Home / ਮੁੱਖ ਖਬਰਾਂ / ਮਸੂਦ ਸਬੰਧੀ ਮਾਮਲਾ ਛੇਤੀ ਹੱਲ ਕਰ ਲਿਆ ਜਾਵੇਗਾ : ਚੀਨੀ ਰਾਜਦੂਤ

ਮਸੂਦ ਸਬੰਧੀ ਮਾਮਲਾ ਛੇਤੀ ਹੱਲ ਕਰ ਲਿਆ ਜਾਵੇਗਾ : ਚੀਨੀ ਰਾਜਦੂਤ

Spread the love

ਨਵੀਂ ਦਿੱਲੀ-ਭਾਰਤ ਵਿਚ ਚੀਨ ਦੇ ਰਾਜਦੂਤ ਲਿਓ ਝੇਂਗਹੂਈ ਨੇ ਐਤਵਾਰ ਨੂੰ ਆਸ ਪ੍ਰਗਟਾਈ ਕਿ ਪਾਕਿਸਤਾਨ ਦੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ‘ਚ ਕੌਮਾਂਤਰੀ ਅੱਤਵਾਦੀ ਐਲਾਨ ਕਰਵਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਨਾਲ ਸਬੰਧਤ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਅਸੀਂ ਇਸ ਮਸਲੇ ਨੂੰ ਸੁਲਝਾ ਲਵਾਂਗੇ | ਇਹ ਸਿਰਫ ਤਕਨੀਕੀ ਰੋਕ ਹੈ, ਜਿਸ ਦਾ ਮਤਲਬ ਹੈ ਕਿ ਇਸ ਬਾਰੇ ਹੋਰ ਵਿਚਾਰ ਕੀਤਾ ਜਾਵੇਗਾ | ਭਾਰਤ ਜਿਥੇ ਚੀਨ ‘ਤੇ ਇਸ ਮਾਮਲੇ ‘ਚ ਦਬਾਅ ਬਣਾਉਣ ‘ਚ ਕੋਈ ਕਸਰ ਨਹੀਂ ਛੱਡ ਰਿਹਾ ਹੈ, ਉਥੇ ਹੀ ਫਰਾਂਸ, ਅਮਰੀਕਾ ਅਤੇ ਬਰਤਾਨੀਆ ਵੀ ਲਗਾਤਾਰ ਚੀਨ ਨਾਲ ਇਸ ਬਾਰੇ ਗੱਲਬਾਤ ਕਰ ਰਿਹਾ ਹੈ | ਰਾਜਦੂਤ ਨੇ ਚੀਨੀ ਦੂਤਘਰ ‘ਚ ਹੋਲੀ ਦੇ ਪ੍ਰੋਗਰਾਮ ਦੌਰਾਨ ਵੱਖਰੇ ਤੌਰ ‘ਤੇ ਕਿਹਾ ਕਿ ਮਸੂਦ ਅਜ਼ਹਰ ਦੇ ਮਾਮਲੇ ਨੂੰ ਅਸੀਂ ਪੂਰੀ ਤਰ੍ਹਾਂ ਸਮਝ ਰਹੇ ਹਾਂ ਅਤੇ ਇਸ ਵਿਚ ਪੂਰਾ ਭਰੋਸਾ ਹੈ | ਅਸੀਂ ਇਸ ਮਾਮਲੇ ‘ਚ ਭਾਰਤ ਦੀ ਚਿੰਤਾ ਵੀ ਸਮਝਦੇ ਹਾਂ | ਸਾਨੂੰ ਪੂਰੀ ਤਰ੍ਹਾਂ ਭਰੋਸਾ ਹੈ ਕਿ ਇਹ ਮਾਮਲਾ ਜਲਦੀ ਸੁਲਝ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਹੋਇਆ ਵੁਹਾਨ ਸੰਮੇਲਨ ਸਹਿਯੋਗ ਸਹੀ ਦਿਸ਼ਾ ‘ਤੇ ਹੈ | ਅਸੀਂ ਸਹਿਯੋਗ ਤੋਂ ਸੰਤੁਸ਼ਟ ਹਾਂ ਅਤੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਹਾਂ | ਬੁੱਧਵਾਰ ਨੂੰ ਸੰਯੁਕਤ ਰਾਸ਼ਟਰ ਪ੍ਰੀਸ਼ਦ ‘ਚ ਫਰਾਂਸ, ਬਰਤਾਨੀਆ ਅਤੇ ਅਮਰੀਕਾ ਨੇ ਪ੍ਰਸਤਾਵ ਪੇਸ਼ ਕਰ ਕੇ ਅੱਤਵਾਦੀ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦੀ ਮੰਗ ਕੀਤੀ ਸੀ | ਇਸ ਪ੍ਰਸਤਾਵ ‘ਤੇ ਚੀਨ ਦੇ ਵੀਟੋ ਕਾਰਨ ਫਿਰ ਤੋਂ ਅੜਿੱਕਾ ਲੱਗ ਗਿਆ ਸੀ | ਭਾਰਤ ਨੇ ਚੀਨ ਵਲੋਂ ਵੀਟੋ ਲਾਉਣ ‘ਤੇ ਨਰਾਜ਼ਗੀ ਜ਼ਾਹਿਰ ਕੀਤੀ ਸੀ | ਭਾਰਤ ਨੇ ਕਿਹਾ ਸੀ ਕਿ ਉਹ ਇਸ ਮਾਮਲੇ ‘ਚ ਆਪਣੇ ਯਤਨ ਜਾਰੀ ਰੱਖੇਗਾ |

Leave a Reply

Your email address will not be published.