Home / ਮੁੱਖ ਖਬਰਾਂ / ਸ਼ਾਹ ਫ਼ੈਸਲ ਵੱਲੋਂ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ ਦਾ ਗਠਨ
Srinagar: Former IAS officer Shah Faesal with former JNU student leader and activist Shehla Rashid during a rally organised to launch a new political party 'Jammu and Kashmir Peoples' Movement', in Srinagar, Sunday, March 17, 2019. (PTI Photo) (PTI3_17_2019_000058B)

ਸ਼ਾਹ ਫ਼ੈਸਲ ਵੱਲੋਂ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ ਦਾ ਗਠਨ

Spread the love

ਸ੍ਰੀਨਗਰ-ਸਾਬਕਾ ਆਈਏਐੱਸ ਅਧਿਕਾਰੀ ਸ਼ਾਹ ਫ਼ੈਸਲ ਨੇ ਆਪਣੀ ਸਿਆਸੀ ਪਾਰਟੀ ‘ਜੰਮੂ ਕਸ਼ਮੀਰ ਪੀਪਲਜ਼ ਮੂਵਮੈਂਟ’ (ਜੇਕੇਪੀਐਮ) ਕਾਇਮ ਕੀਤੀ ਹੈ। ਉਨ੍ਹਾਂ ਨੌਜਵਾਨ ਮਾਨਸਿਕਤਾ ਨਾਲ ਜੁੜੀ ਸਿਆਸਤ ਕਰਨ ਦਾ ਵਾਅਦਾ ਕੀਤਾ ਹੈ। ਸ਼ਾਹ ਨੇ ਕਿਹਾ ਕਿ ਉਹ ਸੂਬੇ ਤੇ ਕੇਂਦਰ, ਭਾਰਤ ਤੇ ਪਾਕਿਸਤਾਨ ਵਿਚਾਲੇ ਖੱਪਾ ਪੂਰਨ ਵਾਲੀ ਆਵਾਜ਼ ਬਣਨਗੇ। ਪਾਰਟੀ ਕਾਇਮ ਕਰਨ ਦੇ ਐਲਾਨ ਮੌਕੇ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਸੈਂਕੜੇ ਲੋਕ ਸ੍ਰੀਨਗਰ ਦੇ ਰਾਜਬਾਗ ਇਲਾਕੇ ਵਿਚ ਗਿੰਡੁਨ ਮੈਦਾਨ ਪੁੱਜੇ।
ਜ਼ਿਕਰਯੋਗ ਹੈ ਕਿ ਫ਼ੈਸਲ ਨੇ ‘ਕਸ਼ਮੀਰ ਵਿਚ ਲਗਾਤਾਰ ਹੱਤਿਆਵਾਂ ਤੇ ਭਾਰਤੀ ਮੁਸਲਿਮਾਂ ਨੂੰ ਹਾਸ਼ੀਏ ’ਤੇ ਧੱਕਣ’ ਦੇ ਰੋਸ ਵਜੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਜੇਕੇਪੀਐਮ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੇ ਏਜੰਡੇ ’ਤੇ ਚੱਲੇਗੀ ਤੇ ਲੋਕਾਂ ਦੀਆਂ ਇੱਛਾਵਾਂ ਮੁਤਾਬਕ ਹੀ ਇਸ ਦਾ ਹੱਲ ਕੱਢਿਆ ਜਾਵੇਗਾ। ਫ਼ੈਸਲ ਨੇ ਕਿਹਾ ਉਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਕਸ਼ਮੀਰ ਮੁੱਦਾ ਭਾਰਤ ਤੇ ਪਾਕਿਸਤਾਨ ਦੋਵਾਂ ਮੁਲਕਾਂ ਨਾਲ ਜੁੜਿਆ ਹੋਇਆ ਹੈ ਤੇ ਰਾਤੋ-ਰਾਤ ਇਸ ਦਾ ਹੱਲ ਨਹੀਂ ਕੱਢਿਆ ਜਾ ਸਕਦਾ ਤੇ ਉਹ ਕੋਸ਼ਿਸ਼ ਵਿਚ ਜੁਟੇ ਰਹਿਣਗੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਆਗੂ ਤੇ ਕਾਰਕੁਨ ਸ਼ੇਹਲਾ ਰਸ਼ੀਦ ਨੇ ਵੀ ਇਸ ਮੌਕੇ ਫ਼ੈਸਲ ਦੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਪ੍ਰਸ਼ਾਸਨਿਕ ਸੇਵਾ ਰਾਹੀਂ ਵਿਕਾਸ ਕਾਰਜ ਕਰ ਕੇ ਉਹ ਸ਼ਾਂਤੀ ਕਾਇਮ ਕਰ ਸਕਦੇ ਹਨ, ਪਰ ਹੁਣ ਲੱਗਦਾ ਹੈ ਕਿ ਜਦ ਤੱਕ ਕਸ਼ਮੀਰੀ ਮਾਵਾਂ ਤੇ ਭੈਣਾਂ ਦੇ ਹਿੱਤ ਸੁਰੱਖਿਅਤ ਨਹੀਂ ਹੁੰਦੇ ਨੌਜਵਾਨ ਸ਼ਸ਼ੋਪੰਜ ਵਿਚ ਹੀ ਰਹਿਣਗੇ ਤੇ ਗੜਬੜੀ ਇਸੇ ਤਰ੍ਹਾਂ ਬਣੀ ਰਹੇਗੀ।
ਫ਼ੈਸਲ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਨੌਜਵਾਨਾਂ ਨਾਲ ਰਾਬਤੇ ਤੋਂ ਬਾਅਦ ਉਨ੍ਹਾਂ ਇਕ ਵੱਖਰੀ ਸੋਚ ਨਾਲ ਪਾਰਟੀ ਕਾਇਮ ਕੀਤੀ ਹੈ। ਹਾਲਾਂਕਿ ਉਨ੍ਹਾਂ ਹੀ ਪਾਰਟੀਆਂ ਵੱਲੋਂ ਹੁਣ ਨਿਖੇਧੀ ਵੀ ਕੀਤੀ ਜਾ ਰਹੀ ਹੈ।

Leave a Reply

Your email address will not be published.