Home / ਮੁੱਖ ਖਬਰਾਂ / ਵਿਸਾਖੀ ਮੌਕੇ ਤਖ਼ਤ ਕੇਸਗੜ੍ਹ ’ਚ ਛੇ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ

ਵਿਸਾਖੀ ਮੌਕੇ ਤਖ਼ਤ ਕੇਸਗੜ੍ਹ ’ਚ ਛੇ ਲੱਖ ਤੋਂ ਵੱਧ ਸ਼ਰਧਾਲੂ ਨਤਮਸਤਕ

Spread the love

ਸ੍ਰੀ ਆਨੰਦਪੁਰ ਸਾਹਿਬ-ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਾਲ 1999 ਵਿੱਚ ਮਨਾਏ ਗਏ 300 ਸਾਲਾ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 19 ਸਾਲਾਂ ਬਾਅਦ ਪਹਿਲੀ ਵਾਰ ਸੰਗਤ ਦਾ ਵੱਡਾ ਜਮਾਵੜਾ ਦੇਖਿਆ ਗਿਆ ਹੈ। ਆਲਮ ਇਹ ਸੀ ਕਿ ਗੁਰੂ ਨਗਰੀ ਜਿੱਥੇ ਖਾਲਸਾਈ ਰੰਗ ਵਿੱਚ ਰੰਗੀ ਰਹੀ ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਤੇ ਖੁਫੀਆ ਵਿਭਾਗ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ। ਜ਼ਿਕਰਯੋਗ ਹੈ ਕਿ ਵਿਸਾਖੀ ਮੌਕੇ ਸਾਲ 1699 ਵਿੱਚ ਗੁਰੂ ਗੋਬਿੰਦ ਸਿੰਘ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੀ ਖਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖਾਂ ਅੰਦਰ ਨਿਆਰਾਪਨ ਲਿਆਂਦਾ ਸੀ ਅਤੇ ਇਹੀ ਕਾਰਨ ਹੈ ਕਿ ਵਿਸਾਖੀ ਦਾ ਖ਼ਾਸ ਸਬੰਧ ਸ੍ਰੀ ਆਨੰਦਪੁਰ ਸਾਹਿਬ ਨਾਲ ਰਿਹਾ ਹੈ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਧਿਕਾਰਤ ਤੌਰ ’ਤੇ ਵਿਸਾਖੀ ਮੌਕੇ ਸੰਗਤ ਨੂੰ ਖਾਲਸੇ ਦੇ ਜਨਮ ਸਥਾਨ ’ਤੇ ਨਤਮਸਤਕ ਹੋਣ ਬਾਰੇ ਅਖਬਾਰਾਂ ਜਾਂ ਟੀਵੀ ਚੈਨਲਾਂ ’ਤੇ ਕੋਈ ਇਸ਼ਤਿਹਾਰ ਨਹੀਂ ਦਿੱਤਾ ਪਰ ਇਹ ਸ਼ਰਧਾ ਹੀ ਸੀ ਜੋ ਇਸ ਵਾਰ ਵੀ ਲੱਖਾਂ ਸ਼ਰਧਾਲੂਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲ ਖਿੱਚ ਕੇ ਲੈ ਆਈ। ਤਖ਼ਤ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਸਾਖੀ ਮੌਕੇ ਲੱਗੇ ਜੋੜ ਮੇਲੇ ਦੌਰਾਨ ਹੁਣ ਤੱਕ ਛੇ ਲੱਖ ਤੋਂ ਵੱਧ ਸੰਗਤ ਨਤਮਸਤਕ ਹੋ ਚੁੱਕੀ ਹੈ ਜਦੋਂਕਿ 15 ਅਪਰੈਲ ਤੱਕ ਸੰਗਤ ਦੀ ਆਮਦ ਇਸੇ ਤਰ੍ਹਾਂ ਬਰਕਰਾਰ ਰਹਿਣ ਦੀ ਆਸ ਹੈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਦੁਨੀਆਂ ਦੇ ਹੋਰ ਧਰਮ ਆਪੋ-ਆਪਣੇ ਧਰਮ ਦੀ ਚੜ੍ਹਦੀਕਲਾ ਅਤੇ ਤਰੱਕੀ ਲਈ ਯਤਨਸ਼ੀਲ ਹਨ ਪਰ ਖਾਲਸਾ ਪੰਥ ਆਪਣੇ ਗੁਰੂ ਦੇ ਹੁਕਮ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਨਹੀਂ ਹੋ ਰਿਹਾ, ਬਲਕਿ ਕਈ ਪੰਥ ਦੋਖੀ ਲੋਕ ਅੱਜ ਸਾਡੇ ਸਿਧਾਂਤ, ਸਾਡੀ ਕੁਰਬਾਨੀ ਅਤੇ ਸਾਡੇ ਇਤਿਹਾਸ ਨੂੰ ਸੱਟ ਮਾਰਨ ਦੀਆਂ ਕੋਝੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸਾਨੂੰ ਆਪਣੇ ਗੁਰੂ ਦੀ ਸ਼ਕਤੀ ’ਤੇ ਭਰੋਸਾ ਹੈ ਕਿ ਇਨ੍ਹਾਂ ਲੋਕਾਂ ਦੀਆਂ ਚਾਲਾਂ ਕਾਮਯਾਬ ਨਹੀਂ ਹੋਣਗੀਆਂ।

Leave a Reply

Your email address will not be published.