ਮੁੱਖ ਖਬਰਾਂ
Home / ਮੁੱਖ ਖਬਰਾਂ / ਸੰਤੋਖ ਚੌਧਰੀ ਦੇ ਮੁੱਦੇ ‘ਤੇ ਕੈਪਟਨ, ਜਾਖੜ ਤੇ ਰਾਹੁਲ ਗਾਂਧੀ ਦੀ ਚੁੱਪੀ ‘ਤੇ ‘ਆਪ’ ਨੇ ਚੁੱਕੇ ਸਵਾਲ

ਸੰਤੋਖ ਚੌਧਰੀ ਦੇ ਮੁੱਦੇ ‘ਤੇ ਕੈਪਟਨ, ਜਾਖੜ ਤੇ ਰਾਹੁਲ ਗਾਂਧੀ ਦੀ ਚੁੱਪੀ ‘ਤੇ ‘ਆਪ’ ਨੇ ਚੁੱਕੇ ਸਵਾਲ

Spread the love

ਚੰਡੀਗੜ੍ਹ- ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਦੇ ਜਲੰਧਰ ਤੋਂ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ ਆਪਣੇ ਰੁਤਬੇ ਦਾ ਗ਼ਲਤ ਇਸਤੇਮਾਲ ਕਰਨ ਤੇ ਕੰਮ ਕਰਵਾਉਣ ਬਦਲੇ ਪੈਸੇ ਮੰਗਣ ਨੂੰ ਭ੍ਰਿਸ਼ਟਾਚਾਰ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਜਿਸ ਢੀਠਤਾਈ ਨਾਲ ਚੁੱਪੀ ਧਾਰ ਰੱਖੀ ਹੈ, ਉਸ ਤੋਂ ਕਾਂਗਰਸ ਦੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਦੇ ਦਾਅਵੇ ਦਾ ਪਰਦਾਫਾਸ਼ ਹੋ ਚੁੱਕਾ ਹੈ।
ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਏ ਕਿ ਭ੍ਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਵਰਗੇ ਮੁੱਦਿਆਂ ‘ਤੇ ਰਾਹੁਲ ਗਾਂਧੀ, ਕੈਪਟਨ ਤੇ ਜਾਖੜ ਸਮੇਤ ਸਾਰੇ ਕਾਂਗਰਸੀ ਲੀਡਰ ਕਿਸ ਮੂੰਹ ਨਾਲ ਗੱਲ ਕਰਨਗੇ, ਜਦੋਂ ਉਹ ਆਪਣੇ ਭ੍ਰਿਸ਼ਟਾਚਾਰੀ ਸੰਸਦ ਮੈਂਬਰ ‘ਤੇ ਕਾਰਵਾਈ ਤਾਂ ਦੂਰ, ਉਸ ਬਾਰੇ ਮੂੰਹ ਖੋਲ੍ਹਣ ਤੋਂ ਵੀ ਬਚ ਰਹੇ ਹਨ ਜਿਹੜੇ ਇੱਕ ਟੀਵੀ ਚੈਨਲ ਦੇ ਸਟਿੰਗ ਆਪਰੇਸ਼ਨ ‘ਚ ਕੰਮ ਕਰਵਾਉਣ ਬਦਲੇ ਪੈਸੇ ਮੰਗਣ ਨੂੰ ਜਾਇਜ਼ ਸਮਝ ਰਹੇ ਹਨ।
ਚੀਮਾ ਨੇ ਕਿਹਾ ਕਿ ਕਾਂਗਰਸ ਹਾਈਕਮਾਨ ਸਮੇਤ ਪੰਜਾਬ ਦਾ ਹਰ ਕਾਂਗਰਸੀ ਲੋਕਾਂ ਦੀ ਕਚਿਹਰੀ ਤੇ ਮੀਡੀਆ ‘ਚ ਆਪਣਾ ਸਟੈਂਡ ਸਪਸ਼ਟ ਕਰੇ ਕਿ ਉਹ ਸੰਤੋਖ ਦੇ ਇਰਾਦਿਆਂ ਦੇ ਨਾਲ ਹਨ ਜਾਂ ਉਨ੍ਹਾਂ ਦਾ ਵਿਰੋਧ ਕਰਦਾ ਹੈ। ਰਿਵਾਇਤੀ ਦਲਾਂ, ਕਾਂਗਰਸ, ਭਾਜਪਾ ਤੇ ਅਕਾਲੀ ਦਲ ਦੀ ਨੀਤੀ ਤੇ ਨੀਅਤ ਇੰਨੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਉਹ ਨਾਜਾਇਜ਼ ਤੇ ਗੈਰ ਕਾਨੂੰਨੀ ਧੰਦਿਆਂ ਨੂੰ ਵੀ ‘ਜਾਇਜ਼’ ਸਮਝ ਕੇ ਚਲਾ ਰਹੇ ਹਨ।
ਚੀਮਾ ਨੇ ਚੇਤਾਵਨੀ ਦਿੰਦਿਆਂ ਬਗੈਰ ਦੇਰੀ ਕੀਤੇ ਸੰਤੋਖ ਸਿੰਘ ਚੌਧਰੀ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰਨ ਤੇ ਉਨ੍ਹਾਂ ਖਿਲਾਫ ਐਫਆਈਆਰ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਾਈਕੋਰਟ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਪੂਰੇ ਸਟਿੰਗ ਮਾਮਲੇ ਦੀ ਸਮਾਂਬੱਧ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

Leave a Reply

Your email address will not be published.