ ਮਿਲ ਕੇ ਵਿਧਾਇਕੀ ਤੋਂ ‘ਇਫ ਐਾਡ ਬਟਸ’ ਲਾਏ ਬਿਨਾਂ 2 ਲਾਈਨਾਂ ਵਾਲਾ ਅਸਤੀਫ਼ਾ ਦੇਣਾ ਚਾਹੀਦਾ ਹੈ’ ਜਿਸ ਨੂੰ ਸਪੀਕਰ ਵਲੋਂ ਤੁਰੰਤ ਪ੍ਰਵਾਨ ਕਰ ਲੈਣਾ ਚਾਹੀਦਾ ਹੈ | ਉਨ੍ਹਾਂ ਇਸ ਗੱਲ ‘ਤੇ ਦੁੱਖ ਪ੍ਰਗਟ ਕੀਤਾ ਕਿ ਸਪੀਕਰ ਨੇ ਵੀ ਹੁਣ ਤੱਕ ਖਹਿਰਾ ਦੇ ਕੇਸ ਨੂੰ ਨਿਪਟਾਉਣ ਵਿਚ ਪਤਾ ਨਹੀਂ ਕਿਉਂ ਦੇਰੀ ਕੀਤੀ |

Leave a Reply

Your email address will not be published.