ਮੁੱਖ ਖਬਰਾਂ
Home / ਮੁੱਖ ਖਬਰਾਂ / ਪੰਜਾਬ ਸੈਕੂਲਰ ਅਲਾਇੰਸ ਵੱਲੋਂ 13 ਸੀਟਾਂ ’ਤੇ ਚੋਣ ਲੜਨ ਦਾ ਐਲਾਨ
PRESS CONFRESS OF NEW PARTY PUNJAB SECULAR ALLIA STORY BY NEEL PHOTO BY SANTOKH SINGH

ਪੰਜਾਬ ਸੈਕੂਲਰ ਅਲਾਇੰਸ ਵੱਲੋਂ 13 ਸੀਟਾਂ ’ਤੇ ਚੋਣ ਲੜਨ ਦਾ ਐਲਾਨ

Spread the love

ਚੰਡੀਗੜ੍ਹ-ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦਾ ਐਲਾਨ ਕਰਦਿਆਂ ਹੀ ਪੰਜਾਬ ਵਿਚ ਨਵੀਆਂ ਪਾਰਟੀਆਂ ਤੇ ਗੱਠਜੋੜ ਬਣਨ ਦੀ ਬਹਾਰ ਆ ਗਈ ਹੈ, ਇਸੇ ਲੜੀ ਤਹਿਤ ਇਕ ਹੋਰ ਗੱਠਜੋੜ ਸਾਹਮਣੇ ਆਇਆ ਹੈ।
ਸੂਬੇ ਦੀਆਂ 4 ਛੋਟੀਆਂ ਪਾਰਟੀਆਂ ਨੇ‘ਪੰਜਾਬ ਸੈਕੂਲਰ ਅਲਾਇੰਸ’ ਬਣਾ ਕੇ ਪੰਜਾਬ ਦੇ ਸਮੂਹ 13 ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਅਲਾਇੰਸ ਨੇ ‘ਨਹੀਂ ਚਾਹੀਦਾ ਹੁਣ ਐਕਟਰ, ਨਾ ਕੋਈ ਬੈਡ ਕਰੈਕਟਰ’ ਦਾ ਨਾਅਰਾ ਦਿੰਦਿਆਂ ਸਾਧਾਰਨ ਅਤੇ ਉੱਚੀ ਸੋਚ ਵਾਲੀਆਂ ਸ਼ਖ਼ਸੀਅਤਾਂ ਨੂੰ ਚੋਣ ਲੜਾਉਣ ਦਾ ਐਲਾਨ ਕੀਤਾ ਹੈ।
ਇਹ ਅਲਾਇੰਸ ਚਾਰ ਪਾਰਟੀਆਂ ਸੰਵਿਧਾਨ ਬਚਾਓ ਦੇਸ਼ ਬਚਾਓ, ਰਾਸ਼ਟਰੀ ਜਨ ਸ਼ਕਤੀ ਪਾਰਟੀ (ਸੈਕੂਲਰ), ਲੋਕ ਮੰਚ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਧਾਰਤ ਬਣਾਇਆ ਹੈ। ਇਸ ਅਲਾਇੰਸ ਦੇ ਕਨਵੀਨਰ ਮਰਹੂਮ ਕਾਂਸ਼ੀ ਰਾਮ ਦੇ ਭਤੀਜੇ ਚਰਨਜੀਤ ਸਿੰਘ ਆਜ਼ਾਦ ਨੂੰ ਨਿਯੁਕਤ ਕੀਤਾ ਹੈ। ਅੱਜ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਆਜ਼ਾਦ ਸਣੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਡਾ. ਰਾਜ ਰਤਨ (ਡਾ. ਬੀਆਰ ਅੰਬੇਡਕਰ ਦੇ ਪੜਪੋਤੇ), ਟਰੇਡ ਯੂਨੀਅਨ ਆਗੂ ਨਾਜਰ ਸਿੰਘ, ਬਲਵਿੰਦਰ ਸਿੰਘ ਬਾਜਵਾ ਅਤੇ ਸਵਾਮੀ ਇੰਦਰ ਨੇ ਚਾਰ ਉਮੀਦਵਾਰਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਬਾਕੀ ਨੌਂ ਉਮੀਦਵਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਅਲਾਇੰਸ ਵੱਲੋਂ ਨਾਜਰ ਸਿੰਘ ਦੀ ਪਤਨੀ, ਟੀਚਰ ਯੂਨੀਅਨ ਤੇ ਇਸਤਰੀ ਵਿੰਗਾਂ ਦੀ ਪ੍ਰਮੁੱਖ ਆਗੂ ਰਹੀ ਸੁਰਿੰਦਰ ਕੌਰ ਨੂੰ ਆਨੰਦਪੁਰ ਸਾਹਿਬ ਹਲਕੇ ਲਈ ਉਮੀਦਵਾਰ ਐਲਾਨਿਆ ਹੈ। ਦੱਸਣਯੋਗ ਹੈ ਕਿ ਨਾਜਰ ਸਿੰਘ ਤੇ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਪਹਿਲਾਂ ਸੀਪੀਆਈ (ਐਮ) ਨੂੰ ਛੱਡ ਕੇ ‘ਆਪ’ ਵਿਚ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਪ੍ਰੇਮ ਸਫਰੀ ਨੂੰ ਫ਼ਰੀਦਕੋਟ, ਨੀਤੂ ਸਿੰਘ ਨੂੰ ਲੁਧਿਆਣਾ ਅਤੇ ਪਹਿਲਾਂ ਬਸਪਾ ਦੀ ਟਿਕਟ ਤੋਂ ਚੋਣ ਲੜ ਚੁੱਕੇ ਜਗਦੀਪ ਸਿੰਘ ਨੂੰ ਫਤਹਿਗੜ੍ਹ ਲੋਕ ਸਭਾ ਹਲਕਿਆਂ ਲਈ ਉਮੀਦਵਾਰ ਐਲਾਨਿਆ ਹੈ।
ਆਗੂਆਂ ਨੇ ਕਿਹਾ ਕਿ ਅਜੋਕੇ ਯੁਗ ਵਿਚ ਗ਼ਰੀਬ ਅਤੇ ਲੋਕ ਸੇਵਾ ਕਰਨ ਦੇ ਸਮਰੱਥ ਸ਼ਖ਼ਸੀਅਤਾਂ ਨੂੰ ਰਵਾਇਤੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਆਦਿ ਵਿਚ ਟਿਕਟ ਮਿਲਣ ਜਾਂ ਯੋਗ ਅਹੁਦਾ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਸਿਆਸਤ ਜਾਤਾਂ-ਪਾਤਾਂ ਅਤੇ ਧਰਮਾਂ ਤਕ ਹੀ ਸੀਮਤ ਕੀਤੀ ਗਈ ਹੈ ਅਤੇ ਲੋਕ ਮੁੱਦੇ ਗੁੰਮ ਹੁੰਦੇ ਜਾ ਰਹੇ ਹਨ। ਬੇਰੁਜ਼ਗਾਰੀ ਵਧਦੀ ਜਾ ਰਹੀ ਹੈ ਅਤੇ ਨਵੀਂ ਪੀੜ੍ਹੀ ਆਪਣੇ ਰੁਜ਼ਗਾਰ ਲਈ ਵਿਦੇਸ਼ਾਂ ਵਿਚ ਜਾਣ ਵਾਸਤੇ ਮਜਬੂਰ ਹੈ।
ਲੋਕ ਮੰਚ ਪੰਜਾਬ ਦੇ ਜਨਰਲ ਸਕੱਤਰ ਨਾਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ ਲੋਕ ਮੱਦੇ ਉਠਾਉਣ ਲਈ ਚੋਣ ਮੈਦਾਨ ਵਿਚ ਉਤਰੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਿਆਸੀ ਪਿੜ ਵਿਚ ਲੋਕਾਂ ਦੀ ਤਰਸਯੋਗ ਹਾਲਤ ਅਤੇ ਉਨ੍ਹਾਂ ਦੇ ਮੁੱਦਿਆਂ ਨੂੰ ਉਠਾਉਣ ਵਾਲੀ ਕੋਈ ਯੋਗ ਆਵਾਜ਼ ਹੀ ਨਜ਼ਰ ਨਹੀਂ ਪੈ ਰਹੀ। ਉਹ ਆਪਣੇ ਚੋਣ ਪ੍ਰਚਾਰ ਰਾਹੀਂ ਲੋਕਾਂ ਕੋਲ ਜਾ ਕੇ ਮੌਜੂਦਾ ਸਿਆਸੀ ਸਿਸਟਮ ਬਾਰੇ ਤੇ ਲੋਕਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਕਰਨ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚਾਰਾ ਬਣ ਕੇ ਰਹਿ ਗਿਆ ਹੈ। ਕੋਈ ਵੀ ਸਰਕਾਰ ਸੂਬੇ ਵਿਚੋਂ ਨਸ਼ਿਆਂ ਨੂੰ ਨੱਥ ਨਹੀਂ ਪਾ ਸਕੀ ਤੇ ਨਵੀਂ ਪੀੜ੍ਹੀ ਜਿਥੇ ਇੱਕ ਪਾਸੇ ਬੇਰੁਜ਼ਗਾਰੀ ਕਾਰਨ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਵਿਦੇਸ਼ਾਂ ਨੂੰ ਉਡਾਰੀ ਮਾਰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਲਾਇੰਸ ਪੰਜਾਬ ਨੂੰ ਇਨ੍ਹਾਂ ਸਮੱਸਿਆਵਾਂ ’ਚੋਂ ਕੱਢਣ ਦਾ ਯਤਨ ਕਰੇਗਾ।

Leave a Reply

Your email address will not be published.