ਮੁੱਖ ਖਬਰਾਂ
Home / ਪੰਜਾਬ / ਹੁਣ ਸੂਰਤ ਤੋਂ ਆਉਣ ਵਾਲੇ ਕੱਪੜੇ ਦੇ ਲਿਫਾਫਿਆਂ ’ਤੇ ਲਿਖਿਆ ‘ਨਮੋ ਅਗੇਨ’

ਹੁਣ ਸੂਰਤ ਤੋਂ ਆਉਣ ਵਾਲੇ ਕੱਪੜੇ ਦੇ ਲਿਫਾਫਿਆਂ ’ਤੇ ਲਿਖਿਆ ‘ਨਮੋ ਅਗੇਨ’

Spread the love

ਲੁਧਿਆਣਾ-ਬ੍ਰਾਂਡਿੰਗ ’ਚ ਹਮੇਸ਼ਾ ਨੰਬਰ-1 ਰਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਅਰਿਆਂ ਦੇ ਨਾਲ ਹੁਣ ਸੂਰਤ ਤੋਂ ਆਉਣ ਵਾਲੇ ਕੱਪੜੇ ਦੇ ਲਿਫ਼ਾਫ਼ੇ ਵੀ ਰੰਗੇ ਗਏ ਹਨ। ਸੂਰਤ ਦੀਆਂ ਕੱਪੜਾ ਮਿੱਲਾਂ ਤੋਂ ਆਉਣ ਵਾਲੇ ਲਿਫਾਫਿਆਂ ’ਤੇ ‘ਨਮੋ ਅਗੇਨ’ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਨਾਅਰੇ ਲਿਖੇ ਹੋਏ ਹਨ। ‘ਨਮੋ ਅਗੇਨ’ ਭਾਜਪਾ ਦੀ ਇਨ੍ਹਾਂ ਚੋਣਾਂ ਸਬੰਧੀ ਵੱਡੀ ਮੁਹਿੰਮ ਹੈ, ਜਿਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਇਹ ਲਿਫਾਫੇ ਗਾਹਕਾਂ ਨੂੰ ਤਾਂ ਨਹੀਂ ਦਿੱਤੇ ਜਾ ਰਹੇ, ਪਰ ਦੁਕਾਨਦਾਰਾਂ ਤੱਕ ਸਿੱਧੇ ਜ਼ਰੂਰ ਪੁੱਜ ਰਹੇ ਹਨ ਤੇ ਉਥੇ ਖਰੀਦਾਰੀ ਕਰਨ ਆਉਣ ਵਾਲੇ ਲੋਕ ਇਸ ਇਸ਼ਤਿਹਾਰਬਾਜ਼ੀ ਤੋਂ ਹੈਰਾਨ ਵੀ ਹਨ। ਦਰਅਸਲ, ਲੋਕ ਸਭਾ ਚੋਣਾਂ 2019 ਦੇ ਆਗਾਜ਼ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ‘ਨਮੋ ਅਗੇਨ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਤਹਿਤ ਭਾਜਪਾ ਵੱਲੋਂ ਟੋਪੀਆਂ, ਟੀ-ਸ਼ਰਟਾਂ, ਬੈਜ ਤੇ ਪੈੱਨ ਬਣਾ ਕੇ ਮਸ਼ਹੂਰੀ ਕੀਤੀ ਜਾ ਰਹੀ ਸੀ, ਪਰ ਹੁਣ ਸੂਰਤ (ਗੁਜਰਾਤ) ਦੇ ਕੱਪੜਾ ਵਪਾਰੀਆਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਚੁਣਾਵੀਂ ਪ੍ਰਚਾਰ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਪਿਛਲੇ ਕਈ ਦਿਨਾਂ ਤੋਂ ਸੂਰਤ ਦੀਆਂ ਕੱਪੜਾ ਮਿੱਲਾਂ ਤੋਂ ਜੋ ਵੀ ਕੱਪੜੇ ਦੇ ਥਾਨ ਆ ਰਹੇ ਹਨ, ਉਨ੍ਹਾਂ ’ਤੇ ਲੱਗੇ ਲਿਫਾਫਿਆਂ ’ਤੇ ਪਹਿਲਾਂ ਕੱਪੜਾ ਮਿੱਲਾਂ ਦਾ ਨਾਂ ਲਿਖਿਆ ਹੁੰਦਾ ਸੀ ਪਰ ਹੁਣ ਇਸ ’ਤੇ ‘ਨਮੋ ਅਗੇਨ’ ਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਲਿਖਿਆ ਆ ਰਿਹਾ ਹੈ।
ਲੁਧਿਆਣਾ ਵਿੱਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਕੁਲਵੰਤ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਪਿੜ ਭਖਿਆ ਹੈ, ਉਸ ਤੋਂ ਕੁੱਝ ਦਿਨ ਬਾਅਦ ਹੀ ਲੁਧਿਆਣਾ ਦੀ ਕੱਪੜਾ ਮੰਡੀ ਵਿਚ ਆਉਣ ਵਾਲੇ ਕੱਪੜਿਆਂ ਦੇ ਲਿਫ਼ਾਫ਼ੇ ਮੋਦੀ ਦੇ ਪ੍ਰਚਾਰ ਦੇ ਰੰਗ ਵਿੱਚ ਰੰਗ ਗਏ ਸਨ। ਹਰ ਲਿਫਾਫੇ ’ਤੇ ‘ਨਮੋ ਅਗੇਨ’ ਲਿਖਿਆ ਆ ਰਿਹਾ ਹੈ। ਉਨ੍ਹਾਂ ਨੂੰ ਇਹ ਤਾਂ ਨਹੀਂ ਪਤਾ ਕਿ ਇਹ ਭਾਜਪਾ ਖ਼ੁਦ ਲਿਖਵਾ ਰਹੀ ਹੈ ਜਾਂ ਸੂਰਤ ਦੇ ਕੱਪੜਾ ਮਿੱਲ ਵਪਾਰੀ ਆਪਣੇ ਪੱਧਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਚਾਰ ਕਰ ਰਹੇ ਹਨ ਪਰ ਉਹ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਮੋਦੀ ਦਾ ਕਿਸ ਤਰੀਕਿਆਂ ਨਾਲ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਲਿਫਾਫੇ ਗਾਹਕਾਂ ਕੋਲ ਤਾਂ ਨਹੀਂ ਜਾ ਰਹੇ, ਪਰ ਸੈਂਕੜੇ ਦੁਕਾਨਦਾਰਾਂ ਤੇ ਉਨ੍ਹਾਂ ਦੇ ਵਰਕਰਾਂ ਕੋਲ ਜ਼ਰੂਰ ਪਹੁੰਚ ਰਹੇ ਹਨ, ਜਿਸ ਜ਼ਰੀਏ ਭਾਜਪਾ ਦੀ ‘ਨਮੋ ਅਗੇਨ’ ਮੁਹਿੰਮ ਦਾ ਪ੍ਰਚਾਰ ਹੋ ਰਿਹਾ ਹੈ।
ਲੁਧਿਆਣਾ ਕੱਪੜੇ ਦੀ ਹੋਲਸੇਲ ਤੇ ਰਿਟੇਲ ਦੀ ਵੱਡੀ ਮੰਡੀ ਹੈ। ਇੱਥੇ ਰੋਜ਼ਾਨਾ ਸੈਂਕੜੇ ਥਾਨ ਕੱਪੜਾ ਸੂਰਤ ਦੀਆਂ ਵੱਖ ਵੱਖ ਮਿੱਲਾਂ ਤੋਂ ਲੁਧਿਆਣਾ ਆਉਂਦਾ ਹੈ। ਸੂਰਤ ਦੇ ਨਾਲ ਲੁਧਿਆਣਾ ਦਾ ਕਰੋੜਾਂ ਰੁਪਏ ਦਾ ਵਪਾਰ ਹੈ ਤੇ ਲੱਖਾਂ ਲੋਕ ਇਸ ਕਪੜੇ ਦੇ ਧੰਦੇ ਨਾਲ ਜੁੜੇ ਹੋਏ ਹਨ।

Leave a Reply

Your email address will not be published.