Home / ਮੁੱਖ ਖਬਰਾਂ / ਮੁੰਬਈ ਵਿੱਚ ਰੇਲਵੇ ਪੁਲ ਡਿੱਗਿਆ; 6 ਮੌਤਾਂ

ਮੁੰਬਈ ਵਿੱਚ ਰੇਲਵੇ ਪੁਲ ਡਿੱਗਿਆ; 6 ਮੌਤਾਂ

Spread the love

ਮੁੰਬਈ-ਦੱਖਣੀ ਮੁੰਬਈ ਵਿੱਚ ਫੁੱਟਓਵਰ ਬ੍ਰਿਜ ਦਾ ਵੱਡਾ ਹਿੱਸਾ ਡਿੱਗਣ ਨਾਲ ਤਿੰਨ ਔਰਤਾਂ ਸਣੇ ਛੇ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 31 ਜਣੇ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਅਪੂਰਵਾ ਪ੍ਰਭੂ, ਰੰਜਨਾ ਤਾਂਬੇ, ਸਾਰਿਕਾ ਕੁਲਕਰਣੀ, ਮੰਜੂਨਾਥ ਸਿੰਗੇ, ਜ਼ਾਹਿਦ ਖਾਨ ਅਤੇ ਤਪਿੰਦਰ ਸਿੰਘ ਸ਼ਾਮਲ ਹਨ। ਪੁਲ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਰੇਲਵੇ ਸਟੇਸ਼ਨ ਨੂੰ ਆਜ਼ਾਦ ਮੈਦਾਨ ਪੁਲੀਸ ਥਾਣੇ ਨਾਲ ਜੋੜਦਾ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਨਾਲ ਲੱਗਦੇ ਇਕ ਹਸਪਤਾਲ ਵਿੱਚ ਪਹੁੰਚਾ ਦਿੱਤਾ ਗਿਆ ਹੈ। ਟਾਈਮਜ਼ ਆਫ਼ ਇੰਡੀਆ ਦੀ ਇਮਾਰਤ ਨੇੜਲੇ ਖੇਤਰ ਨੂੰ ਸੀਐੱਸਐੱਮਟੀ ਸਟੇਸ਼ਨ ਨਾਲ ਜੋੜਦੇ ਇਸ ਪੁਲ ਨੂੰ ‘ਕਸਾਬ ਪੁਲ’ ਵਜੋਂ ਜਾਣਿਆ ਜਾਂਦਾ ਸੀ। ਮੁੰਬਈ ਵਿੱਚ ਹੋਏ 26/11 ਦੇ ਦਹਿਸ਼ਤੀ ਹਮਲਿਆਂ ਦੌਰਾਨ ਅਤਿਵਾਦੀ ਇਸ ਪੁਲ ਉੱਪਰੋਂ ਲੰਘੇ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਜ ਸ਼ਾਮ ਨੂੰ 7.30 ਵਜੇ ਦੇ ਕਰੀਬ ਵਾਪਰਿਆ ਜਦੋਂ ਪੁਲ ਦਾ ਇਕ ਵੱਡਾ ਹਿੱਸਾ ਹੇਠਾਂ ਬੈਠ ਗਿਆ। ਉਨ੍ਹਾਂ ਕਿਹਾ ਕਿ ਜਿਸ ਵੇਲੇ ਹਾਦਸਾ ਵਾਪਰਿਆ ਉਦੋਂ ਪੁਲ ਹੇਠਿਓਂ ਲੰਘ ਰਹੇ ਕੁਝ ਵਾਹਨ ਚਾਲਕ ਇਸ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਨੇੜਲੇ ਸੇਂਟ ਜਾਰਜ ਹਸਪਤਾਲ ਤੇ ਜੀਟੀ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਫਾਇਰ ਬ੍ਰਿਗੇਡ ਦੇ ਜਵਾਨਾਂ ਨੇ ਮੌਕੇ ’ਤੇ ਪਹੁੰਚ ਕੇ ਤੁਰੰਤ ਬਚਾਅ ਕਾਰਜ ਆਰੰਭ ਦਿੱਤੇ ਹਨ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਪੁਲ ਦੇ ਡੀਐੱਨ ਰੋਡ ਤੋਂ ਲੈ ਕੇ ਜੇਜੇ ਤੱਕ ਦੇ ਹਿੱਸੇ ਤੋਂ ਨਾ ਲੰਘਣ ਦੀ ਅਪੀਲ ਕੀਤੀ ਹੋਈ ਸੀ। ਮੌਕੇ ’ਤੇ ਕਈ ਸੀਨੀਅਰ ਅਧਿਕਾਰੀ ਵੀ ਪਹੁੰਚ ਚੁੱਕੇ ਸਨ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਜਿਸ ਵੇਲੇ ਪੁਲ ਡਿੱਗਿਆ ਉਸ ਸਮੇਂ ਨਾਲ ਲੱਗਦੇ ਟਰੈਫਿਕ ਸਿਗਨਲ ’ਤੇ ਲਾਲ ਬੱਤੀ ਹੋਣ ਕਰ ਕੇ ਟਰੈਫਿਕ ਰੁਕਿਆ ਹੋਇਆ ਸੀ, ਨਹੀਂ ਤਾਂ ਪੁਲ ਹੇਠਾਂ ਆ ਕੇ ਮਰਨ ਵਾਲਿਆਂ ਤੇ ਜ਼ਖ਼ਮੀ ਹੋਣ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਸੀ। ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਨੇ ਮ੍ਰਿਤਕਾਂ ਦੇ ਲਈ 5-5 ਲੱਖ ਅਤੇ ਜ਼ਖਮੀਆਂ ਲਈ 50-50 ਹਜ਼ਾਰ ਰੁਪਏ ਸਹਾਇਤਾ ਦਾ ਐਲਾਨ ਕੀਤਾ ਹੈ।

Leave a Reply

Your email address will not be published.