ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਸਿੱਖ ਸੱਭਿਆਚਾਰ ਦੇ ਰੰਗ ’ਚ ਰੰਗਿਆ ਗਿਆ ਟਾਈਮਜ਼ ਸਕੁਏਅਰ

ਸਿੱਖ ਸੱਭਿਆਚਾਰ ਦੇ ਰੰਗ ’ਚ ਰੰਗਿਆ ਗਿਆ ਟਾਈਮਜ਼ ਸਕੁਏਅਰ

Spread the love

ਨਿਊਯਾਰਕ-ਟਾਈਮਜ਼ ਸਕੁਏਅਰ ਉਸ ਸਮੇਂ ਸਿੱਖ ਸੱਭਿਆਚਾਰ ਦੇ ਰੰਗਾਂ ਤੇ ਰਵਾਇਤਾਂ ’ਚ ਰੰਗਿਆ ਗਿਆ ਜਦੋਂ ਵੱਡੀ ਗਿਣਤੀ ’ਚ ਸਿੱਖ ਭਾਈਚਾਰੇ ਦੇ ਲੋਕਾਂ ਨੇ ਦਸਤਾਰ ਦਿਵਸ ਮੌਕੇ ਨਿਊਯਾਰਕ ਵਾਸੀਆਂ ਤੇ ਸੈਲਾਨੀਆਂ ਦੇ ਦਸਤਾਰਾਂ ਬੰਨ੍ਹੀਆਂ। ਇਸ ਦਾ ਮਕਸਦ ਸਿੱਖਾਂ ਦੀ ਪਛਾਣ ਬਾਰੇ ਜਾਗਰੂਕਤਾ ਫੈਲਾਉਣਾ ਹੈ।
ਸਿੱਖ ਜਥੇਬੰਦੀ ‘ਦਿ ਸਿੱਖਜ਼ ਆਫ ਨਿਊਯਾਰਕ’ ਨੇ ਨਿਊਯਾਰਕ ’ਚ ਭਾਰਤ ਦੇ ਕੌਂਸੁਲੇਟ ਜਨਰਲ ਨਾਲ ਮਿਲ ਕੇ ਬੀਤੇ ਦਿਨ ਸਾਲਾਨਾ ਦਸਤਾਰ ਦਿਵਸ ਸਬੰਧੀ ਸਮਾਗਮ ਕਰਵਾਇਆ। ਇਸ ਸਾਲ ਦਸਤਾਰ ਦਿਵਸ ਵਿਸਾਖੀ ਤੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਮਨਾਇਆ ਗਿਆ। ਨਿਊਯਾਰਕ ’ਚ ਭਾਰਤ ’ਚ ਉਪ ਕੌਂਸੁਲੇਟ ਜਨਰਲ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਦੂਤਾਵਾਸ ਗੁਰਬਾਣੀ ਕੀਰਤਨ ਸਮਾਗਮ ਨਾਲ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਨਾਲ ਨਾਲ ਵਿਸਾਖੀ ਮਨਾਉਣ ਲਈ ਦੂਤਾਵਾਸ ਨੇ ਦਸਤਾਰ ਦਿਵਸ ’ਤੇ ਦਿ ਸਿੱਖਜ਼ ਆਫ ਨਿਊਯਾਰਕ ਨਾਲ ਕੰਮ ਕੀਤਾ ਹੈ।
ਸ੍ਰੀ ਸਿਨਹਾ ਨੇ ਕਿਹਾ ਕਿ ਇਸ ਸਮਾਗਮ ’ਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕਰਕੇ ਦਸਤਾਰਾਂ ਬੰਨ੍ਹੀਆਂ ਤੇ ਇਸ ਸਮੇਂ ਬਹੁਤ ਵਧੀਆ ਮਾਹੌਲ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਗੁਰੂ ਨਾਨਕ ਦੇਵ ਦੀਆਂ ਆਲਮੀ ਭਾਈਚਾਰੇ ਤੇ ਮਨੁੱਖਤਾ ਬਾਰੇ ਸਿੱਖਿਆਵਾਂ ਦਾ ਪ੍ਰਚਾਰ ਕਰਨ ਦਾ ਇਸ ਤੋਂ ਵਧੀਆ ਢੰਗ ਕੋਈ ਹੋਰ ਨਹੀਂ ਹੋ ਸਕਦਾ ਸੀ।
ਜ਼ਿਕਰਯੋਗ ਹੈ ਕਿ 2013 ’ਚ ਬਰੁਚ ਕਾਲਜ ’ਚ ਦਸਤਾਰ ਦਿਵਸ ਦੀ ਸ਼ੁਰੂਆਤ ਹੋਈ ਸੀ ਤੇ ਇਸ ਦਾ ਮਕਸਦ ਸਿੱਖ ਧਰਮ ਤੇ ਸਿੱਖ ਭਾਈਚਾਰੇ ਦੀ ਪਛਾਣ ਬਾਰੇ ਲੋਕਾਂ ਨੂੰ ਸਿੱਖਿਅਤ ਕਰਨਾ ਸੀ। ਸਿੱਖਜ਼ ਆਫ ਨਿਊਯਾਰਕ ਦੇ ਸਹਿ-ਸੰਸਥਾਪਕ ਚੰਨਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸੱਤ ਸਾਲ ਤੋਂ ਹਰ ਸਾਲ ਸ਼ਹਿਰ ਵਿੱਚ ਦਸਤਾਰ ਦਿਵਸ ਮਨਾਇਆ ਜਾ ਰਿਹਾ ਹੈ ਤੇ ਲੋਕਾਂ ’ਚ ਸਿੱਖਾਂ ਦੀ ਪਛਾਣ ਸਥਾਪਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਸਾਲਾਂ ਤੋਂ ਮਨਾਏ ਜਾ ਰਹੇ ਦਸਤਾਰ ਦਿਵਸ ਸਮਾਗਮਾਂ ਵਿੱਚ 38 ਹਜ਼ਾਰ ਤੋਂ ਵੱਧ ਲੋਕਾਂ ਨੇ ਦਸਤਾਰ ਸਜਾਈ ਹੈ।

Leave a Reply

Your email address will not be published.